ਇੱਕ ਦ੍ਰਿਸ਼ਟੀਕੋਣ ਇਹ ਵੀ : ਲਓ ਜੀ, ਦਸਮ ਗ੍ਰੰਥ ਨੂੰ ਲੈ ਕੇ ਮੁੜ ਛਿੜ ਪਿਆ ਜੇ ਵਿਵਾਦ - ਜਸਵੰਤ ਸਿੰਘ 'ਅਜੀਤ'

ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਹੋ ਰਹੀ ਨਿਤ ਦੀ ਕੱਥਾ ਵਿੱਚ 'ਦਸਮ ਗ੍ਰੰਥ' ਵਿਚਲੀ ਬਾਣੀ 'ਬਚਿਤ੍ਰ ਨਾਟਕ' ਨੂੰ ਸ਼ਾਮਲ ਕਰ, ਉਸਦੀ ਲੜੀਵਾਰ ਕੱਥਾ ਕਰਵਾਏ ਜਾਣ ਨੂੰ ਲੈ ਕੇ, ਇੱਕ ਵਾਰ ਫਿਰ 'ਦਸਮ ਗ੍ਰੰਥ' ਦੇ ਸ੍ਰੀ ਗੁਰੂ ਗੋਬਿੰਦ ਦੀ ਰਚਨਾ ਹੋਣ ਜਾਂ ਨਾ ਹੋਣ, ਨੂੰ ਲੈ ਕੇ ਵਿਵਾਦ ਭੱਖ ਪਿਆ ਹੈ। ਜਿੱਥੇ 'ਦਸਮ ਗ੍ਰੰਥ' ਦੇ ਵਿਰੋਧੀਆਂ ਵਲੋਂ ਆਪਣੇ ਦਸਮ ਗ੍ਰੰਥ ਵਿਰੋਧੀ ਸੁਰ ਤੇਜ਼ ਕਰ ਦਿੱਤੇ ਗਏ ਹਨ, ਉਥੇ ਹੀ 'ਦਸਮ ਗ੍ਰੰਥ' ਸਮਰਥਕਾਂ ਵਲੋਂ ਦਿੱਲੀ ਗੁਰਦੁਅਰਾ ਕਮੇਟੀ ਦੇ ਇਸ ਉਦਮ ਨੂੰ 'ਦਸਮ ਗ੍ਰੰਥ' ਦੇ ਸੰਬੰਧ ਵਿੱਚ ਪਾਏ ਜਾ ਰਹੇ ਭੁਲੇਖਿਆਂ ਨੂੰ ਦੂਰ ਕਰਨ ਵਲ ਵਧਾਇਆ ਗਿਆ ਇੱਕ ਸਾਰਥਕ ਕਦਮ ਕਰਾਰ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ 'ਦਸਮ ਗ੍ਰੰਥ' ਵਿਰੋਧੀਆਂ ਦਾ ਇਹ ਵੀ ਕਹਿਣਾ ਹੈ ਕਿ 'ਦਸਮ ਗ੍ਰੰਥ' ਦੇ ਸਮਰਥਕ ਇਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰ 'ਗੁਰੂ' ਦਾ ਦਰਜਾ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਨੂੰ ਘਟਾਣ ਤੇ ਤੁਲੇ ਹੋਏ ਹਨ।

ਦਸਮ ਗ੍ਰੰਥ ਬਾਰੇ ਵਿਵਾਦ ਦੀ ਗਲ: ਇਹ ਗਲ ਸਾਰੇ ਹੀ ਜਾਣਦੇ ਹਨ ਕਿ ਕੁਝ ਪੰਥਕ ਵਿਦਵਾਨਾਂ ਵਲੋਂ ਬੀਤੇ ਕਾਫ਼ੀ ਸਮੇਂ ਤੋਂ ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਲੈ ਕੇ ਵੱਡੇ ਪੈਮਾਨੇ 'ਤੇ ਵਿਵਾਦ ਖੜਾ ਕਰ ਦਿਤਾ ਗਿਆ ਹੋਇਆ ਹੈ। ਇਨ੍ਹਾਂ ਵਿਦਵਾਨਾਂ ਵਲੋਂ ਇਕ ਤਾਂ ਇਸਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਸਵੀਕਾਰਨ ਤੋਂ ਹੀ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਦੂਸਰਾ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਦੇ ਕੇ, ਸਿੱਖ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਨਾਲ ਹੀ ਮਰਿਆਦਾਵਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ।
ਇਸਦੇ ਵਿਰੁਧ ਵਿਦਵਾਨਾਂ ਦੇ ਇਕ ਹੋਰ ਵਰਗ ਦਾ ਮੰਨਣਾ ਹੈ ਕਿ ਜੇ ਈਮਾਨਦਾਰੀ ਨਾਲ ਸਾਰੀ ਸਥਿਤੀ ਦੀ ਘੋਖ ਕੀਤੀ ਜਾਏ ਤਾਂ 'ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਣ ਅਤੇ ਜੋਤੀ ਜੋਤ ਸਮਾਉਣ ਨਾਲ ਸਬੰਧਤ ਅਸਥਾਨਾਂ, ਅਰਥਾਤ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਤਖ਼ਤ ਸੱਚਖੰਡ ਅਬਚਲ ਨਗਰ ਨਾਂਦੇੜ ਸਾਹਿਬ ਵਿਖੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਵੀਕਾਰ ਕਰ, 'ਦਸਮ ਗ੍ਰੰਥ' ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਇਸਦੇ ਨਾਲ ਹੀ ਦਸਮੇਸ਼ ਪਿਤਾ ਵਲੋਂ 'ਗੁਰੂ ਕੀ ਲਾਡਲੀ ਫੌਜ' ਹੋਣ ਦੇ ਦਾਅਵੇਦਾਰ ਨਿਹੰਗ ਸਿੰਘਾਂ ਦੇ ਡੇਰਿਆਂ ਪੁਰ ਵੀ ਇਸੇ ਹੀ ਉਦੇਸ਼ ਨਾਲ 'ਦਸਮ ਗ੍ਰੰਥ' ਦਾ ਪ੍ਰਕਾਸ਼ ਹੁੰਦਾ ਹੈ। ਇਥੇ ਇਹ ਗਲ ਵੀ ਵਰਨਣਯੋਗ ਹੇ ਕਿ ਇਹਨਾਂ ਅਸਥਾਨਾਂ ਤੇ ਅਰਦਾਸ ਦੀ ਸਮਾਪਤੀ ਤੋਂ ਉਪਰੰਤ ਜੋ ਦੋਹਿਰਾ 'ਆਗਿਆ ਭਈ ਅਕਾਲ ਕੀ' ਵਾਲਾ ਪੜ੍ਹਿਆ ਜਾਂਦਾ ਹੈ, ਉਸ ਵਿਚ ਸਦਾ 'ਗੁਰੂ ਮਾਨਿਓ ਗ੍ਰੰਥ' ਹੀ ਪੜ੍ਹਿਆ ਜਾਂਦਾ ਹੈ, ਜਿਸਦਾ ਸਪਸ਼ਟ ਭਾਵ ਇਹੀ ਹੈ ਕਿ ਇਨ੍ਹਾਂ ਅਸਥਾਨਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਵੀਕਾਰ ਕਰਦਿਆਂ, ਭਾਵੇਂ 'ਦਸਮ ਗ੍ਰੰਥ' ਦਾ ਪ੍ਰਕਾਸ਼ ਤੇ ਪਾਠ ਤਾਂ ਕੀਤਾ ਜਾਂਦਾ ਹੈ, ਪ੍ਰੰਤੂ ਦਸਾਂ ਗੁਰੂਆਂ ਦੇ ਜੋਤ ਸਰੂਪ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਸਵੀਕਾਰ ਕੀਤਾ ਜਾਂਦਾ ਹੈ, 'ਦਸਮ ਗ੍ਰੰਥ' ਨੂੰ ਗੁਰੂ ਨਹੀਂ ਸਵੀਕਾਰਿਆ ਜਾਂਦਾ।
ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਅਸਥਾਨਾਂ ਤੇ 'ਦਸਮ ਗ੍ਰੰਥ' ਦਾ ਪ੍ਰਕਾਸ਼ ਕੁਝ ਸਮੇਂ ਤੋਂ ਨਹੀਂ, ਸਗੋਂ ਸਦੀਆਂ ਤੋਂ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਅਤੇ ਸਥਾਨਕ ਤੋਰ ਤੇ ਦਸਮੇਸ਼ ਪਿਤਾ ਦੀ ਰਚਨਾ ਸਵੀਕਾਰ ਕਰ ਕੇ ਇਸਦਾ ਸਤਿਕਾਰ, ਪ੍ਰਕਾਸ਼ ਤੇ ਪਾਠ ਕੀਤਾ ਜਾਂਦਾ ਹੈ। ਅਜਿਹਾ ਉਸ ਸਮੇਂ ਵੀ ਹੁੰਦਾ ਸੀ, ਜਦੋਂ ਪ੍ਰੋ. ਦਰਸ਼ਨ ਸਿੰਘ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਸਨ।
ਇਸ ਗਲ ਨੂੰ ਸਵੀਕਾਰ ਕਰਨਾ ਹੀ ਹੋਵੇਗਾ ਕਿ ਇਸ ਪਰੰਪਰਾ ਨੂੰ ਧਮਕੀਆਂ ਤੇ ਵਿਵਾਦਾਂ ਨਾਲ ਠਲ੍ਹ ਪਾਈ ਜਾਣੀ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋਵੇਗੀ। ਇਸ ਸੰਬੰਧ ਵਿੱਚ ਇਥੇ ਇਕ ਗਲ ਦੀ ਚਰਚਾ ਕਰਨੀ ਕੁਥਾਉਂ ਨਹੀਂ ਹੋਵੇਗੀ। ਉਹ ਇਹ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਅਸਥਾਨ, ਗੁਰਦੁਆਰਾ ਸੀਸ ਗੰਜ ਦਿੱਲੀ ਵਿਖੇ, ਗੁਰੂ ਸਾਹਿਬ ਦਾ ਜੋ ਸ਼ਹੀਦੀ ਥੜ੍ਹਾ ਸਵੀਕਾਰਿਆ ਜਾਂਦਾ ਹੈ, ਉਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਇਕ ਫੋਟੋ ਲਗਾ ਹੋਇਆ ਹੈ, ਕਾਫ਼ੀ ਸਮਾਂ ਹੋਇਐ, ਕੁਝ ਸਿੱਖ ਬੁੱਧੀਜੀਵੀਆਂ ਵਲੋਂ ਇਸ ਗਲ ਤੇ ਇਤਰਾਜ਼ ਕੀਤਾ ਗਿਆ ਸੀ ਕਿ ਸਿੱਖਾਂ ਦਾ ਇਸ ਫੋਟੋ ਦੇ ਸਾਹਮਣੇ ਮੱਥਾ ਟੇਕਣ ਦਾ ਮਤਲਬ ਬੁਤ ਪੂਜਾ ਹੈ, ਜੋ ਕਿ ਸਿੱਖੀ ਵਿਚ ਵਿਵਰਜਤ ਹੈ। ਬੁਧੀਜੀਵੀਆਂ ਦਾ ਦਬਾਉ ਪੈਣ ਤੇ ਇਸ ਫੋਟੋ ਨੂੰ ਉਥੋਂ ਹਟਾ ਦਿਤਾ ਗਿਆ। ਪਰ ਇਹ ਫੋਟੋ ਬਹੁਤਾ ਸਮਾਂ ਹਟਾਈ ਰਖੀ ਨਾ ਰਹਿ ਸਕੀ, ਸੰਗਤਾਂ ਦੇ ਦਬਾਉ ਤੋਂ ਮਜਬੂਰ ਹੋ, ਉਹ ਫੋਟੋ ਮੁੜ ਆਪਣੇ ਸਥਾਨ ਤੇ ਲਾਉਣੀ ਪੈ ਗਈ। ਚਲ ਰਹੇ ਵਿਰੋਧ ਦਾ ਹਲ ਇਹ ਕਢਿਆ ਗਿਆ ਕਿ ਫੋਟੋ ਕੁਝ ਹਟਵੀਂ ਕਰਕੇ, ਨਾਲ ਹੀ ਥੜ੍ਹੇ ਵਾਲੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਰਾਜਮਾਨ ਕਰ ਦਿਤੀ ਗਈ।
ਇਹ ਘਟਨਾ ਇਸ ਗਲ ਦਾ ਪ੍ਰਮਾਣ ਹੈ ਕਿ ਜਿਸ ਸਥਿਤੀ ਦੇ ਸਬੰਧ ਵਿਚ ਸ਼ਰਧਾ ਤੇ ਵਿਸ਼ਵਾਸ ਨੇ ਆਪਣੀ ਜਗ੍ਹਾ ਬਣਾ ਲਈ ਹੋਈ ਹੈ, ਉਸਨੂੰ ਬਦਲਣਾ ਇਤਨਾ ਆਸਾਨ ਨਹੀਂ ਹੁੰਦਾ, ਜਿਤਨਾ ਕਿ, 'ਦਸਮ ਗ੍ਰੰਥ' ਦੇ ਵਿਰੋਧੀ ਸਮਝਦੇ ਹਨ। ਜੇ ਸਬੰਧਤ ਅਸਥਾਨਾਂ ਦੇ ਪ੍ਰਬੰਧਕ ਚਾਹੁਣ ਤਾਂ ਵੀ ਉਹ 'ਦਸਮ ਗ੍ਰੰਥ' ਦਾ ਪ੍ਰਕਾਸ਼ ਕਰਨਾ ਤੁਰੰਤ ਹੀ ਬੰਦ ਨਹੀਂ ਕਰ ਸਕਦੇ। ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਬਦਲਣ ਲਈ ਕਾਫ਼ੀ ਸਮਾਂ ਲਗ ਸਕਦਾ ਹੈ। ਉਸਲਈ ਆਹਿਸਤਾ-ਆਹਿਸਤਾ ਅਜਿਹਾ ਮਾਹੌਲ ਬਣਾਉਣਾ ਹੋਵੇਗਾ ਜਿਸ ਵਿਚ ਲੋਕੀ ਆਪਣੇ-ਆਪ 'ਦਸਮ ਗ੍ਰੰਥ' ਦਾ ਪ੍ਰਕਾਸ਼ ਬੰਦ ਕਰਨਾ ਸਵੀਕਾਰ ਕਰਨ ਲਈ ਤਿਆਰ ਹੋ ਸਕਣ।

ਇਕ ਸੋਚ: 'ਦਸਮ ਗ੍ਰੰਥ' ਦੇ ਬਾਰੇ ਚਲ ਰਹੇ ਵਿਵਾਦ ਦੇ ਸਬੰਧ ਵਿਚ ਜਦੋਂ ਇਕ ਨਿਹੰਗ ਸਿੰਘ ਨਾਲ ਚਰਚਾ ਕੀਤੀ ਗਈ ਤਾਂ ਉਸ ਕਿਹਾ ਕਿ ਇਹ ਵਿਵਾਦ ਬੇਕਾਰ ਤੇ ਫ਼ਜ਼ੂਲ ਹੈ। ਜਦੋਂ ਉਸਨੂੰ ਦਸਿਆ ਗਿਆ ਕਿ ਇਹ ਵਿਵਾਦ ਦਸਮ ਗ੍ਰੰਥ ਵਿਚਲੀਆਂ ਕੁਝ ਅਜਿਹੀਆਂ ਰਚਨਾਵਾਂ ਨੂੰ ਲੈ ਕੇ ਹੋ ਰਿਹਾ ਹੈ, ਜਿਨ੍ਹਾਂ ਦੇ ਸਬੰਧ ਵਿਚ ਕਿਹਾ ਜਾਂਦਾ ਹੈ ਕਿ ਉਹ ਪਰਿਵਾਰ ਵਿਚ ਬੈਠ ਕੇ ਪੜ੍ਹੀਆਂ ਨਹੀਂ ਜਾ ਸਕਦੀਆਂ। ਇਹ ਗਲ ਸੁਣ, ਉਸਨੇ ਬੜੀ ਬੇ-ਬਾਕੀ  ਨਾਲ ਕਿਹਾ ਕਿ ਪਹਿਲੀ ਗਲ ਤਾਂ ਇਹ ਹੈ ਕਿ 'ਦਸਮ ਗ੍ਰੰਥ' ਆਮ ਸਿੱਖਾਂ ਵਿਚ ਪ੍ਰਚਲਤ ਹੀ ਨਹੀਂ ਅਤੇ ਨਾ ਹੀ ਆਮ ਸਿੱਖਾਂ ਦੇ ਪਰਿਵਾਰਾਂ ਵਿਚ ਇਸਦਾ ਪ੍ਰਕਾਸ਼ ਜਾਂ ਪਾਠ ਕੀਤਾ ਜਾਂਦਾ ਹੈ। ਦੂਜੀ ਗਲ ਇਹ ਕਿ ਜੋ ਵਿਅਕਤੀ, ਜਿਵੇਂ ਕਿ ਅਸੀਂ (ਨਿਹੰਗ ਸਿੰਘ) ਇਸਦਾ ਪਾਠ ਕਰਦੇ ਹਾਂ ਤਾਂ ਇਹ ਸਵੀਕਾਰ ਕਰਕੇ ਕਰਦੇ ਹਾਂ ਗੁਰੂ ਸਾਹਿਬ ਨੇ ਇਨ੍ਹਾਂ ਬੁਰਾਈਆਂ ਤੋਂ ਬਚਣ ਦੀ ਸਿਖਿਆ ਦਿਤੀ ਹੈ।
ਜਦੋਂ ਇਕ ਹੋਰ ਵਿਦਵਾਨ ਸਜਣ ਨਾਲ ਇਸ ਵਿਵਾਦ ਬਾਰੇ ਗਲ ਕੀਤੀ ਤਾਂ ਉਸਨੇ ਕਿਹਾ ਕਿ ਜੇ ਨਿਰਪੱਖਤਾ ਨਾਲ ਗਲ ਕੀਤੀ ਜਾਏ, ਤਾਂ ਇਹ ਕਹਿਣ ਤੋਂ ਕੋਈ ਸੰਕੋਚ ਨਹੀਂ ਹੋ ਸਕਦਾ ਕਿ ਨਾ ਤਾਂ ਇਸਦਾ ਵਿਰੋਧ ਕਰਨ ਵਾਲੇ ਅਤੇ ਨਾ ਹੀ ਇਸਦਾ ਪੱਖ ਪੂਰਨ ਵਾਲੇ, ਇਸ ਸਬੰਧੀ ਉਠ ਰਹੇ ਵਿਵਾਦ ਨੂੰ ਕਿਸੇ ਸਿਰੇ ਤੇ ਪਹੁੰਚਾਣ ਪ੍ਰਤੀ ਇਮਾਨਦਾਰ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਇਸ ਸੋਚ ਦਾ ਕਾਰਣ ਇਹ ਹੈ ਕਿ ਕੁਝ ਸਮਾਂ ਪਹਿਲਾਂ ਪ੍ਰੋ. ਦਰਸ਼ਨ ਸਿੰਘ ਨੇ ਸੁਝਾਉ ਦਿਤਾ ਸੀ ਕਿ ਵਿਦਵਾਨਾਂ ਦੀ ਇਕ ਕਮੇਟੀ ਬਣਾ ਕੇ ਗੰਭੀਰਤਾ ਨਾਲ ਇਸ ਗਲ ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈੇ, ਕਿ ਦਸਮ ਗ੍ਰੰਥ ਵਿਚਲੀਆਂ ਕਿਹੜੀਆਂ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਅਨੁਕੂਲ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਵਾਨਤ ਮੰਨੀਆਂ ਜਾ ਸਕਦੀਆਂ ਹਨ ਅਤੇ ਕਿਹੜੀਆਂ ਨਹੀਂ। ਇਹ ਨਿਰਣਾ ਕਰਨ ਉਪਰੰਤ ਦੋਹਾਂ ਨੂੰ ਵਖੋ-ਵਖ ਜਿਲਦਾਂ ਵਿਚ ਪ੍ਰਕਾਸ਼ਤ ਕਰ ਲਿਆ ਜਾਏ। ਇਸ ਵਿਦਵਾਨ ਸਜਣ ਦਾ ਕਹਿਣਾ ਸੀ ਕਿ ਉਨ੍ਹਾਂ (ਪ੍ਰੋ. ਦਰਸ਼ਨ ਸਿੰਘ) ਦਾ ਇਹ ਸੁਝਾਉ ਬਹੁਤ ਹੀ ਸਾਰਥਕ ਅਤੇ ਸੁਆਗਤਯੋਗ ਸੀ, ਜਿਸ ਪੁਰ ਅਮਲ ਕਰਨ ਦੇ ਨਾਲ ਦਸਮ ਗ੍ਰੰਥ ਦੇ ਸਬੰਧ ਵਿਚ ਚਲ ਰਹੇ ਵਿਵਾਦ ਨੂੰ ਹਲ ਕਰ ਲਿਆ ਜਾ ਸਕਦਾ ਸੀ, ਪਰ ਅਫਸੋਸ ਦੀ ਗਲ ਇਹ ਹੈ ਕਿ ਉਨ੍ਹਾਂ ਦੇ ਇਸ ਸੁਝਾਉ ਨੂੰ ਨਾ ਤਾਂ ਕਿਸੇ ਪੱਖ ਵਲੋਂ ਹੁੰਗਾਰਾ ਮਿਲਿਆ ਅਤੇ ਨਾ ਹੀ ਪ੍ਰੋ. ਦਰਸ਼ਨ ਸਿੰਘ ਆਪ ਹੀ ਇਸ ਪੁਰ ਦ੍ਰਿੜ੍ਹਤਾ ਦੇ ਨਾਲ ਪਹਿਰਾ ਦੇ ਸਕੇ। ਜਿਸਤੋਂ ਇਹ ਸ਼ੰਕਾ ਪੈਦਾ ਹੋਣੀ ਸੁਭਾਵਕ ਹੈ ਕਿ ਇਹ (ਦਸਦਮ ਗ੍ਰੰਥ ਬਾਰੇ) ਅਤੇ ਅਜਿਹੇ ਹੋਰ ਵਿਵਾਦ, ਜੋ ਸਮੇਂ-ਸਮੇਂ ਛੇੜੇ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਦਾ ਉਦੇਸ਼ ਵਿਵਾਦਾਂ ਨੂੰ ਹਲ ਕਰਨ ਦਾ ਕੋਈ ਰਾਹ ਤਲਾਸ਼ਣਾ ਨਹੀਂ ਹੁੰਦਾ, ਸਗੋਂ ਉਨ੍ਹਾਂ ਨਾਲ ਪੈਦਾ ਹੋਣ ਵਾਲੀ ਅੱਗ ਪੁਰ ਸੁਆਰਥ ਦੀਆਂ ਰੋਟੀਆਂ ਸੇਂਕਣਾ ਹੀ ਹੰਦਾ ਹੈ।     
ਉਨ੍ਹਾਂ ਕਿਹਾ ਕਿ 'ਦਸਮ ਗ੍ਰੰਥ' ਬਾਰੇ ਚਲੇ ਆ ਰਹੇ ਵਿਵਾਦ ਨੂੰ ਹਲ ਕਰਨ ਲਈ, ਦਸਮ ਗ੍ਰੰਥ ਦੀਆਂ ਸਮੁਚੀਆਂ ਬਾਣੀਆਂ ਦੀ ਘੋਖ ਕਰਨ ਲਈ ਵਿਰੋਧੀਆਂ, ਸਮਰਥਕਾਂ ਅਤੇ ਵਿਚ-ਵਿਚਾਲੇ ਦੀ ਸੋਚ ਰਖਣ ਵਾਲੇ ਵਿਦਵਾਨਾਂ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਹਰ ਧਿਰ ਨੂੰ ਇਹ ਗਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਪੱਖ ਨੁੰ ਦਲੀਲ ਸਹਿਤ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਇਸਤਰ੍ਹਾਂ ਦੀ ਕਮੇਟੀ ਵਲੋਂ ਨਿਰਣਾ ਕਰਨ ਵਿਚ ਭਾਵੇਂ ਲੰਮਾਂ ਸਮਾਂ ਲਗ ਸਕਦਾ ਹੈ, ਪਰ ਉਸਦਾ ਜੋ ਵੀ ਨਿਰਣਾ ਹੋਵੇਗਾ ਉਹ ਸਾਰਿਆਂ ਨੂੰ ਪ੍ਰਵਾਨ ਹੋਵੇਗਾ, ਕਿਉਂਕਿ ਸਾਰੇ ਪੱਖਾਂ ਦੀਆਂ ਦਲੀਲਾਂ ਪੁਰ ਸਰਬ-ਪੱਖੀ ਵਿਚਾਰ-ਵਟਾਂਦਰਾ ਕਰਨ ਉਪਰੰਤ ਹੀ ਅੰਤਿਮ ਨਿਰਣਾ ਸਾਹਮਣੇ ਆਇਗਾ।

...ਅਤੇ ਅੰਤ ਵਿਚ: ਆਏ ਦਿਨ ਸਿੱਖਾਂ ਵਿੱਚ ਪੈਦਾ ਕੀਤੇ ਜਾ ਰਹੇ ਨਵੇਂ ਤੋਂ ਨਵੇਂ ਵਿਵਾਦਾਂ ਦੇ ਸਬੰਧ ਵਿਚ ਇਕ ਗੁਰਸਿੱਖ ਦਾ ਕਹਿਣਾ ਹੈ ਕਿ ਇਨ੍ਹਾਂ ਵਿਵਾਦਾਂ ਨੂੰ ਵਧਾ ਕੇ ਸਿੱਖਾਂ ਦੀ ਸਥਿਤੀ ਨੂੰ ਹਾਸੋਹੀਣਾ ਬਣਾਉਣ ਦੀ ਬਜਾਏ ਗੁਰੂ ਸਾਹਿਬਾਨ ਵਲੋਂ ਅਜਿਹੇ ਵਿਵਾਦਾਂ ਨੂੰ ਹਲ ਕਰਨ ਲਈ 'ਆਪਸੀ ਸੰਵਾਦ' ਨੂੰ ਅਪਨਾਏ ਜਾਣ ਦਾ ਜੋ ਮਾਰਗ ਵਿਖਾਇਆ ਗਿਆ ਹੈ, ਉਸ ਪੁਰ ਚਲਣ ਦੀ ਸੋਚ ਨੂੰ ਕਿਉਂ ਅਣਗੋਲਿਆਂ ਕੀਤਾ ਜਾ ਰਿਹਾ ਹੈ?000   

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085