ਰੱਬ, ਮਨੁੱਖ ਅਤੇ ਜ਼ਿੰਮੇਵਾਰੀ - ਸਵਰਾਜਬੀਰ

ਵੀਰਵਾਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਨੂੰ ਕਰੋਨਾਵਾਇਰਸ ਦੀ ਮਹਾਮਾਰੀ ਦੇ ਰੂਪ ਵਿਚ ''ਰੱਬ ਦੀ ਕਰਨੀ (Act of God)'' ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਅਰਥਚਾਰਾ ਹੋਰ ਸੁੰਗੜ ਜਾਵੇਗਾ ਭਾਵ ਮੰਦੀ ਵੱਲ ਜਾਵੇਗਾ। ਮਨੁੱਖ ਨੂੰ ਜਦ ਵੀ ਵੱਡੀਆਂ ਮੁਸੀਬਤਾਂ ਜਾਂ ਕਹਿਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬਹੁਤ ਸਾਰੇ ਧਾਰਮਿਕ ਲੋਕ ਉਸ ਨੂੰ 'ਰੱਬ ਦੀ ਕਰਨੀ', 'ਰੱਬ ਦੀ ਮਰਜ਼ੀ', 'ਪਰਮਾਤਮਾ ਦੀ ਰਜ਼ਾ' ਆਦਿ ਸਮਝ ਕੇ ਸਵੀਕਾਰ ਕਰਦੇ ਹਨ।
      ਪ੍ਰਮੁੱਖ ਸਮੱਸਿਆ ਇਹ ਹੈ ਕਿ ਸਿਆਸਤਦਾਨ ਆਪਣੇ ਅਮਲਾਂ, ਕਾਰਵਾਈਆਂ, ਹਿੱਤਾਂ ਅਤੇ ਟੀਚਿਆਂ ਨੂੰ ਛੁਪਾਉਣ ਲਈ ਪਰਮਾਤਮਾ ਦੇ ਨਾਮ ਦੀ ਵਰਤੋਂ ਕਰਦੇ ਹਨ। ਜਾਰਜ ਬੁਸ਼ ਨੇ 2003 ਵਿਚ ਇਰਾਕ 'ਤੇ ਹਮਲਾ ਕਰਕੇ ਲੱਖਾਂ ਲੋਕਾਂ 'ਤੇ ਕਹਿਰ ਢਾਹਿਆ। ਉਸ ਦੇਸ਼ ਨੂੰ ਬਰਬਾਦ ਕਰ ਦਿੱਤਾ ਤੇ ਲੋਕਾਂ ਨੂੰ ਆਪਸ ਵਿਚ ਵੰਡ ਕੇ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਬਣਾ ਦਿੱਤਾ। ਲੱਖਾਂ ਲੋਕ ਬੇਘਰ ਅਤੇ ਬੱਚੇ ਯਤੀਮ ਹੋਏ। ਇਹ ਜੰਗ ਅਜੇ ਵੀ ਜਾਰੀ ਹੈ। ਉਸ ਦੇਸ਼ ਦੇ ਕੁਦਰਤੀ ਖ਼ਜ਼ਾਨੇ ਲੁੱਟੇ ਜਾ ਰਹੇ ਹਨ। ਬੁਸ਼ ਨੇ 2003 ਵਿਚ ਫ਼ਲਸਤੀਨੀ ਆਗੂਆਂ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਕਿ ਪਰਮਾਤਮਾ ਨੇ ਉਸ ਨੂੰ ਆਦੇਸ਼ ਦਿੱਤਾ ਸੀ ਕਿ ਉਹ ਇਰਾਕ 'ਤੇ ਹਮਲਾ ਕਰੇ।
      ਨਿਰਮਲਾ ਸੀਤਾਰਮਨ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਇਹ ਸਵਾਲ ਪੁੱਛਿਆ ਹੈ, ''ਕੀ ਕੁੱਲ ਘਰੇਲੂ ਉਤਪਾਦਨ (Gross Domestic Product-GDP) ਦੇ ਵਿੱਤੀ ਸਾਲ 2015 ਵਿਚ 8 ਫ਼ੀਸਦੀ ਤੋਂ ਕੋਵਿਡ ਦੇ ਸਮਿਆਂ ਤੋਂ ਪਹਿਲਾਂ (2020 ਵਿਚ) 3.1 ਫ਼ੀਸਦੀ ਤਕ ਡਿੱਗ ਪੈਣਾ ਵੀ ਰੱਬ ਦੀ ਕਰਨੀ ਸੀ?'' ਏਹੀ ਨਹੀਂ, ਲੋਕ ਇਹ ਸਵਾਲ ਪੁੱਛਣ ਦਾ ਹੱਕ ਵੀ ਰੱਖਦੇ ਹਨ ਕਿ ਨੋਟਬੰਦੀ ਬਾਅਦ ਕਰੋੜਾਂ ਲੋਕਾਂ ਨੂੰ ਜੋ ਦੁੱਖ-ਦੁਸ਼ਵਾਰੀਆਂ ਪੇਸ਼ ਆਈਆਂ, ਕੀ ਉਹ ਵੀ ਰੱਬ ਦੀ ਕਰਨੀ ਸੀ। 30 ਜੂਨ-1 ਜੁਲਾਈ ਦੀ ਅੱਧੀ ਰਾਤ ਨੂੰ ਸੰਸਦ ਦਾ ਸੈਸ਼ਨ ਕਰਵਾ ਕੇ ਗੁੱਡਜ਼ ਐਂਡ ਸਰਵਿਸ ਟੈਕਸ (Goods and Service Tax- ਜੀਐੱਸਟੀ) ਨੂੰ ਸ਼ੁਰੂ ਕਰਨ ਦਾ ਐਲਾਨ ਕਰਨਾ ਵੀ ਰੱਬ ਦੀ ਕਰਨੀ ਸੀ? ਇਨ੍ਹਾਂ ਦੋਹਾਂ ਕਾਰਵਾਈਆਂ ਨਾਲ ਅਰਥਚਾਰਾ ਮੰਦੀ ਵੱਲ ਵਧਿਆ, ਲੱਖਾਂ ਨੌਕਰੀਆਂ ਗਈਆਂ, ਬੇਰੁਜ਼ਗਾਰੀ ਸਿਖ਼ਰਾਂ 'ਤੇ ਪਹੁੰਚੀ, ਮਜ਼ਦੂਰ, ਕਿਸਾਨ, ਵਿਦਿਆਰਥੀ ਅਤੇ ਹੋਰ ਲੋਕ ਆਤਮਹੱਤਿਆ ਕਰਨ ਲਈ ਮਜਬੂਰ ਹੋਏ, ਕੀ ਇਹ ਸਭ ਕੁਝ ਰੱਬ ਦੀ ਕਰਨੀ ਸੀ?
