ਜੰਮੂ ਕਸ਼ਮੀਰ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰਨਾ,ਇੱਕ ਹੋਰ ਬਟਵਾਰੇ ਵਰਗਾ ਵਰਤਾਰਾ - ਬਘੇਲ ਸਿੰਘ ਧਾਲੀਵਾਲ

ਦੇਸ਼ ਦੀ ਅਜਾਦੀ ਦੇ ਸਮੇ ਪੰਜਾਬ ਦਾ ਸੀਨਾ ਚੀਰ ਕੇ ਜੋ ਬਟਵਾਰਾ ਕੀਤਾ ਗਿਆ,ਉਹਦਾ ਦਰਦ ਚੜਦੇ ਅਤੇ ਲਹਿੰਦੇ ਪੰਜਾਬ ਦੇ ਬਸਿੰਦਿਆਂ ਨੂੰ ਅੱਜ ਵੀ ਬੇਚੈਨ ਕਰਦਾ ਹੈ।ਉਸ ਸਮੇ ਦੀ ਵੰਡ ਨੇ ਜਿੱਥੇ ਪੰਜਾਬੀ ਸੱਭਿਆਚਾਰ ਲਹੂ ਲੁਹਾਣ ਕੀਤਾ,10 ਲੱਖ ਪੰਜਾਬੀਆ ਦਾ ਘਾਣ ਹੋਇਆ,ਓਥੇ ਪੰਜਾਬੀ ਬੋਲੀ ਤੇ ਵੀ ਅਜਿਹਾ ਫਿਰਕੂ ਵਾਰ ਹੋਇਆ ਕਿ ਅੱਜ ਵੀ ਲਹਿੰਦੇ ਪੰਜਾਬ ਦੇ ਪੰਜਾਬੀ ਅਪਣੀ ਮਾਂ ਬੋਲੀ ਨਾਲ ਹੋਏ ਧੱਕੇ ਦੀ ਦਾਸਤਾਨ ਸੁਣਾਉਂਦੇ ਧਾਹਾਂ ਮਾਰ ਕੇ ਰੋਣ ਲੱਗ ਜਾਂਦੇ ਹਨ ਅਤੇ ਪੰਜਾਬੀ ਬੋਲੀ ਦੀ ਹੋਂਦ ਦੀ ਲੜਾਈ ਲੜ ਰਹੇ ਹਨ।ਅਜਿਹਾ ਹੀ ਇੱਕ ਹੋਰ ਵਰਤਾਰਾ ਜੰਮੂ ਕਸ਼ਮੀਰ ਚ ਵਾਪਰਿਆ ਹੈ ਜਿੱਥੇ ਕੇਂਦਰ ਸਰਕਾਰ ਨੇ ਪੰਜਾਬੀ ਨੂੰ ਜਲਾਵਤਨ ਕਰਨ ਦਾ ਮੰਦਭਾਗਾ ਫੈਸਲਾ ਕੀਤਾ ਹੈ। 2014 ਤੋ ਬਾਅਦ ਦਾ ਦੌਰ ਭਾਰਤੀ ਜਨਤਾ ਪਾਰਟੀ ਲਈ ਸੁਨਿਹਰੀ ਦੌਰ ਕਿਹਾ ਜਾ ਸਕਦਾ ਹੈ , ਜਦੋ 16ਵੀਂਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਭਾਰੀ ਬਹੁਮੱਤ ਹਾਸਲ ਕਰਕੇ ਕੇਂਦਰ ਵਿੱਚ ਸਰਕਾਰ ਬਨਾਉਣ ਵਿੱਚ ਕਾਮਯਾਬ ਹੋ ਗਈ। ਬਿਨਾ ਸ਼ੱਕ ਹਿੰਦੂ ਰਾਸ਼ਟਰ ਵਾਲਾ ਪੈਂਤੜਾ ਭਾਰਤੀ ਜਨਤਾ ਪਾਰਟੀ ਦੇ ਬੇਹੱਦ ਰਾਸ ਆਇਆ ਹੈ। 2014 ਅਤੇ 2019 ਵਿੱਚ ਮਿਲਿਆ ਰਿਕਾਰਡਤੋੜ ਬਹੁਮੱਤ ਪਾਰਟੀ ਦੇ ਹਿੰਦੂ ਰਾਸ਼ਟਰ ਵਾਲੇ ਏਜੰਡੇ ਦੀ ਕਰਾਮਾਤ ਹੀ ਹੈ,ਜਿਸ ਨੂੰ ਪਾਰਟੀ ਬਹੁਤ ਚੰਗੀ ਤਰਾਂ ਸਮਝਦੀ ਵੀ ਹੈ,ਇਹੋ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਅਪਣੇ ਕੌਂਮੀ ਨਿਸ਼ਾਨੇ ਦੀ ਪੂਰਤੀ ਵੱਲ ਬੇਝਿਜਕ ਵਧਦੀ ਜਾ ਰਹੀ ਹੈ। ਬੇਸ਼ੱਕ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਤਕਰੇਵਾਜੀ ਦੇਸ਼ ਦੀ ਅਜਾਦੀ ਦੇ ਸਮੇ ਤੋ ਹੀ ਚੱਲਦੀ ਆ ਰਹੀ ਹੈ,ਪਰੰਤੂ ਦੇਸ਼ ਅੰਦਰ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਬੇਕਿਰਕੀ ਨਾਲ ਕੁਚਲਣ  ਦਾ ਦੌਰ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਨਣ ਤੋ ਬਾਅਦ ਹੀ ਅਰੰਭ ਹੋਇਆ। ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੱਧ ਅਧਿਕਾਰ ਦੇਣ ਵਾਲੀ ਸਵਿਧਾਂਨ ਦੀ ਧਾਰਾ 370 ਹਟਾਉਣ ਦੀ ਗੱਲ ਹੋਵੇ ਜਾਂ ਅਯੁੱਧਿਆ ਦੇ ਰਾਮ ਮੰਦਰ ਦੀ ਉਸਾਰੀ ਦਾ ਮਸਲਾ ਹੋਵੇ,ਭਾਜਪਾ ਦੀ ਮੋਦੀ ਸਰਕਾਰ ਨੇ ਬਗੈਰ ਵਿਰੋਧੀ ਪਾਰਟੀਆਂ ਦੇ ਵਿਰੋਧ ਦੀ ਪ੍ਰਵਾਹ ਕੀਤਿਆਂ ਅਪਣੇ ਨਿਸ਼ਾਨੇ ਨੂੰ ਪੂਰਾ ਕਰਕੇ ਹੀ ਦਮ ਲਿਆ ਹੈ।ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਲਈ ਭਾਵੇਂ ਕੇਂਦਰ ਸਰਕਾਰ ਨੂੰ ਕਸ਼ਮੀਰੀਆਂ ਦੇ ਜਿਉਣ ਦੇ ਸਾਰੇ ਹੱਕ ਖੋਹਕੇ ਉਹਨਾਂ ਨੂੰ ਅਣਮਿਥੇ ਸਮੇ ਕਈ ਘਰਾਂ ਚ ਨਜਰਬੰਦ ਵੀ ਕਰਨਾ ਪਿਆ,ਸਰਕਾਰ ਨੇ ਕੋਈ ਪ੍ਰਵਾਹ ਨਹੀ ਕੀਤੀ ਤੇ ਬਗੈਰ ਦੇਰੀ ਕੀਤਿਆਂ ਫੌਰੀ ਐਕਸ਼ਨ ਲਿਆ,ਤਾਂ ਕਿ ਨਿਸਾਨੇ ਸਰ ਕਰਨ ਵਿੱਚ ਕਿਸੇ ਵੀ ਕਿਸਮ ਦੀ ਰੁਕਾਬਟ ਨਾ ਪੈ ਸਕੇ।ਇਸ ਤੋ ਇਲਾਵਾ ਦਿੱਲੀ ਦੇ ਪੁਰਾਤਨ ਰਵਿਦਾਸ ਮੰਦਰ ਨੂੰ ਤੋੜਨਾ,ਉਡੀਸਾ ਵਿੱਚ ਪਰਾਤਨ ਗੁਰਦੁਆਰਾ ਮੰਗੂ ਮੱਠ ਨੂੰ ਤੋੜਨਾ ਵੀ ਭਾਜਪਾ ਦੀ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਮਨੋਬਲ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਨਾਉਣ ਵਾਲੇ ੲਜੰਡੇ ਦੀ ਹੀ ਕੜੀ ਹੈ,ਜਿਸ ਨੂੰ ਸਮਝਣਾ ਤੇ ਮੰਨਣਾ ਨਾ ਹੀ ਸਿੱਖਾਂ ਨੇ ਮੁਨਾਸਿਬ ਸਮਝਿਆ ਅਤੇ ਨਾ ਹੀ ਦੇਸ਼ ਦੇ ਵੱਡੀ ਗਿਣਤੀ ਦਲਿਤ ਭਾਈਚਾਰੇ ਨੇ ਕੇਂਦਰ ਸਰਕਾਰ ਦੇ ਨਾਗਪੁਰੀ ਏਜੰਡੇ ਦੀ ਕੋਈ ਪ੍ਰਵਾਹ ਕਰਨ ਦੀ ਲੋੜ ਸਮਝੀ।ਗੱਲ ਇੱਥੇ ਹੀ ਨਹੀ ਰੁਕੀ,ਬਲਕਿ ਇਸ ਤੋ ਬਹੁਤ ਅੱਗੇ ਲੰਘ ਚੁੱਕੀ ਹੈ। ਕੇਂਦਰ ਸਰਕਾਰ ਕਦਮ ਦਰ ਕਦਮ ਅੱਗੇ ਵੱਧ ਰਹੀ ਹੈ।ਸਭ ਤੋ ਪਹਿਲਾ ਉਹਨਾਂ ਦਾ ਨਿਸਾਨਾ ਜੰਮੂ ਕਸ਼ਮੀਰ ਦੀ ਅਜਾਦੀ ਖੋਹ ਕੇ ਇਸ ਅਜਾਦ ਰਾਜ ਨੂੰ ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਅਧੀਨ ਕਰਨ ਦਾ ਸੀ,ਜਿਸ ਨੂੰ ਉਹਨਾਂ ਪੂਰਾ ਕਰਕੇ ਹੀ ਦਮ ਲਿਆ। ਭਾਂਵੇ ਮੁਸਲਮਾਨ ਭਾਈਚਾਰੇ ਦੇ ਲੋਕ ਹਮੇਸਾਂ ਤੋ ਹੀ ਭਾਰਤੀ ਜਨਤਾ ਪਾਰਟੀ ਦੇ ਲਗਾਤਾਰ ਨਿਸਾਨੇ ਤੇ ਰਹਿੰਦੇ ਰਹੇ ਹਨ,ਪਰ ਕੇਂਦਰ ਵਿੱਚ ਸੱਤਾ ਹਾਸਿਲ ਕਰਨ ਤੋ ਬਾਅਦ ਸਭ ਤੋ ਪਹਿਲਾਂ ਉਹਨਾਂ ਦਾ ਵੱਡਾ ਨਿਸਾਨਾ ਜੰਮੂ ਕਸ਼ਮੀਰ ਨੂੰ ਸਰ ਕਰਨ ਦਾ ਸੀ,ਜਿਸ ਨੂੰ ਉਹਨਾਂ ਬਹੁਤ ਸੌਖਿਆਂ ਹੀ ਹਾਸਲ ਕਰ ਲਿਆ। ਭਾਜਪਾ ਦੇ ਕੰਮ ਕਰਨ ਦੇ ਢੰਗ ਤੋ ਚਿੰਤਤ ਘੱਟ ਗਿਣਤੀਆਂ ਦੇ ਸੂਝਵਾਨ ਲੋਕਾਂ ਅਤੇ ਦੇਸ਼ ਦੇ ਖਾਸ ਕਰਕੇ ਪੰਜਾਬ  ਦੇ ਜਮਹੂਰੀਅਤ ਪਸੰਦ ਲੋਕਾਂ ਦਾ ਇਹ ਖਦਸ਼ਾ ਹਮੇਸਾਂ ਰਿਹਾ ਹੈ ਕਿ ਭਾਜਪਾ ਦਾ ਅਗਲਾ ਨਿਸਾਨਾ ਪੰਜਾਬ ਹੋ ਸਕਦਾ ਹੈ,ਕਿਉਕਿ ਜੰਮੂ ਕਸ਼ਮੀਰ ਤੋ ਬਾਅਦ ਕੇਂਦਰ ਸਰਕਾਰ ਦੇ ਭਾਰਤ ਦੀ ਧਰਮ ਨਿਰਪੱਖਤਾ ਨੂੰ ਦਾਅ ਤੇ ਲਾ ਕੇ ਹਿੰਦੂ ਸਾਮਰਾਜ ਉਸਾਰਨ ਦੇ ਅਜੰਡੇ ਨੂੰ ਪੂਰਾ ਕਰਨ ਵਿੱਚ ਜੇ ਕੋਈ ਰੁਕਾਬਟ ਬਣ ਸਕਦਾ ਹੈ,ਉਹ ਬਿਨਾ ਸ਼ੱਕ ਪੰਜਾਬ ਹੈ,ਜਿਸ ਨੂੰ ਕਾਬੂ ਕਰਨ ਲਈ ਵੀ ਭਾਜਪਾ ਦੀ ਕੇਂਦਰ ਸਰਕਾਰ ਲੰਮੇ ਸਮੇ ਤੋ ਕੰਮ ਕਰ ਰਹੀ ਹੈ।ਜਿਸਤਰਾਂ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਵਿੱਚ ਘੁਸਪੈਂਠ ਕਰਕੇ ਸਿੱਖੀ ਸਿਧਾਂਤਾਂ ਨੂੰ ਤੋੜਨਾ ਅਤੇ ਸਿੱਖ ਕੌਂਮ ਦੀ ਤਾਕਤ ਨੂੰ ਕਮਜੋਰ ਕਰਨ ਲਈ ਧੜੇਬੰਦੀਆਂ ਪੈਦਾ ਕਰਨਾ ਵੀ ਭਾਜਪਾ ਦੇ ਨਾਗਪੁਰੀ ਅਜੰਡੇ ਦਾ ਚਿਰੋਕਣਾ ਨਿਸਾਨਾ ਹੈ,ਜਿਸ ਵਿੱਚ ਬਹੁਤ ਹੱਦ ਤੱਕ ਉਹ ਸਫਲ ਵੀ ਹੋ ਚੁੱਕੇ ਹਨ,ਪਰੰਤੂ ਇਸ ਦੇ ਬਾਵਜੂਦ ਵੀ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ।ਹਿੰਦੂ ਰਾਸ਼ਟਰ ਬਨਾਉਣ ਲਈ ਕੁੱਝ ਸਮਾ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਨਾਹਰਾ ਦਿੱਤਾ ਸੀ,ਜਿਸ ਤਹਿਤ ਉਹ ਸੂਬਿਆਂ ਦੀਆਂ ਮਾਤ ਭਾਸ਼ਾਵਾਂ ਖਤਮ ਕਰਕੇ ਹਿੰਦੀ ਥੋਪਣਾ ਚਾਹੁੰਦੇ ਸਨ,ਉਸ ਦਾ ਦੇਸ਼ ਵਿੱਚ ਵੱਡੀ ਪੱਧਰ ਤੇ ਵਿਰੋਧ ਹੋਇਆ,ਬਹੁਤ ਸਾਰੇ ਸੂਬਿਆਂ ਨੇ ਕੇਂਦਰ ਦੇ ਇਸ ਫੈਸਲੇ ਨੂੰ ਮੁੱਢੋ ਹੀ ਖਾਰਜ ਕਰ ਦਿੱਤਾ,ਜਿਸ ਕਰਕੇ ਕੇਂਦਰ ਨੂੰ ਅਪਣੇ ਇਸ ਫੈਸਲੇ ਤੇ ਚੁੱਪ ਵੱਟਣੀ ਪਈ।ਕੇਂਦਰ ਦੀ ਚੁੱਪ ਦਾ ਮਤਲਬ ਇਹ ਨਹੀ ਕਿ ਕੇਂਦਰ ਨੇ ਅਪਣਾ ਫੈਸਲਾ ਬਦਲ ਲਿਆ ਹੈ,ਬਲਕਿ ਉਹਨਾਂ ਨੇ ਦੇਸ਼ ਦੇ ਲੋਕਾਂ ਦੇ ਪ੍ਰਤੀਕਰਮ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਬੇਹੱਦ ਸਿਆਣਪ ਤੋ ਕੰਮ ਲਿਆ ਹੈ।ਉਹਨਾਂ ਨੇ ਹੁਣ ਇਸ ਆਸ਼ੇ ਦੀ ਪੂਰਤੀ ਲਈ ਸਭ ਤੋ ਪਹਿਲਾਂ ਪੰਜਾਬ ਨੂੰ ਨਿਸਾਨਾ ਬਣਾਇਆ ਹੈ।ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਐਲਾਨੇ ਜਾਣ ਤੋ ਬਾਅਦ ਹੁਣ ਚੁੱਪ ਚਾਪ ਉੱਥੋ ਦੀਆਂ ਭਾਸ਼ਾਵਾਂ ਚੋ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਹੈ ਤੇ ਹਿੰਦੀ ਨੂੰ ਸ਼ਾਮਲ ਕਰ ਦੱਤਾ ਗਿਆ ਹੈ।1849 ਤੱਕ ਖਾਲਸਾ ਰਾਜ ਦਾ ਹਿੱਸਾ ਰਹੇ ਕਸ਼ਮੀਰ ਨੂੰ ਪੰਜਾਬੀ ਭਾਸ਼ਾ ਤੋਂ ਅਲੱਗ ਕਿਵੇਂ ਕੀਤਾ ਜਾ ਸਕਦਾ ਹੈ।ਕੇਂਦਰ ਦੇ ਇਸ ਪੰਜਾਬੀ ਵਿਰੋਧੀ ਫੈਸਲੇ ਦਾ ਪੰਜਾਬੀਆਂ ਨੂੰ ਡਟਕੇ ਵਿਰੋਧ ਕਰਨਾ ਚਾਹੀਦਾ ਹੈ,ਅਤੇ ਦੱਸਣਾ ਚਾਹੀਦਾ ਹੈ ਕਿ ਜਦੋਂ ਬਦੇਸ਼ਾ ਵਿੱਚ ਪੰਜਾਬੀ ਨੂੰ ਮਾਨਤਾ ਮਿਲ ਰਹੀ ਹੈ, ਉਸ ਮੌਕੇ ਭਾਰਤ ਸਰਕਾਰ ਦੇ ਪੰਜਾਬੀ ਨੂੰ ਖਤਮ ਕਰਨ ਦੇ ਇਰਾਦੇ ਸਫਲ ਨਹੀ ਹੋਣ ਦਿੱਤੇ ਜਾਣਗੇ। ਲੋਕ ਸਭਾ ਅਤੇ ਰਾਜ ਸਭਾ ਚ ਇਸ ਬਿਲ ਨੂੰ ਪਾਸ ਹੋਣ ਤੋ ਰੁਕਵਾਇਆ ਜਾਣਾ ਚਾਹੀਦਾ ਹੈ। ਇੱਥੇ ਇੱਕ ਹੋਰ ਕੌੜਾ ਸੱਚ ਬੜੇ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਜਦੋ ਵੀ ਕੇਂਦਰ ਦੀਆਂ ਸਿੱਖਾਂ ਅਤੇ ਪੰਜਾਬ ਨਾਲ ਵਧੀਕੀਆਂ ਦਾ ਕੋਈ ਗੰਭੀਰ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਾਡੇ ਅਪਣੇ ਉਸ ਦੋਸ਼ ਚ ਭਾਗੀਦਾਰ ਦਿਖਾਈ ਦਿੰਦੇ ਹਨ,ਜਿੰਨਾਂ ਤੋ ਅਸੀ ਲੋਕ ਸਭਾ ਅਤੇ ਰਾਜ ਸਭਾ ਚ ਅਵਾਜ ਬੁਲੰਦ ਕਰਨ ਦੀ ਬੇਸਮਝੀ ਵਾਲੀ ਆਸ ਰਖਦੇ ਹਾਂ,ਉਹ ਲੋਕ ਤਾਂ ਕਿਸੇ ਵੀ ਪੰਜਾਬ ਵਿਰੋਧੀ ਫੈਸਲੇ ਦਾ ਵਿਰੋਧ ਕਰਨ ਦੀ ਬਜਾਏ ਹਮੇਸਾਂ ਪੰਜਾਬ ਅਤੇ ਪੰਥ ਦੇ ਖਿਲਾਫ ਭੁਗਤਦੇ ਹਨ।ਬੇਸ਼ੱਕ ਕਿਸਾਨੀ ਸਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਦਾ ਮੁੱਦਾ ਹੋਵੇ ਜਾਂ ਉਸ ਤੋ ਪਹਿਲਾਂ ਜੰਮੂ ਕਸ਼ਮੀਰ ਵਿੱਚੋ ਧਾਰਾ 370 ਹਟਾਉਣ ਦੀ ਗੱਲ ਹੋਵੇ,ਭਾਜਪਾ ਦੇ ਭਾਈਵਾਲ ਅਪਣੀ ਪਾਰਟੀ ਦੇ ਵਿਧਾਨ ਦੇ ਖਿਲਾਫ ਜਾ ਕੇ ਵੀ ਸਰਕਾਰ ਦੇ ਹੱਕ ਵਿੱਚ ਭੁਗਤੇ ਸਨ,ਜਦੋਂ ਕਿ ਅਕਾਲੀ ਦਲ ਨੇ ਇਹ ਕਦੇ ਵੀ ਯਾਦ ਕਰਨ ਦੀ ਕੋਸ਼ਿਸ਼ ਨਹੀ ਕੀਤੀ  ਕਿ ਗੁਜਰਾਤੀ ਕਦੇ ਵੀ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਦੇ ਹਿਤੈਸੀ ਨਹੀਂ ਰਹੇ। ਅਜਾਦੀ ਤੋ ਤੁਰੰਤ ਬਾਅਦ ਸਿਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਗਰਦਾਨਣ ਵਾਲਾ ਪਟੇਲ ਵੀ ਗੁਜਰਾਤੀ ਸੀ। ਨਰੇਂਦਰ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦੇ ਹੋਏ ਸਿੱਖ ਪਟੇਦਾਰਾਂ ਨੂੰ ਗੁਜਰਾਤ ਚੋ ਉਜਾੜਿਆ ਅਤੇ ਮੁਸਲਮਾਨਾਂ ਦਾ ਕਤਲਿਆਮ ਕੀਤਾ,ਪ੍ਰੰਤੂ ਅਕਾਲੀ ਦਲ ਨੇ ਕਦੇ ਵੀ ਭਾਜਪਾ ਦੇ ਕਿਸੇ ਵੀ ਘੱਟ ਗਿਣਤੀ ਵਿਰੋਧੀ,ਦਲਿਤ ਵਿਰੋਧੀ ਜਾਂ ਕਿਸਾਨਾਂ ਵਿਰੋਧੀ ਫੈਸਲਿਆਂ ਦਾ ਵਿਰੋਧ ਨਹੀ ਕੀਤਾ,ਬਲਕਿ ਚੁੱਪ ਕਰਕੇ ਦਸਤਖਤ ਕਰ ਦਿੰਦੇ ਹਨ ਤੇ ਬਾਅਦ ਵਿੱਚ ਰੌਲਾ ਪੈਣ ਤੇ ਕਦੇ ਖੇਤੀ ਮੰਤਰੀ ਨੂੰ ਚਿੱਠੀ ਲਿਖਣ ਦਾ ਨਾਟਕ ਕਰਦੇ ਹਨ ਤੇ ਹੁਣ ਜੰਮੂ ਕਸ਼ਮੀਰ ਚੋ ਪੰਜਾਬੀ ਨੂੰ ਖਤਮ ਕਰਨ ਤੇ ਵੀ ਸੁਣਿਆ ਹੈ ਕਿ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ,ਪਰ ਕਮਾਲ ਦੀ ਗੱਲ ਇਹ ਹੈ ਕਿ ਕਿੰਨੇ ਫੈਸਲੇ ਕੇਂਦਰ ਨੇ ਅਜਿਹੇ ਕੀਤੇ ਹਨ,ਜਿੰਨਾਂ ਦਾ ਅਕਾਲੀ ਦਲ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਸੀ,ਪਰ ਸਾਰੇ ਹੀ ਫੈਸਲਿਆਂ ਵਿੱਚ ਕੇਂਦਰ ਦੇ ਹੱਕ ਚ ਭੁਗਤ ਕੇ ਮਹਿਜ ਸੱਤਾ ਦੀ ਕੁਰਸੀ ਬਚਾਉਣ ਖਾਤਰ ਅਪਣੇ ਲੋਕਾਂ ਦੇ ਵਿਰੋਧ ਚ ਭੁਗਤ ਦੇ ਰਹੇ ਹਨ,ਜਿਸ ਦਾ ਖਮਿਆਜਾ ਪੰਜਾਬੀਆਂ,ਖਾਸ ਕਰਕੇ ਸਿੱਖਾਂ ਨੂੰ ਭੁਗਤਣਾ ਵੀ ਪਿਆ ਹੈ ਤੇ ਭੁਗਤਦੇ ਵੀ ਰਹਿਣਗੇ। ਜੰਮੂ ਕਸ਼ਮੀਰ ਚੋ ਪੰਜਾਬੀ ਨੂੰ ਜਲਾਵਤਨ ਕਰਨਾ ਕਿਸੇ ਵੀ ਤਰਾਂ ਜਾਇਜ ਨਹੀ ਕਿਉਕਿ ਮਹਾਰਾਜਾ ਰਣਜੀਤ ਸਿਮਘ ਦੇ ਖਾਲਸਾ ਰਾਜ ਨੇ ਜੋ ਪੰਜਾਬੀ ਅਤੇ ਕਸ਼ਮੀਰੀਆਂ ਦੀ ਗੂਹੜੀ ਸਾਂਝ ਪਾਈ ਹੈ,ਉਹਨੂੰ ਅਜਿਹੇ ਕਰੂਰ ਫੈਸਲੇ ਤੋੜ ਨਹੀ ਸਕਦੇ,ਪਰ ਪੰਜਾਬੀਆਂ ਵੱਲੋਂ ਇਹ ਜਰੂਰ ਸਮਝਿਆ  ਜਾਵੇਗਾ ਕਿ 1947 ਚ ਜੋ ਪੰਜਾਬ,ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੇ ਖਾਤਮੇ ਦੀ ਲਹਿਰ ਉਸ ਮੌਕੇ ਦੀਆਂ ਫਿਰਕੂ ਤਾਕਤਾਂ ਨੇ ਚਲਾਈ ਸੀ,ਉਹ ਰੁਕੀ ਨਹੀ ਬਲਕਿ ਹੁਣ ਕਿਸੇ ਹੋਰ ਰੂਪ ਵਿੱਚ ਮੁੜ ਪਰਬਲ ਹੋ ਰਹੀ ਹੈ।ਸੋ ਪੰਜਾਬੀਆਂ ਦੇ ਮਨਾਂ ਚ ਪੈਦਾ ਹੋਇਆ ਅਜਿਹਾ ਖਦਸ਼ਾ ਅਤੇ ਰੋਸ ਨਿਰਸੰਦੇਹ ਬੇਗਾਨਗੀ ਦੀ ਭਾਵਨਾ ਨੂੰ ਹੋਰ ਪਰਪੱਕ ਕਰੇਗਾ,ਇਸ ਲਈ ਅਜਿਹੇ ਫੈਸਲਿਆਂ ਤੇ ਕੇਂਦਰ ਨੂੰ ਬਿਨਾ ਦੇਰੀ ਕੀਤਿਆਂ ਰੋਕ ਲਾਉਣੀ ਚਾਹੀਦੀ ਹੈ।

ਬਘੇਲ ਸਿੰਘ ਧਾਲੀਵਾਲ
99142-58142