ਰਾਜਨੀਤੀ ਵਿੱਚ ਸ਼ਤਰੰਜੀ ਘੋੜੇ ਵਾਲੀ ਖੇਡ ਖੇਡ ਰਹੀ ਹੈ ਪੰਜਾਬ ਵਿੱਚ ਭਾਜਪਾ - ਜਤਿੰਦਰ ਪਨੂੰ


ਪੰਜਾਬ ਦੀ ਰਾਜਨੀਤੀ ਇਸ ਵਕਤ ਬੜਾ ਅਣ-ਕਿਆਸਿਆ ਮੋੜਾ ਕੱਟਦੀ ਜਾਪ ਰਹੀ ਹੈ। ਇਸ ਵਿੱਚ ਬੀਤੇ ਦਿਨੀਂ ਮਾਝਾ ਖੇਤਰ ਵਿੱਚ ਜ਼ਹਿਰੀਲੀ ਨਾਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਘਟਨਾ ਕਰਮ ਨੇ ਵੀ ਆਪਣਾ ਹਿੱਸਾ ਪਇਆ ਤੇ ਰਾਜਨੀਤੀ ਦੀ ਤੋਰ ਹੋਰ ਤਿੱਖੀ ਕੀਤੀ ਹੈ। ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦਾ ਹੱਕ ਹੈ, ਤੇ ਉਨ੍ਹਾਂ ਦਾ ਫਰਜ਼ ਵੀ ਹੈ ਕਿ ਸਰਕਾਰ ਅਤੇ ਸਰਕਾਰ ਚਲਾ ਰਹੀ ਪਾਰਟੀ ਦੇ ਨੁਕਸ ਲੱਭ ਕੇ ਲੋਕਾਂ ਨੂੰ ਮਿਲਣ ਅਤੇ ਆਪਣੀ ਗੱਲ ਕਹਿਣ। ਸਰਕਾਰ ਦੀ ਧਿਰ ਨਾਲ ਜੁੜੇ ਹੋਏ ਲੋਕ ਇਹ ਕਹਿੰਦੇ ਹਨ ਕਿ ਇਹੋ ਜਿਹੇ ਮੁੱਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇ ਅੱਜ ਏਥੇ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਹੁੰਦੀ ਤਾਂ ਕਾਂਗਰਸੀ ਆਗੂਆਂ ਨੇ ਵੀ ਇਹ ਹੀ ਕੁਝ ਕਰਨਾ ਸੀ, ਜਿਹੜਾ ਉਨ੍ਹਾਂ ਦੇ ਖਿਲਾਫ ਅੱਜ ਸਾਰੀ ਵਿਰੋਧੀ ਧਿਰ ਕਰਦੀ ਪਈ ਹੈ। ਜਿਹੜੇ ਲੋਕ ਇਸ ਕਾਂਡ ਵਿੱਚ ਮੁੱਖ ਦੋਸ਼ੀ ਨਿਕਲਦੇ ਹਨ, ਉਨ੍ਹਾਂ ਵਿੱਚ ਪੰਜਾਬ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਦੇ ਮਾਝੇ ਵਿਚਲੇ ਦੋ ਵਿਧਾਇਕਾਂ ਦਾ ਨਾਂਅ ਆਉਂਦਾ ਹੈ ਤੇ ਪੰਜਾਬ ਦੇ ਦੂਸਰੇ ਸਿਰੇ ਹਰਿਆਣੇ ਨਾਲ ਲੱਗਦੀਆਂ ਦੋ ਸੀਟਾਂ ਵਾਲੇ ਵਿਧਾਇਕਾਂ ਦਾ ਨਾਂਅ ਵੀ ਵੱਜਦਾ ਹੈ। ਹਰਿਆਣਾ ਬਾਰਡਰ ਨਾਲ ਜੁੜਦੇ ਵਿਧਾਇਕਾਂ ਦਾ ਨਾਂਅ ਤਾਂ ਨਾਜਾਇਜ਼ ਸ਼ਰਾਬ ਦੇ ਕਾਂਡ ਦੇ ਨਾਲ ਕਈ ਹੋਰ ਗੰਦੇ ਧੰਦਿਆਂ ਵਿੱਚ ਵੀ ਸਰੇ-ਆਮ ਲੋਕ ਦੱਸੀ ਜਾਂਦੇ ਹਨ, ਪਰ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ, ਜਦ ਕਿ ਇਹ ਖੜੇ ਪੈਰ ਕਰ ਦੇਣੀ ਚਾਹੀਦੀ ਸੀ। ਏਸੇ ਕਾਰਨ ਰਾਜ ਸਰਕਾਰ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਸਰਕਾਰ ਕਹਿੰਦੀ ਹੈ ਕਿ ਇਹੋ ਜਿਹੇ ਕਾਂਡ ਦੇਸ਼ ਦੇ ਕਈ ਰਾਜਾਂ ਵਿੱਚ ਹੁੰਦੇ ਰਹੇ ਹਨ ਅਤੇ ਇਹ ਗੱਲ ਠੀਕ ਵੀ ਹੈ, ਪਰ ਇਸ ਸੱਚਾਈ ਨਾਲ ਪੰਜਾਬ ਸਰਕਾਰ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ ਕਮਜ਼ੋਰੀ ਤੋਂ ਨਹੀਂ ਬਚ ਸਕਦੀ। ਉਸ ਨੂੰ ਆਪਣੇ ਬੰਦਿਆਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।
ਰਹਿ ਗਈ ਗੱਲ ਹੋਰ ਰਾਜਾਂ ਵਿੱਚ ਇਹੋ ਜਿਹੇ ਕਾਂਡ ਹੋਣ ਦੀ, ਉਸ ਬਾਰੇ ਦੱਸਣ ਦੀ ਲੋੜ ਨਹੀਂ, ਰਿਕਾਰਡ ਬੋਲਦਾ ਪਿਆ ਹੈ। ਸਾਲ 1991 ਵਿੱਚ ਮੁੰਬਈ ਵਿੱਚ ਇਹੋ ਜਿਹੇ ਕਾਂਡ ਵਿੱਚ 93 ਲੋਕ ਮਾਰੇ ਜਾਣ ਪਿੱਛੋਂ ਓਥੇ ਕਾਂਗਰਸ ਸਰਕਾਰ ਨੇ ਇੱਕ ਕਮੇਟੀ ਏਦਾਂ ਦੀਆਂ ਘਟਨਾਵਾਂ ਰੋਕਣ ਲਈ ਬਣਾਈ ਸੀ, ਪਰ 2015 ਵਿੱਚ ਫਿਰ ਸ਼ਰਾਬ ਕਾਂਡ ਵਾਪਰ ਗਿਆ ਤੇ 102 ਲੋਕ ਮਾਰੇ ਗਏ ਸਨ, ਜਦੋਂ ਓਥੇ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਰਾਜ ਸੀ। ਸਾਲ 1991 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹੋ ਜਿਹੇ ਕਾਂਡ ਵਿੱਚ 199 ਲੋਕ ਮਾਰੇ ਗਏ ਸਨ ਤੇ ਸ਼ਰਾਬ ਨੇੜਿਉਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਤੋਂ ਆਈ ਸੀ, ਜਿੱਥੇ ਭਾਜਪਾ ਮੁੱਖ ਮੰਤਰੀ ਕਲਿਆਣ ਸਿੰਘ ਰਾਜ ਕਰਦਾ ਸੀ। ਫਿਰ 2008 ਦੌਰਾਨ ਕਰਨਾਟਕ ਦੇ ਤਿੰਨ ਜ਼ਿਲਿਆਂ ਅਤੇ ਨਾਲ ਲੱਗਦੇ ਤਾਮਿਲ ਨਾਡੂ ਦੇ ਇੱਕ ਜ਼ਿਲੇ ਵਿੱਚ ਇਹੋ ਕੁਝ ਹੋਇਆ ਤੇ ਕੁੱਲ ਜੋੜ ਕੇ 180 ਲੋਕ ਮਾਰੇ ਗਏ ਸਨ। ਓਦੋਂ ਕਰਨਾਟਕ ਵਿੱਚ ਗਵਰਨਰ ਦਾ ਰਾਜ ਸੀ ਤੇ ਤਾਮਿਲ ਨਾਡੂ ਵਿੱਚ ਡੀ ਐੱਮ ਕੇ ਪਾਰਟੀ ਦੇ ਆਗੂ ਕਰੁਣਾਨਿਧੀ ਦਾ ਰਾਜ ਹੁੰਦਾ ਸੀ। ਅਗਲੇ ਸਾਲ ਗੁਜਰਾਤ ਵਿੱਚ ਇਹੋ ਕਹਿਰ ਵਾਪਰਿਆ ਤੇ ਨਰਿੰਦਰ ਮੋਦੀ ਵਾਲੇ ਉਸ ਰਾਜ ਵਿੱਚ 136 ਲੋਕ ਮਾਰੇ ਗਏ ਸਨ, ਜਿੱਥੇ ਸਾਰੇ ਰਾਜ ਵਿੱਚ ਸ਼ਰਾਬ ਉੱਤੇ ਮੁਕੰਮਲ ਪਾਬੰਦੀ ਸੀ ਤੇ ਇਸ ਮਾਮਲੇ ਵਿੱਚ ਭਾਜਪਾ ਦਾ ਇਕ ਵਿਧਾਇਕ ਅਤੇ ਕੁਝ ਹੋਰ ਲੋਕ ਦੋਸ਼ੀ ਦੱਸੇ ਗਏ ਸਨ। ਸਾਲ 2011 ਵਿੱਚ ਪੱਛਮੀ ਬੰਗਾਲ ਵਿੱਚ 172 ਲੋਕ ਮਮਤਾ ਬੈਨਰਜੀ ਦੇ ਰਾਜ ਵਿੱਚ ਮਾਰੇ ਗਏ ਸਨ ਤੇ ਫਰਵਰੀ 2019 ਵਿੱਚ ਭਾਜਪਾ ਦੀਆਂ ਦੋ ਸਰਕਾਰਾਂ ਵਾਲੇ ਉੱਤਰਾ ਖੰਡ ਵਿੱਚ 99 ਤੇ ਆਸਾਮ ਵਿੱਚ 168 ਮਰੇ ਜੋੜ ਕੇ ਇੱਕੋ ਮਹੀਨੇ ਵਿੱਚ 267 ਲੋਕ ਮਰ ਗਏ ਸਨ। ਇਸ ਵਾਰੀ ਪੰਜਾਬ ਵਿੱਚ ਏਡਾ ਵੱਡਾ ਕਾਂਡ ਹੋ ਗਿਆ ਹੈ, ਜਿੱਡਾ ਪਹਿਲਾਂ ਕਦੇ ਨਹੀਂ ਹੋਇਆ। ਇਹ ਲਿਸਟ ਦੱਸਦੀ ਹੈ ਕਿ ਇਸ ਦੇਸ਼ ਦੇ ਲੋਕਾਂ ਉੱਤੇ ਕਾਂਗਰਸ ਦਾ ਰਾਜ ਹੋਵੇ, ਭਾਜਪਾ ਦਾ, ਮਮਤਾ ਬੈਨਰਜੀ ਦਾ ਜਾਂ ਡੀ ਐੱਮ ਕੇ ਵਰਗਿਆਂ ਦਾ, ਸ਼ਰਾਬ ਕਾਂਡ ਇਸ ਲਈ ਬਿਨਾਂ ਰੋਕ ਚੱਲਦੇ ਰਹੇ ਹਨ ਕਿ ਸ਼ਰਾਬ ਦੇ ਤਸਕਰਾਂ ਦੀ ਸਭ ਪਾਰਟੀਆਂ ਨਾਲ ਸਾਂਝ ਚੱਲਦੀ ਹੈ। ਪੰਜਾਬ ਵਿੱਚ ਤਾਜ਼ਾ ਕਾਂਡ ਚਾਰ ਦਿਨ ਚਰਚਾ ਵਿੱਚ ਰਹਿਣਾ ਹੈ ਤੇ ਫਿਰ ਲੋਕਾਂ ਨੂੰ ਭੁਲਾਉਣ ਵਾਲਾ ਕੋਈ ਹੋਰ ਏਹੋ ਜਿਹਾ ਜਾਂ ਏਦੂੰ ਵੱਡਾ ਕਾਂਡ ਲੋਕਾਂ ਨੇ ਵੇਖ ਲੈਣਾ ਹੈ ਤੇ ਉਸ ਦੇ ਬਾਅਦ ਕਿਸੇ ਨੇ ਮਰ ਗਿਆਂ ਦੀ ਚਰਚਾ ਵੀ ਨਹੀਂ ਕਰਨੀ।
ਅਗਲੀ ਗੱਲ ਪੰਜਾਬ ਦੀ ਰਾਜਨੀਤੀ ਦੀ ਹੈ। ਸ਼ਰਾਬ ਕਾਂਡ ਦੇ ਬਾਅਦ ਕਾਂਗਰਸ ਦੇ ਦੋ ਪਾਰਲੀਮੈਂਟ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ-ਪੱਤਰ ਦੇ ਕੇ ਇਸ ਕਾਂਡ ਦੀ ਜਾਂਚ ਲਈ ਕੇਂਦਰੀ ਏਜੰਸੀ ਸੀ ਬੀ ਆਈ ਨੂੰ ਜ਼ਿੰਮਾ ਸੌਂਪਣ ਲਈ ਕਿਹਾ ਹੈ। ਇਹ ਮੰਗ-ਪੱਤਰ ਉਨ੍ਹਾਂ ਵੱਲੋਂ ਆਪਣੀ ਪਾਰਟੀ ਦੀ ਰਾਜ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਬੇਭਰੋਸਗੀ ਦਾ ਪ੍ਰਗਟਾਵਾ ਹੈ ਅਤੇ ਗਵਰਨਰ ਕਿਉਂਕਿ ਇਸ ਅਹੁਦੇ ਤੋਂ ਪਹਿਲਾਂ ਭਾਜਪਾ ਦਾ ਆਗੂ ਹੁੰਦਾ ਸੀ, ਉਹ ਇਸ ਪੱਤਰ ਨਾਲ ਆਪਣੀ ਚਿੱਠੀ ਜੋੜ ਕੇ ਕਿਸੇ ਵੀ ਸਮੇਂ ਕੇਂਦਰ ਸਰਕਾਰ ਨੂੰ ਸਿਫਾਰਸ਼ ਭੇਜਣ ਦੇ ਸਮਰੱਥ ਹੋ ਗਿਆ ਹੈ ਕਿ ਇਸ ਸਰਕਾਰ ਉੱਤੇ ਇਸ ਦੇ ਆਪਣੇ ਲੋਕ ਵੀ ਭਰੋਸਾ ਨਹੀਂ ਕਰਦੇ। ਮੋਰਾਰਜੀ ਡਿਸਾਈ ਦੇ ਰਾਜ ਵੇਲੇ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਸੀ ਤੇ ਤਲਵੰਡੀ-ਟੌਹੜਾ ਜੋੜੀ ਨੇ ਆਪਣੇ ਪਾਰਟੀ ਦੇ ਲੀਡਰ ਬਾਦਲ ਦੇ ਖਿਲਾਫ ਪਾਰਟੀ ਦੇ ਇੱਕ ਜਨਰਲ ਸੈਕਟਰੀ ਦੇ ਹੱਥੀਂ ਏਦਾਂ ਦਾ ਇੱਕ ਪੱਤਰ ਓਦੋਂ ਗਵਰਨਰ ਨੂੰ ਭੇਜਿਆ ਸੀ। ਕੁਝ ਹਫਤਿਆਂ ਬਾਅਦ ਕੇਂਦਰ ਵਿੱਚ ਸਰਕਾਰ ਬਦਲੀ ਤਾਂ ਇੰਦਰਾ ਗਾਂਧੀ ਦੀ ਨਵੀਂ ਸਰਕਾਰ ਦੇ ਲਾਏ ਗਵਰਨਰ ਨੇ ਆ ਕੇ ਅਕਾਲੀ ਆਗੂਆਂ ਦਾ ਮੰਗ-ਪੱਤਰ ਬਾਦਲ ਦੀ ਸਰਕਾਰ ਤੋੜਨ ਲਈ ਬਹਾਨੇ ਵਜੋਂ ਵਰਤਿਆ ਸੀ। ਏਦਾਂ ਕਈ ਹੋਰਨਾਂ ਰਾਜਾਂ ਵਿੱਚ ਵੀ ਹੋ ਚੁੱਕਾ ਹੈ ਤੇ ਇਹੋ ਜਿਹੇ ਪੱਤਰ ਆਪਣੀ ਪਾਰਟੀ ਅੰਦਰ ਸੌ ਰੋਸੇ ਹੋਣ ਦੇ ਬਾਵਜੂਦ ਕੋਈ ਓਦੋ ਹੀ ਦੇਂਦਾ ਹੁੰਦਾ ਹੈ, ਜਦੋਂ ਇਸ ਦੇ ਲਈ ਕਿਸੇ ਦੂਸਰੀ ਧਿਰ ਤੋਂ ਆਸ ਹੋਵੇ। ਇਹ ਆਸ ਇਸ ਵੇਲੇ ਭਾਜਪਾ ਤੋਂ ਹੋ ਸਕਦੀ ਹੈ।
ਭਾਜਪਾ ਤੋਂ ਆਸ ਸਿਰਫ ਬਾਜਵਾ-ਦੂਲੋ ਨੂੰ ਹੀ ਨਹੀਂ ਹੋ ਸਕਦੀ, ਅਕਾਲੀ ਦਲ ਤੋਂ ਵੱਖ ਹੋਏ ਜਿਸ ਸੁਖਦੇਵ ਸਿੰਘ ਢੀਂਡਸਾ ਨਾਲ ਅਕਾਲੀ ਦਲ ਤੋਂ ਨਾਰਾਜ਼ ਲੋਕ ਜੁੜ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਵੀ ਆਸ ਹੈ ਕਿ ਭਾਜਪਾ ਅਗਲੀਆਂ ਚੋਣਾਂ ਦੇ ਵਕਤ ਬਾਦਲ ਬਾਪ-ਬੇਟੇ ਨੂੰ ਲੋਕਾਂ ਨਾਲੋਂ ਕੱਟੇ ਹੋਏ ਸਮਝ ਕੇ ਇਨ੍ਹਾਂ ਨਾਲ ਸਮਝੌਤਾ ਕਰ ਸਕਦੀ ਹੈ। ਭਾਜਪਾ ਦੇ ਆਗੂ ਏਦਾਂ ਦੇ ਸੰਕੇਤ ਦੇਈ ਵੀ ਜਾਂਦੇ ਹਨ ਤੇ ਇਹ ਗੱਲਾਂ ਵੀ ਇਸ ਵਕਤ ਚਰਚਾ ਵਿੱਚ ਹਨ ਕਿ ਭਾਜਪਾ ਪੰਜਾਬ ਦੀ ਰਾਜਨੀਤੀ ਵਿੱਚ ਕਿਸੇ ਵੱਡੇ ਸਿੱਖ ਆਗੂ ਨੂੰ ਅੱਗੇ ਲਾਉਣ ਲਈ ਕਾਂਗਰਸ ਵਿੱਚ ਵੀ ਕੁੰਡੀਆਂ ਪਾ ਰਹੀ ਹੈ ਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਸੰਪਰਕ ਬਣਾ ਰੱਖਿਆ ਹੈ। ਪਿਛਲੇ ਹਫਤੇ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਦੋਂ ਇਹ ਆਖਿਆ ਕਿ ਉਨ੍ਹਾਂ ਦੋਵਾਂ ਨੂੰ ਸਾਰੀ ਸਮੱਸਿਆ ਅਕਾਲੀ ਆਗੂਆਂ ਤੋਂ ਹੈ, ਭਾਜਪਾ ਨਾਲ ਕੋਈ ਸਮੱਸਿਆ ਹੀ ਨਹੀਂ ਤਾਂ ਇਹ ਗੱਲ ਸਹਿਵਨ ਨਹੀਂ ਸੀ ਆਖੀ, ਇਸ ਦੇ ਪਿੱਛੇ ਚੱਲਦੀ ਸਿਆਸਤ ਨੂੰ ਸਮਝਣ ਵਾਲੇ ਸਮਝ ਗਏ ਸਨ। ਹੋਰ ਗੱਲਾਂ ਛੱਡ ਦਿਓ, ਭਾਜਪਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤੱਕ ਵੀ ਪਹੁੰਚ ਕਰ ਰਹੀ ਹੈ, ਜਿਹੜਾ ਬਹੁਤ ਵੱਡਾ ਬੁੱਧੀਜੀਵੀ ਕਿਹਾ ਜਾਂਦਾ ਹੈ, ਪਰ ਪਿਛਲੇ ਕਾਫੀ ਸਮੇਂ ਤੋਂ ਚੁੱਪ ਕਰ ਕੇ ਦਿਨ ਗੁਜ਼ਾਰ ਰਿਹਾ ਹੈ। ਉਹ ਨੇੜਲੇ ਸੱਜਣਾਂ ਤੋਂ ਬਿਨਾਂ ਕਿਸੇ ਦਾ ਫੋਨ ਵੀ ਨਹੀਂ ਚੁੱਕਦਾ ਤੇ ਇੱਕ ਸਾਬਕਾ ਫੌਜੀ ਅਫਸਰ ਦੇ ਰਾਹੀਂ ਉਸ ਨੂੰ ਪਤਿਆਉਣ ਦੀ ਭਾਜਪਾ ਦੀ ਕੋਸ਼ਿਸ਼ ਵੀ ਚਰਚਾ ਵਿੱਚ ਹੈ। ਏਦਾਂ ਕੁਝ ਹੋਰ ਲੋਕ ਵੀ ਏਜੰਡੇ ਉੱਤੇ ਹਨ।
ਜਿਹੜੇ ਲੋਕਾਂ ਨੂੰ ਸ਼ਤਰੰਜ ਦੀ ਖੇਡ ਦਾ ਪਤਾ ਹੈ, ਉਹ ਜਾਣਦੇ ਹਨ ਕਿ ਬਾਕੀ ਦੀਆਂ ਸਾਰੀਆਂ ਗੋਟੀਆਂ ਸਿੱਧੇ ਜਾਂ ਤਿਰਛੇ ਪਾਸੇ ਇੱਕੋ ਸੇਧ ਵਿੱਚ ਅੱਗੇ ਜਾਂ ਪਿੱਛੇ ਹੁੰਦੀਆਂ ਹਨ, ਪਰ ਇਸ ਖੇਡ ਵਿੱਚ ਘੋੜਾ ਜਦੋਂ ਚੱਲਦਾ ਹੈ, ਢਾਈ ਘਰਾਂ ਦਾ ਛੜੱਪਾ ਮਾਰਦਾ ਹੈ। ਉਹ ਢਾਈ ਘਰਾਂ ਵਾਲਾ ਛੜੱਪਾ ਅੱਗੇ, ਪਿੱਛੇ, ਖੱਬੇ ਜਾਂ ਸੱਜੇ ਕਿਸੇ ਪਾਸੇ ਵੀ ਵੱਜ ਸਕਦਾ ਹੈ ਅਤੇ ਭਾਜਪਾ ਇਸ ਵਕਤ ਉਸ ਘੋੜੇ ਵਾਂਗ ਇੱਕੋ ਵਕਤ ਕਈ ਪਾਸੀਂ ਅੱਖਾਂ ਲਾਈ ਬੈਠੀ ਹੈ। ਉਸ ਦਾ ਘੋੜਾ ਕਿਸੇ ਕਾਂਗਰਸੀ ਦੀ ਸਵਾਰੀ ਲਈ ਵੀ ਪੇਸ਼ ਹੋ ਸਕਦਾ ਹੈ, ਕਿਸੇ ਅਕਾਲੀ ਜਾਂ ਭਾਜਪਾ ਵਿੱਚੋਂ ਕੱਢੇ ਹੋਏ ਆਗੂ ਲਈ ਵੀ ਤੇ ਕਿਸੇ ਵੱਡੇ ਅਫਸਰ ਵਾਸਤੇ ਵੀ, ਜਿਹੜਾ ਅਗਲੇ ਦਿਨੀਂ ਰਿਟਾਇਰ ਹੋਣ ਵਾਲਾ ਹੈ। ਇਹ ਸ਼ਤਰੰਜੀ ਘੋੜਾ ਕਿਸੇ ਵੱਡੇ ਦਾਅ ਉੱਤੇ ਹੈ।