ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ : ਸਰਕਾਰ ਤੇ ਸਮਾਜ ਦੇ ਜਾਗਣ ਦਾ ਵੇਲ਼ਾ  - ਡਾ. ਗਿਆਨ ਸਿੰਘ

ਭਾਰਤ ਵਿਚ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ 2017, 2018 ਅਤੇ 2019 ਦੌਰਾਨ ਕੀਤੀਆਂ ਖ਼ੁਦਕੁਸ਼ੀਆਂ ਦੇ ਅੰਕੜੇ ਨੈਸ਼ਨਲ ਕ੍ਰਾਇਮ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਨੇ ਹਾਲ ਵਿਚ ਹੀ ਬਹੁਤ ਦੇਰ ਕਰਕੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਤੋਂ ਸਰਕਾਰ ਅਤੇ ਸਮਾਜ ਦੇ ਜਾਗਣ ਲਈ ਬਹੁਤ ਜ਼ਬਰਦਸਤ ਸੁਨੇਹੇ ਮਿਲਦੇ ਹਨ। ਕਿਸੇ ਵਿਅਕਤੀ ਦੁਆਰਾ ਕੀਤੀ ਖ਼ੁਦਕੁਸ਼ੀ ਦੀ ਖ਼ਬਰ ਮਨਾਂ ਨੂੰ ਉਦਾਸ ਕਰ ਦਿੰਦੀ ਹੈ, ਪਰ ਇਨ੍ਹਾਂ ਅੰਕੜਿਆਂ ਦਾ ਮਨਾਂ ਨੂੰ ਵਲੂੰਧਰਨ ਵਾਲ਼ਾ ਤੱਥ ਇਹ ਹੈ ਕਿ ਭਾਰਤੀ ਸਮਾਜ ਦੇ ਵੱਖ ਵੱਖ ਵਰਗਾਂ ਵਿਚੋਂ ਸਭ ਤੋਂ ਵੱਧ ਖ਼ੁਦਕੁਸ਼ੀਆਂ ਦਿਹਾੜੀਦਾਰਾਂ ਦੀਆਂ ਹਨ। ਐੱਨਸੀਆਰਬੀ ਅਨੁਸਾਰ 2019 ਦੌਰਾਨ ਮੁਲਕ ਵਿਚ 139123 ਵਿਅਕਤੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ, ਜਿਨ੍ਹਾਂ ਵਿਚੋਂ ਦਿਹਾੜੀਦਾਰ ਮਜ਼ਦੂਰਾਂ (ਖੇਤ ਮਜ਼ਦੂਰਾਂ ਨੂੰ ਛੱਡਕੇ) ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਹੀ 32563 ਹੈ, ਜੋ ਕੁੱਲ ਖ਼ੁਦਕੁਸ਼ੀਆਂ ਦੇ ਚੌਥੇ ਹਿੱਸੇ ਦੇ ਕਰੀਬ (23.4 ਫ਼ੀਸਦ) ਹੈ। 2014 ਤੋਂ ਪਹਿਲੀ ਵਾਰ ਮੁਲਕ ਵਿਚ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿਚ ਐੱਨਸੀਆਰਬੀ ਨੇ ਦਿਹਾੜੀਦਾਰ ਮਜ਼ਦੂਰਾਂ ਦੀਆਂ ਦਰਜ ਹੋਈਆਂ ਖ਼ੁਦਕੁਸ਼ੀਆਂ ਦੇ ਅੰਕੜੇ ਜਾਰੀ ਕਰਨੇ ਸ਼ੁਰੂ ਕੀਤੇ ਹਨ।
       ਭਾਰਤ ਵਿਚ ਦਿਹਾੜੀਦਾਰ ਮਜ਼ਦੂਰਾਂ ਵੱਲੋਂ 2014 ਦੌਰਾਨ ਕੀਤੀਆਂ ਖ਼ੁਦਕੁਸ਼ੀਆਂ ਕੁੱਲ ਖ਼ੁਦਕੁਸ਼ੀਆਂ ਦਾ 12 ਫ਼ੀਸਦ ਸੀ। ਉਸ ਸਾਲ ਤੋਂ ਬਾਅਦ ਇਹ ਫ਼ੀਸਦ ਅੰਕੜਾ ਲਗਾਤਾਰ ਵਧਦਾ ਗਿਆ। ਇਹ ਅੰਕੜਾ 2015 ਦੌਰਾਨ 17.8, 2016 ਦੌਰਾਨ 19.2, 2017 ਦੌਰਾਨ 22.1, 2018 ਦੌਰਾਨ 22.4 ਅਤੇ 2019 ਦੌਰਾਨ 23.4 ਫ਼ੀਸਦ ਬਣਦਾ ਹੈ। ਦਿਹਾੜੀਦਾਰ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਇਹ ਅੰਕੜੇ ਉਨ੍ਹਾਂ ਦੀਆਂ ਦਰਜ ਹੋਈਆਂ ਖ਼ੁਦਕੁਸ਼ੀਆਂ ਦੇ ਹਨ। ਇਸ ਮਜ਼ਦੂਰ ਵਰਗ ਦੇ ਲੋਕਾਂ ਦੁਆਰਾ ਕੀਤੀਆਂ ਹੋਰ ਖ਼ੁਦਕੁਸ਼ੀਆਂ ਦੇ ਅੰਕੜੇ ਇਸ ਵਿਚ ਸ਼ਾਮਲ ਨਹੀਂ। ਇਨ੍ਹਾਂ ਮਜ਼ਦੂਰਾਂ ਦੁਆਰਾ ਕੀਤੀਆਂ ਉਹ ਖ਼ੁਦਕੁਸ਼ੀਆਂ ਜਿਨ੍ਹਾਂ ਬਾਰੇ ਉਨ੍ਹਾਂ ਦੇ ਵਾਰਸਾਂ ਨੇ ਕਾਨੂੰਨੀ-ਸਮਾਜਿਕ ਉਲਝਣਾਂ ਕਰਕੇ ਰਿਪੋਰਟਾਂ ਦਰਜ ਨਹੀਂ ਕਰਵਾਈਆਂ ਜਾਂ ਜਿਹੜੇ ਮਜ਼ਦੂਰਾਂ ਨੇ ਜ਼ਿੰਦਗੀ ਦੇ ਹਰੇਕ ਦੀ ਪੱਖ ਤੋਂ ਨਿਰਾਸ਼ ਹੋ ਕੇ ਆਪਣੇ ਘਰ/ਝੁੱਗੀਆਂ ਛੱਡ ਕੇ ਕਿਸੇ ਹੋਰ ਥਾਂ ਜਾ ਕੇ ਆਪਣਾ ਜੀਵਨ ਸਮਾਪਤ ਕਰ ਲਿਆ ਅਤੇ ਜਿਨ੍ਹਾਂ ਦਾ ਲਾਵਾਰਸ ਲਾਸ਼ਾਂ ਵਜੋਂ ਸਸਕਾਰ ਕਰ ਦਿੱਤਾ ਗਿਆ, ਉਹ ਇਸ ਗਿਣਤੀ ਵਿਚ ਸ਼ਾਮਲ ਨਹੀਂ। ਪਿਛਲੇ ਛੇ ਸਾਲਾਂ ਦੌਰਾਨ ਦਿਹਾੜੀਦਾਰ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਫ਼ੀਸਦੀ 12 ਤੋਂ ਲਗਾਤਾਰ ਵਧਦੀ ਹੋਈ 23.4 ਭਾਵ ਦੁੱਗਣੀ ਹੋ ਗਈ ਹੈ। ਜਿਹੜੇ ਦਿਹਾੜੀਦਾਰ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਉਨ੍ਹਾਂ ਵਿਚੋਂ 89 ਫ਼ੀਸਦ ਮਰਦ ਅਤੇ 11 ਫ਼ੀਸਦ ਔਰਤਾਂ ਸਨ।
        ਦਿਹਾੜੀਦਾਰ ਮਜ਼ਦੂਰਾਂ ਬਾਰੇ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਵਰਗ ਵਿਚ ਕਿਹੜੇ ਵਿਅਕਤੀ ਆਉਂਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਕਿਉਂ ਵਧ ਰਹੀ ਹੈ। ਐੱਨਸੀਆਰਬੀ ਦੁਆਰਾ ਮੁਲਕ ਵਿਚ ਹੋਈਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿਚ ਦਿਹਾੜੀਦਾਰ ਮਜ਼ਦੂਰਾਂ ਵਿਚ ਖੇਤੀਬਾੜੀ ਖੇਤਰ ਵਿਚ ਦਿਹਾੜੀ-ਦੱਪਾ ਕਰਨ ਵਾਲੇ ਮਜ਼ਦੂਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਨ੍ਹਾਂ ਮਜ਼ਦੂਰਾਂ ਵਿਚ ਗ਼ੈਰ-ਰਸਮੀ ਰੁਜ਼ਗਾਰ ਵਾਲ਼ੇ ਮਜ਼ਦੂਰਾਂ ਵਿਚੋਂ ਵੱਡੀ ਗਿਣਤੀ ਨੂੰ, ਜੋ ਸ਼ਹਿਰਾਂ ਤੇ ਪਿੰਡਾਂ ਵਿਚ ਉਦਯੋਗਾਂ ਅਤੇ ਸੇਵਾਵਾਂ ਦੇ ਖੇਤਰਾਂ ਵਿਚ ਦਿਹਾੜੀ-ਦੱਪਾ ਕਰਦੇ ਹਨ, ਸ਼ਾਮਲ ਕੀਤਾ ਗਿਆ ਹੈ। ਮੁਲਕ ਵਿਚ ਘੱਟੋ-ਘੱਟ ਮਜ਼ਦੂਰੀ ਕਾਨੂੰਨਾਂ ਦੇ ਬਾਵਜੂਦ ਇਨ੍ਹਾਂ ਨੂੰ ਤਨਖਾਹ ਸਕੇਲ, ਡੀਏ, ਮਕਾਨ ਭੱਤਾ ਅਤੇ ਹੋਰ ਸਹੂਲਤਾਂ ਤਾਂ ਕਿੱਥੋਂ ਮਿਲਣੀਆਂ, ਇਨ੍ਹਾਂ ਨੂੰ ਤਾਂ ਅੱਜ ਰੁਜ਼ਗਾਰ ਵਿਚ ਹੁੰਦੇ ਕੱਲ੍ਹ ਨੂੰ ਮਿਲਣ ਵਾਲ਼ੇ ਰੁਜ਼ਗਾਰ ਬਾਰੇ ਵੀ ਅਨਿਸ਼ਚਿਤਤਾ ਬਣੀ ਰਹਿੰਦੀ ਹੈ।
      ਭਾਰਤ ਵਿਚ ਦਿਹਾੜੀਦਾਰ ਮਜ਼ਦੂਰਾਂ ਦੀ ਵਧਦੀ ਗਿਣਤੀ ਪਿੱਛੇ ਖੇਤੀਬਾੜੀ ਖੇਤਰ ਵਿਚ ਰੁਜ਼ਗਾਰ ਦਾ ਲਗਾਤਾਰ ਘਟਣਾ ਹੈ। 1950-51 ਦੌਰਾਨ ਮੁਲਕ ਦੀ ਕੁੱਲ ਅਬਾਦੀ ਵਿਚੋਂ 82 ਫ਼ੀਸਦ ਲੋਕ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਉੱਪਰ ਨਿਰਭਰ ਸਨ। ਵਰਤਮਾਨ ਸਮੇਂ ਦੌਰਾਨ ਮੁਲਕ ਦੇ ਲੋਕਾਂ ਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਉੱਪਰ ਨਿਰਭਰਤਾ 50 ਫ਼ੀਸਦ ਦੇ ਕਰੀਬ ਹੈ। ਖੇਤੀਬਾੜੀ ਖੇਤਰ ਉੱਪਰ ਮਜ਼ਦੂਰਾਂ ਦੀ ਨਿਰਭਰਤਾ ਵਿਚ ਆਈ ਵੱਡੀ ਕਮੀ ਦਿਹਾੜੀਦਾਰ ਮਜ਼ਦੂਰਾਂ ਦੀ ਗਿਣਤੀ ਵਿਚ ਵਾਧੇ ਦਾ ਮੁੱਖ ਕਾਰਨ ਬਣੀ ਹੈ। ਖੇਤੀਬਾੜੀ ਵਿਚ ਲਗਾਤਾਰ ਰੁਜ਼ਗਾਰ ਘਟਣ ਪਿੱਛੇ 'ਖੇਤੀਬਾੜੀ ਦੀ ਨਵੀਂ ਜੁਗਤ' ਦੇ ਪੁਲੰਦੇ ਵਿਚੋਂ ਮਸ਼ੀਨਰੀ ਅਤੇ ਨਦੀਨਨਾਸ਼ਕਾਂ ਦੀ ਲਗਾਤਾਰ ਵਧਦੀ ਵਰਤੋਂ ਅਤੇ ਸਰਕਾਰੀ ਨੀਤੀਆਂ ਦੇ ਖੇਤੀਬਾੜੀ ਖੇਤਰ ਵਿਰੁੱਧ ਬਣਾਏ ਜਾਣ ਕਾਰਨ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਨੂੰ ਦੁਰਕਾਰਨਾ ਅਤੇ ਉਜਾੜਨਾ ਹਨ। ਖੇਤੀਬਾੜੀ ਖੇਤਰ ਵਿਚੋਂ ਉਜਾੜੇ ਕਿਰਤੀ ਸ਼ਹਿਰਾਂ ਦੇ ਲੇਬਰ ਚੌਕਾਂ ਵਿਚ ਰੁਜ਼ਗਾਰ ਦੀ ਭਾਲ ਵਿਚ ਬੈਠੇ ਅਕਸਰ ਮਿਲਦੇ ਹਨ। ਇਨ੍ਹਾਂ ਕਾਰਨਾਂ ਤੋਂ ਬਿਨਾਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਸਰਮਾਏਦਾਰ ਜਗਤ ਨੂੰ ਕੌਡੀਆਂ ਦੇ ਮੁੱਲ ਵੇਚਣਾ ਅਤੇ ਉਦਯੋਗਿਕ ਅਤੇ ਸੇਵਾਵਾਂ ਦੇ ਖੇਤਰਾਂ ਵਿਚ ਵਧਦਾ ਮਸ਼ੀਨੀਕਰਨ ਅਤੇ ਸਵੈ-ਚਾਲਤ ਮਸ਼ੀਨਾਂ ਦਿਹਾੜੀਦਾਰ ਮਜ਼ਦੂਰਾਂ ਦੀ ਵਧਦੀ ਗਿਣਤੀ ਦੇ ਕਾਰਨ ਹਨ।
      ਭਾਰਤ ਵਿਚ ਦਿਹਾੜੀਦਾਰ ਮਜ਼ਦੂਰਾਂ ਦੁਆਰਾ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ ਦੇ ਅਨੇਕਾਂ ਕਾਰਨਾਂ ਵਿਚੋਂ ਆਰਥਿਕ, ਸਮਾਜਿਕ, ਸਭਿਆਚਾਰਕ, ਰਾਜਸੀ ਅਤੇ ਬੌਧਿਕ ਪ੍ਰਦੂਸ਼ਣ ਪ੍ਰਮੁੱਖ ਹਨ। ਮੁਲਕ ਨੇ ਅਜ਼ਾਦੀ ਤੋਂ ਬਾਅਦ ਲਗਾਤਾਰ ਆਰਥਿਕ ਵਿਕਾਸ ਕੀਤਾ ਹੈ। 