ਹਲੂਣਾ ਲੋੜਦੀ ਸਹਿਮੀ ਧਰਤੀ - ਗੁਰਬਚਨ ਜਗਤ'

ਡਿੱਗਾ-ਢੱਠਾ ਅਰਥਚਾਰਾ, ਫੈਲ ਰਹੀ ਆਲਮੀ ਮਹਾਂਮਾਰੀ, ਫੁੱਟ ਦਾ ਸ਼ਿਕਾਰ ਮੁਲਕ ਅਤੇ ਸਰਹੱਦਾਂ 'ਤੇ ਝਾਕਦੇ ਵੈਰੀ- ਇਨ੍ਹਾਂ ਵਿਚੋਂ ਕੋਈ ਵੀ ਮਾਰੂ ਸਾਬਤ ਹੋ ਸਕਦਾ ਹੈ ਅਤੇ ਜੇ ਇਨ੍ਹਾਂ ਨੂੰ ਇਕੱਠਿਆਂ ਦੇਖਿਆ ਜਾਵੇ, ਫਿਰ ਤਾਂ ਇਹ ਭਿਆਨਕ ਤਬਾਹੀ ਦਾ ਸੰਕੇਤ ਹੈ। ਇਸ ਮੌਕੇ ਜ਼ਬਰਦਸਤ ਲੀਡਰਸ਼ਿਪ ਅਤੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੇ ਠੋਸ ਇਰਾਦੇ ਦੀ ਲੋੜ ਹੈ ਤਾਂ ਕਿ ਉਹ ਸਾਡੀ ਬੇੜੀ ਇਸ ਭੰਵਰ ਵਿਚੋਂ ਕੱਢ ਕੇ ਲਿਜਾ ਸਕਣ... ਪਰ ਇਸ ਸੰਕਟ ਪ੍ਰਤੀ ਦਿੱਲੀ ਤੋਂ ਆ ਰਹੀ ਪ੍ਰਤੀਕਿਰਿਆ ਤੋਂ ਉਸ ਨਵਾਬ ਦਾ ਚੇਤਾ ਆਉਂਦਾ ਹੈ ਜਿਹੜਾ ਆਰਾਮ ਨਾਲ ਸ਼ਤਰੰਜ ਦੀ ਬਾਜ਼ੀ ਲਾਉਂਦਾ ਹੋਇਆ ਆਖ ਰਿਹਾ ਹੋਵੇ 'ਦਿੱਲੀ ਹਾਲੇ ਦੂਰ ਹੈ'... ਜਾਂ ਸ਼ਾਇਦ ਨਹੀਂ। ਕਿਉਂਕਿ ਸਿਆਸਤ ਜਾਰੀ ਹੈ, ਸੂਬਾਈ ਸਰਕਾਰਾਂ ਦੇ ਤਖ਼ਤੇ ਉਲਟਾਏ ਜਾ ਰਹੇ ਹਨ ਅਤੇ ਕੱਟੜਪੰਥੀ ਤੇ ਵੰਡ ਦੇ ਏਜੰਡੇ ਨੂੰ ਅਗਾਂਹ ਵਧਾਇਆ ਜਾ ਰਿਹਾ ਹੈ। ਫਿਰ ਵੀ ਦੇਸ਼ ਦੇ ਲੱਖਾਂ... ਕਰੋੜਾਂ ਬੇਰੁਜ਼ਗਾਰਾਂ ਨਾਲ ਕਿਸੇ ਨੂੰ ਕੀ। ਬਿਲਕੁਲ, ਕਰੋੜਾਂ ਬੇਰੁਜ਼ਗਾਰ, ਕਿਉਂਕਿ ਇਹੋ ਹਕੀਕਤ ਸਾਨੂੰ ਦਰਪੇਸ਼ ਹੈ। ਹਾਲਾਤ ਇਹ ਹਨ ਕਿ ਅੱਜ ਇਕ ਕਰਿਆਨਾ ਸਟੋਰ ਤੋਂ ਲੈ ਕੇ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਇੰਨਾ ਹੀ ਨਹੀਂ, ਕੁਝ ਵੱਡੇ ਕਾਰੋਬਾਰੀ ਅਦਾਰਿਆਂ ਤੇ ਬੈਂਕਾਂ ਤੱਕ ਦੀਆਂ ਨੀਹਾਂ ਹਿੱਲੀਆਂ ਹੋਈਆਂ ਹਨ ਅਤੇ ਮੁਲਾਜ਼ਮਾਂ ਨੂੰ ਥੋਕ ਦੇ ਹਿਸਾਬ ਨਾਲ ਕੱਢਿਆ ਜਾ ਰਿਹਾ ਹੈ।
      ਹਾਂ, ਹੁਣ ਤੁਸੀਂ ਉਸ ਡਰ ਦਾ ਅਹਿਸਾਸ ਕਰ ਸਕਦੇ ਹੋ... ਜਿਸ ਦੀ ਦੁਰਗੰਧ ਦੇਸ਼ ਵਿਚੋਂ ਆ ਰਹੀ ਹੈ। ਇਹ ਡਰ ਲੇਬਰ ਚੌਕਾਂ ਉੱਤੇ ਕੰਮ ਦੀ ਉਡੀਕ ਕਰ ਰਹੇ ਬੇਰੁਜ਼ਗਾਰਾਂ ਦੀਆਂ ਅੱਖਾਂ ਵਿਚ ਦੇਖਿਆ ਜਾ ਸਕਦਾ ਹੈ, ਛਾਂਟੀ ਦੀ ਚਿੱਠੀ ਜਾਂ ਅਮਲਾ ਵਿਭਾਗ ਤੋਂ ਆ ਸਕਣ ਵਾਲੇ ਸੁਨੇਹੇ ਤੋਂ ਘਬਰਾਏ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਵੀ, ਮੂਹਰਲੇ ਮੋਰਚੇ 'ਤੇ ਲੜ ਰਹੇ ਕਰੋਨਾ ਵਰਕਰਾਂ ਦੀਆਂ ਅੱਖਾਂ ਵਿਚ ਵੀ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਵੀ ਜਿਨ੍ਹਾਂ ਨੂੰ ਇਸ ਦੀ ਲਾਗ ਲੱਗ ਗਈ ਹੋਵੇ, ਕਿਉਂਕਿ ਉਹ ਜਾਣਦੇ ਹਨ ਕਿ ਜੇ ਉਨ੍ਹਾਂ ਨੂੰ ਕੋਈ ਸਹਾਇਤਾ ਮਿਲੀ ਵੀ ਤਾਂ ਨਾਂ-ਮਾਤਰ ਹੀ ਹੋਵੇਗੀ। ਇਹ ਡਰ ਉਨ੍ਹਾਂ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦੀਆਂ ਅੱਖਾਂ ਵਿਚ ਵੀ ਸਾਫ਼ ਦਿਖਾਈ ਦਿੰਦਾ ਹੈ, ਜਿਨ੍ਹਾਂ ਦੇ ਆਪਣੇ ਸਰਹੱਦਾਂ ਵੱਲ ਤੁਰ ਗਏ ਹਨ... ਖ਼ਤਰਨਾਕ ਮੌਸਮ ਤੇ ਉੱਚੇ ਪਹਾੜਾਂ ਵਾਲੀਆਂ ਹਿਮਾਲਾ ਵਿਚਲੀਆਂ ਸਰਹੱਦਾਂ, ਜਿੱਥੇ ਜ਼ਿੰਦਾ ਰਹਿਣਾ ਉਂਝ ਹੀ ਕਾਫ਼ੀ ਮੁਸ਼ਕਲ ਹੈ ਅਤੇ ਉੱਤੋਂ ਉੱਥੇ ਇਨ੍ਹਾਂ ਜਵਾਨਾਂ ਨੂੰ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਂ ਇਕ 'ਡਰ', ਜਿਸ ਨੇ ਸਾਨੂੰ ਘੇਰਿਆ ਹੋਇਆ ਹੈ।
       ਸਾਡੇ ਦੇਸ਼ ਦੀ ਔਸਤ ਆਬਾਦੀ ਆਪਣੀ ਉਮਰ ਦੇ ਵੀਹਵਿਆਂ ਵਿਚ ਹੈ ਅਤੇ ਇਹ ਨੌਜਵਾਨ ਵਰਗੇ ਸਾਡੇ ਲਈ ਸਰਮਾਏ ਵਰਗਾ ਸੀ, ਪਰ ਹੁਣ ਇਹ ਸਾਡੀ ਸਭ ਤੋਂ ਵੱਡੀ ਸਮੱਸਿਆ ਬਣ ਸਕਦਾ ਹੈ। ਕਾਰਨ ਹੈ ਬੇਰੁਜ਼ਗਾਰੀ। ਕਿਉਂਕਿ ਬੇਰੁਜ਼ਗਾਰ ਨੌਜਵਾਨ ਵਰਗ ਸਭ ਤੋਂ ਨਾਜ਼ੁਕ ਤਬਕਾ ਹੁੰਦਾ ਹੈ ਜਿਨ੍ਹਾਂ ਰਾਹੀਂ ਸਮਾਜਿਕ ਟਕਰਾਅ, ਦੰਗੇ-ਫ਼ਸਾਦ, ਜੁਰਮ ਅਤੇ ਸਿਆਸੀ ਮੁਹਿੰਮਾਂ ਆਦਿ ਕੁਝ ਵੀ ਕਰਵਾਇਆ ਜਾ ਸਕਦਾ ਹੈ। ਇਹ ਬਾਰੂਦ ਦਾ ਅਜਿਹਾ ਢੇਰ ਹੈ ਜਿਹੜਾ ਮਹਿਜ਼ ਪਲੀਤਾ ਲਾਏ ਜਾਣ ਦੀ ਉਡੀਕ ਵਿਚ ਹੋਵੇ।
       ਨੌਜਵਾਨ ਵਰਗ ਹੀ ਅਜਿਹੀ ਮਜ਼ਬੂਤ ਬੁਨਿਆਦ ਹੁੰਦਾ ਹੈ ਜਿਸ ਉੱਤੇ ਕੌਮਾਂ ਉੱਸਰਦੀਆਂ ਹਨ ਜਾਂ ਫਿਰ ਜਿਨ੍ਹਾਂ ਕਾਰਨ ਕੌਮਾਂ ਲੜਖੜਾ ਜਾਂਦੀਆਂ ਹਨ। ਜੇ ਕਿਸੇ ਮੁਲਕ ਨੇ ਤਰੱਕੀ ਦੇ ਪੰਧ ਉੱਤੇ ਸਾਬਤ ਕਦਮੀ ਵਧਣਾ ਹੈ, ਤਾਂ ਜ਼ਰੂਰੀ ਹੈ ਕਿ ਇਸ ਦਾ ਨੌਜਵਾਨ ਵਰਗ ਵਧੀਆ ਪੜ੍ਹਿਆ-ਲਿਖਿਆ, ਤੰਦਰੁਸਤ, ਵਧੀਆ ਰੁਜ਼ਗਾਰਸ਼ੁਦਾ ਅਤੇ ਅਨੁਸ਼ਾਸਿਤ ਹੋਵੇ। ਅਜਿਹਾ ਵਧੀਆ ਢੰਗ ਨਾਲ ਸੋਚ-ਸਮਝ ਕੇ ਬਣਾਏ ਵਿੱਦਿਅਕ ਢਾਂਚੇ (ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ) ਅਤੇ ਵਧੀਆ ਸਿਹਤ ਨੀਤੀ, ਖ਼ਾਸਕਰ ਗ਼ਰੀਬ ਵਰਗ ਲਈ, ਰਾਹੀਂ ਹੀ ਕੀਤਾ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿੱਦਿਅਕ ਮਾਹਿਰ ਤੇ ਸਨਅਤਕਾਰ ਸਿਰ ਜੋੜ ਕੇ ਬੈਠਣ ਅਤੇ ਲੰਬੀ ਮਿਆਦ ਵਾਲੀਆਂ ਰੁਜ਼ਗਾਰ ਲੋੜਾਂ ਤੈਅ ਕਰਨ ਤੇ ਉਸ ਮੁਤਾਬਿਕ ਵਿੱਦਿਅਕ ਨੀਤੀਆਂ ਘੜਨ। ਲੱਖਾਂ ਹੀ ਆਰਟਸ ਗਰੈਜੂਏਟ ਬੇਰੁਜ਼ਗਾਰ ਹਨ ਤੇ ਉਨ੍ਹਾਂ ਉੱਤੇ ਲਾਇਆ ਗਿਆ ਸਰਮਾਇਆ ਅਜਾਈਂ ਚਲਾ ਗਿਆ। ਅਫ਼ਸੋਸ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਕਿਸੇ ਸਰਕਾਰ ਨੇ ਇਸ ਪਾਸੇ ਬਣਦੀ ਤਵੱਜੋ ਨਹੀਂ ਦਿੱਤੀ ਅਤੇ ਇਸ ਦੇ ਸਿੱਟੇ ਵਜੋਂ ਜਿਸ ਨੌਜਵਾਨ ਵਰਗ ਨੇ ਦੇਸ਼ ਲਈ ਲਾਹੇਵੰਦ ਹੋਣਾ ਸੀ, ਉਹ ਉਲਟਾ ਬੋਝ ਬਣਦਾ ਜਾ ਰਿਹਾ ਹੈ।
      ਹਾਲੀਆ ਸਾਲਾਂ ਦੌਰਾਨ ਡਿੱਗਦੇ ਅਰਥਚਾਰੇ ਨੂੰ ਮੋੜਾ ਨਾ ਪੈਣ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਹੁਣ ਸੋਚੀ ਸਮਝੀ ਨੀਤੀ ਦੀ ਥਾਂ ਮਹਿਜ਼ ਅਚਾਨਕ ਆਏ ਖ਼ਿਆਲਾਂ ਅਤੇ ਰਾਤੋ-ਰਾਤ ਦੇ ਫ਼ੈਸਲਿਆਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਸਮਿਆਂ ਦੌਰਾਨ ਜਦੋਂ 'ਅਦਾਰਿਆਂ ਨੂੰ ਗ੍ਰਹਿਣ' ਲੱਗਾ ਹੋਇਆ ਹੈ, ਸਾਨੂੰ ਬਿਲਕੁਲ ਨਹੀਂ ਪਤਾ ਕਿ ਨੀਤੀਆਂ ਕਿਵੇਂ ਘੜੀਆਂ ਜਾ ਰਹੀਆਂ ਹਨ। ਆਰਬੀਆਈ ਸਣੇ ਸਾਰੇ ਹੀ ਭਰੋਸੇਮੰਦ ਅਦਾਰੇ ਸਾਨੂੰ ਕਾਫ਼ੀ ਚੌਕਸ ਕਰ ਚੁੱਕੇ ਹਨ, ਪਰ ਸੱਤਾ ਦੇ ਗਲਿਆਰੇ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਨੇ ਵੀ ਖ਼ਾਮੋਸ਼ੀ ਧਾਰੀ ਹੋਈ ਹੈ।
      ਸਾਡੇ ਸਾਰੇ ਦੇਸ਼ ਵਿਚ ਇਕ ਕੁਸ਼ਗਨੀ ਚੁੱਪ ਛਾਈ ਹੈ, ਅਜਿਹੀ ਖ਼ਾਮੋਸ਼ੀ, ਜਿਸ ਉੱਤੇ ਕਿਸੇ ਅਣਜਾਣੇ ਸਹਿਮ ਦਾ ਸਾਇਆ ਪਿਆ ਹੈ। ਇਹ ਸਾਡੀ ਨੌਜਵਾਨੀ ਦੀ ਲਾਹੇਵੰਦੀ ਲਈ ਕੀ ਦਿਖਾਉਂਦਾ ਹੈ? ਅੱਜ ਜਦੋਂ ਮੈਂ ਆਪਣੇ ਨੌਜਵਾਨਾਂ ਵਰਗ ਵੱਲ ਨਜ਼ਰ ਮਾਰਦਾ ਹਾਂ ਤਾਂ ਕੀ ਦੇਖਦਾ ਹਾਂ - ਅਜਿਹੇ ਚਿਹਰੇ ਦੇਖਦਾ ਹਾਂ ਜਿਨ੍ਹਾਂ ਦੀਆਂ ਆਸਾਂ-ਉਮੀਦਾਂ ਮੁੱਕ ਚੁੱਕੀਆਂ ਹਨ। ਮੈਂ ਇਸ ਤੋਂ ਪਹਿਲਾਂ ਨੌਜਵਾਨੀ ਦੇ ਚਿਹਰੇ ਉੱਤੇ ਅਜਿਹੀ ਨਾ-ਉਮੀਦੀ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਦੇਖੀ ਸੀ, ਅਜਿਹੇ ਚਿਹਰੇ ਜੰਮੂ-ਕਸ਼ਮੀਰ ਵਿਚ ਦੇਖੇ, ਮਨੀਪੁਰ ਅਤੇ ਉੱਤਰ-ਪੂਰਬ ਦੇ ਦੂਜੇ ਹਿੱਸਿਆਂ ਵਿਚ ਵੀ ਦੇਖੇ। ਇਸ ਨਿਰੀ ਨਿਰਾਸ਼ਾ ਦੌਰਾਨ ਅਤੇ ਕਈ ਵਾਰ ਦੁਸ਼ਮਣ ਮੁਲਕਾਂ ਦੇ ਉਕਸਾਵੇ ਵਿਚ ਆ ਕੇ ਉਨ੍ਹਾਂ ਬੰਦੂਕਾਂ ਚੁੱਕ ਲਈਆਂ ਤੇ ਰਿਆਸਤ ਨਾਲ ਭਿੜ ਗਏ, ਦੌਲਤ ਕਮਾਉਣ ਲਈ ਜਬਰੀ ਉਗਰਾਹੀਆਂ ਕਰਨ ਲੱਗੇ, ਉਹ ਕੁਝ ਪਲਾਂ ਦਾ ਖੁਮਾਰ ਲੈਣ ਲਈ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਨ ਲੱਗੇ। ਆਖ਼ਰ ਜੋ ਹੋਣਾ ਸੀ ਉਹੋ ਹੋਇਆ ਅਤੇ ਰਿਆਸਤ ਜਿੱਤ ਗਈ ਅਤੇ ਉਹ... ਅਤੇ ਇਸ ਕਾਰਨ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਅਤੇ ਅਸੀਂ ਆਪਣੀ ਨੌਜਵਾਨੀ ਦਾ ਕੋਈ ਲਾਹਾ ਨਾ ਲੈ ਸਕੇ। ਵਿਰੋਧ ਮਰ-ਮੁੱਕ ਗਿਆ, ਪਰ ਨੌਜਵਾਨ ਤਾਂ ਵੀ ਬੇਰੁਜ਼ਗਾਰ ਦੇ ਬੇਰੁਜ਼ਗਾਰ ਸਨ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੇ ਕਾਰਜ ਵਿਚ ਲਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
       ਇਸ ਦੇ ਸਿੱਟੇ ਵਜੋਂ ਉਹ ਹੋਰ ਕੜਵਾਹਟ ਨਾਲ ਭਰ ਗਏ। ਕੁਝ ਨਸ਼ਿਆਂ ਵੱਲ ਪੈ ਗਏ ਤੇ ਹੋਰਨਾਂ ਦਾ ਰੁਝਾਨ ਫ਼ਿਰਕੂ ਤੁਅੱਸਬ ਤੇ ਹਥਿਆਰਾਂ ਵੱਲ ਹੋ ਗਿਆ। ਇਸੇ ਤਰ੍ਹਾਂ ਕੁਝ ਹੋਰਨਾਂ ਨੇ ਬਿਹਤਰ ਜ਼ਿੰਦਗੀ ਲਈ ਵਿਦੇਸ਼ਾਂ ਦਾ ਰੁਖ਼ ਕਰ ਲਿਆ ਤੇ ਉਹ ਅਮਰੀਕਾ, ਬਰਤਾਨੀਆ, ਕੈਨੇਡਾ, ਆਸਟਰੇਲੀਆ, ਮੱਧ ਪੂਰਬ ਤੇ ਖਾੜੀ ਮੁਲਕਾਂ ਵੱਲ ਉਡਾਰੀਆਂ ਮਾਰ ਗਏ। ਉਨ੍ਹਾਂ ਨੇ ਇਨ੍ਹਾਂ ਅਰਥਚਾਰਿਆਂ ਦੀਆਂ ਹੇਠਲੇ ਪੱਧਰ ਦੀਆਂ ਲੋੜਾਂ ਪੂਰੀਆਂ ਕੀਤੀਆਂ ਅਤੇ ਕੁਝ ਕੁ ਨੂੰ ਉਚੇਰੀ ਸਿੱਖਿਆ ਤੱਕ ਵੀ ਪਹੁੰਚ ਹਾਸਲ ਹੋਈ ਤੇ ਉਨ੍ਹਾਂ ਵਧੀਆ ਮੱਲਾਂ ਮਾਰੀਆਂ। ਇਸ ਦੇ ਬਾਵਜੂਦ ਇਨ੍ਹਾਂ ਮੁਲਕਾਂ ਨੂੰ ਹੁਣ ਇਨ੍ਹਾਂ ਭਾਰਤੀ ਨੌਜਵਾਨਾਂ ਦੀ ਹੋਰ ਕੋਈ ਲੋੜ ਨਹੀਂ ਹੈ, ਇਸ ਕਾਰਨ ਇਹ ਮੁਲਕ ਨਾ ਸਿਰਫ਼ ਪਹਿਲਾਂ ਹੀ ਉੱਥੇ ਗਏ ਹੋਇਆਂ ਨੂੰ ਵਾਪਸ ਭੇਜ ਰਹੇ ਹਨ ਸਗੋਂ ਉੱਥੇ ਜਾਣ ਦੇ ਨਵੇਂ ਚਾਹਵਾਨਾਂ ਨੂੰ ਵੀ ਜਵਾਬ ਦੇ ਰਹੇ ਹਨ। ਵਿਦੇਸ਼ਾਂ ਵਿਚ ਹੁਣ ਸਾਡੇ ਨੌਜਵਾਨਾਂ ਲਈ ਨੌਕਰੀਆਂ ਨਹੀਂ ਹਨ ਅਤੇ ਕੀ ਉੱਤਰ ਤੇ ਕੀ ਦੱਖਣ, ਸਾਡੇ ਪਿੰਡ ਤੇ ਕਸਬੇ ਅੱਜਕੱਲ੍ਹ ਬੇਰੁਜ਼ਗਾਰਾਂ ਨਾਲ ਭਰੇ ਪਏ ਹਨ। ਹੁਣ ਸਾਡੇ ਕੋਲ ਅਣਗਿਣਤ ਬੇਰੁਜ਼ਗਾਰ ਹਨ - ਕਾਲਜਾਂ ਵਿਚੋਂ ਨਿਕਲ ਕੇ ਤਾਜ਼ਾ-ਤਾਜ਼ਾ ਹੋਏ ਬੇਰੁਜ਼ਗਾਰ ਅਤੇ ਪਹਿਲਾਂ ਹੀ ਨਾਕਾਮ ਅਰਥਚਾਰੇ ਦਾ ਸ਼ਿਕਾਰ ਹੋ ਕੇ ਬਣੇ ਬੇਰੁਜ਼ਗਾਰ। ਮੀਡੀਆ ਇਨ੍ਹਾਂ ਬੇਰੁਜ਼ਗਾਰਾਂ ਦੀ ਗੱਲ ਬਿਲਕੁਲ ਵੀ ਨਹੀਂ ਕਰ ਰਿਹਾ ਜਦੋਂਕਿ ਸੋਸ਼ਲ ਮੀਡੀਆ ਮਹਿਜ਼ ਬੁਰਾਈ ਫੈਲਾਉਂਦਾ ਹੈ।
      ਸਾਨੂੰ ਘੱਟੋ-ਘੱਟ ਆਗਾਮੀ ਦਹਾਕੇ ਤੱਕ ਲਈ ਵੀ ਨੌਕਰੀਆਂ ਪੈਦਾ ਕਰਨ ਦੀ ਕੋਈ ਵੱਡੇ ਪੱਧਰ ਦੀ ਉਸਾਰੂ ਯੋਜਨਾਬੰਦੀ ਦਿਖਾਈ ਨਹੀਂ ਦਿੰਦੀ। ਦੋਵਾਂ ਨਿੱਜੀ ਤੇ ਜਨਤਕ ਖੇਤਰਾਂ ਨੇ ਆਪਣਾ ਬੋਰੀ-ਬਿਸਤਰਾ ਅਣਮਿੱਥੇ ਸਮੇਂ ਲਈ ਸਮੇਟ ਲਿਆ ਸੀ। ਜਿਹੜੀ ਮਾੜੀ-ਮੋਟੀ ਉਮੀਦ ਬਚੀ ਸੀ, ਉਸ ਉੱਤੇ ਮਹਾਂਮਾਰੀ ਨੇ ਪਾਣੀ ਫੇਰ ਦਿੱਤਾ। ਇਸ ਨੇ ਮਹਿਜ਼ ਚੁਟਕੀ ਮਾਰਨ ਵਾਂਗ ਕੁਝ ਘੰਟਿਆਂ ਵਿਚ ਹੀ ਸਾਡੇ ਸ਼ਹਿਰ ਤੇ ਕਸਬੇ ਖ਼ਾਲੀ ਕਰ ਦਿੱਤੇ, ਸਨਅਤਾਂ ਦਾ ਪਹੀਆ ਜਾਮ ਕਰ ਦਿੱਤਾ, ਸਾਰੇ ਮੁਲਕ ਨੂੰ ਹੀ ਠੱਪ ਕਰ ਦਿੱਤਾ, ਅਰਥਚਾਰਾ ਰੁਕ ਗਿਆ ਅਤੇ ਸਰਕਾਰ ਤੱਕ ਖੜ੍ਹੀ-ਖੜੋਤੀ ਰਹਿ ਗਈ। ਹਰ ਪਾਸੇ ਛਾਈ ਚੁੱਪ ਨੇ ਸਾਡੇ ਖ਼ਾਮੋਸ਼ ਡਰਾਂ, ਸਾਡੀਆਂ ਜੋਸ਼ੀਲੀਆਂ ਅਰਦਾਸਾਂ ਦੀ ਚੁਗ਼ਲੀ ਕਰ ਦਿੱਤੀ। ਵਿਰੋਧੀ ਪਾਰਟੀਆਂ ਹਨ ਤਾਂ ਜ਼ਰੂਰ, ਪਰ ਮਹਿਜ਼ ਮੂਕ ਦਰਸ਼ਕ - ਮੈਂ ਉਨ੍ਹਾਂ ਨੂੰ ਇਹੋ ਸਲਾਹ ਦੇਵਾਂਗਾ ਕਿ ਉਹ ਮਹਾਂਮਾਰੀ ਤੋਂ ਬਾਅਦ ਵੀ ਮੂੰਹਾਂ 'ਤੇ ਇੰਝ ਹੀ ਮਾਸਕ ਲਾਈ ਰੱਖਣ। ਕੋਈ ਵੀ ਸਾਨੂੰ ਨਹੀਂ ਦੱਸ ਰਿਹਾ ਕਿ ਸਾਡਾ ਅਰਥਚਾਰਾ ਕਦੋਂ ਆਪਣੀ ਬੇਹੋਸ਼ੀ ਤੋਂ ਬਾਹਰ ਆਵੇਗਾ ਜਾਂ ਸਾਡੇ ਨੌਜਵਾਨਾਂ ਦੇ ਬੂਹਿਆਂ 'ਤੇ ਬਹਾਰ ਕਦੋਂ ਪਰਤੇਗੀ ਜਾਂ ਲੱਦਾਖ਼ ਵਿਚ ਅਤੇ ਬਾਕੀ ਸਾਰੀ ਐੱਲਏਸੀ (ਹਿੰਦ-ਚੀਨ ਸਰਹੱਦ) 'ਤੇ ਸਾਡੇ ਪੁੱਤਰਾਂ ਤੇ ਭਰਾਵਾਂ ਨਾਲ ਕੀ ਬੀਤ ਰਹੀ ਹੈ - ਕੀ ਉਹ ਉਵੇਂ ਹੀ ਹੱਸਦੇ-ਮੁਸਕਰਾਉਂਦੇ ਸਾਡੇ ਕੋਲ ਪਰਤ ਆਉਣਗੇ ਜਾਂ ਫਿਰ ਤਾਬੂਤਾਂ ਵਿਚ ਹੀ ਆ ਸਕਣਗੇ।
       ਮੈਂ ਇਹੋ ਉਮੀਦ ਕਰ ਸਕਦਾ ਹਾਂ ਕਿ ਸਰਕਾਰ ਅਤੇ ਸਿਆਸੀ ਪਾਰਟੀਆਂ ਮਿਲ ਬੈਠ ਕੇ ਘੱਟੋ-ਘੱਟ ਇਨ੍ਹਾਂ ਸਮੱਸਿਆਵਾਂ ਬਾਰੇ ਸੰਜੀਦਗੀ ਨਾਲ ਵਿਚਾਰ ਕਰਨ ਅਤੇ ਇਨ੍ਹਾਂ ਦੇ ਸੰਭਵ ਹੱਲ ਤਲਾਸ਼ਣ। ਸਾਡੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਸਾਡੀਆਂ ਸੜਕਾਂ ਉੱਤੇ ਰੋਸ ਮੁਜ਼ਾਹਰੇ ਸ਼ੁਰੂ ਨਹੀਂ ਹੋਏ, ਹਾਲੇ ਤੱਕ ਕੋਈ ਜਥੇਬੰਦ ਜਾਂ ਗ਼ੈਰ-ਜਥੇਬੰਦ ਅੰਦੋਲਨ, ਮਾਰਚ, ਹੜਤਾਲਾਂ ਜਾਂ ਹਿੰਸਾ ਨਹੀਂ ਹੋ ਰਹੀ। ਅਜਿਹਾ ਹੋਣਾ ਕੁਝ ਸਮੇਂ ਦੀ ਹੀ ਗੱਲ ਹੋਵੇਗੀ ਜੇ ਵਹਾਅ ਜਾਰੀ ਰਹਿੰਦਾ ਹੈ, ਜਾਂ ਹਫ਼ੜਾ-ਦਫ਼ੜੀ ਦੀ ਯੋਜਨਾ ਜਾਰੀ ਰਹਿੰਦੀ ਹੈ। ਕਿਸੇ ਨੂੰ ਪਤਾ ਨਹੀਂ ਵੀ ਲੱਗਣਾ ਕਿ ਖ਼ਾਮੋਸ਼ੀ ਕਦੋਂ ਟੁੱਟ ਜਾਵੇ ਅਤੇ ਕਦੋਂ ਆਮ ਲੋਕ ਸੜਕਾਂ 'ਤੇ ਰੌਲਾ ਪਾ ਦੇਣ। ਰੱਬ ਨਾ ਕਰੇ, ਕਿਧਰੇ ਅਸੀਂ ਇਸ ਨੌਜਵਾਨੀ ਦੇ ਲਾਹੇ ਨੂੰ ਸਰਾਪ ਵਿਚ ਨਾ ਬਦਲ ਲਈਏ, ਆਉ ਉਨ੍ਹਾਂ ਨੂੰ ਨਸ਼ਿਆਂ ਤੇ ਹਿੰਸਾ ਦੇ ਰਾਹ ਨਾ ਪੈਣ ਦੇਈਏ। ਆਓ, ਅਸੀਂ ਆਪਣੀ ਖ਼ਾਮੋਸ਼ੀ ਅਤੇ ਡਰ ਦੇ ਘੇਰੇ ਨੂੰ ਤੋੜੀਏ, ਲੋਕਾਂ ਨੂੰ ਬੋਲਣ ਦੇਈਏ, ਸਰਕਾਰ ਤੇ ਵਿਰੋਧੀ ਧਿਰ ਨੂੰ ਬੋਲਣ ਦੇਈਏ, ਸੰਪਾਦਕਾਂ ਤੇ ਐਂਕਰਾਂ ਨੂੰ ਬੋਲਣ ਦੇਈਏ, ਆਪਣੀ ਨੌਜਵਾਨੀ ਨੂੰ ਬੋਲਣ ਦੇਈਏ। ਆਓ ਖ਼ਾਮੋਸ਼ੀ ਤੇ ਸਹਿਮ ਦੀ ਇਸ ਭੈੜੀ ਪਕੜ ਤੋਂ ਆਜ਼ਾਦ ਹੋਈਏ, ਆਓ ਇਕ-ਦੂਜੇ ਨਾਲ ਗੱਲਬਾਤ ਕਰੀਏ। ਇਕ-ਦੂਜੇ ਨਾਲ ਸੰਵਾਦ ਰਚਾਉਣਾ ਹੀ ਸਮੱਸਿਆਵਾਂ ਵਿਚੋਂ ਨਿਕਲਣ ਲਈ ਪਹਿਲਾ ਕਦਮ ਹੋਵੇਗਾ। ਆਓ ਸਰਕਾਰ ਨੂੰ ਲੋਕਾਂ ਨੂੰ ਖ਼ਾਮੋਸ਼ ਨਾ ਕਰਨ ਦੇਈਏ, ਆਓ ਉਨ੍ਹਾਂ ਨੂੰ ਗੱਲਬਾਤ ਲਈ ਹੱਲਾਸ਼ੇਰੀ ਦੇਈਏ। ਅਖ਼ੀਰ ਆਓ ਅਸੀਂ ਆਪਣੀ ਨੌਜਵਾਨੀ ਨੂੰ ਇਕ ਮੌਕਾ ਦੇਈਏ।
' ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।