ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

13 OCT. 2020

ਕਿਸਾਨਾਂ ਦੇ ਸੰਘਰਸ਼ ਨੇ ਪੰਜਾਬ ਭਾਜਪਾ ਦੀਆਂ ਆਸਾਂ ‘ਤੇ ਪਾਣੀ ਫੇਰਿਆ-ਇਕ ਖ਼ਬਰ

ਨ੍ਹਾਤੀ ਧੋਤੀ ਰਹਿ ਗਈ, ਉੱਤੇ ਮੱਖੀ ਬਹਿ ਗਈ।

 

ਖੇਤੀ ਨਾ ਰਹੀ ਤਾਂ ਦੇਸ਼ ਕੀ ਖਾਏਗਾ?- ਮੇਧਾ ਪਾਟੇਕਰ

ਖਾਣ ਲਈ ਝੂਠੇ ਲਾਰਿਆਂ, ਜੁਮਲਿਆਂ ਤੇ ਫ਼ਰੇਬਾਂ ਦੇ ਤਾਂ ਢੇਰ ਲੱਗੇ ਪਏ ਆ ਮੇਧਾ ਜੀ।                 

 

ਰਾਹੁਲ ਦੇ ਸਮਾਗਮ ਹਰਿਆਣੇ ‘ਚ ਠੀਕ, ਪਰ ਪੰਜਾਬੀ ਭੀੜ ਨਾ ਵੜੇ ਏਥੇ- ਹਰਿਆਣਾ ਸਰਕਾਰ

ਅਸਾਂ ਜੇਠ ਨੂੰ ਲੱਸੀ ਨਹੀਉਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

 

ਅਮਰੀਕਾ ‘ਚ ਗੁਰਦੁਆਰੇ ਦੀ ਸਰਬ ਸੰਮਤੀ ਨਾਲ਼ ਹੋਈ ਚੋਣ ‘ਤੇ ਲੌਂਗੋਵਾਲ ਨੇ ਦਿੱਤੀ ਵਧਾਈ- ਇਕ ਖ਼ਬਰ

ਵਧਾਈ ਲੈਣ ਵਾਲਾ ਕੋਈ ਕੰਮ ਆਪ ਵੀ ਕਦੀ ਕਰ ਲਿਆ ਕਰੋ ਗੁਰਮੁਖੋ!

 

ਲੱਖੋਵਾਲ ਧੜਾ ਅਕਾਲੀ ਦਲ ਬਾਦਲ ਦੇ ਇਸ਼ਾਰੇ ‘ਤੇ ਚਲ ਰਿਹਾ ਹੈ- ਕੈਪਟਨ

ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ।

 

 ਸਿੱਧੂ ਲਈ ਪਾਰਟੀ ‘ਚ ਅਜੇ ਕੋਈ ਅਹੁੱਦਾ ਖਾਲੀ ਨਹੀਂ-ਹਰੀਸ਼ ਰਾਵਤ

ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲੋਂ ਮੁੜ ਗਈ।

 

ਸਿੱਖਾਂ ਦੇ ਧਾਰਮਕ ਚਿੰਨ੍ਹਾਂ ਦੀ ਬੇਅਦਬੀ ਬਰਦਾਸ਼ਤ ਨਹੀਂ- ਲੌਂਗੋਵਾਲ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਢੀਠ ਬਣ ਕੇ ਬਰਦਾਸ਼ਤ ਕਰ ਸਕਦੇ ਹਾਂ।

 

ਸੈਸ਼ਨ ਬੁਲਾਵਾਂਗੇ ਪਰ ਠੀਕ ਮੌਕੇ ‘ਤੇ, ਧਮਕੀ ਅੱਗੇ ਝੁਕ ਕੇ ਨਹੀਂ- ਕੈਪਟਨ

ਉੱਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।

 

ਬਾਦਲਾਂ ਨੂੰ ਝਟਕਾ ਦੇਣ ਲਈ ਭਾਜਪਾ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਬਣਾਇਆ ਮਨ- ਇਕ ਖ਼ਬਰ

ਯਾਰੀ ਲੱਗੀ ‘ਤੇ ਲਵਾ ‘ਤੇ ਤਖ਼ਤੇ, ਟੁੱਟੀ ‘ਤੇ ਚੁਗਾਠ ਪੁੱਟ ਲਈ।

 

ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਪੇਸ਼ਕਸ਼ ਠੁਕਰਾਈ-ਇਕ ਖ਼ਬਰ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

 

ਕੇਂਦਰ ਨੇ ਪੰਜਾਬੀ ਨੂੰ ਜਾਣ ਬੁੱਝ ਕੇ ਖੂੰਜੇ ਲਾਇਆ-ਜਥੇਦਾਰ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

 

ਸੁਖਬੀਰ ਬਾਦਲ ਵਲੋਂ ਕੈਪਟਨ ‘ਤੇ ‘ਫਿਕਸਡ’ ਮੈਚ ਖੇਡਣ ਦਾ ਦੋਸ਼- ਇਕ ਖ਼ਬਰ

ਅੱਜ ਮੇਰੇ ਅਮਲੀ ਦੇ, ਫੀਮ ਰਗ਼ਾਂ ਵਿਚ ਬੋਲੇ।

 

ਹਰੀਸ਼ ਰਾਵਤ ਨੇ ਜਾਖੜ ਨਾਲ਼ ਆਪਣੇ ਮੱਤਭੇਦਾਂ ਨੂੰ ਨਕਾਰਿਆ- ਇਕ ਖ਼ਬਰ

ਐਵੇਂ ਈ ਰੌਲ਼ਾ ਪੈ ਗਿਆ, ਬਸ ਐਵੇਂ ਹੀ ਰੌਲ਼ਾ ਪੈ ਗਿਆ।

 

‘ਫਿਕਸਡ’ ਮੈਚ ਅਕਾਲੀ ਦਲ ਹੀ ਖੇਡ ਸਕਦੈ- ਕੈਪਟਨ

ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।

 

ਮੋਦੀ ਦੀ ਕੈਬਨਿਟ ਵਿਚ ਹੁਣ ਸਿਰਫ਼ ਭਾਜਪਾ ਦੇ ਪ੍ਰਤੀਨਿਧ ਹੀ ਰਹਿ ਗਏ-ਇਕ ਖ਼ਬਰ

ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

 

ਹਰੀਸ਼ ਰਾਵਤ ਅਤੇ ਰਾਹੁਲ ਦੀ ਪੰਜਾਬ ਫੇਰੀ ਨੇ ਕਾਂਗਰਸੀ ਖੇਮੇ ‘ਚ ਮਚਾਈ ਹਲਚਲ- ਇਕ ਖ਼ਬਰ

ਕਾਦਰਯਾਰ ਕਹਿੰਦਾ ਸਲਵਾਨ ਰਾਜਾ, ਪਿੱਛੇ ਕੀ ਕਰਤੂਤ ਕਰ ਆਇਓਂ ਈ।

 

ਬਾਦਲਾਂ ਨੂੰ ਹਰਾਉਣ ਲਈ ਹਮਖ਼ਿਆਲ ਪਾਰਟੀਆਂ ਇਕ ਮੰਚ ‘ਤੇ ਇਕੱਠੀਆਂ ਹੋਣ- ਟਕਸਾਲੀ ਅਕਾਲੀ

ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾਂ।