ਕਾਫ਼ਕਾਮਈ ਸਮਿਆਂ ਵਿਚ - ਸਵਰਾਜਬੀਰ

ਵੀਹਵੀਂ ਸਦੀ ਦੇ ਪਹਿਲੇ ਢਾਈ ਦਹਾਕਿਆਂ ਦੌਰਾਨ ਜਰਮਨ ਭਾਸ਼ਾ ਵਿਚ ਲਿਖਣ ਵਾਲੇ ਚੈੱਕ ਨਾਵਲਕਾਰ ਫਰਾਂਜ ਕਾਫ਼ਕਾ ਦੇ ਨਾਵਲ 'ਦਰ ਪਰੋਜ਼ੈਸ (ਮੁਕੱਦਮਾ, ਅੰਗਰੇਜ਼ੀ ਵਿਚ ਦਿ ਟਰਾਇਲ- The Trial)' ਦੀ ਸ਼ੁਰੂਆਤ ਕੁਝ ਏਦਾਂ ਹੁੰਦੀ ਹੈ : ਇਕ ਦਿਨ ਸਵੇਰੇ-ਸਵੇਰੇ ਨਾਵਲ ਦੇ ਨਾਇਕ ਜੋਸਫ਼ ਕੇ. ਦੇ ਕਮਰੇ ਵਿਚ ਦੋ ਆਦਮੀ ਦਾਖ਼ਲ ਹੁੰਦੇ ਅਤੇ ਉਸ ਨੂੰ ਦੱਸਦੇ ਹਨ ਕਿ ਉਹ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਜਾ ਸਕਦਾ; ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕਰਨ ਵਾਲੇ ਜਾਣਕਾਰੀ ਦਿੰਦੇ ਹਨ ਕਿ ਉਨ੍ਹਾਂ ਨੂੰ ਉਹਦੇ 'ਰਖਵਾਲੇ' (Warder) ਨਿਯੁਕਤ ਕੀਤਾ ਗਿਆ ਹੈ। ਜੋਸਫ਼ ਪੁੱਛਦਾ ਹੈ ਕਿ ਉਹਨੂੰ ''ਕਾਹਦੇ ਲਈ'' ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ 'ਰਖਵਾਲਾ' ਜਵਾਬ ਦਿੰਦਾ ਹੈ, ''ਸਾਨੂੰ ਇਹ ਦੱਸਣ ਦੀ ਆਗਿਆ ਨਹੀਂ ... ਤੇਰੇ ਵਿਰੁੱਧ ਮੁਕੱਦਮਾ ਦਾਇਰ ਕਰ ਲਿਆ ਗਿਆ ਹੈ।'' ਜੋਸਫ਼ ਕੇ. ਪੁੱਛਦਾ ਹੈ, ''ਮੈਨੂੰ ਕਿਵੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ? ਅਤੇ ਉਹ ਵੀ ਏਨੇ ਮਾੜੇ ਤਰੀਕੇ ਨਾਲ?'' ਰਖਵਾਲਾ ਕਹਿੰਦਾ ਹੈ, ''ਅਸੀਂ ਏਹੋ ਜਿਹੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ।'' ਜੋਸਫ਼ ਚੀਖਦਾ ਹੈ, ''ਤੁਹਾਨੂੰ ਜਵਾਬ ਦੇਣਾ ਪਵੇਗਾ। ਇਹ ਵੇਖੋ ਮੇਰੇ ਕਾਗਜ਼ਾਤ। ਮੈਨੂੰ ਆਪਣੇ ਕਾਗਜ਼ਾਤ, ਮੈਨੂੰ ਗ੍ਰਿਫ਼ਤਾਰ ਕਰਨ ਲਈ ਲੋੜੀਂਦੇ ਵਾਰੰਟ ਦਿਖਾਓ।'' ਰਖਵਾਲੇ ਉਸ ਨੂੰ ਸਮਝਾਉਂਦੇ ਹਨ, ''ਅਸੀਂ ਬੜੇ ਹੇਠਲੇ ਦਰਜੇ ਦੇ ਕਰਮਚਾਰੀ ਹਾਂ। ਸਾਨੂੰ ਇਹੋ ਜਿਹੇ ਕਾਨੂੰਨੀ ਦਸਤਾਵੇਜ਼ (ਭਾਵ ਵਾਰੰਟ ਆਦਿ) ਨਹੀਂ ਦਿੱਤੇ ਜਾਂਦੇ।''
      ਇਸ ਤੋਂ ਬਾਅਦ ਜੋਸਫ਼ ਕੇ. ਨੂੰ ਇਕ ਇੰਸਪੈਕਟਰ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤਾਂ ਇੰਸਪੈਕਟਰ ਕਹਿੰਦਾ ਹੈ, ''ਮੈਂ ਪੱਕੀ ਤਰ੍ਹਾਂ ਨਹੀਂ ਦੱਸ ਸਕਦਾ ਕਿ ਤੇਰੇ 'ਤੇ ਕੋਈ ਦੋਸ਼ ਲਗਾਇਆ ਗਿਆ ਹੈ ਕਿ ਨਹੀਂ ਪਰ ਇਹ ਗੱਲ ਪੱਕੀ ਹੈ ਕਿ ਤੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਜ਼ਿਆਦਾ ਮੈਨੂੰ ਕੁਝ ਨਹੀਂ ਪਤਾ... ਤੇ ਏਨਾ ਰੌਲਾ ਨਾ ਪਾ ਕਿ ਤੂੰ ਬੇਗੁਨਾਹ ਏਂ। ਏਦਾਂ ਦਾ ਰੌਲਾ ਮਾਹੌਲ ਖਰਾਬ ਕਰਦਾ ਏ।'' ਜੋਸਫ਼ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਸ 'ਤੇ ਕੀ ਮੁਕੱਦਮਾ ਚਲਾਇਆ ਜਾ ਰਿਹਾ ਹੈ, ਕਿਉਂ ਚਲਾਇਆ ਜਾ ਰਿਹਾ ਹੈ, ਉਸ 'ਤੇ ਕੀ ਦੋਸ਼ ਲੱਗੇ ਹਨ ਅਤੇ ਉਸ ਨੂੰ ਕਿਸ ਦੇ ਹੁਕਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ? ਇਸ ਨਾਵਲ ਦੀ ਸੈਂਕੜੇ ਤਰ੍ਹਾਂ ਨਾਲ ਵਿਆਖਿਆ ਕੀਤੀ ਗਈ ਹੈ। ਇਸ ਨੂੰ ਮਨੁੱਖ ਦੀ ਹੋਂਦ ਦਾ ਦੁਖਾਂਤ, ਸਾਡੇ ਉੱਤੇ ਸਮਾਜ ਅਤੇ ਹਕੂਮਤ ਦੀ ਅਦ੍ਰਿਸ਼ ਪਕੜ, ਆਉਣ ਵਾਲੇ ਨਾਜ਼ੀਵਾਦ ਦੇ ਪੂਰਵ-ਅਨੁਮਾਨ ਅਤੇ ਕਈ ਹੋਰ ਤਰ੍ਹਾਂ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
