ਜੇਲ੍ਹਾਂ ਅੰਦਰ ਡੱਕੇ ਲੋਕ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਕੁੱਝ ਅੰਕੜੇ ਹੈਰਾਨੀਜਨਕ ਹੁੰਦੇ ਹਨ। ਦੁਨੀਆ ਭਰ ਵਿਚ ਜਿੰਨੇ ਲੋਕ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਵਿੱਚੋਂ ਅੱਧੇ (ਲਗਭਗ 90 ਲੱਖ) ਸਿਰਫ਼ ਅਮਰੀਕਾ, ਚੀਨ ਅਤੇ ਰੂਸ ਵਿਚ ਬੰਦ ਹਨ। ਅਮਰੀਕਾ ਦੀਆਂ ਜੇਲ੍ਹਾਂ ਵਿਚ ਲਗਭਗ 22 ਲੱਖ ਲੋਕ ਬੰਦ ਹਨ, ਚੀਨ ਵਿਚ ਸਾਢੇ 15 ਲੱਖ, ਰੂਸ ਵਿਚ 8,74,161, ਬਰਾਜ਼ੀਲ ਵਿਚ ਤਿੰਨ ਲੱਖ 71,482, ਭਾਰਤ ਵਿਚ 3,96,223, ਮੈਕਸੀਕੋ ਵਿਚ 2,14,450, ਯੂਕਰੇਨ ਵਿਚ 1,62,602, ਸਾਊਥ ਅਫਰੀਕਾ 1,58,501, ਪੋਲੈਂਡ ਵਿਚ 89,546, ਇੰਗਲੈਂਡ ਵਿਚ 80 ਹਜ਼ਾਰ, ਜਪਾਨ ਵਿਚ ਵੀ ਲਗਭਗ ਏਨੇ ਹੀ। ਅਸਟ੍ਰੇਲੀਆ ਵਿਚ 25,790 ਅਤੇ ਆਇਰਲੈਂਡ ਵਿਚ 1375 ਹਨ। ਇਹ ਅੰਕੜੇ ਅੰਤਰਰਾਸ਼ਟਰੀ ਸੈਂਟਰ ਫੌਰ ਪਰਿਜ਼ਨ ਸਟੱਡੀਜ਼ ਵੱਲੋਂ ਜਾਰੀ ਕੀਤੇ ਗਏ ਹਨ।
    ਬੀ.ਬੀ.ਸੀ. ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਦੁਨੀਆ ਭਰ ਵਿਚ ਜੇਲ੍ਹਾਂ ਵਿਚ ਡੱਕੇ ਲੋਕਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਪਰ ਵਿਕਾਸਸ਼ੀਲ ਦੇਸਾਂ ਵਿਚਲੀਆਂ ਜੇਲ੍ਹਾਂ ਵਿਚ ਲੋੜੋਂ ਵੱਧ ਲੋਕ ਤੁੰਨੇ ਹੋਏ ਹਨ। ਕੀਨੀਆ ਵਿਚ ਡੱਕੇ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਉੱਥੇ ਜਿੰਨੇ ਡੱਕੇ ਜਾ ਸਕਦੇ ਹਨ, ਉਸ ਗਿਣਤੀ ਨਾਲੋਂ 343.7 ਫੀਸਦੀ ਵੱਧ ਕੈਦੀ ਰੱਖੇ ਗਏ ਹਨ।
    ਆਈਸਲੈਂਡ ਬਾਰੇ ਕਿਹਾ ਗਿਆ ਹੈ ਕਿ ਉਸ ਦੇਸ ਵਿਚ ਤਿੰਨ ਲੱਖ ਚਾਲੀ ਹਜ਼ਾਰ ਲੋਕ ਰਹਿੰਦੇ ਹਨ। ਉੱਥੇ ਸਿਰਫ਼ 5 ਜੇਲ੍ਹਾਂ ਹਨ ਜਿਨ੍ਹਾਂ ਵਿਚ 200 ਤੋਂ ਵੀ ਘੱਟ ਲੋਕ ਤਾੜੇ ਗਏ ਹਨ।
    ਸਿਰਫ਼ ਸਜ਼ਾਯਾਫਤਾ ਮੁਜਰਮ ਹੀ ਨਹੀਂ ਬਲਕਿ ਜਿਨ੍ਹਾਂ ਨੂੰ ਹਾਲੇ ਸਜ਼ਾ ਸੁਣਾਈ ਜਾਣੀ ਹੈ ਜਾਂ ਹਾਲੇ ਕੇਸ ਲਟਕ ਰਿਹਾ ਹੈ ਤੇ ਫੈਸਲੇ ਦੀ ਉਡੀਕ ਵਿਚ ਹਨ, ਇਹੋ ਜਿਹੇ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਬੇਕਸੂਰ ਹੁੰਦਿਆਂ ਹੋਇਆਂ ਵੀ ਸਜ਼ਾ ਭੁਗਤ ਰਹੇ ਹਨ।
    ਕਰਿਮੀਨਲ ਜਸਟਿਸ ਰਿਫੌਰਮ ਦੀ ਰਿਪੋਰਟ ਅਨੁਸਾਰ ਅਮਰੀਕਾ ਦੀਆਂ ਜੇਲ੍ਹਾਂ ਵਿਚ ਰਿਸ਼ਵਤਖ਼ੋਰੀ, ਭ੍ਰਿਸ਼ਟਾਚਾਰ, ਲੜਾਈਆਂ, ਸਰੀਰਕ ਸ਼ੋਸ਼ਣ, ਮਾਰਕੁਟਾਈ, ਕਤਲ, ਬਲਾਤਕਾਰ ਆਦਿ ਦੇ ਕਈ ਕੇਸ ਸਾਹਮਣੇ ਆਏ ਹਨ। 'ਐਲਬਾਮਾ ਡਿਪਾਰਟਮੈਂਟ ਔਫ਼ ਕੋਰੈਕਸ਼ਨ' ਦੇ ਵਿਰੁੱਧ ਪੜਤਾਲ ਜਾਰੀ ਹੋਈ ਹੈ ਕਿਉਂਕਿ ਸੇਂਟ ਕਲੇਅਰ ਜੇਲ੍ਹ ਵਿਚ ਬਹੁਤ ਜ਼ਿਆਦਾ ਕੁੱਟ ਮਾਰ ਦੇ ਕੇਸ ਸਾਹਮਣੇ ਆ ਚੁੱਕੇ ਹਨ।
    ਐਲਬਾਮਾ ਦੀ ਟੁਟਵਿਲਰ ਔਰਤਾਂ ਦੀ ਜੇਲ੍ਹ ਵਿਚ ਬਲਾਤਕਾਰ ਦੇ ਕੇਸ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਜਿਸ ਬਾਰੇ ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ।
    ਉੱਥੇ 50 ਕੈਦੀ ਔਰਤਾਂ ਨੇ ਮੰਨਿਆ ਕਿ ਉਨ੍ਹਾਂ ਨਾਲ ਬਹੁਤ ਭੱਦੇ ਤਰੀਕੇ ਸਮੂਹਕ ਬਲਾਤਕਾਰ ਕੀਤਾ ਜਾਂਦਾ ਹੈ। ਜਿਹੜੇ ਗਾਰਡ ਉੱਥੇ ਲਾਏ ਜਾਂਦੇ ਹਨ ਉਹ ਹਰ ਰੋਜ਼ ਕਈ ਕੈਦੀ ਔਰਤਾਂ ਨੂੰ ਬੰਨ੍ਹ ਕੇ ਜ਼ਬਰਜ਼ਨਾਹ ਕਰਦੇ ਹਨ। ਇੰਜ ਬਥੇਰੀਆਂ ਗਰਭਵਤੀ ਹੋ ਜਾਂਦੀਆਂ ਹਨ। ਸੰਨ 2012 ਵਿਚ ਕਈ ਗਾਰਡਾਂ ਅਤੇ ਜੇਲ੍ਹਾਂ ਵਿਚ ਲੱਗੇ ਅਫਸਰਾਂ ਨੂੰ ਬਲਾਤਕਾਰ ਕਰਨ ਵਾਸਤੇ ਸਜ਼ਾਵਾਂ ਵੀ ਭੁਗਤਣੀਆਂ ਪਈਆਂ। ਅਫ਼ਸੋਸ ਇਹ ਹੈ ਕਿ ਕਈ ਸਜ਼ਾਵਾਂ ਸਿਰਫ਼ 5 ਦਿਨ ਦੀ ਕੈਦ ਸਨ!
