ਸੇਵਾ - ਨਿਰਮਲ ਸਿੰਘ ਕੰਧਾਲਵੀ

ਕੰਮ ਤੋਂ ਵਾਪਸ ਆਉਂਦਿਆਂ ਬਲਬੀਰ ਨੇ ਸੋਚਿਆ ਕਿ ਕਿਉਂ ਨਾ ਟਰੈਵਲ ਏਜੰਟ ਦੇ ਦਫ਼ਤਰੋਂ ਟਿਕਟ ਵੀ ਲੈਂਦਾ ਜਾਵੇ। ਅਚਾਨਕ ਹੀ ਉਹਦਾ ਪੰਜਾਬ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ। ਟਰੈਵਲ ਏਜੰਟ ਦੇ ਦਫ਼ਤਰ ਵਿਚ ਇਕ ਤੀਹ ਬੱਤੀ ਸਾਲ ਦਾ ਨੌਜਵਾਨ ਬੈਠਾ ਸੀ। ਟਰੈਵਲ ਏਜੰਟ, ਜੋ ਕਿ ਬਲਬੀਰ ਦਾ ਬਹੁਤ ਚੰਗੀ ਤਰ੍ਹਾਂ ਜਾਣੂੰ ਸੀ, ਉਹਨੂੰ ਕਹਿਣ ਲੱਗਾ, “ ਭਾ ਜੀ, ਇਹ ਸਰਦਾਰ ਗੁਰਮੀਤ ਸਿੰਘ ਜੀ ਹਨ, ਆਪਣੇ ਮਿੱਤਰ ਹਨ, ਇਹਨਾਂ ਦੇ ਬਾਬਾ ਜੀ ਦੀ ਪੈਨਸ਼ਨ ਦਾ ਕੋਈ ਚੱਕਰ ਪਿਆ ਹੋਇਆ ਹੈ, ਮਹਿਕਮੇ ਵਾਲ਼ੇ ਬਰਥ ਸਰਟੀਫ਼ੀਕੇਟ ਮੰਗਦੇ ਹਨ। ਇਹਨਾਂ ਕੋਲ ਸਰਟੀਫ਼ੀਕੇਟ ਕੋਈ ਨਹੀਂ ਤੇ ਬਾਬਾ ਜੀ ਦਾ ਜਨਮ ਵੀ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਲਾਇਲਪੁਰ ਦਾ ਹੈ। ਤੁਸੀਂ ਜੇ ਪੰਜਾਬ ਤੋਂ ਇਹਨਾਂ ਦੇ ਬਾਬਾ ਜੀ ਦੇ ਨਾਮ ਦਾ ਬਰਥ ਸਰਟੀਫ਼ੀਕੇਟ ਬਣਾ ਲਿਆਵੋਂ ਤਾਂ ਬੜੀ ਮਿਹਰਬਾਨੀ ਹੋਵੇਗੀ। ਇਹ ਏਥੇ ਯੂ.ਕੇ. ਦੇ ਹੀ ਜੰਮੇ ਪਲ਼ੇ ਹਨ, ਇਹਨੀਂ ਤਾਂ ਪੰਜਾਬ ਦਾ ਮੂੰਹ ਵੀ ਨਹੀਂ ਦੇਖਿਆ। ਉੱਥੇ ਸਰਟੀਫ਼ੀਕੇਟ ਬਣ ਜਾਂਦੇ ਆ, ਪੈਸਿਆਂ ਦੀ ਚਿੰਤਾ ਨਾ ਕਰਿਉ, ਜਿੰਨੇ ਲੱਗੇ ਲਗਾ ਆਇਉ ਮੈਂ ਆਪ ਜੀ ਨੂੰ ਦੇ ਦੇਵਾਂਗਾ।”
“ਕੋਈ ਗੱਲ ਨਹੀਂ ਭਾ ਜੀ, ਤੁਸੀਂ ਪੂਰਾ ਵੇਰਵਾ ਲਿਖ ਦਿਉ, ਮੈਂ ਪੂਰੀ ਕੋਸ਼ਿਸ਼ ਕਰਾਂਗਾ,” ਬਲਬੀਰ ਨੇ ਬੜੀ ਅਪਣੱਤ ਨਾਲ਼ ਕਿਹਾ।      
