ਭਾਰਤ ਵਿਚ ਵਧਦੀ ਵਿਅਕਤੀ ਪੂਜਾ ਨੁਕਸਾਨਦੇਹ - ਰਾਮਚੰਦਰ ਗੁਹਾ

ਸਮਝਿਆ ਜਾਂਦਾ ਹੈ ਕਿ ਇਕ ਪਰਿਭਾਸ਼ਿਕ ਸ਼ਬਦ ਵਜੋਂ 'ਵਿਅਕਤੀ ਪੂਜਾ' (cult of personality) ਦੀ ਵਰਤੋਂ ਪਹਿਲੀ ਵਾਰ ਸੋਵੀਅਤ ਤਾਨਾਸ਼ਾਹ ਜੋਜ਼ੇਫ ਸਟਾਲਿਨ ਲਈ ਹੋਈ। ਸਟਾਲਿਨ ਦੋ ਦਹਾਕੇ ਤੋਂ ਵੱਧ ਸਮਾਂ ਸੱਤਾ ਵਿਚ ਰਹਿਣ ਪਿੱਛੋਂ 1953 ਵਿਚ ਫ਼ੌਤ ਹੋ ਗਿਆ। ਉਸ ਦੀ ਮੌਤ ਤੋਂ ਤਿੰਨ ਸਾਲਾਂ ਬਾਅਦ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਸੀਪੀਐੱਸਯੂ) ਦੀ 20ਵੀਂ ਕਾਂਗਰਸ ਵਿਚ ਬੋਲਦਿਆਂ ਉਸ ਦੇ ਜਾਂਨਸ਼ੀਨ ਆਗੂ ਨਿਕਿਤਾ ਖ਼ਰੁਸ਼ਚੇਵ ਨੇ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਸਟਾਲਿਨ ਦੁਆਲੇ ਪਏ ਵਿਅਕਤੀ ਪੂਜਕਾਂ ਦੇ ਘੇਰੇ ਦਾ ਪਾਰਟੀ ਤੇ ਮੁਲਕ ਨੂੰ ਕਿੰਨਾ ਨੁਕਸਾਨ ਹੋਇਆ। ਉਨ੍ਹਾਂ ਕਿਹਾ, ''ਕਿਸੇ ਇਕ ਵਿਅਕਤੀ ਨੂੰ ਬਹੁਤ ਉੱਚਾ ਉਠਾ ਦੇਣਾ, ਉਸ ਨੂੰ ਰੱਬ ਵਾਂਗ ਅਲੌਕਿਕ ਸ਼ਕਤੀਆਂ ਦਾ ਮਾਲਕ ਸੁਪਰਮੈਨ ਬਣਾ ਕੇ ਪੇਸ਼ ਕਰਨਾ, ਕਿਸੇ ਵੀ ਤਰ੍ਹਾਂ ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ। ਅਜਿਹੇ ਵਿਅਕਤੀ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ, ਸਭ ਕੁਝ ਦੇਖ ਸਕਦਾ ਹੈ, ਸਭ ਬਾਰੇ ਸੋਚਦਾ ਹੈ, ਸਭ ਕੁਝ ਕਰ ਸਕਦਾ ਹੈ ਅਤੇ ਉਹ ਕੋਈ ਗ਼ਲਤੀ ਨਹੀਂ ਕਰ ਸਕਦਾ।''
       ਇਹ ਪਰਿਭਾਸ਼ਿਕ ਸ਼ਬਦ ਸ਼ਾਇਦ ਸ਼ਬਦਕੋਸ਼ ਵਿਚ 1956 ਵਿਚ ਹੀ ਦਾਖ਼ਲ ਹੋਇਆ ਹੋਵੇ, ਪਰ ਯਕੀਨਨ ਸਟਾਲਿਨ ਤੋਂ ਪਹਿਲਾਂ ਵੀ ਵਿਅਕਤੀ ਪੂਜਾ ਹੁੰਦੀ ਸੀ। ਜਿਵੇਂ ਇਟਲੀ ਦੇ ਮੁਸੋਲਿਨੀ ਤੇ ਜਰਮਨੀ ਦੇ ਹਿਟਲਰ ਦੀ, ਕਿਉਂਕਿ ਇਹ ਵੀ ਅਜਿਹੇ ਆਗੂ ਸਨ, ਜਿਨ੍ਹਾਂ ਆਪਣੇ ਆਪ ਨੂੰ ਰੱਬ-ਵਰਗਾ ਰੁਤਬਾ ਦਿਵਾਉਣ ਵਾਸਤੇ ਇਸੇ ਤਰ੍ਹਾਂ ਪ੍ਰਚਾਰ ਤੇ ਰਿਆਸਤ ਦੇ ਸੰਦਾਂ ਨੂੰ ਵਰਤਿਆ ਜਿਸ ਰਾਹੀਂ ਉਨ੍ਹਾਂ ਆਪਣਾ ਕੱਦ ਆਪਣੀ ਪਾਰਟੀ ਦੇ ਬਾਕੀ ਸਾਥੀਆਂ ਅਤੇ ਕੁੱਲ ਮਿਲਾ ਕੇ ਜਨਤਾ ਤੋਂ ਬਹੁਤ ਉੱਚਾ ਉਠਾ ਲਿਆ। ਮੁਸੋਲਿਨੀ ਤੇ ਹਿਟਲਰ ਨੇ ਵੀ ਅਸੀਮ ਸੱਤਾ ਮਾਣੀ ਅਤੇ ਉਹ ਵੀ ਲੋਕਾਂ ਦਾ ਆਪਣੀ ਸਨਕ ਪ੍ਰਤੀ ਮੁਕੰਮਲ ਸਮਰਪਣ ਚਾਹੁੰਦੇ ਸਨ (ਤੇ ਉਨ੍ਹਾਂ ਇਹ ਹਾਸਲ ਵੀ ਕੀਤਾ।)