    ਇਸ ਤੋਂ ਬਾਅਦ ਸ਼ਿਕਾਇਤਕਰਤਾ ਕੈਦੀ ਔਰਤਾਂ ਨਾਲ ਹੋਰ ਵੀ ਭੱਦਾ ਵਿਹਾਰ ਕੀਤਾ ਗਿਆ। ਆਪਣੇ ਟੱਬਰਾਂ ਨਾਲ ਮਿਲਣ ਨਾ ਦਿੱਤਾ ਗਿਆ, ਉਨ੍ਹਾਂ ਦੀਆਂ ਜਾਇਦਾਦਾਂ ਖੋਹ ਲਈਆਂ ਗਈਆਂ, ਉਨ੍ਹਾਂ ਨਾਲ ਹੋਰ ਭਿਆਨਕ ਤਰੀਕੇ ਸ਼ਰੀਰਕ ਸ਼ੋਸ਼ਣ ਕੀਤਾ ਗਿਆ ਤੇ ਮੂੰਹ ਵਿਚ ਪਿਸ਼ਾਬ ਤੱਕ ਕੀਤਾ ਗਿਆ।
    ਸੰਨ 2013 ਵਿਚ ਫਿਰ ਸ਼ਿਕਾਇਤ ਮਿਲਣ ਉੱਤੇ ਇਨਕੁਆਇਰੀ ਕਮੇਟੀ ਬਿਠਾਈ ਗਈ। ਇਸ ਕਮੇਟੀ ਦੀ ਰਿਪੋਰਟ ਸੰਨ 2014 ਵਿਚ ਜਨਤਕ ਕੀਤੀ ਗਈ ਜਿਸ ਵਿਚ ਕੈਦਣਾਂ ਨੂੰ ਖੁੱਲੇ ਵਿਚ ਸਭ ਮਰਦ ਗਾਰਡਾਂ ਸਾਹਮਣੇ ਨਿਰਵਸਤਰ ਕਰ ਕੇ ਮਲ-ਮੂਤਰ ਕਰਨਾ, ਨਹਾਉਣ ਆਦਿ ਵੇਲੇ ਦੀਆਂ ਫਿਲਮਾਂ, ਪੁੱਠੇ ਟੰਗਣ ਤੇ ਹਰ ਰੋਜ਼ ਦਿਨ ਵਿਚ ਕਈ ਵਾਰ ਗੁਪਤ ਅੰਗਾਂ ਵਿਚ ਪੱਥਰ ਪਾਉਣ ਜਾਂ ਹੋਰ ਚੀਜ਼ਾਂ ਵਾੜਨ, ਸਮੂਹਕ ਬਲਾਤਕਾਰ ਕਰਨ ਆਦਿ ਦੀਆਂ ਵੀਡੀਓ ਬਣਾਉਣ ਬਾਰੇ ਦੱਸਿਆ ਗਿਆ।
    ਇਸ 36 ਸਫਿਆਂ ਦੀ ਰਿਪੋਰਟ ਵਿਚ ਅਣਮਨੁੱਖੀ ਦਾਸਤਾਨ ਦਰਜ ਕੀਤੀ ਸੀ ਜੋ ਰੌਂਗਟੇ ਖੜ੍ਹੇ ਕਰਨ ਵਾਲੀ ਸੀ।
    ਇਸ ਰਿਪੋਰਟ ਤੋਂ ਲਗਭਗ ਦੋ ਸਾਲ ਬਾਅਦ ਵੀ ਇਹ ਪਤਾ ਲੱਗਿਆ ਕਿ ਕੈਦੀ ਔਰਤਾਂ ਵਿਰੁੱਧ ਕੀਤੇ ਜਾਂਦੇ ਘਿਨਾਉਣੇ ਕੁਕਰਮ ਜੇਲ੍ਹਾਂ ਅੰਦਰ ਬੰਦ ਨਹੀਂ ਸਨ ਹੋਏ। ਅਮਰੀਕਾ ਦੀ ਨੈਸ਼ਨਲ ਇਨਸਟੀਚਿਊਟ ਔਫ ਕੌਰੈਕਸ਼ਨ ਰਿਪੋਰਟ ਜੋ ਅਮਰੀਕਾ ਦੇ ਡਿਪਾਰਟਮੈਂਟ ਔਫ ਜਸਟਿਸ ਵੱਲੋਂ ਜਾਰੀ ਕੀਤੀ ਗਈ ਹੈ, ਜੇਲ੍ਹਾਂ ਅੰਦਰ ਚੱਲ ਰਹੇ ਮਨੁੱਖੀ ਅਧਿਕਾਰਾਂ ਦੇ ਕਤਲਾਂ ਦੀ ਖੁੱਲੀ ਕਿਤਾਬ ਹੈ!
    ਜੇ ਇੰਗਲੈਂਡ ਵਿਚ ਝਾਤ ਮਾਰੀਏ ਤਾਂ ਉੱਥੇ 12 ਜੇਲ੍ਹਾਂ ਔਰਤਾਂ ਲਈ ਹਨ। ਇਨ੍ਹਾਂ ਵਿੱਚੋਂ 48 ਫੀਸਦੀ ਔਰਤਾਂ ਸਿਰਫ਼ ਆਪਣੇ ਪਤੀ ਜਾਂ ਟੱਬਰ ਵਿਚ ਕਿਸੇ ਨੂੰ ਲੋੜੀਂਦਾ ਨਸ਼ਾ ਪਹੁੰਚਾਉਣ ਲਈ ਫੜੀਆਂ ਗਈਆਂ; 53 ਫੀਸਦੀ ਔਰਤਾਂ ਆਪਣੇ ਬਚਪਨ ਵਿਚ ਮਾਰ ਕੁਟਾਈ ਸਹਿੰਦੀਆਂ ਰਹੀਆਂ, ਤਾਅਨੇ ਸੁਣਦੀਆਂ ਰਹੀਆਂ ਤੇ ਸਰੀਰਕ ਸ਼ੋਸ਼ਣ ਵੀ ਭੋਗਿਆ; ਹਰ 10 ਵਿੱਚੋਂ 7 ਔਰਤਾਂ ਜੋ ਜੇਲ੍ਹ ਵਿਚ ਬੰਦ ਹਨ, ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਸਨ। ਇਨ੍ਹਾਂ ਕੈਦੀ ਔਰਤਾਂ ਵਿੱਚ ਪੰਜ ਗੁਣਾ ਵੱਧ ਮਾਨਸਿਕ ਰੋਗ ਹੋ ਚੁੱਕੇ ਸਨ। ਅੱਸੀ ਫੀਸਦੀ ਤੋਂ ਵੱਧ ਆਪਣੀ ਭੁੱਖ ਮਿਟਾਉਣ ਲਈ ਦੁਕਾਨ ਤੋਂ ਖਾਣਾ ਚੁੱਕਦੀਆਂ ਫੜੀਆਂ ਗਈਆਂ ਸਨ ਅਤੇ 58 ਫੀਸਦੀ ਔਰਤਾਂ ਛੁੱਟ ਜਾਣ ਬਾਅਦ ਇੱਕ ਸਾਲ ਦੇ ਅੰਦਰ ਫੇਰ ਜੇਲ੍ਹ ਵਿਚ ਵਾਪਸ ਪਹੁੰਚ ਰਹੀਆਂ ਸਨ।
    ਇਸ ਸਾਰੇ ਵਿਚ ਪਿਸ ਰਹੇ ਸਨ ਨਾਬਾਲਗ ਬੱਚੇ! ਹਰ ਦੱਸਾਂ ਵਿੱਚੋਂ 9 ਬੱਚੇ ਘਰ ਛੱਡ ਕੇ ਮਜਬੂਰੀ ਵਸ ਬਾਹਰ ਨਿਕਲ ਰਹੇ ਸਨ ਕਿਉਂਕਿ ਉਨ੍ਹਾਂ ਦੀ ਮਾਂ ਜੇਲ੍ਹ ਵਿਚ ਬੰਦ ਸੀ। ਜਦ ਮਾਂ ਜੇਲ੍ਹੋਂ ਬਾਹਰ ਵੀ ਆ ਜਾਏ ਤਾਂ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਛੱਡੀ ਜਾਂਦੀ। ਇਸ ਲਈ ਹਰ ਪੰਜਾਂ ਵਿੱਚੋਂ ਦੋ ਔਰਤਾਂ ਜੇਲ੍ਹ ਵਿੱਚੋਂ ਬਾਹਰ ਨਿਕਲ ਕੇ ਆਪਣਾ ਨਵਾਂ ਠਿਕਾਨਾ ਭਾਲਦੀਆਂ ਹਨ।
    'ਵੂਮੈਨ ਇਨ ਪਰਿਜ਼ਨ' ਨਾਮੀ ਪਰਚਾ, ਜੋ 6 ਮਾਰਚ 2018 ਨੂੰ ਛਾਪਿਆ ਗਿਆ, ਉਸ ਵਿਚ ਵਿਕਸਿਤ ਮੁਲਕਾਂ ਦੀਆਂ ਕੈਦੀ ਔਰਤਾਂ ਬਾਰੇ ਕੁੱਝ ਤੱਥ ਛਾਪੇ ਗਏ। ਉਸ ਅਨੁਸਾਰ :-

1.    ਕੈਦ ਵਿਚ ਬੰਦ ਔਰਤਾਂ ਵਿੱਚੋਂ 57 ਫੀਸਦੀ ਤੋਂ ਵੱਧ ਮੰਨੀਆਂ ਕਿ ਉਹ ਘਰੇਲੂ ਹਿੰਸਾ ਦੀਆਂ ਸ਼ਿਕਾਰ ਸਨ। ਅਸਲ ਨੰਬਰ ਬਹੁਤ ਵੱਧ ਹੋਵੇਗਾ ਕਿਉਂਕਿ ਬਾਕੀ ਔਰਤਾਂ ਡਰਦੀਆਂ ਮਾਰੀਆਂ ਜਵਾਬ ਹੀ ਨਹੀਂ ਸੀ ਦੇ ਰਹੀਆਂ ਕਿ ਜੇਲ੍ਹ ਤੋਂ ਬਾਹਰ ਨਿਕਲ ਕੇ ਕਿੱਥੇ ਰਹਾਂਗੀਆਂ।
2.    ਕੈਦੀ ਔਰਤਾਂ ਕੈਦ ਵਿਚਲੇ ਮਰਦਾਂ ਨਾਲੋਂ ਦੁਗਣੀ ਗਿਣਤੀ ਵਿਚ ਢਹਿੰਦੀ ਕਲਾ ਦਾ ਸ਼ਿਕਾਰ ਹੋ ਰਹੀਆਂ ਸਨ ਤੇ ਕੈਦ ਤੋਂ ਬਾਹਰ ਵਿਚਰ ਰਹੀਆਂ ਔਰਤਾਂ ਨਾਲੋਂ ਤਿੰਨ ਗੁਣਾ ਵੱਧ ਢਹਿੰਦੀ ਕਲਾ ਸਹਿੰਦੀਆਂ ਸਨ।
3.    ਕੈਦ ਵਿਚ ਔਰਤਾਂ ਵਿੱਚੋਂ 30 ਫੀਸਦੀ ਦੇ ਲਗਭਗ ਉਹ ਸਨ ਜੋ ਜੇਲ੍ਹ ਵਿਚ ਆਉਣ ਤੋਂ ਪਹਿਲਾਂ ਹੀ ਮਾਨਸਿਕ ਰੋਗ ਸਹੇੜ ਚੁੱਕੀਆਂ ਹੋਈਆਂ ਸਨ।
4.    ਜੁਰਮ ਕਰ ਕੇ ਜੇਲ੍ਹ ਪਹੁੰਚਣ ਵਾਲੀਆਂ ਔਰਤਾਂ ਵਿੱਚੋਂ 49 ਫੀਸਦੀ ਪਹਿਲਾਂ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਸਨ।
5.    ਕੈਦੀ ਔਰਤਾਂ ਵਿੱਚੋਂ 53 ਫੀਸਦੀ ਆਪਣੇ ਬਚਪਨ ਵਿਚ ਮਾਰ ਕੁਟਾਈ, ਭੱਦੀ ਛੇੜ ਛਾੜ, ਦੁਰਕਾਰਿਆ ਜਾਣਾ ਜਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ।
    ਇਹ ਸਾਰੇ ਤੱਥ 13 ਜੇਲ੍ਹਾਂ ਵਿਚਲੀਆਂ ਔਰਤਾਂ ਦਾ ਸਰਵੇਖਣ ਕਰਨ ਬਾਅਦ ਸਾਹਮਣੇ
ਰੱਖੇ ਗਏ ਜਿਨ੍ਹਾਂ ਵਿਚ ਬਰੌਂਜ਼ਫੀਲਡ ਔਰਤਾਂ ਦੀ ਜੇਲ੍ਹ ਸ਼ਾਮਲ ਸੀ।
ਇਹ ਵੀ ਗੱਲ ਸਾਹਮਣੇ ਆਈ ਕਿ ਬਹੁਤੀਆਂ ਔਰਤਾਂ ਨਸ਼ੇ ਦੀ ਲਤ ਜੁਰਮ ਕਰਨ ਤੋਂ
ਪਹਿਲਾਂ ਹੀ ਪਾਲ ਚੁੱਕੀਆਂ ਹੋਈਆਂ ਸਨ। ਹੈਰਾਨੀਜਨਕ ਗੱਲ ਇਹ ਸੀ ਕਿ 46 ਫੀਸਦੀ ਕੈਦੀ ਔਰਤਾਂ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਆਜ਼ਾਦ ਔਰਤਾਂ ਨਾਲੋਂ 7 ਗੁਣਾ ਵੱਧ ਰੇਟ ਸੀ।
    ਕੈਦੀ ਔਰਤਾਂ ਵਿਚ ਇੱਕ ਹੋਰ ਗੱਲ ਵੇਖਣ ਨੂੰ ਮਿਲੀ। ਉਹ ਸੀ-ਇਨ੍ਹਾਂ ਵਿਚ ਸਵੈ-ਭਰੋਸੇ ਦੀ ਘਾਟ। ਲਗਭਗ ਸਾਰੀਆਂ ਨੂੰ ਹੀ ਘਰ ਵਿੱਚੋਂ ਤਿਰਸਕਾਰ ਹਾਸਲ ਹੋਇਆ ਸੀ ਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਈਆਂ ਸਨ। ਇਨ੍ਹਾਂ ਵਿੱਚੋਂ ਲਗਭਗ ਸਾਰੀਆਂ ਨੂੰ ਹੀ ਕਿਸੇ ਪਾਸਿਓਂ ਕੋਈ ਆਸਰਾ ਜਾਂ ਹੌਸਲਾ ਨਹੀਂ ਦਿੱਤਾ ਗਿਆ ਸੀ। ਸਭ ਪਾਸਿਓਂ ਨਕਾਰੇ ਜਾਣ ਉੱਤੇ ਅਤੇ ਪਿਆਰ ਵਿਹੂਣੇ ਰਹਿ ਜਾਣ ਸਦਕਾ ਇਨ੍ਹਾਂ ਦੇ ਮਨਾਂ ਵਿਚ ਏਨਾ ਗੁੱਸਾ ਭਰ ਗਿਆ ਸੀ ਕਿ ਉਹ ਜੁਰਮ ਕਰਨ ਲਈ ਮਜਬੂਰ ਹੋ ਗਈਆਂ ਸਨ। ਕੁੱਝ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈਆਂ ਸਨ ਤੇ ਕੁੱਝ ਆਪਣੇ ਹੀ ਘਰ ਵਿਚਲੇ ਰਿਸ਼ਤੇਦਾਰਾਂ ਵੱਲੋਂ ਇੱਜ਼ਤ ਤਾਰ-ਤਾਰ ਕਰਵਾਈ ਬੈਠੀਆਂ ਸਨ।
