28 ਸਤੰਬਰ 2020 ਦੇ ਅੰਕ ਲਈ, ਜਨਮ ਦਿਨ ‘ਤੇ ਵਿਸ਼ੇਸ਼ - ਡਾ. ਚਰਨਜੀਤ ਸਿੰਘ ਗੁਮਟਾਲਾ

ਖ਼ੂਨੀ ਵਿਸਾਖੀ : ਜਿਸਨੇ  ਸ਼ਹੀਦ ਭਗਤ ਸਿੰਘ ਜੀ ਦਾ ਜੀਵਨ ਬਦਲ ਦਿੱਤਾ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਚੱਕ ਨੰ: 105, ਬੰਗਾ ਤਹਿਸੀਲ ਜੜ੍ਹਾਵਾਲੀ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਪਾਕਿਸਤਾਨ ਵਿੱਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ ਦੇ ਗ੍ਰਹਿ ਵਿਖੇ ਹੋਇਆ।    13 ਅਪ੍ਰੈਲ 1919 ਦੀ ਅੰਮ੍ਰਿਤਸਰ ਜ਼ਲ੍ਹਿਆਂਵਾਲੇ ਬਾਗ਼ ਦੀ ਖ਼ੂਨੀ ਵਿਸਾਖੀ ਨੂੰ ਲਾਹੋਰੋਂ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਅੱਖੀਂ ਵੇਖਕੇ ਵਾਪਿਸ ਗਏ ਸਨ, ਉਨ੍ਹਾਂ ਨੇ ਜੋ ਲੋਕਾਂ ਨੂੰ ਸੁਣਾਇਆ ਉਸ ਨਾਲ ਸਾਰੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਭਗਤ ਸਿੰਘ ਜੋ ਉਸ ਸਮੇਂ ਕੇਵਲ ਸਾਢੇ ਗਿਆਰਾਂ ਕੁ ਸਾਲ ਦਾ ਸੀ, ਅਗਲੇ ਦਿਨ 14 ਅਪ੍ਰੈਲ 1919 ਨੂੰ ਡੀ.ਏ.ਵੀ ਹਾਈ ਸਕੂਲ ਲਾਹੌਰ ਜਾਣ ਦੀ ਥਾਂ ‘ਤੇ ਅੰਮ੍ਰਿਤਸਰ ਜ਼ਲ੍ਹਿਆਂਵਾਲਾ ਬਾਗ਼ ਪਹੁੰਚ ਗਿਆ। ਉੱਥੇ ਜਾ ਕੇ ਉਸ ਨੇ ਖ਼ੂਨੀ ਮਿੱਟੀ ਇੱਕ ਸ਼ੀਸ਼ੀ ਵਿੱਚ ਪਾ ਲਈ। ਦੇਰ ਹੋਣ ਕਰਕੇ ਘਰ ਦੇ ਫਿਕਰਮੰਦ ਸਨ। ਘਰ ਪਹੁੰਚਦਿਆਂ ਅੱਗੋਂ ਭੱਜ ਕੇ ਮਿਲੀ ਛੋਟੀ ਭੈਣ ਅਮਰ ਕੌਰ ਕਹਿਣ ਲੱਗੀ, “ਵੀਰੇ, ਮੈਂ ਤੇਰੇ ਲਈ ਅੰਬੀਆਂ ਰੱਖੀਆਂ ਹੋਈਆਂ ਨੇ”। ਜੇਬ ਵਿੱਚੋਂ ਸ਼ੀਸ਼ੀ ਕੱਢ ਕੇ ਵਿਖਾਉਂਦਿਆਂ ਹੋਇਆ ਉਹ ਕਹਿਣ ਲੱਗਾ ਕਿ ਇਹ ਲਹੂ ਭਿੱਜੀ ਮਿੱਟੀ ਮੈਂ ਜ਼ਲ੍ਹਿਆਂਵਾਲਾ ਬਾਗ਼ ਤੋਂ ਲਿਆਇਆ ਹਾਂ। ਉਸ ਨੇ ਭੈਣ ਨੂੰ ਕਿਹਾ ਕਿ ਉਹ ਬਾਹਰੋਂ ਫੁੱਲ ਪੱਤੀਆਂ ਲਿਆਵੇ ਤੇ ਉਹ ਇਸ ਦੇ ਦੁਆਲੇ ਨੂੰ ਸਜਾਏਗਾ। ਇੰਝ ਹੀ ਕੀਤਾ ਗਿਆ। ਮਲਵਿੰਦਰ ਸਿੰਘ ਵੜੈਚ ਅਨੁਸਾਰ ਇਹ ਮਿੱਟੀ ਸਾਰੀ ਉਮਰ ਉਸ ਦੀ ਪ੍ਰੇਰਣਾ ਸ੍ਰੋਤ ਬਣੀ ਰਹੀ ਤੇ ਬਾਰਾਂ ਵਰ੍ਹਿਆਂ ਦੇ ਭਗਤ ਸਿੰਘ ਨੇ ਜ਼ਿੰਦਗੀ ਦੇ ਰਹਿੰਦੇ ਬਾਰਾਂ ਸਾਲ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੇ।
ਭਗਤ ਸਿੰਘ ਦਾ ਸਾਰਾ ਪਰਿਵਾਰ ਇਨਕਲਾਬੀ ਗਤੀਵਿਧੀਆਂ ਵਿੱਚ ਰੁਝਾ ਹੋਇਆ ਸੀ। ਉਹ ਘਰ ਵਿਚ ਮੌਜੂਦ ਰਾਜਨੀਤਕ ਰਸਾਲਿਆਂ ਅਤੇ ਪਰਚਿਆਂ ਨੂੰ ਬੜੇ ਧਿਆਨ ਨਾਲ ਪੜ੍ਹਦਾ ਸੀ। ਉਹ ਚਾਚੀ ਨੂੰ ਅਕਸਰ ਕਿਹਾ ਕਰਦਾ ਸੀ ਕਿ ਉਹ ਵੱਡਾ ਹੋ ਗਿਆ ਤਾਂ ਬੰਦੂਕ ਲੈ ਕੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਵੇਗਾ ਅਤੇ ਦੇਸ਼ ਨੂੰ ਆਜ਼ਾਦ ਕਰਵਾ ਲਵੇਗਾ ਤੇ ਇਸ ਤਰ੍ਹਾਂ ਚਾਚਾ ਜੀ (ਸ. ਅਜੀਤ ਸਿੰਘ) ਵਾਪਸ ਘਰ ਆ ਜਾਣਗੇ।
ਉਹ ਉਸ ਸਮੇਂ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਭਾਗ ਲੈਂਦਾ ਰਿਹਾ। 20 ਫਰਵਰੀ 1921 ਨੂੰ ਸਵੇਰੇ ਨਿਹੱਥੇ ਸਿੱਖ ਸ਼ਰਧਾਲੂ ਜਦ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਾਖਲ ਹੋਏ ਤਾਂ ਮਹੰਤਾਂ ਵੱਲੋਂ ਲਿਆਂਦੇ ਹੋਏ ਭਾੜੇ ਦੇ ਗੁੰਡਿਆਂ, ਝਟਕਈਆਂ ਤੇ ਬੁਚੜਾ ਨੇ ਸੌ ਤੋਂ ਵੀ ਵਧੇਰੇ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਨ੍ਹਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰਕੇ ਢੇਰ ਲਾ ਕੇ ਮਿੱਟੀ ਦੇ ਤੇਲ ਨਾਲ ਸਾੜ ਦਿੱਤਾ ਤਾਂ ਸਮੁੱਚੀ ਸਿੱਖ ਕੌਮ ਵਿੱਚ ਇਸ ਨਾਲ ਗੁੱਸੇ ਦੀ ਲਹਿਰ ਉੱਠ ਖੜੀ ਹੋਈ। ਭਗਤ ਸਿੰਘ ਨੇ ਇਹ ਜਗ੍ਹਾ ਜਾ ਕੇ ਵੇਖੀ ਤੇ 5 ਮਾਰਚ ਨੂੰ ਹੋਈ ਕਾਨਫਰੰਸ ਵਿੱਚ ਹਿੱਸਾ ਲਿਆ। ਸਾਕਾ ਨਨਕਾਣਾ ਸਾਹਿਬ ਦੇ ਪ੍ਰਭਾਵ ਕਰਕੇ ਉਸ ਨੇ ਆਪਣੀ ਭੈਣ ਅਮਰ ਕੌਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ ਗੁਰਮੁੱਖੀ ਸਿੱਖੀ। ਉਸ ਨੇ ਜੈਤੋ ਦੇ ਮੋਰਚੇ ਸਮੇਂ ਜੈਤੋ ਨੂੰ ਜਾ ਰਹੇ ਸਤਿਆਗ੍ਰਹਿ ਨੂੰ ਲੰਗਰ ਛਕਾਇਆ ਸੀ, ਜਿਸ ਕਰਕੇ ਉਸ ਦੇ ਪਹਿਲੀ ਵਾਰ ਵਾਰੰਟ ਨਿਕਲੇ ਸਨ।
ਭਗਤ ਸਿੰਘ 1921 ਵਿੱਚ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲ ਹੋਏ। ਨੈਸ਼ਨਲ ਸਕੂਲ ਤੇ ਕਾਲਜ ਲਾਹੌਰ ਤੋਂ ਇਲਾਵਾ ਕਲਕੱਤਾ, ਅਲੀਗੜ੍ਹ, ਦਿੱਲੀ, ਪਟਨਾ ਆਦਿ ਵਿਖੇ ਖੋਲ੍ਹੇ ਗਏ ਸਨ।ਇਹ ਨਾ-ਮਿਲਵਰਤਣ ਲਹਿਰ ਦੀ ਦੇਣ ਸਨ।  ਇਨ੍ਹਾਂ ਵਿੱਚ ਸਰਕਾਰੀ ਸਿੱਖਿਆ ਸੰਸਥਾਵਾਂ ਦਾ ਬਾਈਕਾਟ ਕਰਨ ਵਾਲੇ ਵਿਦਿਆਰਥੀ ਦਾਖਲ ਕੀਤੇ ਜਾਂਦੇ ਸਨ।ਭਗਤ ਸਿੰਘ ਦੇ ਨੇੜਲੇ ਸਾਥੀ ਜਿਵੇਂ ਸੁਖਦੇਵ, ਯਸ਼ਪਾਲ ਭਗਵਤੀ ਚਰਨ ਵੋਹਰਾ, ਜੈ ਦੇਵ ਗੁਪਤਾ ਆਦਿ ਸਾਰੇ ਨੈਸ਼ਨਲ ਕਾਲਜ ਦੇ ਵਿਦਿਆਰਥੀ ਸਨ। ਇਨ੍ਹਾਂ ਕਾਲਜਾਂ ਦੇ ਅਧਿਆਪਕ ਦੇਸ਼ ਭਗਤੀ ਦੀਆਂ ਭਾਵਨਾਵਾਂ ਵਾਲੇ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਕਰਨ ਦੀ ਥਾਂ ‘ਤੇ ਦੇਸ਼ ਦੀ ਸੇਵਾ ਲਈ ਪ੍ਰੇਰਿਆ। ਇਨ੍ਹਾਂ ਵਿੱਚ ਰਾਸ਼ਟਰੀ ਆਗੂ ਵੀ ਆਮ ਆਉਂਦੇ ਰਹਿੰਦੇ ਸਨ ਤੇ ਆ ਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਸਨ।ਕ੍ਰਾਂਤੀਕਾਰੀਆਂ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਕਾਲਜ ਵਿੱਚ ਨੈਸ਼ਨਲ ਡਰਾਮਾਟਿਕ ਕਲੱਬ ਬਣਾਇਆ। ਕਲੱਬ ਨੇ ਮਹਾਰਾਣਾ ਪ੍ਰਤਾਪ, ਮਹਾਂਭਾਰਤ, ਸਮਰਾਟ ਚੰਦਰ ਗੁਪਤ ਮੋਰੀਆ ਦੇ ਯੁੱਗ ਦਾ ਅੰਤ ਆਦਿ ਨਾਟਕ ਖੇਡੇ ਜਿਨ੍ਹਾਂ ਵਿੱਚ ਮੁੱਖ-ਪਾਤਰ ਭਗਤ ਸਿੰਘ ਸੀ।