        ਜੰਮੂ-ਕਸ਼ਮੀਰ ਕਾਂਗਰਸ ਦੇ ਆਗੂ ਪ੍ਰੋ. ਸੈਫ਼ੂਦੀਨ ਸੋਜ਼ ਦੇ ਹਾਲਾਤ ਵੀ ਕੁਝ ਇਸੇ ਤਰ੍ਹਾਂ ਦੇ ਹਨ। ਸੁਪਰੀਮ ਕੋਰਟ ਵਿਚ ਜੰਮੂ-ਕਸ਼ਮੀਰ ਦੀ ਸਰਕਾਰ ਨੇ ਦੱਸਿਆ ਹੈ ਕਿ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਹਕੀਕਤ ਇਹ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦਾ। 30 ਜੁਲਾਈ ਨੂੰ ਉਸ ਨੇ ਇਕ ਅਖ਼ਬਾਰ ਨੂੰ ਫ਼ੋਨ 'ਤੇ ਦੱਸਿਆ : ''ਜੰਮੂ-ਕਸ਼ਮੀਰ ਦੀ ਸਰਕਾਰ ਅਤੇ ਕੇਂਦਰੀ ਸਰਕਾਰ ਨੇ ਸੁਪਰੀਮ ਕੋਰਟ ਦੇ ਸਾਹਮਣੇ ਸਥਿਤੀ ਏਦਾਂ ਪੇਸ਼ ਕੀਤੀ ਹੈ ਕਿ ਮੈਂ ਆਜ਼ਾਦ ਹਾਂ। ਮੈਂ ਆਜ਼ਾਦ ਨਹੀਂ ਹਾਂ... ਜੇ ਮੈਂ ਹਿਰਾਸਤ ਵਿਚ ਨਹੀਂ ਹਾਂ ਤਾਂ ਮੈਨੂੰ ਰੋਕਿਆ ਕਿਉਂ ਜਾ ਰਿਹਾ ਹੈ। ਮੈਂ ਕੱਲ੍ਹ ਵੀ ਦੋ ਵਾਰ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਵੀ।'' ਉਹ ਨਜ਼ਰਬੰਦ ਹੈ ਵੀ ਅਤੇ ਨਹੀਂ ਵੀ। ਆਪਣੇ ਘਰ ਦੀ ਦੀਵਾਰ ਦੇ ਉੱਪਰ ਦੀ ਉਹ ਮੀਡੀਆ ਨਾਲ ਗੱਲਬਾਤ ਕਰਦਾ ਦਿਖਾਈ ਦਿੰਦਾ ਹੈ। ਇਸ ਤੋਂ ਵੱਧ ਪੇਚੀਦਾ, ਸਵੈ-ਵਿਰੋਧੀ ਤੇ ਯਾਤਨਾ ਵਾਲੀ ਸਥਿਤੀ ਹੋਰ ਕੀ ਹੋ ਸਕਦੀ ਹੈ। ਇਹ ਸਾਰੇ ਸਵਾਲ ਤ੍ਰਿਸ਼ੰਕੂ ਬਣ ਕੇ ਹਵਾ ਵਿਚ ਲਟਕ ਰਹੇ ਹਨ।
      ਸੈਫ਼ੂਦੀਨ ਸੋਜ਼ ਦੀ ਪਤਨੀ ਮੁਮਤਾਜ਼ੁਨਿਸਾ ਸੋਜ਼ ਨੇ ਸੁਪਰੀਮ ਕੋਰਟ ਵਿਚ 'ਹੈਬੀਅਸ ਕਾਰਪਸ ਪਟੀਸ਼ਨ' (ਜਿਸ ਦੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਬੰਦੇ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂ ਗ੍ਰਿਫ਼ਤਾਰ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ) ਫਾਈਲ ਕੀਤੀ ਸੀ। ਜੰਮੂ-ਕਸ਼ਮੀਰ ਸਰਕਾਰ ਨੇ ਅਦਾਲਤ ਵਿਚ ਹਲਫ਼ਨਾਮਾ ਦਾਖ਼ਲ ਕੀਤਾ ''ਪਟੀਸ਼ਨ ਵਿਚ ਪ੍ਰੋਫ਼ੈਸਰ ਸੈਫ਼ੂਦੀਨ ਸੋਜ਼ ਦੀ ਗ੍ਰਿਫ਼ਤਾਰੀ/ਹਿਰਾਸਤ ਬਾਰੇ ਦਿੱਤੇ ਗਏ ਹਵਾਲੇ ਝੂਠੇ, ਨਿਰਰਥਕ ਅਤੇ ਆਧਾਰਹੀਣ ਹਨ ਕਿਉਂਕਿ ਉਸ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਜਿਵੇਂ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ, ਉਸ 'ਤੇ ਜੰਮੂ ਐਂਡ ਕਸ਼ਮੀਰ ਸੇਫ਼ਟੀ ਐਕਟ ਲਗਾਇਆ ਗਿਆ ਹੈ।'' ਹਲਫ਼ਨਾਮੇ ਵਿਚ ਇਹ ਵੀ ਕਿਹਾ ਗਿਆ, ''ਪ੍ਰੋਫ਼ੈਸਰ ਸੋਜ਼, ਜਿਸ ਨੂੰ ਉਸ ਦੀ ਕੈਟਾਗਰੀ ਅਨੁਸਾਰ ਸੁਰੱਖਿਆ ਦਿੱਤੀ ਜਾ ਰਹੀ ਹੈ, 'ਤੇ ਕੋਈ ਬੰਦਿਸ਼ ਨਹੀਂ ਲਗਾਈ ਗਈ।''
      ਸੋਜ਼ ਦੀ ਪਤਨੀ ਨੇ ਦੋਸ਼ ਲਗਾਇਆ ਸੀ ਕਿ ਸੋਜ਼ ਨੂੰ ਦਸ ਮਹੀਨਿਆਂ ਤੋਂ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ ਪਰ ਹਿਰਾਸਤ ਵਿਚ ਰੱਖਣ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ ਜੋ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ। ਮੁਮਤਾਜ਼ੁਨਿਸਾ ਨੇ ਇਹ ਦਲੀਲਾਂ ਵੀ ਦਿੱਤੀਆਂ ਕਿ ਪ੍ਰੋ. ਸੋਜ਼ ਹਮੇਸ਼ਾ ਸੰਵਿਧਾਨ ਪ੍ਰਤੀ ਵਫ਼ਾਦਾਰ ਅਤੇ ਦੇਸ਼ ਦੀ ਅਖੰਡਤਾ ਦਾ ਹਾਮੀ ਰਿਹਾ ਹੈ। ਸੋਜ਼ ਦੇ ਵਕੀਲ ਅਭਿਸ਼ੇਕ ਮਨੂੰਸਿੰਘਵੀ ਦੇ ਹਲਫ਼ਨਾਮੇ ਅਨੁਸਾਰ ਸੋਜ਼ ਹਿਰਾਸਤ ਵਿਚ ਹੈ ਅਤੇ ਜੰਮੂ-ਕਸ਼ਮੀਰ ਦੀ ਸਰਕਾਰ ਦੇ ਹਲਫ਼ਨਾਮੇ ਅਨੁਸਾਰ ਉਹ ਹਿਰਾਸਤ ਵਿਚ ਨਹੀਂ ਹੈ। ਸੁਪਰੀਮ ਕੋਰਟ ਨੇ ਸਰਕਾਰ ਦੇ ਹਲਫ਼ਨਾਮੇ ਨੂੰ ਸਵੀਕਾਰ ਕਰ ਲਿਆ ਹੈ। ਕਾਫ਼ਕਾ ਦੇ ਪਾਤਰ ਜੋਸਫ਼ ਕੇ. ਵਾਂਗ ਸੋਜ਼ ਤੇ ਉਸ ਦੀ ਪਤਨੀ ਬਦਹਵਾਸੀ ਦੇ ਆਲਮ ਵਿਚ ਭਟਕ ਰਹੇ ਹਨ।
       ਇਸ ਆਲਮ ਵਿਚ ਸੋਜ਼ ਅਤੇ ਉਸ ਦੀ ਪਤਨੀ ਹੀ ਨਹੀਂ ਭਟਕ ਰਹੇ ਸਗੋਂ ਹੋਰ ਅਨੇਕ ਲੋਕ ਭਟਕ ਰਹੇ ਹਨ। ਭਾਵੇਂ ਜੰਮੂ-ਕਸ਼ਮੀਰ ਹੋਵੇ ਜਾਂ ਦਿੱਲੀ, ਮਹਾਰਾਸ਼ਟਰ ਜਾਂ ਤਿਲੰਗਾਨਾ, ਪੰਜਾਬ ਜਾਂ ਛੱਤੀਸਗੜ੍ਹ, ਅਨੇਕਾਂ ਚਿੰਤਕਾਂ, ਵਿਦਵਾਨਾਂ, ਸਮਾਜਿਕ ਕਾਰਕੁਨਾਂ ਅਤੇ ਵਿਦਿਆਰਥੀਆਂ 'ਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (Unlawful Activities (Prevention) Act) ਅਤੇ ਹੋਰ ਕਾਨੂੰਨਾਂ ਤਹਿਤ ਮੁਕੱਦਮੇ ਦਾਇਰ ਕੀਤੇ ਗਏ ਹਨ। ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਅੰਦੋਲਨਾਂ ਵਿਚ ਹਿੱਸਾ ਲੈਣ ਵਾਲੇ ਸਮਾਜਿਕ ਕਾਰਕੁਨਾਂ ਅਤੇ ਵਿਦਿਆਰਥੀ ਆਗੂਆਂ, ਜਿਨ੍ਹਾਂ ਵਿਚ ਮਹਿਲਾ ਆਗੂ ਵੀ ਸ਼ਾਮਲ ਹਨ, ਨੂੰ ਦਿੱਲੀ ਵਿਚ ਹੋਏ ਦੰਗਿਆਂ ਲਈ ਜ਼ਿੰਮੇਵਾਰ ਦੱਸ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਕਸ਼ਮੀਰ ਨਾਲ ਸਬੰਧਿਤ ਇਕ ਹੋਰ ਕੇਸ ਵਿਚ ਕਿਹਾ ਹੈ, ''ਕਸ਼ਮੀਰ ਖਰਾਬ ਹਾਲਾਤ ਵਾਲਾ ਖੇਤਰ ਰਿਹਾ ਹੈ। ਕੁਦਰਤ ਇਸ ਖੇਤਰ 'ਤੇ ਬਹੁਤ ਦਿਆਲ ਹੈ। ਇਹ ਸਮਾਂ ਹੈ ਕਿ ਭਵਿੱਖ ਲਈ ਰਾਹ-ਰਸਤੇ ਬਣਾਏ ਜਾਣ।'' ਇਹ ਖ਼ਿਆਲ ਬਹੁਤ ਨੇਕ ਹਨ ਪਰ ਭਵਿੱਖ ਲਈ ਰਾਹ-ਰਸਤੇ ਕਿਵੇਂ ਬਣਾਏ ਜਾ ਸਕਦੇ ਹਨ ਜੇਕਰ ਦੇਸ਼ ਵਿਚ ਜਮਹੂਰੀ ਦਸਤੂਰਾਂ ਦਾ ਪਾਲਣ ਨਾ ਕੀਤਾ ਜਾਵੇ, ਬਿਨਾ ਕਾਰਨ ਦੱਸਿਆਂ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾਣ, ਸਰਕਾਰੀ ਪੱਖ ਅਦਾਲਤਾਂ ਵਿਚ ਵੀ ਸੱਚ ਨਾ ਦੱਸਣ, ਆਰਡੀਨੈਂਸ ਜਾਰੀ ਕਰਕੇ ਦੇਸ਼ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਜਾਣ, ਮਜ਼ਦੂਰਾਂ ਦੇ ਹੱਕਾਂ ਨੂੰ ਸੀਮਤ ਕਰ ਦਿੱਤਾ ਜਾਵੇ, ਕਿਸਾਨੀ ਰੁਲਦੀ ਫਿਰੇ ਅਤੇ ਕੋਈ ਸੁਣਵਾਈ ਨਾ ਹੋਵੇ।
       ਜੰਮੂ-ਕਸ਼ਮੀਰ ਵਿਚ ਹਾਲਾਤ ਕਈ ਦਹਾਕਿਆਂ ਤੋਂ ਖਰਾਬ ਹਨ। 5 ਅਗਸਤ 2019 ਨੂੰ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ ਗਿਆ। ਸੈਂਕੜੇ ਨੌਜਵਾਨ, ਜਿਨ੍ਹਾਂ ਵਿਚ ਨਾਬਾਲਗ ਵੀ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਈ ਮਹੀਨੇ ਇੰਟਰਨੈੱਟ ਬਿਲਕੁਲ ਬੰਦ ਰਿਹਾ ਅਤੇ ਜਨਵਰੀ ਤੋਂ ਸੀਮਤ ਰੂਪ ਵਿਚ ਬਹਾਲ ਕੀਤਾ ਗਿਆ। ਸਕੂਲ, ਕਾਲਜ ਅਤੇ ਹੋਰ ਅਦਾਰੇ ਬੰਦ ਕਰ ਦਿੱਤੇ ਗਏ ਅਤੇ ਮੀਡੀਆ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ। ਸੈਫ਼ੂਦੀਨ ਸੋਜ਼ ਦੀ 'ਹੈਬੀਅਸ ਕਾਰਪਸ ਪਟੀਸ਼ਨ' ਵਾਂਗ ਸੈਂਕੜੇ ਹੋਰ ਪਟੀਸ਼ਨਾਂ ਜੰਮੂ ਐਂਡ ਕਸ਼ਮੀਰ ਹਾਈ ਕੋਰਟ ਵਿਚ ਸੁਣਵਾਈ ਅਧੀਨ ਹਨ।
        ਜੋ ਕਾਫ਼ਕਾ ਦੇ ਨਾਵਲ ਦੇ ਨਾਇਕ ਜੋਸਫ਼ ਕੇ. ਨਾਲ ਵਾਪਰਿਆ, ਉਹ ਪ੍ਰਤੀਕਾਤਮਕ ਪੱਧਰ 'ਤੇ ਪੂਰੇ ਜੰਮੂ-ਕਸ਼ਮੀਰ ਪ੍ਰਾਂਤ ਨਾਲ ਵਾਪਰਿਆ ਹੈ। ਉਸ ਨੂੰ ਸੂਬੇ ਦੇ ਪੱਧਰ ਤੋਂ ਘਟਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਸਿਆਸੀ ਆਗੂ ਅਤੇ ਕਾਰਕੁਨ ਕੈਦ ਕਰ ਲਏ ਗਏ। ਜੇ ਸੂਬੇ ਦੀ ਆਤਮਾ ਮਾਨਵੀ ਰੂਪ ਲੈ ਕੇ ਹੁਕਮਰਾਨਾਂ ਨੂੰ ਪੁੱਛ ਸਕਦੀ ਕਿ ਉਸ (ਸੂਬੇ) ਨਾਲ ਇਉਂ ਕਿਉਂ ਕੀਤਾ ਗਿਆ ਤਾਂ ਹੁਕਮਰਾਨਾਂ ਦਾ ਜਵਾਬ ਏਹੀ ਹੋਣਾ ਸੀ/ਹੈ ਜੋ ਜੋਸਫ਼ ਕੇ. ਨੂੰ ਗ੍ਰਿਫ਼ਤਾਰ ਕਰਨ ਵਾਲਿਆਂ ਦਿੱਤਾ ਸੀ : ਅਸੀਂ ਤੇਰੇ ਰਖਵਾਲੇ ਹਾਂ, ਸਾਡੇ ਲਈ ਤੇਰੇ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ।
      ਦੁਨੀਆ ਵਿਚ ਹੁੰਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਕਾਫ਼ਕਾਮਈ (Kafkasque) ਕਿਹਾ ਜਾਂਦਾ ਹੈ। ਚੈੱਕ ਨਾਵਲਕਾਰ ਮਿਲਾਨ ਕੁੰਦਰਾ ਅਨੁਸਾਰ ਕਾਫ਼ਕਾ ਉਸ ਦੁਨੀਆ ਦਾ ਪੈਗੰਬਰ ਹੈ ਜਿਸ ਤੋਂ ਯਾਦਾਂ ਖੋਹ ਲਈਆਂ ਗਈਆਂ ਹੋਣ, ਉਹਦੇ ਨਾਵਲਾਂ ਵਿਚ ਪਰਾਗ (ਚੈੱਕ ਗਣਰਾਜ ਦੀ ਰਾਜਧਾਨੀ) ਇਕ ਯਾਦਹੀਣਾ ਸ਼ਹਿਰ ਹੈ, ਉਸ ਦੇ ਨਾਵਲਾਂ ਵਿਚਲਾ ਸਮਾਂ ਮਨੁੱਖਤਾ ਦਾ ਅਜਿਹਾ ਸਮਾਂ ਹੈ ਜਿਸ ਦਾ ਬੀਤੇ ਨਾਲੋਂ ਰਿਸ਼ਤਾ ਟੁੱਟ ਚੁੱਕਾ ਹੈ, ਸ਼ਹਿਰ ਅਤੇ ਉਸ ਦੇ ਵਾਸੀ ਆਪਣੇ ਨਾਮ ਵੀ ਭੁੱਲ ਚੁੱਕੇ ਹਨ। ਕਸ਼ਮੀਰ ਅਤੇ ਕਸ਼ਮੀਰੀਆਂ ਨਾਲ ਵੀ ਏਦਾਂ ਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਆਪਣਾ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
       ਰਿਆਸਤਾਂ/ਸਟੇਟ, ਹਕੂਮਤਾਂ ਅਤੇ ਨਿਜ਼ਾਮਾਂ ਵਿਰੁੱਧ ਲੜਾਈ ਮਨੁੱਖ ਦੀ ਮਨੁੱਖ ਬਣੇ ਰਹਿਣ ਦੀ ਲੜਾਈ ਹੈ। ਸ਼ਾਇਰ ਅਨੁਸਾਰ ''ਬੰਦਾ ਹੋਣਾ ਹੈ ਇਕ ਜਨੂੰਨ ਯਾਰੋ/ ਬੰਦਾ ਹੋਣ ਲਈ ਬੰਦੇ ਨੇ ਮਰਦੇ ਰਹੇ/ ਜਿਸਮਾਂ ਆਪਣਿਆਂ ਤਕ ਨਾ ਰਹੇ ਬਾਕੀ/ ਨਕਸ਼ਾਂ, ਖੇਤਾਂ, ਪਹਾੜਾਂ ਲਈ ਲੜਦੇ ਰਹੇ।'' ਮਨੁੱਖ ਦੀ ਮਨੁੱਖ ਬਣੇ ਰਹਿਣ ਦੀ ਲੜਾਈ ਹੀ ਉਸ ਨੂੰ ਮਨੁੱਖ ਬਣਾਉਂਦੀ ਹੈ। ਇਹ ਲੜਾਈ ਕਸ਼ਮੀਰੀ ਵੀ ਲੜ ਰਹੇ ਨੇ, ਪੰਜਾਬੀ ਵੀ ਅਤੇ ਹੋਰ ਲੋਕ-ਸਮੂਹ ਵੀ। ਅੱਜ ਦੇ ਹਿੰਦੋਸਤਾਨ ਵਿਚ ਜਮਹੂਰੀਅਤ ਲਈ ਵੱਡੀ ਜੰਗ ਲੜੀ ਜਾ ਰਹੀ ਹੈ। ਲੋਕ-ਸਮੂਹਾਂ ਦਾ ਏਕਾ ਹੀ ਇਸ ਜੰਗ ਨੂੰ ਸਫ਼ਲਤਾ ਵੱਲ ਲਿਜਾ ਸਕਦਾ ਹੈ। ਸੈਫ਼ੂਦੀਨ ਸੋਜ਼ ਨੇ ਕਿਹਾ ਹੈ ਕਿ ਸਾਡੇ ਦੇਸ਼ ਵਿਚ ਅਦਾਲਤਾਂ ਝੂਠ ਬੋਲਣ ਲਈ ਸਭ ਤੋਂ ਸੁਰੱਖਿਅਤ ਥਾਂ ਹਨ। ਇਨ੍ਹਾਂ ਕਾਫ਼ਕਾਮਈ ਸਮਿਆਂ ਵਿਚ ਸਾਨੂੰ ਸੱਚ ਬੋਲਣ ਦੀ ਜ਼ਮੀਨ ਲੱਭਣ ਲਈ ਵੱਡਾ ਸੰਘਰਸ਼ ਕਰਨਾ ਪੈਣਾ ਹੈ।