    ਤਾਜ਼ਾ ਰਿਪੋਰਟ ਅਨੁਸਾਰ ਇੰਗਲੈਂਡ ਦੀਆਂ ਜੇਲ੍ਹਾਂ ਵਿਚ ਪੰਜ ਫੀਸਦੀ ਔਰਤਾਂ ਹਨ ਤੇ ਉਨ੍ਹਾਂ ਲਈ 12 ਜੇਲ੍ਹਾਂ, ਪਰ ਮਰਦਾਂ ਦੀਆਂ 123 ਜੇਲ੍ਹਾਂ। ਇਸੇ ਲਈ ਸਿਰਫ਼ ਮਰਦਾਂ ਦੇ ਮਨੁੱਖੀ ਹੱਕਾਂ ਲਈ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ।
    ਜੇਲ੍ਹਾਂ ਵਿਚ ਜੋ ਹੁਕਮ ਲਾਗੂ ਹੁੰਦੇ ਹਨ ਉਹ ਮਰਦਾਂ ਦੇ ਹਿਸਾਬ ਨਾਲ ਲਾਗੂ ਹੋ ਰਹੇ ਹਨ। ਉਸ ਵਿਚ ਔਰਤਾਂ ਦੇ ਮਾਨਸਿਕ ਪੱਖ ਨੂੰ ਉੱਕਾ ਹੀ ਅਣਗੌਲਿਆ ਕਰ ਦਿੱਤਾ ਹੋਇਆ ਹੈ। ਦੋਨਾਂ ਦੀਆਂ ਸਰੀਰਕ ਲੋੜਾਂ ਵੀ ਵੱਖ ਹਨ, ਪਰ ਔਰਤਾਂ ਬਾਰੇ ਕੁੱਝ ਵੀ ਵੱਖ ਨਹੀਂ ਸੋਚਿਆ ਗਿਆ।
    ਏਨੀ ਵੱਡੀ ਗਿਣਤੀ ਵਿਚ ਮਾਨਸਿਕ ਤਸ਼ੱਦਦ ਸਹਿੰਦੀਆਂ ਔਰਤਾਂ ਨੂੰ ਵੇਖਦੇ ਹੋਏ ਕਮੇਟੀ ਵੱਲੋਂ ਇਹ ਸਲਾਹ ਦਿੱਤੀ ਗਈ ਕਿ ਜੇ ਵੇਲੇ ਸਿਰ ਇਨ੍ਹਾਂ ਔਰਤਾਂ ਨੂੰ ਮਨੋਵਿਗਿਆਨਿਕ ਡਾਕਟਰ ਕੋਲੋਂ ਇਲਾਜ ਨਾ ਮਿਲਿਆ ਤਾਂ ਇਨ੍ਹਾਂ ਵਿੱਚੋਂ ਬਹੁਤੀਆਂ ਖ਼ੁਦਕੁਸ਼ੀ ਕਰ ਸਕਦੀਆਂ ਹਨ ਜਾਂ ਸਦੀਵੀ ਮਾਨਸਿਕ ਰੋਗੀ ਬਣ ਸਕਦੀਆਂ ਹਨ।
    ਸੰਨ 1918 ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਮਿਲਣ ਦੇ ਸੌ ਵਰ੍ਹੇ ਬਾਅਤ ਤੱਕ ਕੈਦੀ ਔਰਤਾਂ ਉੱਤੇ ਹੁੰਦੇ ਤਸ਼ੱਦਦ ਵਿਚ ਹਾਲੇ ਤੱਕ ਰੋਕ ਨਹੀਂ ਲੱਗ ਸਕੀ।
    ਕਨੇਡਾ ਦੀਆਂ ਜੇਲ੍ਹਾਂ ਵਿਚ ਪਿਛਲੇ 10 ਸਾਲਾਂ ਵਿਚ ਔਰਤਾਂ ਦੀ ਗਿਣਤੀ ਵਿਚ 37 ਫੀਸਦੀ ਵਾਧਾ ਹੋਇਆ ਹੈ। ਜਿਹੜਾ ਨੁਕਤਾ ਖ਼ਾਸ ਉਭਰ ਕੇ ਸਾਮਹਣੇ ਆਇਆ, ਉਹ ਹੈ-ਕੈਦਣਾਂ ਨੂੰ ਨਸ਼ਿਆਂ ਤੋਂ ਛੁਡਾਉਣ ਲਈ ਖ਼ਾਸ ਪ੍ਰਬੰਧ ਨਾ ਹੋਣੇ ਅਤੇ ਜੇਲ੍ਹਾਂ ਵਿਚ ਉਨ੍ਹਾਂ ਦੀ ਮਾਨਸਿਕ ਸਿਹਤ ਦਾ ਖ਼ਿਆਲ ਨਾ ਰੱਖਣਾ!
    ਉੱਥੇ ਦੇ ਸੈਨੇਟਰਾਂ ਨੇ ਜੇਲ੍ਹਾਂ ਦੇ ਦੌਰੇ ਬਾਅਦ ਮੌਂਟਰੀਆਲ ਦੇ ਨੇੜੇ ਦੀ ਜੋਲੀਅਟ ਔਰਤਾਂ ਦੀ ਜੇਲ੍ਹ ਬਾਰੇ ਦੱਸਿਆ ਕਿ ਔਰਤਾਂ ਲਈ ਮਾਹਵਾਰੀ ਵਾਸਤੇ ਠੀਕ ਪ੍ਰਬੰਧ ਨਹੀਂ ਹਨ। ਮਾਈਕਲ ਫਰਗੂਸਨ, ਕਨੇਡਾ ਦੇ ਔਡੀਟਰ ਜਨਰਲ ਨੇ ਉਦੋਂ ਮੰਨਿਆ ਕਿ ਜੇਲ੍ਹਾਂ ਵਿਚਲੇ ਕਾਨੂੰਨ ਮਰਦਾਂ ਨੂੰ ਆਧਾਰ ਬਣਾ ਕੇ ਬਣਾਏ ਗਏ ਹਨ ਅਤੇ ਔਰਤਾਂ ਦੀਆਂ ਲੋੜਾਂ ਨੂੰ ਤਵੱਜੋ ਨਹੀਂ ਦਿੱਤੀ ਗਈ। ਇਸ ਵਾਸਤੇ ਔਰਤਾਂ ਦੀ ਮਾਨਸਿਕ ਦਸ਼ਾ ਨੂੰ ਵਿਸਾਰ ਦਿੱਤਾ ਗਿਆ ਹੈ ਜਿਸ ਦੀ ਸੰਭਾਲ ਦੀ ਬਹੁਤ ਜ਼ਿਆਦਾ ਲੋੜ ਹੈ।
    ਯੂਨੀਵਰਸਿਟੀ ਔਫ ਟੋਰਾਂਟੋ ਦੇ ਡਾ. ਕੈਲੀ ਹਾਨਾ, ਜੋ ਕ੍ਰਿਮਿਨੌਲੋਜੀ ਦੇ ਪ੍ਰੋਫੈੱਸਰ ਹਨ, ਵੀ ਮੰਨੇ ਹਨ ਕਿ ਜੇਲ੍ਹਾਂ ਤੋਂ ਬਾਹਰ ਨਿਕਲ ਕੇ ਔਰਤਾਂ ਲਈ ਜ਼ਿੰਦਗੀ ਬਹੁਤ ਔਖੀ ਹੈ। ਉੱਥੇ ਮੁੜ ਵਸੇਬੇ ਲਈ ਔਰਤਾਂ ਵਾਸਤੇ ਬਹੁਤੇ ਰਾਹ ਨਹੀਂ ਹਨ।
    ਕੈਦ ਵਿਚ ਔਰਤਾਂ ਦੀ ਮਾਨਸਿਕ ਦਸ਼ਾ ਬਾਰੇ ਖ਼ਾਸ ਖ਼ਿਆਲ ਨਹੀਂ ਰੱਖਿਆ ਜਾਂਦਾ। ਕੈਦ ਵਿੱਚੋਂ ਛੁਟ ਜਾਣ ਬਾਅਦ ਬਹੁਤੇ ਟੱਬਰ ਅਜਿਹੀਆਂ ਔਰਤਾਂ ਨੂੰ ਵਾਪਸ ਨਹੀਂ ਅਪਣਾਉਂਦੇ। ਕੈਦ ਵਿਚ ਮਾਵਾਂ ਨੂੰ ਆਮ ਤੌਰ ਉੱਤੇ ਘਰ ਵਾਲਿਆਂ ਵੱਲੋਂ ਬੱਚਿਆਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਜੋ ਕੈਦੀ ਮਾਵਾਂ ਦੇ ਮਨਾਂ ਉੱਤੇ ਹੋਰ ਡੂੰਘਾ ਅਸਰ ਕਰਦੀ ਹੈ।
    ਕੁੱਲ ਮਿਲਾ ਕੇ ਨਿਚੋੜ ਇਹ ਕੱਢਿਆ ਗਿਆ ਕਿ ਜੇਲ੍ਹ ਵਿਚ ਕੈਦ ਔਰਤਾਂ ਨਾਲ ਵਿਹਾਰ ਵਿਚ ਹਮਦਰਦੀ ਤੇ ਇੱਜ਼ਤ ਦੀ ਬਹੁਤ ਘਾਟ ਹੈ।
ਜੇ ਦੁਨੀਆ ਭਰ ਦੀਆਂ ਜੇਲ੍ਹਾਂ ਅੰਦਰ ਖੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਇੱਕ ਗੱਲ ਬੜੀ ਉਭਰ ਕੇ ਸਾਹਮਣੇ ਆਉਂਦੀ ਹੈ। ਲਗਭਗ 26 ਫੀਸਦੀ ਖ਼ੁਦਕੁਸ਼ੀਆਂ ਪਹਿਲੇ ਤਿੰਨ ਦਿਨ ਦੀ ਕੈਦ ਵਿਚ ਹੀ ਹੁੰਦੀਆਂ ਹਨ। ਅੰਕੜਿਆਂ ਮੁਤਾਬਕ 41 ਫੀਸਦੀ ਖ਼ੁਦਕੁਸ਼ੀਆਂ ਜਾਂ ਕੁਦਰਤੀ ਮੌਤਾਂ ਕੈਦ ਹੋਣ ਤੋਂ ਇਕ ਹਫ਼ਤੇ ਅੰਦਰ ਹੁੰਦੀਆਂ ਹਨ। ਸੰਨ 2011 ਤੋਂ 2014 ਤੱਕ 24 ਮੁਲਕਾਂ ਦੀਆਂ ਜੇਲ੍ਹਾਂ ਵਿਚਲੀ ਰਿਪੋਰਟ ਦੱਸਦੀ ਹੈ ਕਿ 3906 ਕੈਦੀਆਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ਵਿੱਚੋਂ 93 ਫੀਸਦੀ ਬੰਦੇ ਸਨ ਤੇ 7 ਫੀਸਦੀ ਔਰਤਾਂ।
ਨੌਰਵੇ ਤੇ ਸਵੀਡਨ ਵਿਚਲੀਆਂ ਜੇਲ੍ਹਾਂ ਵਿਚ ਸਭ ਤੋਂ ਵੱਧ ਖ਼ੁਦਕੁਸ਼ੀਆਂ ਰਿਕਾਰਡ ਕੀਤੀਆਂ ਗਈਆਂ ਜਿਨ੍ਹਾਂ ਵਿਚ ਇੱਕ ਲੱਖ ਕੈਦੀਆਂ ਵਿੱਚੋਂ 100 ਜਣੇ ਖ਼ੁਦਕੁਸ਼ੀ ਕਰਦੇ ਲੱਭੇ ਗਏ। ਡੈਨਮਾਰਕ ਵਿਚ 91, ਬੈਲਜੀਅਮ ਤੇ ਫਰਾਂਸ ਵਿਚ ਵੀ ਲਗਭਗ 100, ਅਮਰੀਕਾ ਤੇ ਅਸਟ੍ਰੇਲੀਆ ਵਿਚ 23 ਤੋਂ 180 ਤੱਕ।
ਇਨ੍ਹਾਂ ਸਾਰੀਆਂ ਥਾਵਾਂ ਉੱਤੇ ਕਾਰਨ ਇਹੋ ਲੱਭਿਆ ਗਿਆ ਕਿ ਜੇਲ੍ਹ ਦੀ ਚਾਰਦੀਵਾਰੀ ਵਿਚ ਮਾਨਸਿਕ ਸਿਹਤ ਦਾ ਬਿਲਕੁਲ ਖ਼ਿਆਲ ਨਹੀਂ ਰੱਖਿਆ ਜਾਂਦਾ।
ਦਰਅਸਲ ਜਿਹੜਾ ਨੁਕਤਾ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਉਹ ਇਹ ਹੈ ਕਿ ਸਜ਼ਾਯਾਫਤਾ ਔਰਤਾਂ ਪਹਿਲਾਂ ਜ਼ੁਲਮ ਜਾਂ ਤਸ਼ੱਦਦ ਦਾ ਸ਼ਿਕਾਰ ਹੋਣ ਸਦਕਾ ਹੀ ਜੁਰਮ ਵੱਲ ਧੱਕੀਆਂ ਜਾਂਦੀਆਂ ਹਨ। ਜੇਲ੍ਹ ਵਿਚ ਉੱਕਾ ਹੀ ਨਕਾਰਿਆ ਜਾਣਾ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ। ਇਸੇ ਲਈ ਖ਼ੁਦਕੁਸ਼ੀ ਕਰ ਲੈਂਦੀਆਂ ਹਨ ਜਾਂ ਮਾਨਸਿਕ ਰੋਗੀ ਬਣ ਕੇ ਸਿਰਫ਼ ਤਿਰਸਕਾਰ ਦਾ ਪਾਤਰ ਹੀ ਬਣ ਜਾਂਦੀਆਂ ਹਨ ਤੇ ਮਰ ਖੱਪ ਜਾਂਦੀਆਂ ਹਨ। ਉਨ੍ਹਾਂ ਦੀਆਂ ਸਰੀਰਕ ਲੋੜਾਂ ਜੋ ਬੰਦਿਆਂ ਤੋਂ ਵੱਖ ਹਨ, ਵੀ ਧਿਆਨ ਵਿਚ ਨਹੀਂ ਰੱਖੀਆਂ ਜਾਂਦੀਆਂ।
ਜੇ ਭਾਰਤ ਦੀ ਗੱਲ ਕਰੀਏ ਤਾਂ 31 ਦਸੰਬਰ 2018 ਨੂੰ ਜਾਰੀ ਰਿਪੋਰਟ ਅਨੁਸਾਰ 1401 ਜੇਲ੍ਹਾਂ ਹਨ ਜਿਨ੍ਹਾਂ ਵਿਚ 3,96,223 ਕੈਦੀ ਹਨ। ਕਾਲੇ ਪਾਣੀ ਦੀ ਸੈਲੂਲਰ ਜੇਲ੍ਹ 1857 ਵਿਚ 4000 ਕ੍ਰਾਂਤੀਕਾਰੀਆਂ ਨਾਲ ਤੁੰਨ ਦਿੱਤੀ ਗਈ ਸੀ। ਅੰਡੇਮਨ ਨਿਕੋਬਾਰ ਵਿਚ ਆਜ਼ਾਦੀ ਦੇ ਪਰਵਾਨਿਆਂ ਨੂੰ ਭੁੱਖੇ ਭਾਣੇ ਜੇਲ੍ਹ ਦੀ ਉਸਾਰੀ ਵਾਸਤੇ ਪਹਾੜੀ ਉੱਪਰ ਦਰਖਤ ਤੱਕ ਪਿੱਠ ਉੱਤੇ ਬੰਨ੍ਹ ਕੇ ਲਿਜਾਉਣ ਲਈ ਮਜਬੂਰ ਕੀਤਾ ਗਿਆ ਤੇ ਮਰ ਜਾਣ ਵਾਲਿਆਂ ਦੀਆਂ ਲਾਸ਼ਾਂ ਸਮੁੰਦਰ ਵਿਚ ਸੁੱਟ ਦਿੱਤੀਆਂ ਗਈਆਂ। ਉੱਥੇ ਸਿਰਫ਼ ਮੌਤ ਹੀ ਇਸ ਕਿਸਮ ਦੇ ਨਰਕ ਤੋਂ ਨਿਜਾਤ ਪਾਉਣ ਦਾ ਰਾਹ ਸੀ। ਲਗਭਗ 6 ਮਹੀਨੇ ਇਕੱਲੇ ਬੰਦ ਕਮਰੇ ਵਿਚ ਡੱਕ ਕੇ ਡੇਢ ਕਿੱਲੋ ਦੇ ਕਰੀਬ ਰੋਜ਼ ਨਾਰੀਅਲ ਦਾ ਨਲੇਰ (ਬਾਹਰੀ ਫਾਈਬਰ) ਹੱਥਾਂ ਨਾਲ ਛਿੱਲਣ ਦਾ ਕੰਮ ਦਿੱਤਾ ਜਾਂਦਾ ਸੀ। ਜਿਹੜੇ ਸ਼ਿਕਾਇਤ ਕਰਦੇ, ਉਨ੍ਹਾਂ ਨੂੰ ਨਾਗਕਣੀ (ਕੈਕਟਸ) ਛਿੱਲਣ ਲਾ ਦਿੱਤਾ ਜਾਂਦਾ ਸੀ। ਫੇਰ ਚੇਨਾਂ ਵਿਚ ਬੰਨ੍ਹ ਕੇ ਤੇਲ ਕੱਢਣ ਲਾ ਦਿੱਤਾ ਜਾਂਦਾ। ਕਿਸੇ ਵੱਲੋਂ 'ਸੀ' ਕਰ ਜਾਣ ਉੱਤੇ 7 ਦਿਨ ਤੱਕ ਕੰਧ ਨਾਲ ਖਲੋ ਕੇ ਚੇਨ ਨਾਲ ਹੱਥ ਬੰਨ੍ਹ ਦਿੱਤੇ ਜਾਂਦੇ। ਅਣਗਿਣਤ ਲੋਕ ਸੱਪ ਤੇ ਠੂੰਏਂ ਦੇ ਵੱਢੇ ਜਾਣ ਨਾਲ ਮਰ ਗਏ।
ਤਿਹਾੜ ਜੇਲ੍ਹ (ਦਿੱਲੀ) ਆਪਣੇ ਵਿਚ ਬਥੇਰੀਆਂ ਦਰਦਨਾਕ ਕਹਾਣੀਆਂ ਲੁਕਾਈ ਬੈਠੀ ਹੈ ਜਿਸ ਵਿਚ 14000 ਤੋਂ ਵੱਧ ਕੈਦੀ, ਵੀ.ਆਈ.ਪੀ., ਵਪਾਰੀ ਤੇ ਸਿਆਸਤਦਾਨਾਂ ਦੇ ਨਾਲ ਢੇਰ ਸਾਰੇ ਸਿੱਖ ਵੀ ਨਜ਼ਰਬੰਦ ਹਨ।
ਯੇਰਵੜਾ ਜੇਲ੍ਹ (ਪੂਨਾ) 512 ਏਕੜ ਵਿਚ ਬਣੀ ਹੈ ਤੇ ਇਸ ਵਿੱਚ 3000 ਕੈਦੀ ਹਨ। ਇਸ ਵਿਚ ਪਹਿਲਾਂ ਮਹਾਤਮਾ ਗਾਂਧੀ ਵੀ ਕੈਦ ਰਹੇ ਤੇ ਪਿੱਛੇ ਜਿਹੇ ਅਜਮਲ ਕਸਾਬ ਨੂੰ ਮੁਬੰਈ ਉੱਤੇ ਹਮਲੇ ਲਈ ਫਾਂਸੀ ਦਿੱਤੀ ਗਈ। ਇਸ ਵਿਚ ਸੰਜੇ ਦੱਤ ਐਕਟਰ ਵੀ ਕੈਦ ਰਿਹਾ ਸੀ।
ਪੰਜਾਬ ਦੀ ਗੱਲ ਕਰੀਏ ਤਾਂ ਤਾਜ਼ਾ ਰਿਪੋਰਟ ਅਨੁਸਾਰ ਕੁੱਲ 25 ਜੇਲ੍ਹਾਂ ਵਿਚ 16,826 ਮਰਦ ਅਤੇ 955 ਔਰਤਾਂ ਕੈਦ ਹਨ। ਇਨ੍ਹਾਂ ਵਿੱਚੋਂ ਐਨ.ਡੀ.ਪੀ.ਐਸ. ਐਕਟ ਅਧੀਨ 7195 ਬੰਦੇ ਤੇ 351 ਔਰਤਾਂ ਕੈਦ ਹਨ। ਵਤਨੋਂ ਪਾਰ ਦੇ ਕੈਦੀ 165 ਬੰਦੇ ਅਤੇ 29 ਔਰਤਾਂ ਹਨ।
ਜੇਲ੍ਹ ਕਰਮਚਾਰੀਆਂ ਦੀਆਂ ਤਨਖ਼ਾਹਾਂ ਲਈ 168 ਕਰੋੜ ਰੁਪੈ ਖ਼ਰਚ ਕੀਤੇ ਜਾਂਦੇ ਹਨ।
ਸਤੰਬਰ 2020 ਦੀ ਰਿਪੋਰਟ ਅਨੁਸਾਰ ਜੇਲ੍ਹਾਂ ਅੰਦਰ ਡੀ-ਅਡਿਕਸ਼ਨ ਤਹਿਤ 75,193 ਕੈਦੀ ਇਲਾਜ ਲੈ ਚੁੱਕੇ ਹਨ ਤੇ 161 ਹੁਣ ਵੀ ਲੈ ਰਹੇ ਹਨ। ਇਨ੍ਹਾਂ ਵਿੱਚੋਂ 138 ਨਸ਼ਾ ਛੱਡ ਚੁੱਕੇ ਹਨ ਤੇ 5190 ਜੇਲ੍ਹਾਂ ਵਿਚਲੇ ਓਟ ਸੈਂਟਰ ਤੋਂ ਦਵਾਈਆਂ ਖਾ ਰਹੇ ਹਨ।
ਪੰਜਾਬ ਵਿਚਲੀਆਂ ਜੇਲ੍ਹਾਂ ਵਿਚ ਡੱਕੇ ਵੱਡੇ-ਵੱਡੇ ਗੈਂਗਸਟਰ 262 ਹਨ (8 ਸਤੰਬਰ 2020 ਦੀ ਰਿਪੋਰਟ ਅਨੁਸਾਰ)।
ਹਿਟਲਰ ਵੇਲੇ ਦੀਆਂ ਜੇਲ੍ਹਾਂ ਵਿਚਲੇ ਤਸ਼ੱਦਦ ਕਿਸੇ ਤੋਂ ਲੁਕੇ ਨਹੀਂ। ਉੱਥੇ ਲੱਤਾਂ ਸਿੱਧੀਆਂ ਕਰਨ ਦੀ ਵੀ ਥਾਂ ਨਹੀਂ ਦਿੱਤੀ ਜਾਂਦੀ ਸੀ। ਮਾਰ-ਕੁਟਾਈ, ਭੁੱਖੇ ਰੱਖਣਾ, ਅਣਮਨੁੱਖੀ ਤਸ਼ੱਦਦ, ਅੰਗ ਵੱਢਣੇ, ਬਰਫ਼ ਵਿਚ ਲਾਉਣਾ, ਉਬਾਲਣਾ, ਲੋੜੋਂ ਵੱਧ ਕੰਮ ਕਰਵਾਉਣਾ, ਦੋ ਸਾਲ ਦੇ ਬੱਚੇ ਤੱਕ ਨੂੰ ਤੜਫਾਉਣਾ, ਗੈਸ ਚੈਂਬਰਾਂ ਵਿਚ ਮਾਰਨਾ, ਚੂਹੇ ਖਾਣ ਲਈ ਮਜਬੂਰ ਕਰਨਾ, ਪਾਣੀ ਵਿਚ ਜਾਂ ਰੇਤ ਵਿਚ ਦੱਬ ਕੇ ਮਾਰਨਾ, ਪੁੱਠਾ ਟੰਗ ਕੇ ਸਿਰ ਨੂੰ ਗਰੀਸ ਵਿਚ ਡੁਬੋ ਦੇਣਾ, ਗੁਪਤ ਅੰਗ ਵੱਢਣੇ, ਸਿਗਰਟਾਂ ਨਾਲ ਬੱਚਿਆਂ ਨੂੰ ਸਾੜਨਾ ਆਦਿ ਬੇਅੰਤ ਜ਼ੁਲਮ ਢਾਹੇ ਜਾਂਦੇ ਸਨ। ਨਿੱਕੇ ਬਾਲਾਂ ਨੂੰ ਬਰਫ ਵਿਚ ਜਮਾ ਕੇ ਠੁੱਡੇ ਮਾਰ ਮਾਰ ਕੇ ਤੜਫਾਉਣਾ ਵੀ ਆਮ ਹੀ ਗੱਲ ਬਣ ਗਈ ਸੀ।


ਜੇਲ੍ਹਾਂ ਨੂੰ ਸੁਧਾਰ ਘਰ ਕਿਵੇਂ ਬਣਾਇਆ ਜਾਵੇ?
