ਕੂੰਡੇ ਵਾਲੀ ਚਟਣੀ - ਗੁਰਚਰਨ ਸਿੰਘ ਜਿਉਣ ਵਾਲਾ

ਨਾ ਕੋਈ ਮੈਕਸੀ ਸੀ ਨਾ ਕੋਈ ਗਰਾਈਂਡਰ, ਨਾ ਕੋਈ ਜੂਸਰ ਅਤੇ ਨਾ ਕੋਈ ਹੋਰ ਕਿਸੇ ਕਿਸਮ ਦੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ। ਇਹ ਕਿੱਥੋਂ ਹੋਣੇ ਸਨ ਜਦੋਂ ਹਾਲੇ ਸਾਡੇ ਪਿੰਡਾਂ ਵਿਚ ਬਿਜਲੀ ਹੀ ਨਹੀਂ ਸੀ ਆਈ। ਸੱਤਰਵਿਆਂ ਦੇ ਸ਼ੁਰੂ-ਸ਼ੁਰੂ ਦੇ ਦਿਨਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ। ਸਰਦੀਆਂ ਵਿਚ ਚੁੱਲੇ ਤੇ ਤਵੇ ਦੀ ਰੋਟੀ ਅਤੇ ਗਰਮੀਆਂ ਵਿਚ ਤੰਦੂਰੀ ਰੋਟੀ ਹਾਲੇ ਪੱਕਣੀ ਸ਼ੁਰੂ ਹੀ ਹੁੰਦੀ ਸੀ ਤਾਂ ਮਾਂ ਬਾਪੂ ਨੂੰ ਅਵਾਜ ਮਾਰਦੀ ਕਿ ਕੂੰਡੇ ਵਿਚ ਮਿਰਚਾਂ ਰਗੜ ਲਓ ਰੋਟੀ ਤਿਆਰ ਹੈ। ਬਸ ਫਿਰ ਕੀ ਸੀ ਬਾਪੂ ਹੱਥ ਵਿਚ ਗੰਡੇ ਨੂੰ ਮਲਦਾ ਤੇ ਛਿਲੜ ਨੂੰ ਦੂਰ ਕਰਦਾ, ਜੜਾਂ ਤੇ ਭੂਕਾਂ ਵਾਲੇ ਪਾਸਿਓ ਜੇਕਰ ਚਾਕੂ ਲੱਭ ਜਾਂਦਾ ਤਾਂ ਠੀਕ ਨਹੀਂ ਤਾਂ ਮੂੰਹ ਨਾਲ ਹੀ ਕੰਮ ਸਾਰ ਲੈਂਦਾ। ਦੋ ਕੁ ਮਿੰਟਾਂ ‘ਚ ਗੰਡਾ, ਮਿਰਚਾਂ, ਲੂਣ ਅਤੇ ਲਸਣ ਨੂੰ ਦਰੜ-ਫਰੜ ਕੇ ਬਾਪੂ ਕੁੰਡੇ ਨੂੰ ਮਾਂ ਕੋਲ ਧਰ ਦਿੰਦਾ। ਗਰਮੀਆਂ ਵਿਚ ਖੱਖੜੀਆਂ ਦੇ ਬੀਜ ਤੇ ਸਰਦੀਆਂ ਵਿਚ ਕਪਾਹ ਦੀ ਫਸਲ ਵਿਚੋਂ ਇਕੱਠੇ ਕੀਤੇ ਚਿੱਬੜ ਵੀ ਚਟਣੀ ‘ਚ ਮਿਲਾ ਕੇ ਖਾਣ ਦਾ ਸਵਾਦ ਲੈਂਦੇ। ਥੋੜੀ ਕੁ ਚਟਣੀ ਅਤੇ ਮੱਖਣ ਦੋ ਰੋਟੀਆਂ ਤੇ ਰੱਖ ਕੇ ਮਾਂ ਕਹਿੰਦੀ ‘ਆਹ ਲੈ ਪੁੱਤ ਖਾ ਤੇ ਸਕੂਲ ਨੂੰ ਤੁਰਦਾ ਬਣ’। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਫਿਰ ਘਰ ਰੋਟੀ ਖਾਣ ਆਉਣਾ ਤਾਂ ਸਵੇਰ ਵਾਲੀ ਪੱਕੀ ਹੋਈ ਰੋਟੀ ਅਚਾਰ ਨਾਲ ਖਾ ਕੇ ਫਿਰ ਸਕੂਲ ਨੂੰ ਭੱਜ ਜਾਣਾ। ਨਾ ਮਾਂ ਨੂੰ ਫਿਕਰ ਕੇ ਭਾਂਡੇ ਮਾਂਜਣੇ ਹਨ ਤੇ ਨਾ ਹੀ ਆਮ ਘਰਾਂ ਵਿਚ ਐਨੀਆਂ ਕੌਲੀਆਂ, ਚਮਚੇ ਅਤੇ ਥਾਲੀਆਂ ਹੁੰਦੀਆਂ ਸਨ ਕੇ ਸਾਰੇ ਇਕੱਠੇ ਬੈਠ ਕੇ ਰੋਟੀ ਖਾਂਦੇ ਪਰ ਹੁੰਦੇ ਉਹ ਇਕੱਠੇ ਹੀ। ਇੱਥੇ ਮੈਨੂੰ ਇਕ ਢੁੱਕਵਾਂ ਚੁੱਟਕਲਾ ਯਾਦ ਆਇਆ। ਇਕ ਵਾਰੀ ਕੋਈ ਬੰਦਾ ਆਪਣੇ ਬਾਪੂ ਨੂੰ ਡਾਕਟਰ ਕੋਲ ਕਿਸੇ ਬਿਮਾਰੀ ਕਰਕੇ ਲੈ ਗਿਆ। ਮਰੀਜ਼ ਨੂੰ ਦੇਖਣ ਤੋਂ ਬਾਅਦ ਡਾਕਟਰ ਕਹਿੰਦਾ, “ ਬਾਬਾ ਜੀ ਆਹ ਲਓ ਦਵਾਈ ਦੀ ਸ਼ੀਸ਼ੀ। ਦੋ ਚਮਚੇ ਸਵੇਰੇ, ਦੋ ਚਮਚੇ ਦੁਪਿਹਰੇ ਅਤੇ ਦੋ ਚਮਚੇ ਸ਼ਾਮ ਨੂੰ ਦਵਾਈ ਦੇ ਲੈਣੇ ਹਨ”। ਅੱਗੋ ਬਾਪੂ ਜੀ ਕਹਿੰਦੇ, “ ਡਾਕਟਰ ਸਾਹਿਬ ਆਹ ਫੜੋ ਆਪਣੀ ਦਵਾਈ ਵਾਲੀ ਸ਼ੀਸ਼ੀ ਸਾਡੇ ਘਰੇ ਤਾਂ ਐਨੇ ਚਮਚੇ ਹੀ ਨਹੀਂ”।
ਇਹ ਸੀ ਓਹ ਵੇਲਾ ਜਦੋਂ ਕਿਸੇ ਵਿਰਲੇ ਤਕੜੇ ਜਿਮੀਂਦਾਰ ਦੇ ਘਰ ਦੋ ਵੇਲੇ ਦਾਲ ਸਬਜ਼ੀ ਬਣਦੀ। ਆਮ ਜਿਮੀਂਦਾਰਾਂ ਦੇ ਘਰ ਸਰਦੀਆਂ ਵਿਚ ਲਵੇਰਾ ਹੁੰਦਾ ਤਾਂ ਸਵੇਰੇ ਦਹੀਂ ਦੀ ਕੌਲੀ ਅਤੇ ਮੱਖਣੀ ਮਿਲਦੀ ਨਹੀਂ ਤਾਂ ਰੋਟੀ ਚਟਣੀ ਨਾਲ ਖਾ ਲੈਣੀ ਤੇ ਸਾਰੀ ਦਿਹਾੜੀ ਕੰਮ ਕਰਦੇ ਰਹਿਣਾ। ਸਿਰਫ ਸ਼ਾਮ ਦੇ ਵੇਲੇ ਹੀ ਤੌੜੀ ਵਿਚ ਰਿੰਨੀ ਦਾਲ ਖਾਣ ਨੂੰ ਮਿਲਦੀ। ਨਾ ਕਿਸੇ ਨੂੰ ਸਰਦੀ-ਜ਼ੁਕਾਮ, ਤਾਪ ਅਤੇ ਮਲੇਰੀਆ ਹੁੰਦਾ ਤੇ ਨਾ ਹੀ ਕੋਈ ਸ਼ਹਿਰ ਡਾਕਟਰ ਕੋਲ ਦਵਾਈ ਲੈਣ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਜਿਮੀਂਦਾਰ ਦਾ ਲਮਕਮਾ ਢਿੱਡ ਹੀ ਨਹੀਂ ਸੀ ਹੁੰਦਾ। ਜਦੋਂ ਬੰਦਾ ਵਾਧੂ ਭਾਰ ਹੀ ਨਹੀਂ ਚੱਕਦਾ ਤਾਂ ਗੋਡਿਆਂ ਨੂੰ ਕੀ ਹੋਣਾ ਸੀ। ਜਦੋਂ ਵਾਧੂ ਭਾਰ ਹੀ ਨਹੀਂ ਤਾਂ ਦਿਲ ਨੂੰ ਬਹੁਤਾ ਕੰਮ ਕਰਨ ਦੀ ਵੀ ਲੋੜ ਨਹੀ ਸੀ ਪੈਂਦੀ। ਇਸ ਕਰਕੇ ਨਾ ਹਰਟ-ਅਟੈਕ ਤੇ ਨਾ ਬਲੱਡ-ਪਰੈਸ਼ਰ। ਹੋ ਸਕਦਾ ਐ ਕਿ ਕੁੱਝ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਰਦੇ ਹੋਣ। ਪਰ ਜਦੋਂ ਪਤਾ ਹੀ ਨਹੀਂ ਤੇ ਇਲਾਜ ਕਰਾਉਣ ਵਾਸਤੇ ਕੋਈ ਸਹੂਲਤ ਵੀ ਨਹੀਂ, ਪੈਸਾ ਵੀ ਨਹੀਂ ਤਾਂ ਫਿਰ ਇਹੀ ਕਿਹਾ ਜਾਂਦਾ ਕਿ ‘ ਫਲਾਣਿਆਂ ਦਾ ਬੁੜਾ ਤਾਂ ਚੰਗੇ- ਕਰਮਾਂ ਵਾਲਾ ਸੀ। ਵੇਖੋ ਕਿਵੇਂ ਬੈਠਾ-ਬੈਠਾ ਹੀ ਚਲਿਆ ਗਿਆ’। ਇਸ ਨੂੰ ਅਸੀਂ ਅਗਿਆਨਤਾ ਤਾਂ ਕਹਿ ਸਕਦੇ ਹਾਂ ਪਰ ਅੱਜ ਵਾਲਾ ਅੰਧਵਿਸ਼ਵਾਸ਼ ਨਹੀਂ।
1960ਵਿਆਂ ਵਿਚ ਕਈ ਗਰੀਬ ਕ੍ਰਿਸਾਨਾਂ ਦੇ ਘਰੀਂ ਸਰਦੀਆਂ ਵਿਚ ਦਾਣੇ ਮੁੱਕ ਜਾਂਦੇ ਤੇ ਇਕੱਲਾ ਸਾਗ ਖਾ ਕੇ ਹੀ ਰਾਤ ਲੰਘਾਉਣ ਪੈਂਦੀ ਤੇ ਕਈ ਹੋਰ ਗਰੀਬ ਪ੍ਰੀਵਾਰ ਭੁੱਖੇ ਹੀ ਸੌਂਦੇ। ਫਿਰ ਹਰੀ ਕਰਾਂਤੀ ਸ਼ੁਰੂ ਹੋਈ। ਪਹਲੇ ਪਹਿਲ ਮੈਕਸੀਕਨ ਕਣਕ ਤੇ ਅਗਲੇ ਸਾਲ ਕਲਿਆਣ ਤੇ ਥੋੜਾ ਚਿਰ ਬਾਅਦ ਤਾਂ ਪਤਾ ਹੀ ਨਹੀਂ ਕਿਨੇ ਕੁ ਹੋਰ ਨਮੂੰਨੇ ਬਜਾਰ ਵਿਚ ਵਿਕਣ ਲਈ ਤਿਆਰ ਬੈਠੇ ਸਨ। ਮੈਕਸੀਕਨ ਕਣਕ ਦੀ ਰੋਟੀ ਥੋੜੀ ਕਾਲੀ ਅਤੇ ਲਾਲ ਜਿਹੇ ਰੰਗ ਦੀ ਹੁੰਦੀ ਸੀ। ਜੇਕਰ ਆਟਾ ਗੁੰਨ ਕੇ ਥੋੜੀ ਦੇਰ ਪਰਾਂਤ ਵਿਚ ਰੱਖ ਦਿੱਤਾ ਤਾਂ ਆਟਾ ਵਗ ਤੁਰਦਾ। ਜੇ ਰੋਟੀ ਠੰਡੀ ਹੋ ਗਈ ਤਾਂ ਖਿੱਚਿਆਂ ਟੁੱਟਦੀ ਨਹੀਂ ਸੀ, ਜੇ ਖਾ ਲਈ ਤਾਂ, ਲੋੜੀਂਦੇ ਤੱਤਾਂ ਦੀ ਘਾਟ ਕਰਕੇ, ਫਿਰ ਦੋ ਘੰਟਿਆਂ ਬਾਅਦ ਭੁੱਖੇ ਦੇ ਭੁੱਖੇ। ਜਿਨ੍ਹਾਂ ਸੱਜਣਾਂ ਨੇ ਇਹ ਵਕਤ ਆਪਣੇ ਹੱਡਾਂ ਤੇ ਹੰਢਾਇਆ ਹੈ ਉਹ ਇਹ ਸਭ ਜਾਣਦੇ ਹਨ।
1972’ਚ ਪੰਜਾਬ ਦੇ ਬਹੁਤੇ ਪਿੰਡਾਂ ਵਿਚ ਬਿਜਲੀ ਦੀ ਸਹੂਲਤ ਮਿਲਣੀ ਸ਼ੁਰੂ ਹੋਈ ਤੇ ਇਸੇ ਹੀ ਦੌਰ ‘ਚ ਲੋਕ ਬਾਹਰ ਨੂੰ ਭੱਜਣੇ ਸ਼ੁਰੂ ਹੋਏ। ਬਸ ਫਿਰ ਕੀ ਸੀ ਹਰ ਇਕ ਨੇ, ਜਿਨ੍ਹਾਂ ਜ਼ੋਰ ਲੱਗ ਸਕਦਾ ਸੀ ਲਾਇਆ, ਆਪਣੇ-ਆਪਣੇ ਘਰ ਨੂੰ ਸਵਾਰਿਆ ਅਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬਾਹਰ ਖਿੱਚਿਆ। ਮਣਾਂ-ਮੂੰਹੀਂ ਪੈਸਾ ਪੰਜਾਬ ਵਿਚ ਭੇਜਿਆ। ਇਸੇ ਦੌਰ ਵਿਚ ਅਸੀਂ ਕੂੰਡੇ ਵਾਲੀ ਚਟਣੀ ਦਾ ਭੋਗ ਪਾ ਦਿੱਤਾ। ਰਾਜੀਵ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੇ ਸਮੇਂ ਵਿਚ ਘੁਮਿਆਰਾਂ ਦੇ ਆਵੇ ਠੰਡੇ ਹੋਣੇ ਸ਼ੁਰੂ ਹੋਏ ਤੇ ਕਈ ਵੀਚਾਰੇ ਗਰੀਬੀ ਨਾਲ ਲੜਦੇ-ਘੁਲਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕਾਰਖਾਨਿਆਂ ਵਾਲੀ ਤਰੱਕੀ ਦੇ ਰਾਹ ਪੈਣ ਤੇ ਅਸੀਂ ਸਰੀਰਕ ਕਸਰਤ ਤੋਂ ਛੁਟਕਾਰਾ ਪਾ ਕੇ ਬਿਮਾਰੀਆਂ ਵਾਲੇ ਰਸਤੇ ਪੈ ਗਏ ਜਿਸਦਾ ਪਤਾ ਸਾਨੂੰ ਹੁਣ 60 ਸਾਲਾਂ ਬਾਅਦ ਲੱਗ ਰਿਹਾ ਹੈ।
