ਨਾਨਕਸ਼ਾਹੀ ਕੈਲੰਡਰ ਵਿਵਾਦ : ਸੁਆਲ ਸੁਤੰਤਰ ਹੋਂਦ 'ਤੇ ਅੱਡਰੀ ਪਛਾਣ ਦਾ  - ਜਸਵੰਤ ਸਿੰਘ 'ਅਜੀਤ'

ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜੋ ਵਿਵਾਦ ਸੰਨ-2003 ਵਿੱਚ, ਇਸਨੂੰ ਜਾਰੀ ਕੀਤੇ ਜਾਣ ਦੇ ਨਾਲ ਹੀ, ਅਰੰਭ ਹੋ ਗਿਆ ਸੀ, ਉਹ ਅੱਜ, ਲਗਭਗ 17 ਵਰ੍ਹੇ ਬੀਤ ਜਾਣ ਤੇ ਵੀ ਮੁਕਣ ਦਾ ਨਾਂ ਨਹੀਂ ਲੈ ਰਿਹਾ। ਜੇ ਵੇਖਿਆ ਜਾਏ ਤਾਂ ਇਹ ਵਿਵਾਦ ਮੁਕਣ ਜਾਂ ਘਟਣ ਦੀ ਬਜਾਏ, ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਇਸ ਵਿਵਾਦ ਦੇ ਵਧਦਿਆਂ ਜਾਣ ਕਾਰਣ, ਇਸਦੇ ਨਾਂ ਤੇ ਸਿੱਖਾਂ ਵਿੱਚ ਜੋ ਵੰਡੀਆਂ ਪੈਣ ਅਤੇ ਸਿੱਖੀ ਦਾ ਘਾਣ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਨਾ ਤਾਂ ਕੋਈ ਗੰਭੀਰਤਾ ਨਾਲ ਲੈਣ ਲਈ ਅਤੇ ਨਾ ਹੀ ਕੋਈ ਇਸਨੂੰ ਸਵੀਕਾਰ ਕਰਨ ਲਈ ਤਿਆਰ ਹੋ ਰਿਹਾ ਹੈ। ਸਾਰੇ ਹੀ ਹਊਮੈ ਦਾ ਸ਼ਿਕਾਰ ਹੋ ਅੜੀ ਕਰੀ ਬੈਠੇ ਹਨ।
ਅੱਜ ਜੋ ਸਥਿਤੀ  ਸਾਡੇ ਸਾਹਮਣੇ ਹੈ ਉਹ, ਇਹ ਹੈ ਕਿ ਨਾ ਤਾਂ ਸੰਨ-2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਸਮਰਥਕ ਇਹ ਗਲ ਸਵੀਕਾਰ ਕਰਨ ਲਈ ਤਿਆਰ ਹਨ ਕਿ ਜਿਸ ਉਦੇਸ਼ ਨਾਲ ਇਸ ਕੈਲੰਡਰ ਨੂੰ ਲਾਗੂ ਕੀਤਾ ਗਿਆ ਸੀ, ਕਿ ਇਸਦੇ ਲਾਗੂ ਹੋ ਜਾਣ ਨਾਲ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਮਿਲ ਜਾਇਗੀ, ਨਾ ਤਾਂ ਉਹ ਪੂਰਾ ਹੋ ਸਕਿਆ ਹੈ ਅਤੇ ਨਾ ਹੀ ਸੰਨ-2009 ਵਿੱਚ ਸੋਧ ਕੇ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀ ਇਹ ਸਵੀਕਾਰ ਕਰਨ ਲਈ ਤਿਆਰ ਹਨ ਕਿ ਜਿਸ ਉਦੇਸ਼ ਦੀ ਪੂਰਤੀ ਦਾ ਦਾਅਵਾ ਕਰਦਿਆਂ ਇਹ ਕੈਲੰਡਰ ਸੋਧਿਆ ਗਿਆ, ਕਿ ਇਸ ਨਾਲ ਪੰਥ ਵਿੱਚ ਏਕਤਾ ਕਾਇਮ ਹੋ ਜਾਇਗੀ, ਨਾ ਹੀ ਉਹ ਪੂਰਾ ਹੋ ਸਕਿਆ ਹੈ। ਸਚਾਈ ਤਾਂ ਇਹ ਹੈ ਕਿ ਇਨ੍ਹਾਂ ਦੋਹਾਂ ਸਥਿਤੀਆਂ ਕਾਰਣ ਪੰਥ ਵਿੱਚ ਪਹਿਲਾਂ ਨਾਲੋਂ ਵੀ ਕਿਤੇ ਵੱਧ ਵੰਡੀਆਂ ਪੈ ਗਈਆਂ ਹਨ ਅਤੇ ਇਸਦੇ ਨਾਲ ਹੀ ਸਚਾਈ ਇਹ ਵੀ ਹੈ ਕਿ ਇਨ੍ਹਾਂ ਸਥਿਤੀਆਂ ਨੇ ਹੀ ਪੰਥ ਵਿੱਚ ਫੁਟ ਪੈਦਾ ਕਰ, ਉਸਨੂੰ ਵਧਾਉਣ ਅਤੇ ਸਿੱਖੀ ਦੇ ਘਾਣ ਨੂੰ ਹਲਾਸ਼ੇਰੀ ਦੇਣ ਵਿੱਚ ਮੁੱਖ ਭੁਮਿਕਾ ਅਦਾ ਕੀਤੀ ਹੈ।
ਸੁਆਲ ਉਠਦਾ ਹੈ ਕਿ ਕੀ ਕੋਈ ਕੈਲੰਡਰ ਕਿਸੇ ਧਰਮ ਦੀ ਸੁਤੰਤਰ ਹੋਂਦ ਜਾਂ ਉਸਦੇ ਪੈਰੋਕਾਰਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਦੁਆਉਣ ਵਿੱਚ ਯੋਗਦਾਨ ਪਾ ਸਕਦਾ ਹੈ? ਜਿਥੋਂ ਤਕ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਮਾਨਤਾ ਦਾ ਸੁਆਲ ਹੈ, ਉਹ ਨਾ ਤਾਂ ਕਿਸੇ ਕੈਲੰਡਰ ਦੀ ਮੁਥਾਜ ਹੈ ਅਤੇ ਨਾ ਹੀ ਕਿਸੇ ਪ੍ਰੀਭਾਸ਼ਾ ਦੀ।
ਸਿੱਖ ਇਤਿਹਾਸ ਵਲ ਨਜ਼ਰ ਮਾਰੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ, ਕਿ ਗੁਰੂ ਸਾਹਿਬ ਨੇ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਦੀਆਂ ਬੁਨਿਆਦਾਂ ਤੇ ਜਿਸ ਸੰਤ-ਸਿਪਾਹੀ ਰੂਪੀ ਮਹਲ ਦੀ ਸਿਰਜਨਾ ਕੀਤੀ ਹੈ, ਉਸਦੀ ਆਪਣੀ ਸੁਤੰਤਰ ਹੋਂਦ ਅਤੇ ਅੱਡਰੀ ਪਛਾਣ ਹੈ, ਜਿਸਨੂੰ ਕੋਈ ਤਾਕਤ ਖ਼ਤਮ ਨਹੀਂ ਕਰ ਸਕਦੀ। ਜਿਥੇ ਸਿੱਖਾਂ ਦੀ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਪ੍ਰਤੀ ਵਚਨਬੱਧਤਾ ਹੈ, ਉਥੇ ਹੀ ਸੰਤ-ਸਿਪਾਹੀ ਦੇ ਰੂਪ ਵਿੱਚ ਉਸਦੀ ਵਚਨਬੱਧਤਾ ਗ਼ਰੀਬ-ਮਜ਼ਲੂਮ ਅਤੇ ਆਪਣੇ ਆਤਮ-ਸਨਮਾਨ ਦੀ ਰਖਿਆ ਕਰਨ ਪ੍ਰਤੀ ਵੀ ਹੈ। ਇਹ ਗਲ ਸਮਝ ਲੈਣ ਵਾਲੀ ਹੈ ਕਿ ਉਸਦੀ ਇਹ ਵਚਨਬੱਧਤਾ ਰਾਜਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਰਾਜਸੱਤਾ ਦੇ ਜਬਰ-ਜ਼ੁਲਮ ਅਤੇ ਅਨਿਆਇ ਵਿਰੁੱਧ ਸੰਘਰਸ਼ ਕਰਦਿਆਂ ਰਹਿਣ ਪ੍ਰਤੀ ਹੈ। ਸੋਚੋ! ਹੈ, ਕਿਸੇ ਧਰਮ ਜਾਂ ਉਸਦੇ ਪੈਰੋਕਾਰਾਂ ਦੀ ਅਜਿਹੀ ਵਚਨਬੱਧਤਾ?
ਇਹ ਗਲ ਵੀ ਧਿਆਨ ਮੰਗਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਜਬ ਲਗ ਖਾਲਸਾ ਰਹੇ ਨਿਆਰਾ' ਦੀ ਜੋ ਸ਼ਰਤ ਰਖੀ ਹੈ, ਉਹ ਕੇਵਲ ਬਾਹਰਲੇ ਸਿੱਖੀ-ਸਰੂਪ ਨਾਲ ਹੀ ਸਬੰਧਤ ਨਹੀਂ, ਸਗੋਂ ਇਸਦਾ ਸਬੰਧ ਜੀਵਨ, ਆਚਰਣ ਅਤੇ ਆਦਰਸ਼ ਨਾਲ ਵੀ ਹੈ। ਜਿਥੋਂ ਤਕ ਕੇਸਾਧਾਰੀ ਤੇ ਪਗੜੀਧਾਰੀ ਹੋਣ ਦਾ ਸਬੰਧ ਹੈ, ਅਜਿਹੇ ਸਰੂਪ (ਦਾੜ੍ਹੀ-ਕੇਸਾਂ ਅਤੇ ਪੱਗ) ਦੀਆਂ ਧਾਰਨੀ ਦੇਸ਼-ਵਿਦੇਸ਼ ਵਿੱਚ ਅਨੇਕਾਂ ਜਾਤੀਆਂ ਨਜ਼ਰ ਆਉਂਦੀਆਂ ਹਨ। ਪਰ ਉਨ੍ਹਾਂ ਦੀ ਅਜਿਹੀ ਕੋਈ ਵਚਨਬੱਧਤਾ ਜਾਂ ਵਿਲਖਣਤਾ ਨਹੀਂ, ਜਿਹੋ ਜਿਹੀ ਸਿੱਖਾਂ ਦੀ ਹੈ।
ਜਿਥੋਂ ਤਕ ਸਿੱਖਾਂ ਦੇ ਨਿਆਰੇਪਨ ਦੀ ਗਲ ਹੈ, ਉਸਦੀ ਵਿਸ਼ੇਸ਼ਤਾ ਬਾਰੇ ਕਨਿੰਘਮ ਲਿਖਦਾ ਹੈ, 'ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀਅਤ ਤੋਂ ਅਸੂਲਾਂ ਵੱਲ ਪੰਥ ਨੂੰ ਲਿਆ ਕੇ ਇਕ ਐਸਾ ਕਾਰਨਾਮਾ ਕਰ ਵਿਖਾਇਆ, ਜਿਸਨੇ ਸਿੱਖਾਂ ਨੂੰ ਗੁਰੂ ਦੀ ਸਰੀਰਕ ਰੂਪ ਵਿੱਚ ਅਣਹੋਂਦ ਮਹਿਸੂਸ ਹੋਣ ਨਹੀਂ ਦਿੱਤੀ'।
ਇਸੇ ਤਰ੍ਹਾਂ ਸਿੱਖਾਂ ਦੇ ਨਿਆਰੇਪਨ ਦਾ ਰੂਪ, ਉਨ੍ਹਾਂ ਦਾ ਜੀਵਨ ਵੀ ਹੈ, ਜਿਸਦੇ ਸਬੰਧ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ 'ਸਿੱਖ ਆਹੇ ਕਿਰਤੀ, ਧਰਮ ਦੀਆਂ ਮੂਰਤਾਂ। ਅੰਦਰ ਗਊ ਦਾ, ਬਾਹਰ ਸ਼ੇਰ ਦੀਆਂ ਮੂਰਤਾਂ' ਇਸੇ ਤਰ੍ਹਾਂ ਹੋਰ, 'ਤਿਸ ਸਮੇਂ ਸਿੱਖ ਆਹੇ, ਜਤੀ ਸਤੀ ਰਹਤਵਾਨ, ਪਰ ਐਲਾ ਮੈਲਾ ਧਨ ਨਾ ਖਾਨ। ਤਿਨਾਂ ਸਿੱਖਾਂ ਦੇ ਤਪ ਕਰ, ਤੁਰਕਾਂ ਦਾ ਹੋਇਆ ਨਾਸ'। ਅਤੇ 'ਉਨ੍ਹਾਂ ਹੀ ਸਿੱਖਾਂ ਦੇ ਤਪ ਭਜਨ ਅਤੇ ਸੀਸ ਦੇਣੇ ਕਰਿ ਖਾਲਸੇ ਦਾ ਹੋਣਾ ਪ੍ਰਕਾਸ'।
ਇਸੇ ਤਰ੍ਹਾਂ ਇਤਿਹਾਸ ਵਿੱਚ ਸਿੱਖਾਂ ਦੇ ਆਚਰਣ ਬਾਰੇ ਵੀ ਜ਼ਿਕਰ ਆਉਂਦਾ ਹੈ, ਕਿ ਜਦੋਂ ਉਹ ਜੰਗਲਾਂ-ਬੇਲਿਆਂ ਵਿੱਚ ਸ਼ਰਨ ਲਈ ਭਟਕ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਨੂੰ ਕਈ-ਕਈ ਦਿਨ ਬਿਨਾ ਕੁਝ ਖਾਦਿਆਂ ਬੀਤ ਜਾਂਦੇ ਸਨ, ਫਿਰ ਵੀ ਜਦੋਂ ਉਨ੍ਹਾਂ ਨੂੰ ਖਾਣ ਵਾਸਤੇ ਕੁਝ ਮਿਲਦਾ ਤਾਂ ਉਹ ਨਗਾਰੇ ਤੇ ਚੋਟ ਮਾਰ ਕੇ ਹੋਕਾ ਦਿੰਦੇ ਕਿ 'ਦੇਹ ਆਵਾਜ਼ਾ ਭੁਖਾ ਕੋਈ, ਆਉ ਦੇਗ਼ ਤਿਆਰ ਗੁਰ ਹੋਈ'। ਜੇ ਉਨ੍ਹਾਂ ਦੇ ਹੋਕੇ ਤੇ ਉਨ੍ਹਾਂ ਦਾ ਕੋਈ ਦੁਸ਼ਮਣ ਵੀ ਖਾਣਾ ਖਾਣ ਆ ਗਿਆ ਤਾਂ ਉਨ੍ਹਾਂ ਉਸਨੂੰ ਮਨ੍ਹਾ ਨਹੀਂ ਕਰਨਾ, 'ਓਸ ਸਮੇਂ ਬੈਰੀ ਕਿਨ ਆਵੈ, ਪਰਮ ਮੀਤ ਸਮ ਤਾਹਿ ਛਕਾਵੈ'। ਜੇ ਆਏ ਭੁਖੇ ਨੂੰ ਖੁਆਉਣ ਤੋਂ ਬਾਅਦ, 'ਬਚੇ ਤੋ ਆਪ ਖਾ ਲੈ ਹੈਂ, ਨਹੀਂ ਤੋ ਲੰਗਰ ਮਸਤ ਬਤੈ ਹੈਂ। ਸੋਚੋ ਹੈ ਕਿਸੇ ਧਰਮ ਵਿੱਚ ਅਜਿਹੀ ਵਿਸ਼ਾਲਤਾ ਤੇ ਵਿਲਖਣਤਾ?