    ਜੇਲ੍ਹਾਂ ਅੰਦਰ ਤਾੜ ਕੇ, ਤਸ਼ੱਦਦ ਢਾਹੁੰਦਿਆਂ ਮਾਨਸਿਕ ਰੋਗੀ ਬਣਾ ਕੇ ਕੈਦੀਆਂ ਨੂੰ ਬਾਹਰ ਕੱਢਣਾ ਜਾਂ ਪਹਿਲਾਂ ਤੋਂ ਵੀ ਕੱਟੜ ਗੈਂਗਸਟਰ ਬਣਾ ਕੇ ਬਾਹਰ ਕੱਢਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਇਸੇ ਲਈ ਕਈ ਸੁਧਾਰਾਂ ਦਾ ਜ਼ਿਕਰ ਕਰਦਾ ਹੈ ਜਿਸ ਨਾਲ ਸਮਾਜ ਵਿਚ ਚੰਗੇ ਲੋਕਾਂ ਦੀ ਭਰਮਾਰ ਹੋ ਸਕੇ ਤੇ ਜੁਰਮ ਘੱਟ ਸਕੇ।
1.    ਜੇਲ੍ਹਾਂ ਵਿਚ ਪੱਕੇ ਮੁਜਰਮਾਂ ਤੇ ਨਿਆਂ ਦੀ ਉਡੀਕ ਅਧੀਨ ਡੱਕੇ ਬੇਦੋਸੇ ਕੈਦੀਆਂ ਨੂੰ ਵੱਖੋ-ਵੱਖ ਰੱਖਣ ਦੀ ਲੋੜ ਹੈ।
2.    ਅਪਰਾਧਿਕ ਕਾਨੂੰਨ ਪ੍ਰਣਾਲੀ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ।
3.    ਕੈਦੀਆਂ ਨੂੰ ਕਮਾਈ ਦੇ ਨਵੇਂ ਵਸੀਲਿਆਂ ਬਾਰੇ ਜਾਣਕਾਰੀ ਦੇਣੀ ਤਾਂ ਜੋ ਕੈਦ 'ਚੋਂ ਬਾਹਰ ਨਿਕਲ ਕੇ ਕਿਰਤ ਕਰਨ ਵੱਲ ਉਨ੍ਹਾਂ ਦਾ ਝੁਕਾਓ ਹੋਵੇ।
4.    ਕਸਰਤ, ਯੋਗ ਆਦਿ ਵੱਲ ਰੁਝਾਨ ਬਣਾਉਣਾ ਤਾਂ ਜੋ ਨਸ਼ਿਆਂ ਤੋਂ ਛੁਟਕਾਰਾ ਹੋ ਸਕੇ।
5.    ਮਾਨਸਿਕ ਸਿਹਤ ਠੀਕ ਰੱਖਣ ਲਈ ਰੈਗੂਲਰ ਮਾਨਸਿਕ ਚੈੱਕਅੱਪ, ਮੈਡੀਟੇਸ਼ਨ, ਕਿਤਾਬਾਂ ਪੜ੍ਹਨ, ਉਸਾਰੂ ਲੇਖਣੀ ਆਦਿ ਵੱਲ ਧਿਆਨ ਕੀਤਾ ਜਾਵੇ।
6.    ਜੇਲ੍ਹ ਅੰਦਰ ਲਾਇਬਰੇਰੀਆਂ ਵਿਚ ਬੈਠਣਾ ਲਾਜ਼ਮੀ ਹੋਵੇ। ਅੱਗੋਂ ਹੋਰ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ।
7.    ਕਾਰੋਬਾਰ ਚਲਾਉਣ ਦੇ ਢੰਗ ਸਿਖਾਉਣੇ ਤਾਂ ਜੋ ਜੇਲ੍ਹ 'ਚੋਂ ਬਾਹਰ ਜਾ ਕੇ ਸੌਖਿਆਂ ਕਮਾਈ ਸ਼ੁਰੂ ਕੀਤੀ ਜਾ ਸਕੇ। ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀਊਣਾ ਸਿਖਾਇਆ ਜਾਵੇ।
8.    ਪ੍ਰੇਰਣਾਦਾਇਕ ਫਿਲਮਾਂ, ਦੇਸ ਭਗਤੀ ਵਾਲੇ ਕਿਰਦਾਰਾਂ ਅਤੇ ਸ਼ਹੀਦਾਂ ਦੀਆਂ ਜ਼ਿੰਦਗੀਆਂ ਵਿਚ ਝਾਤ ਮਾਰਵਾਈ ਜਾਵੇ।
9.    ਸੱਭਿਆਚਾਰਕ ਪ੍ਰੋਗਰਾਮ ਰੈਗੂਲਰ ਤੌਰ ਉੱਤੇ ਹੋਣ।
10.    ਕਾਰੀਗਰੀ ਤੇ ਹਸਤਕਲਾ ਸਿਖਾਈ ਜਾਵੇ।

ਇਤਿਹਾਸ :-
    ਈਸਾ ਮਸੀਹ ਤੋਂ 1750 ਸਾਲ ਪਹਿਲਾਂ ਜੇਲ੍ਹਾਂ ਵਰਗੇ ਸੈੱਲਰਾਂ ਦਾ ਜ਼ਿਕਰ ਮਿਲਦਾ ਹੈ ਜਿੱਥੇ ਕਾਨੂੰਨ ਤੋੜਨ ਵਾਲੇ ਵੱਲੋਂ 'ਫਾਈਨ' ਦੀ ਰਕਮ ਨਾ ਭਰਨ ਪਿੱਛੇ ਡੱਕ ਦਿੱਤਾ ਜਾਂਦਾ ਸੀ। ਕਈ ਵਾਰ ਚੇਨ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਰੋਮ ਵਿਚ ਪਹਿਲੀ ਵਾਰ ਅਜਿਹੀਆਂ ਸਜ਼ਾਵਾਂ ਦਾ ਜ਼ਿਕਰ ਮਿਲਦਾ ਹੈ। ਈਸਾ ਮਸੀਹ ਤੋਂ 640 ਸਾਲ ਪਹਿਲਾਂ ਦੀਆਂ ਕੁੱਝ ਜੇਲ੍ਹਾਂ, ਖ਼ਾਸ ਕਰ 'ਮੈਮਰਟੀਨ ਜੇਲ੍ਹ' ਸੀਵਰੇਜ ਵਾਲੇ ਗੰਦ ਵਿਚ ਬਣਾਈ ਗਈ ਸੀ। ਜੇਲ੍ਹ ਭਰ ਜਾਣ ਬਾਅਦ ਵਾਲੇ ਕੈਦੀਆਂ ਨੂੰ ਬੰਧੂਆ ਮਜੂਰੀ ਵੱਲ ਧੱਕ ਦਿੱਤਾ ਜਾਂਦਾ ਸੀ।


ਸਾਰ :-
    ਪਹਿਲੇ ਸਮਿਆਂ ਵਿਚ ਜੁਰਮ ਕਰਨ ਉੱਤੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਫਿਰ ਹੌਲੀ-ਹੌਲੀ ਤਗੜੇ ਨੇ ਮਾੜੇ ਦੇ ਹੱਕ ਦੱਬਣ ਪਿੱਛੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਤੁੰਨਣਾ ਸ਼ੁਰੂ ਕਰ ਦਿੱਤਾ।