ਅੱਜ ਸਾਨੂੰ ਫਰਿੱਜ ਵਿਚੋਂ ਕੱਢਕੇ ਠੰਡੇ ਪਾਣੀ ਪੀਣ ਦੇ ਨੁਕਸਾਨਾਂ ਦਾ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਤੇ ਆਮ ਜਨਤਾ ਘੁਮਿਆਰਾਂ ਦੇ ਆਵੇ ਦੇ ਪਕਾਏ ਘੜੇ ਮੁੜ ਤੋਂ ਖਰੀਦਣੇ ਸ਼ੁਰੂ ਕਰ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਬਹੁਤ ਸਾਰੀਆਂ ਕਾਢਾਂ ਆਪਣੇ ਬਚਾਓ ਲਈ ਨਹੀਂ ਸਗੋਂ ਨੁਕਸਾਨ ਵਾਸਤੇ ਵੀ ਕੱਢ ਲਈਆਂ ਹਨ ਜਾਂ ਫਿਰ ਇੰਞ ਕਹਿ ਲਈਏ ਕਿ ਸਾਨੂੰ ਉਸਦੇ ਵਰਤਣ ਦਾ ਪਤਾ ਨਹੀਂ। ਮੈਂ ਆਪ ਕਦੀ-ਕਦੀ ਰੋਪੜ ਵਾਲੇ ਵੈਦਾਂ, ਜੋ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹਕੀਮੀ ਕਰਦੇ ਆ ਰਹੇ ਹਨ, ਨੂੰ ਫੂੰਨ ਕਰਕੇ ਕੁੱਝ ਨਾ ਕੁੱਝ ਪੁੱਛਦਾ ਰਹਿੰਦਾ ਹਾਂ। ਉਨ੍ਹਾਂ ਤੋਂ ਇਹ ਪਤਾ ਚੱਲਿਆ ਕਿ ਲਸਣ ਨੂੰ ਚਾਕੂ ਨਾਲ ਬਿਲਕੁੱਲ ਨਹੀਂ ਕੱਟਣਾ ਤੇ ਤੇਲ ਵਿਚ ਭੁੰਨ ਕੇ ਖਾਣ ਨਾਲ 90% ਤੱਤ ਖਤਮ ਹੋ ਜਾਂਦੇ ਹਨ ਪਰ ਸਾਨੂੰ ਤਾਂ ਕੋਈ ਵੀ ਸਬਜ਼ੀ ਜਾਂ ਦਾਲ ਤੜਕੇ ਤੋਂ ਬਗੈਰ ਸਵਾਦ ਹੀ ਨਹੀਂ ਲੱਗਦੀ। ਮਿੱਟੀ ਦਾ ਕੂੰਡਾ, ਵਿਚ ਪੱਥਰ ਦੇ ਰੋੜ ਅਤੇ ਨਿੰਮ ਦਾ ਘੋਟਣਾ ਇਹ ਤਿੰਨੇ ਹੀ ਅੰਦਰੂਨੀ ਬਿਮਾਰਿਆਂ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਪਰ ਮੈਕਸੀ ਵਿਚ ਚਟਣੀ ਬਣਾਉਣ ਨਾਲ ਅਸੀਂ ਇਨ੍ਹਾਂ ਤਿੰਨਾਂ ਚੀਜਾਂ ਦੇ ਫਾਈਦੇ ਉਠਾਉਣ ਤੋਂ ਵਾਂਝੇ ਰਹਿ ਗਏ ਤੇ ਅਸੀਂ ਬਿਮਾਰੀਆਂ ਵੱਲ ਨੂੰ ਆਪ ਹੀ ਤੁਰ ਗਏ। ਕੱਚਾ ਲਸਣ ਸਾਡੇ ਖੂੰਨ ਨੂੰ ਪਤਲਾ ਕਰਦਾ ਹੈ ਅਤੇ ਨਾੜੀਆਂ ਨੂੰ ਬੰਦ ਹੋਣ ਤੋਂ ਬਚਾਉਂਦਾ ਹੈ। ਜੇਕਰ ਨਾੜੀਆਂ ਬੰਦ ਜਾਂ ਤੰਗ ਹੋਣੋ ਬਚ ਗਈਆਂ ਤਾਂ ਅਸੀਂ ਵੀ ਬਲੱਡ-ਪਰੈਸ਼ਰ ਅਤੇ ਹਰਟ-ਅਟੈਕ ਦੀ ਬਿਮਾਰੀ ਤੋਂ ਬਚ ਗਏ। ਮੈਕਸੀ ਵਿਚ ਤਿਆਰ ਕੀਤੀ ਚਟਣੀ ਦਾ ਇਕ ਚਮਚ ਪਾਣੀ ਦੇ ਗਿਲਾਸ ਵਿਚ ਪਾ ਕੇ ਦੇਖੋ ਤੁਹਾਨੂੰ ਪੁਦੀਨੇ ਦੇ ਪੱਤੇ ਬਰੀਕ-ਬਰੀਕ ਕੱਟੇ ਹੋਏ ਨਜ਼ਰ ਤਾਂ ਆਉਣਗੇ ਪਰ ਘੁਟੇ ਹੋਏ ਨਹੀਂ ਦਿਸਣਗੇ। ਅਸੀਂ ਆਪਣਾ ਕੰਮ ਤਾਂ ਸੌਖਾ ਕਰ ਲਿਆ ਪਰ ਉਸਦੇ ਫਾਇਦੇ ਤੋਂ ਵੀ ਵਾਂਝੇ ਹੋ ਗਏ। ਹਾੜੀ ਵੱਡਦਿਆਂ ਦੇ ਜਦੋਂ ਉਂਗਲ ਤੇ ਦਾਤਰੀ ਵੱਜਦੀ ਤਾਂ ਬਾਪੂ ਕਹਿੰਦਾ ਮੁੰਡਿਆ ਜ਼ਖਮ ਤੇ ਪਿਸ਼ਾਬ ਕਰਕੇ ਫਿਰ ਥੋੜੀ ਮਿੱਟੀ ਲਾ ਕੇ ਉਪਰ ਟਾਕੀ ਬੰਨ ਲੈ ਕੱਲ੍ਹ ਤਕ ਅਰਾਮ ਆ ਜਾਊ। ਪਰ ਅੱਜ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਪਿਸ਼ਾਬ ਐਂਟੀਸੈਪਟਿਕ ਹੈ। ਅੱਜ ਦੇ ਬੱਚੇ ਤਾਂ ਇਹ ਜਾਣਦੇ ਹਨ ਕਿ ਪਿਸ਼ਾਬ ਕਰਨ ਤੋਂ ਬਾਅਦ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣੇ ਬਹੁਤ ਜ਼ਰੂਰੀ ਹਨ।
ਛੇ ਕੁ ਮਹੀਨੇ ਪਹਿਲਾਂ ਮੈਂ ਇਕ ਲੇਖ, “ਕੁੱਝ ਬਿਮਾਰੀਆਂ ਦੇ ਇਲਾਜ਼ ਤੁਹਾਡੇ ਹੱਥ ਵਿਚ” ਲਿਖਿਆ ਸੀ ਜਿਸਨੂੰ ਪਾਠਕ ਅੱਜ ਤਕ ਸਾਂਭੀ ਬੈਠੇ ਹਨ। ਕੱਲ ਕਿਸੇ ਸੱਜਣ ਨੇ ਫੂੰਨ ਕੀਤਾ ਕਿ “ਗਠੀਏ ਦੇ ਇਲਾਜ਼ ਬਾਰੇ ਦੱਸੋ”। ਫੂੰਨ ਜੀ ਸਦਕੇ ਕਰੋ! ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਹੈ ਕਿ ਮੈਂ ਕੋਈ ਵੈਦ ਜਾਂ ਦਵਾਖਾਨਾ ਨਹੀਂ ਖੋਲਿਆ ਹੋਇਆ। ਜਿਸ ਕਿਸੇ ਨੁਸਖੇ ਬਾਰੇ ਮੈਨੂੰ ਪਤਾ ਚੱਲਦਾ ਹੈ ਉਹ ਮੈਂ ਪੰਜਾਬੀ ਭੈਣਾਂ-ਭਰਾਵਾਂ ਦੇ ਪੇਸ਼ ਕਰ ਦਿੰਦਾ ਹਾਂ। ਲਸਣ, ਅਧਰਕ ਜਿਤਨਾ ਹੋ ਸਕੇ ਕੱਚਾ ਖਾਇਆ ਜਾਵੇ ਜਾਂ ਫਿਰ ਸ਼ਹਿਦ ਵਿਚ ਮਿਲਾ ਕੇ। ਫਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ। ਮਸਾਲਿਆਂ ਨੂੰ ਰਿੱਝਦੇ ਸਾਗ, ਦਾਲ ਜਾਂ ਮੀਟ ਵਿਚ ਪਾ ਦਿਓ। ਹੌਲੀ ਹੌਲੀ ਆਦਤ ਬਦਲ ਜਾਵੇਗੀ ਤੇ ਇਹੋ ਬਗੈਰ ਤੜਕੇ-ਫੜਕੇ ਦੇ ਹੀ ਸਵਾਦ ਲੱਗਣ ਲੱਗ ਪਵੇਗਾ। ਜੇਕਰ ਤੜਕਾ ਲਾਉਣਾ ਹੀ ਹੈ ਤਾਂ ਸਿਰਫ ਪਿਆਜ ਨੂੰ ਤੇਲ ਵਿਚ ਭੂੰਨ ਲਓ ਤੇ ਅਖੀਰਲੇ ਮਿੰਟ ਹਲਦੀ ਤੇ ਹੋਰ ਗਰਮ ਮਸਾਲੇ ਜਲਦੀ-ਜਲਦੀ ਪਾ ਕੇ ਥੋੜਾ ਬਹੁਤ ਹਲਾ ਕੇ ਥੱਲੇ ਲਾਹ ਲਓ। ਬਸ ਇਤਨਾ ਹੀ ਕਾਫੀ ਹੈ। ਗੁਰਬਾਣੀ ਦਾ ਫੁਰਮਾਣ ਹੈ:
ਸਿਰੀਰਾਗੁ ਮਹਲਾ ੫ ॥ ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥ ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ ਜਿਨ੍ਹਾ ਜ਼ਿਆਦਾ ਮਿੱਠਾ ਅਸੀਂ ਖਾਦੇ ਹਾਂ ਉਤਨਾ ਹੀ ਉਸਦਾ ਸਾਡੇ ਸ਼ਰੀਰ ਤੇ ਭੈੜਾ ਅਸਰ ਪੈਂਦਾ ਹੈ ਜਿਵੇਂ ਤਿਜ਼ਾਬੀ ਮਾਦਾ ਦਾ ਹੋਣਾ ਜਾਂ ਸ਼ੂਗਰ ਰੋਗ ਦਾ ਉਤਪੰਨ ਹੋਣਾ। ਜਿਨ੍ਹੇ ਜ਼ਿਆਦਾ ਦੋਸਤ ਮਿੱਤਰ ਬਣਾਏ ਉੱਤਨੇ ਹੀ ਵਾਧੂ ਝਗੜੇ ਸਹੇੜੇ ਜਾਂਦੇ ਹਨ। ਇਹ ਸਾਰੀਆਂ ਚੀਜਾਂ, ਧਨ-ਦੌਲਤ ਆਦਿ ਦਾ ਜਾਂਦਿਆਂ ਦਾ ਪਤਾ ਵੀ ਨਹੀਂ ਲੱਗਦਾ। ਐ ਬੰਦੇ! ਆਪਣੀ ਮੱਤ ਛੱਡ ਤੇ ਗਿਆਨ ਲੈ ਕੇ ਸੱਚ ਨਾਲ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰ। ਇਹੀ ਇਕ ਵਧੀਆ, ਸੌਖਾ ਤੇ ਸਰਲ ਤਰੀਕਾ ਹੈ ਅਨੰਦ ਮਾਨਣ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132