        ਸਟਾਲਿਨ ਤੋਂ ਪਹਿਲਾਂ ਲੋਕ ਮੁੱਖ ਤੌਰ 'ਤੇ ਸੱਜੇ-ਪੱਖੀ ਤਾਨਾਸ਼ਾਹਾਂ ਦੀ ਵਿਅਕਤੀ ਪੂਜਾ ਕਰਦੇ ਸਨ ਜਦੋਂਕਿ ਉਸ ਤੋਂ ਬਾਅਦ ਅਜਿਹੀ ਵਿਅਕਤੀ ਪੂਜਾ ਬਹੁਤਾ ਕਰਕੇ (ਭਾਵੇਂ ਪੂਰੀ ਤਰ੍ਹਾਂ ਨਹੀਂ) ਖੱਬੇ-ਪੱਖੀ ਤਾਨਾਸ਼ਾਹਾਂ ਦੀ ਹੋਈ। ਇਨ੍ਹਾਂ ਵਿਚ ਕਿਊਬਾ ਦੇ ਫੀਦਲ ਕਾਸਤਰੋ, ਵੀਅਤਨਾਮ ਦੇ ਹੋ ਚੀ ਮਿੰਨ੍ਹ, ਵੈਨਜ਼ੂਏਲਾ ਦੇ ਹਿਊਗੋ ਸ਼ਾਵੇਜ਼ ਅਤੇ ਇਨ੍ਹਾਂ ਸਾਰਿਆਂ ਤੋਂ ਉੱਪਰ ਚੀਨ ਦੇ ਮਾਓ ਜ਼ਦੌਂਗ (ਮਾਓ ਜ਼ੇ ਤੁੰਗ) ਦੇ ਨਾਂ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਵਿਚੋਂ ਮਾਓ ਦਾ ਵਿਅਕਤੀ ਪੂਜਕ ਘੇਰਾ ਸਭ ਤੋਂ ਵੱਡਾ ਸੀ, ਉਸ ਦੇ ਮੁਲਕ ਦੇ ਵੱਡੇ ਆਕਾਰ ਕਾਰਨ। ਕਰੋੜਾਂ ਹੀ ਚੀਨੀ ਮਾਓ ਅੱਗੇ ਸਤਿਕਾਰ ਨਾਲ ਝੁਕਣ ਅਤੇ ਉਸ ਦੇ ਹਰੇਕ ਲਫ਼ਜ਼ ਨੂੰ ਰੱਬੀ ਹੁਕਮ ਮੰਨਣ ਲਈ ਮਜਬੂਰ ਸਨ। ਜਿਵੇਂ ਪੇਈਚਿੰਗ ਦੇ 'ਲਿਬਰੇਸ਼ਨ ਆਰਮੀ ਡੇਲੀ' ਨੇ ਆਪਣੇ 13 ਅਗਸਤ 1967 ਦੇ ਅੰਕ ਵਿਚ ਐਲਾਨਿਆ ਸੀ :
       “ਚੇਅਰਮੈਨ ਮਾਓ ਦੁਨੀਆਂ ਦੀ ਸਭ ਤੋਂ ਲਾਸਾਨੀ, ਮਹਾਨ ਪ੍ਰਤਿਭਾ ਹਨ ਅਤੇ ਉਨ੍ਹਾਂ ਦੀ ਸੋਚ ਚੀਨ ਅਤੇ ਵਿਦੇਸ਼ਾਂ ਵਿਚਲੇ ਪ੍ਰੋਲਤਾਰੀ ਸੰਘਰਸ਼ਾਂ ਦੇ ਤਜਰਬੇ ਦਾ ਸਾਰ ਅਤੇ ਅਟੁੱਟ ਸੱਚ ਹੈ। ਚੇਅਰਮੈਨ ਮਾਓ ਦੀਆਂ ਹਦਾਇਤਾਂ ਨੂੰ ਅਮਲ ਵਿਚ ਲਿਆਉਂਦਿਆਂ ਸਾਨੂੰ ਇਸ ਤੱਥ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਕਿ ਉਹ ਸਾਨੂੰ ਸਮਝ ਆਈਆਂ ਜਾਂ ਨਹੀਂ। ਇਨਕਲਾਬੀ ਸੰਘਰਸ਼ਾਂ ਦਾ ਤਜਰਬਾ ਸਾਨੂੰ ਦੱਸਦਾ ਹੈ ਕਿ ਅਸੀਂ ਚੇਅਰਮੈਨ ਮਾਓ ਦੀਆਂ ਬਹੁਤ ਸਾਰੀਆਂ ਹਦਾਇਤਾਂ ਨੂੰ ਸ਼ੁਰੂ ਵਿਚ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਸਮਝ ਨਹੀਂ ਸਕਦੇ, ਪਰ ਉਨ੍ਹਾਂ ਨੂੰ ਲਾਗੂ ਕਰਨ ਦੇ ਅਮਲ ਦੌਰਾਨ, ਅਮਲ ਤੋਂ ਬਾਅਦ ਜਾਂ ਕਈ ਸਾਲਾਂ ਬਾਅਦ ਹੌਲੀ-ਹੌਲੀ ਸਮਝ ਜਾਂਦੇ ਹਾਂ। ਇਸ ਲਈ ਸਾਨੂੰ ਚੇਅਰਮੈਨ ਮਾਓ ਦੀਆਂ ਉਨ੍ਹਾਂ ਹਦਾਇਤਾਂ ਦਾ ਤਾਂ ਮਜ਼ਬੂਤੀ ਨਾਲ ਪਾਲਣ ਕਰਨਾ ਹੀ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਸਮਝ ਜਾਂਦੇ ਹਾਂ, ਪਰ ਉਨ੍ਹਾਂ ਦਾ ਵੀ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਅੰਸ਼ਕ ਤੌਰ 'ਤੇ ਜਾਂ ਬਿਲਕੁਲ ਨਹੀਂ ਸਮਝਦੇ।''
      ਖ਼ਰੁਸ਼ਚੇਵ ਵੱਲੋਂ ਸਟਾਲਿਨ ਦੀ ਵਿਅਕਤੀ ਪੂਜਾ ਤੋਂ ਰੂਸ ਨੂੰ ਪੁੱਜੇ ਨੁਕਸਾਨ ਬਾਰੇ ਬੋਲੇ ਜਾਣ ਤੋਂ ਸੱਤ ਸਾਲ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਨੇ ਖ਼ਬਰਦਾਰ ਕੀਤਾ ਸੀ ਕਿ ਭਾਰਤੀ ਲੋਕ ਖ਼ਾਸ ਤੌਰ 'ਤੇ ਨਾਇਕ ਪੂਜਾ ਦੇ ਰੁਝਾਨ ਵਾਲੇ ਹਨ। ਉਨ੍ਹਾਂ ਦੇ ਅਲਫ਼ਾਜ਼ ਨੂੰ ਇੱਥੇ ਚੇਤੇ ਕਰਨਾ ਬਣਦਾ ਹੈ ਜੋ ਐਨ ਉਦੋਂ ਪ੍ਰਗਟਾਏ ਗਏ ਜਦੋਂ ਸਾਡੇ ਜਮਹੂਰੀ ਗਣਰਾਜ ਦਾ ਸੰਵਿਧਾਨ ਬਣ ਰਿਹਾ ਸੀ। ਉਨ੍ਹਾਂ ਕਿਹਾ : ''ਧਰਮ ਵਿਚ ਭਗਤੀ, ਆਤਮਾ ਦੀ ਮੁਕਤੀ ਦਾ ਰਾਹ ਹੋ ਸਕਦੀ ਹੈ, ਪਰ ਸਿਆਸਤ ਵਿਚ ਭਗਤੀ ਜਾਂ ਨਾਇਕ ਪੂਜਾ ਯਕੀਨਨ ਗਿਰਾਵਟ ਅਤੇ ਅਖ਼ੀਰ ਤਾਨਾਸ਼ਾਹੀ ਤੱਕ ਲੈ ਜਾਵੇਗੀ।'
      ਪਰ 1970ਵਿਆਂ ਤੱਕ ਭਾਰਤੀਆਂ ਨੇ ਡਾ. ਅੰਬੇਡਕਰ ਦੀਆਂ ਚਿਤਾਵਨੀਆਂ ਨੂੰ ਭੁਲਾ ਦਿੱਤਾ। ਉਨ੍ਹਾਂ ਆਪਣੀਆਂ ਆਜ਼ਾਦੀਆਂ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਦਮਾਂ ਵਿਚ ਵਿਛਾ ਦਿੱਤਾ ਅਤੇ ਉਸ ਨੂੰ ਅਜਿਹੀਆਂ ਸ਼ਕਤੀਆਂ ਦਿੱਤੀਆਂ ਜਿਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਹੀ ਅਦਾਰਿਆਂ ਨੂੰ ਢਾਹ ਦਿੱਤਾ ਗਿਆ। ਉਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਖ਼ੁਸ਼ਾਮਦ ਸਰੂਪ ਇੱਥੋਂ ਤੱਕ ਆਖ ਦਿੱਤਾ ਗਿਆ ਸੀ, ''ਇੰਦਰਾ ਹੀ ਇੰਡੀਆ ਹੈ ਅਤੇ ਇੰਡੀਆ ਹੀ ਇੰਦਰਾ,'' ਉਹ ਵੀ ਮਹਿਜ਼ ਆਪਣੇ ਵੱਲੋਂ ਨਹੀਂ ਸਗੋਂ ਕਰੋੜਾਂ ਭਾਰਤੀਆਂ ਵੱਲੋਂ ਵੀ। ਇੰਜ ਜਿਵੇਂ ਕਿ ਡਾ. ਅੰਬੇਡਕਰ ਨੇ ਭਵਿੱਖਬਾਣੀ ਕੀਤੀ ਸੀ, ਸਿਆਸਤ ਵਿਚ ਭਗਤੀ ਦਾ ਇਹ ਪ੍ਰਗਟਾਵਾ ਸੱਚ-ਮੁੱਚ ਮੁਲਕ ਨੂੰ ਗਿਰਾਵਟ ਅਤੇ ਅਖ਼ੀਰ ਤਾਨਾਸ਼ਾਹੀ ਤੱਕ ਲੈ ਗਿਆ।