ਗੁਰਮੀਤ ਸਿੰਘ ਨੇ ਇਕ ਕਾਗਜ਼ ਉਪਰ ਸਾਰਾ ਵੇਰਵਾ ਲਿਖ ਕੇ ਜਦੋਂ ਬਲਬੀਰ ਨੂੰ ਫੜਾਇਆ ਤਾਂ ਨਾਲ ਹੀ ਪੰਜਾਹ ਪੌਂਡ ਦਾ ਇਕ ਨੋਟ ਵੀ ਬਲਬੀਰ ਵਲ ਵਧਾਇਆ। ਬਲਬੀਰ ਨੇ ਨੋਟ ਗੁਰਮੀਤ ਨੂੰ ਵਾਪਸ ਕਰਦਿਆਂ ਕਿਹਾ, “ ਭਾ ਜੀ ਪੈਸੇ ਕਿਤੇ ਭੱਜੇ ਨਹੀਂ ਜਾਂਦੇ, ਜਿੰਨੇ ਲੱਗਣਗੇ ਮੈਂ ਵਾਪਸ ਆ ਕੇ ਲੈ ਲਵਾਂਗਾ,” ਤੇ ਉਸ ਨੇ ਮੱਲੋ-ਮੱਲੀ ਗੁਰਮੀਤ ਦੀ ਜੇਬ ਵਿਚ ਨੋਟ ਪਾ ਦਿਤਾ। 
ਪਿੰਡ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਬਲਬੀਰ ਆਪਣੇ ਨੇੜਲੇ ਸ਼ਹਿਰ ਦੀ ਮਿਉਂਸੀਪਲ ਕਮੇਟੀ ਦੇ ਦਫ਼ਤਰ ਜਾ ਪਹੁੰਚਾ ਤੇ ਨੇਮ-ਪਲੇਟਾਂ ਪੜ੍ਹਦਾ ਪੜ੍ਹਦਾ ਰਜਿਸਟਰਾਰ ਦੇ ਕਮਰੇ ‘ਚ ਪਹੁੰਚ ਗਿਆ। ਬਲਬੀਰ ਨੂੰ ਅਚਾਨਕ ਹੀ ਅੰਦਰ ਆਇਆ ਦੇਖ ਕੇ ਇਕ ਬਾਬੂ ਨੇ ਅੱਭੜਵਾਹੇ ਜਿਹੇ ਪੁੱਛਿਆ, “ ਹਾਂ ਜੀ, ਸਰਦਾਰ ਜੀ ਦੱਸੋ, ਕੀ ਕੰਮ ਐ?”
     “ ਬਾਬੂ ਜੀ, ਸਾਡੇ ਇਕ ਬਜ਼ੁਰਗ਼ ਲਾਇਲਪੁਰ, ਪਾਕਿਸਤਾਨ ‘ਚ................” ਬਲਬੀਰ ਨੇ ਅਜੇ ਫ਼ਿਕਰਾ ਵੀ ਪੂਰਾ ਨਹੀਂ ਸੀ ਕੀਤਾ ਕਿ ਬਾਬੂ ਚਹਿਕਦਾ ਹੋਇਆ ਬੋਲਿਆ, “ ਤੁਹਾਨੂੰ ਬਰਥ ਸਰਟੀਫ਼ੀਕੇਟ ਚਾਹੀਦੈ ਜੀ, ਮਿਲ ਜਾਏਗਾ, ਤੁਸੀਂ ਤਾਂ ਲਾਇਲਪੁਰ ਦੀ ਗੱਲ ਕਰਦੇ ਹੋ, ਬਜ਼ੁਰਗ਼ ਭਾਵੇਂ ਨਾ ਵੀ ਜੰਮਿਆਂ ਹੋਵੇ ਤਾਂ ਵੀ ਮਿਲ ਜਾਏਗਾ। ਪੂਰਾ ਇਕ ਹਜ਼ਾਰ ਰੁਪੱਈਆ ਲੱਗੂ। ਐਥੇ ਕਾਗਜ਼ ‘ਤੇ ਸਾਰੀ ਡੀਟੇਲ ਲਿਖ ਦਿਉ ਜੀ। ਤੁਸੀਂ ਠੰਡਾ-ਸ਼ੰਡਾ ਪੀ ਆਉ ਬਾਜ਼ਾਰੋਂ ਤੇ ਅੱਧੇ ਘੰਟੇ ਬਾਅਦ ਸਰਟੀਫੀਕੇਟ ਲੈ ਲਈਉ ਆ ਕੇ।”
