ਅਮਰੀਕੀ ਰਾਸ਼ਟਰਪਤੀ ਚੋਣ : ਸੱਤਾ ਦੀ ਡਗਰ ਬਾਈਡਨ ਅੱਗੇ, ਟਰੰਪ ਪਿਛੇ - ਜਗਦੀਸ਼ ਸਿੰਘ ਚੋਹਕਾ

ਵਾਈਟ ਹਾਊਸ ਤੱਕ ਪੁਜਣ ਲਈ ਅਤੇ ਸਿਰ ਤੇ ਤਾਜ ਸਜਾਉਣ ਲਈ, ' ਅਮਰੀਕਾ ਦੇ ਰਾਸ਼ਟਰਪਤੀ ਪਦ ਦੀ ਚੋਣ ਦਾ ਸਮਾਂ ਸਿਰਕਦੇ ਹੋਏ 3-ਨਵੰਬਰ ਦਾ ਦਿਨ ਨੇੜੇ ਢੁੱਕਦਾ ਆ ਰਿਹਾ ਹੈ।ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਸਾਮਰਾਜੀ ਦੇਸ਼ ਅਮਰੀਕਾ ਅੰਦਰ, ' ਦੋ ਪਾਰਟੀ ਪ੍ਰਣਾਲੀ ਦੇ ਪੂੰਜੀਵਾਦੀ ਪ੍ਰੰਪਰਾਵਾਦੀ ਰਾਜਨੀਤਕ ਖਿਡਾਰੀ, 'ਇਸ ਖੇਡ ਅੰਦਰ ਪੂਰੀ ਤਰ੍ਹਾਂ ਸਰਗਰਮ ਹਨ ! ਰਿਪਬਲਿਕਨ ਤੇ ਡੈਮੋਕਰੇਟਿਕ ਪਾਰਟੀਆਂ ਦੇ ਆਗੂ, 'ਜਿਨ੍ਹਾਂ ਦੇ ਰਿਮੋਟ ਕੰਟਰੋਲ ਵੱਡੇ-ਵੱਡੇ ਕਾਰਪੋਰੇਟਰਾਂ ਦੇ ਹੱਥਾਂ 'ਚ ਹਨ, ਉਨ੍ਹਾਂ ਵਲੋਂ ਵਾਈਟ ਹਾਊਸ ਤੱਕ ਪੁੱਜਣ ਲਈ ਦੇਸ਼ ਦੇ ਭੋਲੇ ਭਾਲੇ ਅਮਰੀਕਨ ਜਨ-ਸਮੂਹ ਨੂੰ ਭੁਚਲਾਉਣ ਲਈ, 'ਲੋਕਾਂ ਦੇ ਮੁੱਖ ਮੱਸਲਿਆਂ ਤੋਂ ਉਨ੍ਹਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਰੁਜ਼ਗਾਰ, ਸਿਹਤ ਸਹੂਲਤਾਂ, ਰਿਹਾਇਸ਼, ਅਮਨ-ਕਾਨੂੰਨ, ਨਸਲਵਾਦ, ਨਸ਼ੇ, ਗੰਨ-ਕਲਚਰ ਆਦਿ ਮੁੱਦਿਆਂ ਤੋਂ ਦੂਰ ਰੱਖ ਕੇ, 'ਕਦੀ ਚੀਨ ਕਦੀ ਉਤਰੀ ਕੋਰੀਆ, ਕਦੀ ਰੂਸ, ਕਦੀ ਖਾੜੀ ਅਤੇ ਕਦੀ ਕਿਊਬਾ ਤੇ ਮੱਧ-ਪੂਰਬ 'ਚ ਝਗੜੇ ਖੜੇ ਕਰਕੇ ਲੋਕਾਂ ਅੰਦਰ ਮਾਨਸਿਕ ਸਦਮੇ ਪੈਦਾ ਕੀਤੇ ਜਾ ਰਹੇ ਹਨ। ਸੰਸਾਰ ਅੰਦਰ ਅਮਨ, ਵਾਤਾਵਰਨ ਦੀ ਰੱਖਿਆ, ਗਰੀਬੀ-ਗੁਰਬਤ ਦੂਰ ਕਰਨ ਲਈ ਕੋਈ ਉਪਰਾਲਾ ਕਰਨ ਦੀ ਥਾਂ ਇਹ ਸਭ ਮੁੱਦੇ ਅਮਰੀਕੀ ਸਿਆਸਤ ਤੋਂ ਅੱਜ ਦੂਰ ਰੱਖੇ ਜਾ ਰਹੇ ਹਨ। ਕੋਵਿਡ-19 ਦੇ ਮਹਾਂਮਾਰੀ ਹਮਲੇ ਦਾ ਸਭ ਤੋਂ ਵੱਡਾ ਪ੍ਰਭਾਵਤ ਦੇਸ਼ ਅਮਰੀਕਾ ਹੀ ਹੈ। ਇਸ ਮਹਾਂਮਾਰੀ ਦੇ ਸ਼ਿਕਾਰ ਸਭ ਤੋਂ ਹੇਠ ਵਰਗ ਦੇ ਅਮਰੀਕੀ ਅਤੇ ਖਾਸ ਕਰਕੇ ਸਿਆਹ-ਫ਼ਾਸ ਲੋਕ ਹਨ। ਪਰ ਇਨ੍ਹਾਂ ਚੋਣਾਂ ਦੌਰਾਨ ਜੋ ਮੁੱਦੇ ਸਾਹਮਣੇ ਆ ਰਹੇ ਹਨ ਉਨ੍ਹਾਂ ਦਾ ਆਮ ਅਮਰੀਕੀਆਂ ਨਾਲ ਦੂਰ ਤੱਕ ਦਾ ਕੋਈ ਵਾਸਤਾ ਨਹੀਂ ਅਤੇ ਲੋਕਾਂ ਦੀ ਸਿਹਤ ਲਈ ਚੁੱਕੇ ਜਾ ਰਹੇ ਉਪਰਾਲਿਆਂ ਪ੍ਰਤੀ ਚੁੱਪੀ ਧਾਰੀ ਹੋਈ ਹੈ।
    ਅਮਰੀਕਾ ਅੰਦਰ ਸਭ ਤੋਂ ਵੱਧ ਜੇਕਰ ਕੋਈ ਸਰਗਰਮ ਮੁੱਦਾ ਹੈ ਤਾਂ ਉਹ ਹੈ ! ਕਰੋਨਾ, ਗਰੀਬੀ ਤੇ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ। ਪਿਛਲੇ ਕਈ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ 'ਐਚ-1 ਬੀ ਵੀਜ਼ਾ, ਪੱਕੇ ਹੋਣ ਲਈ ਅਰਜ਼ੀਆਂ ਦਾ ਨਿਪਟਾਰਾ, ਅਮਰੀਕਾ 'ਚ ਗੈਰ-ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਵਾਲਿਆਂ ਲਈ ਛੋਟਾਂ ਦੇਣੀਆਂ ਮੁੱਦੇ ਪੈਡਿੰਗ ਹਨ। ਇਹ ਦਿਆਲਤਾ ਨਾਲ ਹਲ ਕਰਨ ਵਾਲਾ ਮੁੱਦਾ ਹੈ। ਪਰ ਨਾ ਤਾਂ ਰਿਪਬਲਿਕਨਾਂ ਅਤੇ ਨਾ ਹੀ ਡੈਮੋਕਰੇਟਿਕਾ ਦੋਨੋਂ ਪਾਰਟੀਆਂ ਨੇ ਅੱਜ ਤੱਕ ਇਸ ਮੁੱਦੇ ਦੇ ਹਲ ਲਈ ਕੋਈ ਹਾਂ-ਪੱਖੀ ਅਤੇ ਸਹਿਜ਼ਭਾਵਕ ਸਰਬੰਗੀ ਢੰਗ ਅਪਣਾਇਆ ਹੈ ? ਸਗੋਂ ਵੋਟਾਂ ਲੈਣ ਲਈ ਦੋਨੋਂ ਪਾਰਟੀਆਂ ਸਿਆਹ-ਫ਼ਾਮ, ਕਾਲੇ ਅਤੇ ਦੂਸਰੇ ਰੰਗਾਂ ਦੀ ਚਮੜੀ ਵਾਲੇ ਅਮਰੀਕੀ ਵੋਟਰਾਂ ਤੋਂ ਵੋਟਾਂ ਲੈਣ ਲਈ ਨਵੇਂ-ਨਵੇਂ ਬਿਆਨ ਦਾਗ਼ ਰਹੇ ਹਨ। ਦੁਨੀਆਂ ਅੰਦਰ ਸਾਰੇ ਹੀ ਲੋਕ ਅੱਜ ਭਲੀ ਭਾਂਤੀ ਮਹਿਸੂਸ ਕਰਨ ਲੱਗ ਪਏ ਹਨ, 'ਕਿ ਅਮਰੀਕੀ ਸਾਮਰਾਜ ਦਾ ਦੂਸਰੇ ਸੰਸਰ ਜੰਗ ਬਾਦ ਗੁਲਾਮ, ਗਰੀਬ, ਵਿਕਾਸਸ਼ੀਲ ਅਤੇ ਗੈਰ-ਗੋਰੇ ਰੰਗ ਵਾਲੇ ਇਨਸਾਨਾਂ ਪ੍ਰਤੀ ਅੱਜੇ ਵੀ ਨਸਲਵਾਦੀ ਭਰਿਆ ਵਤੀਰਾ ਜਾਰੀ ਹੈ ? ਅਮਰੀਕਾ ਅੰਦਰ ਆਗੂਆਂ ਨੇ ਸਗੋਂ ਇਕ ਨਵੀਂ ਬਹਿਸ ਇਨ੍ਹਾਂ ਚੋਣਾਂ ਅੰਦਰ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਹਿਸ ਅੰਦਰ ਇਕ ਪਾਰਟੀ ਵੱਲੋਂ ਉਪ-ਰਾਸ਼ਟਰਪਤੀ ਲਈ ਨਾਮਜ਼ਦ ਇਕ ਉਮੀਦਵਾਰ ਜੋ ਗੈਰ-ਗੋਰਾ 'ਇਸਤਰੀ' ਹੈ, ਉਸ ਦੀ ਵਿਰਾਸਤ ਕਿ ਉਹ ਭਾਰਤੀ ਹੈ ਤਾਂ ਕਿ ਭਾਰਤੀ ਵੋਟਰਾਂ  ਦੀਆਂ ਵੋਟਾਂ ਪ੍ਰਾਪਤ ਕਰ ਸੱਕੀਆ ਜਾਣ, ਪ੍ਰਤੀ ਭਰਮਾਇਆ ਜਾ ਰਿਹਾ ਹੈ।
    ਇਸੇ ਹੀ ਤਰ੍ਹਾਂ  ਦੀ ਬੋਲੀ ਰਿਪਬਲਿਕਨਾਂ ਦੇ ਕੌਮੀ ਸੰਮੇਲਨ ਦੌਰਾਨ ਡੈਲੀਗੇਟਾਂ ਵਿੱਚ ਦੱਖਣੀ ਕਰੋਲੀਨਾ ਦੀ ਸਾਬਕਾ ਰਾਜਪਾਲ ਅਤੇ ਸੰਯੁਕਤ ਰਾਸ਼ਟਰ ਅੰਦਰ ਅਮਰੀਕਾ ਦੀ ਰਹੀ ਸਾਬਕਾ ਅੰਬੈਸਡਰ ਨਿਕੀ ਹੈਲੀ ਨੇ ਤਾਂ ਇਥੋ ਤੱਕ ਕਹਿ ਦਿੱਤਾ, 'ਕਿ ਉਸ ਦਾ ਪਿਤਾ ਪੱਗਧਾਰੀ ਹੈ ! ਪਿਛਲੇ ਦਿਨੀ ਡੈਮੋਕਰੇਟਿਕਾ ਦੇ ਕੌਮੀ ਡੈਲੀਗੇਟਾਂ ਦੇ ਸੰਮੇਲਨ ਦੌਰਾਨ ਉਪ-ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦ ''ਕਮਲਾ ਹੈਰਿਸ'' ਨੇ ਵੀ ਇਹੋ ਜਿਹੇ ਬਿਆਨ ਜਾਰੀ ਕੀਤੇ ਸਨ। ਮੇਰੀ ਮਾਂ ਤੇ ਹੋਰ ਰਿਸ਼ਤੇਦਾਰ ਭਾਰਤੀ ਹਨ ! ਭਾਵ ਮੇਰਾ ਪਿਛੋਕੜ ਭਾਰਤੀ ਹੈ। ''ਕਮਲਾ ਹੈਰਿਸ'' ਤਾਂ ਉਪ-ਰਾਸ਼ਟਰਪਤੀ ਲਈ ਡੈਮੋਕਰੇਟਿਕਾ ਵੱਲੋਂ ਨਾਮਜ਼ਦ ਹੋ ਚੁੱਕੀ ਹੈ ਪਰ ਨਿਕੀ ਹੈਲੀ ਪਿਛੇ ਰਹਿ ਗਈ ਹੈ। ''ਨਿਕੀ ਹੈਲੀ'' ਨੇ ਉਪ-ਰਾਸ਼ਟਰਪਤੀ ਵਜੋਂ ਵੀ ਆਸ ਰੱਖੀ ਸੀ। ਰਿਪਬਲਿਕਨਾਂ ਦੇ ਕੌਮੀ ਸੰਮੇਲਨ ਦੌਰਾਨ ਤਾਂ ਇੱਥੋਂ ਤਕ ਕਹਿ ਦਿਤਾ, 'ਕਿ ਡੈਮੋਕਰੇਟਿਕ ਉਮੀਦਵਾਰ ''ਜੋਏ ਬਾਈਡਨ'' ਤੇ ''ਕਮਲਾ ਹੈਰਿਸ'' ਜੇਕਰ ਜਿਤ ਗਏ ਤਾਂ ਅਮਰੀਕਾ ਸਮਾਜਵਾਦੀ ਯੂਟੋਪੀਆਈ ਬਣ ਜਾਏਗਾ ਤੇ ਦੇਸ਼ ਦਾ ਸਾਰਾ ਢਾਂਚਾ ਬਦਲ ਜਾਏਗਾ ? ''ਚਾਰਲੋਟ'' ਵਿਖੇ ਇਸ ਸੰਮੇਲਨ ਦੌਰਾਨ ''ਡੋਨਾਲਡ ਟਰੰਪ'' ਨੂੰ ਜਿਤਾਉਣ ਲਈ ਰਿਪਬਲਿਕਨਾਂ ਨੇ ਵਿਰੋਧੀ ਬਾਈਡਨ ਨੂੰ ਕਿਹਾ ਕਿ, 'ਉਹ ਰੈਡੀਕਲ (Left), ਅਨਾਰਕੀ (ANARCHY), ਦੰਗਈ (RIOTS) ਤੇ ਚੀਨੀ ਕੈਂਸਰ ਕਲਚਰ ਫੈਲਾਉਣ ਵਾਲਾ ਉਮੀਦਵਾਰ ਹੈ। ਪਰ ਜਦੋਂ ਅਮਰੀਕਾ ਅੰਦਰ ਨਸਲੀ ਹਨ੍ਹੇਰੀ ਚਲਦੀ ਹੈ, ਹਰ ਰੋਜ਼ ਦੋ ਸਿਆਹ-ਫ਼ਾਮ ਲੋਕ ਪੁਲੀਸ ਦੀ ਗੋਲੀ ਨਾਲ ਮਾਰੇ ਜਾਂਦੇ, ਉਸ ਸਮੇਂ ਨਾ ਕਦੇ ''ਕਮਲਾ'' ਬੋਲੀ ਤੇ ਨਾ ਕਦੇ ''ਨਿਕੀ'' ਨੇ ਮੂੰਹ ਖੋਲਿਆ ?
    ਅਮਰੀਕਾ ਅੰਦਰ ਫੈਲਿਆ ਕੋਵਿਡ-19 ਦੇ ਮਹਾਂਮਾਰੀ ਦੌਰਾਨ ਜੋ ਆਮ ਲੋਕਾਂ ਅੰਦਰ ਹਾ-ਹਾ-ਕਾਰ ਮੱਚੀ ਹੋਈ ਹੈ। ਦੇਸ਼ ਅੰਦਰ ਨਸਲੀ ਤੇ ਰੰਗ ਭੇਦੀ ਹਨ੍ਹੇਰੀ ਕਾਰਨ ਗਰੀਬੀ-ਗੁਰਬਤ ਦੀ ਮਾਰੀ ਹੇਠਲੇ ਪੱਧਰ ਦੀ ਆਮ ਜਨਤਾ ਅੰਦਰ ਟਰੰਪ-ਪ੍ਰਸ਼ਾਸਨ ਵਿਰੁਧ ਸਖ਼ਤ ਰੋਹ ਫੈਲ ਰਿਹਾ ਹੈ। ਹਰ ਰੋਜ਼ ਮੁਜ਼ਾਹਰੇ ਹੋ ਰਹੇ ਹਨ ਅਤੇ ਪੁਲੀਸ ਤਸ਼ੱਦਦ ਵੀ ਜ਼ੋਰਾਂ 'ਤੇ ਹੈ। ਡੋਨਾਰਡ ਟਰੰਪ ਦੇ ਰਾਸ਼ਟਰਪਤੀ ਦੇ ਰਾਜ-ਭਾਗ ਦੌਰਾਨ ਅਮਰੀਕਾ ਅੰਦਰ ਤੇ ਸੰਸਾਰ ਅੰਦਰ  ਉਸ ਦੇ ਬਿਆਨਾਂ ਕਾਰਨ ਕਈ ਵਿਵਾਦ ਵੀ ਖੜ੍ਹੇੇ ਹੋਏ? ਜਿਨ੍ਹਾਂ ਪ੍ਰਤੀ ਅੱਜ ਵੀ ਚਰਚਾ ਚਲ ਰਹੀ ਹੈ। ਟਰੰਪ ਨੇ ਕਈ ਨੀਤੀਆਂ ਬਣਾਈਆ ਤੇ ਉਨ੍ਹਾਂ ਪ੍ਰਤੀ ਕੋਰਟਾਂ ਨੇ ਕਈ ਵਾਰੀ ਉਸ ਦਾ ਮੂੰਹ ਮੋੜਿਆ। ਪ੍ਰਵਾਸ ਸਬੰਧੀ ਕਈ ਨੀਤੀਆਂ ਲਿਆਂਦੀਆ ਗਈਆਂ, ਜਿਨ੍ਹਾਂ ਵਿਰੁਧ ਸਾਰੇ ਅਮਰੀਕਾ ਅੰਦਰ ਵਿਰੋਧੀ ਅਵਾਜ਼ਾਂ ਉਠੀਆਂ। ਐਚ-1 ਬੀ ਵੀਜ਼ਾ ਵਿਵਾਦ, ਰੰਗ-ਭੇਦੀ ਨਫ਼ਰਤੀ ਮੱਸਲੇ, ਵਾਤਾਵਰਨ ਸਬੰਧੀ ਫਰਾਂਸ ਸੰਧੀ ਤੋਂ ਪਿਛੇ ਹੱਟਣਾ, ਸੰਸਾਰ ਸਿਹਤ ਸੰਸਥਾ ਨੂੰ ਫੰਡ ਬੰਦ ਕਰਨੇ, ਇਰਾਨ ਪ੍ਰਮਾਣੂ ਕਰਾਰ ਤੋਂ ਪਿਛੇ ਹੱਟਣਾ, ਸੰਸਾਰ ਵਪਾਰ ਸੰਸਥਾ ਨੂੰ ਢਾਅ ਲਾਉਣੀ ਅਜਿਹੇ ਮੁੱਦੇ ਹਨ, ਜਿਨ੍ਹਾਂ ਕਾਰਨ ਟਰੰਪ ਦੀ ਹਰਮਨ-ਪਿਆਰਤਾ ਦਾ ਗ੍ਰਾਫ ਹੇਠਾਂ ਡਿਗਿਆ ਹੈ ? ਪਰ ਅਮਰੀਕਾ ਅੰਦਰ ਚੋਣ ਯੁੱਧ ਤਾਂ ਕਾਰਪੋਰੇਟਰਾਂ ਵੱਲੋਂ ਲੜਿਆ ਜਾ ਰਿਹਾ ਹੈ। ਇਸ ਵੇਲੇ ਟਰੰਪ ਦੇ ਅਸਾਸੇ 3.1 ਬਿਲੀਅਨ ਡਾਲਰ ਹਨ (5-ਮਾਰਚ, 2019), ਚੋਣ 'ਚ ਤੀਸਰੀ ਧਿਰ ਗਾਇਬ ਹੈ। ਚੋਣ-ਯੁੱਧ ਪੂੰਜੀਪਤੀਆਂ ਵਿਚਕਾਰ ਹੈ, 'ਇਸ ਲਈ ਆਮ ਲੋਕਾਂ ਦੇ ਹੱਕ 'ਚ ਆਵਾਜ਼ ਬੰਦ ਹੈ।
    3-ਨਵੰਬਰ, 2020 ਨੂੰ ਅਮਰੀਕਾ ਦੇ 59-ਵੇਂ ਚਾਰ ਸਾਲਾਂ ਲਈ ਚੁਣੇ ਜਾਣ ਵਾਲੇ ਰਾਸ਼ਟਰਪਤੀ ਲਈ ਵੋਟਾਂ ਪੈਣਗੀਆਂ। ਚੋਣ ਜੇਤੂ ਉਮੀਦਵਾਰ 20-ਜਨਵਰੀ 2021  ਨੂੰ ਰਾਸ਼ਟਰਪਤੀ ਦੀ ਸੌਂਹ ਚੁਕੇਗਾ ਜਿਸ ਦੀ ਮਿਆਦ 4-ਸਾਲਾਂ ਲਈ ਹੋਵੇਗੀ। ਅਮਰੀਕਾ ਦੇ ਫੈਡਰਲ ਵਿਧਾਨ ਅਨੁਸਾਰ ਦੋ ਟਰਮਾਂ ਜਾਂ 8-ਸਾਲਾਂ ਲਈ ਇਕ ਉਮੀਦਵਾਰ ਚੁਣਿਆ ਜਾ ਸਕਦਾ ਹੈ। ਅਮਰੀਕਾ ਅੰਦਰ ਰਾਸ਼ਟਰਪਤੀ ਦੀ ਚੋਣ ਲਈ ਕੋਈ ਵੀ ਅਮਰੀਕੀ ਵੋਟਰ ਜਿਸ ਦੀ ਉਮਰ 35 ਸਾਲ ਦੀ ਹੋਵੇ, ਉਹ 14-ਸਾਲਾਂ ਤੋਂ ਅਮਰੀਕਾ ਦਾ ਰਿਹਾਇਸ਼ੀ ਹੋਵੇ, ਸੰਵਿਧਾਨ ਦੀ ਧਾਰਾ-2 ਅਨੁਸਾਰ ਉਮੀਦਵਾਰ ਬਣ ਸਕਦਾ ਹੈ, ਰਾਜਸੀ ਮਾਨਤਾ-ਪ੍ਰਾਪਤ ਪਾਰਟੀਆਂ ਤੋਂ ਇਲਾਵਾ ਲਿਬਰਟੇਰੀਅਨ ਪਾਰਟੀ ਨੂੰ ਚੋਣ ਲੜਨ ਲਈ ਕੁਝ ਛੋਟਾਂ ਹਨ। ਜਿਹੜਾ ਵੀ ਉਮੀਦਵਾਰ 270 ਘੱਟੋ-ਘੱਟ  ''ਇਲੈਕਟੋਰਲ-ਵੋਟਸ'' (ਹਾਊਸ ਆਫ ਰਿਪਰੇਜੇਂਟੇਟਿਵ) ਪ੍ਰਾਪਤ ਕਰਦਾ ਹੈ, ਉਹ ਰਾਸ਼ਟਰਪਤੀ ਜੇਤੂ ਘੋਸ਼ਿਤ ਹੁੰਦਾ ਹੈ। ਅਮਰੀਕਾ ਦੇ ਕੁਲ 538, ''ਇਲੈਕਟੋਰਲ-ਕਾਲਜ'' ਦੇ ਮੈਂਬਰ ਹਨ। ਰਾਸ਼ਟਰਪਤੀ ਦੀ ਚੋਣ ਦੇ ਨਾਲ ਹੀ ਸੈਨੇਟ, ਹਾਊਸ ਆਫ ਰਿਪਰੇਜੇਂਟੇਟਿਵ, ਗਵਰਨਰ ਤੇ ਅਸੈਂਬਲੀ ਦੀਆਂ ਚੋਣਾਂ ਵੀ ਹੋ ਸਕਦੀਆਂ ਹਨ। ਅਮਰੀਕਾ ਅੰਦਰ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਨਿਯਮਾਂ ਅਨੁਸਾਰ ਆਪਣਾ ਉਮੀਦਵਾਰ ਚੁਨਣ ਲਈ ਪਹਿਲਾ ਇਕ ਪ੍ਰਕਿਰਿਆ-ਪਾਰਟੀ ਡੈਲੀਗੇਟਾਂ ਦੀ ਚੋਣ, ਨਾਮੀਨੇਸ਼ਨ, ਪਾਰਟੀ ਕਨਵੈਨਸ਼ਨ, ਫਿਰ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਹੈ। ਅੱਗੋ ਜਨਰਲ ਚੋਣ, ਡੀਬੇਟ ਤੇ ਆਮ ਚੋਣਾਂ ਲਈ ਅਸਿਧੀਆ ਵੋਟਾਂ ਪਾਈਆਂ ਜਾਂਦੀਆਂ ਹਨ।
    3-ਨਵੰਬਰ, 2020 ਲਈ ਅਮਰੀਕਾ ਅੰਦਰ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਲਈ ਚੋਣਾਂ ਵਾਸਤੇ 450 ਉਮੀਦਵਾਰਾਂ ਨੇ ਫੈਡਰਲ ਚੋਣ ਕਮਿਸ਼ਨ ਪਾਸ ਰਜਿਸਟਰ ਕਰਾਇਆ ਸੀ ? ਹੁਣ ਜਦੋਂ ਦੋ ਮੁੱਖ ਵੱਡੀਆਂ ਅਤੇ (ਇੰਕਮਬੈਂਟ) ਜੇਤੂ ਪਾਰਟੀਆਂ ਨੇ ਆਪਣੇ ਉਮੀਦਵਾਰ ਨਾਮਜਦ ਕਰ ਦਿੱਤੇ ਹਨ ਤਾਂ ਹੋਰਨਾਂ ਤੋਂ ਬਿਨਾਂ ਚਾਰ ਪਾਰਟੀਆਂ ਦੇ ਉਮੀਦਵਾਰ ਹੀ ਇਸ ਚੋਣ ਦੇ  ਦੰਗਲ ਵਿੱਚ ਜੋਰ ਅਜ਼ਮਾਈ ਕਰ ਰਹੇ ਹਨ।
    59-ਵੇਂ ਅਮਰੀਕਾ ਦੇ ਰਾਸ਼ਟਰਪਤੀ ਲਈ ਵੋਟਾਂ, 3-ਨਵੰਬਰ, 2020 ਨੂੰ ਪੈਣਗੀਆਂ।






ਇਨ੍ਹਾਂ ਤੋਂ ਇਲਾਵਾ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਖੜੇ ਹਨ। ਭਾਵੇਂ ਅਮਰੀਕਾ ਦੇ ਸੰਵਿਧਾਨ ਮੁਤਾਬਿਕ ਕਾਰਜਕਾਰਨੀ ਦੀ ਪ੍ਰਕਿਰਿਆ ਰਾਸ਼ਟਰਪਤੀ ਤਰਜ਼ ਵਾਲੀ ਹੈ। ਪਰ ਹਾਊਸ ਆਫ ਰਿਪ੍ਰੇਜੇਂਟੇਟਿਵ ਅੰਦਰ ਜਿਸ ਦੇ 435 ਮੈਂਬਰ ਅਤੇ 6-ਨਾਨ ਵੋਟਿੰਗ ਮੈਂਬਰ ਹਨ। ਹਾਊਸ ਅੰਦਰ 218 ਦੀ  ਬਹੁਸੰਮਤੀ ਵਾਲਾ ਧੜਾ ਆਗੂ ਹੁੰਦਾ ਹੈ। ਇਸ ਵੇਲੇ ਹਾਊਸ ਅੰਦਰ ਰਾਜਸੀ ਬਹੁਸੰਮਤੀ ਵਾਲਾ ਗਰੁੱਪ ਡੈਮੋਕ੍ਰੇਟਿਕ ਹੈ, ਜਿਸ ਦੇ 232 ਮੈਂਬਰ ਤੇ ਨੈਨਸੀ ਪਲੋਸੀ ਹਾਊਸ ਦੀ ਸਪੀਕਰ ਹੈ। 198 ਮੈਂਬਰ ਰਿਪਬਲਿਕਨ ਪਾਰਟੀ ਦੇ, ਇਕ ਮੈਂਬਰ ਲਿਬਰਟੇਰੀਅਨ ਤੇ 4 ਸੀਟਾਂ ਖਾਲੀ ਹਨ। ਕਾਂਗਰਸ (ਹਾਊਸ ਦੇ ਮੈਂਬਰ) ਦੇ ਕੁਲ ਮੈਂਬਰ 535, ਜਿਨ੍ਹਾਂ ਵਿੱਚ 100 (ਸੈਨੇਟਰ) + 435 (ਹਾਊਸ ਆਫ ਰਿਪ੍ਰੇਜੇਂਟਿਵ) ਹੁੰਦੇ ਹਨ।
    ਅਮਰੀਕਾ ਦੇ 59-ਵੇਂ ਰਾਸ਼ਟਰਪਤੀ ਦੀ ਚੋਣ ਅੰਦਰ ਦੇਸ਼ ਦੇ ਭੋਲੇ ਭਾਲੇ ਲੋਕ ਤਾਂ ਕੇਵਲ ਅਸਿਧੀਆ ਵੋਟਾਂ ਹੀ ਪਾਉਣਗੇ ! ਪਰ ਇਸ ਚੋਣ ਸਿਆਸਤ ਦੀ ਖੇਡ ਅੰਦਰ ਬਾਦਸ਼ਾਹ, ਰਾਣੀਆਂ, ਗੋਲਿਆ ਦੇ ਰੂਪ ਵਿੱਚ 535-ਕੁ ਦੇਸ਼ ਦੇ ਵੱਡੇ-ਵੱਡੇ ਕਾਰਪੋਰੇਟਰਾਂ ਦਾ ਕੁਨਬਾ, 'ਆਪਣੇ ਮੀਡੀਆ ਨਾਲ ਪੂਰੀ ਤਰ੍ਹਾਂ ਲੈੱਸ ਹੋ ਕੇ, 'ਆਪਣੇ ਹਿਤਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਣ ਲਈ ਆਪਣੇ ਪੱਤੇ ਵਰਤੇਗਾ? ਇਕ ਸਰਵੇਖਣ ਅਨੁਸਾਰ ਇਨ੍ਹਾਂ ਚੋਣਾਂ ਦੌਰਾਨ ਇਹ ਸਾਹਮਣੇ ਆਇਆ ਹੈ, 'ਕਿ 50-ਫੀ ਸਦ ਲੋਕਾਂ (ਭਾਵ ਅੱਧੀ ਆਬਾਦੀ) ਨੂੰ ਟਰੰਪ ਅਤੇ ਬਾਈਡਨ ਤੋਂ ਬਿਨ੍ਹਾਂ ਕਿਸੇ ਹੋਰ ਤਰ੍ਹਾਂ ਦੀ ਰਾਜਨੀਤਕ ਜਾਣਕਾਰੀ ਦਾ ਇਲਮ ਹੀ ਨਹੀਂ ਹੈ ? ਇਹ ਹੈ ! ਦੁਨੀਆਂ ਦੀ ਵੱਡੀ ਜਮਹੂਰੀਅਤ ਦੇ ਰੂਪ ਨਾਲ ਜਾਣੀ ਜਾਂਦੀ ਅਮਰੀਕਾ ਦੇਸ਼ ਦੀ ਵਿਡੰਬਨਾ ਦੀ ਕਹਾਣੀ ! ਯੂਰਪੀ ਸਮੁੰਦਰੀ ਗੋਰਿਆਂ ਵੱਲੋਂ ਉਤਰੀ ਅਮਰੀਕਾ ਤੇ ਕਾਬਜ਼ ਹੋ ਕੇ, 'ਇਸ ਮਹਾਂਦੀਪ ਤੇ ਕਬਜ਼ਾ ਕਰਕੇ ਲੱਖਾਂ ਮੂਲ ਵਾਸੀਆਂ ਨੂੰ ਕਤਲ ਕੀਤਾ ਸੀ, ਜੋ ਉਹੀ ਅੱਜ ਦੀ ਮਾਜੂਦਾ ਜਮਹੂਰੀਅਤ ਨੂੰ ਜਨਮ ਦੇਣ ਵਾਲੇ ਬਣੇ ਹਨ।