ਸਿੱਖਾਂ ਦੇ ਉਚ ਆਚਰਣ ਦੀ ਘਾੜਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਘੜੀ। ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਨਦੌਣ ਦੀ ਲੜਾਈ ਵਿੱਚ ਦੁਸ਼ਮਣ ਹਾਰ, ਮੈਦਾਨ ਛੱਡ ਭਜ ਖੜਾ ਹੋਇਆ ਤਾਂ ਸਿੱਖ ਦੁਸ਼ਮਣ ਦੇ ਮਾਲ-ਮਤੇ ਦੀ ਲੁਟ ਦੇ ਨਾਲ ਨਵਾਬ ਦੀ ਲੜਕੀ ਵੀ ਉਠਵਾ ਲਿਆਏ। ਜਦੋਂ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਨ੍ਹਾਂ ਬਹੁਤ ਬੁਰਾ ਮਨਾਇਆ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਲੜਕੀ ਨੂੰ ਪੂਰੇ ਸਨਮਾਨ ਨਾਲ ਉਸਦੇ ਘਰ ਪਹੁੰਚਾ ਦੇਣ। ਉਨ੍ਹਾਂ ਦੇ ਇਸ ਹੁਕਮ ਨੂੰ ਸੁਣ ਕੇ ਸਿੱਖਾਂ ਹੱਥ ਜੋੜ ਕਿਹਾ: 'ਸਭ ਸਿੱਖ ਪੁਛਣ ਗੁਨ ਖਾਣੀ। ਸਗਲ ਤੁਰਕ ਭੁਗਵਹਿ ਹਿੰਦਵਾਣੀ। ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤ੍ਰ ਕਿਉਂ ਵਰਜ ਹਟਾਵੈ'। ਇਹ ਸੁਣ ਗੁਰੂ ਸਾਹਿਬ ਨੇ ਫੁਰਮਾਇਆ: 'ਸੁਣਿ ਸਤਿਗੁਰੂ ਬੋਲੇ ਤਿਸ ਬੇਰੇ, ਹਮ ਲੈ ਜਾਨੋਂ ਪੰਥ ੳੇਚੇਰੇ, ਨਹੀਂ ਅਧਗਤਿ ਬਿਖੈ ਪੁਚਾਵੈ'।
ਸਿੱਖਾਂ ਦੀ ਆਦਰਸ਼ਾਂ ਪ੍ਰਤੀ ਦ੍ਰਿੜਤਾ ਦੀ ਇਕ ਉਦਾਹਰਣ ਇਤਿਹਾਸ ਵਿੱਚ ਇਉਂ ਦਰਜ ਹੈ, 'ਜਦੋਂ ਤਾਰਾ ਸਿੰਘ ਵਾਂ ਨੂੰ ਪਕੜਨ ਲਈ ਮੁਗ਼ਲ ਫੌਜਾਂ ਉਨ੍ਹਾਂ ਦੇ ਪਿੰਡ ਵਲ ਵੱਧ ਰਹੀਆਂ ਸਨ ਤਾਂ ਸ਼ਾਹੀ ਫੌਜ ਦੇ ਹਜੂਰਾ ਸਿੰਘ ਨੇ ਚੁਪਕੇ ਜਿਹੇ ਫੌਜ ਵਿਚੋਂ ਨਿਕਲ ਭਾਈ ਤਾਰਾ ਸਿੰਘ ਵਾਂ ਦੇ ਪਿੰਡ ਪਹੁੰਚ ਉਨ੍ਹਾਂ ਨੂੰ ਫੌਜ ਦੇ ਉਨ੍ਹਾਂ ਵਲ ਕੂਚ ਕਰਨ ਦੀ ਸੂਚਨਾ ਦਿੰਦਿਆਂ, ਉਨ੍ਹਾਂ ਨੂੰ ਕੁਝ ਸਮੇਂ ਲਈ ਇਧਰ-ਉਧਰ ਹੋ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਉਸੇ ਸਮੇਂ ਆਪਣੇ ਮੁੱਠੀ ਭਰ ਸਾਥੀਆਂ ਨਾਲ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ 'ਦਸ ਗ੍ਰੰਥੀ' ਵਿਚੋਂ ਹੁਕਮ ਲਿਆ। ਹੁਕਮ ਆਇਆ: 'ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਦਹਿ ਕੁੰਟ ਕੋ ਭਜ ਜਾਈਯੇ। ਅਗੋਂ ਹੂੰ ਕਾਲ ਧਰੇ ਅਸ ਗਾਜਤ ਛਾਜਤ ਹੈ। ਜੈਂ ਤੇ ਨਸ ਆਈਏ' ਇਹ ਹੁਕਮ ਸੁਣ ਉਨ੍ਹਾਂ ਇਹ ਕਹਿ ਕੇ ਇਧਰ-ਉਧਰ ਹੋ ਜਾਣ ਤੋਂ ਮਨ੍ਹਾ ਕਰ ਦਿਤਾ, ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਬਹਾਦਰਾਂ ਵਾਂਗ ਆਪਣੇ ਆਦਰਸ਼ ਤੇ ਪਹਿਰਾ ਦਿਉ, ਮੌਤ ਤਾਂ ਹਰ ਜਗ੍ਹਾ ਪਿਛਾ ਕਰੇਗੀ. ਭਜ ਕੇ ਕਿਥੇ-ਕਿਥੇ ਜਾਉਗੇ।
ਇਸੇ ਤਰ੍ਹਾਂ ਪਿੰਡ ਦਾ ਨੰਬਰਦਾਰ ਸੂਜਾ ਮੁਗ਼ਲ ਫੌਜਾਂ ਨੂੰ ਭਟਕਾਉਣ ਲਈ ਅਗੇ ਹੋ ਗਿਆ ਅਤੇ ਆਪਣੇ ਭਰਾ ਨੂੰ ਭਾਈ ਤਾਰਾ ਸਿੰਘ ਵਲ ਭੇਜ ਕੇ ਉਨ੍ਹਾਂ ਨੂੰ ਦੋ-ਚਾਰ ਦਿਨ ਲਈ ਇਧਰ-ਉਧਰ ਹੋ ਜਾਣ ਦਾ ਸੁਨੇਹਾ ਪਹੁੰਚਾਇਆ। ਭਾਈ ਤਾਰਾ ਸਿੰਘ ਨੇ ਉਸਦਾ ਧੰਨਵਾਦ ਕਰਦਿਆਂ ਉਸਨੂੰ ਵੀ ਇਹੀ ਕਿਹਾ ਕਿ 'ਜਿਨ੍ਹਾਂ ਦੀਆਂ ਹਡੱੀਆਂ ਵਿੱਚ ਬੀਰਤਾ ਨਿਵਾਸ ਕਰ ਗਈ ਹੋਵੇ, ਉਹ ਦ੍ਰਿੜ੍ਹਤਾ ਦੇ ਪਲੇ ਨੂੰ ਨਹੀਂ ਛੱਡਦੇ'। ਇਤਿਹਾਸ ਗੁਆਹ ਹੈ ਉਨ੍ਹਾਂ ਨੇ ਡੱਟ ਕੇ ਦੁਸ਼ਮਣ ਦਾ ਸਾਹਮਣਾ ਕੀਤਾ ਅਤੇ ਸਾਥੀਆਂ ਸਹਿਤ ਸ਼ਹੀਦੀ ਪ੍ਰਾਪਤ ਕਰ ਲਈ।