1991 ਦੌਰਾਨ ਮੁਲਕ ਵਿਚ ਅਪਣਾਈਆਂ ਗਈਆਂ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ 'ਨਵੀਆਂ ਆਰਥਿਕ ਨੀਤੀਆਂ', ਜੋ ਸਰਮਾਏਦਾਰ/ਕਾਰਪੋਰੇਟ ਜਗਤ ਪੱਖੀ ਹਨ, ਤੋਂ ਬਾਅਦ ਆਰਥਿਕ ਵਿਕਾਸ ਦੀ ਦਰ ਵਿਚ ਕੁਝ ਸਮੇਂ ਦੌਰਾਨ ਤੇਜ਼ੀ ਆਈ ਜਿਸ ਨੂੰ ਮੁਲਕ ਦੇ ਹੁਕਮਰਾਨਾਂ ਨੇ ਆਪਣੀ ਪਿੱਠ ਥਾਪੜਨ ਲਈ ਖ਼ੂਬ ਵਰਤਿਆ ਅਤੇ ਦੁਨੀਆ ਦੀ ਮਹਾਂ-ਆਰਥਿਕ ਸ਼ਕਤੀ ਬਣਨ ਦੇ ਦਾਅਵੇ ਕਰਨੇ ਵੀ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਦੀ ਆਰਥਿਕ ਵਿਕਾਸ ਦਰ ਵਿਚ ਆਈ ਤੇਜ਼ੀ ਲਈ ਮੁਲਕ ਦੇ ਕੁਦਰਤੀ ਸਾਧਨਾਂ ਨੂੰ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ਼ ਸਰਮਾਏਦਾਰ/ਕਾਰਪੋਰੇਟ ਜਗਤ ਦੇ ਪੱਖ ਵਰਤਣ ਦੀ ਖੁੱਲ੍ਹ, ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਹਿੱਤਾਂ ਦੀ ਅਣਦੇਖੀ, ਵਾਤਾਵਰਨ ਦਾ ਘਾਣ ਆਦਿ ਅਨੇਕ ਕਾਰਨ ਜ਼ਿੰਮੇਵਾਰ ਹਨ। ਜਿੱਥੇ ਆਰਥਿਕ ਵਿਕਾਸ ਦੀ ਦਰ ਵਿਚ ਤੇਜ਼ੀ ਨਾਲ਼ ਸਰਮਾਏਦਾਰ/ਕਾਰਪੋਰੇਟ ਜਗਤ ਮਾਲੋ-ਮਾਲ ਹੋਇਆ, ਉੱਥੇ ਕਿਰਤੀ ਵਰਗ ਮੁਕਾਬਲਤਨ ਹੋਰ ਗ਼ਰੀਬ ਹੋਇਆ। ਇਸ ਤੱਥ ਦੀ ਗਵਾਹੀ ਭਾਰਤ ਵਿਚ ਵਧਦੀਆਂ ਆਰਥਿਕ ਅਸਮਾਨਤਾਵਾਂ ਦੀਆਂ ਔਕਸਫੈਮ ਅਤੇ ਹੋਰ ਕੌਮਾਂਤਰੀ ਅਤੇ ਮੁਲਕ ਦੀਆਂ ਰਿਪੋਰਟਾਂ ਹਨ ਜੋ ਅੱਤ ਦੇ ਅਮੀਰ ਇਕ ਫ਼ੀਸਦ ਅਤੇ ਬਾਕੀ ਦੇ 99 ਫ਼ੀਸਦ ਲੋਕਾਂ ਵਿਚਕਾਰ ਲਗਾਤਾਰ ਵਧ ਰਹੇ ਆਰਥਿਕ ਪਾੜੇ ਨੂੰ ਆਏ ਸਾਲ ਸਾਹਮਣੇ ਲਿਆਉਂਦੀਆਂ ਹਨ। ਦਿਹਾੜੀਦਾਰ ਮਜ਼ਦੂਰਾਂ ਦੇ ਗ਼ੈਰ-ਰਸਮੀ ਰੁਜ਼ਗਾਰ ਵਿਚ ਹੋਣ ਕਾਰਨ ਉਨ੍ਹਾਂ ਨੂੰ ਨਾ ਤਾਂ ਪੱਕੇ ਤੌਰ 'ਤੇ ਰੁਜ਼ਗਾਰ ਮਿਲਦਾ ਹੈ ਅਤੇ ਨਾ ਹੀ ਘੱਟੋ-ਘੱਟ ਮਜ਼ਦੂਰੀ। ਜਦੋਂ ਇਨ੍ਹਾਂ ਮਜ਼ਦੂਰਾਂ ਨੂੰ ਕੰਮ ਦੌਰਾਨ ਬਿਮਾਰ ਹੋਣ ਕਰਕੇ ਬਿਨਾਂ ਤਨਖਾਹ ੋਂਂ ਛੁੱਟੀ ਲੈਣੀ ਪੈਂਦੀ ਹੈ ਤਾਂ ਜ਼ਿੰਦਗੀ ਦੇ ਹੋਰ ਵੱਖ ਵੱਖ ਪੱਖਾਂ ਤੋਂ ਸਮਾਜਿਕ ਸੁਰੱਖਿਆ ਕਿੱਥੋਂ ਮਿਲਣੀ ਹੈ।