ਅਮਰੀਕਾ 'ਤੇ ਕਾਬਜ਼ ਦੋ ਤਰ੍ਹਾਂ ਦੇ ਹਾਕਮ, 'ਦੱਖਣ ਦੇ ਵੱਡੇ ਕੁਲਕ (ਜਾਗੀਰਦਾਰ) ਅਤੇ ਉਤਰ ਦੇ ਸਨਅਤਕਾਰਾਂ ਨੇ ਰਾਜਸਤਾ ਤੇ ਪੂਰੀ ਤਰ੍ਹਾਂ ਕਾਬਜ਼ ਹੋਣ ਲਈ ਕਿਰਤ ਸ਼ਕਤੀ  ਨੂੰ ਆਪਣੇ ਹੱਥਾਂ 'ਚ ਲੈਣ ਲਈ 1861-65 ਤੱਕ ਇਕ ਸਿਵਲ ਯੁੱਧ ਨੂੰ ਜਨਮ ਦਿੱਤਾ ਸੀ। ਭਾਵੇਂ ਅਮਰੀਕਾ ਇਕ ਹੋ ਗਿਆ ਤੇ ਸਲੇਵਰੀ ਖਤਮ ਕਰ ਦਿੱਤੀ ਗਈ। ਪਰ ਦੇਸ਼ ਅੰਦਰ ਦੋ ਪਾਰਟੀ ਸਿਸਟਮ ਦੀ ਮਜ਼ਬੂਤੀ ਨਾਲ ਰਾਜਸਤਾ ਤੇ ਕਬਜ਼ਾ ਸਥਾਪਤ ਕਰਕੇ ਇਨ੍ਹਾਂ ਪਾਰਟੀਆਂ  ਨੇ ਸਦਾ ਲਈ ਸਾਮਰਾਜ ਨੂੰ ਵੱਧਣ ਫੁੱਲਣ ਦਾ ਮੌਕਾ ਦਿੱਤਾ। ਅੱਜ ਚਾਹੇ ਡੈਮੋਕ੍ਰੇਟਿਕ ਜਿਤ ਜਾਣ ਜਾਂ ਰਿਪਬਲਿਕਨ, ਪਰ ਰਾਜ ਸਤਾ 'ਤੇ ਕਾਬਜ਼ ਪੂੰਜੀਪਤੀ ਹੀ ਹੋਣਗੇ ? ਦੁਨੀਆਂ ਦੀ 30-ਫੀਸਦ ਆਰਥਿਕਤਾ 'ਤੇ ਅੱਜ ਅਮਰੀਕੀ ਪੂੰਜੀਪਤੀਆਂ ਦਾ ਕਬਜ਼ਾ ਹੈ ! ਪਰ 40-ਮਿਲੀਅਨ ਅਮਰੀਕੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਅ ਰਹੇ ਹਨ (ਨਵੰਬਰ, 2019) । ਪ੍ਰਤੀ ਜੀਅ ਆਮਦਨ 65,076 ਡਾਲਰ ਸਲਾਨਾ ਅਤੇ ਬੇਰੁਜ਼ਗਾਰੀ ਦੀ ਦਰ 3.7-ਫੀ  ਸਦ ਹੈ। ਜੀ.ਡੀ.ਪੀ. 2.4-ਫੀ ਸਦ ਅਤੇ ਮੁਦਰਾ ਸਫੀਤੀ ਦਰ 2.3-ਫੀ ਸਦ (ਜੁਲਾਈ 2020 ਅੰਕੀ ਗਈ) ਸੀ।
    ਦੇਖਣ ਨੂੰ ਤਾਂ ਇਹ ਪ੍ਰਤੀਤ ਹੋ ਰਿਹਾ ਹੈ, 'ਜਿਵੇਂ ਇਨ੍ਹਾਂ ਚੋਣਾਂ ਅੰਦਰ ਪੂਰੀ ਜਮਹੂਰੀ ਪ੍ਰਕਿਰਿਆ ਕੰਮ ਕਰ ਰਹੀ ਹੈ। ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ। ਪਰਦੇ ਪਿਛੇ ਇਨ੍ਹਾਂ ਚੋਣਾਂ ਅੰਦਰ ਕਾਰਪੋਰੇਟ-ਜਮਾਤ, ਮੀਡੀਆ, ਬੈਂਕ-ਲਾਬੀ, ਹਥਿਆਰਾਂ ਦੇ ਕਾਰੋਬਾਰੀ, ਨਸ਼ਾ-ਤਸਕਰ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹਨ ?
    ਅਮਰੀਕਾ ਅੰਦਰ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਪੱਦ ਲਈ 3-ਨਵੰਬਰ, 2020 ਨੂੰ ਪੈ ਰਹੀਆਂ ਚੋਣਾਂ ਅੰਦਰ ਮੁੱਖ ਪਾਰਟੀਆਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਵੱਲੋ ਆਪੋ ਆਪਣੀ ਚੋਣ ਲਈ ਪੂਰੇ ਕਮਰ-ਕਸ ਲਏ ਹੋਏ ਹਨ। ਇਹ ਚੋਣ ਪ੍ਰਕਿਰਿਆ ਦਾ ਵੋਟਾਂ ਪਾਉਣ ਤੋਂ ਪਹਿਲਾਂ ਦਾ ਆਖਰੀ ਦੌਰ ਹੁੰਦਾ ਹੈ। ਬਹਿਸਾਂ, ਆਹਮੋ-ਸਾਹਮਣੇ ਡੀਬੇਟ, ਸਵਾਲ-ਜਵਾਬ ਅਤੇ ਮੀਟਿੰਗਾਂ-ਰੈਲੀਆਂ ਦਾ ਯੁੱਧ ਹੈ। ਦੋਨੋ ਪਾਰਟੀਆਂ ਵੱਲੋਂ ਅਰਬਾਂ ਡਾਲਰ ਦੇ ਫੰਡ ਇਕੱਠੇ ਕਰਕੇ ਇਨ੍ਹਾਂ ਚੋਣਾਂ ਲਈ ਖਰਚੇ ਜਾ ਰਹੇ ਹਨ। ਸੰਸਾਰ ਦਾ ਇਹ ਚੋਣ-ਦੰਗਲ ਸਭ ਤੋਂ ਵੱਧ ਖਰਚੀਲਾ ਹੈ। ਲੋਕਾਂ ਨੂੰ ਭਰਮਾਉਣ ਲਈ ਹਰ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾ ਗਏ ਹਨ, ਕਿਉਂਕਿ ਸਵਾਲ ਹੈ ! ਸਾਮਰਾਜੀ ਚੌਧਰ 'ਚ ਕੌਣ ਜਿੱਤੇਗਾ ? ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਬਾਈਡਨ-ਹੈਰਿਸ ਦਾ ਕਹਿਣਾ ਹੈ ਕਿ, ਅਸੀਂ ਨਵੀਂ ''ਕੋਲਡ-ਵਾਰ'' ਨਹੀਂ ਚਾਹੁੰਦੇ ਹਾਂ ! ਜਦਕਿ ਟਰੰਪ-ਪੇਂਸ ਇਹ ਕਹਿੰਦਾ ਹੈ 'ਕਿ ਡੈਮੋਕ੍ਰੇਟਿਕ ਖੱਬੇ ਪੱਖੀ ਮੋੜਾ ਕੱਟ ਕੇ ਦੇਸ਼ ਅੰਦਰ ਸਮਾਜਵਾਦ ਚਾਹੁੰਦੇ ਹਨ। ਅਸਲ ਵਿੱਚ ਦੋਨੋਂ  ਪਾਰਟੀਆਂ ਸਾਮਰਾਜੀ-ਸੱਜ ਪਿਛਾਖੜ ਪੂੰਜੀਵਾਦ ਨੂੰ ਹੀ ਮਜ਼ਬੂਤ ਚਾਹੁੰਦੀਆਂ ਹਨ। ਅਸਲ ਵਿੱਚ ਇਹ ਵੀ ਸਪਸ਼ਟ ਹੈ, 'ਕਿ ਟਰੰਪ ਨੇ ਦੁਨੀਆਂ ਅੰਦਰ ਪੂਰੀ ਤਰ੍ਹਾਂ ਤਨਾਅ ਪੈਦਾ ਕੀਤਾ ਹੈ। ਖਾਸ ਕਰਕੇ ਚੀਨ ਨਾਲ, ਵਾਪਾਰ ਸਬੰਧੀ, ਵਾਤਾਵਰਨ ਅਤੇ ਸੰਸਾਰ ਸਿਹਤ ਸੰਸਥਾ ਮੁੱਦਿਆ 'ਤੇ। ਪਰ ਬਾਈਡਨ ਚਾਹੁੰਦਾ ਹੈ, 'ਕਿ ਅਸੀਂ ਚੀਨ ਅਤੇ ਦਹਿਸ਼ਤਗਰਦੀ ਸਬੰਧੀ ਸਖਤ ਹਾਂ। ਅਸੀਂ ਸੰਸਾਰ ਮੁੱਦੇ, ਵਾਤਾਵਰਨ ਤੇ ਮਨੁੱਖੀ ਅਧਿਕਾਰਾਂ ਸਬੰਧੀ ਸਹਿਯੋਗ ਕਰਾਂਗੇ ਤੇ ਚੀਨ ਨਾਲ ਦੁਵੱਲੀ ਗਲਬਾਤ ਰਾਹੀਂ ਮੱਸਲਿਆਂ ਦੇ ਹਲ ਲਈ ਰਸਤਾ ਤਲਾਸ਼ਾਂਗੇ ? ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਬਚਨ-ਬੱਧ ਹਾਂ।