ਲਾਹੌਰ ਦੀ ਦਵਾਰਕਾ ਦਾਸ ਲਾਇਬ੍ਰੇਰੀ ਨੌਜੁਆਨਾਂ ਲਈ ਇਨਕਲਾਬੀ ਸਾਹਿਤ ਦਾ ਭੰਡਾਰ ਸੀ। ਇੱਥੋਂ ਹੀ ਭਗਤ ਸਿੰਘ ਤੇ ਹੋਰਨਾਂ ਨੂੰ ਸਮਾਜਵਾਦੀ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ।
ਭਗਤ ਸਿੰਘ ਦੀ ਦਾਦੀ ਨੂੰ ਉਸ ਦਾ ਵਿਆਹ ਕਰਨ ਦਾ ਚਾਅ ਚੜ੍ਹਿਆ ਹੋਇਆ ਸੀ। ਉਸ ਦੀ ਮੰਗਣੀ ਵੀ ਹੋ ਗਈ। ਘਰ ਵਾਲੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਸਨ ਪਰ ਉਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਕਿਉਂਕਿ  ਉਹ ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ ਸੀ। ਉਹ ਘਰੋਂ ਭੱਜ ਕੇ ਕਾਨਪੁਰ ਚਲਾ ਗਿਆ। ਉੱਥੇ ਉਹ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਕ੍ਰਾਂਤੀਕਾਰੀਆਂ ਯੋਗੇਸ਼ ਚੈਟਰਜੀ, ਚੰਦਰ ਸ਼ੇਖਰ ਆਜ਼ਾਦ ਆਦਿ ਦੇ ਸੰਪਰਕ ਵਿੱਚ ਆਇਆ। ਉੱਥੇ ਹੀ ਉਸ ਨੇ ਪ੍ਰਤਾਪ ਅਖ਼ਬਾਰ ਵਿੱਚ ਸੰਪਾਦਕੀ ਅਮਲੇ ਵਿੱਚ ਬਲਵੰਤ ਨਾਂ ਦੇ ਤੌਰ ‘ਤੇ ਕੰਮ ਕੀਤਾ।
ਮਾਰਚ 1926 ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਨੌਜੁਆਨ ਭਾਰਤ ਸਭਾ ਬਣਾਈ, ਜਿਸ ਦੇ ਸਕੱਤਰ ਉਹ ਖ਼ੁਦ ਆਪ ਸਨ। ਜਿਸ ਦਾ ਉਦੇਸ਼ ਭਾਰਤ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ, ਉਨ੍ਹਾਂ ਆਰਥਿਕ ਤੇ ਸਮਾਜਿਕ ਲਹਿਰਾਂ ਨਾਲ ਸਾਂਝ ਪਾਉਣੀ ਅਤੇ ਸਹਿਯੋਗ ਦੇਣਾ, ਜਿਹੜੇ ਫਿਰਕਾਪ੍ਰਸਤੀ ਦੀਆਂ ਭਾਵਨਾਵਾਂ ਤੋਂ ਮੁਕਤ ਹੋਣਗੇ। ਸਭਾ ਦੀਆਂ ਸ਼ਾਖਾਵਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੁਝ ਦਿਨਾਂ ਵਿੱਚ ਹੀ ਖੋਲ੍ਹ ਦਿੱਤੀਆਂ ਗਈਆਂ। ਪਰ 23 ਜੂਨ 1929 ਨੂੰ ਸਰਕਾਰ ਨੇ ਭਾਰਤ ਨੌਜੁਆਨ ਸਭਾ, ਕਿਰਤੀ ਕਿਸਾਨ ਸਭਾ, ਕਾਂਗਰਸ ਵਾਰ ਕੌਂਸਿਲ ਆਦਿ  ਉਪਰ ਪਾਬੰਦੀ ਲਾ ਦਿੱਤੀ। ਪਰ ਉਨ੍ਹਾਂ ਨਵਾਂ ਸੰਗਠਨ ਹਿੰਦ ਨੌਜੁਆਨ ਸਭਾ ਉਸਾਰ ਲਿਆ ਜਿਸ ਦੇ ਪ੍ਰਧਾਨ ਬਾਬੂ ਸਿੰਘ ਨੂੰ ਬਣਾਇਆ ਗਿਆ। ਇਸ ਸਭਾ ਦੀ ਡਿਊਟੀ ਵੀ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ। ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ ਫਟਾਫਟ ਫੜ੍ਹ ਲਿਆ।ਮੁਕੱਦਮਾ ਚਲਾਇਆ ਪਰ ਸਾਰੇ ਬਰੀ ਹੋ ਗਏ।
29 ਮਈ 1927 ਨੂੰ ਸ਼ਾਮੀ ਭਗਤ ਸਿੰਘ ਨੂੰ ਲਾਹੌਰ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਗ੍ਰਿਫਤਾਰ ਕਰ ਲਿਆ ਪਰ ਉਸ ਦੇ ਪਿਤਾ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਤੇ ਉਸ ਦੀ ਜ਼ਮਾਨਤ 4 ਜੁਲਾਈ 1927 ਨੂੰ ਹੋਈ।
ਭਾਰਤ ਨੂੰ ਕੁਝ ਰਿਆਇਤਾਂ ਦੇਣ ਲਈ ਸਾਈਮਨ ਕਮਿਸ਼ਨ ਆਇਆ ਪਰ ਉਸ ਵਿੱਚ ਭਾਰਤ ਦਾ ਕੋਈ ਨੁਮਾਇੰਦਾ ਨਹੀਂ ਸੀ। ਉਸ ਦਾ ਸਭ ਪਾਸਿਉਂ ਵਿਰੋਧ ਹੋ ਰਿਹਾ ਸੀ। 30 ਅਕਤੂਬਰ 1928 ਨੂੰ ਲਾਹੌਰ ਫੇਰੀ ਸਮੇਂ ਲਾਲਾ ਲਾਜਪਤ ਦੀ ਅਗਵਾਈ ਵਿੱਚ ਨੌਜੁਆਨ ਭਾਰਤ ਸਭਾ ਵੱਲੋਂ ਇਸ ਵਿਰੁਧ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਪੁਲਿਸ ਕਪਤਾਨ ਸਕਾਟ ਤੇ ਉਪ  ਪੁਲਿਸ ਕਪਤਾਨ ਸਾਂਡਰਸ ਨੇ ਭੀੜ ਵਿੱਚੋਂ ਰਾਹ ਬਨਾਉਣ ਲਈ ਲਾਠੀਚਾਰਜ ਕੀਤਾ ਜਿਸ ਦੇ ਨਾਲ ਲਾਲਾ ਲਾਜਪਤ ਰਾਇ ਨੂੰ ਵੀ ਸੱਟਾਂ ਲੱਗੀਆਂ ਤੇ  ਉਨ੍ਹਾਂ ਦੀ 17 ਨਵੰਬਰ ਨੂੰ ਮੌਤ ਹੋ ਗਈ।