      ਕਿਸੇ ਵੀ ਮੁਲਕ ਵਿਚ ਵੱਖ ਵੱਖ ਵਰਗਾਂ ਦੇ ਸਮਾਜਿਕ-ਸਭਿਆਚਾਰਕ ਪੱਖ ਆਮ ਤੌਰ ਉੱਤੇ ਉਨ੍ਹਾਂ ਵਰਗਾਂ ਦੀਆਂ ਆਰਥਿਕ ਹਾਲਤਾਂ ਦੁਆਰਾ ਪ੍ਰਭਾਵਿਤ ਹੁੰਦੇ ਹਨ। ਦਿਹਾੜੀਦਾਰ ਮਜ਼ਦੂਰ ਆਰਥਿਕ ਪੱਖੋਂ ਸਭ ਤਂਂ ਹੇਠਲੇ ਵਰਗਾਂ ਵਿਚ ਹੋਣ ਕਾਰਨ ਸਮਾਜਿਕ ਪ੍ਰਦੂਸ਼ਣ ਹੰਢਾਉਣ ਲਈ ਮਜਬੂਰ ਹਨ। ਬਹੁਤ ਨੇੜੇ ਦੀਆਂ ਰਿਸ਼ਤੇਦਾਰੀਆਂ ਹੋਣ ਦੇ ਬਾਵਜੂਦ ਅਮੀਰ ਰਿਸ਼ਤੇਦਾਰ ਨਾ ਤਾਂ ਉਨ੍ਹਾਂ ਨੂੰ ਆਪਣਾ ਰਿਸ਼ਤੇਦਾਰ ਮੰਨਣ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੁੰਦੇ ਹਨ, ਜਦੋਂ ਇਹੀ ਅਮੀਰ ਰਿਸ਼ਤੇਦਾਰ ਆਪ ਤੋਂ ਵੱਧ ਅਮੀਰ ਅਤੇ ਰਸੂਖਵਾਨ ਲੋਕਾਂ ਨਾਲ਼ ਕੋਈ ਵੀ ਰਿਸ਼ਤੇਦਾਰੀ ਨਾ ਹੋਣ ਦੇ ਬਾਵਜੂਦ ਜਬਰਾਂ-ਤਕਸੀਮਾਂ ਵਾਲ਼ੀਆਂ ਰਿਸ਼ਤੇਦਾਰੀਆਂ ਕੱਢਕੇ ਉਨ੍ਹਾਂ ਦੇ ਵੱਖ ਵੱਖ ਕੰਮ ਕਰਕੇ ਆਪਣੀ ਹਾਜ਼ਰੀ ਲਵਾਉਂਦੇ ਹਨ। ਭਾਰਤੀ ਸਮਾਜ ਵਿਚ ਬੇਲੋੜੇ ਵਧਦੇ ਨਿੱਜਵਾਦ ਅਤੇ ਪਦਾਰਥਵਾਦ ਦੇ ਰੁਝਾਨਾਂ ਨੇ ਹੋਰ ਲੋਕਾਂ ਦੇ ਨਾਲ਼ ਨਾਲ਼ ਦਿਹਾੜੀਦਾਰ ਮਜ਼ਦੂਰਾਂ ਨੂੰ ਸੰਘਰਸ਼ਾਂ ਦੇ ਰਾਹ ਤੋਂ ਹਟਾਕੇ ਬਚਾਉ ਦੀ ਨੀਤੀ ਵੱਲ ਧੱਕਿਆ ਹੈ।
      ਮੁਲਕ ਦੀ ਅਜ਼ਾਦੀ ਤੋਂ ਹੁਣ ਤੱਕ ਰਾਜਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ ਨਾਲ਼ ਇਸ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਜਿਨ੍ਹਾਂ ਤੋਂ ਇਹ ਲੱਗਣ ਲੱਗ ਜਾਂਦਾ ਹੈ ਕਿ ਚੋਣਾਂ ਤੋਂ ਬਾਅਦ ਸਰਕਾਰ ਬਣਨ ਉਪਰੰਤ ਕਿਰਤੀ ਵਰਗਾਂ ਦੀ ਚੁਰਾਸੀ ਕੱਟੀ ਹੀ ਨਹੀਂ ਜਾਵੇਗੀ, ਸਗੋਂ ਉਨ੍ਹਾਂ ਵਰਗਾਂ ਦੇ ਲੋਕ ਭਾਰਤੀ ਨਾਗਰਿਕ ਹੋਣ ਉੱਪਰ ਮਾਣ ਕਰ ਸਕਣਗੇ। ਹਰੇਕ ਚੋਣ ਤੋਂ ਬਾਅਦ ਰਾਜਸੀ ਪਾਰਟੀਆਂ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਹੁੰਦੇ ਹਨ, ਸਗੋਂ ਉਹ ਹੁਕਮਰਾਨ ਬਣਨ ਉਪਰੰਤ 'ਕਿਰਤ ਸੁਧਾਰਾਂ' ਦੇ ਨਾਮ ਥੱਲੇ ਕਿਰਤੀਆਂ ਨੂੰ ਹੋਰ ਰਗੜੇ ਲਗਾਉਣ 'ਚ ਭੋਰਾ ਵੀ ਕਿਰਕ ਨਹੀਂ ਕਰਦੇ। ਅਗਲੀਆਂ ਚੋਣਾਂ ਦੌਰਾਨ ਉਹੀ ਰਾਜਸੀ ਪਾਰਟੀਆਂ ਲੋਕਾਂ ਦੀ ਯਾਦ-ਸ਼ਕਤੀ ਨੂੰ ਕਮਜ਼ੋਰ ਸਮਝਦੇ ਹੋਏ ਆਪਣੇ ਨਾ-ਕੀਤੇ ਕੰਮਾਂ ਦੇ ਝੂਠੇ ਦਾਅਵੇ ਅਤੇ ਆਉਣ ਵਾਲੇ ਸਮੇਂ ਲਈ ਨਵੇਂ ਵਾਅਦੇ ਠੋਕਦੇ ਹੋਏ ਰਾਜਸੀ ਪ੍ਰਦੂਸ਼ਣ ਵਧਾਉਂਦੇ ਹਨ। ਇਹ ਪ੍ਰਦੂਸ਼ਣ ਵੀ ਦਿਹਾੜੀਦਾਰ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਾ ਮਹੱਤਵਪੂਰਨ ਕਾਰਨ ਬਣਦਾ ਹੈ।
      ਵੱਧ ਪੜ੍ਹੇ-ਲਿਖੇ ਲੋਕਾਂ ਨੂੰ ਬੁੱਧੀਜੀਵੀ ਆਖਿਆ ਜਾਂਦਾ ਹੈ ਜਦੋਂ ਕਿ ਅਸਲ ਵਿਚ ਬੁੱਧੀਜੀਵੀ ਉਹ ਹੁੰਦੇ ਹਨ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਮ ਲੋਕਾਂ ਨਾਲੋਂ ਵਧੀਆ ਤਰੀਕੇ ਨਾਲ ਸਮਝਦੇ ਹੋਏ ਉਨ੍ਹਾਂ ਦੇ ਹੱਲ ਲਈ ਤੱਤਪਰ ਰਹਿੰਦੇ ਹਨ। ਕੁਝ ਵੱਧ ਪੜ੍ਹੇ-ਲਿਖੇ ਤੇਜ਼ ਦਿਮਾਗ ਲੋਕ ਵਿਅਰਥ ਨਿੱਕੀਆਂ-ਨਿੱਕੀਆਂ ਰਿਆਇਤਾਂ ਲਈ ਹੁਕਮਰਾਨਾਂ ਅਤੇ ਕਾਰਪੋਰੇਟ ਜਗਤ ਲਈ ਨਤੀਜਾ-ਪ੍ਰਮੁੱਖ ਅਧਿਐਨ ਪ੍ਰਚਾਰਨ ਲਈ ਆਪਣੇ ਕੋਲ਼ੋਂ ਅੰਕੜੇ ਬਣਾਉਣ ਵਿਚ ਆਪਣੀ ਸਮਰੱਥਾ ਤੋਂ ਵੀ ਵੱਧ ਜ਼ੋਰ ਲਗਾਉਂਦੇ ਦੇਖੇ ਜਾਂਦੇ ਹਨ। ਇਨ੍ਹਾਂ ਅਖੌਤੀ ਬੁੱਧੀਜੀਵੀਆਂ ਦਾ ਇਕ ਨਤੀਜਾ-ਪ੍ਰਮੁੱਖ ਅਧਿਐਨ ਇਹ ਹੁੰਦਾ ਹੈ ਕਿ ਹਾਸ਼ੀਏ ਉੱਪਰਲੇ ਲੋਕਾਂ ਦਾ ਉਜੜਨਾ ਉਨ੍ਹਾਂ ਲੋਕਾਂ ਦੇ ਹੱਕ ਵਿਚ ਹੀ ਹੁੰਦਾ ਹੈ। ਤੇਜ਼ ਦਿਮਾਗ ਵਿਅਕਤੀਆਂ ਦਾ ਬੌਧਿਕ ਪ੍ਰਦੂਸ਼ਣ ਦਾ ਅਜਿਹਾ ਵਰਤਾਰਾ ਵੀ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਕਾਰਨ ਬਣਦਾ ਹੈ।
      ਫਰਾਂਸ ਦੇ ਮਹਾਨ ਚਿੰਤਕ ਸਿਸਮੌਂਡੀ, ਜਿਸ ਦੀਆਂ ਲਿਖਤਾਂ 18ਵੀਂ ਸਦੀ ਦੇ ਆਖ਼ੀਰ ਅਤੇ 19ਵੀਂ ਸਦੀ ਦੇ ਸ਼ੁਰੂ ਵਿਚ ਮਿਲਦੀਆਂ ਹਨ, ਅਨੁਸਾਰ ਮੁਲਕ ਦਾ ਇਕ ਵੀ ਕਿਰਤੀ ਮਰਨ ਨਾਲ਼ ਮੁਲਕ ਨੂੰ ਕਦੇ ਵੀ ਨਾ-ਪੂਰਾ ਹੋ ਸਕਣ ਵਾਲ਼ਾ ਘਾਟਾ ਪੈਂਦਾ ਹੈ। ਕਾਰਲ ਮਾਰਕਸ, ਰਿਕਾਰਡੋ ਅਤੇ ਹੋਰ ਅਨੇਕਾਂ ਵਿਦਵਾਨਾਂ ਨੇ ਉਤਪਾਦਨ ਪ੍ਰਕਿਰਿਆ ਵਿੱਚ ਕਿਰਤੀਆਂ ਦੀ ਭੂਮਿਕਾ ਬਾਰੇ ਬਹੁਤ ਚਾਨਣਾ ਪਾਇਆ ਹੈ। ਭਾਰਤ ਵਿਚ ਦਿਹਾੜੀਦਾਰ ਮਜ਼ਦੂਰਾਂ ਦੀ ਭੂਮਿਕਾ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣਾ ਅਤਿਅੰਤ ਜ਼ਰੂਰੀ ਹੈ। ਅਜਿਹਾ ਕਰਨ ਲਈ ਸਰਕਾਰ ਅਤੇ ਸਮਾਜ ਦੇ ਜਾਗਣ ਦਾ ਵੇਲ਼ਾ ਹੈ, ਨਹੀਂ ਤਾਂ ਇਸ ਦੇ ਸਿੱਟੇ ਭਿਆਨਕ ਹੋਣਗੇ। ਭਾਰਤ ਵਿਚ ਆਰਥਿਕ ਵਿਕਾਸ ਮਾਡਲ ਨੂੰ ਲੋਕ ਅਤੇ ਕੁਦਰਤ-ਪੱਖੀ ਬਣਾਉਣਾ ਪਵੇਗਾ ਜਿਸ ਵਿਚ ਜਨਤਕ ਖੇਤਰ ਲਈ ਪ੍ਰਮੁੱਖ ਥਾਂ ਯਕੀਨੀ ਬਣਾਉਣ ਦੇ ਨਾਲ਼ ਨਾਲ਼ ਨਿੱਜੀ ਖੇਤਰ ਦੀ ਸਖ਼ਤ ਨਿਗਰਾਨੀ ਹੋਵੇ ਤਾਂ ਕਿ ਮੁਲਕ ਦੇ ਮਜ਼ਦੂਰ ਆਪਣੀਆਂ ਲੋੜਾਂ ਸਤਿਕਾਰਤ ਢੰਗਾਂ ਨਾਲ਼ ਪੂਰੀਆਂ ਕਰਦੇ ਹੋਏ ਭਾਰਤ ਦੇ ਨਾਗਰਿਕ ਹੋਣ ਉੱਪਰ ਮਾਣ ਕਰ ਸਕਣ। ਅਜਿਹਾ ਆਰਥਿਕ ਪ੍ਰਬੰਧ ਮਜ਼ਦੂਰਾਂ ਦੇ ਸੰਘਰਸ਼ਾਂ ਦੁਆਰਾ ਹੀ ਸੰਭਵ ਹੋ ਸਕੇਗਾ।

'ਸਾਬਕਾ ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99156-82196