ਗਲ ਗੁਰੂ ਸਾਹਿਬ ਵਲੋਂ ਬਖ਼ਸ਼ੀ ਬਾਦਸ਼ਾਹੀ ਦੀ:  ਇਸ ਗਲ ਨੂੰ ਬਹੁਤ ਹੀ ਗੰਭੀਰਤਾ ਨਾਲ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ 'ਬਾਦਸ਼ਾਹੀ' ਦੇਣ ਦਾ ਜੋ ਵਚਨ ਦਿੱਤਾ ਹੈ, ਅਸਲ ਵਿੱਚ ਉਹ 'ਬਾਦਸ਼ਾਹੀ' ਰਾਜਸੱਤਾ ਦੀ ਨਹੀਂ, ਸਗੋਂ ਦਿਲਾਂ ਪੁਰ ਰਾਜ ਕਰਨ ਦੀ 'ਬਾਦਸ਼ਾਹੀ' ਹੈ, ਕਿਉਂਕਿ ਰਾਜਸੱਤਾ ਅਸਥਾਈ ਹੈ, ਜਦਕਿ ਦਿਲਾਂ ਪੁਰ ਰਾਜ ਕਰਨ ਦੀ 'ਬਾਦਸ਼ਾਹੀ' ਸਦੀਵੀ ਹੈ। ਇਹ ਬਾਦਸ਼ਾਹੀ ਕੇਵਲ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਦਿਆਂ, ਸੰਤ-ਸਿਪਾਹੀ ਦੇ ਫਰਜ਼ਾਂ, ਅਰਥਾਤ ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰਖਿਆ ਕਰਨ, ਦਾ ਪਾਲਣ ਕਰਦਿਆਂ ਹੀ ਪ੍ਰਾਪਤ ਹੋ ਸਕਦੀ ਹੈ ਅਤੇ ਇਸੇ ਦੇ ਸਹਾਰੇ ਹੀ ਇਸਨੂੰ ਕਾਇਮ ਵੀ ਰਖਿਆ ਜਾ ਸਕਦਾ ਹੈ।
ਜਿਨ੍ਹਾਂ ਨੇ ਰਾਜਨੈਤਿਕ ਸੁਆਰਥ ਅਧੀਨ ਸਤਿਗੁਰਾਂ ਦੀ ਬਖ਼ਸ਼ੀ ਇਸ 'ਬਾਦਸ਼ਾਹੀ' ਨੂੰ ਰਾਜਸੱਤਾ ਨਾਲ ਜੋੜ ਲਿਆ ਹੈ, ਉਹ ਸਿੱਖੀ ਦੇ ਆਦਰਸ਼ਾਂ ਤੋਂ ਭਟਕ ਗਏ ਹਨ, ਕਿਉਂਕਿ ਰਾਜਸੱਤਾ ਸਿੱਖੀ ਦੇ ਮੂਲ ਆਦਰਸ਼ਾਂ ਦੀ ਕੁਰਬਾਨੀ ਦੇ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਸੇ ਦੇ ਸਹਾਰੇ ਹੀ ਉਸਨੂੰ ਕਾਇਮ ਰਖਿਆ ਜਾ ਸਕਦਾ ਹੈ।
