ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30 Aug. 2020

ਹਰਿਆਣੇ ‘ਚ ਬੇਅਦਬੀ ਦੇ ਦੋਸ਼ੀਆਂ ਨੂੰ ਦੁਬਾਰਾ ਜ਼ਮਾਨਤ ਮਿਲਣ ‘ਤੇ ਸਿੱਖ ਹਲਕੇ ਹੈਰਾਨ-ਇਕ ਖ਼ਬਰ
ਹੈਰਾਨੀ ਵਾਲੀ ਕਿਹੜੀ ਗੱਲ ਹੈ ਜੀ, ਰਾਜ ਤਾਂ ਦੇਖੋ ਕੌਣ ਕਰ ਰਹੇ ਐ।

ਮੋਦੀ ਨੇ ਮੋਰਾਂ ਨੂੰ ਦਾਣੇ ਖਿਲਾਉਣ ਦੀ ਆਪਣੀ ਵੀਡੀਓ ਸ਼ੇਅਰ ਕੀਤੀ-ਇਕ ਖ਼ਬਰ
ਨੀਂ ਮੈਂ ਤਲੀਆਂ ਤੇ ਚੋਗ ਚੁਗਾਵਾਂ ਮਿੱਤਰਾਂ ਦੇ ਤਿੱਤਰਾਂ ਨੂੰ।

ਅਦਾਲਤ ਦੀ ਮਾਣਹਾਨੀ: ਪ੍ਰਸ਼ਾਂਤ ਭੂਸ਼ਨ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ-ਇਕ ਖ਼ਬਰ
ਤੇਰੀ ਰੰਨ ਦਾ ਨਾ ਭਰਨਾ ਪਾਣੀ. ਤੇਰੀ ਨਾ ਮੁਥਾਜ ਝੱਲਣੀ।

ਪੰਜਾਬ ਕੋਲ਼ ਪੈਸਾ ਨਹੀਂ, ਕੇਂਦਰ ਕੁਝ ਦੇਣ ਨੂੰ ਤਿਆਰ ਨਹੀਂ, ਕੀ ਕਰੇ ਪੰਜਾਬ?- ਇਕ ਸਵਾਲ
ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ।

ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੌਥੀ ਵਾਰ ਕੀਤੀ ਫ਼ਰਿਆਦ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਿ ਉਹ ਸਰੂਪਾਂ ਦੇ ਮਾਮਲੇ ‘ਚ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ-ਇਕ ਖ਼ਬਰ
ਵਾਹ ਬਈ ਵਾਹ! ਚੋਰਾਂ ਨੂੰ ਕਿਹਾ ਜਾ ਰਿਹੈ ਕਿ ਚੋਰ ਫੜੋ।

ਪਿੰਡਾਂ ‘ਚ ਅਕਾਲੀ- ਭਾਜਪਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਦਾਖ਼ਲਾ ਬੰਦ ਕਰਨਗੇ ਕਿਸਾਨ- ਇਕ ਖ਼ਬਰ`
ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।
ਸ਼੍ਰੋਮਣੀ ਕਮੇਟੀ ਨੂੰ ਭੰਗ ਕਰ ਕੇ ਰਿਸੀਵਰ ਲਗਾਉ- ਟਕਸਾਲੀ ਅਕਾਲੀ ਦਲ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਅਰਥਚਾਰੇ ਨੂੰ ਪੈਰਾਂ ਸਿਰ ਕਰਨ ਲਈ ਵਿਆਪਕ ਸੁਧਾਰਾਂ ਦੀ ਲੋੜ- ਆਰ.ਬੀ.ਆਈ.
ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਦਿੱਲੀ ਦੰਗੇ: ਪੁਲਿਸ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਾ ਕਰਨ ਦਾ ਦੋਸ਼- ਇਕ ਖ਼ਬਰ
ਗੋਰੇ ਰੰਗ ‘ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।

ਐਂਬੂਲੈਂਸ ਦੇ ਪਹੁੰਚਣ ਲਈ ਛੱਤੀਸਗੜ੍ਹ ਦੇ 15 ਪਿੰਡਾਂ ‘ਚ ਸੜਕ ਹੀ ਨਹੀਂ- ਇਕ ਖ਼ਬਰ
ਕਾਲੇ ਦਾ ਇਕ ਛੱਪੜ ਸੁਣੀਂਦਾ, ਪਾਣੀ ਉਸਦਾ ਖਾਰਾ।

ਕੈਪਟਨ ਸਰਕਾਰ ਪੰਜਾਬ ਦੇ ਖੁਸ਼ਹਾਲ ਰਾਜ ਲਈ ਵਚਨਬੱਧ- ਲਖਬੀਰ ਸਸੰਘ ਬਮਾਲ
ਜੇ ਮਾਏਂ ਕੁਝ ਦਿਸਦਾ ਹੋਵੇ, ਥੋੜ੍ਹਾ ਕਰਾਂ ਅੰਦੇਸਾ।

ਖੇਤੀ ਆਰਡੀਨੈਂਸਾਂ ਬਾਰੇ ਸੁਖਬੀਰ ਦੇ ਬਿਆਨ ਦੇ ਉਲਟ ਸੁਰ ਬੋਲ ਰਹੇ ਹਨ ਚੰਦੂਮਾਜਰਾ- ਇਕ ਖ਼ਬਰ
ਅਜੇ ਮਿਹਰ ਮੁਹੱਬਤਾਂ ਲੋੜਨਾਂ ਏਂ, ਮੇਰੇ ਮਾਰ ਕੇ ਜਿਗਰ ਕਟਾਰ ਵੈਰੀ।

ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਨਹੀਂ ਮਿਲੀ ਰਾਹਤ- ਇਕ ਖ਼ਬਰ
ਕਾਲੀ ਤਿਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ਼ ਪੈ ਗਿਆ।