ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

17 Aug. 2020

ਬੇਅਦਬੀਆਂ ਕਰਵਾਉਣ ਵਾਲੇ ਪਟਿਆਲੇ ‘ਚ ਧਰਨਾ ਦੇ ਕੇ ਡਰਾਮੇਬਾਜ਼ੀ ਕਰ ਰਹੇ ਹਨ- ਪ੍ਰਮਿੰਦਰ ਢੀਂਡਸਾ
ਨਾਲੇ ਚੋਰ ਨਾਲੇ ਚਤਰ।

ਕਾਂਗਰਸ ਹਾਈ ਕਮਾਂਡ ਨੇ ਬਾਜਵਾ-ਕੈਪਟਨ ਦੀ ਲੜਾਈ ਠੰਢੇ  ਬਸਤੇ ‘ਚ ਪਾਈ- ਇਕ ਖ਼ਬਰ
ਵਾਰਸ ਸ਼ਾਹ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਇਕੋ ਹਾਣ ਦੇ ਨੇ।

ਸਮਾਰਟ ਫੋਨ ਖ਼ਰੀਦਣ ਲਈ ਸਰਕਾਰ ਦੀ ਅੱਖ ਆਫ਼ਤ ਰਾਹਤ ਫੰਡ ‘ਤੇ- ਇਕ ਖ਼ਬਰ
ਛੰਨਾ ਵੇਚ ‘ਤਾ, ਕੌਲੀ ਵੇਚ ‘ਤੀ, ਵੇਚਣ ਨੂੰ ਫਿਰਦੈ ਗੜਵੀ ਨੀਂ ਮਰ ਜਾਣਾ ਅਮਲੀ।

ਹਰਿਆਣਾ ਕਮੇਟੀ ਦਾ ਪ੍ਰਧਾਨ ਬਣਨ ‘ਤੇ ਦਾਦੂਵਾਲ ਨੂੰ ਵਧਾਈਆਂ ਦਾ ਸਿਲਸਿਲਾ ਜਾਰੀ- ਇਕ ਖ਼ਬਰ
ਸਿੱਖ ਕੌਮ ਪ੍ਰਧਾਨਾਂ ਨੂੰ ਹਾਥੀ ‘ਤੇ ਬਿਠਾ ਕੇ ਲਿਆਉਂਦੀ ਹੁੰਦੀ ਆ ਤੇ ਖੋਤੇ ‘ਤੇ ਬਿਠਾ ਕੇ ਘਰ ਭੇਜਦੀ ਹੁੰਦੀ ਆ।

ਵਿਆਹ ਕਿਸੇ ਦਾ ਤੇ ਰਗੜੇ ਗਏ ਗਵਾਹ ਤੇ ਗ੍ਰੰਥੀ- ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲੀ ਕੰਧ ਟੱਪ ਕੇ।

ਕੈਪਟਨ ਅਕਾਲੀ ਦਲ ਨੂੰ ਵਿਰੋਧੀ ਧਿਰ ਵਜੋਂ ਪੇਸ਼ ਕਰਨ ਦੇ ਯਤਨਾਂ ‘ਚ- ਭਗਵੰਤ ਮਾਨ
ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।   

ਸਰਕਾਰ ਸੌਖੇ ਦਿਨਾਂ ਦਾ ਵਸੀਲਾ ਬਣੇ, ਬੇਸ਼ੱਕ ਸਮਾਰਟ ਫੋਨ ਲੈ ਲਵੇ- ਇਕ ਦੁਖੀ ਮਾਂ
ਮਾਤਾ ਜੀ, ਤੁਹਾਡੇ ਦੁੱਖਾਂ ਨਾਲ ਇਹਨਾਂ ਨੂੰ ਕੋਈ ਸਰੋਕਾਰ ਨਹੀਂ, ਵੋਟਾਂ ਤਾਈਂ ਮਤਲਬ ਹੈ।

ਲਾਇਬ੍ਰੇਰੀ ਦਿਵਸ ਮੌਕੇ ਵੀ ਸਰਕਾਰ ਨੇ ਲਾਇਬ੍ਰੇਰੀਆਂ ਦੀ ਸਾਰ ਨਹੀਂ ਲਈ- ਇਕ ਖ਼ਬਰ
ਪੰਜਾਬ ਸਾਰਾ ਹੀ ਨਸ਼ੇੜੀ ਕਰ ਦੇਣਾ, ਪੜ੍ਹਾਕੂਆਂ ਦੀ ਲੋੜ ਕੋਈ ਨਾ।

ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਖੁਰਦ ਬੁਰਦ ਹੋਣ ਬਾਰੇ ਦਿੱਲੀ ਕਮੇਟੀ ਚੁੱਪ ਕਿਉਂ?- ਜਸਮੀਤ ਸਿੰਘ ਪੀਤਮਪੁਰਾ
ਹਿਜ਼ ਮਾਸਟਰਜ਼ ਵਾਇਸ।

ਪੰਦਰਾਂ ਲੱਖ ਰੁਪਏ ਦੇ ਸਮਾਰਟ ਫੋਨ ਵੰਡਣ ’ਤੇ ਸਰਕਾਰ ਦਾ 25 ਲੱਖ ਰੁਪਇਆ ਖਰਚ ਆਵੇਗਾ- ਇਕ ਖ਼ਬਰ
ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ।

ਜਾਖੜ ਦਾ ਡੇਰਾ ਨਵੀਂ ਦਿੱਲੀ ‘ਚ, ਬਾਜਵਾ ਵੀ ਜਲਦੀ ਹੀ ਪਹੁੰਚ ਰਿਹੈ- ਇਕ ਖ਼ਬਰ
ਤੇਰੇ ਦੁਆਰ ਖੜ੍ਹੇ ਹਮ ਜੋਗੀ, ਮਈਆ ਮਿਹਰ ਕੀ ਨਜ਼ਰ ਕਬ ਹੋਗੀ।

ਦਿੱਲੀ ‘ਚ ਕਰਵਾਏ ਵਿਕਾਸ ਕਾਰਜਾਂ ਦੇ ਸਿਰ ‘ਤੇ ‘ਆਪ’ ਪਾਰਟੀ ਪੰਜਾਬ ‘ਚ ਚੋਣਾਂ ਲੜੇਗੀ- ਬੌਬੀ ਅਟਵਾਲ
ਨੱਚਾਂ ਮੈਂ ਪਟਿਆਲੇ, ਮੇਰੀ ਧਮਕ ਜਲੰਧਰ ਪੈਂਦੀ।

ਬਿਜਲੀ ਚੋਰੀ ‘ਚ ਬਾਦਲ ਦਾ ਹਲਕਾ ਲੰਬੀ ਮੋਹਰੀ ਪਿੰਡ ਬਾਦਲ ਇਲਾਕੇ ‘ਚੋਂ ਮੋਹਰੀ- ਇਕ ਖ਼ਬਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਪੰਜਾਬ ‘ਚ ਵਧ ਰਹੇ ਕਰੋਨਾ ਕੇਸਾਂ ਕਰ ਕੇ ਕੈਪਟਨ ਨੇ ਮੋਦੀ ਤੋਂ ਫ਼ਰਾਖ਼ਦਿਲੀ ਵਾਲਾ ਵਿਤੀ ਪੈਕੇਜ ਮੰਗਿਆ- ਇਕ ਖ਼ਬਰ
ਮੈਨੂੰ ਸੋਨੇ ਦਾ ਤਵੀਤ ਕਰਾ ਦੇ, ਚਾਂਦੀ ਦਾ ਕੀ ਭਾਰ ਚੁੱਕਣਾ।

ਮੇਰੀ ਕੋਈ ਮੰਗ ਨਹੀਂ, ਮੈਂ ਬਿਨਾਂ ਸ਼ਰਤ ਵਾਪਸ ਆਇਆ ਹਾਂ- ਸਚਿਨ ਪਾਇਲਟ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਜਿਹਲ ‘ਚ ਬੰਦ ਆਸਾ ਰਾਮ ਨੂੰ ਬਾਹਰੋਂ ਖਾਣਾ ਮੰਗਵਾਉਣ ਦੀ ਇਜਾਜ਼ਤ- ਇਕ ਖ਼ਬਰ
ਜੇ ਅੱਤਵਾਦੀ ਕਸਾਬ ਨੂੰ ਜਿਹਲ ‘ਚ ਬਰਿਆਨੀ ਦਿਤੀ ਜਾ ਸਕਦੀ ਐ, ਆਸਾ ਰਾਮ ਤਾਂ ਫੇਰ ਵੀ ਏਹਨਾਂ ਦਾ ‘ਬਾਪੂ’ ਐ।