    ਇਨ੍ਹਾਂ ਚੋਣਾਂ ਦੌਰਾਨ ਅੱਜੇ ਭਾਰਤ ਨੇ ਕੋਈ ਕੂਟਿਨੀਤਕ ਪੱਤਾ ਨਹੀਂ ਖੋਲ੍ਹਿਆ, ਜਦਕਿ ਅਮਰੀਕਾ ਦੇ ਲੋਕ ਮੋਦੀ ਵਲੋਂ ਧਾਰਾ 370 ਖਤਮ ਕਰਨ, 35-ਏ, ਸੀ.ਏ.ਏ. ਸੋਧ ਕਾਨੂੰਨ ਤੇ ਹਿੰਦੂਤਵ ਹਮਲਾਵਾਰੀ ਸੋਚ ਵਿਰੁਧ ਹਨ। ਦਿੱਸਦਾ ਇਓ ਹੈ, 'ਕਿ ਭਾਰਤ ਨੂੰ ਅਮਰੀਕਾ ਦੀ ਵਿਦੇਸ਼ ਨੀਤੀ, ਐਚ-1, ਬੀ ਵੀਜਾ ਤੇ ਆਰਥਿਕ ਨੀਤੀਆਂ ਨੂੰ ਮੁੱਖ ਰੱਖ ਕੇ ਜਿਧਰ ਵੀ ਪੱਲੜਾ ਭਾਰੀ ਹੋਇਆ, ''ਬਾਣੀਆ'' ਸੋਚ ਵਾਂਗ, ਪਲਟਾ ਮਾਰ ਲਿਆ ਜਾਵੇਗਾ ? ਇਨ੍ਹਾਂ ਚੋਣਾਂ ਦੌਰਾਨ ਗੈਰ-ਅਮਰੀਕੀ ਨਸਲ ਅਤੇ ਭਾਰਤੀ ਮੂਲ ਦੀ ਉਪ-ਰਾਸ਼ਟਰਪਤੀ ਪੱਦ ਦੀ ਉਮੀਦਵਾਰ ''ਕਮਲਾ ਹੈਰਿਸ'' ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਗਏ ਹਨ। ਸਾਨੂੰ ਇਹ  ਨਹੀਂ ਦੇਖਣਾ ਚਾਹੀਦਾ ਹੈ, 'ਕਿ ਉਮੀਦਵਾਰ ਕਿਸ ਨਸਲ ਵਿਚੋਂ ਹੈ ? ਸਗੋਂ ਉਨ੍ਹਾਂ ਦਾ ਸਿਆਸੀ, ਅਜੰਡਾ ਦੇਖਣਾ ਚਾਹੀਦਾ ਹੈ, 'ਕਿ ਉਹ ਕਿਸ ਵਰਗ ਦੀ ਨੁਮਾਇੰਦਗੀ ਕਰਦਾ ਹੈ ? ਅੱਜ ਅਮਰੀਕਾ ਅੰਦਰ ਗਰੀਬੀ ਤੇ ਬੇਰੁਜ਼ਗਾਰੀ ਦਾ ਹੱਲ ਕੌਣ ਕਰੇਗਾ ? ਸਭ ਲਈ ਸਿਹਤ ਤੇ ਸਿੱਖਿਆ ਕਿਵੇਂ ਮਿਲੇ ? ਪ੍ਰਵਾਸੀਆਂ ਲਈ ਐਚ-1, ਬੀ ਵੀਜ਼ਾ, ਪੱਕੇ ਕਰਨਾ, ਕੇਸਾਂ ਦਾ ਨਿਪਟਾਰਾ ਕਿਹੜੀ ਪਾਰਟੀ ਕਰੇਗੀ ? ਅਮਰੀਕਾ 'ਚ ਮਨੁੱਖੀ ਤੇ ਇਸਤਰੀ ਅਧਿਕਾਰਾਂ ਦੀ ਪ੍ਰਾਪਤੀ, ਸਿਆਹ-ਫ਼ਾਸ ਲੋਕਾਂ ਨਾਲ ਇਨਸਾਫ਼ ਉਨ੍ਹਾਂ ਪ੍ਰਤੀ ਪੁਲੀਸ ਦਾ ਦੁਰ-ਵਿਵਹਾਰ ਤੇ ਅੱਤਿਆਚਾਰ ਕਿਵੇਂ ਬੰਦ ਹੋਵੇਗਾ, ਇਹ ਮੁੱਦੇ ਜੋ ਅੱਜ ਵੋਟਰਾਂ ਸਾਹਮਣੇ ਹਨ। ਹੁਣ ਦੇਖਣਾ ਇਹ ਹੈ, 'ਕਿ ਟਰੰਪ-ਪੇਂਸ ਜਿਹੜੇ ਹਾਕਮ ਰਹੇ ਹਨ ਕਿੰਨੇ ਕੁ ਲੋਕਾਂ ਪ੍ਰਤੀ ਪਾਏਦਾਰ ਸਾਬਤ ਹੋਏ ਹਨ ? ਹੁਣ ਇਨ੍ਹਾਂ ਦਾ ਬਦਲ ਜੋ ਮੁਕਾਬਲੇ ਵਿੱਚ ਹੈ, 'ਬਾਈਡਨ-ਹੈਰਿਸ ਜੋੜੀ ! ਕਿੰਨੀ ਕੁ ਅਮਰੀਕੀਆਂ ਦੇ ਹੱਕਾਂ ਦੀ ਰਾਖੀ ਕਰਨ ਯੋਗ ਸਾਬਤ ਹੋਵੇਗੀ, 'ਦੀ ਚੋਣ ਕੀਤੀ ਜਾਵੇ? ਇਹ ਸਵਾਲ ! ਵੋਟਰਾਂ ਦੇ ਜ਼ਿਹਨ 'ਚ ਹੋਣੇ ਚਾਹੀਦੇ ਹਨ।
    1492 'ਚ ਕਰਿਸਟੋਫ਼ਰ ਕੋਲੰਬਸ ਵੱਲੋ ਅਮਰੀਕਾ ਦੇਸ਼ ਲੱਭਣ ਬਾਦ ਯੂਰਪੀ ਸਮੁੰਦਰੀ ਸਾਮਰਾਜੀ ਲੁਟੇਰਿਆ ਨੇ ਉਤਰੀ ਅਮਰੀਕਾ ਤੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ। 1600 ਈਸਵੀ ਤੱਕ ਇਹ ਕਲੋਨੀਆਂ ਵੱਧਦੀਆਂ ਗਈਆਂ ਅਤੇ 1760 ਤੱਕ 15-ਬ੍ਰਿਟਿਸ਼ ਕਲੋਨੀਆਂ ਜਿਨ੍ਹਾਂ 'ਚ 2.50 ਮਿਲੀਅਨ ਲੋਕ ਸਨ, ਸਥਾਪਤ ਹੋ ਗਈਆਂ। ਸਾਲ 1773 ਨੂੰ ਬੋਸਟਨ ਟੀ ਪਾਰਟੀ ਅਤੇ ਪਾਰਲੀਆਮੈਂਟ ਸਰਕਾਰ ਹੋਂਦ 'ਚ ਆਈ। ਜਾਰਜ ਵਸ਼ਿਗਟਨ ਜੇਤੂ ਹੋਇਆ ਤੇ ਫਰਾਂਸ ਦੀ ਮਦਦ ਨਾਲ 1783 ਨੂੰ ਅਮਨ ਸੰਧੀ ਹੋਈ ਤੇ ਕਨਫਡੇਸ਼ਨ ਬਣੀ ਅਤੇ 1787 ਨੂੰ ਨਵਾਂ ਸੰਧਿਾਨ ਬਣਿਆ। ਜਿਸ ਦੀ ਬੁਨਿਆਦ ਤੇ ਹੀ ਅੱਜ ਦੀ 21-ਵੀਂ ਸਦੀ ਦਾ ਅਮਰੀਕੀ ਸਾਮਰਾਜ ਹੋਂਦ 'ਚ ਆਇਆ! 1861-64 ਤੱਕ ਦੀ ਸਿਵਲ ਵਾਰ ਬਾਦ ਕਈ ਸਿਆਸੀ ਉਥਲ-ਪੁਥਲਾਂ ਬਾਦ ਅਮਰੀਕਾ ਅੱਜ 50 ਰਾਜਾਂ, ਇਕ ਫੈਡਰਲ ਜ਼ਿਲ੍ਹਾ ਅਤੇ 7-ਟੈਰੀਟੋਰੀਜ਼ ਦਾ ਸਮੂਹ ਫੈਡਰਲ ਰਿਪਬਲਿਕ ਹੈ। ਇਸ ਦਾ ਮਾਟੋ ਅਸੀਂ ਰੱਬ 'ਚ ਵਿਸ਼ਵਾਸ਼ ਰੱਖਦੇ ਹਾਂ ! 8-ਜਨਵਰੀ, 1828 ਨੂੰ ਥਾਮਸ ਜੈਫਰ ਸਨ ਅਤੇ ਜੇਮਜ਼ ਮਾਡੀ ਸਨ ਆਦਿ ਵੱਲੋਂ ਡੈਮੋਕ੍ਰੇਟਿਕ ਪਾਰਟੀ ਜੋ ਉਦਾਰਵਾਦੀ, ਸਮਾਜਕ, ਕੇਂਦਰੀ ਤੇ ਇਸਾਈਅਤ ਪੱਛਮੀ ਪਿਛੋਕੜ ਵਿਚਾਰਾਂ ਵਾਲੀ ਸੀ, ਦੀ ਨੀਂਹ ਧਰੀ ਸੀ। ਜਿਸ ਦਾ ਚੋਣ ਨਿਸ਼ਾਨ ਨੀਲਾ (ਖੋਤਾ-ਜਾਨਵਰ) ਹੈ।
    ਅਬਰਾਹਮ ਲਿੰਕਨ ਵੱਲੋਂ 20-ਮਾਰਚ, 1860 ਨੂੰ ਰਿਪਬਲਿਕਨ ਪਾਰਟੀ, 'ਜਿਹੜੀ ਅਮਰੀਕੀ-ਟੋਰੀ, ਕਾਰਪੋ ਪੱਖੀ ਨੀਤੀਆਂ ਵਾਲੀ ਜੋ ਗੋਰੇ ਅਮਰੀਕੀ ਤੇ ਇਸਾਈਅਤ ਪੱਖੀ ਹੈ, ਦੀ ਬੁਨਿਆਦੀ ਧਰੀ ਸੀ। ਇਸ ਪਾਰਟੀ ਦਾ ਚੋਣ ਨਿਸ਼ਾਨ ਲਾਲ (ਹਾਥੀ-ਜਾਨਵਰ) ਹੈ। ਦੋਨੋ ਪਾਰਟੀਆਂ ਪੱਛਮੀ-ਇਸਾਈਅਤ ਪੱਖੀ, ਪੂੰਜੀਵਾਦ ਅਤੇ ਨਸਲੀ ਭਿੰਨ-ਭੇਦ ਨਾਲ ਪ੍ਰਭਾਵਤ, ਸਮਾਜਵਾਦ ਵਿਰੁਧ, ਜੰਗ ਪੱਖੀ ਹਨ। ਦੂਸਰੀ ਸੰਸਾਰ ਜੰਗ ਬਾਦ ਕੌਮਾਂ, ਗੁਲਾਮ ਦੇਸ਼ਾਂ ਦੀ ਆਜ਼ਾਦੀ, ਜਮਹੂਰੀ ਚੁਣੀਆਂ ਸਰਕਾਰਾਂ ਨੂੰ ਦਬਾਉਣ ਅਤੇ ਲੋਕ ਪੱਖੀ ਹੱਕਾਂ ਲਈ ਲੜਨ ਵਾਲੇ ਲੋਕਾਂ ਵਿਰੁਧ ਅਮਰੀਕਾ ਸਦਾ ਹੀ ਅੱਗੇ ਰਿਹਾ ਹੈ। ਚਾਹੇ ਰਿਪਬਲਿਕਨ ਜਾਂ ਡੈਮੋਕ੍ਰੇਟਿਕ ਰਾਸ਼ਟਰਪਤੀ ਹੋਵੇ, 'ਅਮਰੀਕਾ ਨੇ ਸਦਾ ਹੀ ਰਾਜਨੀਤਕ, ਫੌਜੀ-ਧੌਂਸ ਤੇ ਦਖਲ-ਅੰਦਾਜ਼ੀ  ਨਾਲ ਆਜ਼ਾਦ ਤੇ ਚੁਣੀਆਂ ਲੋਕ ਸਰਕਾਰਾਂ ਤੇ ਦੇਸ਼ਾਂ ਵਿਰੁਧ ਹਮਲਾਵਰੀ ਰੁੱਖ ਹੀ ਅਪਣਾਇਆ ਹੈ। ਸਮਾਜਵਾਦੀ ਸੋਵੀਅਤ ਦੀ ਚੜ੍ਹਤ ਵਿਰੁਧ ਦੁਨੀਆ ਅੰਦਰ ਕੋਲਡ-ਵਾਰ ਦੇ ਨਾਂ ਹੇਠ 1953 ਨੂੰ ਨਾਟੋ ਦਾ ਗਠਨ ਕੀਤਾ ਗਿਆ। ਇਸ ਵੇਲੇ ਨਾਟੋ 'ਚ ਸ਼ਾਮਲ 31-ਦੇਸ਼ ਅਤੇ 273.2 ਮਿਲੀਅਨ ਯੂਰੋ (2019) ਬਜਟ ਹੈ। ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੀ ਲੁੱਟ ਅਤੇ ਦਬਾਉਣ ਲਈ 150 ਦੇਸ਼ਾਂ 'ਚ  ਅਮਰੀਕੀ ਫੌਜਾਂ ਤਾਇਨਾਤ ਹਨ। ਦੂਸਰੇ ਦੇਸ਼ਾਂ ਅੰਦਰ 800 ਅੱਡੇ ਹਨ। ਪਹਿਲਾਂ ਇਹ ਫੌਜੀ ਚੜ੍ਹਾਈ ਸੋਵੀਅਤ ਯੂਨੀਅਨ ਵਿਰੁਧ ਹੁੰਦੀ ਸੀ, ਪਰ 1991 ਤੋਂ ਬਾਦ ਇਹ ਸਾਰਾ ਰੁੱਖ ਹੁਣ ਲੋਕ ਚੀਨ ਵਿਰੁਧ ਮੋੜਿਆ ਗਿਆ ਹੈ। ਅਮਰੀਕਾ ਦੀ 2.1 ਮਿਲੀਅਨ ਫੌਜ ਇਸ ਦੀ ਕਮਾਂਡ ਸੀ.ਆਈ.ਏ. (C.I.A) ਦੇ ਹੱਥ ਹੈ, 'ਵਿਦੇਸ਼ੀ ਸਰਕਾਰਾਂ ਦੇ ਤਖਤੇ ਉਲਟਾਉਣੇ, ਕਤਲ ਕਰਨੇ, ਟਾਰਚਰ ਕਰਨਾ, ਭਾੜੇ ਦੇ ਟੱਟੂ, ਸਭ ਦੀ ਅਗਵਾਈ ਰਾਸ਼ਟਰਪਤੀ ਦੇ ਹੱਥ ਹੁੰਦੀ ਹੈ।
    ਅਮਰੀਕਾ ਦੇ ਇਸ ਚੋਣ ਦੰਗਲ 'ਚ ''ਇਲੈਕਟੋਰਲ ਕਾਲਜ'' ਰਾਹੀਂ 538 ਮੈਂਬਰ ਚੁਣੇ ਜਾਂਦੇ ਹਨ। ਜਿਹੜਾ ਵੀ ਉਮੀਦਵਾਰ 270 ਇਲੈਕਟੋਰਲ ਵੋਟਾਂ ਪ੍ਰਾਪਤ ਲਏਗਾ ਜੇਤੂ ਹੋਵੇਗਾ ? ਅਮਰੀਕਾ ਦਾ ਰਕਬਾ 98,33,520 ਵਰਗ ਕਿਲੋਮੀਟਰ ਹੈ ਅਤੇ ਆਬਾਦੀ 32,82,39,523 (2019) ਹੈ। ਪ੍ਰਤੀ ਜੀਅ ਆਮਦਨ 67426 ਡਾਲਰ ਪ੍ਰਤੀ ਸਾਲ  (ਚਾਰ ਜੀਅ ਦਾ ਪਰਿਵਾਰ) ਹੈ। ਮਨੁੱਖੀ ਵਿਕਾਸ ਅੰਕ 'ਚ ਸਥਾਨ 0.920 (15-ਵੀਂ ਥਾਂ) ਹੈ। ਅਮਰੀਕਾ ਯੂ.ਐਨ., ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਓ.ਏ.ਐਸ., ਨਾਟੋ ਦਾ ਮੈਂਬਰ ਹੈ। ਸੰਸਾਰ ਦੀ ਕੁਲ ਵੈਲਥ ਦਾ 30-ਫੀਸਦ ਹਿੱਸਾ  ਅਮਰੀਕਾ ਪਾਸ ਹੈ। ਪਰ ਆਰਥਿਕ ਅਸਮਾਨਤਾ ਪੱਖੋ 50ਫੀ ਸਦ ਪ੍ਰਵਾਰਾਂ ਪਾਸ 1.67 ਟ੍ਰੀਲੀਅਨ ਡਾਲਰ ਜਾਂ 1.6 ਫੀ ਸਦ  ਕੁਲ ਜਾਇਦਾਦ ਦਾ ਹਿੱਸਾ ਹੈ। ਜਦਕਿ 74.5 ਟ੍ਰੀਲੀਅਨ ਡਾਲਰ (10 ਪ੍ਰਵਾਰਾਂ ਪਾਸ) 70-ਫੀਸਦ ਜਾਇਦਾਦ ਹੈ (ਓਕਸ ਫੈਮ 2019)। 400 ਅਮੀਰ ਅਮਰੀਕੀ ਕੇਵਲ 0.003 ਫੀ ਸਦ ਟੈਕਸ ਦਿੰਦੇ ਹਨ।ਇਕ ਦਿਨ ਇਸਤਰੀ ਕਾਮੇ ਨੂੰ 77 ਫੀਸਦ ਜਦਕਿ ਮਰਦ ਕਾਮੇ ਨੂੰ 100 ਫੀਸਦ ਦਿਹਾੜੀ ਮਿਲਦੀ ਹੈ। ਅਮਰੀਕਾ 'ਚ ਚਿੰਤਾ ਕਾਰਨ ਖੁਸ਼ੀ 19-ਵੀ ਥਾਂ ਹੈ। ਗਰੀਬੀ ਕਾਰਨ ਲੋਕ ਨਸ਼ੇ, ਚੋਰੀਆਂ, ਕਤਲ , ਲੱਖਾਂ ਅਮਰੀਕੀ ਜੇਲ੍ਹਾਂ 'ਚ ਹਨ ਤੇ ਗੰਨ ਕਲਚਰ 'ਚ ਉਲਝੇ ਹੋਏ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ (ਡੀ.ਸੀ.), ਵੱਡਾ ਸ਼ਹਿਰ ਨਿਊਯਾਰਕ ਤੇ ਰਾਜ ਭਾਸ਼ਾ ਅੰਗਰੇਜ਼ੀ ਹੈ।
    59-ਵੇਂ ਰਾਸ਼ਰਪਤੀ ਦੀ ਚੋਣ ਲਈ ਅਸਿੱਧੇ ਤਰੀਕੇ ਨਾਲ ਪੈ ਰਹੀਆਂ ਵੋਟਾਂ ਲਈ ਆਉ! ਜ਼ਰਾ ਅਮਰੀਕਾ ਅੰਦਰ ਰਹਿ ਰਹੇ ਲੋਕਾਂ ਦੀ ਤਸੀਰ ਅਤੇ ਬੌਧਿਕ ਪਹੁੰਚ ਪ੍ਰਤੀ ਵੀ ਥੋੜ੍ਹਾ ਜਿਹਾ ਜਾਣ ਲਈਏ। ਅਮਰੀਕਾ ਅੰਦਰ 75.5-(ਗੋਰੇ), 13.4-(ਸਿਆਹ-ਫ਼ਾਸ), 5.9-(ਏਸ਼ੀਅਨ), 2.7-(ਦੂਸਰੇ), 1.3-(ਮੂਲਵਾਸੀ), 0.2-(ਪੈਸੀਫਿਕ), 18.3-(ਹਿਸਪਾਨਿਕ ਜਾਂ ਲਾਟਿਨੋ) ਫੀ ਸਦ ਨਸਲਾਂ ਦੇ ਲੋਕ ਰਹਿ ਰਹੇ ਹਨ। ਪ੍ਰੋਟੈਸ: 43-ਫੀਸਦ, ਕੈਥੋ:20-ਫੀਸਦ, ਮਾਰਮੋ: 2-ਫੀਸਦ, ਕੋਈ ਵੀ ਧਰਮ ਨਹੀ: 26-ਫੀ ਸਦ, ਯਹੂਦੀ:2-ਫੀ ਸਦ, ਇਸਲਾਮ:1-ਫੀ ਸਦ, ਬੋਧੀ: 1-ਫੀ ਸਦ, ਹਿੰਦੂ: 1-ਫੀ ਸਦ, ਦੂਸਰੇ: 3-ਫੀ ਸਦ, ਹੋਰ ਧਰਮ: 2-ਫੀ ਸਦ, 'ਧਰਮਾਂ ਦੇ ਲੋਕ ਅਮਰੀਕਾ 'ਚ ਰਹਿ ਰਹੇ ਹਨ। ਚੌਥੇ ਹਿੱਸੇ ਤੋਂ ਵੱਧ ਅਮਰੀਕੀ ਰੱਬ ਨੂੰ ਨਹੀਂ ਮਨਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ, 'ਕਿ ਅਮਰੀਕੀ ਵੋਟਰ ਕੀ ਰਾਜਨੀਤਕ ਸੋਚ ਰਾਹੀਂ ਵੋਟ ਪਾਉਣਗੇ ਜਾਂ ਧਾਰਮਿਕ ਅਕੀਦੇ ਅਨੁਸਾਰ ? ਇਸ ਵੇਲੇ ਅਮਰੀਕਾ ਅੰਦਰ ਲੋਕਾਂ ਸਾਹਮਣੇ ਮੁੱਖ ਮੁੱਦਾ ਕੋਵਿਡ-19 ਅਤੇ ਭੁੱਖ ਤੋਂ ਕਿਵੇਂ ਛੁਟਕਾਰਾ ਮਿਲੇ ਜੋ ਮੂੰਹ ਅੱਡੀ ਖੜਾ ਹੈ ? 4.7 ਮਿਲੀਅਨ (2015) ਪ੍ਰਵਾਸੀ ਅਮਰੀਕਾ ਅੰਦਰ ਵੱਖੋ-ਵੱਖ ਅਵੱਸਥਾਵਾਂ ਅੰਦਰ ਰਹਿ ਰਹੇ ਹਨ ? ਇਨ੍ਹਾਂ 'ਚ 10.5-12 ਮਿਲੀਅਨ ਲੋਕ ਬਿਨ੍ਹਾਂ ਕਾਗਜ਼ਾਂ ਤੋਂ ਹਨ। ਵੋਟਾਂ ਵੇਲੇ ਇਨ੍ਹਾਂ ਦਾ ਰੁੱਖ ਕਿਸ ਤਰਫ਼ ਭੁਗਤੇਗਾ ਸਮਾਂ ਹੀ ਦੱਸੇਗਾ?
    ਅਮਰੀਕਾ ਅੰਦਰ ਵੀ ਅਤੇ ਭਾਰਤ ਅੰਦਰ ਵੀ ਭਾਰਤੀ-ਅਮਰੀਕੀ ਵੋਟਰਾਂ ਦਾ ਕੀ ਰੁੱਖ ਹੋਵੇਗਾ, ਬਹੁਤ ਸਾਰੀਆਂ ਕਿਆਸ-ਅਰਾਈਆਂ ਲੱਗ ਰਹੀਆਂ ਹਨ ? ਅੱਜ ਭਾਵੇਂ ਸਿਆਸੀ ਤੌਰ ਤੇ ਅਮਰੀਕੀ ਸਿਆਸਤ ਅੰਦਰ ਬੌਬੀ ਜਿੰਦਲ, ਨਿੱਕੀ ਹੈਲੀ ਜਾਂ ਕਮਲਾ ਹੈਰਿਸ ਦੀ ਤੂਤੀ ਬੋਲਦੀ ਹੋਵੇ! ਪਰ ਅਮਰੀਕਾ ਅੰਦਰ ਸਭ ਤੋਂ ਪਹਿਲਾਂ ''ਏਸ਼ੀਅਨ-ਅਮਰੀਕੀ'' ਅਤੇ ਪਹਿਲਾ ''ਭਾਰਤੀ-ਅਮਰੀਕੀ'' ਸ: ਦਲੀਪ ਸਿੰਘ ਸੌਂਦ M.A., Ph.D. ਸੀ, 'ਜਿਹੜਾ ਬਹੁਤ ਸਾਰੀਆਂ ਰੋਕਾਂ ਨੂੰ ਸਰ ਕਰਕੇ ਅਮਰੀਕਾ ਦੇ ਹਾਊਸ ਆਫ ਰਿਪ੍ਰੇਜੈਂਟਿਵ (29-ਵਾਂ ਜ਼ਿਲਾ ਕੈਲੇਫੋਰਨੀਆ) ਦਾ ਮੈਂਬਰ ਜਿਤਿਆ ਸੀ। ਉਹ ਹਾਊਸ ਅੰਦਰ ਤਿੰਨ-ਜਨਵਰੀ, 1957 ਤੋਂ ਤਿੰਨ ਜਨਵਰੀ 1963 ਤੱਕ ਮੈਂਬਰ ਰਿਹਾ ਸੀ। ਉਹ ਡੈਮੋਕ੍ਰੇਟਿਕ (ਗੈਰ-ਅਬਰਾਹਿਮਕ-ਫੈਥ ਵੱਜੋ) ਕਾਂਗਰਸ ਲਈ ਚੁਣਿਆ ਗਿਆ ਸੀ। ਉਸ ਸਮੇਂ ਪ੍ਰਵਾਸੀ ਲੋਕ ਅਮਰੀਕਾ ਅੰਦਰ ਲੱਕ-ਲੱਕ ਤੱਕ ਨਸਲੀ ਵਿਤਕਰਿਆਂ ਦੇ ਸ਼ਿਕਾਰ ਸਨ। ''ਸੌਂਦ'' ਪਿੰਡ ਛੱਜਲ ਵੱਡੀ ਜ਼ਿਲ੍ਹਾ ਅੰਮ੍ਰਿਤਸਰ ਦਾ ਜੰਮ-ਪਲ ਸੀ, (ਬਰਤਾਨਵੀ ਪੰਜਾਬ) ਜੋ ਅਮਰੀਕਾ ਆਇਆ ਸੀ। ਅੱਜ ਦੇ ਪ੍ਰਵਾਸੀਆ ਲਈ ਜੋ ਸਾਜਗਾਰ ਮਾਹੌਲ ਹਨ ਉਨ੍ਹਾਂ ਲੋਕਾਂ ਦੀਆਂ ਕੁਰਬਾਨੀਆ ਨੇ ਹੀ ਸਾਜ਼ੇ ਸਨ। ਸਾਲ 2020 ਦੌਰਾਨ ਹੁਣ ਭਾਰਤੀ-ਅਮਰੀਕੀ 10-ਆਹੁਦੇਦਾਰ ਹਨ ਜੋ ਅਮਰੀਕਾ ਦੇ ਫੈਡਰਲ ਤੇ ਸੂਬਾਈ ਹਾਊਸ ਅੰਦਰ ਸੇਨੇਟਰ ਤੇ ਅਟਾਰਨੀ ਪਦਾਂ ਤਕ ਪਹੁੰਚੇ ਹੋਏ ਹਨ। ਕਾਰਪੋਰੇਟ ਸੈਕਟਰ ਅੰਦਰ ਅਰਵਿੰਦ ਕ੍ਰਿਸ਼ਨਾ ਆਈ.ਬੀ.ਐਮ., ਸੱਤਿਆ ਨਾਡੇਲਾ-ਮਾਈਕਰੋ ਸਾਫਟ, ਸੰਤਾਨੂ ਨਾਈਨਾਂ ਪ੍ਰੈਜ਼ੀਡੇਂਟ-ਏਡੋਬੇ, ਸੁੰਦਰ ਪਿਚਾਈ-ਅਲਫਾਬੇਟ, ਸੰਜੈ ਮਹਿਰੋਟਰਾ ਮਾਈਕਰੋਨ ਉਚ ਪੱਦਵੀਆਂ 'ਤੇ ਬਿਰਾਜਮਾਨ ਹਨ। ਇਸ ਵੇਲੇ 31,83,063 ਭਾਰਤੀ-ਅਮਰੀਕੀ ਆਬਾਦੀ ਅਮਰੀਕਾ ਅੰਦਰ ਰਹਿੰਦੀ ਹੈ। ਅਮਰੀਕਾ ਅੰਦਰ 8,16,975 ਨਾਲ-ਇਮੀਗਰੇਂਟ ਵੀਜਾ ਗ੍ਰਾਂਟਡ ਭਾਰਤੀ ਹਨ। (U.S. Census), ਇਹ ਤਸਵੀਰ ਅੱਜ ਦੇ ਭਾਰਤੀ ਡਾਇਚਸਪੋਰਾ ਦੀ ਹੈ, 'ਜਿਨ੍ਹਾਂ ਪਾਸੋਂ ਵੋਟਾਂ ਪ੍ਰਾਪਤ ਕਰਨ ਲਈ ਅਮਰੀਕੀ ਸਾਮਰਾਜ ਤੇ ਉਨ੍ਹਾਂ ਦੇ ਚਾਟੜੇ ਸਮੇਤ ਭਾਰਤੀ ਹਾਕਮ ਵੀ ਵੱਖੋ ਵੱਖ ਸਾਜ਼ ਵਜਾ ਰਹੇ ਹਨ। ਅਮਰੀਕਾ ਅੰਦਰ ਚੀਨੀ ਭਾਈਚਾਰੇ ਅਤੇ ਮੁਸਲਮਾਨ ਲੋਕ ਪਹਿਲਾਂ ਹੀ ਟਰੰਪ ਦੇ ਬਿਆਨਾਂ ਅਤੇ ਨੀਤੀਆਂ ਕਾਰਨ ਵਿਰੋਧੀ ਰੁੱਖ ਧਾਰਨ ਕਰੀ ਬੈਠੇ ਹਨ। ਜਾਰਜ ਫਰਾਇਡ ਦੇ ਡੁੱਲੇ ਖ਼ੂਨ ਕਾਰਨ ਅੱਜੇ ਵੀ ਅਮਰੀਕਾ ਦੇ ਹਰ ਵੇਹੜੇ ਅੰਦਰ ਗੁੱਸਾ ਲਾਲ ਹੀ ਲਾਲ ਨਜ਼ਰ ਆ ਰਿਹਾ ਹੈ। ਉਹ ਲੋਕ ਵੀ ਟਰੰਪ ਤੋਂ ਮੁਕਤੀ ਚਾਹੁੰਦੇ ਹਨ।
    ਅਮਰੀਕਾ ਅੰਦਰ ਟਰੰਪ ਪ੍ਰਸ਼ਾਸਨ ਵਿਰੁੱਧ ਰਾਸ਼ਟਰਪਤੀ ਚੋਣ ਦੌਰਾਨ ਜੋਏ ਬਾਈਡਨ ਵੱਲੋਂ ਧੂੰਆਂ ਧਾਰ ਹਮਲੇ ਹੋ ਰਹੇ ਹਨ ਤੇ ਉਹ ਮਿਡ ਵੈਸਟ ਦੇ ਗੋਰੇ ਵੋਟਰਾਂ ਨੂੰ ਭਰਮਾ ਰਿਹਾ ਹੈ। ਟਰੰਪ ਪਿਛਲੇ ਦਾਅ ਪੇਚਾਂ ਨੂੰ ਮੁੜ-ਸੁਰਜੀਤ ਕਰਕੇ ਪੇਂਡੂ ਵੋਟਰਾਂ ਤੇ ਇਸਾਈਅਤ-ਟੋਰੀ ਸੋਚ ਵੋਟ ਤੇ ਟੇਕ ਲਾ ਰਿਹਾ ਹੈ। ਦੋਨੋਂ ਪਾਰਟੀਆਂ ਦੀ ਚੋਣ ਮੁਹਿੰਮ, ਇਕੱਠ ਅਤੇ ਲੋਕਾਂ ਨੂੰ  ਭਰਮਾਉਣ ਲਈ ਮੀਡੀਆ ਦੀ ਪੂਰੀ ਵਰਤੋਂ ਹੋ ਰਹੀ ਹੈ। ਦੋਨੋਂ ਧੜੇ ਗੋਰੇ ਵੋਟਰਾਂ ਵਾਲੇ ਸੂਬੇ ਵਿਸਕੋਨਸਿਨ ਅਤੇ ਮਿਨੇਸੋਟਾ ਵਲ ਨੀਝਾਂ ਲਾ ਰਹੇ ਹਨ, ਕਿਉਂਕਿ ਪਿਛਲੀ ਵਾਰ ਟਰੰਪ ਇਥੋਂ ਨਸਲੀ ਵੰਡ ਰਾਹੀਂ ਵੋਟਾਂ ਪ੍ਰਾਪਤ ਕਰ ਗਿਆ ਸੀ। ਭਾਵੇਂ ਇਸ ਵਾਰ ਮੁਸਲਮਾਨਾਂ ਵਿਰੁਧ, ਪ੍ਰਵਾਸੀ ਲੋਕਾਂ ਅਤੇ ਗੈਰ-ਗੋਰੀ ਨਸਲ ਦੇ ਲੋਕਾਂ ਦੀ ਵਿਰੋਧਤਾ ਦੀ ਕੋਈ ਲਹਿਰ ਨਹੀਂ ਚਲ ਰਹੀ ਹੈ। ਇਸ ਲਈ ਇਸ ਦਾ ਲਾਭ ਬਾਈਡਨ ਨੂੰ ਹੀ ਹੋਵੇਗਾ ? ਰਾਸ਼ਟਰਪਤੀ ਚੋਣਾਂ ਅੰਦਰ ਟਰੰਪ ਆਪਣੀ ਹਾਰ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤ ਰਿਹਾ ਹੈ। ਉਸ ਨੇ ਸਾਮਰਾਜੀ ਹਠ, ਕਰਮ ਤੇ ਧਰਮ ਦੀ ਰੱਖਿਆ ਲਈ ਸਾਰੇ ਦਾਅ-ਪੇਚ ਝੋਕ ਦਿੱਤੇ ਹਨ। ਪਰ ਬੇੜਾ ਪਾਰ ਲੱਗਦਾ ਨਹੀਂ ਦਿਸ ਰਿਹਾ ਹੈ ?  ਪੱਛਮੀ ਸਾਮਰਾਜੀ ਸਿਆਸਤ ਅੱਜੇ ਚੁੱਪ ਹੈ।
