ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਓੜਕ ਦੇ ਭ੍ਰਿਸ਼ਟਾਚਾਰ ਦੀ ਭੜਾਸ ਦੇ ਭਬਾਕੇ ਨਿਕਲਣੇ ਸ਼ੁਰੂ - ਜਤਿੰਦਰ ਪਨੂੰ

ਉਹ ਵੀ ਸਮਾਂ ਸੀ, ਜਦੋਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਅੰਗਰੇਜ਼ਾਂ ਦੇ ਮਹੰਤਾਂ ਨਾਲ ਸਿੱਧੀ ਟੱਕਰ ਵਿੱਚ ਜਾਨਾਂ ਵਾਰੀਆਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਚਲਾਉਣ ਦਾ ਹੱਕ ਜਿੱਤਿਆ ਸੀ। ਸੰਘਰਸ਼ ਦੀ ਅਗਵਾਈ ਓਦੋਂ ਕਥਾ-ਕੀਰਤਨ ਕਰਨ ਵਾਲੇ ਰਿਵਾਇਤੀ ਸਿੱਖ ਸੰਤਾਂ ਨੇ ਨਹੀਂ ਸੀ ਕੀਤੀ, ਉਹ ਤਾਂ ਮਰਿਆਦਾ ਉੱਪਰ ਪਹਿਰਾ ਦੇਣਾ ਵੀ ਭੁੱਲ ਕੇ ਅੰਗਰੇਜ਼ਾਂ ਦੀ ਖੁਸ਼ੀ ਖਾਤਰ ਅਵੱਗਿਆ ਹੁੰਦੀ ਵੇਖ ਕੇ ਅੱਖਾਂ ਮੀਟ ਲੈਂਦੇ ਰਹੇ ਸਨ। ਕੁਰਬਾਨੀਆਂ ਕਰਨ ਵਾਲੇ ਹੋਰ ਸਨ ਅਤੇ ਸਮਾਂ ਪਾ ਕੇ ਕੁਰਬਾਨੀਆਂ ਦਾ ਲਾਹਾ ਲੈਣ ਵਾਲੇ ਲੋਕ ਅੱਗੇ ਆ ਗਏ ਹਨ। ਮੁੱਢਲੇ ਦਿਨਾਂ ਵਿੱਚ ਗੁਰੂ ਘਰਾਂ ਲਈ ਗਦਰ ਪਾਰਟੀ ਵਾਲੇ ਬਾਬਿਆਂ ਨੂੰ ਸਿੱਖ ਸੰਗਤ ਆਪ ਅੱਗੇ ਲਾਉਂਦੀ ਸੀ। ਜਦੋਂ ਉਹ ਆਜ਼ਾਦੀ ਲੈਣ ਲਈ ਜੇਲ੍ਹਾਂ ਵਿੱਚ ਚਲੇ ਗਏ ਤਾਂ ਹੌਲੀ-ਹੌਲੀ ਪ੍ਰਬੰਧ ਉਨ੍ਹਾਂ ਦੇ ਹੱਥੀਂ ਆਉਣ ਲੱਗ ਪਿਆ ਸੀ, ਜਿਨ੍ਹਾਂ ਦਾ ਗੋਲਕਾਂ ਵੱਲ ਮੂੰਹ ਅਤੇ ਗੁਰੂ ਵੱਲ ਪਿੱਠ ਹੁੰਦੀ ਸੀ। ਉਨ੍ਹਾਂ ਨੇ ਕੀਤੀ-ਕੱਤਰੀ ਨੂੰ ਸਿਆਸਤ ਦੀ ਭੇਟ ਚਾੜ੍ਹ ਛੱਡਿਆ। ਗੋਲਕਾਂ ਦਾ ਚੜ੍ਹਾਵਾ ਰਾਜਸੀ ਚੋਣਾਂ ਲਈ ਵਰਤਣ ਵਾਲਿਆਂ ਨੇ ਚਿਤਾਵਨੀਆਂ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ ਤੇ ਇਸ ਦਾ ਨਤੀਜਾ ਜਿਹੜਾ ਨਿਕਲਣਾ ਸੀ, ਉਹ ਆਖਰ ਨੂੰ ਲੋਕਾਂ ਸਾਹਮਣੇ ਆ ਗਿਆ ਹੈ। ਸ਼੍ਰੋਮਣੀ ਕਮੇਟੀ ਭ੍ਰਿਸ਼ਟਾਚਾਰ ਦਾ ਅੱਡਾ ਸਾਬਤ ਹੋਈ ਪਈ ਹੈ।
ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੱਦਾਂ ਤੋਂ ਬਾਹਰਾ ਭ੍ਰਿਸ਼ਟਾਚਾਰ ਫੈਲਦਾ ਜਾਂਦਾ ਹੈ, ਉਹ ਇੱਕ ਦਿਨ ਖੁਦ ਹੀ ਭੜਾਸ ਦੇ ਭਬਾਕੇ ਨਾਲ ਬਾਹਰ ਆ ਜਾਵੇਗਾ। ਘਟਨਾਵਾਂ ਦੀ ਤੋਰ ਨੇ ਇਹੋ ਗੱਲ ਸਾਬਤ ਕੀਤੀ ਹੈ। ਸ਼ੁਰੂਆਤ ਤਾਂ ਪੰਜ ਸਿੰਘ ਸਾਹਿਬਾਨ, ਜਿਹੜੇ ਕੋਈ ਪੱਧਰ ਕਾਇਮ ਰੱਖੇ ਬਿਨਾ ਸੱਦੇ ਅਤੇ ਬਿਠਾਏ ਜਾਂਦੇ ਹਨ, ਦੀ ਮੀਟਿੰਗ ਨਾਲ ਹੋਈ। ਇਸ ਵਿੱਚ ਸਿੱਖ ਕਥਾ ਵਾਚਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮੁੱਦਾ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ, ਹਾਲਾਂਕਿ ਉਸ ਦੇ ਖਿਲਾਫ ਰੌਲਾ ਕੁਝ ਲੋਕ ਨਿੱਜੀ ਕਿੜਾਂ ਕਾਰਨ ਹੀ ਪਾਉਂਦੇ ਸਨ, ਅਸਲ ਵਿੱਚ ਮੁੱਦਾ ਹੀ ਨਹੀਂ ਸੀ। ਫਿਰ ਇਸ ਮੀਟਿੰਗ ਵਿੱਚ ਹੋਰ ਮੁੱਦੇ ਛੱਡ ਕੇ ਪਹਿਲਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਜਾਂ ਗਾਇਬ ਕੀਤੇ ਗਏ ਸਰੂਪਾਂ ਦਾ ਛੋਹ ਲਿਆ ਤਾਂ ਉਸੇ ਨੇ ਲੀਰਾਂ ਦਾ ਖਿੱਦੋ ਖਿਲਾਰ ਦਿੱਤਾ। ਪਹਿਲੀ ਵਾਰ ਇਹ ਗੱਲ ਓਥੇ ਮੰਨਣੀ ਪਈ ਕਿ ਗੁਰੂ ਘਰ ਦੀ ਪ੍ਰਿੰਟਿੰਗ ਪ੍ਰੈੱਸ ਵਿੱਚ ਮੰਗ ਜੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਣ ਦੇ ਵਕਤ ਬਹੁਤ ਸਾਰੇ ਪੇਜ ਵਾਧੂ ਛਾਪ ਕੇ ਬਾਹਰੋ-ਬਾਹਰ ਉਨ੍ਹਾਂ ਦੀਆਂ ਜਿਲਦਾਂ ਬੰਨ੍ਹ ਕੇ ਕਮਾਈ ਹੋ ਰਹੀ ਸੀ। ਸਾਰਾ ਜਿੰਮਾ ਇਸ ਕੰਮ ਨਾਲ ਜੁੜੇ ਹੋਏ ਦੋ-ਚਾਰ ਬੰਦਿਆਂ ਸਿਰ ਸੁੱਟ ਕੇ ਲੀਡਰਸ਼ਿਪ, ਅਤੇ ਖਾਸ ਤੌਰ ਉੱਤੇ ਪਬਲੀਕੇਸ਼ਨ ਦਾ ਸਭ ਤੋਂ ਵੱਧ ਸਮਾਂ ਇੰਚਾਰਜ ਰਹੇ ਸਾਬਕਾ ਚੀਫ ਸੈਕਟਰੀ ਨੂੰ ਸਿਰਫ ਅਸਤੀਫਾ ਪ੍ਰਵਾਨ ਕਰ ਕੇ ਛੱਡ ਦਿੱਤਾ ਹੈ। ਜਿਹੜੇ ਲੋਕਾਂ ਦੇ ਸਿਰ ਬੋਝ ਪਾਇਆ ਗਿਆ ਹੈ, ਉਹ ਮੂੰਹ ਪਾੜ-ਪਾੜ ਦੱਸੀ ਜਾਂਦੇ ਹਨ ਕਿ ਇਨ੍ਹਾਂ ਬੀੜਾਂ ਦੀ ਕਮਾਈ ਵਿੱਚੋਂ ਫਲਾਣੇ ਆਗੂ ਅਤੇ ਫਲਾਣੇ ਅਧਿਕਾਰੀ ਨੂੰ ਹਿੱਸਾ ਮਿਲਦਾ ਸੀ। ਇਸ ਤਰ੍ਹਾਂ ਜੇ ਸ਼੍ਰੋਮਣੀ ਕਮੇਟੀ ਇਹ ਸੋਚਦੀ ਹੋਵੇ ਕਿ ਚਾਰ ਬੰਦੇ ਅੱਗੇ ਕਰ ਕੇ ਬਾਕੀਆਂ ਨੂੰ ਬਚਾ ਲਿਆ ਜਾਵੇਗਾ ਤਾਂ ਇਹ ਕੋਸ਼ਿਸ਼ ਕਈ ਵੱਡਿਆਂ ਦੇ ਅਹੁਦਿਆਂ ਤੱਕ ਵੀ ਪਹੁੰਚ ਸਕਦੀ ਹੈ।
ਸ਼੍ਰੋਮਣੀ ਕਮੇਟੀ ਨੇ ਇਸ ਵਾਰੀ ਫੈਸਲਾ ਲੈਣ ਸਮੇਂ ਜਿਹੜੀ ਇੱਕੋ ਵੱਡੀ ਗੱਲ ਕੀਤੀ, ਉਹ ਇਹ ਸੀ ਕਿ ਕਮੇਟੀ ਦੇ ਸਾਰੇ ਵਹੀ-ਖਾਤਿਆਂ ਦਾ ਆਡਿਟ ਕਰਨ ਵਾਲੀ ਕੋਹਲੀ ਕੰਪਨੀ ਨੂੰ ਅੱਗੋਂ ਲਈ ਲਾਂਭੇ ਕਰ ਦਿੱਤਾ ਹੈ। ਕਰੋੜਾਂ ਦੀ ਕਮਾਈ ਇਸ ਕੰਪਨੀ ਨੂੰ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ ਹੁੰਦੀ ਰਹੀ ਹੈ ਤੇ ਓਦੋਂ ਇਸ ਦੇ ਖਿਲਾਫ ਰੌਲਾ ਪੈਂਦਾ ਵੀ ਗੌਲਿਆ ਨਹੀਂ ਸੀ ਜਾਂਦਾ, ਕਿਉਂਕਿ ਇਸ ਕੰਪਨੀ ਦੇ ਮਾਲਕ ਅਕਾਲੀ ਰਾਜਨੀਤੀ ਦੇ ਵੱਡੇ ਘਰ ਨਾਲ ਜੁੜੇ ਹੋਏ ਸਨ। ਨੇੜਿਉਂ ਜਾਨਣ ਦਾ ਦਾਅਵਾ ਕਰਨ ਵਾਲੇ ਲੋਕ ਇਹ ਕਹਿ ਰਹੇ ਹਨ ਕਿ ਇਸ ਕੰਪਨੀ ਨਾਲੋਂ ਵੱਧ ਲਿਹਾਜੂ ਲੱਭੀ ਕੰਪਨੀ ਨੂੰ ਇਹੋ ਕੰਮ ਸੌਂਪਣ ਲਈ ਸਾਰਾ ਡਰਾਮਾ ਕੀਤਾ ਗਿਆ ਹੈ। ਇਸ ਦੀ ਅਸਲੀਅਤ ਵੀ ਅਗਲੇ ਦਿਨਾਂ ਵਿੱਚ ਸਾਹਮਣੇ ਆ ਜਾਵੇਗੀ।
ਜਿਹੜੀ ਗੱਲ ਅਜੇ ਲੋਕਾਂ ਤੱਕ ਨਹੀਂ ਪਹੁੰਚੀ, ਉਹ ਇਹ ਹੈ ਕਿ ਕੁਰਬਾਨੀਆਂ ਨਾਲ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛੁਡਾਉਣ ਪਿੱਛੋਂ ਬਣਾਈ ਗਈ ਇਸ ਸ਼੍ਰੋਮਣੀ ਕਮੇਟੀ ਵਿੱਚ ਭ੍ਰਿਸ਼ਟਾਚਾਰ ਹਰ ਪੱਧਰ ਉੱਤੇ ਹੁੰਦਾ ਹੈ। ਪਿਛਲੇ ਦਿਨੀਂ ਜਦੋਂ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਲੱਗਾ ਪਿਆ ਸੀ, ਸੰਗਤ ਗੁਰਦੁਆਰਿਆਂ ਵਿੱਚ ਜਾ ਨਹੀਂ ਸੀ ਸਕਦੀ, ਓਦੋਂ ਖਾਲਸੇ ਦੇ ਜਨਮ ਅਸਥਾਨ ਤਖਤ ਕੇਸਗੜ੍ਹ ਸਾਹਿਬ ਦੇ ਲੰਗਰ ਵਿੱਚ ਲੱਖਾਂ ਰੁਪਏ ਦੀ ਤਾਜ਼ਾ ਸਬਜ਼ੀ ਖਰੀਦੀ ਅਤੇ ਸੰਗਤ ਦੇ ਓਥੇ ਆਉਣ ਤੋਂ ਬਿਨਾਂ ਹੀ ਸੰਗਤ ਨੂੰ ਵਰਤਾਈ ਜਾਂਦੀ ਦਿਖਾਈ ਗਈ ਸੀ। ਰੌਲਾ ਪੈਣ ਮਗਰੋਂ ਛੋਟੇ ਬੰਦੇ ਦਾਅ ਉੱਤੇ ਲਾ ਕੇ ਵੱਡੀਆਂ ਪ੍ਰਬੰਧਕੀ ਤੋਪਾਂ ਅਤੇ ਧਾਰਮਿਕ ਪਦਵੀਆਂ ਦੇ ਮਾਲਕਾਂ ਨੂੰ ਬਚਾ ਲਿਆ ਸੀ। ਇਸ ਤੋਂ ਪਹਿਲਾਂ ਕੋਰੋਨਾ ਦੇ ਦੌਰ ਵਿੱਚ ਹੀ ਇਹ ਰੌਲਾ ਵੀ ਪਿਆ ਸੀ ਕਿ ਦਰਬਾਰ ਸਾਹਿਬ ਦੇ ਲੰਗਰ ਲਈ ਅਸਲੀ ਲੱਕੜਾਂ ਦੀ ਥਾਂ ਫਰ੍ਹੇ ਵਾਲੀਆਂ ਫੱਟੀਆਂ ਖਰੀਦਣ ਨਾਲ ਘਪਲਾ ਕੀਤਾ ਗਿਆ ਹੈ। ਓਦੋਂ ਪਹਿਲਾਂ ਲੰਗਰ ਵਿੱਚ ਆਉਂਦੇ ਘਿਓ ਅਤੇ ਬਹੁਤ ਸਾਰੀਆਂ ਹੋਰ ਵਸਤਾਂ ਦੀ ਖਰੀਦ ਦਾ ਵੀ ਘਪਲਾ ਨਿਕਲਿਆ ਸੀ। ਇੱਕ ਵਾਰੀ ਸ੍ਰੀ ਹਰਮੰਦਰ ਸਾਹਿਬ ਆਉਂਦੇ ਲੋਕਾਂ ਵੱਲੋਂ ਸ਼ਰਧਾ ਨਾਲ ਚੜ੍ਹਾਏ ਪ੍ਰਸ਼ਾਦਿ ਦੀਆਂ ਜਾਅਲੀ ਪਰਚੀਆਂ ਦਾ ਰੌਲਾ ਪਿਆ ਤਾਂ ਪਤਾ ਲੱਗਾ ਕਿ ਅਸਲ ਪਰਚੀਆਂ ਘੱਟ ਤੇ ਜਾਅਲੀ ਬਹੁਤ ਵੱਧ ਛਾਪ ਕੇ ਬਾਹਰ ਦੇ ਬਾਹਰ ਪੈਸੇ ਕਈ ਥਾਂਈਂ ਵੰਡੇ ਜਾਂਦੇ ਹਨ। ਇਹ ਮਾਮਲਾ ਵੀ ਉੱਛਲਿਆ ਸੀ ਕਿ ਸ੍ਰੀ ਹਰਮੰਦਰ ਸਾਹਿਬ ਅੰਦਰ ਚੜ੍ਹਦੇ ਚੰਦੋਏ ਬਾਅਦ ਵਿੱਚ ਉਨ੍ਹਾਂ ਹੀ ਦੁਕਾਨਾਂ ਨੂੰ ਪੁਚਾਏ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਡਰਾਈ ਕਲੀਨਿੰਗ ਦੇ ਬਾਅਦ ਦੋ-ਦੋ ਲੱਖ ਰੁਪਏ ਵਿੱਚ ਉਹੋ ਚੰਦੋਏ ਸ਼ਰਧਾਲੂਆਂ ਨੂੰ ਫਿਰ ਵੇਚ ਕੇ ਏਥੇ ਦਰਬਾਰ ਸਾਹਿਬ ਚੜ੍ਹਾਏ ਜਾਂਦੇ ਹਨ ਤੇ ਇੱਕ-ਇੱਕ ਚੰਦੋਆ ਕਈ ਵਾਰੀ ਵਿਕਦਾ ਹੈ। ਚੰਦੋਏ ਵੇਚਣ ਦਾ ਧੰਦਾ ਕਰਦੇ ਲੋਕਾਂ ਨਾਲ ਹਿੱਸਾ-ਪੱਤੀ ਅਗੇਤੀ ਰੱਖੀ ਜਾਂਦੀ ਤੇ ਸੰਗਤਾਂ ਨੂੰ ਸਿਰਫ ਉਨ੍ਹਾਂ ਦੁਕਾਨਾਂ ਤੋਂ ਹੀ ਚੰਦੋਏ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ। ਹੋਰ ਤਾਂ ਹੋਰ, ਇੱਕ ਵਾਰੀ ਇਹ ਮੁੱਦਾ ਉੱਠ ਪਿਆ ਸੀ ਕਿ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬੁੱਕ ਕਰਵਾਏ ਜਾਂਦੇ ਆਖੰਡ ਪਾਠਾਂ ਦੀ ਜਾਅਲੀ ਬੁੱਕਿੰਗ ਕੀਤੀ ਜਾਂਦੀ ਹੈ ਤੇ ਜੇ ਪੰਜ ਕਮੇਟੀ ਵੱਲੋਂ ਬੁੱਕ ਕੀਤੇ ਜਾਂਦੇ ਹਨ ਤਾਂ ਓਸੇ ਦਿਨ ਵਿੱਚ ਪੰਜ-ਸੱਤ ਉਸ ਦੇ ਬਰਾਬਰ ਜਾਅਲੀ ਪਾਠ ਬੁੱਕ ਕੀਤੇ ਅਤੇ ਪੈਸੇ ਆਪਣੀ ਜੇਬ ਵਿੱਚ ਪਾਏ ਜਾਂਦੇ ਹਨ। ਇਸ ਦਾ ਪਤਾ ਲੱਗਣ ਮਗਰੋਂ ਕਾਰਵਾਈ ਇਸ ਕਰ ਕੇ ਨਹੀਂ ਸੀ ਕੀਤੀ ਗਈ ਕਿ ਇਸ ਤਰ੍ਹਾਂ ਕਰਨ ਵਾਲਾ ਬੰਦਾ ਇੱਕ ਸਿੰਘ ਸਾਹਿਬ ਦੇ ਪਰਵਾਰ ਵਿੱਚੋਂ ਸੀ ਅਤੇ ਸਿੰਘ ਸਾਹਿਬ ਦੀ ਅਕਾਲੀ ਲੀਡਰਸ਼ਿਪ ਨੂੰ ਕੁਝ ਖਾਸ ਮੁੱਦਿਆਂ ਉੱਤੇ ਹੁਕਮਨਾਮੇ ਜਾਰੀ ਕਰਨ ਲਈ ਲੋੜ ਸੀ।
ਅਸੀਂ ਇਸ ਅਦਾਰੇ ਅੰਦਰ ਹੁੰਦੇ ਭ੍ਰਿਸ਼ਟਾਚਾਰ ਦੇ ਏਨੇ ਕਿੱਸੇ ਸੁਣੇ ਹੋਏ ਤੇ ਅਖਬਾਰਾਂ ਵਿੱਚ ਛਪੀਆਂ ਖਬਰਾਂ ਦੀਆਂ ਏਨੀਆਂ ਕਤਰਨਾਂ ਸਾਡੇ ਕੋਲ ਪਈਆਂ ਹਨ ਕਿ ਇੱਕ ਵੱਡੀ ਫਾਈਲ ਬਣ ਸਕਦੀ ਹੈ। ਉਹ ਸਾਰੇ ਇਸ ਵੇਲੇ ਛਾਪਣ ਦੀ ਥਾਂ ਅਸੀਂ ਪਾਠਕਾਂ ਨੂੰ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਦੀਵੇ ਹੇਠ ਹਨੇਰਾ ਬਹੁਤ ਸੰਘਣਾ ਦਿੱਸਦਾ ਪਿਆ ਹੈ। ਜਿਹੜੇ ਗੁਰੂ ਘਰ ਵਿੱਚ ਲੋਕ ਸ਼ਰਧਾ ਨਾਲ ਮੱਥਾ ਟੇਕਣ ਜਾਂਦੇ ਹਨ, ਓਥੇ ਇਸ ਵੇਲੇ ਇਸ ਹੱਦ ਤੱਕ ਅਨ੍ਹੇਰ-ਖਾਤਾ ਪਿਆ ਹੋਇਆ ਹੈ ਕਿ ਉਸ ਦੀ ਸੜ੍ਹਿਆਂਦ ਆਪਣੀ ਭੜਾਸ ਦੇ ਨਾਲ ਹੀ ਭਬੂਕਾ ਬਣ ਕੇ ਬਾਹਰ ਨਿਕਲਣ ਲੱਗ ਪਈ ਹੈ। ਜਿਨ੍ਹਾਂ ਘਟਨਾਵਾਂ ਦੀ ਇਸ ਵਕਤ ਸਾਰੇ ਪਾਸੇ ਚਰਚਾ ਹੋ ਰਹੀ ਹੈ, ਉਹ ਇਸ ਭੜਾਸ ਦੀ ਇੱਕ ਕਿਸ਼ਤ ਹੀ ਹਨ, ਇੱਕੋ-ਇੱਕ ਨਹੀਂ ਹਨ।