ਮੀਡੀਆ : ਤਾਕਤ ਤੇ ਜ਼ਿੰਮੇਵਾਰੀ - ਗੁਰਬਚਨ ਜਗਤ'

ਜਦੋਂ ਤੋਂ ਮੈਨੂੰ ਯਾਦ ਹੈ, ਮੈਨੂੰ ਤਾਜ਼ਾ ਖ਼ਬਰਾਂ ਪੜ੍ਹਨ ਜਾਂ ਸੁਣਨ ਦਾ ਬਹੁਤ ਸ਼ੌਕ ਰਿਹਾ ਹੈ। ਪ੍ਰਾਇਮਰੀ ਸਕੂਲ ਦੇ ਦਿਨਾਂ ਵਿਚ ਹੀ ਮੈਂ ਅਖ਼ਬਾਰਾਂ ਪੜ੍ਹਦਾ ਸਾਂ। ਅਸੀਂ ਉਦੋਂ ਪੁਣੇ (ਉਦੋਂ ਇਸ ਨੂੰ ਪੂਨਾ ਲਿਖਿਆ ਜਾਂਦਾ ਸੀ) ਰਹਿੰਦੇ ਸਾਂ ਅਤੇ ਮੈਨੂੰ ਹਾਲੇ ਵੀ ਉੱਥੇ 'ਫ਼ਰੀ ਪ੍ਰੈਸ ਜਰਨਲ' ਪੜ੍ਹਨ ਦਾ ਚੇਤਾ ਹੈ, ਜਿਹੜਾ ਉਸ ਖ਼ਿੱਤੇ ਦਾ ਮਕਬੂਲ ਅਖ਼ਬਾਰ ਸੀ। ਫਿਰ ਉਦੋਂ ਯਕੀਨਨ ਰਾਤੀਂ 9 ਵਜੇ ਦੀਆਂ ਖ਼ਬਰਾਂ ਸੁਣਨਾ ਰੋਜ਼ਮਰ੍ਹਾ ਦਾ ਕੰਮ ਸੀ ਜਿਸ ਨੂੰ ਮੇਰੇ ਪਿਤਾ ਕਦੇ ਵੀ ਨਹੀਂ ਵਿਸਾਰਦੇ ਸਨ। ਅੰਗਰੇਜ਼ੀ ਵਿਚ ਮੈਲਵਿਲ ਡੀਮੈਲੋ ਅਤੇ ਹਿੰਦੀ ਵਿਚ ਦੇਵਕੀ ਨੰਦਨ ਪਾਂਡੇ ਨੂੰ ਸੁਣਨਾ ਬਹੁਤ ਸੁਖਮਈ ਹੁੰਦਾ ਸੀ। ਉਨ੍ਹਾਂ ਦਾ ਬੋਲਣ ਦਾ ਢੰਗ ਕਮਾਲ ਦਾ ਸੀ ਅਤੇ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਤੇ ਖ਼ਬਰਾਂ ਦਾ ਵਿਸ਼ਾ-ਵਸਤੂ ਬਹੁਤ ਜਾਨਦਾਰ ਤੇ ਸਪਸ਼ਟ ਹੁੰਦਾ ਸੀ। ਇਨ੍ਹਾਂ ਵਿਚ ਆਪਣੀ ਰਾਇ ਅਤੇ ਮਾਹਿਰਾਂ ਦੇ ਵਿਚਾਰਾਂ ਤੇ ਦਖ਼ਲਾਂ ਦਾ ਮਿਲਗੋਭਾ ਨਹੀਂ ਸੀ ਹੁੰਦਾ। ਆਪਣਾ ਭਾਰਤੀ ਰੇਡੀਓ ਸਿਰਫ਼ ਆਲ ਇੰਡੀਆ ਰੇਡੀਓ ਹੀ ਹੁੰਦਾ ਸੀ ਤੇ ਨਾਲ ਹੀ ਬੀਬੀਸੀ ਅਤੇ ਵੌਇਸ ਆਫ਼ ਅਮੈਰਿਕਾ ਨੂੰ ਵੀ ਸੁਣਿਆ ਜਾ ਸਕਦਾ ਸੀ। ਅਸੀਂ ਬਹਿਸਾਂ ਵੀ ਸੁਣਦੇ ਸਾਂ ਜਿਨ੍ਹਾਂ ਵਿਚ ਸਾਰੀ ਗੱਲਬਾਤ ਬਹੁਤ ਸਲੀਕੇ ਨਾਲ ਹੁੰਦੀ ਸੀ ਤੇ ਕੋਈ ਉੱਚੀ ਆਵਾਜ਼ ਨਹੀਂ ਸੀ ਸੁਣਨ ਨੂੰ ਮਿਲਦੀ। ਉਨ੍ਹਾਂ ਨੂੰ ਸੁਣਨਾ ਹਮੇਸ਼ਾ ਖ਼ੁਸ਼ਗਵਾਰ ਹੁੰਦਾ ਸੀ ਕਿਉਂਕਿ ਉਹ ਵੱਖੋ-ਵੱਖ ਵਿਸ਼ਿਆਂ - ਸਿਆਸਤ, ਸਾਹਿਤ, ਕਲਾ, ਖੇਡਾਂ ਆਦਿ ਨੂੰ ਛੋਂਹਦੇ ਰਹਿੰਦੇ ਸਨ। ਵੱਡੇ ਹੋ ਕੇ ਅਸੀਂ ਹੋਰ ਅਖ਼ਬਾਰਾਂ ਤੇ ਰਸਾਲੇ ਪੜ੍ਹਨ ਲੱਗ ਪਏ ਤੇ ਸੰਪਾਦਕੀਆਂ ਆਦਿ ਵੀ ਪੜ੍ਹਦੇ ਸਾਂ- ਕਿੰਨੇ ਸ਼ਾਨਦਾਰ ਸੰਪਾਦਕ ਹੁੰਦੇ ਸਨ - ਫਰੈਂਕ ਮੋਰੇਸ, ਐਮ ਚਲਪਤੀ ਰਾਓ, ਸੀਆਰ ਇਰਾਨੀ, ਗਿਰੀਲਾਲ ਜੈਨ, ਖ਼ੁਸ਼ਵੰਤ ਸਿੰਘ ਆਦਿ। ਜਿਹੜੀ ਉੱਚ ਕੋਟੀ ਦੀ ਵਿਦਵਤਾ ਉਹ ਆਪਣੇ ਸੰਪਾਦਕੀ ਲੇਖਾਂ ਵਿਚ ਪੇਸ਼ ਕਰਦੇ ਤੇ ਉਨ੍ਹਾਂ ਵਿਚ ਦਿੱਤਾ ਵਿਸ਼ਲੇਸ਼ਣ ਇੰਨਾ ਕਮਾਲ ਦਾ ਹੁੰਦਾ ਸੀ ਕਿ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਝਣ ਲਈ ਵਾਰ-ਵਾਰ ਤੇ ਹੋਰ ਜ਼ਿਆਦਾ ਪੜ੍ਹਨ ਨੂੰ ਦਿਲ ਕਰਦਾ।
       ਫਿਰ ਟੈਲੀਵਿਜ਼ਨ ਦੇ ਦੌਰ ਦਾ ਪਹੁ-ਫੁਟਾਲਾ ਹੋਇਆ ਅਤੇ ਸਾਡਾ ਆਪਣਾ ਦੂਰਦਰਸ਼ਨ ਆ ਗਿਆ ਜਿਹੜਾ ਕੁੱਲ ਮਿਲਾ ਕੇ ਆਲ ਇੰਡੀਆ ਰੇਡੀਓ ਦੀ ਹੀ ਤਸਵੀਰਾਂ ਵਾਲੀ ਨਕਲ ਸੀ, ਪਰ ਇਸ ਵਿਚ ਖ਼ਬਰਾਂ ਇਕ ਤਰ੍ਹਾਂ ਇਕਪਾਸੜ ਹੁੰਦੀਆਂ ਸਨ। ਦੂਰਦਰਸ਼ਨ ਦੀ ਅਜਾਰੇਦਾਰੀ ਬਹੁਤੀ ਦੇਰ ਨਾ ਚੱਲੀ ਅਤੇ ਛੇਤੀ ਹੀ ਵੱਡੇ ਪੱਧਰ 'ਤੇ ਨਿੱਜੀ ਚੈਨਲ ਆਉਣ ਲੱਗੇ। ਆਖ਼ਰ ਵਿਦੇਸ਼ੀ ਚੈਨਲ ਵੀ ਆ ਗਏ। ਹੁਣ ਸਾਡੇ ਕੋਲ ਕੌਮੀ ਅੰਗਰੇਜ਼ੀ ਤੇ ਹਿੰਦੀ ਭਾਸ਼ਾਈ ਚੈਨਲ ਹਨ, ਖੇਤਰੀ ਭਾਸ਼ਾਈ ਚੈਨਲ ਹਨ ਅਤੇ ਕੌਮਾਂਤਰੀ ਚੈਨਲ ਵੀ। ਇਨ੍ਹਾਂ ਸਾਰੇ ਚੈਨਲਾਂ ਵਿਚ ਸਭ ਤਰ੍ਹਾਂ ਦੇ ਸ਼ੋਅ ਦਿਖਾਏ ਜਾਂਦੇ ਹਨ - ਖ਼ਬਰਾਂ, ਖੇਡਾਂ, ਕਲਾ, ਸੱਭਿਆਚਾਰ, ਸੈਰ-ਸਪਾਟਾ, ਕੁਦਰਤ ਆਦਿ। ਹੁਣ ਅਫ਼ਸੋਸਨਾਕ ਪੱਖ ਇਹ ਹੈ ਕਿ ਕੁਝ ਕੁ ਆਨਲਾਈਨ ਜਾਂ ਟੀਵੀ ਚੈਨਲਾਂ ਨੂੰ ਛੱਡ ਕੇ ਬਹੁਗਿਣਤੀ ਤਾਂ ਖ਼ਬਰਾਂ ਦੇ ਨਾਂ 'ਤੇ ਕੋਰਾ ਝੂਠ ਹੀ ਦਿਖਾ ਤੇ ਬੋਲ ਰਹੇ ਹਨ। ਪੁਰਾਣਾ ਅਸੂਲ ਇਹੋ ਸੀ : ਖ਼ਬਰ ਜੋ ਸਹੀ ਹੈ, ਉਹੋ ਦਿਖਾਓ ਪਰ ਉਸ ਦਾ ਵਿਸ਼ਲੇਸ਼ਣ ਤੁਸੀਂ ਆਪਣੇ ਮੁਤਾਬਿਕ ਕਰ ਸਕਦੇ ਹੋ। ਇਹ ਪ੍ਰਿੰਟ ਮੀਡੀਆ ਅਤੇ ਟੀਵੀ ਵਾਸਤੇ ਸੱਚ ਵੀ ਰਿਹਾ। ਪਰ, ਅੱਜ ਜਿੰਨੇ ਚੈਨਲ ਹਨ, ਤੁਹਾਨੂੰ ਖ਼ਬਰਾਂ ਦੇ ਪੱਖ ਵੀ ਓਨੇ ਹੀ ਦੇਖਣ-ਸੁਣਨ ਨੂੰ ਮਿਲਣਗੇ ਅਤੇ ਵਿਸ਼ਲੇਸ਼ਣ ਤਾਂ ਹੋਰ ਵੀ ਅਜੀਬੋ-ਗਰੀਬ ਹੋਣਗੇ। ਵਿਸ਼ਲੇਸ਼ਣਾਂ ਲਈ ਚੁਣੇ ਜਾਂਦੇ ਮਾਹਿਰ ਆਮ ਕਰ ਕੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਸੇਵਾਮੁਕਤ ਅਫ਼ਸਰ, ਕੁਝ ਪੱਤਰਕਾਰ ਅਤੇ ਬਹੁਤ ਹੀ ਘੱਟ ਆਪਣੇ ਵਿਸ਼ੇ ਦੇ ਮਾਹਿਰ ਹੁੰਦੇ ਹਨ। ਬਹਿਸ ਦਾ ਮੁੱਖ ਕਮਾਂਡਰ ਹੁੰਦਾ ਹੈ ਐਂਕਰ ਤੇ ਉਹ ਸਿਰਫ਼ ਤੇ ਸਿਰਫ਼ ਆਪਣੇ ਫੇਫੜਿਆਂ ਦੀ ਤਾਕਤ ਨਾਲ ਇਸ ਦੀ ਅਗਵਾਈ ਕਰਦਾ ਹੈ ਅਤੇ ਨਾਲ ਹੀ ਵਿਰੋਧੀ ਵਿਚਾਰਾਂ ਨੂੰ ਦਬਾ ਦੇਣ ਤੇ ਮਾਹਿਰਾਂ ਵਿਚ ਜੇ ਕੋਈ ਵਿਰੋਧੀ ਹੋਵੇ ਤਾਂ ਉਸ ਨੂੰ ਧੌਂਸ ਦੇ ਸਕਣ ਦੀ ਉਸ ਦੀ ਮੁਹਾਰਤ ਵੀ ਇਸ ਮੌਕੇ ਬਹੁਤ ਕੰਮ ਆਉਂਦੀ ਹੈ। ਇਹ ਬਹਿਸਾਂ ਨਹੀਂ ਹਨ ਸਗੋਂ ਗਲਾ ਫਾੜ-ਫਾੜ ਕੇ ਉੱਚੀ ਬੋਲ ਸਕਣ ਦੇ ਮੁਕਾਬਲੇ ਹਨ ਅਤੇ ਇਨ੍ਹਾਂ ਨੇ ਕਿਹੜਾ ਰੁਖ਼ ਅਖ਼ਤਿਆਰ ਕਰਨਾ ਹੈ, ਇਹ ਪਤਾ ਹੀ ਹੁੰਦਾ ਹੈ, ਕਿਉਂਕਿ ਚੈਨਲਾਂ ਦਾ ਪੱਖਪਾਤੀ ਝੁਕਾਅ ਤੇ ਗਿਣ-ਮਿੱਥ ਕੇ ਬਿਠਾਏ ਗਏ ਮਾਹਿਰ ਜੱਗ-ਜ਼ਾਹਰ ਹਨ। ਇਨ੍ਹਾਂ ਬਹਿਸਾਂ ਵਿਚਲੇ ਲਹਿਜੇ, ਸੁਰ ਅਤੇ ਸਮੱਗਰੀ ਦੀ ਬੇਹੂਦਗੀ ਦਾ ਇਹ ਆਲਮ ਹੈ ਕਿ ਕੋਈ ਸੱਭਿਅਕ ਵਿਅਕਤੀ ਇਸ ਦਾ ਤਸ਼ੱਦਦ ਕੁਝ ਮਿੰਟਾਂ ਤੋਂ ਵੱਧ ਨਹੀਂ ਝੱਲ ਸਕਦਾ। ਸਿਰਫ਼ ਕੱਟੜ ਸੋਚ ਵਾਲੇ ਤੇ ਸਨਕੀ ਦਰਸ਼ਕ ਹੀ ਇਨ੍ਹਾਂ ਨੂੰ ਦੇਖਦੇ ਰਹਿ ਸਕਦੇ ਹਨ, ਬਾਕੀ ਤਾਂ ਛੇਤੀ ਹੀ ਹੋਰ ਕਿਸੇ ਚੈਨਲ ਲਈ ਰਿਮੋਟ ਕੰਟਰੋਲ ਦੇ ਬਟਨ ਨੱਪਣ ਲੱਗ ਪੈਂਦੇ ਹਨ, ਪਰ ਕਿਹੜੇ ਹੋਰ ਚੈਨਲ? ਇੱਥੇ ਤਾਂ ਹਰ ਕੋਈ ਆਪੋ-ਆਪਣੀ ਪਸੰਦੀਦਾ ਜ਼ਹਿਰ ਦੀਆਂ ਉਲਟੀਆਂ ਕਰ ਰਿਹਾ ਹੁੰਦਾ ਹੈ। ਇਸ ਹਾਲਤ ਵਿਚ ਦੇਖਣ ਲਈ ਸਿਰਫ਼ ਬੀਬੀਸੀ ਤੇ ਸੀਐਨਐਨ ਆਦਿ ਹੀ ਰਹਿ ਜਾਂਦੇ ਹਨ, ਪਰ ਉਹ ਆਮ ਕਰ ਕੇ ਭਾਰਤ ਬਾਰੇ ਜ਼ਿਆਦਾ ਖ਼ਬਰਾਂ ਨਹੀਂ ਦਿਖਾਉਂਦੇ, ਸਿਰਫ਼ ਉਸ ਮੌਕੇ ਨੂੰ ਛੱਡ ਕੇ ਜੇ ਵੱਡੀ ਤ੍ਰਾਸਦੀ ਵਾਪਰ ਰਹੀ ਹੋਵੇ ਜਾਂ ਅਰਥਚਾਰਾ ਡਿੱਗ ਰਿਹਾ ਹੋਵੇ, ਨਹੀਂ ਤਾਂ ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਸਾਡੀ ਭਾਰੀ ਆਬਾਦੀ ਤੋਂ ਬਿਨਾਂ ਭਾਰਤ ਬਾਰੇ ਹੋਰ ਕੁਝ ਦਿਖਾਉਣ ਲਈ ਨਹੀਂ ਹੁੰਦਾ।
       ਹੁਣ ਉਨ੍ਹਾਂ ਵਿਸ਼ਿਆਂ ਦੀ ਗੱਲ ਜਿਹੜੇ ਸਾਡੇ ਟੀਵੀ ਐਂਕਰਾਂ ਨੂੰ ਬਹੁਤ ਪਸੰਦ ਹਨ ਜਦੋਂਕਿ ਪ੍ਰਿੰਟ ਮੀਡੀਆ ਨੂੰ ਇਨ੍ਹਾਂ ਦੀ ਜ਼ਿਆਦਾ ਪ੍ਰਵਾਹ ਨਹੀਂ ਹੈ। ਇਸ ਵੇਲੇ ਟੀਵੀ ਚੈਨਲਾਂ ਵਿਚ ਪ੍ਰਾਈਮ ਟਾਈਮ ਵੇਲੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦਾ ਮਾਮਲਾ ਛਾਇਆ ਹੁੰਦਾ ਹੈ। ਮੈਂ ਫ਼ਿਲਮਾਂ ਵਿਚ ਬਹੁਤੀ ਦਿਲਚਸਪੀ ਨਹੀਂ ਰੱਖਦਾ, ਪਰ ਇੰਨਾ ਜ਼ਰੂਰ ਜਾਣਦਾ ਹਾਂ ਕਿ ਸੁਸ਼ਾਂਤ ਬਹੁਤ ਹੀ ਲਾਸਾਨੀ ਪ੍ਰਤਿਭਾਵਾਨ ਅਦਾਕਾਰ ਸੀ ਜਿਸ ਦੀ ਮੌਤ ਫ਼ਿਲਮ ਸਨਅਤ ਲਈ ਭਾਰੀ ਘਾਟਾ ਹੈ। ਜੇ ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਸਬੰਧੀ ਕਿਸੇ ਗ਼ੈਰਕਾਨੂੰਨੀ ਕਾਰਵਾਈ ਦਾ ਸ਼ੱਕ ਹੈ ਤਾਂ ਉਹ ਪੁਲੀਸ ਕੋਲ ਪਹੁੰਚ ਕਰ ਕੇ ਮਾਮਲੇ ਦੀ ਜਾਂਚ ਕਰਵਾ ਸਕਦੇ ਹਨ। ਇਸ ਪ੍ਰਸੰਗ ਵਿਚ ਮੈਂ ਆਖ ਸਕਦਾ ਹਾਂ ਕਿ ਬੰਬਈ ਪੁਲੀਸ ਦੇਸ਼ ਦੀ ਇਕ ਬਿਹਤਰੀਨ ਪੁਲੀਸ ਹੈ ਅਤੇ ਇਸ ਕੋਲ ਸ਼ਿਕਾਇਤ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਦੀ ਦਿਆਨਤਦਾਰੀ ਉੱਤੇ ਸ਼ੱਕ ਕਰਨਾ ਕਿਵੇਂ ਵੀ ਵਾਜਬ ਨਹੀਂ ਸੀ। ਬਿਹਾਰ ਸਰਕਾਰ ਸਿਖਰਲੇ ਪੱਧਰਾਂ ਤੋਂ ਮਾਮਲੇ ਵਿਚ ਕਿਉਂ ਦਖ਼ਲ ਦੇ ਰਹੀ ਹੈ ਅਤੇ ਸੀਬੀਆਈ/ਈਡੀ ਇਸ ਵਿਚ ਕੀ ਕਰ ਰਹੇ ਹਨ। ਆਮ ਲੋਕਾਂ ਦੀਆਂ ਮੌਤਾਂ ਦੇ ਕਿੰਨੇ ਕੁ ਮਾਮਲਿਆਂ ਵਿਚ ਬਿਹਾਰ ਸਰਕਾਰ ਨੇ ਇਸ ਪੱਧਰ ਤੱਕ ਦਖ਼ਲਅੰਦਾਜ਼ੀ ਕੀਤੀ ਹੈ ਅਤੇ ਇਸ ਤੋਂ ਵੀ ਵੱਧ ਇਹ ਕਿ, ਟੀਵੀ ਚੈਨਲਾਂ ਨੇ ਕਿਉਂ ਇਸ ਨੂੰ ਹਰ ਵੇਲੇ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ ਜੋ ਹਰ ਦਿਨ, ਹਰ ਰਾਤ ਲਗਾਤਾਰ ਚੱਲਦਾ ਜਾ ਰਿਹਾ ਹੈ। ਕੀ ਇਹ ਮੀਡੀਆ ਟਰਾਇਲ (ਮੀਡੀਆ ਵੱਲੋਂ ਖ਼ੁਦ ਹੀ ਕਿਸੇ ਨੂੰ ਦੋਸ਼ੀ ਕਰਾਰ ਦੇ ਦੇਣਾ) ਹੀ ਅਜਿਹੇ ਅਹਿਮ ਮੌਕੇ 'ਤੇ ਸਾਨੂੰ ਦਰਪੇਸ਼ ਇਕੋ-ਇਕ ਅਹਿਮ ਮਸਲਾ ਹੈ ਜਾਂ ਫਿਰ ਸਾਨੂੰ ਕਰਤੱਬ ਦਿਖਾ-ਦਿਖਾ ਕੇ ਸਾਡਾ ਧਿਆਨ ਅਸਲ ਮਾਮਲਿਆਂ ਤੋਂ ਭਟਕਾਇਆ ਜਾ ਰਿਹਾ ਹੈ ਤੇ ਸਾਨੂੰ ਆਪਣੀਆਂ ਉਂਗਲਾਂ 'ਤੇ ਨਚਾਇਆ ਜਾ ਰਿਹਾ ਹੈ। ਦਰਅਸਲ, ਮੀਡੀਆ ਦੀ ਕਾਰਪੋਰੇਟ ਮਾਲਕੀ ਅਤੇ ਇਸ ਦੀ ਆਪਣੇ ਸਿਆਸੀ ਮਾਲਕਾਂ ਪ੍ਰਤੀ ਅੰਨ੍ਹੀ-ਭਗਤੀ (fealty) ਦੀ ਚੰਗੀ ਤਰ੍ਹਾਂ ਘੋਖ-ਪੜਤਾਲ ਕੀਤੇ ਜਾਣ ਦੀ ਲੋੜ ਹੈ।
       ਹੁਣ ਗੱਲ ਕਰਦੇ ਹਾਂ ਕੋਵਿਡ ਤ੍ਰਾਸਦੀ ਦੀ, ਭੁਲਾ ਦਿੱਤੇ ਗਏ ਪਰਵਾਸੀ ਮਜ਼ਦੂਰਾਂ ਦੀ ਅਤੇ ਉਨ੍ਹਾਂ ਫ਼ੌਜੀ ਜਵਾਨਾਂ ਦੀ ਜਿਹੜੇ ਬਹੁਤ ਹੀ ਜੋਖ਼ਮ ਭਰੇ ਪਹਾੜੀ ਖੇਤਰਾਂ ਵਿਚ ਦੇਸ਼ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ, ਨਾ ਸਿਰਫ਼ ਲੱਦਾਖ਼ ਵਿਚ ਹੀ ਸਗੋਂ ਸਮੁੱਚੀ ਐਲਓਸੀ (ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ) ਅਤੇ ਐੱਲਏਸੀ (ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ) ਉੱਤੇ। ਨਾਲ ਹੀ ਡਿੱਗੇ-ਢੱਠੇ ਅਰਥਚਾਰੇ ਦੀ ਤੇ ਇਸ ਕਾਰਨ ਪੈਦਾ ਹੋ ਰਹੀ ਬੇਰੁਜ਼ਗਾਰੀ ਦੀ। ਕਿੰਨੇ ਕੁ ਚੈਨਲਾਂ ਤੇ ਪੱਤਰਕਾਰਾਂ ਨੇ ਇਨ੍ਹਾਂ ਮਜ਼ਦੂਰਾਂ ਬਾਰੇ ਮਸਲੇ ਦੀ ਤਹਿ ਤਕ ਜਾਣਨ ਦੀ ਕੋਸ਼ਿਸ਼ ਕੀਤੀ? ਹੁਣ ਉਹ ਪਰਵਾਸੀ ਮਜ਼ਦੂਰ ਕਿੱਥੇ ਹਨ? ਇਨ੍ਹਾਂ ਕਿੰਨੇ ਕੁ ਮਾਹਿਰਾਂ ਨੇ ਹਸਪਤਾਲਾਂ ਵਿਚ ਜਾ ਕੇ ਦੇਖਿਆ ਹੈ ਤੇ ਉਸ ਬਾਰੇ ਮੀਡੀਆ 'ਤੇ ਚਰਚਾ ਕੀਤੀ ਹੈ ਕਿ ਉੱਥੇ ਕੀ ਵਾਪਰ ਰਿਹਾ ਹੈ? ਉੱਥੋਂ ਦੇ ਮਾੜੇ ਹਾਲਾਤ ਦੀਆਂ ਦਿਲ-ਕੰਬਾਊ ਜਾਣਕਾਰੀਆਂ ਸਾਨੂੰ ਹੋਰਨਾਂ ਵਸੀਲਿਆਂ ਤੋਂ ਸੁਣਨ ਨੂੰ ਮਿਲਦੀਆਂ ਹਨ। ਆਪਣੇ ਸਟੂਡੀਓ ਵਿਚ ਬੈਠ ਕੇ ਜੰਗਾਂ ਦੀਆਂ ਸ਼ੇਖ਼ੀਆਂ ਮਾਰਨ ਵਾਲੇ ਇਨ੍ਹਾਂ ਯੋਧਿਆਂ ਵਿਚੋਂ ਕਿੰਨੇ ਕੁ ਲੱਦਾਖ਼ ਗਏ ਜਾਂ ਉਨ੍ਹਾਂ ਫ਼ੌਜ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਉੱਥੋਂ ਦੀ ਫੇਰੀ ਦਾ ਇੰਤਜ਼ਾਮ ਕਰੇ ਤਾਂ ਕਿ ਉਹ ਇਹ ਸਭ ਦੇਖ ਸਕਣ ਤੇ ਫਿਰ ਖ਼ਬਰਾਂ ਨਸ਼ਰ ਕਰ ਸਕਣ ਕਿ ਸਾਡੇ ਫ਼ੌਜੀ ਜਵਾਨ ਕਿਨ੍ਹਾਂ ਹਾਲਾਤ ਵਿਚ ਰਹਿੰਦੇ ਤੇ ਲੜਦੇ ਹਨ? ਕਿੰਨਿਆਂ ਕੁ ਨੂੰ ਇਹ ਅਹਿਸਾਸ ਹੈ ਕਿ ਉੱਥੇ ਤਾਇਨਾਤ ਸਾਡੇ ਪੁੱਤਾਂ ਤੇ ਭਰਾਵਾਂ ਲਈ ਆ ਰਹੀ ਸਰਦੀ ਦੀ ਰੁੱਤ ਦੇ ਕੀ ਮਾਅਨੇ ਹਨ? ਮੈਂ ਸਰਹੱਦੀ ਮੋਰਚੇ ਤੋਂ ਕੋਈ ਇਕ ਵੀ ਰਿਪੋਰਟ ਹਾਲੇ ਤੱਕ ਨਹੀਂ ਦੇਖੀ। ਭਾਰਤੀ ਅਰਥਚਾਰੇ ਦੀ ਹੋ ਰਹੀ ਮੰਦੀ ਹਾਲਤ ਅਤੇ ਇਸ ਕਾਰਨ ਨੌਕਰੀਆਂ ਤੇ ਰੋਜ਼ੀ-ਰੋਟੀ ਦੀ ਹੋ ਰਹੀ ਤਬਾਹੀ ਨੂੰ ਕੀ ਕਦੇ ਪ੍ਰਾਈਮ ਟਾਈਮ ਚਰਚਾਵਾਂ ਵਿਚ ਥਾਂ ਨਹੀਂ ਮਿਲ ਸਕਦੀ?
