ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

05 OCT. 2020

ਰਾਹੁਲ ਗਾਂਧੀ ਨੂੰ ਪੰਜਾਬ ਦੇ ਕਿਸਾਨ ਚੋਣਾਂ ਵੇਲੇ ਯਾਦ ਆਏ- ਚੰਦੂਮਾਜਰਾ
ਤੇ ਤੁਹਾਨੂੰ ਅਸਤੀਫ਼ੇ ਕਿਸਾਨਾਂ ਦੇ ਛਿੱਤ.....ਲਾਹੁਣ ਬਾਅਦ ਹੀ ਯਾਦ ਆਏ।

ਰਾਹੁਲ ਗਾਂਧੀ ਦੀ ਮੌਜੂਦਗੀ ‘ਚ ਨਵਜੋਤ ਸਿੱਧੂ ਕੇਂਦਰ ਖ਼ਿਲਾਫ਼ ਗਰਜਿਆ- ਇਕ ਖ਼ਬਰ
ਤੇਰੀ ਤੋੜ ਕੇ ਛੱਡਣਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲੀਏ।

 ‘ਕਿਸਾਨ ਮਾਰਚ’ (ਅਸਲ ‘ਚ ਬਾਦਲ ਮਾਰਚ) ‘ਤੇ ਪੁਲਿਸ ਵਲੋਂ ਲਾਠੀਚਾਰਜ ਜਮਹੂਰੀਅਤ ਦਾ ਘਾਣ- ਚੰਦੂਮਾਜਰਾ
ਜਦੋਂ ਤੁਹਾਡੀ ਪੁਲਿਸ ਗੋਲ਼ੀਆਂ ਨਾਲ਼ ਬੰਦੇ ਮਾਰਦੀ ਸੀ, ਉਦੋਂ ਨਾ ਜਮਹੂਰੀਅਤ ਚੇਤੇ ਆਈ ਤੁਹਾਨੂੰ।

ਕਿਸਾਨਾਂ ‘ਤੇ ਮੁਸੀਬਤ ਆਈ ਤਾਂ ਅਕਾਲੀ ਦਲ ਨੇ ਮਾਰੀ ਕੁਰਸੀ ਨੂੰ ਲੱਤ- ਹਰਸਿਮਰਤ ਬਾਦਲ
ਬੀਬੀ ਕਿਉਂ ਕੁਫ਼ਰ ਤੋਲੀ ਜਾਨੀ ਐਂ, ਲੋਕ ਸਭ ਕੁਝ ਜਾਣਦੇ ਐ ਹੁਣ।

ਖੇਤੀ ਕਾਨੂੰਨਾਂ ਵਿਰੁੱਧ ਹਰ ਮੁਹਾਜ਼ ‘ਤੇ ਲੜਾਂਗੇ- ਕੈਪਟਨ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।

ਪਰਖ ਦੀ ਘੜੀ ਵੇਲੇ 350 ਐਮ.ਪੀ. ਇਕ ਪਾਸੇ ਦੂਸਰੇ ਪਾਸੇ ਮੈਂ ਤੇ ਹਰਸਿਮਰਤ- ਸੁਖਬੀਰ
ਰਹਿਣ ਦੇ, ਰਹਿਣ ਦੇ ਯਾਰ, ਗਪੌੜਾਂ ਦਾ ਸਾਰਾ ਠੇਕਾ ਤੂੰ ਹੀ ਲੈ ਲਿਐ !

ਸੁਖਬੀਰ ਬਾਦਲ ਦੀਆਂ ਗ਼ਲਤੀਆਂ ਕਰ ਕੇ ਅਕਾਲੀ ਵਰਕਰ ਸ਼ਰਮਿੰਦਗੀ ਮਹਿਸੂਸ ਕਰਨ ਲੱਗੇ- ਪ੍ਰਮਿੰਦਰ ਢੀਂਡਸਾ
ਵਰਕਰ ਹੀ ਵਿਚਾਰੇ ਸ਼ਰਮਿੰਦੇ ਹੁੰਦੇ ਐ, ਇਹਨਾਂ ਪੱਥਰਾਂ ‘ਤੇ ਕੋਈ ਅਸਰ ਨਹੀਂ ਹੋਣਾ।

ਅਕਾਲੀ ਦਲ ਨੇ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੋਣ ਕਾਰਨ ਹੀ ਐਨ.ਡੀ.ਏ. ਨਾਲ਼ੋਂ ਨਾਤਾ ਤੋੜਿਆ- ਹਰਸਿਮਰਤ
ਬੀਬੀ ਜੀ ਆਟੇ ‘ਚ ਲੂਣ ਤਾਂ ਗੁੰਨਿਆ ਜਾ ਸਕਦਾ ਪਰ ਤੂੰ ਤਾਂ ਲੂਣ ਹੀ ਗੁੰਨ੍ਹੀਂ ਜਾਨੀ ਏਂ।

ਅਕਾਲੀ ਦਲ ਵਲੋਂ ਸੰਘੀ ਢਾਂਚੇ ਦੀ ਮਜਬੂਤੀ ਲਈ ਕਮੇਟੀ ਕਾਇਮ- ਸੁਖਬੀਰ
ਪਹਿਲਾਂ ਭਾਪੇ ਨੂੰ ਪੁੱਛ ਉਹਨੇ ਅਨੰਦਪੁਰ ਦਾ ਮਤਾ ਕਿਉਂ ਛੱਡਿਆ ਸੀ।

ਬਾਬਰੀ ਮਸਜਿਦ ਕੇਸ ‘ਚ ਸੱਚ ਅਤੇ ਨਿਆਂ ਦੀ ਜਿੱਤ ਹੋਈ- ਭਾਜਪਾ
ਡਿਕਸ਼ਨਰੀਆਂ ਵਾਲਿਉ ਸੱਚ ਤੇ ਨਿਆਂ ਦੇ ਅਰਥ ਬਦਲ ਦਿਉ ਹੁਣ।

ਸੀ.ਬੀ.ਆਈ. ਜੱਜ ਨੇ ਆਪਣੀ ਸੇਵਾ-ਮੁਕਤੀ ਦੇ ਆਖਰੀ ਦਿਨ ਬਾਬਰੀ ਮਸਜਿਦ ਦੇ ਦੋਸ਼ੀ ਬਰੀ ਕੀਤੇ- ਇਕ ਖ਼ਬਰ
ਲੈ ਬਈ ਸੱਜਣਾ, ਸਿੱਧੀ ਸ਼ੂਟ ਵੱਟ ਲੈ ਰਾਜ ਸਭਾ ਵਲ ਨੂੰ, ਸੀਟ ‘ਵਾਜ਼ਾਂ ਮਾਰਦੀ ਐ।

ਪੰਜਾਬ ਹਮੇਸ਼ਾ ਹੀ ਦਿੱਲੀ ਦੀਆਂ ਅੱਖਾਂ ‘ਚ ਰੜਕਦਾ ਰਿਹੈ- ਹਰਿੰਦਰ ਚਹਿਲ
ਵਾਰਸ ਸ਼ਾਹ ਹਜ਼ਾਰੇ ਦੇ ਚੌਧਰੀ ਨੇ, ਕਾਮਗਤੀ ਦੀ ਚੁੱਕ ਲਈ ਕਾਰ ਯਾਰੋ।

ਕਿਸਾਨ ਜਥੇਬੰਦੀਆਂ ਨੇ ਰਾਹੁਲ ਦੀ ਪੰਜਾਬ ਫੇਰੀ ‘ਤੇ ਸਵਾਲ ਉਠਾਏ- ਇਕ ਖਬਰ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।

ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਕਾਰੋਬਾਰਾਂ ਦੇ ਡੀਲਰ-ਇਕ ਖਬਰ
ਲੁਕ ਛਿਪ ਲਾਈਆਂ ਪਰਗਟ ਹੋਈਆਂ, ਵੱਜ ਗਏ ਢੋਲ ਨਗਾਰੇ।

ਤਿੰਨ ਸਾਲ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਇਆ ਸਿੱਧੂ ਕਾਂਗਰਸ ਪ੍ਰਧਾਨ ਕਿਵੇਂ ਬਣ ਸਕਦੈ?-ਕੈਪਟਨ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।