      ਇਸੇ ਤਰ੍ਹਾਂ 24 ਮਾਰਚ ਨੂੰ ਸ਼ਾਮ ਦੇ ਅੱਠ ਵਜੇ ਪ੍ਰਧਾਨ ਮੰਤਰੀ ਨੇ ਸਿਰਫ਼ ਸਾਢੇ ਚਾਰ ਘੰਟੇ ਦੀ ਮੁਹਲਤ ਦਿੰਦਿਆਂ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਤਾਲਾਬੰਦੀ ਕਰਨ ਦਾ ਐਲਾਨ ਕੀਤਾ। ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਹਾਭਾਰਤ ਦੀ ਜੰਗ 18 ਦਿਨਾਂ ਵਿਚ ਜਿੱਤੀ ਗਈ ਸੀ ਅਤੇ ਕਰੋਨਾਵਾਇਰਸ ਵਿਰੁੱਧ ਜੰਗ 21 ਦਿਨਾਂ ਵਿਚ ਜਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸੜਕਾਂ 'ਤੇ ਨਾ ਆਉਣ ਅਤੇ ਸਰੀਰਕ ਦੂਰੀ ਦੇ ਅਸੂਲ ਦੀ ਪਾਲਣਾ ਕਰਨ ਲਈ ਕਹਿੰਦਿਆਂ ਕਿਹਾ ਕਿ ਉਹ ਆਪਣੇ ਘਰ ਦੀ 'ਲਕਸ਼ਮਣ ਰੇਖਾ' ਤੋਂ ਬਾਹਰ ਨਾ ਆਉਣ। ਇਹ ਤਾਲਾਬੰਦੀ ਵਧਦੀ ਗਈ ਅਤੇ ਕਰੋੜਾਂ ਲੋਕਾਂ ਨੂੰ ਅਕਹਿ ਦੁੱਖ ਝੱਲਣੇ ਪਏ। ਸੈਂਕੜੇ ਮੀਲ ਆਪਣੇ ਘਰਾਂ ਨੂੰ ਪੈਦਲ ਤੁਰੇ ਜਾਂਦੇ ਭੁੱਖੇ-ਭਾਣੇ ਪਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਇਸ ਦੁਖਾਂਤ ਦਾ ਵੱਡਾ ਪ੍ਰਤੀਕ ਬਣ ਕੇ ਉੱਭਰੇ। ਬੇਰੁਜ਼ਗਾਰੀ 23 ਫ਼ੀਸਦੀ ਤਕ ਵਧ ਗਈ। ਪ੍ਰਸ਼ਨ ਇਹ ਹੈ ਕਿ ਕੀ ਅਚਾਨਕ, ਬਿਨਾਂ ਮੁਹਲਤ ਤੋਂ ਕੀਤੀ ਗਈ ਤਾਲਾਬੰਦੀ ਰੱਬ ਦੀ ਕਰਨੀ ਸੀ?
      ਵੀਹਵੀਂ ਸਦੀ ਵਿਚ ਪੱਛਮੀ ਯੂਰੋਪ ਵਿਚ ਦੁਨੀਆਂ ਵਿਚ ਮਨੁੱਖ ਦੀ ਜ਼ਿੰਮੇਵਾਰੀ ਬਾਰੇ ਵੱਡੀ ਬਹਿਸ ਹੋਈ ਜਿਸ ਵਿਚ ਅਸਤਿਤਵਵਾਦੀ/ਹੋਂਦਵਾਦੀ ਚਿੰਤਕਾਂ ਨੇ ਇਹ ਦਲੀਲ ਪੇਸ਼ ਕੀਤੀ ਕਿ ਮਨੁੱਖ ਆਪਣੇ ਸਾਰੇ ਕੰਮਾਂ-ਕਾਰਾਂ ਵਾਸਤੇ ਖ਼ੁਦ ਜ਼ਿੰਮੇਵਾਰ ਹੈ। ਇਨ੍ਹਾਂ ਚਿੰਤਕਾਂ ਨੇ ਦਲੀਲ ਦਿੱਤੀ ਕਿ ਮਨੁੱਖ ਆਜ਼ਾਦ ਹੈ ਅਤੇ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਉਹਦੇ ਸਾਹਮਣੇ ਕਈ ਵਿਕਲਪ (Choices) ਹੁੰਦੇ ਹਨ। ਉਸ ਨੂੰ ਚੋਣ ਕਰਨੀ ਪੈਂਦੀ ਹੈ, ਉਹ ਚੋਣ ਕਰਦਾ ਹੈ ਅਤੇ ਇਸ ਕਾਰਨ ਉਹ ਆਪਣੇ ਕੀਤੇ ਕੰਮ ਅਤੇ ਉਸ ਤੋਂ ਉਪਜੇ ਨਤੀਜਿਆਂ ਤੇ ਪਏ ਪ੍ਰਭਾਵਾਂ ਲਈ ਖ਼ੁਦ ਜ਼ਿੰਮੇਵਾਰ ਹੈ। ਇਸ ਤਰ੍ਹਾਂ ਮਨੁੱਖ ਆਪਣੀ ਹੋਣੀ ਖ਼ੁਦ ਘਵਦਾ/ਬਣਾਉਂਦਾ ਹੈ। ਵਿਆਪਕ ਪੱਧਰ 'ਤੇ ਲੋਕ-ਸਮੂਹਾਂ ਸਾਹਮਣੇ ਵੀ ਕਈ ਵਿਕਲਪ ਹੁੰਦੇ ਹਨ ਅਤੇ ਉਹ ਚੋਣ ਕਰਦੇ ਅਤੇ ਇਸ ਤਰ੍ਹਾਂ ਉਸ ਚੋਣ ਤੋਂ ਉਪਜੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਅਸਰਾਂ ਤੇ ਨਤੀਜਿਆਂ ਲਈ ਸਮਾਜ ਖ਼ੁਦ ਜ਼ਿੰਮੇਵਾਰ ਹੁੰਦਾ ਹੈ। ਇਸ ਸਬੰਧ ਵਿਚ ਮਸ਼ਹੂਰ ਮਾਰਕਸਵਾਦੀ ਦਲੀਲ ਇਹ ਰਹੀ ਹੈ ਕਿ ਮਨੁੱਖ ਆਪਣੀ ਸਮਾਜਿਕ ਚੇਤਨਾ ਖ਼ੁਦ ਨਹੀਂ ਬਣਾਉਂਦੇ ਸਗੋਂ ਉਨ੍ਹਾਂ ਦੀ ਸਮਾਜਿਕ ਚੇਤਨਾ/ਵਿਚਾਰਧਾਰਾ ਉਨ੍ਹਾਂ ਦੀਆਂ ਸਮਾਜਿਕ ਸਥਿਤੀਆਂ ਦੁਆਰਾ ਬਣਾਈ ਜਾਂਦੀ ਹੈ। ਇਸ ਦੇ ਬਾਵਜੂਦ ਮਨੁੱਖ ਨੂੰ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਦੀ ਚੋਣ ਕਰਨ ਅਤੇ ਇਹ ਚੋਣ ਕਰਨ ਕਿ ਉਹ ਕੰਮ ਕਿਸ ਤਰੀਕੇ ਨਾਲ ਅਤੇ ਕਦੋਂ ਕੀਤਾ ਜਾਵੇ, ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਮਨੁੱਖ ਨੂੰ ਆਪਣੀ ਕੀਤੀ ਚੋਣ, ਕੀਤੇ ਗਏ ਕੰਮ ਅਤੇ ਉਸ ਤੋਂ ਪਏ ਪ੍ਰਭਾਵਾਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਆਪਣੇ ਕੀਤੇ ਕੰਮਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਰੱਬ ਉੱਤੇ ਸੁੱਟਣਾ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਨਾ ਹੈ। ਨਿਰਮਲਾ ਸੀਤਾਰਮਨ ਅਤੇ ਉਸ ਦੀ ਸਰਕਾਰ ਵੀ ਇਸੇ ਸਥਿਤੀ ਵਿਚ ਹਨ। ਉਹ ਰੱਬ/ਪਰਮਾਤਮਾ/ਭਗਵਾਨ ਦੇ ਨਾਮ ਦੀ ਆੜ ਨਹੀਂ ਲੈ ਸਕਦੇ। ਉਨ੍ਹਾਂ ਕੋਲ ਸੱਤਾ ਸੀ, ਉਹ ਫ਼ੈਸਲਾ ਲੈਣ ਲਈ ਆਜ਼ਾਦ ਸਨ, ਉਨ੍ਹਾਂ ਫ਼ੈਸਲੇ ਲਏ, ਉਨ੍ਹਾਂ ਫ਼ੈਸਲਿਆਂ ਦੇ ਮਾਰੂ ਅਸਰਾਂ ਲਈ ਉਹ ਜ਼ਿੰਮੇਵਾਰ ਹਨ।
     ਹਾਕਮਾਂ ਅਤੇ ਰੱਬ ਵਿਚਲਾ ਰਿਸ਼ਤਾ ਬਹੁਤ ਜਟਿਲ ਰਿਹਾ ਹੈ। ਇੰਗਲੈਂਡ ਅਤੇ ਕਾਮਨਵੈਲਥ ਦੇਸ਼ਾਂ ਵਿਚ ਗਾਇਆ ਜਾਂਦਾ ਤਰਾਨਾ ''ਰੱਬ ਮਹਾਰਾਣੀ ਦੀ ਰੱਖਿਆ ਕਰੇ (God save the Queen)'' ਅਜੇ ਵੀ ਉਨ੍ਹਾਂ ਪੁਰਾਣੇ ਸਮਿਆਂ ਦੀ ਯਾਦ ਦਿਵਾਉਂਦਾ ਹੈ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਹਾਕਮ ਦੈਵੀ ਹੁਕਮ ਨਾਲ ਬਣਦੇ ਹਨ ਅਤੇ ਉਨ੍ਹਾਂ ਵਿਚ ਦੈਵੀ ਅੰਸ਼ ਹੁੰਦਾ ਹੈ। ਪੁਰਾਤਨ ਸਮਿਆਂ ਵਿਚ ਮਿਸਰ ਦੇ ਫਿਰਔਨਾਂ ਨੂੰ ਅਕਾਸ਼ ਦੇ ਦੇਵਤਾ ਹੋਰਸ ਦੇ ਅਵਤਾਰ ਮੰਨਿਆ ਜਾਂਦਾ ਸੀ ਅਤੇ ਚੀਨੀ ਬਾਦਸ਼ਾਹਾਂ ਨੂੰ ਸਵਰਗ ਦੇ ਪੁੱਤਰ (ਚੀਨੀ ਵਿਚ ਤਿਆਂਜ਼ੀ (Tianzi)-Sons of Heaven)। ਰੂਸ ਵਿਚ ਜ਼ਾਰ ਨੂੰ ਪਰਮਾਤਮਾ ਦੇ ਦੂਤ ਵਜੋਂ ਮਾਨਤਾ ਦਿੱਤੀ ਜਾਂਦੀ ਸੀ। ਭਾਰਤ ਵਿਚ ਕਈ ਰਾਜਿਆਂ ਨੂੰ ਦੇਵਤਿਆਂ ਦੇ ਅਵਤਾਰ ਮੰਨਿਆ ਗਿਆ। ਇਹ ਵੀ ਅਜੀਬ ਵਿਰੋਧਾਭਾਸ ਹੈ ਕਿ ਕਈ ਹਾਕਮਾਂ ਨੇ ਪਰਮਾਤਮਾ ਅਤੇ ਧਰਮ ਦੇ ਨਾਂ 'ਤੇ ਚੰਗੀ ਤਰ੍ਹਾਂ ਰਾਜ ਕਰਨ, ਰੱਬ ਦੀ ਰਹਿਮਤ ਸਭ ਤਕ ਪਹੁੰਚਾਉਣ ਅਤੇ ਹੋਰ ਸਾਕਾਰਾਤਮਕ ਪਹਿਲੂ ਉਧਾਰ ਲਏ ਜਦੋਂਕਿ ਕਈ ਹਾਕਮਾਂ, ਜੇਤੂਆਂ ਅਤੇ ਲੁਟੇਰਿਆਂ ਨੇ ਰੱਬ ਦਾ ਨਾਂ ਵਰਤਦਿਆਂ ਲੋਕਾਂ 'ਤੇ ਅਕਹਿ ਜ਼ੁਲਮ ਅਤੇ ਲੁੱਟ-ਮਾਰ ਕੀਤੀ।
       ਉੱਪਰ ਲਿਖੇ ਦਾ ਅਰਥ ਇਹ ਨਹੀਂ ਕਿ ਧਰਮਾਂ ਨੇ ਕਦੇ ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਪਛਾਣਨ ਅਤੇ ਹੱਕ-ਸੱਚ ਦੀ ਲੜਾਈ ਕਰਨ ਲਈ ਨਹੀਂ ਵੰਗਾਰਿਆ। ਭਗਤ ਕਬੀਰ ਨੇ ਸੰਗਰਾਮਮਈ ਭਾਸ਼ਾ ਵਿਚ ਇਹ ਵੰਗਾਰ ਪੇਸ਼ ਕੀਤੀ, ''ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥'' ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ, ''ਦਦੈ ਦੋਸ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥'' ਭਾਵ ''ਕਿਸੇ 'ਤੇ ਇਲਜ਼ਾਮ ਨਾ ਲਾਓ। ਕਸੂਰ ਤੁਹਾਡੇ ਆਪਣੇ ਅਮਲਾਂ ਦਾ ਹੈ।'' ਗੁਰੂ ਤੇਗ ਬਹਾਦਰ ਨੇ ਅਜਿਹੇ ਮਨੁੱਖ ਦਾ ਸੰਕਲਪ ਪੇਸ਼ ਕੀਤਾ, ''ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥'' ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖ ਦੀ ਚੇਤਨਾ ਬਣਾਉਣ/ਘੜਨ ਵਿਚ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਹਾਲਾਤ ਕੂੰਜੀਵਤ ਭੂਮਿਕਾ ਨਿਭਾਉਂਦੇ ਹਨ ਪਰ ਆਪਣੇ ਜੀਵਨ ਨੂੰ ਆਪਣੀ ਚੋਣ ਅਨੁਸਾਰ ਜਿਊਣ ਅਤੇ ਸੰਵਾਰਨ ਦੀ ਮਨੁੱਖ ਦੀ ਆਪਣੀ ਜ਼ਿੰਮੇਵਾਰੀ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਕੋਈ ਵੀ ਮਨੁੱਖ, ਸਮਾਜ, ਸਰਕਾਰ, ਸੰਸਥਾ ਜਾਂ ਜਥੇਬੰਦੀ ਔਕੜਾਂ ਅਤੇ ਸੰਕਟਾਂ ਨੂੰ ਰੱਬ ਦੀ ਕਰਨੀ ਕਹਿ ਕੇ ਮੁਕਤ ਨਹੀਂ ਹੋ ਸਕਦੀ।
      ਰੱਬ ਅਤੇ ਬੰਦੇ ਦੀ ਕਰਨੀ ਦੇ ਵਿਸ਼ੇ ਵੱਲ ਵਾਪਸ ਪਰਤਦਿਆਂ ਫਰਾਂਸੀਸੀ ਹੋਂਦਵਾਦੀ ਚਿੰਤਕ ਯਾਂ ਪਾਲ ਸਾਰਤਰ ਦਾ ਇਹ ਕਥਨ ''ਆਜ਼ਾਦ ਹੋਣਾ ਮਨੁੱਖ ਦੀ ਹੋਣੀ ਹੈ, ਕਿਉਂਕਿ ਦੁਨੀਆਂ ਦੇ ਕਾਰੋਬਾਰ ਵਿਚ ਉਹ (ਮਨੁੱਖ) ਹਰ ਉਸ ਚੀਜ਼ ਲਈ ਜ਼ਿੰਮੇਵਾਰ ਹੈ ਜੋ ਉਹ ਕਰਦਾ ਹੈ। ... ਜ਼ਿੰਦਗੀ ਦੇ ਆਪਣੇ ਕੋਈ ਪੂਰਵ-ਅਰਥ ਨਹੀਂ ਹੁੰਦੇ। ਤੁਸੀਂ ਹੀ ਇਸ ਨੂੰ ਅਰਥ ਦਿੰਦੇ ਹੋ।'' ਇਸ ਤਰ੍ਹਾਂ ਨਿਰਮਲਾ ਸੀਤਾਰਮਨ ਕੋਵਿਡ-19 ਨੂੰ ਰੱਬ ਦੀ ਕਰਨੀ ਕਹਿ ਕੇ ਤਾਂ ਭਾਵੇਂ ਲੋਕਾਂ ਦੇ ਇਕ ਹਿੱਸੇ ਨੂੰ ਮਾਨਸਿਕ ਤਸੱਲੀ ਦੇ ਦੇਵੇ ਪਰ ਉਹ ਆਪਣੀ ਸਰਕਾਰ ਨੂੰ ਨੋਟਬੰਦੀ, ਜੀਐੱਸਟੀ ਨੂੰ ਖ਼ਰਾਬ ਤਰੀਕੇ ਨਾਲ ਲਾਗੂ ਕਰਨ, ਵੱਖ ਵੱਖ ਸੰਸਥਾਵਾਂ (ਜਿਵੇਂ ਯੋਜਨਾ ਕਮਿਸ਼ਨ, ਰਿਜ਼ਰਵ ਬੈਂਕ ਆਫ਼ ਇੰਡੀਆ, ਸੀਬੀਆਈ) ਨੂੰ ਖ਼ੋਰਾ ਲਗਾਉਣ, ਤਾਲਾਬੰਦੀ, ਧਾਰਾ 370 ਨੂੰ ਮਨਸੂਖ਼ ਕਰਨ ਆਦਿ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰਾ ਸਕਦੀ। ਪਿਛਲੇ ਛੇ ਸਾਲਾਂ ਵਿਚ ਹਜੂਮੀ ਹਿੰਸਾ ਦੀਆਂ ਕਾਰਵਾਈਆਂ ਵਿਚ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਵਿਚ ਹਿੱਸਾ ਲੈਣ ਵਾਲਿਆਂ ਦਾ ਸੱਤਾ ਵਿਚ ਬੈਠੇ ਲੋਕਾਂ ਨੇ ਮਾਣ-ਸਨਮਾਨ ਕੀਤਾ, ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਗੂਆਂ ਨੇ ਨਫ਼ਰਤ ਤੇ ਫ਼ਿਰਕਾਪ੍ਰਸਤੀ ਵਧਾਉਣ ਅਤੇ ਹਿੰਸਾ ਭੜਕਾਉਣ ਵਾਲੇ ਬਿਆਨ ਦਿੱਤੇ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਗੁੰਡਿਆਂ ਨੇ ਗੁੰਡਾਗਰਦੀ ਕੀਤੀ ਅਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਪੁਲੀਸ ਨੇ ਵਧੀਕੀਆਂ ਕੀਤੀਆਂ। ਜਮਹੂਰੀ ਕਾਰਕੁਨਾਂ, ਚਿੰਤਕਾਂ, ਪੱਤਰਕਾਰਾਂ ਅਤੇ ਕਲਾਕਾਰਾਂ ਨੂੰ ਭੀਮਾ-ਕੋਰੇਗਾਉਂ ਕੇਸ ਵਿਚ ਨਜ਼ਰਬੰਦ ਕੀਤਾ ਗਿਆ ਅਤੇ ਹੁਣ ਅਜਿਹੇ ਵਿਅਕਤੀਆਂ ਨੂੰ ਦਿੱਲੀ ਦੰਗਿਆਂ ਨਾਲ ਸਬੰਧਿਤ ਕੇਸਾਂ ਵਿਚ ਘਸੀਟਿਆ ਜਾ ਰਿਹਾ ਹੈ। ਕੀ ਇਹ ਸਭ ਕੁਝ ਰੱਬ ਦੀ ਕਰਨੀ ਹੈ? ਨਹੀਂ। ਇਤਿਹਾਸ ਇਹ ਜਵਾਬ ਮੰਗੇਗਾ ਕਿ ਇਹ ਕਾਰਵਾਈਆਂ ਕਿੳਂਂ ਅਤੇ ਕਿਸ ਸਮੇਂ ਦੌਰਾਨ ਹੋਈਆਂ। ਸੱਤਾਧਾਰੀ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਸਮਿਆਂ ਦੌਰਾਨ ਉਨ੍ਹਾਂ ਦੁਆਰਾ ਨਿਭਾਈ ਗਈ ਆਪੋ-ਆਪਣੀ ਭੂਮਿਕਾ ਲਈ ਲੋਕਾਂ ਅਤੇ ਇਤਿਹਾਸ ਨੂੰ ਜਵਾਬ ਦੇਣਾ ਪਵੇਗਾ।