ਇਸ ਦਾ ਬਦਲਾ ਲੈਣ ਲਈ 17 ਦਸੰਬਰ ਨੂੰ ਸ਼ਾਮੀ ਚਾਰ ਵਜ੍ਹੇ ਦਫਤਰੋਂ ਨਿਕਲਦੇ ਸਕਾਟ ਨੂੰ ਮਾਰਨ ਦਾ ਫੈਸਲਾ ਹੋਇਆ। ਪਰ ਉਸ ਦਿਨ ਸਕਾਟ ਦੌਰੇ ‘ਤੇ ਹੋਣ ਕਰਕੇ ਉਪ ਕਪਤਾਨ ਸਾਂਡਰਸ ਮੋੇਟਰ ਸਾਈਕਲ ‘ਤੇ ਬਾਹਰ ਨਿਕਲਦਾ ਵੇਖ ਭਗਤ ਸਿੰਘ ਨੇ ਆਜ਼ਾਦ ਨੂੰ ਕਿਹਾ ਕਿ ਸਕਾਟ ਨਹੀਂ ਲੱਗਦਾ ਪਰ ਐਨੇ ਨੂੰ ਰਾਜਗੁਰੂ ਨੇ ਸਾਂਡਰਸ ‘ਤੇ ਗੋਲੀ ਚਲਾ ਦਿੱਤੀ ਤੇ ਫਿਰ ਭਗਤ ਸਿੰਘ ਨੇ ਵੀ ਉਸ ‘ਤੇ ਗੋਲੀਆਂ ਦਾਗ਼ ਦਿੱਤੀਆਂ, ਜਿਸ ਨਾਲ ਉਹ ਮੌਕੇ ‘ਤੇ ਹੀ ਮਾਰਿਆ ਗਿਆ। ਸਾਂਡਰਸ ਦੇ ਅਰਦਲੀ ਹੌਲਦਾਰ ਚੰਨਣ ਸਿੰਘ ਗਾਲਾਂ ਕੱਢਦਾ ਉਨ੍ਹਾਂ ਦੇ ਪਿੱਛੇ ਭੱਜਾ। ਆਜ਼ਾਦ ਦੇ ਰੋਕਣ ‘ਤੇ ਵੀ ਉਹ ਭਗਤ ਸਿੰਘ ਦਾ ਪਿੱਛਾ ਕਰਦਾ ਰਿਹਾ। ਜਦ ਉਹ ਭਗਤ ਸਿੰਘ ਦੇ ਬਿਲਕੁਲ ਨੇੜੇ ਪੁਜ ਗਿਆ ਤਾਂ ਆਜ਼ਾਦ ਨੇ ਗੋਲੀ ਚਲਾ ਕੇ ਉਸ ਨੂੰ ਢਹਿ ਢੇਰੀ ਕਰ ਦਿੱਤਾ।
ਉਹ ਤਿੰਨੋ ਜਣੇ ਬੱਚ ਕੇ 20 ਨਵੰਬਰ 1928 ਨੂੰ ਕਲਕੱਤਾ ਪਹੁੰਚ ਗਏ। ਪਾਰਟੀ ਵੱਲੋਂ ਬੰਬ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਇਸ ਮੰਤਵ ਲਈ ਆਗਰਾ ਚੁਣਿਆ ਗਿਆ। ਇਸ ਤਰ੍ਹਾਂ ਆਗਰਾ ਪਾਰਟੀ ਦਾ ਮੁੱਖ ਦਫ਼ਤਰ ਬਣ ਗਿਆ। ਬੰਬ ਬਨਾਉਣ ਦਾ ਕੰਮ 14 ਫਰਵਰੀ 1928 ਨੂੰ ਹਿੰਗ ਕੀ ਮੰਡੀ ਵਾਲੇ ਮਕਾਨ ਵਿੱਚ ਸ਼ੁਰੂ ਕੀਤਾ ਗਿਆ। 5 ਬੰਬ ਤਿਆਰ ਕੀਤੇ ਗਏ। ਉਹ 21 ਮਾਰਚ 1929 ਨੂੰ ਸਹਾਰਨਪੁਰ ਨਵੇਂ ਅੱਡੇ ‘ਤੇ ਆ ਗਏ।
ਉਨ੍ਹਾਂ ਦਿਨਾਂ ਵਿੱਚ ਮੰਦਵਾੜੇ ਕਰਕੇ ਮਿਲ ਮਾਲਕ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਕਟੌਤੀ ਕਰੀ ਜਾ ਰਹੇ ਸਨ ਤੇ ਵਿਰੋਧ ਵਿੱਚ ਮਜ਼ਦੂਰ ਹੜਤਾਲ ਕਰਨ ਲਈ ਮਜ਼ਬੂਰ ਸਨ ।ਅਜਿਹੀਆਂ ਸਰਗਰਮੀਆਂ ਨੂੰ ਠੱਲ ਪਾਉਣ ਲਈ ਸਰਕਾਰ ਇੰਡਸਟਰੀਅਲ ਡਿਸਪਿਊਟ ਐਕਟ ਲਾਗੂ ਕਰਨ ਜਾ ਰਹੀ ਸੀ।ਆਮ ਜਨਤਾ ਵੀ ਦੁੱਖੀ ਸੀ ਤੇ ਜਲੂਸ ਜਲਸੇ ਕੱਢ ਰਹੀ ਸੀ। ਅਜਿਹੀਆਂ ਸਰਗਰਮੀਆਂ ਨੂੰ ਠੱਲ ਪਾਉਣ ਲਈ ‘ਪਬਲਿਕ ਸੇਫਟੀ ਐਕਟ’ ਤਿਆਰ ਕੀਤਾ ਜਾ ਰਿਹਾ ਸੀ। ਭਗਤ ਸਿੰਘ ਦੇ ਸੁਝਾਅ ‘ਤੇ ਕੇਂਦਰੀ ਕਮੇਟੀ ਨੇ ਫੈਸਲਾ ਕੀਤਾ ਕਿ ਬੰਬ ਨੂੰ ਅਸੈਂਬਲੀ ਅੰਦਰ ਖਾਲੀ ਥਾਂ ‘ਤੇ ਉਸ ਵੇਲੇ ਸੁਟਿਆ ਜਾਵੇ ਜਿਸ ਸਮੇਂ ਜਦੋਂ ਦੋਵੇਂ ਬਿਲਾਂ ‘ਤੇ ਵੋਟਿੰਗ ਹੋ ਰਹੀ ਹੋਵੇ ਤੇ ਨਤੀਜੇ ਦਾ ਐਲਾਨ ਹੋਣਾ ਹੋਵੇ। ਇਸ ਦਾ ਮਕਸਦ ਇਹ ਸੀ ਕਿ ਉਨ੍ਹਾਂ ਦੀ ਇਸ ਕਾਰਵਾਈ ਨਾਲ ਸਾਰੇ ਦੇਸ਼ ਦੀਆਂ ਅਖ਼ਬਾਰਾਂ ਵਿੱਚ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਹੋਵੇਗਾ। ਕਿਸੇ ਨੂੰ ਮਾਰਨਾ ਉਨ੍ਹਾਂ ਦਾ ਮਕਸਦ ਨਹੀਂ ਸੀ। ਭਗਤ ਸਿੰਘ ਖ਼ੁਦ ਬੰਬ ਇਸ ਲਈ ਸੁਟਣਾ ਚਾਹੁੰਦਾ ਸੀ ਕਿਉਂਕਿ ਉਹ ਸਮਝਦਾ ਸੀ ਕਿ ਕਿਸੇ ਹੋਰ ਸਾਥੀ ਦੇ ਮੁਕਾਬਲੇ ‘ਤੇ ਉਹ ਆਪਣੇ ਵਿਚਾਰ ਅਦਾਲਤ ਵਿੱਚ ਖੁਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕੇਗਾ। ਉਸ ਨੂੰ ਪਤਾ ਸੀ ਕਿ ਇਸ ਵਿੱਚ ਫਾਂਸੀ ਹੋਣੀ ਹੈ। ਬਾਕੀ ਸਾਥੀ ਵੀ ਨਹੀਂ ਸਨ ਚਾਹੁੰਦੇ ਪਰ ਕੇਂਦਰੀ ਕਮੇਟੀ ਵੱਲੋਂ ਪੱਕੇ ਤੌਰ ‘ਤੇ ਤਹਿ ਹੋਇਆ ਕਿ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਅਸੈਂਬਲੀ ਵਿੱਚ ਬੰਬ ਸੁੱਟਣ ਜਾਣਗੇ। ਸ਼ਿਵ ਵਰਮਾ ਅਤੇ ਜੈ ਦੇਵ ਨੂੰ ਛੱਡ ਕੇ ਬਾਕੀ ਸਾਰੇ ਸਾਥੀ ਦਿੱਲੀ ਛੱਡ ਜਾਣਗੇ।
ਇੰਝ ਹੀ ਹੋਇਆ 8 ਅਪ੍ਰੈਲ 1929 ਨੂੰ ਭਗਤ ਸਿੰਘ ਤੇ ਜੈ ਦੇਵ ਅਸੈਂਬਲੀ ਹਾਲ ਅੰਦਰ ਦਾਖਲ ਹੋਏ। ਗ੍ਰਿਫਤਾਰੀ ਸਮੇਂ ਦੋਵੇਂ ਪੂਰੇ ਜੋਸ਼ ਨਾਲ ਨਾਅਰੇ ਮਾਰਦੇ ਰਹੇ। ‘ਸਾਮਰਾਜਵਾਦ-ਮੁਰਦਾਬਾਦ, ਇਨਕਲਾਬ ਜਿੰਦਾਬਾਦ’ ਤੇ ਨਾਲੇ ਨਾਲ ਲਿਆਂਦੇ ਹੋਏ ਪੋਸਟਰਾਂ ਦੀ ਵਰਖਾ ਕਰਦੇ ਰਹੇ। ਜਿਨ੍ਹਾਂ ਦਾ ਸਿਰਲੇਖ ਸੀ, ਇਨਕਲਾਬ-ਜਿੰਦਾਬਾਦ।ਇਹ ਨਾਅਰੇ ਨਾ ਕੇਵਲ ਆਜ਼ਾਦੀ ਸਗੋਂ ਹਰ ਸੰਘਰਸ਼ ਸਮੇਂ ਵਰਤਿਆ ਜਾਣ ਲੱਗਾ।