ਬਲਬੀਰ ਨੇ ਪੰਜ ਪੰਜ ਸੌ ਦੇ ਦੋ ਨੋਟ ਬਾਬੂ ਨੂੰ ਫੜਾਏ ਤੇ ਬਾਜ਼ਾਰ ਦਾ ਗੇੜਾ ਮਾਰਨ ਚਲਾ ਗਿਆ।
ਜਦ ਉਹ ਅੱਧੇ ਕੁ ਘੰਟੇ ਬਾਅਦ ਵਾਪਸ ਆਇਆ ਤਾਂ ਬਾਬੂ ਨੇ ਸਰਟੀਫ਼ੀਕੇਟ ਤਿਆਰ ਕਰ ਕੇ ਲਿਫ਼ਾਫ਼ੇ ‘ਚ ਪਾਇਆ ਹੋਇਆ ਸੀ। ਬਲਬੀਰ ਜਦੋਂ ਲਿਫ਼ਾਫ਼ਾ ਲੈ ਕੇ ਤੁਰਨ ਲੱਗਾ ਤਾਂ ਬਾਬੂ ਬੋਲਿਆ, “ ਸਰਦਾਰ ਜੀ, ਇਕ ਵਾਰੀ ਸਰਟੀਫ਼ੀਕੇਟ ਚੈੱਕ ਕਰ ਲਉ, ਕਈ ਵਾਰੀ ਕੋਈ ਸਪੈਲਿੰਗ ਆਦਿ ਦੀ ਮਿਸਟੇਕ ਹੋ ਜਾਂਦੀ ਐ, ਅਸੀਂ ਉਲਾਂਭੇ ਵਾਲਾ ਕੰਮ ਨਹੀਂ ਕਰਦੇ।”
ਬਲਬੀਰ ਨੇ ਕਾਗਜ਼ ‘ਤੇ ਲਿਖਿਆ ਹੋਇਆ ਵੇਰਵਾ ਸਰਟੀਫ਼ੀਕੇਟ ਨਾਲ ਮਿਲਾਇਆ, ਸਭ ਕੁਝ ਠੀਕ ਸੀ।
ਲਿਫ਼ਾਫ਼ਾ ਜੇਬ ‘ਚ ਪਾ ਕੇ ਜਦੋਂ ਉਹ ਦਫ਼ਤਰ ‘ਚੋਂ ਬਾਹਰ ਨਿਕਲਣ ਲੱਗਾ ਤਾਂ ਅਚਾਨਕ ਹੀ ਉਹਦੇ ਮੂੰਹ ‘ਚੋਂ ਹੌਲੀ ਜਿਹੀ ਨਿਕਲ ਗਿਆ, “ ਮੇਰਾ ਭਾਰਤ ਮਹਾਨ ”                     
“ ਸਰਦਾਰ ਜੀ, ਮੈਨੂੰ ਕਿਹੈ ਕੁਛ,” ਬਾਬੂ ਨੇ ਉਹਦੇ ਵਲ ਟੀਰਾ ਜਿਹਾ ਝਾਕਦਿਆਂ ਪੁੱਛਿਆ।
“ ਤੁਹਾਡਾ ਧੰਨਵਾਦ ਕਰਨ ਦਾ ਤਾਂ ਮੈਨੂੰ ਚੇਤਾ ਹੀ ਨਹੀਂ ਰਿਹਾ।”
“ ਕੋਈ ਗੱਲ ਨਹੀਂ ਜੀ, ਅਸੀਂ ਤਾਂ ਜੰਤਾ ਦੀ ਸੇਵਾ ਲਈ ਬੈਠੇ ਆਂ ,” ਕਹਿ ਕੇ ਬਾਬੂ ਆਪਣੀ ਸੀਟ ‘ਤੇ ਜਾ ਬੈਠਾ ਤੇ ਬਲਬੀਰ ਸਾਰੇ ਰਾਹ ‘ ਸੇਵਾ ’ ਦੇ ਅਰਥ ਲੱਭਦਾ ਰਿਹਾ।