31 ਅਗਸਤ ਬਰਸੀ ਤੇ ਵਿਸ਼ੇਸ : ਦ੍ਰਿੜ੍ਹਤਾ ਅਤੇ ਬਚਨਵਧਤਾ ਦਾ ਮੁਜੱਸਮਾ - ਬੇਅੰਤ ਸਿੰਘ - ਉਜਾਗਰ ਸਿੰਘ

ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੇ ਲੋਕ ਹੁਣ ਤੱਕ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਬਾਰੇ ਆਮ ਤੌਰ ਤੇ ਇਕ ਸਫਲ ਜਾਂ ਅਸਫਲ ਮੁੱਖ ਮੰਤਰੀ ਦੇ ਤੌਰ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੇ ਹਨ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਪੱਖ ਹੈ। ਸਮਾਜ ਕਦੀਂ ਵੀ ਇਕ ਵਿਅਕਤੀ ਦੀ ਕਾਰਗੁਜ਼ਾਰੀ ਬਾਰੇ ਇਕਮਤ ਨਹੀਂ ਹੁੰਦਾ। ਕੁਝ ਲੋਕ ਤਾਂ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ ਅਤੇ ਕੁਝ ਬੇਅੰਤਹਾ ਨਿੰਦਿਆ ਕਰਦੇ ਹਨ। ਇੰਜ ਹੋਣਾ ਕੁਦਰਤੀ ਹੈ ਕਿਉਂਕਿ ਇਹ ਇਨਸਾਨ ਦੀ ਫਿਤਰਤ ਦਾ ਹਿੱਸਾ ਹੈ। ਜੋ ਲੋਕਾਂ ਨੇ ਅਖ਼ਬਾਰਾਂ ਵਿਚ ਪੜ੍ਹਿਆ ਜਾਂ ਸੁਣਿਆਂ ਹੁੰਦਾ ਹੈ, ਉਸ ਨਾਲ ਹੀ ਉਨ੍ਹਾਂ ਦੀ ਇਕਤਰਫਾ ਰਾਇ ਬਣਦੀ ਹੁੰਦੀ ਹੈ। ਆਮ ਤੌਰ ਤੇ ਬਹੁਤੇ ਲੋਕ ਸੁਣੀ ਸੁਣਾਈ ਗੱਲ ਤੇ ਵਿਸਵਾਸ਼ ਕਰ ਲੈਂਦੇ ਹਨ। ਕੋਈ ਬਹੁਤੀ  ਪੁਛ ਪੜਤਾਲ ਨਹੀਂ ਕਰਦੇ। ਪ੍ਰੰਤੂ ਬੇਅੰਤ ਸਿੰਘ ਦੀ ਜ਼ਿੰਦਗੀ ਦੇ ਕੁਝ ਹੋਰ ਪਹਿਲੂ ਵੀ ਹਨ, ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਨਹੀਂ। ਮੇਰਾ ਵੀ ਬਹੁਤਾ ਵਾਹ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਆਪਣੀ ਸਰਕਾਰੀ ਨੌਕਰੀ ਦੌਰਾਨ ਹੀ ਪਿਆ ਹੈ। ਮੈਂ ਉਨ੍ਹਾਂ ਦੇ ਜੀਵਨ ਦੇ ਕੁਝ ਅਜਿਹੇ ਪਹਿਲੂਆਂ ਬਾਰੇ ਦਸਣਾ ਚਾਹੁੰਦਾ ਹਾਂ, ਜਿਨ੍ਹਾਂ ਬਾਰੇ ਪਰਿਵਾਰਿਕ ਮੈਂਬਰਾਂ ਤੋਂ ਬਿਨਾ ਆਮ ਲੋਕਾਂ ਨੂੰ ਜਾਣਕਾਰੀ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਰਕਾਰੀ ਕਾਲਜ ਲਾਹੌਰ ਦੇ ਗ੍ਰੈਜੂਏਟ ਸਨ। ਜਿਸ ਕਰਕੇ ਅੰਗਰੇਜ਼ੀ ਅਤੇ ਉਰਦੂ ਦੇ ਸਾਹਿਤ ਨਾਲ ਉਨ੍ਹਾਂ ਨੂੰ ਬਹੁਤ ਲਗਾਵ ਸੀ। ਉਹ ਉਰਦੂ ਦੇ ਸਾਹਿਤਕਾਰਾਂ ਨੂੰ ਬਹੁਤ ਸ਼ਿਦਤ ਨਾਲ ਪੜ੍ਹਦੇ ਸਨ। ਇਸਦਾ ਸਬੂਤ ਉਦੋਂ ਮਿਲਿਆ ਜਦੋਂ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਕਾਂਗਰਸ ਭਵਨ ਵਿਚਲਾ ਉਨ੍ਹਾਂ ਦਾ ਕਮਰਾ ਖਾਲੀ ਕੀਤਾ ਸੀ ਤਾਂ ਉਥੋਂ ਉਰਦੂ ਦੇ ਸਾਹਿਤਕਾਰਾਂ ਦੀਆਂ ਇਕ ਦਰਜਨ ਪੁਸਤਕਾਂ ਜਿਨ੍ਹਾਂ ਵਿਚ ਮੁਹੰਮਦ ਇਕਬਾਲ, ਮੀਰ ਤੱਕੀ ਮੀਰ, ਹਾਲੀ, ਕੈਫੀ ਆਜ਼ਮੀ, ਨਿਦਾ ਫਾਜਲੀ, ਮਿਰਜ਼ਾ ਗਾਲਿਬ, ਬਸ਼ੀਰ ਬਦਰ, ਫੈਜ਼ ਅਹਿਮਦ ਫੈਜ਼, ਗੁਲਜ਼ਾਰ ਅਤੇ ਜਿਗਰ ਜਲੰਧਰੀ  ਆਦਿ ਦੀਆਂ ਇਹ ਪੁਸਤਕਾਂ ਉਨ੍ਹਾਂ ਦੇ ਕਮਰੇ ਵਿਚੋਂ ਮਿਲੀਆਂ ਸਨ। ਦੂਜਾ ਉਹ ਮਾਨਵਤਾ ਦੇ ਪੁਜਾਰੀ ਸਨ, ਜਿਸਦੇ ਸਬੂਤ ਵਜੋਂ ਦਸ ਰਿਹਾ ਹਾਂ ਕਿ ਜਦੋਂ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਰਹੇ ਕਾਫਲੇ ਤੇ ਅਚਾਨਕ ਲੁਟੇਰਿਆਂ ਨੇ ਹਮਲਾ ਕੀਤਾ ਤਾਂ ਕਾਫਲੇ ਦੇ ਮੈਂਬਰਾਂ ਵਿਚ ਹਫੜਾ ਦਫੜੀ ਮੱਚ ਗਈ ਅਤੇ ਚੀਕ ਚਹਾੜਾ ਪੈ ਗਿਆ। ਇਸ ਕਾਫਲੇ ਵਿਚ ਆਪਣੇ ਪਰਿਵਾਰ ਦੇ ਨਾਲ ਉਹ ਵੀ ਆ ਰਹੇ ਸਨ। ਲੁਟੇਰਿਆਂ ਨੇ ਕਾਫਲੇ ਵਾਲਿਆਂ ਨੂੰ ਨਕਦੀ ਅਤੇ ਗਹਿਣੇ ਦੇਣ ਦਾ ਹੁਕਮ ਸੁਣਾ ਦਿੱਤਾ। ਇਸ ਕਾਫਲੇ ਵਿਚ ਬਜ਼ੁਰਗ, ਬੱਚੇ, ਬੱਚੀਆਂ ਅਤੇ ਇਸਤਰੀਆਂ ਆਪਣੇ ਘਰਾਂ ਦਾ ਜ਼ਰੂਰੀ ਸਾਜੋ ਸਾਮਾਨ ਗੱਡਿਆਂ ਤੇ ਲੱਦ ਕੇ ਆ ਰਹੇ ਸਨ। ਉਦੋਂ ਅਚਾਨਕ ਇਕ ਅਲੂਆਂ ਜਿਹਾ ਮਸ ਫੁੱਟ ਸੁਡੌਲ ਸਰੀਰ ਵਾਲਾ ਸੁੰਦਰ ਨੌਜਵਾਨ ਬੰਦੂਕ ਨਾਲ ਲੈਸ ਆਪਣੀ ਘੋੜੀ ਦੌੜਾਉਂਦਾ ਅਤੇ ਹਵਾਈ ਫਾਇਰ ਕਰਦਾ ਕਾਫਲੇ ਦੇ ਅੱਗੇ ਆ ਕੇ ਕਾਫਲੇ ਦੀ ਢਾਲ ਬਣ ਗਿਆ। ਲੁਟੇਰਿਆਂ ਨੇ ਆਪਦੀ ਜਾਨ ਨੂੰ ਖ਼ਤਰੇ ਵਿਚ ਮਹਿਸੂਸ ਕਰਦੇ ਤੁਰੰਤ ਰਫੂ ਚੱਕਰ ਹੋ ਗਏ। ਜਿਤਨੀ ਦੇਰ ਇਹ ਕਾਫਲਾ ਭਾਰਤ ਦੀ ਸਰਹਦ ਵਿਚ ਦਾਖ਼ਲ ਨਹੀਂ ਹੋ ਗਿਆ, ਉਤਨੀ ਦੇਰ ਇਹ ਨੌਜਵਾਨ ਕਾਫਲੇ ਦੀ ਹਿਫਾਜ਼ਤ ਕਰਦਾ ਹੋਇਆ ਕਾਫਲੇ ਦੇ ਆਲੇ ਦੁਆਲੇ ਅਤੇ ਅੱਗੇ ਪਿਛੇ ਘੋੜੀ ਦੌੜਾਉਂਦਾ ਰਿਹਾ। ਭਾਰਤ ਵਿਚ ਪਹੁੰਚਣ ਤੇ ਕਾਫਲੇ ਦੇ ਮੈਂਬਰਾਂ ਨੇ ਸੁਖ ਦਾ ਸਾਹ ਲਿਆ। ਇਸਤਰੀਆਂ ਅਤੇ ਬਜ਼ੁਰਗਾਂ ਨੇ ਇਸ ਨੌਜਵਾਨ ਨੂੰ ਅਸੀਸਾਂ ਨਾਲ ਲੱਦ ਦਿੱਤਾ। ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਨੌਜਵਾਨ ਕਿਸੇ ਦਿਨ ਦੂਜੀ ਵਾਰ ਵੀ ਦੇਸ ਦੀ ਆਜ਼ਾਦੀ ਤੇ ਹੋਣ ਵਾਲੇ ਅਸਿਧੇ ਖ਼ਤਰੇ ਨੂੰ ਰੋਕਣ ਲਈ ਢਾਲ ਬਣਕੇ ਆਵੇਗਾ। ਉਹ ਨੌਜਵਾਨ ਕੈਪਟਨ ਹਜ਼ੂਰਾ ਸਿੰਘ ਦਾ ਹੋਣਹਾਰ ਸਪੁੱਤਰ ਬੇਅੰਤ ਸਿੰਘ ਸੀ, ਜਿਹੜਾ ਫਰਵਰੀ 1992 ਵਿਚ ਪੰਜਾਬ ਦਾ ਮੁੱਖ ਮੰਤਰੀ ਬਣਿਆਂ ਅਤੇ ਪੰਜਾਬ ਵਿਚ ਮੁੜ ਸ਼ਾਂਤੀ ਸਥਾਪਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਕ ਹੋਰ ਅਜਿਹੀ ਘਟਨਾ ਦਾ ਜ਼ਿਕਰ ਕਰਾਂਗਾ। ਜ਼ਹਿਰੀਲੀ ਤੇ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਅੱਜ ਕਲ੍ਹ ਬੜੀ ਚਰਚਾ ਹੈ। ਉਨ੍ਹਾਂ ਦਿਨਾ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕ ਮਰ ਰਹੇ ਸਨ।  ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਕੋਲ ਇਕ ਬਜ਼ੁਰਗ ਇਸਤਰੀ ਆਈ, ਉਸਨੇ ਰੋਂਦਿਆਂ ਦੱਸਿਆ ਕਿ ਉਸਦੀ ਦੀ ਇਕਲੌਤੀ ਔਲਾਦ ਇਕੋ ਸਪੁੱਤਰ ਸੀ, ਜੋ ਸ਼ਰਾਬ ਪੀਣ ਦੀ ਲਤ ਕਰਕੇ ਸਵਰਗ ਸਿਧਾਰ ਗਿਆ ਹੈ। ਉਸਦੀ ਨੂੰਹ ਨੇ ਉਸਨੂੰ ਘਰੋਂ ਕੱਢ ਦਿੱਤਾ ਹੈ। ਹੁਣ ਨਾ ਤਾਂ ਉਸ ਕੋਲ ਰਹਿਣ ਲਈ ਥਾਂ ਅਤੇ ਨਾ ਹੀ ਰੋਟੀ ਖਾਣ ਲਈ ਪੈਸਾ ਹੈ। ਬੇਅੰਤ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ। ਉਹ ਸ਼ਰਾਬ ਪੀਣ ਦੇ ਵਿਰੁਧ ਸਨ। ਉਨ੍ਹਾਂ ਤੁਰੰਤ ਮੁੱਖ ਸਕੱਤਰ ਅਜੀਤ ਸਿੰਘ ਚੱਠਾ ਨੂੰ ਬੁਲਾਇਆ ਅਤੇ ਮੋਹਾਲੀ ਵਿਖੇ ਉਸ ਇਸਤਰੀ ਨੂੰ ਸਰਕਾਰੀ ਐਮ ਆਈ ਜੀ ਦਾ ਫਲੈਟ ਅਲਾਟ ਕਰਨ ਕਰਨ ਲਈ ਕਿਹਾ। ਫਲੈਟ ਤਾਂ ਅਲਾਟ ਹੋ ਗਿਆ ਪ੍ਰੰਤੂ ਉਸ ਇਸਤਰੀ ਨੇ ਕਿਹਾ ਕਿ ਉਸ ਕੋਲ ਤਾਂ ਕੋਈ ਪੈਸਾ ਹੀ ਨਹੀਂ। ਉਨ੍ਹਾਂ ਆਪਣੇ ਕੋਲੋਂ ਫਲੈਟ ਦੀ ਕੀਮਤ ਦਿੱਤੀ ਅਤੇ ਉਸ ਇਸਤਰੀ ਦੀ ਬੁਢਾਪਾ ਪੈਨਸ਼ਨ ਲਗਾਉਣ ਦੇ ਹੁਕਮ ਕੀਤੇ। ਤੁਸੀਂ ਹੈਰਾਨ ਹੋਵੋਗੇ ਉਨ੍ਹਾਂ ਮੋਹਾਲੀ ਵਿਖੇ ਸਰਕਾਰੀ ਕੋਟੇ ਵਿਚ ਵਿਧਾਨਕਾਰ ਹੁੰਦਿਆਂ ਇਕ ਪਲਾਟ ਅਲਾਟ ਕਰਵਾਇਆ ਸੀ। ਉਸਦੀ ਇਕੋ ਕਿਸ਼ਤ ਭਰੀ ਸੀ। ਪਰਿਵਾਰ ਨੂੰ ਇਸਦਾ ਕੋਈ ਪਤਾ ਨਹੀਂ ਸੀ। ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਇਕ ਟਰੰਕ ਵਿਚੋਂ ਇਸ ਪਲਾਟ ਦੀ ਅਲਾਟਮੈਂਟ ਦੇ ਕਾਗਜ਼ ਮਿਲੇ। ਉਹ ਆਪ ਪਲਾਟ ਖ੍ਰੀਦ ਨਹੀਂ ਸਕੇ ਪ੍ਰੰਤੂ ਲੋੜਬੰਦ ਵਿਧਵਾ ਇਸਤਰੀ ਨੂੰ ਫਲੈਟ ਲੈ ਦਿੱਤਾ। ਤੀਜੀ ਉਦਾਹਰਣ ਇਹ ਹੈ ਕਿ ਜਦੋਂ ਇਕ ਵਾਰ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਵਿਚ ਬਹੁਤ ਸਾਰੇ ਵਿਧਾਨਕਾਰਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਹਲਕਿਆਂ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸਰਕਾਰੇ ਦਰਬਾਰੇ ਸੁਣੀ ਜਾਂਦੀ ਹੈ। ਵਿਧਾਇਕਾਂ ਨੇ ਇਹ ਵੀ ਕਿਹਾ ਕਿ ਸਾਡੇ ਨਾਲੋਂ ਵਿਰੋਧੀਆਂ ਦੇ ਕੰਮ ਜ਼ਿਆਦਾ ਹੁੰਦੇ ਹਨ। ਉਸ ਸਮੇਂ ਉਨ੍ਹਾਂ ਬੋਲਦਿਆਂ ਕਿਹਾ ਕਿ ਜਦੋਂ ਕਿਸੇ ਪਾਰਟੀ ਦਾ ਮੈਂਬਰ ਵਿਧਾਨਕਾਰ, ਮੰਤਰੀ ਅਤੇ ਮੁੱਖ ਮੰਤਰੀ ਚੁਣਿਆਂ ਜਾਂਦਾ ਹੈ ਤਾਂ ਉਸ ਸਮੇਂ ਉਹ ਉਸ ਪਾਰਟੀ ਦਾ ਨੁਮਾਇੰਦਾ ਨਹੀਂ ਹੁੰਦਾ ਸਗੋਂ ਸਾਰੇ ਹਲਕੇ ਦਾ ਵਿਧਾਨਕਾਰ ਅਤੇ ਮੰਤਰੀ ਤੇ ਮੁੱਖ ਮੰਤਰੀ ਸਮੁਚੇ ਪੰਜਾਬ ਦੇ ਹੁੰਦੇ ਹਨ, ਨੁਮਾਇੰਦੇ ਕਿਸੇ ਇਕ ਪਾਰਟੀ ਦੇ ਨਹੀਂ। ਇਸ ਲਈ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਦੇ ਲੋਕਾਂ ਨਾਲ ਇਨਸਾਫ ਕਰਨਾ ਚਾਹੀਦਾ ਹੈ। ਚੌਥੇ ਉਹ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾਵਾਂ ਨੂੰ ਪਹਿਲ ਦੇ ਆਧਾਰ ਤੇ ਮਿਲਕੇ ਉਨ੍ਹਾਂ ਦੇ ਕੰਮ ਕਰਦੇ ਸਨ। ਉਹ ਅਜਿਹੇ ਮੁੱਖ ਮੰਤਰੀ ਸਨ, ਜਿਨ੍ਹਾਂ ਦਾ ਸਤਿਕਾਰ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਕਰਦੇ ਸਨ।  ਇਥੋਂ ਤੱਕ ਕਿ ਅਕਾਲੀ ਦਲ ਨੇ ਉਨ੍ਹਾਂ ਚੋਣਾਂ ਦਾ ਵਿਰੋਧ ਕੀਤਾ ਸੀ ਪ੍ਰੰਤੂ ਮੁੱਖ ਮੰਤਰੀ ਬਣਨ ਤੇ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਨੇਤਾ ਜੋ ਕਿ ਅਕਾਲੀ ਦਲ ਦਾ ਦਿਗਜ ਪ੍ਰਧਾਨ ਵੀ ਰਿਹਾ ਸੀ ਨੇ ਵਧਾਈ ਦਾ ਫੋਨ ਕੀਤਾ ਸੀ। ਪੰਜਵਾਂ ਉਨ੍ਹਾਂ ਮੁੱਖ ਮੰਤਰੀ ਹੁੰਦਿਆਂ ਸੁਤੰਤਰਤਾ ਸੰਗਰਾਮੀਆਂ ਨੂੰ ਨਗਰ ਸੁਧਾਰ ਸਭਾਵਾਂ, ਜਿਲ੍ਹਾ ਪ੍ਰੀਸ਼ਦਾਂ, ਸਹਿਕਾਰੀ ਸੰਸਥਾਵਾਂ ਅਤੇ ਹੋਰ ਕਈ ਚੇਅਰਮੈਨੀਆਂ ਦੇ ਕੇ ਸਨਮਾਨਤ ਕੀਤਾ। ਛੇਵਾਂ ਉਨ੍ਹਾਂ ਕਿਸੇ ਵੀ ਯੋਗ ਸਰਕਾਰੀ ਅਧਿਕਾਰੀ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ। ਇਕ ਉਦਾਹਰਣ ਦੇਣੀ ਚਾਹਾਂਗਾ ਕਿ ਪੰਜਾਬ ਦੇ ਇਕ ਸੀਨੀਅਰ ਅਕਾਲੀ ਨੇਤਾ ਦਾ ਨਜ਼ਦੀਕੀ ਰਿਸ਼ਤੇਦਾਰ ਆਈ ਏ ਐਸ ਲਈ ਨਾਮਜ਼ਦ ਕੀਤਾ ਅਤੇ ਬਾਅਦ ਵਿਚ ਉਸਨੂੰ ਮਹੱਤਵਪੂਰਨ ਅਹੁਦਿਆਂ ਤੇ ਨਿਵਾਜਿਆ। ਹਾਲਾਂ ਕਿ ਕਈ ਕਾਂਗਰਸ ਦੇ ਮੰਤਰੀਆਂ ਨੇ ਇਸ ਗੱਲ ਦਾ ਇਤਰਾਜ਼ ਵੀ ਕੀਤਾ ਪ੍ਰੰਤੂ ਉਨ੍ਹਾਂ ਹਮੇਸ਼ਾ ਮੈਰਿਟ ਤੇ ਫੈਸਲੇ ਕੀਤੇ।  ਸਤਵਾਂ ਉਨ੍ਹਾਂ ਦੀ ਜੀਵਨ ਸ਼ੈਲੀ, ਰਹਿਣ ਸਹਿਣ, ਖਾਣ ਪੀਣ ਅਤੇ ਪਹਿਨਣ ਦੀ ਬੜੀ ਸਾਧਾਰਣ ਸੀ। ਜੋ ਮਿਲਿਆ ਖਾ ਤੇ ਪਹਿਨ ਲਿਆ। ਰਾਜ ਭਾਗ ਸੰਭਾਲਦਿਆਂ ਹੀ ਉਸਨੇ ਲੋਕ ਰਾਜ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੰਚਾਇਤਾਂ, ਨਗਰ ਪਾਲਿਕਾਵਾਂ ਅਤੇ ਸਹਿਕਾਰੀ ਸੰਸਥਾਵਾਂ ਦੀਆਂ ਚੋਣਾ ਕਰਵਾਈਆਂ। ਪੰਜਾਬ ਵਿਚ ਸਭਿਆਚਾਰਕ ਮੇਲੇ  ਲਾਉਣ ਦਾ ਮਾਹੌਲ ਸਥਾਪਤ ਕੀਤਾ ਗਿਆ।
      ਦੇਸ ਦੀ ਵੰਡ ਸਮੇਂ ਉਨ੍ਹਾਂ ਦੇ ਪਿਤਾ ਕੈਪਟਨ ਹਜ਼ੂਰਾ ਸਿੰਘ ਦੀ ਫੌਜ ਵਿਚ ਪੋਸਟਿੰਗ ਪੱਛਵੀਂ ਪੰਜਾਬ ਵਿਚ ਸੀ, ਇਸ ਕਰਕੇ ਉਨ੍ਹਾਂ ਦਾ ਪਰਿਵਾਰ ਮਿੰਟਗੁਮਰੀ ਜਿਲ੍ਹੇ ਵਿਚ ਓਕਾੜਾ ਨੇੜੇ ਚੱਕ 53 -ਐਲ ਵਿਚ ਰਹਿੰਦਾ ਸੀ। ਉਨ੍ਹਾਂ ਦਾ ਜੱਦੀ ਪਿੰਡ ਲੁਧਿਆਣਾ ਜਿਲ੍ਹੇ ਵਿਚ ਰਾੜਾ ਸਾਹਿਬ ਦੇ ਨੇੜੇ ਬਿਲਾਸਪੁਰ ਹੈ। ਆਪ ਦਾ ਪਿਤਾ ਕੈਪਟਨ ਹਜ਼ੂਰਾ ਸਿੰਘ, ਦੋ ਭਰਾ ਕੈਪਟਨ ਬਚਨ ਸਿੰਘ ਅਤੇ ਕਰਨਲ ਭਜਨ ਸਿੰਘ ਫੌਜ ਵਿਚ ਸਨ। ਇਸ ਕਰਕੇ ਦੇਸ਼ ਭਗਤੀ ਆਪ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਨੂੰ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਕਰਕੇ ਵੀ ਜਾਣਿਆਂ ਜਾਂਦਾ ਹੈ। ਜਿਥੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਅਮਨ ਕਾਨੂੰਨ ਦੇ ਰਖਵਾਲੇ ਸਾਬਤ ਹੋਏ, ਉਥੇ ਹੀ ਉਹ ਮਾਨਵਤਾ ਦੇ ਪੁਜਾਰੀ ਵੀ ਸਨ। ਸਰਕਾਰਾਂ ਵੀ ਅਜਿਹੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾ ਰਹੀਆਂ। ਉਨ੍ਹਾਂ ਦੀ ਯਾਦ ਵਿਚ ਚੰਡੀਗੜ੍ਹ ਵਿਖੇ ਉਸਾਰਿਆ ਜਾਣ ਵਾਲਾ ਮੈਮੋਰੀਅਲ ਪਿਛਲੇ 25 ਸਾਲਾਂ ਤੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਤਾਲਮੇਲ ਦੀ ਅਣਹੋਂਦ ਕਾਰਨ ਅਧੂਰਾ ਪਿਆ ਹੈ। ਜਦੋਂ ਕਿ ਚੋਣਾਂ ਮੌਕੇ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਂ ਤੇ ਵੋਟਾਂ ਲੈਂਦੀ ਹੈ।
     31 ਅਗਸਤ 1995 ਨੂੰ ਆਖਰ ਉਹ ਦੇਸ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦੀ ਪ੍ਰਾਪਤ ਕਰ ਗਏ। ਅੱਜ ਉਨ੍ਹਾਂ ਦੀ ਸਮਾਧੀ ਸਥਲ 'ਤੇ ਚੰਡੀਗੜ੍ਹ ਵਿਖੇ ਕਰੋਨਾ ਦੀ ਮਹਾਮਾਰੀ ਕਰਕੇ ਸਿਰਫ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ॥

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com