ਇਸ ਲਈ ਜੇ ਸਿੱਖੀ ਦੀ ਸੁਤੰਤਰ ਹੋਂਦ ਅਤੇ ਆਪਣੀ ਅੱਡਰੀ ਪਛਾਣ ਕਾਇਮ ਰਖਣੀ ਹੈ ਤਾਂ ਗੁਰੂ ਸਾਹਿਬ ਵਲੋਂ ਨਿਸ਼ਚਿਤ ਆਦਰਸ਼ਾਂ ਪ੍ਰਤੀ ਸਮਰਪਤ ਅਤੇ ਈਮਾਨਦਾਰ ਹੋਣ ਦੀ ਵਚਨਬੱਧਤਾ ਨਿਭਾਉਣੀ ਹੋਵੇਗੀ।

...ਅਤੇ ਅੰਤ ਵਿੱਚ: ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਜੇ ਈਮਾਨਦਾਰੀ ਹੋਵੇ ਤਾਂ 'ਨਾਨਕਸ਼ਾਹੀ ਕੈਲੰਡਰ' ਦੇ ਵਿਵਾਦ ਨੂੰ ਹਲ ਕਰਨਾ ਅਸੰਭਵ ਨਹੀਂ। ਲੋੜ ਹੈ ਤਾਂ ਕੇਵਲ ਹਊਮੈ ਦਾ ਤਿਆਗ ਕਰਨ ਦੀ। ਦੋਵੇਂ ਧਿਰਾਂ ਜੇ ਇਸ ਵਿਵਾਦ ਨੂੰ ਹਲ ਕਰਨ ਪ੍ਰਤੀ ਈਮਾਨਦਾਰ ਹੋਣ ਤਾਂ ਆਪੋ-ਵਿੱਚ ਮਿਲ ਬੈਠਣ। ਸੰਨ-2003 ਦੇ ਮੂਲ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਅਤੇ ਸੰਨ-2009 ਦੇ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗਰਾਂਦਾਂ ਆਦਿ ਮਨਾਉਣ ਦੇ ਆਧਾਰ ਤੇ ਆਪਸ ਵਿੱਚ ਸਹਿਮਤੀ ਕਰ ਕੇ ਉਹ ਇਸ ਵਿਵਾਦ ਨੂੰ ਸਦਾ ਲਈ ਖ਼ਤਮ ਕਰ ਸਕਦੀਆਂ ਹਨ। ਇਸਤਰ੍ਹਾਂ ਦੋਹਾਂ ਧਿਰਾਂ ਦੀ ਵੀ ਰਹਿ ਆਵੇਗੀ ਅਤੇ ਵਿਵਾਦ ਵੀ ਹਲ ਹੋ ਜਾਇਗਾ। ਪਰ ਕੀ ਦੋਵੇਂ ਧਿਰਾਂ ਪੰਥ ਦੇ ਵੱਡੇ ਹਿਤਾਂ ਨੂੰ ਮੁੱਖ ਰਖਦਿਆਂ ਉਸ (ਪੰਥ) ਨੂੰ ਵੰਡੀਆਂ ਦਾ ਸ਼ਿਕਾਰ ਹੋਣ ਬਚਾਉਣ ਲਈ, ਇਤਨੀ ਨਗੂਣੀ ਜਿਹੀ ਕੁਰਬਾਨੀ ਕਰਨ ਲਈ ਤਿਆਰ ਹੋ ਸਕਣਗੀਆਂ? ਇਹ ਸੁਆਲ ਤਦ ਤਕ ਬਣਿਆ ਰਹੇਗਾ, ਜਦੋਂ ਤਕ ਦੋਵੇਂ ਧਿਰਾਂ ਇਸ ਮੁੱਦੇ ਨੂੰ ਹਲ ਕਰਨ ਪ੍ਰਤੀ ਆਪਣੀ ਈਮਾਨਦਾਰੀ ਦਾ ਅਹਿਸਾਸ ਨਹੀਂ ਕਰਵਾਉਂਦੀਆਂ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085