    ਅਮਰੀਕਾ ਅੰਦਰ ਚੋਣ ਸਰਵੇਖਣ ਅੰਦਰ, 'ਇਹ ਪਹਿਲੀ ਵਾਰ 1940 ਤੋਂ ਬਾਦ ਸਾਹਮਣੇ ਆਇਆ ਹੈ, 'ਕਿ ਰਾਸ਼ਟਰਪਤੀ ਦੀ ਚੋਣ ਅੰਦਰ ਡੈਮੋਕ੍ਰੇਟਿਕ ਲਗਾਤਾਰ ਟੋਰੀਆਂ (ਰਿਪਬਲਿਕਨਾ) ਨਾਲੋ ਲੀਡ ਬਣਾ ਕੇ ਅੱਗੇ ਵੱਧ ਰਹੇ ਹਨ (C.B.S. News)। ਦੌੜ ਦੀ ਇਹ ਸਥਿਰਤਾ ਟਰੰਪ ਦੀ ਹਾਰ ਅਤੇ ਬਾਈਡਨ-ਹੈਰਿਸ ਦੀ ਜਿੱਤ ਦੀ ਪ੍ਰਤੀਕ ਜਿੱਤ ਰਹੀ ਹੈ ? ਭਾਵੇਂ ਰੂਸ ਅਤੇ ਚੀਨ ਦੀ ਦਖਲ-ਅੰਦਾਜ਼ੀ ਦੀਆਂ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਆ ਰਹੀਆਂ ਹਨ। ਕਰੋਨਾ ਵੈਕਸੀਨ ਦੀ ਆਸ ਅਤੇ ਵੋਟ ਪਾਉਣ ਤੋਂ ਦਬਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖੇ ਹੁਣ ਟਰੰਪ ਲਈ ਕਾਰਗਾਰ ਸਾਬਤ ਨਹੀਂ ਹੋਣਗੇ ?
    ਸੋਵੀਅਤ ਰੂਸ ਦੇ ਟੁਟਣ ਬਾਦ ਇਹ ਪਹਿਲੀ ਵਾਰ ਹੋਵੇਗਾ, 'ਜਦੋਂ ਸਾਮਰਾਜੀ ਅਮਰੀਕਾ ਦੀ ਸੋਚ ਅੰਦਰ ਲੋਕ, 'ਸੰਸਾਰ ਆਰਥਿਕਤਾ, ਧੜਿਆ ਦੀ ਸਿਆਸਤ, ਵਿਸਥਾਰਵਾਦੀ ਨੀਤੀਆਂ ਅਤੇ ਪੂੰਜੀਵਾਦੀ ਪੱਛਮੀ ਸੋਚ ਦੇ ਨਾਟੋ ਧੜੇ ਨੂੰ ਮਜ਼ਬੂਤ ਕਰਨ ਦੀ ਥਾਂ, ਅਖੌਤੀ ਦਹਿਸ਼ਤਗਰਦੀ ਵਿਰੁਧ ਜੰਗ ਦੇ ਨਾਤੇ ਜਮਹੂਰੀ ਢੰਗਾਂ ਨਾਲ ਚੁਣੀਆਂ ਨਾ-ਪਸੰਦੀਦਾ ਸਰਕਾਰਾਂ ਦੇ ਤਖਤੇ ਪਲਟਾ ਕੇ ਲੋਕ ਕੌਮਾਂਤਰੀ ਪੱਧਰ 'ਤੇ ਆਪਣਾ ਸ਼ੋਸ਼ਣ ਬੰਦ ਕਰਨ ਲਈ ਸੋਚਣਗੇ। ਅਤਿ-ਆਧੁਨਿਕ ਅਤੇ ਵਿਕਸਤ ਫੌਜੀ ਧੌਂਸ ਵਾਲੀ ਵਿਦੇਸ਼ ਨੀਤੀ ਰਾਹੀਂ ਹਰ ਪਾਸੇ ਜੰਗਾਂ ਠੋਸ ਕੇ ਸੰਸਾਰ ਅਮਨ ਅਤੇ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ ਕਰਨਾ ਕਦੋਂ ਬੰਦ ਹੋਵੇਗਾ ? ਧਰਤੀ, ਅਸਮਾਨ ਤੇ ਸਮੁੰਦਰ 'ਜਿਤ ਲਈ ਦੌੜ ਨਾਲ ਸੰਸਾਰ ਅਮਨ, ਵਾਤਾਵਾਰਨ ਅਤੇ ਮਨੁੱਖਤਾ ਲਈ ਖਤਰੇ ਪੈਦਾ ਕਰਨ ਵਾਲੀਆਂ ਨੀਤੀਆਂ ਦੀ ਥਾਂ, 'ਅਮਰੀਕੀ ਵੋਟਰ ਅਜਿਹੀਆਂ ਨੀਤੀਆਂ ਦਾ ਬਦਲਾਅ ਲਿਆਉਣ, 'ਜੋ ਸਮਾਜ ਅੰਦਰ ਗਰੀਬੀ-ਗੁਰਬਤ ਤੇ ਬੇਰੁਜ਼ਗਾਰੀ ਦਾ ਖਾਤਮਾ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਬਚਨ-ਬੱਧ ਹੋਵੇ। ਚੋਣਾਂ ਦੇ ਇਸ ਦੇਸ਼ ਵਿਆਪੀ ਮੰਚ 'ਤੇ ਭਾਵੇਂ ਦੇਸ਼ ਦੀਆਂ ਦੋਨੋ ਵੱਡੀਆਂ ਪਾਰਟੀਆਂ ਨੇ ਲੋਕਾਂ ਦੇ ਉਪਰੋਕਤ ਦਰਪੇਸ਼ ਮੱਸਲਿਆਂ ਸਬੰਧੀ ਅੱਜੇ ਮੂੰਹ ਨਹੀਂ ਖੋਲ੍ਹੇ ਹਨ ਜੋ ਅਮਰੀਕਾ ਦੀ ਲੋਕ-ਰਾਜਨੀਤੀ ਅੰਦਰ ਇਹ ਇਕ ਨਿਘਾਰ ਹੈ ? ਜੋ ਬਹੁਤ ਖਤਰਨਾਕ ਅਤੇ ਅਮਰੀਕਾ ਅੰਦਰ ਉਠ ਰਹੀਆਂ ਜਮਹੂਰੀ ਲਹਿਰਾਂ ਲਈ ਇਕ ਨਿਰਾਸ਼ਾਜਨਕ ਇਸ਼ਾਰਾ ਵੀ ਹੈ।
    ਸੰਸਾਰ 'ਤੇ ਖਾਸ ਕਰਕੇ ਅਮਰੀਕੀ ਲੋਕਾਂ ਲਈ 3-ਨਵੰਬਰ, 2020  ਨੂੰ ਟਰੰਪ ਵਰਗੇ ਟੋਰੀ ਜੇਕਰ ਮੁੜ ਰਾਸ਼ਟਰਪਤੀ ਪੱਦ ਲਈ ਜਿਤ ਜਾਣ, ਇਕ ਅਸ਼ੁਭ ਹੋਵੇਗਾ ? ਅਜਿਹੀ ਜਿੱਤ ਅਮਰੀਕੀ ਸੱਤਾਧਾਰੀ ਵਰਗ ਦੇ ਸਭ ਤੋਂ ਵੱਧ ਪ੍ਰਤੀਕਿਰਿਆਵਾਦੀ ਹਲਕਿਆਂ ਅੰਦਰ ਇਹ ਸਾਬਤ ਕਰੇਗੀ, 'ਕਿ ਕਿਵੇਂ ਰਾਜਨੀਤਕ ਸੱਜ ਪਿਛਾਖੜ ਅਜਿਹੇ ਹਲਾਤਾਂ ਦੌਰਾਨ ਵੀ ਅਮਰੀਕੀ ਕਿਰਤੀ ਵਰਗ ਦੀ ਬੇਚੈਨੀ ਨੂੰ ਵਰਤ ਗਏ, ਇਹ ਇਕ ਕਲਾਸੀਕਲ ਉਦਾਹਰਣ ਹੋਵੇਗੀ ? ਆਉ !ਸਾਰੇ ਜਮਹੂਰੀ ਤੇ ਕਿਰਤੀ ਮਿਲ ਕੇ ਅਮਰੀਕੀ ਲੋਕਾਂ ਲਈ ਗੁਹਾਰ ਲਾਈਏ, 'ਕਿ ਟਰੰਪ ਵਰਗੇ ਸੱਜ-ਪਿਛਾਖੜ ਨਾ ਜਿਤਣ ! ਭਾਵੇਂ ਉਸ ਲਈ ਵਾਈਟ ਹਾਊਸ ਤਕ ਆਸਾਨ ਨਹੀਂ ਹੈ ਸੱਤਾ ਦੀ ਡਗਰ ?

91-9217997445
ਜਗਦੀਸ਼ ਸਿੰਘ ਚੋਹਕਾ

001-403-285-4208
jagdishchohka@gmail.com