ਕਿਰਸਾਨੀ ਦਾ ਸੰਕਟ ਤੇ ਗੁਰੂ ਨਾਨਕ - ਤੇਜਵੰਤ ਸਿੰਘ ਗਿੱਲ

ਦੁਨੀਆਂ ਦੇ ਹੋਰ ਖਿੱਤਿਆਂ ਵਾਂਗ ਮੁੱਢ ਤੋਂ ਹੀ ਪੰਜਾਬ ਦੇ ਵਾਸੀ ਆਪਣੇ ਜੀਵਨ ਦੇ ਢੰਗਾਂ ਵਿਚ ਕੋਈ ਨਾ ਕੋਈ ਬਦਲਾਉ ਕਰਦੇ ਰਹੇ ਹਨ। ਫਿਰ ਵੀ ਉਨ੍ਹਾਂ ਦੇ ਜਿਉਣ ਦਾ ਇਕ ਥਿਰ ਪੱਖ ਬਣਿਆ ਰਿਹਾ ਹੈ : ਉਹ ਹੈ ਕਿਰਸਾਨੀ ਤੇ ਇਸ ਨਾਲ ਜੁੜੇ ਕਿੱਤਾਕਾਰਾਂ ਦੀ ਸਾਂਝ ਜਿਸ ਤੋਂ ਬਿਨਾਂ ਖੇਤੀਬਾੜੀ ਨੇ ਵਿਕਾਸ ਤਾਂ ਕੀ ਕਰਨਾ ਸੀ, ਕਾਇਮ ਵੀ ਨਹੀਂ ਸੀ ਰਹਿ ਸਕਣਾ। ਇਨ੍ਹਾਂ ਦੇ ਸਹਿਯੋਗ ਸਦਕਾ ਹੀ ਹੈ ਕਿ ਇਤਿਹਾਸਕ ਉਥਲ-ਪੁਥਲ, ਕਾਲ ਤੇ ਪਲੇਗ ਆਦਿ ਰੋਗਾਂ ਵੱਲੋਂ ਢਾਹਿਆ ਗਿਆ ਕਹਿਰ, ਬਹੁਤਾ ਮੀਂਹ ਜਾਂ ਅੱਤ ਦਾ ਸੋਕਾ, ਵਿਦੇਸ਼ੀ ਸਰਕਾਰ ਵੱਲੋਂ ਲਾਏ ਕਾਨੂੰਨ, ਖੇਤੀਬਾੜੀ ਦੇ ਅਮਲ ਨੂੰ ਲੋਪ ਨਹੀਂ ਕਰ ਸਕੇ। ਸਮੇਂ-ਸਮੇਂ ਔਕੜਾਂ ਆਈਆਂ, ਰੁਕਾਵਟਾਂ ਲਾਈਆਂ ਗਈਆਂ ਪਰ ਉਨ੍ਹਾਂ ਦਾ ਮਾਰੂ ਪ੍ਰਭਾਵ ਇਸ ਸਾਂਝ ਨੂੰ ਮੇਟ ਨਹੀਂ ਸਕਿਆ। ਕਿਰਸਾਨੀ ਤੇ ਕਿੱਤਾਕਾਰੀ ਦੀ ਇਹ ਸਾਂਝ ਪੰਜਾਬ ਦਾ ਸਦੀਵੀ ਸੱਚ ਹੋ ਨਿੱਬੜਿਆ ਹੈ। ਕਰਾਮਾਤੀ ਇਹ ਬਿਲਕੁਲ ਨਹੀਂ, ਕਿਉਂ ਉਪਰੋਂ ਕਿਸੇ ਦੈਵੀ ਸ਼ਕਤੀ ਵੱਲੋਂ ਵਾਰਿਦ ਹੋਣ ਦੀ ਥਾਂ ਇਹ ਪੰਜਾਬੀ ਰਹਿਣ-ਸਹਿਣ ਦੇ ਧੁਰ ਅੰਦਰੋਂ ੳੱਗ ਕੇ ਵਧਿਆ-ਫੁੱਲਿਆ ਹੈ।
       ਅਜੋਕੇ ਮੋੜ 'ਤੇ ਕਰਾਮਾਤੀ ਤਰ੍ਹਾਂ ਦਾ ਖ਼ਤਰਾ ਇਸ ਸਾਂਝ 'ਤੇ ਮੰਡਰਾਉਣ ਲੱਗ ਪਿਆ ਹੈ। ਕਰਾਮਾਤੀ ਇਸ ਕਰਕੇ ਨਹੀਂ ਕਿ ਕਿਸੇ ਦੈਵੀ ਸ਼ਕਤੀ ਦਾ ਇਸ ਉਪਰ ਕਹਿਰ ਝੂਲਣ ਲੱਗ ਪਿਆ ਹੈ। ਇਹ ਹੈ ਤਾਂ ਨਿਰੋਲ ਦੁਨਿਆਵੀ, ਜਿਸ ਲਈ ਮਾਇਕ ਪੱਖ ਹੀ ਸਭ ਕੁਝ ਹੈ। ਇਸ ਦਾ ਇਕ ਮਾਤਰ ਸੂਤਰ ਤਰੱਕੀ ਦੀ ਧਾਰਨਾ ਹੈ, ਜਿਸ ਨੂੰ ਜਾਇਜ਼ ਠਹਿਰਾਉਣ ਲਈ ਇਤਿਹਾਸ, ਰਾਜਨੀਤੀ ਅਤੇ ਅਰਥਚਾਰੇ ਦੇ ਨਿਯਮਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਮਿਸਾਲ ਦੇ ਤੌਰ 'ਤੇ ਤਰੱਕੀ ਨੂੰ ਯੋਗ ਠਹਿਰਾਉਣ ਲਈ ਪੁਰਾਤਨ ਗ੍ਰੰਥਾਂ ਦੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਵਿਚ ਈਸ਼ਵਰ ਦਾ ਜੋ ਦੈਵੀ ਮਹੱਤਵ ਹੈ, ਉਸ ਦਾ ਗੁਣ-ਗਾਇਣ ਕੀਤਾ ਜਾਂਦਾ ਹੈ। ਸਾਰੀ ਗੱਲ ਦਾ ਤੋੜ ਹੈ ਮਾਇਕ ਤਬਦੀਲੀ, ਜਿਸ ਲਈ ਮੰਡੀ ਅੰਤਿਮ ਸੱਚ ਹੈ। ਦੂਜੇ ਲਫ਼ਜ਼ਾਂ ਵਿਚ ਮੰਡੀ ਹੀ ਇਸ ਲਈ ਈਸ਼ਵਰ ਅਤੇ ਮੰਡੀ ਹੀ ਭਗਵਾਨ ਹੈ। ਆਪਣੀ ਧਾਰਨਾ ਨੂੰ ਯੋਗ ਸਿੱਧ ਕਰਨ ਲਈ ਵਾਦ, ਵਿਵਾਦ ਅਤੇ ਸੰਵਾਦ ਨੂੰ ਜ਼ਰੂਰੀ ਹੀ ਨਹੀਂ, ਯੋਗ ਵੀ ਠਹਿਰਾਇਆ ਜਾਂਦਾ ਹੈ। ਹੋਇਆ ਇਹ ਹੈ ਕਿ ਨਾਅਰੇਬਾਜ਼ੀ, ਭਾਸ਼ਣਕਾਰੀ ਅਤੇ ਰੌਲੇ-ਰੱਪੇ ਨੂੰ ਪ੍ਰਗਟਾ ਅਤੇ ਸੰਚਾਰ ਦਾ ਵਸੀਲਾ ਮੰਨ ਲਿਆ ਗਿਆ ਹੈ। ਸਵਰਗ ਦੇ ਸੁਖਾਂ ਅਤੇ ਨਰਕ ਦੇ ਦੁਖਾਂ ਨੂੰ ਮੰਡੀ ਦੇ ઠ ਸਿਖਰ ਛੋਹਣ ਤੇ ਧੜੰਮ ਕਰਕੇ ਡਿੱਗਣ ਨਾਲ ਜੋੜ ઠਦਿੱਤਾ ਗਿਆ ਹੈ। ਖਪਤ ਰਾਹੀਂ ਰੀਝਾਂ ਦੀ ਪੂਰਤੀ ਨੂੰ ਸਵਰਗ ਦਾ ਝੂਟਾ ਲੈਣ ਵਾਂਗ ਅਤੇ ਕੰਗਾਲੀ ਤੇ ਭੁੱਖਮਰੀ ਰਾਹੀਂ ਆਤੁਰਤਾ ਦੇ ਸ਼ਿਕਾਰ ਹੋ ਜਾਣ ਨੂੰ ਨਰਕ ਵਿਚ ਦੁਖ ਭੋਗਣ ਦੇ ਤੁਲ ਗਰਦਾਨ ਦਿੱਤਾ ਗਿਆ ਹੈ। ਗੱਲ ਕੀ ਵਿਰੋਧ, ਵਿਕਾਸ ਦੇ ਸਿਧਾਂਤ ਨੂੰ ਤੋੜ-ਮਰੋੜ ਨਾਲ ਅਭੇਦ ਕਰ ਦਿੱਤਾ ਗਿਆ ਹੈ, ਜਿਸ ਦਾ ਥਾਪਣ-ਉਥਾਪਣ ਬਹੁਤ ਜ਼ਰੂਰੀ ਹੈ।
      ਥਾਪਣ-ਉਥਾਪਣ ਨਾਂ ਦੀ ਇਹ ਕਸਵੱਟੀ ਗੁਰੂ ਨਾਨਕ ਦੇ ਚਿੰਤਨ ਦੀ ਉਪਜ ਹੈ। 'ਜਪੁਜੀ' ਵਿਚ ਆਉਂਦੇ ਕਥਨ : ''ਆਪੇ ਥਾਪਿ ਉਥਾਪੇ ਆਪ'' ਦੀ ਉਪਜ ਹੈ। ਇਸ ਰਾਹੀਂ ਗੁਰੂ ਨਾਨਕ ਦਾ ਮੰਤਵ ਤਾਂ ਅਕਾਲ ਪੁਰਖ ਨੂੰ ਸ੍ਰਿਸ਼ਟੀ ਵਿਚ ਸਭ ਕੁਝ ਦਾ ਥਾਪਣ ਕਰਨ ਵਾਲਾ ਅਤੇ ਨਾਲ ਹੀ ਉਥਾਪਣ ਕਰਨ ਵਾਲਾ ਦਰਸਾਉਣਾ ਹੈ, ਕਿਉਂਕਿ ਪ੍ਰਾਣੀ ਲਈ ਯੋਗ ਹੀ ਨਹੀਂ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਅਕਾਲ ਪੁਰਖ ਦੀ ਰਜ਼ਾ ਵਿਚ ਰੱਖੇ, ਇਸ ਲਈ ਆਪਣੀ ਵਿੱਤ ਅਨੁਸਾਰ ਉਸ ਨੂੰ ਇਹ ਪ੍ਰਯਾਸ ਕਰਨਾ ਵੀ ਜ਼ਰੂਰੀ ਹੈ। ਗੁਰੂ ਸਾਹਿਬ ਦੀ ਕਸਵੱਟੀ ਕਿੱਤਾਕਾਰੀ ਦੇ ਸਹਿਯੋਗ ਨਾਲ ਵਰਤੋਂ ਵਿਹਾਰ ਵਿਚ ਆਪਣੀ
ਕਿਰਸਾਨੀ 'ਰਾਗ ਸੋਰਿਠ' ਵਿਚ ਇਉਂ ਪੇਸ਼ ਕਰਦੇ ਹਨ :

ਮਨ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤ॥
ਨਾਮ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥
ਬਾਬਾ ਮਾਇਆ ਸਾਥਿ ਨ ਹੋਇ॥
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਏ॥ ਰਹਾਉ॥
ਹਾਣੁ ઠਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ॥
ਸੁਰਤਿ ਸੋਚ ਕਰ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ॥

ਇਨ੍ਹਾਂ ਸਤਰਾਂ ਵਿਚ ਕਿਰਸਾਨੀ ਦੇ ਕਾਰਜ ਨੂੰ ਆਤਮਿਕ ਪ੍ਰਯੋਜਨ ਦੇ ਅਲੰਕਾਰ ਵਜੋਂ ਵਰਤਿਆ ਗਿਆ ਹੈ। ਭਾਵ ਇਹ ਬਣਦਾ
ਹੈ ਕਿ ਕਿਰਸਾਨੀ ਦੇ ਕਾਰਜ ਨੂੰ ਤਨ ਦੇ ਪੱਧਰ 'ਤੇ ਉਹ ਉੱਤਮਤਾ ਹਾਸਲ ਹੈ, ਜੋ ਆਤਿਮਕ ਖੇਤਰ ਵਿਚ ਰੂਹਾਨੀ ਸਾਧਨਾਂ ਲਈ ਰਾਖਵੀਆਂ ਹਨ। ਦੂਜੇ ਸ਼ਬਦਾਂ ਵਿਚ ਸੂਖਮ ਰੂਹਾਨੀ ਸਾਧਨਾਂ ਦਾ ਸਥੂਲ ਮਹੱਤਵ ਹਲ ਵਾਹੁਣ, ਫ਼ਸਲ ਨੂੰ ਪਾਣੀ ਦੇਣ, ਖੇਤ ਵਿਚ ਸੁਹਾਗਾ ਫੇਰਨ ਆਦਿ ਸਰੀਰਕ ਕੰਮਾਂ ਕਾਰਜਾਂ ਵਿਚ ਨਿਹਿਤ ਕਰਨਾ ਹੈ। ਇਹ ਨਹੀਂ ਕਿ ਸਥੂਲ ਅਤੇ ਸੂਖਮ ਵਿਚਕਾਰ ਕੋਈ ਵਿੱਥ ਨਹੀਂ ਅਤੇ ਉਸ ਨੂੰ ਧਿਆਨ ਵਿਚ ਲਿਆਉਣ ਦੀ ਲੋੜ ਨਹੀਂ। ਨਿਰਸੰਦੇਹ ਇਸ ਦੀ ਲੋੜ ਹੈ, ਪ੍ਰੰਤੂ ਇਸ ਲੋੜ ਨੂੰ ਅੱਖੋਂ ਪਰੋਖੇ ਕਰਕੇ ਇਹ ਮੰਨ ਲੈਣਾ ਵੀ ਯੋਗ ਨਹੀਂ ਕਿ ਸਰੀਰਕ ਕੰਮਾਂ ਨੇ ਸਭ ਕੁਝ ਭੁਗਤਾ ਦਿੱਤਾ ਹੈ। ਜੇ ਅਜਿਹੀ ਅਵੱਗਿਆ ਵਾਪਰਦੀ ਹੈ ਤਾਂ ਕਿਰਸਾਨ ਦੇ ਪੱਧਰ 'ਤੇ ਜ਼ਖੀਰਾਬਾਜ਼ੀ ਦੀ ਨੀਂਹ ਰੱਖ ਹੋ ਜਾਂਦੀ ਹੈ, ਜੋ ਉਪਰੋਕਤ ਕਾਰਜਾਂ ਦੇ ਵਿਰੋਧ ਵਿਚ ਜਾਣ ਦੀ ਅਵੱਗਿਆ ਸਹੇੜ ਸਕਦੀ ਹੈ।
       ਇਸ ਪੱਖ ਵੱਲ ਧਿਆਨ ਕੇਂਦਰਿਤ ਕਰਨ ਲਈ ਅਗਲੀਆਂ ਪੰਗਤੀਆਂ ਵਿਚ ਵਣਜਾਰੇ ਦੇ ਕਰਤੱਵ ਨੂੰ ਉਘਾੜਨ ਦਾ ਸੁਯੋਗ ਯਤਨ ਪੇਸ਼ ਹੋ ਜਾਂਦਾ ਹੈ। ਇਸ ਦਾ ਵਰਨਣ ਇਸ ਪ੍ਰਕਾਰ ਹੈ :

ਵਣਜਾਰਿਆ ਸਿਉ ਵਣਜੁ ਕਰ ਲੈ ਲਾਹਾ ਮਨ ਹਸੁ॥
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ॥
ਖਰਚੁ ਬੰਨੁ ਚੰਗਾਈਆ ਮਤੁ ਮਨ ਜਾਣਹਿ ਕਲੁ॥
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖ ਲਹਹਿ ਮਹਲੁ॥
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ॥
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧਮਨੁ॥
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਬੰਨੁ॥

ਇਨ੍ਹਾਂ ਸਤਰਾਂ ਵਿਚ ਰੂਹਾਨੀ ਨਜ਼ਰੀਏ ਤੋਂ ਸੌਦਾਗਰ ਦਾ ਕਰਤੱਵ ਪੇਸ਼ ਹੈ। ਉਸ ਦੇ ਵਿਹਾਰਕ ਕਰਤੱਵ ਦਾ ਹੀ ਇਹ ਅਲੰਕਾਰਕ ਰੂਪ ਹੈ। ਕਿਰਸਾਨ ਦੇ ਸਮਵਿੱਥ ਹੀ ਸੌਦਾਗਰ ਨਾਲ ਵਾਸਤਾ ਦਰਸਾ ਕੇ ਗੁਰੂ ਗ੍ਰੰਥ ਸਾਹਿਬ ਇਹ ਸਿੱਧ ਕਰਨ ਦੇ ਫਿਕਰ ਵਿਚ ਹਨ ਕਿ ਦੋਨਾਂ ਵਿਚਕਾਰ ਆਦਾਨ ਪ੍ਰਦਾਨ ਈਮਾਨ ਦਾ ਪਾਬੰਦ ਹੈ। ਇਸ ਪ੍ਰਕਾਰ ਪਾਬੰਦ ਹੋਣਾ ਇਸ ਨਿਸ਼ਚਿਤ ਕਰਦਾ ਹੈ ਕਿ ਜੋ ਸਮੱਗਰੀ ਉਸ ਨੂੰ ਕਿਰਸਾਨ ਤੋਂ ਮਿਲੀ ਹੈ, ਉਸ ਨੂੰ ਆਪਣੇ ਤੱਕ, ਕਿਸੇ ਅਨਿਆਈ ਲਾਭ ਖਾਤਰ ਛੁਪਾ ਕੇ ਰੱਖਣ ਦੀ ਕੋਈ ਮਣਸਾ ਨਹੀਂ। ਲੋੜਵੰਦਾਂ ਤੱਕ ਪਹੁੰਚਾਉਣਾ ਉਸ ਦਾ ਕਰਤੱਵ ਹੈ ਤਾਂ ਜੋ ਖਰੀਦਦਾਰ ਤੋਂ ਅਗਾਂਹ ਇਸ ਦਾ ਲਾਭ ਹੋ ਸਕੇ।
       ਇਸ ਤੋਂ ਦੋ ਗੱਲਾਂ, ਜੋ ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿਚ ਮਹੱਤਵ ਦੇ ਨਾਲ ਮੁੱਲ ਦੀਆਂ ਧਾਰਨੀ ਪਰਤੱਖ ਹੀ ਸਿੱਧ ਹੋ ਜਾਂਦੀਆਂ ਹਨ। ਕਿਰਸਾਨ ਦੀ ਪੈਦਾਵਾਰ ਪੂਰੀ ਤਰ੍ਹਾਂ ਸ਼ੁੱਧ ਹੈ, ਕਿਸੇ ਮਿਲਾਵਟ ਤੋਂ ਬਿਨਾਂ ਜਿਸ ਦੀ ਕਨਸੋਅ ਤੱਕ ਵੀ ਪੁਗਾਉਣ ਦੀ ਲੋੜ ