ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

07 Sep. 2020

ਵਜ਼ੀਫ਼ਾ ਘੁਟਾਲਾ: ਹਰਸਿਮਰਤ ਨੇ ਅਮਰਿੰਦਰ ‘ਤੇ ਲਾਏ ਨਿਸ਼ਾਨੇ-ਇਕ ਖ਼ਬਰ
ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲੀਏ।

ਆਪਣੀ ਪਾਰਟੀ ਦੀ ਸਰਕਾਰ ਨੂੰ ਦੂਲੋਂ ਨੇ ਫਿਰ ਘੇਰਿਆ- ਇਕ ਖ਼ਬਰ
ਤੇਰੀ ਤੋੜ ਕੇ ਛੱਡਣਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲੀਏ।

ਖੇਤੀ ਆਰਡੀਨੈਂਸਾਂ ਦੇ ਹੱਕ ‘ਚ ਬਿਆਨ ਦੇਣ ਲਈ ਬਾਦਲ ਆਪਣੀ ਮਜਬੂਰੀ ਦੱਸੇ- ਜਾਖੜ
ਕੁੰਜੀਆਂ ਦੱਸ ਦਿੰਨੀ ਆਂ, ਮੇਰੇ ਪੁੱਤ ਦੇ ਛਵ੍ਹੀ ਨਾ ਮਾਰੀਂ ।

ਅਰੂਸਾ ਦੇ ਵੀਜ਼ੇ ਦੀ ਸਥਿਤੀ ਜਨਤਕ ਕੀਤੀ ਜਾਵੇ- ਭਗਵੰਤ ਮਾਨ
ਮੁੰਡੇ ਤੈਨੂੰ ਰੋਜ਼ ਪੁੱਛਦੇ, ਇਹ ਪੰਜੇਬਾਂ ਵਾਲ਼ੀ ਕੌਣ ਏ।

ਭਾਰਤ ਚੀਨ ਵਿਵਾਦ ਦੌਰਾਨ ਪਾਕਿ ਨਾਜਾਇਜ਼ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਨਾ ਕਰੇ- ਫੌਜ ਮੁਖੀ ਰਾਵਤ
ਆਮ ਆਦਮੀ ਪਾਰਟੀ ਦੀ ਰੁਚੀ ਸਿਰਫ਼ ਆਪਣੇ ਸਿਆਸੀ ਏਜੰਡੇ ‘ਚ- ਅਮਰਿੰਦਰ ਸਿੰਘ
ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਪਠਾਨਕੋਟ ‘ਚ ਬੇਰੋਜ਼ਗਾਰ ਨੌਜਵਾਨਾਂ ਨੇ ਸੰਨੀ ਦਿਓਲ ਖ਼ਿਲਾਫ਼ ਕੀਤਾ ਮੁਜ਼ਾਹਰਾ- ਇਕ ਖ਼ਬਰ
ਉਹ ਵੀ ਦਿਨ ਯਾਦ ਕਰੋ ਜਦੋਂ ਸੰਨੀ ਦੇ ਰੋਡ ਸ਼ੋਅ ‘ਚ ਭੰਗੜਾ ਪਾਉਂਦੇ ਸੀ।

ਬਾਦਲਾਂ ਨੂੰ ਕਿਸਾਨੀ ਨਾਲੋਂ ਪਰਵਾਰ ਦੀ ਕੁਰਸੀ ਪਿਆਰੀ- ਜਾਖੜ
ਕਾਲ਼ਾ ਦਿਓਰ ਕੱਜਲ ਦੀ ਧਾਰੀ, ਅੱਖੀਆਂ ‘ਚ ਪਾਈ ਰੱਖਦੀ।

ਬਦ ਤੋਂ ਬਦਤਰ ਹੋਈ ਕਾਨੂੰਨ ਅਵਸਥਾ, ਜੰਗਲ ਰਾਜ ਵਰਗੇ ਹਾਲਾਤ- ‘ਆਪ ਪਾਰਟੀ’
ਕਾਂ ਬਾਗ਼ ਦੇ ਵਿਚ ਕਲੋਲ ਕਰਦੇ, ਕੂੜਾ ਫੋਲਣੇ ਨੂੰ ਇਥੇ ਮੋਰ ਕੀਤੇ।

ਬਿਜਲੀ ਸਮਝੌਤੇ: ਪੰਜਾਬ ਨੂੰ ਅੱਠ ਹਜ਼ਾਰ ਕਰੋੜ ਦਾ ਨਵਾਂ ਝਟਕਾ- ਇਕ ਖ਼ਬਰ
ਸੀਟੀ ਵਿਚ ਆਂਦਰਾਂ ਦੇ ਵੱਜਦੀ, ਕੰਨ ਲਾ ਕੇ ਸੁਣ ਅੜੀਏ।

ਪਾਕਿਸਤਾਨ ਸਰਕਾਰ ਹੁਣ ਭੰਗ ਦੀ ਖੇਤੀ ਕਰੇਗੀ- ਫਵਾਦ ਚੌਧਰੀ
ਥੱਲੇ ਕੂੰਡਾ ਉੱਤੇ ਘੋਟਣਾ, ਦੋਹਾਂ ਦਾ ਰਗੜਾ ਸਹਿੰਦੀ।

ਤਾਕਤ ਦੀ ਦੁਰਵਰਤੋਂ ਨਾਲ ਵਿਚਾਰ ਦਬਾਏ ਜਾਂਦੇ ਹਨ- ਪ੍ਰਸ਼ਾਂਤ ਭੂਸ਼ਨ
ਕਾਦਰਯਾਰ ਅਣਹੋਣੀਆਂ ਕਰਨ ਜਿਹੜੇ, ਆਖਰਵਾਰ ਉਹਨਾਂ ਪੱਛੋਤਾਵਣਾ ਜੀ।

ਪੁਲਿਸ ਨੇ ਕੈਪਟਨ ਦੀ ਰਿਹਾਇਸ਼ ਵਲ ਜਾਂਦੇ ਮੋਟੀਵੇਟਰਾਂ ਦੇ ‘ਮੌਰ’ ਸੇਕੇ- ਇਕ ਖ਼ਬਰ
ਮੋਟੀਵੇਸ਼ਨ ਵੀ ਤਾਂ ਚੈੱਕ ਕਰਨੀ ਐ ਕਿਸੇ ਤਰ੍ਹਾਂ ਬਈ ।

ਖੇਤੀ ਆਰਡੀਨੈਂਸ ਬਿਲਕੁਲ ਠੀਕ ਹੈ- ਪ੍ਰਕਾਸ਼ ਸਿੰਘ ਬਾਦਲ
ਭਾਈਆ ਏਸ ਉਮਰੇ ਤਾਂ ਕੁਝ ਪੁੰਨ ਖੱਟ ਲੈ ਸੱਚ ਬੋਲ ਕੇ।

ਕੈਪਟਨ ਵਲੋਂ ਕੇਜਰੀਵਾਲ ਨੂੰ ਪੰਜਾਬ ਤੋਂ ਦੂਰ ਰਹਿਣ ਦੀ ਨਸੀਹਤ- ਇਕ ਖਬਰ
ਹੱਥ ਸੋਚ ਕੇ ਗੰਦਲ਼ ਨੂੰ ਪਾਈਂ, ਕਿਹੜੀ ਏਂ ਤੂੰ ਸਾਗ ਤੋੜਦੀ।