ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ  ਸਖ਼ਤੀ ਕੀਤੇ ਜਾਣ ਦੀ ਲੋੜ - ਜਸਵਿੰਦਰ ਸਿੰਘ ਦਾਖਾ

ਪੰਜਾਬ ਦੇ  ਸਰਹੱਦੀ ਇਲਾਕਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ  ਵਿੱਚ ਜ਼ਹਿਰੀਲੀ  ਸ਼ਰਾਬ ਪੀਣ ਨਾਲ  ਹੋਈਆਂ 100 ਤੋਂ ਵੱਧ ਮੌਤਾਂ ਨੇ ਮੁੜ ਪੰਜਾਬ ਦੇ ਲੋਕਾਂ ਦਾ ਧਿਆਨ ਇਥੇ ਚਲ ਰਹੇ ਨਜਾਇਜ਼ ਨਸ਼ਿਆਂ ਵਲ ਖਿਚਿਆ ਹੈ। ਇਸ ਘਟਨਾ ਨੇ ਦਰਸਾ ਦਿੱਤਾ ਹੈਕਿ ਇਥੇ ਇਹ ਕਾਲਾ ਧੰਦਾ ਕਿਵੇਂ ਨਾਪਾਕ ਗਠਜੋੜ ਦੀ  ਸ਼ਹਿ ਤੇ ਚਲ ਰਿਹਾ ਹੈ। ਨਜਾਇਜ ਸ਼ਰਾਬ ਪੀਣ ਨਾਲ ਜਿਥੇ ਮੌਤਾਂ ਹੋ ਰਹੀਆਂ ਹਨ, ਉਥੇ ਹੀ ਪੀੜ੍ਹਤਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋ ਰਹੀ ਹੈ। ਵੱਡੀ ਗਿਣਤੀ ਵਿਚ ਮ੍ਰਿਤਕਾਂ ਦੇ ਘਰਾਂ ਵਿਚ ਸੱਥਰ ਵਿਛ ਗਏ ਹਨ। ਇਸ ਘਟਨਾ ਨੇ ਵੀ ਇਹ ਵੀ ਦਰਸ ਦਿੱਤਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਵਿੱਕਰੀ ਅਤੇ ਉਪਲਬਧਤਾ ਕਿਸ ਕਦਰ ਹੋ ਰਹੀ ਹੈ, ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ , ਵਿਚਾਰਨਾ ਅਤੇ ਅਮਲ ਕਰਨਾ ਚਾਹੀਦਾ ਹੈ।
ਰਸਾਇਣਕ ਨਸ਼ਿਆਂ ਬਾਰੇ ਤਾਂ ਕਿਹਾ ਜਾਂਦਾ ਹੈ, ਮੰਨਿਆ ਜਾਂਦਾ ਹੈ ਕਿ ਉਹ ਸਰਹੱਦ ਪਾਰੋਂ ਆਉਦੇ ਹਨ, ਇਸ ਲਈ ਰੋਕਣਾ , ਭਾਰੀ ਯਤਨਾ ਦੇ ਬਾਵਜੂਦ ਔਖਾ ਹੁੰਦਾ ਹੈ, ਪਰ ਇਥੇ ਤਾਂ ਨਜ਼ਾਇਜ਼ ਅਤੇ ਜ਼ਹਿਰੀ ਸ਼ਰਾਬ ਨਾਲ ਸਰਹੱਦੀ ਖੇਤਰਾਂ ਵਿਚ ਹੋਈਆਂ ਮੌਤਾਂ ਦੇ ਬਾਅਦ ਜਦੋਂ ਵਿਰੋਧੀ ਧਿਰਾਂ ਨੇ ਆਪਣਾ ਦਬਾਓ ਬਣਾਇਆ ਤਾਂ ਦੇਖਦਿਆਂ ਹੀ ਦੇਖਦਿਆਂ ਸਰਕਾਰ ਹਰਕਤ ਵਿਚ ਆਈ। ਉਸ ਨੇ ਸਬੰਧਤ ਥਾਣਿਆਂ ਦੇ ਮੁਖ ਅਫਸਰਾਂ ਅਤੇ ਆਬਕਾਰੀ ਮਹਿਕਮੇ ਦੇ ਕੁਝ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ। ਪੰਜਾਬ ਭਰ ਵਿਚ ਨਜਾਇਜ਼ ਸ਼ਰਾਬ ਤਿਆਰ ਕਰਨ ਵਾਲੀਆਂ ਥਾਵਾਂ ਤੇ ਛਾਪੇਮਾਰੀ ਸ਼ੁਰੂ ਹੋਈ। ਵੱਡੀ ਮਾਤਰਾ ਵਿਚ ਕੱਚੀ ਸ਼ਰਾਬ, ਸ਼ਰਾਬ ਤਿਆਰ ਕਰਨ ਲਈ ਲੋੜੀਂਦਾ ਸਾਜੋ ਸਮਾਨ ਵੀ ਬ੍ਰਾਮਦ ਕੀਤਾ ਗਿਆ । ਵੱਡੀ ਪੱਧਰ ਤੇ ਗ੍ਰਿਫਤਾਰੀਆਂ ਵੀ ਹੋਈਆਂ।  ਸਰਕਾਰ ਦੀ ਇਸ ਮੁਹਿੰਮ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈੇ। ਪਰ ਇਸ ਦੇ ਨਾਲ ਹੀ ਸੁਆਲ ਉਠਦੇ ਹਨ ਕਿ ਪ੍ਰਭਾਵਿਤ ਇਲਾਕਿਆਂ ਵਿਚ ਲੋਕ ਸ਼ਰਾਬ ਦੀ 20 ਰੁਪਏ ਦੀ ਗਲਾਸੀ ਦੇਣ ਵਾਲਿਆਂ ਦੇ ਨਾਓ ਪਤੇ ਵੀ ਦਸ  ਰਹੇ ਹਨ ਤਾਂ ਪਹਿਲਾਂ ਸਰਕਾਰੀ ਤੰਤਰ ਨੇ ਕਿਓ ਨਾ ਕਾਰਵਾਈ ਕੀਤੀ? ਕੀ ਇਹ ਮੌਤਾਂ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ?
