ਕਸੂਰਵਾਰ ਕੌਣ - ਅਰਸ਼ਪ੍ਰੀਤ ਸਿੱਧੂ

ਜੀਤਾ ਉੱਚੇ ਲੰਮੇ ਕੱਦ ਵਾਲਾ ਸੋਹਣਾ ਸੁਨੱਖਾ ਨੌਜਵਾਨ ਸੀ। ਜਮੀਨ ਜਾਇਦਾਦ ਚੰਗੀ ਹੋਣ ਕਰਕੇ ਉਹ ਕਾਲਜ ਬੁਲਟ ਤੇ ਆਇਆ ਜਾਇਆ ਕਰਦਾ ਸੀ। ਕਾਲਜ ਦੇ ਵਿੱਚ ਜੀਤੇ ਦੀ ਦੋਸਤੀ ਕੁਝ ਗਲਤ ਮੁੰਡਿਆ ਨਾਲ ਹੋ ਗਈ। ਉਹ ਗਲਤ ਸੰਗਤ ਵਿੱਚ ਰਲ ਕੇ ਨਸ਼ੇ ਕਰਨ ਲੱਗ ਪਿਆ। ਘਰੋ ਜਿੰਨੇ ਪੈਸੇ ਮੰਗਣੇ ਬਾਪ ਨੇ ਦੇ ਦੇਣੇ। ਪਹਿਲੋ ਪਹਿਲ ਤਾ ਉਹ ਘਰੋ ਪੈਸੇ ਮੰਗ ਕੇ ਆਪਣਾ ਨਸ਼ਾ ਪੂਰਾ ਕਰਦਾ ਰਿਹਾ ਜਦੋ ਬਾਪ ਨੇ ਪੈਸਿਆ ਤੋ ਜਵਾਬ ਦਿੱਤਾ ਤਾਂ ਉਸ ਨੇ ਆਪਣਾ ਬੁਲਟ ਵੇਚ ਕੇ ਕੁਝ ਦਿਨ ਹੋਰ ਨਸੇ ਦਾ ਪ੍ਰਬੰਧ ਕਰ ਲਿਆ। ਬਾਪ ਨੂੰ ਜਦੋ ਜੀਤੇ ਬਾਰੇ ਪਤਾ ਲੱਗਿਆ ਉਦੋ ਤੱਕ ਜੀਤਾ ਪੱਕਾ ਨਸੇੜੀ ਬਣ ਚੁੱਕਾ ਸੀ। ਚਿੰਤਾ ਵਿੱਚ ਡੁੱਬੇ ਮਾਪਿਆਂ ਨੇ ਜੀਤੇ ਨੂੰ ਸਮਝਾਉਣ ਲਈ ਉਸ ਦੇ ਮਾਮੇ ਨਾਨੇ ਵੀ ਸੱਦੇ ਪਰ ਜੀਤੇ ਦਾ ਪਿੱਛੇ ਮੁੜਨਾ ਹੁਣ ਮੁਸਕਿਲ ਸੀ। ਜੀਤੇ ਦੇ ਮਾਪਿਆ ਨੇ ਰਿਸ਼ਤੇਦਾਰਾਂ ਦੇ ਕਹਿਣ ਤੇ ਜੀਤੇ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਗਰੀਬ ਘਰ ਦੀ ਕੁੜੀ ਦੇਖ ਕੇ ਜੀਤੇ ਦਾ ਵਿਆਹ ਕਰ ਦਿੱਤਾ ਗਿਆ। ਕੁੜੀ ਦੇ ਘਰਦਿਆਂ ਨੂੰ ਨਸ਼ੇ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨਾ ਇਹ ਸੋਚ ਕੇ ਵਿਆਹ ਕਰ ਦਿੱਤਾ ਕਿ ਆਪੇ ਵਿਆਹ ਤੋਂ ਬਾਅਦ ਹੌਲੀ-ਹੌਲੀ ਨਸ਼ਾ ਛੱਡ ਜਾਉ ਅਤੇ ਮੁੰਡੇ ਦੇ ਘਰਦਿਆਂ ਨੇ ਇਹ ਸੋਚ ਕੇ ਵਿਆਹ ਦਿੱਤਾ ਕਿ ਜਦੋ ਬੇਗਾਨੀ ਧੀ ਆਈ ਆਪੇ ਸੁਧਾਰ ਲਵੇਗੀ। ਸਮਝ ਨਵੀਂ ਆਈ ਕਿ ਉਸ ਬੇਗਾਨੀ ਧੀ ਕੋਲ ਅਜਿਹੀ ਕਿਹੜੀ ਜਾਦੂ ਦੀ ਛੜੀ ਸੀ, ਜਿਸ ਨਾਲ ਜੀਤਾ ਨਸਾ ਛੱਡ ਵਧੀਆ ਇਨਸ਼ਾਨ ਬਣ ਜਾਵੇਗਾ। ਦੋਨੋ ਪਰਿਵਾਰਾਂ ਦੇ ਲਏ ਫੈਸਲਿਆਂ ਵਿੱਚ ਉਹ ਵਿਚਾਰੀ ਬੇਗਾਨੀ ਧੀ ਬਿਨਾ ਗਲਤੀ ਕੀਤੇ ਉਮਰ ਕੈਦ ਦੀ ਸਜਾ ਭੁਗਤਣ ਲਈ ਤਿਆਰ ਬੈਠੀ ਸੀ।

ਅਰਸ਼ਪ੍ਰੀਤ ਸਿੱਧੂ-9478622509