ਇਸ ਨਾਲ ਨਵਾਂ ਦੌਰ ਸ਼ੁਰੂ ਹੋਇਆ। ਪਾਰਟੀ ਹੁਣ ਅਖ਼ਬਾਰੀ ਸੁਰਖੀਆਂ ਵਿੱਚ ਆਉਣ ਲੱਗੀ। ਅਦਾਲਤ ਵਿੱਚ ਆਪਣੇ ਪੱਖ ਨੂੰ ਭਗਤ ਸਿੰਘ ਨੇ ਖ਼ੁਦ ਪੇਸ਼ ਕੀਤਾ। ਦੱਤ ਵੱਲੋਂ ਆਸਫ਼ ਅਲੀ ਵਕੀਲ ਵਜੋਂ ਕੇਸ ਲੜਦਾ ਰਿਹਾ।
7 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਾਉਣ ਬਾਰੇ ਫੁਰਮਾਨ ਜਾਰੀ ਕੀਤਾ ਗਿਆ ਤੇ 27 ਅਕਤੂਬਰ 1930 ਨੂੰ ਫਾਂਸੀ ਲਾਉਣ ਦਾ ਆਦੇਸ਼ ਦਿੱਤਾ ਗਿਆ।ਇਸ ਦਾ ਬੜਾ ਜ਼ਬਰਦਸਤ ਵਿਰੋਧ ਹੋਇਆ। ਭਗਤ ਸਿੰਘ ਅਪੀਲ ਕਮੇਟੀਆਂ ਬਣਾਈਆਂ ਗਈਆਂ ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ। ਉਨ੍ਹਾਂ ਤਿੰਨਾਂ ਇਨਕਲਾਬੀਆਂ ਨੂੰ 24 ਮਾਰਚ 1931 ਦੀ ਸਵੇਰ ਦੀ ਥਾਂ ‘ਤੇ ਇੱਕ ਦਿਨ ਪਹਿਲਾ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਵਿੱਚ ਉਨ੍ਹਾਂ ਦੀ ਕਿੰਨੀ ਦਹਿਸ਼ਤ ਸੀ।
ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੋਂ ਉਨ੍ਹਾਂ ਦੀ ਵਿਦਵਤਾ ਦਾ ਪਤਾ ਲੱਗਦਾ ਹੈ। ਭਾਰਤ ਨੂੰ ਆਜ਼ਾਦ ਹੋਇਆ 73 ਸਾਲ ਹੋ ਗਏ ਹਨ ਪਰ ਉਹੋ ਜਿਹਾ ਨਿਜ਼ਾਮ ਜਿਹੋ ਜਿਹਾ ਸਰਦਾਰ ਭਗਤ ਸਿੰਘ ਚਾਹੁੰਦੇ ਸਨ, ਨਹੀਂ ਉਸਰਿਆ। ਅੱਜ ਵੀ ਲੋਕ ਮਨਾਂ ਖ਼ਾਸ ਕਰਕੇ ਨੌਜੁਆਨਾਂ ਅੰਦਰ ਭਗਤ ਸਿੰਘ ਜਿੰਦਾ ਹੈ। ਲੋੜ ਹੈ ਉਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਕੇ ਆਮ ਆਦਮੀ ਦੀ ਸੋਚ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਹਰ ਸ਼ਹਿਰੀ ਆਜ਼ਾਦੀ ਦਾ ਆਨੰਦ ਮਾਣ ਸਕੇ।  

ਡਾ. ਚਰਨਜੀਤ ਸਿੰਘ ਗੁਮਟਾਲਾ,91-9417533060, gumtalacs@gail.com