       ਹਿਟਲਰ, ਮੁਸੋਲਿਨੀ, ਸਟਾਲਿਨ, ਕਾਸਤਰੋ ਅਤੇ ਮਾਓ ਨੇ ਆਪਣੀ ਮੌਤ ਤੱਕ ਅਸੀਮ ਤਾਕਤ ਦਾ ਆਨੰਦ ਮਾਣਿਆ। ਦੂਜੇ ਪਾਸੇ ਇਸ ਭਾਰਤੀ ਤਾਨਾਸ਼ਾਹ ਨੇ, ਕਰੀਬ ਦੋ ਸਾਲ ਤੱਕ ਅਸੀਮ ਸੱਤਾ ਭੋਗਣ ਤੋਂ ਬਾਅਦ ਆਪਣੇ ਵੱਲੋਂ ਆਇਦ ਐਮਰਜੈਂਸੀ ਹਟਾ ਦਿੱਤੀ ਅਤੇ ਚੋਣਾਂ ਕਰਾਉਣ ਦਾ ਹੁਕਮ ਦਿੱਤਾ - ਹਾਲਾਂਕਿ ਇਨ੍ਹਾਂ ਚੋਣਾਂ ਵਿਚ ਉਹ ਤੇ ਉਸ ਦੀ ਪਾਰਟੀ ਹਾਰ ਗਈ। ਉਸ ਤੋਂ ਬਾਅਦ ਦੇ ਦਹਾਕਿਆਂ ਦੌਰਾਨ, ਇੰਦਰਾ ਗਾਂਧੀ ਵੱਲੋਂ ਨੁਕਸਾਨੇ ਗਏ ਅਦਾਰੇ ਹੌਲੀ-ਹੌਲੀ ਆਪਣੀਆਂ ਆਜ਼ਾਦੀਆਂ ਹਾਸਲ ਕਰ ਗਏ। ਇਸ ਸਦਕਾ ਪ੍ਰੈਸ ਵਧੇਰੇ ਆਜ਼ਾਦ ਹੋ ਗਈ, ਨਿਆਂਪਾਲਿਕਾ ਨੂੰ ਵੀ ਵੱਧ ਆਜ਼ਾਦੀ ਮਿਲੀ ਅਤੇ ਨਾਗਰਿਕ/ਜਨਤਕ ਸਮਾਜ (civil society) ਵੀ ਉੱਭਰਿਆ ਤੇ ਵਿਗਸਿਆ।
       ਮੈਂ ਆਪਣੀ ਕਿਤਾਬ 'ਇੰਡੀਆ ਆਫ਼ਟਰ ਗਾਂਧੀ' ਉੱਤੇ ਐਮਰਜੈਂਸੀ ਦੇ ਖ਼ਾਤਮੇ ਤੋਂ ਕਰੀਬ ਵੀਹ ਸਾਲਾਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ। ਆਖ਼ਰ ਜਦੋਂ ਇਹ 2007 ਵਿਚ ਪ੍ਰਕਾਸ਼ਿਤ ਹੋਈ ਤਾਂ ਮੈਨੂੰ ਖ਼ਿਆਲ ਆਇਆ ਕਿ ਭਾਰਤ ਨੂੰ 'ਅੱਧੋ-ਅੱਧੀ (50-50) ਜਮਹੂਰੀਅਤ' ਕਰਾਰ ਦੇਣਾ ਵਾਜਬ ਹੋਵੇਗਾ। ਇਸ ਤੋਂ ਸੱਤ ਸਾਲਾਂ ਬਾਅਦ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਅਤੇ ਸਾਡੀ ਜਮਹੂਰੀ ਸਾਖ਼ ਨੂੰ ਮੁੜ ਖ਼ੋਰਾ ਲੱਗਣਾ ਸ਼ੁਰੂ ਹੋ ਗਿਆ। ਉਸ ਦੇ ਨਿਜ਼ਾਮ ਨੇ ਪ੍ਰੈਸ ਨੂੰ ਦਬਾਉਣਾ ਤੇ ਕਾਬੂ ਕਰਨਾ, ਨਿਆਂਪਾਲਿਕਾ ਨੂੰ ਬੇਅਸਰ ਕਰਨਾ ਅਤੇ ਆਜ਼ਾਦ ਸਿਵਲ ਸੁਸਾਇਟੀ ਸੰਸਥਾਵਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਤੇ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਜਨਤਕ ਅਦਾਰੇ ਇਸ ਤੋਂ ਪਹਿਲਾਂ ਮਾਣਮੱਤੇ ਢੰਗ ਨਾਲ ਖ਼ੁਦਮੁਖ਼ਤਾਰ ਸਨ, ਜਿਨ੍ਹਾਂ ਨੂੰ ਇੰਦਰਾ ਗਾਂਧੀ ਵੀ ਆਪਣੀ ਮਰਜ਼ੀ ਮੁਤਾਬਿਕ ਝੁਕਾ ਨਹੀਂ ਸਕੀ - ਜਿਵੇਂ ਫ਼ੌਜ, ਚੋਣ ਕਮਿਸ਼ਨ ਅਤੇ ਭਾਰਤੀ ਰਿਜ਼ਰਵ ਬੈਂਕ - ਹੁਣ ਲਗਾਤਾਰ ਤੇਜ਼ੀ ਨਾਲ ਨਾ ਸਿਰਫ਼ ਹਾਕਮ ਪਾਰਟੀ ਸਗੋਂ ਪ੍ਰਧਾਨ ਮੰਤਰੀ ਦੇ ਸੰਦ ਬਣਦੇ ਜਾ ਰਹੇ ਹਨ।
       ਅਦਾਰਿਆਂ ਦੇ ਇਸ ਤੇਜ਼ ਨਿਘਾਰ ਦੇ ਨਾਲ ਹੀ ਵਿਅਕਤੀ ਪੂਜਾ ਵੀ ਵਧ ਰਹੀ ਸੀ। ਮਈ 2014 ਤੋਂ ਹੀ ਰਿਆਸਤ ਦੇ ਵਿਸ਼ਾਲ ਵਸੀਲਿਆਂ ਨੂੰ ਹਰੇਕ ਪ੍ਰੋਗਰਾਮ, ਹਰੇਕ ਇਸ਼ਤਿਹਾਰ ਤੇ ਹਰੇਕ ਪੋਸਟਰ ਦਾ ਚਿਹਰਾ ਪ੍ਰਧਾਨ ਮੰਤਰੀ ਨੂੰ ਬਣਾਉਣ ਲੇਖੇ ਲਾਉਣਾ ਸ਼ੁਰੂ ਕਰ ਦਿੱਤਾ ਗਿਆ। ਮੋਦੀ ਇਜ਼ ਇੰਡੀਆ, ਇੰਡੀਆ ਇਜ਼ ਮੋਦੀ - ਭਾਜਪਾ ਦੇ ਅੰਦਰ ਹਰ ਕਿਸੇ, ਭਾਵੇਂ ਉਹ ਮੰਤਰੀ ਹੋਵੇ, ਸੰਸਦ ਮੈਂਬਰ ਜਾਂ ਆਮ ਪਾਰਟੀ ਵਰਕਰ, ਦਾ ਬੋਲਿਆ ਜਾਂ ਅਣਬੋਲਿਆ ਵਿਸ਼ਵਾਸ ਬਣ ਗਿਆ ਹੈ। ਇੰਦਰਾ ਗਾਂਧੀ ਵਾਂਗ ਹੀ, ਅਖੌਤੀ 'ਕੌਮੀ ਪ੍ਰੈਸ' ਨੇ ਬੜੀ ਉਤਸੁਕਤਾ ਨਾਲ ਉਸ ਨੂੰ ਰੱਬੀ ਰੂਪ ਦੇਣ ਦੇ ਇਸ ਕੰਮ ਵਿਚ ਯੋਗਦਾਨ ਪਾਇਆ, ਜਿਸ ਦੌਰਾਨ ਬਹੁਤੇ ਭਾਰਤੀ ਮੀਡੀਆ ਉੱਤੇ ਪ੍ਰਧਾਨ ਮੰਤਰੀ ਨੂੰ ਸਭ ਕਾਸੇ ਦੇ ਜਾਣੀ-ਜਾਣ ਤੇ ਬਿਲਕੁਲ ਉਕਾਈ ਰਹਿਤ ਬਣਾ ਕੇ ਪੇਸ਼ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ ਜਾਂ ਮਨਾਇਆ ਜਾ ਰਿਹਾ ਸੀ।
        ਜਦੋਂ ਭਾਰਤ ਨੂੰ ਕੋਵਿਡ-19 ਦੀ ਮਾਰ ਪਈ ਤਾਂ ਵਿਅਕਤੀ ਪੂਜਾ ਨੂੰ ਹੁਲਾਰਾ ਦੇਣ ਦਾ ਇਕ ਵੱਡਾ ਮੌਕਾ ਹੱਥ ਲੱਗ ਗਿਆ। ਪ੍ਰਧਾਨ ਮੰਤਰੀ ਦੀਆਂ ਸ਼ਿੰਗਾਰੀਆਂ ਹੋਈਆਂ ਤਕਰੀਰਾਂ ਇਸ ਦਾ ਸਭ ਤੋਂ ਪ੍ਰਤੱਖ ਰੂਪ ਸਨ - ਜਿਨ੍ਹਾਂ ਵਿਚ ਤਕਨੀਕੀ ਤੌਰ 'ਤੇ ਖ਼ੁਦਮੁਖ਼ਤਾਰ ਦੱਸਿਆ ਜਾਂਦਾ ਸਰਕਾਰੀ ਬ੍ਰਾਡਕਾਸਟਰ ਪ੍ਰਸਾਰ ਭਾਰਤੀ ਪੂਰੀ ਵਾਹ ਲਾਉਂਦਾ ਰਿਹਾ ਕਿ ਇਨ੍ਹਾਂ ਭਾਸ਼ਣਾਂ ਲਈ ਟੀਵੀ ਅੱਗੇ ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ ਦੇਣ ਵਾਲੇ ਦਰਸ਼ਕਾਂ ਤੋਂ ਵੀ ਵੱਧ ਦਰਸ਼ਕ ਬੈਠਣ। ਜਦੋਂਕਿ ਦੂਜਾ ਤੇ ਸ਼ਾਇਦ ਕਿਤੇ ਵੱਧ ਖ਼ਤਰਨਾਕ ਪ੍ਰਗਟਾਵਾ ਸੀ ਇਕ ਨਵਾਂ ਫੰਡ ਕਾਇਮ ਕੀਤਾ ਜਾਣਾ- ਜਿਸ ਨੂੰ ਪੀਐਮ-ਕੇਅਰਜ਼ ਦਾ ਨਾਂ ਦਿੱਤਾ ਗਿਆ। ਦੇਸ਼ ਵਿਚ 1948 ਤੋਂ ਹੀ ਪ੍ਰਧਾਨ ਮੰਤਰੀ ਰਾਹਤ ਕੋਸ਼ ਕਾਇਮ ਹੈ ਜਿਸ ਵਿਚ ਦੇਸ਼ ਵਾਸੀ ਜੰਗ, ਸੋਕੇ, ਭੂਚਾਲ, ਸਮੁੰਦਰੀ ਵਾਵਰੋਲਿਆਂ ਅਤੇ ਮਹਾਂਮਾਰੀਆਂ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਦਾਨ ਦਿੰਦੇ ਹਨ। ਇਸ ਫੰਡ ਵਿਚ ਇਸ ਨਵੀਂ ਮਹਾਂਮਾਰੀ ਦੀ ਆਮਦ ਮੌਕੇ 8000 ਕਰੋੜ ਰੁਪਏ ਮੌਜੂਦ ਸਨ। ਇਸ ਤੋਂ ਇਲਾਵਾ ਹਰੇਕ ਸੂਬੇ ਵਿਚ ਇਸੇ ਮਕਸਦ ਲਈ ਮੁੱਖ ਮੰਤਰੀ ਰਾਹਤ ਕੋਸ਼ ਵੀ ਹੁੰਦਾ ਹੈ।
       ਇਨ੍ਹਾਂ ਫੰਡਾਂ ਨੇ ਪਹਿਲੇ ਪ੍ਰਧਾਨ ਮੰਤਰੀਆਂ ਅਤੇ ਮੁੱਖ ਮੰਤਰੀਆਂ ਵੇਲੇ ਵਧੀਆ ਕੰਮ ਕੀਤਾ। ਇਸ ਦੇ ਬਾਵਜੂਦ ਨਰਿੰਦਰ ਮੋਦੀ ਨੇ ਨਵਾਂ, ਵਿਅਕਤੀਗਤ ਰੂਪ ਵਾਲਾ ਫੰਡ ਕਾਇਮ ਕਰਨ ਦਾ ਫ਼ੈਸਲਾ ਕੀਤਾ ਜਿਸ ਨੂੰ ਬੜੀ ਮਾੜੀ ਨੀਅਤ ਨਾਲ ਵਧੀਆ ਨਾਂ ਦਿੱਤਾ ਗਿਆ- ਪੀਐੱਮ ਕੇਅਰਜ਼। ਇਸ ਦੀ ਵੈੱਬਸਾਈਟ ਉੱਤੇ ਮੋਦੀ ਦੀ ਤਸਵੀਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਅਤੇ ਬੇਸ਼ੱਕ ਇਸ ਸਬੰਧੀ ਵਰਤੀ ਜਾਣ ਵਾਲੀ ਸਾਰੀ ਪ੍ਰਚਾਰ ਸਮੱਗਰੀ, ਇਸ਼ਤਿਹਾਰਬਾਜ਼ੀ ਹੀ ਨਹੀਂ ਸਗੋਂ ਇਸ ਦੀ ਵੀ ਪੂਰੀ ਸੰਭਾਵਨਾ ਹੈ ਕਿ ਇਸ ਫੰਡ ਰਾਹੀਂ ਖ਼ਰੀਦ ਕੇ ਵੰਡੀਆਂ ਜਾਣ ਵਾਲੀਆਂ ਦਵਾਈਆਂ ਅਤੇ ਹੋਰ ਲੋੜੀਂਦੇ ਸਾਮਾਨ ਦੇ ਪੈਕੇਟਾਂ ਉੱਤੇ ਵੀ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਹੋਣਗੀਆਂ। ਇਸ ਤਰ੍ਹਾਂ ਇਕ ਕੌਮੀ ਆਫ਼ਤ ਵੀ ਬ੍ਰਾਂਡ ਮੋਦੀ ਨੂੰ ਹੁਲਾਰਾ ਦੇਣ ਦਾ ਵਧੀਆ ਮੌਕਾ ਬਣ ਗਈ।
       ਆਗੂ ਨੂੰ ਪਾਰਟੀ, ਲੋਕਾਂ ਤੇ ਰਾਸ਼ਟਰ ਤੋਂ ਵੀ ਵੱਡੇ ਅਵਤਾਰ ਵਜੋਂ ਦਿਖਾਉਣ ਦੇ ਮਾਮਲੇ ਵਿਚ ਨਰਿੰਦਰ ਮੋਦੀ ਦੀ ਵਿਅਕਤੀ ਪੂਜਾ ਬਿਲਕੁਲ ਸਟਾਲਿਨ ਦੀ ਵਿਅਕਤੀ ਪੂਜਾ ਨਾਲ ਮੇਲ ਖਾਂਦੀ ਹੈ। ਦੂਜੇ ਪਾਸੇ ਸਰਕਾਰੀ ਮੀਡੀਆ ਵੱਲੋਂ ਆਗੂ ਨੂੰ ਪੂਰੀ ਤਰ੍ਹਾਂ ਉਕਾਈ ਰਹਿਤ ਤੇ ਸਿਆਣਾ ਦਿਖਾਉਣ ਦੇ ਮਾਮਲੇ ਵਿਚ ਇਹ ਵਿਅਕਤੀ ਪੂਜਾ ਹਿਟਲਰ ਤੇ ਮੁਸੋਲਿਨੀ ਵਰਗੀ ਹੈ। ਇਸ ਦੇ ਬਾਵਜੂਦ ਜੇ ਪੁਰਖਿਆਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਸ਼ਾਇਦ ਮੋਦੀ ਦੀ ਵਿਅਕਤੀ ਪੂਜਾ, ਮਾਓ ਦੀ ਵਿਅਕਤੀ ਪੂਜਾ ਨਾਲ ਮੇਲ ਖਾਂਦੀ ਹੈ। ਨੋਟਬੰਦੀ ਰਾਹੀਂ ਅਰਥਚਾਰੇ ਦੀ ਗਿਣ-ਮਿੱਥ ਕੇ ਕੀਤੀ ਗਈ ਤਬਾਹੀ ਵੀ ਮਾਓ ਦੇ ਉਨ੍ਹਾਂ ਹੁਕਮਾਂ ਵਰਗੀ ਹੀ ਸੀ, ਜਦੋਂ ਉਸ ਨੇ ਭਿਆਨਕ ਗਰੇਟ ਲੀਪ ਫਾਰਵਰਡ (Great Leap Forward) ਦੌਰਾਨ ਘਰਾਂ ਵਿਚਲੀਆਂ ਲੋਹੇ ਦੀਆਂ ਸਾਰੀਆਂ ਚੀਜ਼ਾਂ ਨੂੰ ਭੱਠੀਆਂ ਵਿਚ ਪਿਘਲਾ ਦੇਣ ਦਾ ਹੁਕਮ ਦਿੱਤਾ ਸੀ। ਮਾਓ ਵਾਂਗ ਹੀ, ਮੋਦੀ ਵੀ ਆਪਣੇ ਪਾਰਟੀ ਵਿਚਲੇ ਸਾਥੀਆਂ ਦੇ ਸਿਰਾਂ ਤੋਂ ਛਾਲ ਮਾਰ ਕੇ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਸਿੱਧਿਆਂ ਸੰਬੋਧਨ ਕਰਦੇ ਹਨ ਜਿਹੜੇ ਉਨ੍ਹਾਂ ਦੇ ਸਭ ਤੋਂ ਵੱਧ ਸ਼ਰਧਾਵਾਨ ਭਗਤ ਹਨ। ਮਾਓ ਵਾਂਗ ਹੀ ਮੋਦੀ ਵੀ ਆਪਣੇ ਆਪ ਨੂੰ ਸਰਬਗਿਆਤਾ ਤੇ ਉਕਾਈ ਰਹਿਤ ਹੋਣ ਵਜੋਂ ਪੇਸ਼ ਕਰਨ ਲਈ ਸਰਕਾਰੀ ਤੇ ਪਾਰਟੀ ਦੇ ਪ੍ਰਚਾਰ ਮੀਡੀਆ ਦਾ ਇਸਤੇਮਾਲ ਕਰਦੇ ਹਨ। ਮਾਓ ਵਾਂਗ ਹੀ, ਮੋਦੀ ਦੀਆਂ ਹਦਾਇਤਾਂ ਨੂੰ ਵੀ ਲੋਕਾਂ ਨੂੰ ਆਗਿਆਕਾਰੀ ਬਣ ਕੇ ਮੰਨਣ ਲਈ ਕਿਹਾ ਜਾਂਦਾ ਹੈ, ਭਾਵੇਂ (ਜਾਂ ਖ਼ਾਸਕਰ ਜੇ) ਉਨ੍ਹਾਂ ਨੂੰ ਇਹ ਸਮਝ ਨਾ ਵੀ ਆਉਂਦੀਆਂ ਹੋਣ।
      ਖ਼ਰੁਸ਼ਚੇਵ ਜਦੋਂ ਇਹ ਦਾਅਵਾ ਕਰ ਰਿਹਾ ਸੀ ਕਿ ਕਿਸੇ ਇਨਸਾਨ ਨੂੰ ਰੱਬ ਵਰਗਾ ਰੁਤਬਾ ਦੇਣਾ 'ਮਾਰਕਸਵਾਦ-ਲੈਨਿਨਵਾਦ' ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ, ਤਾਂ ਭਾਵੇਂ ਉਹ ਠੀਕ ਸੀ ਜਾਂ ਗ਼ਲਤ, ਪਰ ਅਜਿਹੀ ਨਾਇਕ ਪੂਜਾ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਨਾਲ ਮੇਲ ਨਹੀਂ ਖਾਂਦੀ। ਭਾਜਪਾ ਨੇ ਹਮੇਸ਼ਾ 'ਵਿਅਕਤੀ-ਪੂਜਾ' ਦਾ ਵਿਰੋਧ ਕੀਤਾ ਹੈ। ਇਹ ਲੰਬਾ ਸਮਾਂ ਕਾਂਗਰਸ ਉੱਤੇ ਅਜਿਹਾ ਕਰਨ ਦੇ ਦੋਸ਼ ਲਾਉਂਦੀ ਰਹੀ। ਉਸ ਮੁਤਾਬਿਕ ਕਾਂਗਰਸ ਨੇ ਸਮੇਂ-ਸਮੇਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਮਰਜ਼ੀ ਤੇ ਸਨਕ ਲਈ ਨਾ ਸਿਰਫ਼ ਪਾਰਟੀ ਸਗੋਂ ਰਾਸ਼ਟਰ ਦੇ ਹਿੱਤਾਂ ਨੂੰ ਵੀ ਕੁਰਬਾਨ ਕੀਤਾ। ਪ੍ਰਧਾਨ ਮੰਤਰੀ ਵਜੋਂ ਅਟਲ ਬਿਹਾਰੀ ਵਾਜਪਾਈ ਨੇ ਕਦੇ ਵੀ ਆਪਣੇ ਸਾਥੀਆਂ ਉੱਤੇ ਇੰਦਰਾ ਗਾਂਧੀ ਵਾਂਗ ਗਲਬਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਾਰਟੀ ਦੇ ਵਿਚਾਰਾਂ ਵਿਚ ਉਹ ਤਿੰਨ ਸੀਨੀਅਰ ਆਗੂਆਂ, ਉਨ੍ਹਾਂ, ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦੀ 'ਤ੍ਰਿਮੂਰਤੀ' ਦਾ ਇਕ ਹਿੱਸਾ ਹੀ ਸਨ। ਜਦੋਂ ਇਨ੍ਹਾਂ ਆਗੂਆਂ ਨੇ ਕੇਂਦਰ ਵਿਚ ਕੰਮ ਕੀਤਾ ਤਾਂ ਭਾਜਪਾ ਦੇ ਰਾਜਾਂ ਵਿਚ ਵੀ ਮਜ਼ਬੂਤ ਤੇ ਆਜ਼ਾਦ-ਖ਼ਿਆਲ ਮੰਤਰੀ ਸਨ ਜਿਨ੍ਹਾਂ ਨੂੰ ਤ੍ਰਿਮੂਰਤੀ ਵੱਲੋਂ ਪੂਰਾ ਸਤਿਕਾਰ ਦਿੱਤਾ ਜਾਂਦਾ ਸੀ। ਪਰ ਹੁਣ ਇਹ ਸਭ ਕੁਝ ਬਦਲ ਚੁੱਕਾ ਹੈ ਅਤੇ ਭਾਜਪਾ ਤੇ ਇਸ ਦੀ ਸਰਕਾਰ ਲਈ ਮੋਦੀ ਉਹੋ ਕੁਝ ਬਣ ਚੁੱਕੇ ਹਨ, ਜੋ ਸੀਪੀਐੱਸਯੂ ਅਤੇ ਇਸ ਦੀ ਪੋਲਿਟ ਬਿਊਰੋ ਲਈ ਸਟਾਲਿਨ ਸੀ।
       ਪਹਿਲਾਂ ਇੰਦਰਾ ਗਾਂਧੀ ਦੀ ਸੁਪਰਵੁਮੈਨ ਵਾਂਗ ਤੇ ਫਿਰ ਮੋਦੀ ਦੀ ਸੁਪਰਮੈਨ ਵਾਂਗ ਵਿਅਕਤੀ ਪੂਜਾ ਤੋਂ ਜ਼ਾਹਰ ਹੈ ਕਿ ਹਿੰਦੂ ਧਰਮ ਦੀ ਭਗਤੀ ਦੀ ਪ੍ਰਥਾ ਜਾਂ ਅੰਧ ਨਾਇਕ ਪੂਜਾ ਤੋਂ ਭਾਰਤੀ ਜਮਹੂਰੀਅਤ ਨੂੰ ਦਰਪੇਸ਼ ਖ਼ਤਰੇ ਬਾਰੇ ਡਾ. ਅੰਬੇਡਕਰ ਦੀ ਚਿੰਤਾ ਵਾਜਬ ਸੀ। ਹਾਕਮ ਪਾਰਟੀ ਵੱਲੋਂ ਮੋਦੀ ਨੂੰ ਇਕ ਤਰ੍ਹਾਂ ਹਿੰਦੂ ਮਸੀਹਾ ਤੇ ਇਕ ਅਵੈਂਜਿੰਗ ਏਂਜਲ (ਰੱਬ ਵੱਲੋਂ ਪੈਦਾ ਕੀਤੇ ਦੈਵੀ ਦੂਤ) ਵਜੋਂ ਪੇਸ਼ ਕੀਤੇ ਜਾਣ ਦੀ ਕਾਰਵਾਈ ਨੂੰ ਬੜੀ ਜ਼ਰਖ਼ੇਜ਼ ਜ਼ਮੀਨ ਮਿਲੀ ਹੈ। ਕਿਸੇ ਆਜ਼ਾਦ ਮੁਲਕ ਦੀ ਜਨਤਾ ਤੋਂ ਕਿਸੇ ਜ਼ਿੰਦਾ ਇਨਸਾਨ ਨੂੰ ਸ਼ਰਧਾ ਭਾਵਨਾ ਨਾਲ ਪੂਜੇ ਜਾਣ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ - ਪਰ ਅਫ਼ਸੋਸ ਅਜਿਹਾ ਹੋ ਰਿਹਾ ਹੈ।
       ਵਿਅਕਤੀ ਪੂਜਾ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਹ ਹਮੇਸ਼ਾ ਮੁਲਕ ਲਈ ਮਾਰੂ ਸਾਬਤ ਹੁੰਦਾ ਹੈ। ਆਖ਼ਰ ਇਕ ਦਿਨ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ, ਰੱਬ ਜਾਣੇ ਕਦੋਂ ਤੱਕ। ਕੀ ਮੋਦੀ ਦੀ ਵਿਅਕਤੀ ਪੂਜਾ ਨੇ ਭਾਰਤ ਦੇ ਅਰਥਚਾਰੇ, ਇਸ ਦੇ ਅਦਾਰਿਆਂ, ਸਮਾਜਿਕ ਜ਼ਿੰਦਗੀ ਤੇ ਨੈਤਿਕ ਤਾਣੇ-ਬਾਣੇ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਉਹ ਕਦੇ ਪੂਰਿਆ ਜਾਵੇਗਾ?