ਪੁਲਿਸ ਨੂੰ ਰਾਜ ਦੇ ਵੱਖ ਵੱਖ ਹਿਸਿਆਂ ਵਿਚ ਚਲਦੇ ਇਸ ਕਾਰੋਬਾਰ ਬਾਰੇ ਪਤਾ ਸੀ, ਤਦੇ ਹੀ ਰੌਲਾ ਪੈਂਦਿਆਂ  ਪੁਲਿਸ ਨੇ ਧਰਪਕੜ ਸ਼ੁਰੂ ਕੀਤੀ। ਸੁਆਲ ਉਠਦਾ ਹੈ ਕਿ ਛੋਟੇ ਮੋਟੇ ਕਾਰਿੰਦਿਆਂ ਫੜਣ ਨਾਲ ਫੈਲੇ ਇਸ  ਮਕੜ ਜਾਲ ਦਾ ਅੰਤ ਕੀਤਾ ਜਾ ਸਕੇਗਾ? ਕਿਓ ਨਹੀਂ ਸਰਕਾਰ ਇਸ ਮਾਮਲੇ ਵਿਚਲੀਆਂ ਵੱਡੀਆਂ ਮੱਛੀਆਂ ਨੂੰ ਫੜ ਕੇ ਸਲਾਖਾਂ ਪਿਛੇ ਡੱਕਦੀ? ਜਦੋਂ ਤੱਕ ਅਜਿਹਾ ਨਹੀਂ ਹੋਵੇਗਾ ਲੋਕ ਸੁਆਲ ਉਠਾਂਉਦੇ ਰਹਿਣਗੇ ਅਤੇ ਅੳਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਸੁਆਲ ਕਰਨਗੇ। ਠੀਕ ਹੈ ਕਿ ਸਰਕਰਾਰ ਨੇ ਮੈਜਿਸਟ੍ਰੇਟੀ ਜਾਂਚ ਦੇ  ਹੁਕਮ ਦੇ ਦਿੱਤੇ ਹਨ। ਪਰ ਇਸ ਨਾਲ ਵੀ ਸੁਆਲ ਉਠਦਾ ਹੈ ਕਿ ਪੜਤਾਲਾਂ ਤਾਂ  ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਪਹਿਲਾਂ ਵੀ ਹੋਈਆਂ ਹਨ। ਰਿਪੋਰਟਾਂ ਵੀ ਆਈਆਂ ਹਨ, ਪਰ ਅਗੋਂ ਕੀ  ਕਾਰਵਾਈ ਕੀਤੀ ਗਈ? ਕਿਸੇ ਨੂੰ ਪਤਾ ਨਹੀਂ  ਲਗਦਾ। ਇਸ ਲਈ ਲੋੜ ਹੈ ਕਿ ਸਰਕਾਰ ਸਮਾਂ ਬੱਧ ਜਾਂਚ  ਕਰਾਵੇ  ਅਤੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਐਲਾਨ ਕੀਤਾ  ਹੈ, 'ਦੋਸ਼ੀ ਜਿਹੜਾ ਵੀ ਹੋਇਆ ਬਖ਼ਸ਼ਿਆ ਨਹੀਂ ਜਾਵੇਗਾ' ਤ। ਅਮਲ ਕੀਤਾ ਜਾਵੇ।
ਦਸਣਯੋਗ ਹੈ ਕਿ ਸ਼ਰਾਬ ਦੇ ਇਸ ਗੋਰਖਧੰਦੇ ਬਾਰੇ ਵਿਧਾਨ ਸਭਾ ਵਿਚ ਵੀ ਕਈ ਵਾਰੀ ਰੌਲਾ ਪੈ ਚੁਕਿਆ  ਹੈ। ਵਿਰੋਧੀ ਧਿਰਾਂ ਹੀ ਨਹੀਂ ਆਪਣਿਆਂ ਨੇ ਵੀ ਅਵਾਜ ਉਠਾਈ। ਹੁਣ ਵੀ ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟਾਏ  ਹਨ ਤੋਂ ਸਹਿਜੇ ਹੀ ਪੰਜਾਬ ਦੀ ਅਫਸਰਸਾਹ ਦੀ ਕਾਰਗੁਜਾਰੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਗਲ ਬਿਲਕੁਲ ਸਹੀ ਹੈ ਕਿ ਪਹਿਲੀਆਂ ਸਰਕਾਰਾਂ ਨੇ ਵੀ ਨਸਿਆਂ ਨੂੰ ਖਤਮ ਕਰਨ ਲਈ ਦਾਅਵੇ ਕੀਤੇ ਅਤੇ ਹੁਣ ਵੀ ਨਸ਼ਿਆਂ ਨੂੰ ਖਤਮ ਕਰਨ ਦੇ ਨਾਅਰਿਆਂ ਨਾਲ ਸਰਕਾਰ ਸੱਤਾ ਵਿਚ ਆਈ। ਫਿਰ ਵੀ ਨਸ਼ੇ ਨਹੀਂ ਖਤਮ ਹੋਏ। ਪੰਜਾਬ ਦੀ ਆਪਣੇ ਠੇਕਿਆਂ ਤੋਂ ਵਿਕਦੀ ਸ਼ਰਾਬ ਦੇ ਬਾਵਜੂਦ ਲੋਕ ਨਜਾਇਜ਼ ਸ਼ਰਾਬ ਵੱਲ ਕਿਓ ਆਕ੍ਰਸ਼੍ਰਿਤ ਹੁੰਦੇ ਹਨ? ਪੰਜਾਬ ਦੀ ਆਪਣੀ ਸਰਾਬ ਨੀਤੀ ਵੀ ਹੈ, ਫਿਰ ਵੀ ਰਾਜ ਸਰਕਾਰ ਦੇ ਖਜਾਨੇ ਖਾਲੀ ਹਨ। ਲੋਕ ਸ਼ਰਾਬ ਪੀ ਵੀ ਰਹੇ  ਹਨ। ਹਰਿਆਣਾ ਅਤੇ ਚੰਡੀਗੜ੍ਹ ਵਿਚੋਂ ਸ਼ਰਾਾਬ ਦੀ ਤਸਕਰੀ ਦੀਆਂ ਰਿਪੋਰਟਾਂ ਆਮ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਹਨ। ਸ਼ਰਾਬ ਤੋਂ ਬਿਨਾ ਹੋਰ ਜਿਹੜੇ ਨਸ਼ੇ ਲੋਕ ਕਰਦੇ ਹਨ, ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।  ਸਰਕਾਰ ਜਿਥੇ ਨਸ਼ਾ ਤਸਕਰਾਂ ਅਤੇ ਨਜਾਇਜ਼ ਕਾਰੋਬਾਰੀਆਂ ਵਿਰੁਧ ਸਖਤੀ ਵਰਤੇ ਉਥੇ ਹੀ ਲੋੜ ਹੈ ਕਿ ਨਸ਼ਾ ਕਰਨ ਵਾਲਿਆਂ ਦਾ ਮਨੋਵਿਗਿਆਨਕ ਇਲਾਜ਼ ਕਰਾਇਆ ਜਾਵੇ ਤਾਂ ਕਿ ਉਨਾਂ ਦੀ ਨਸ਼ਾ ਕਰਨ ਦੀ ਆਦਤ ਦਾ ਪਤਾ ਲੱਗ ਸਕੇ। ਲੋਕ ਨਸ਼ਾ ਕਿਓਂ ਕਰਦੇ ਹਨ? ਉਨਾਂ ਸਾਰੇ ਕਾਰਨਾਂ ਦਾ ਪਤਾ ਲਾ ਕੇ ਅਜਿਹੇ ਮਰੀਜ਼ਾਂ ਦਾ ਇਲਾਜ ਕਰਾਇਆ ਜਾਵੇ ਇਸ ਤਰ੍ਹਾਂ ਕਰਦਿਆਂ ਹੀ ਪੰਜਾਬ ਨੂੰ ਨਸ਼ਾ ਖੋਰੀਦੇ ਕਲੰਕ ਤੋਂ ਬਚਾਇਆ ਜਾ ਸਕੇਗਾ।

ਜਸਵਿੰਦਰ ਸਿੰਘ ਦਾਖਾ/9814341314