    ਅੱਗੋਂ ਮਨੁੱਖੀ ਹੈਂਕੜ ਨੇ ਬਥੇਰੇ ਬੇਕਸੂਰਾਂ ਨੂੰ ਜੇਲ੍ਹਾਂ ਦੇ ਬਹਾਨੇ ਝੂਠੇ ਕੇਸਾਂ ਤਹਿਤ ਮਾਰ ਮੁਕਾਇਆ।
    ਗੱਲ ਤਾਂ ਏਥੇ ਮੁੱਕਦੀ ਹੈ ਕਿ ਈਸਾ ਮਸੀਹ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਨਾ ਤਾਂ ਸਮਾਜ ਔਰਤਾਂ ਅਤੇ ਗ਼ਰਬਾਂ ਨੂੰ ਬਰਾਬਰ ਦੇ ਹੱਕ ਦੇ ਸਕਿਆ ਹੈ ਤੇ ਨਾ ਹੀ ਉਨ੍ਹਾਂ ਦੇ ਹੱਕਾਂ ਦੀ ਮੰਗ ਨੂੰ ਜਰ ਸਕਿਆ ਹੈ।
    ਪੁਰਾਣੇ ਸਮਿਆਂ ਵਿਚ ਵੀ ਹੱਕ ਮੰਗਦੀਆਂ ਔਰਤਾਂ ਨੂੰ ਵਿਕਸਿਤ ਮੁਲਕਾਂ ਦਾ ਸੱਭਿਅਕ ਸਮਾਜ ਚੁੜੈਲਾਂ ਕਹਿ ਕੇ ਸਾੜ ਦਿੰਦਾ ਰਿਹਾ ਤੇ ਅੱਜ ਵੀ ਸੱਭਿਅਕ ਅਖਵਾਉਂਦਾ ਸਮਾਜ ਜੇਲ੍ਹੋਂ ਬਾਹਰ ਔਰਤ ਜ਼ਾਤ ਨੂੰ ਘਰੇਲੂ ਹਿੰਸਾ ਤੇ ਜਿਸਮਾਨੀ ਸ਼ੋਸ਼ਣ ਸਹਿਣ ਲਈ ਮਜਬੂਰ ਕਰਦਾ ਪਿਆ ਹੈ। ਜਿਹੜੀ ਔਰਤ ਆਵਾਜ਼ ਕੱਢੇ, ਉਸ ਨੂੰ ਜੇਲ੍ਹ ਅੰਦਰ ਡੱਕ ਕੇ ਸਮੂਹਕ ਬਲਾਤਕਾਰ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ ਹੈ ਜਾਂ ਅਣਮਨੁੱਖੀ ਤਸ਼ੱਦਦ ਅਤੇ ਮਾਨਸਿਕ ਸ਼ੋਸ਼ਣ ਤਹਿਤ ਮਾਨਸਿਕ ਰੋਗੀ ਬਣਾ ਦਿੱਤਾ ਜਾਂਦਾ ਹੈ।
    ਇਹੋ ਹਾਲ ਹੱਕ ਮੰਗਦੇ ਗ਼ਰੀਬਾਂ ਦਾ ਕੀਤਾ ਜਾਂਦਾ ਹੈ।
    ਚੇਤੇ ਰੱਖਣ ਵਾਲੀ ਸਿਰਫ਼ ਇਹ ਗੱਲ ਹੈ ਕਿ ਘੱਟ ਗਿਣਤੀ ਕੌਮਾਂ ਵਿਚਲੇ ਅਤੇ ਹੱਕ ਮੰਗਦੇ ਕ੍ਰਾਂਤੀਕਾਰੀ ਜੋਧਿਆਂ ਨੂੰ ਜੇਲ੍ਹਾਂ, ਫਾਂਸੀਆਂ ਜਾਂ ਅਣਪਛਾਤੀਆਂ ਲਾਸ਼ਾਂ ਬਣਨਾ ਹੀ ਹਾਲੇ ਤੱਕ ਨਸੀਬ ਹੋਇਆ ਹੈ। ਦੂਜੇ ਪਾਸੇ, ਜੁਰਮ ਕਰਨ ਵਾਲੇ ਤਾਕਤਵਰਾਂ ਨੂੰ ਭਾਰਤ ਦੇ ਸੁਪਰੀਮ ਕੋਰਟ ਅਨੁਸਾਰ ਮੈਂਬਰ ਪਾਰਲੀਮੈਂਟ ਜਾਂ ਐਮ.ਐਲ.ਏ. ਬਣ ਕੇ ਕਤਲ ਕਰਨ ਬਾਅਦ ਵੀ 36 ਸਾਲਾਂ ਤਕ ਆਜ਼ਾਦ ਘੁੰਮਣ ਅਤੇ ਰਾਜ ਕਰਨ ਦੀ ਖੁੱਲ ਦਿੱਤੀ ਜਾਂਦੀ ਹੈ। ਫਿਰ ਇਹੀ ਤਾਕਤਵਰ ਆਪਣੀ ਅਗਲੀ ਚੋਣ ਵੇਲੇ ਅਣਪਛਾਤੀਆਂ ਲਾਸ਼ਾਂ ਅਤੇ ਫਾਂਸੀਆਂ ਉੱਤੇ ਟੰਗੇ ਕ੍ਰਾਂਤੀਕਾਰੀਆਂ ਦੀ ਦੁਹਾਈ ਦੇ ਕੇ ਦੁਬਾਰਾ ਆਪਣੀ ਜਿੱਤ ਪੱਕੀ ਕਰ ਲੈਂਦੇ ਹਨ। ਇਹੀ ਕੰਮ ਫਿਰ ਉਨ੍ਹਾਂ ਦੀ ਅਗਲੀ ਪੁਸ਼ਤ ਸਾਂਭ ਲੈਂਦੀ ਹੈ।
    ਇਹ ਚੱਕਰਵਿਊ ਕਈ ਸਦੀਆਂ ਤੋਂ ਤੁਰਦਾ ਆ ਰਿਹਾ ਹੈ। ਨਾ ਕ੍ਰਾਂਤੀਕਾਰੀ ਮੁੱਕੇ ਤੇ ਨਾ ਅਣਪਛਾਤੀਆਂ ਲਾਸ਼ਾਂ ਅਤੇ ਨਾ ਹੀ ਆਮ ਜਨਤਾ ਉੱਤੇ ਹੋ ਰਿਹਾ ਤਸ਼ੱਦਦ ਘਟਿਆ।
    ਸਵਾਲ ਇਹ ਹੈ ਕਿ ਆਖਰ ਕਿਹੜੀ ਸਦੀ ਵਿਚ ਕ੍ਰਾਂਤੀਕਾਰੀਆਂ ਹੱਥ ਤਾਕਤ ਆਵੇਗੀ ਤੇ ਹੱਕ ਮੰਗਦੀ ਜਨਤਾ ਕਾਤਲਾਂ ਨੂੰ ਵੋਟਾਂ ਪਾਉਣੀਆਂ ਛੱਡ ਕੇ ਆਪਣੇ ਵਿੱਚੋਂ ਕੋਈ ਸਹੀ ਨੁਮਾਇੰਦਾ ਚੁਣੇਗੀ?
    ਜੇਲ੍ਹਾਂ ਅੰਦਰ ਸਰੀਰਕ ਪੱਖੋਂ ਤੇ ਜੇਲ੍ਹੋਂ ਬਾਹਰ ਮਾਨਸਿਕ ਪੱਖੋਂ ਸੰਗਲਾਂ ਵਿਚ ਜਕੜੀ ਆਮ ਜਨਤਾ ਤਾਂ ਕੈਦ ਵਿਚ ਹੀ ਜ਼ਿੰਦਗੀ ਲੰਘਾ ਰਹੀ ਹੈ। ਵੇਖੀਏ ਹੁਣ ਕਿਹੜੀ ਸਦੀ ਵਿਚ ਇਹ ਕੈਦ ਮੁੱਕੇਗੀ!
    ਕੀ ਕੋਈ ਜਵਾਬ ਦੇਣਾ ਚਾਹੇਗਾ ਕਿ ਸਜ਼ਾਵਾਂ ਪੂਰੀਆਂ ਭੁਗਤਣ ਤੋਂ ਦੁਗਣੇ ਸਮੇਂ ਬਾਅਦ ਤੱਕ ਵੀ ਜੇਲ੍ਹਾਂ ਅੰਦਰ ਤਾੜੇ ਉਹ ਕੈਦੀ, ਜਿਨ੍ਹਾਂ ਦੀ ਪਛਾਣ 'ਸਿੱਖ' ਹੋਣ ਨਾਲ ਜੁੜੀ ਹੈ, ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783