         ਟੀਵੀ ਅਤੇ ਪ੍ਰਿੰਟ ਮੀਡੀਆ ਦੇ ਮੇਰੇ ਪਿਆਰੇ ਦੋਸਤੋ, ਲੱਦਾਖ਼ ਵਿਚਲੀ ਇਹ ਜੰਗ, ਕਰੋਨਾ ਕਾਰਨ ਦਰਪੇਸ਼ ਵੰਗਾਰਾਂ ਅਤੇ ਮੂਧੇ ਮੂੰਹ ਡਿੱਗ ਰਹੇ ਅਰਥਚਾਰੇ ਦੀਆਂ ਚੁਣੌਤੀਆਂ ਨੂੰ ਮਹਿਜ਼ ਸਟੂਡੀਓਜ਼ ਵਿਚ ਬੈਠ ਕੇ ਉੱਚੀ-ਉੱਚੀ ਚੀਕਣ ਨਾਲ ਨਹੀਂ ਜਿੱਤਿਆ ਜਾ ਸਕਦਾ ਸਗੋਂ ਇਸ ਲੜਾਈ ਨੂੰ ਮੈਦਾਨ ਵਿਚ ਜਾ ਕੇ ਹੀ ਜਿੱਤਣਾ ਪਵੇਗਾ। ਉਸ ਲਈ ਜ਼ਰੂਰੀ ਹੈ ਕਿ ਤੁਸੀਂ ਸੰਜੀਦਗੀ ਤੇ ਸੰਜਮ ਨਾਲ ਹਕੀਕਤ ਨੂੰ ਪੇਸ਼ ਕਰੋ, ਲੋਕਾਂ ਨੂੰ ਸਹੀ ਜਾਣਕਾਰੀ ਦਿਓ ਤੇ ਉਨ੍ਹਾਂ ਨੂੰ ਪ੍ਰੇਰਿਤ ਕਰੋ। ਜਦੋਂ ਅਸੀਂ ਟੀਵੀ ਨੂੰ ਚਾਲੂ ਕਰਦੇ ਹਾਂ ਤਾਂ ਸਾਨੂੰ ਕੀ ਉਮੀਦ ਹੁੰਦੀ ਹੈ? ਚੇਤੇ ਰੱਖੋ ਕਿ ਇਹ ਇਕ ਵਿਜ਼ੂਅਲ ਸਾਧਨ ਹੈ ਅਤੇ ਅਸੀਂ ਇਸ 'ਤੇ ਜ਼ਿਆਦਾ ਕੁਝ ਦ੍ਰਿਸ਼ਾਂ ਰਾਹੀਂ ਦੇਖਣਾ ਚਾਹੁੰਦੇ ਹਾਂ ਜਿਹੜੇ ਦ੍ਰਿਸ਼ ਭਾਵੇਂ ਪੇਸ਼ ਕੀਤੀ ਜਾ ਰਹੀ ਖ਼ਬਰ ਸਬੰਧੀ ਸਿੱਧੇ ਨਸ਼ਰ ਹੋ ਰਹੇ ਹੋਣ ਜਾਂ ਪਹਿਲਾਂ ਰਿਕਾਰਡ ਕੀਤੇ ਹੋਣ। ਹਸਪਤਾਲਾਂ ਵਿਚ ਜਾਓ, ਡਾਕਟਰਾਂ, ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰੋ ਅਤੇ ਫਿਰ ਉਸ ਬਾਰੇ ਰਿਪੋਰਟਾਂ ਸਾਨੂੰ ਦਿਖਾਓ। ਕੌਮੀ ਅਹਿਮੀਅਤ ਵਾਲੇ ਇਹ ਮੁੱਦੇ ਤੁਹਾਡੇ ਧਿਆਨ ਦਾ ਕੇਂਦਰ ਹੋਣੇ ਚਾਹੀਦੇ ਹਨ, ਨਾ ਕਿ ਇਨ੍ਹਾਂ ਨੂੰ ਚਾਰਟਾਂ ਅਤੇ ਸਲਾਈਡਾਂ ਦੇ ਓਹਲੇ ਲੁਕਾ ਦਿੱਤਾ ਜਾਵੇ ਜਾਂ ਬਾਲੀਵੁੱਡ ਦੀਆਂ ਕਹਾਣੀਆਂ ਬਹਾਨੇ ਬਿਲਕੁਲ ਹੀ ਘਟਾ ਕੇ ਦਿਖਾਇਆ ਜਾਵੇ।
       ਸ਼ੁਕਰ ਹੈ ਕਿ ਪ੍ਰਿੰਟ ਮੀਡੀਆ ਵਿਚ ਹਾਲੇ ਵੀ ਕੁਝ ਸਤਿਕਾਰਤ ਅਪਵਾਦ ਬਾਕੀ ਹਨ ਜਿਨ੍ਹਾਂ ਇਸ ਕਿਲ੍ਹੇ ਨੂੰ ਸਾਂਭਿਆ ਹੋਇਆ ਹੈ। ਇਹ ਚੌਥਾ ਥੰਮ੍ਹ ਸਾਡੀ ਜਮਹੂਰੀਅਤ ਅਤੇ ਸਾਡੇ ਲੋਕਾਂ ਦੀ ਆਜ਼ਾਦੀ ਦਾ ਜ਼ਰੂਰੀ ਅਟੁੱਟ ਅੰਗ ਹੈ। ਇਹ ਅਜਿਹਾ ਰਖਵਾਲਾ ਹੈ ਜਿਹੜਾ ਭ੍ਰਿਸ਼ਟਾਚਾਰ, ਗ਼ਲਤ ਸੂਚਨਾਵਾਂ ਅਤੇ ਝੂਠ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਅੱਜ ਸੋਸ਼ਲ ਮੀਡੀਆ ਨੂੰ ਸੌੜੇ ਸਵਾਰਥਾਂ ਅਤੇ ਲੌਬੀਆਂ ਨੇ ਆਪਣਾ ਹਥਿਆਰ ਬਣਾ ਲਿਆ ਹੈ ਜਿਨ੍ਹਾਂ ਵੱਲੋਂ ਗ਼ਲਤ ਖ਼ਬਰਾਂ ਅਤੇ ਨਫ਼ਰਤ ਫੈਲਾਈ ਜਾਂਦੀ ਹੈ। ਅੱਜ ਉਹ ਚੋਣਾਂ ਉੱਤੇ ਅਸਰ ਪਾਉਂਦੇ ਹਨ, ਵਿਕਸਤ ਮੁਲਕਾਂ ਵਿਚ ਵੀ ਅਤੇ ਇਸ ਤਰ੍ਹਾਂ ਉਹ ਨੀਤੀਆਂ ਘੜਨ ਦੇ ਅਮਲ ਅਤੇ ਅਗਲੇਰੇ ਸਿੱਟਿਆਂ ਉੱਤੇ ਆਪਣਾ ਗਲਬਾ ਪਾ ਲੈਂਦੇ ਹਨ। ਇਸ ਹਾਲਤ ਵਿਚ ਇਮਾਨਦਾਰੀ, ਆਜ਼ਾਦ ਅਤੇ ਨਿਰਪੱਖ ਪੱਤਰਕਾਰੀ ਤੇ ਰਿਪੋਰਟਿੰਗ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਸਾਰੀ ਜ਼ਿੰਮੇਵਾਰੀ ਰਵਾਇਤੀ ਮੀਡੀਆ, ਟੀਵੀ ਅਤੇ ਅਖ਼ਬਾਰੀ ਉੱਤੇ ਆ ਜਾਂਦੀ ਹੈ। ਅਮਰੀਕਾ ਦੇ ਸਾਬਕਾ ਸਦਰ ਰਿਚਰਡ ਨਿਕਸਨ ਨੂੰ 'ਵਾਟਰਗੇਟ ਸਕੈਂਡਲ' ਸਬੰਧੀ 'ਵਾਸ਼ਿੰਗਟਨ ਪੋਸਟ' ਅਤੇ 'ਨਿਊਯਾਰਕ ਟਾਈਮਜ਼' ਵੱਲੋਂ ਕੀਤੀ ਗਈ ਦ੍ਰਿੜ੍ਹ ਪੱਤਰਕਾਰੀ ਨੇ ਹੀ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਸੀ... ਇਤਿਹਾਸ ਇਸ ਦੌਰ ਨੂੰ ਚੇਤੇ ਰੱਖੇਗਾ, ਆਓ ਅਸੀਂ ਕਿਸੇ ਨੂੰ ਇਹ ਮਿਹਣਾ ਮਾਰਨ ਦਾ ਮੌਕਾ ਨਾ ਦੇਈਏ ਕਿ ਭਾਰਤੀ ਮੀਡੀਆ ਵਿਚਲੇ ਮਰਦਾਂ ਤੇ ਔਰਤਾਂ ਨੂੰ ਦਬੰਗਾਂ ਅਤੇ ਕਾਰਪੋਰੇਟ ਘਰਾਣਿਆਂ ਨੇ ਬੁਰੀ ਤਰ੍ਹਾਂ ਦਬਾ ਤੇ ਡਰਾ ਲਿਆ ਸੀ ਅਤੇ ਆਪਣੀਆਂ ਕਠਪੁਤਲੀਆਂ ਬਣਾ ਲਿਆ ਸੀ। ਕੀ ਸਾਡਾ ਰਵਾਇਤੀ ਮੀਡੀਆ ਇਸ ਹਾਲਾਤ ਤੋਂ ਬਾਹਰ ਨਿਕਲੇਗਾ ਅਤੇ ਸਾਨੂੰ ਸੱਚਾਈ ਦਾ ਬੇਲਾਗ ਚਿਹਰਾ ਦਿਖਾਵੇਗਾ ... ਇਹ ਤਾਂ ਵਕਤ ਹੀ ਦੱਸੇਗਾ?
' ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