ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀਹੜੀ ਦਰ ਪੀਹੜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ? ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਤਸਰ, ਅੱਜ-ਕੱਲ੍ਹ ਖਾਲਸਾ ਕਾਲਜ਼ ਵਾਲੀ ਥਾਂ, ਦੀ ਲੜਾਈ  ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਜਾਂ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਸ਼ਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿਰ ਸੁੱਟੀ ਜਿੰਦਗੀ ਬਸਰ ਕਰ ਰਹੇ ਹਨ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੁ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਆਕਤੀ ਨੇ ਨਹੀਂ ਤੋੜੀ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ: “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ”  ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।  
ਜਿਸ ਸਿੱਖ-ਲਹਿਰ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ: ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324॥ ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ  ਦੇ ਜ਼ਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿਚ ਗੁਰੂ ਜੀ ਧਮਤਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸ਼ਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੋੜ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜੇਬ ਜ਼ਬਰਨ ਲੋਕਾਂ ਨੂੰ ਹਿੰਦੂ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਆਦ, “ ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ ” ਕੀਤੀ। ਇਸ ਵਕਤ ਔਰੰਗਜੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡਾ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ)  ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੁ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਜਾਂ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ:  ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥
ਅਤੇ ਗੁਰ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ: ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥ ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥
ਪਰ ਬਚਿਤ੍ਰ ਨਾਟਿਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥ ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਨਹੀਂ ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਬਲੀਦਾਨ ਕਿਉਂ ਦੇਣਾ ਸੀ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਇਕ ਸਾਜਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132 , www.singhsabhacanada.com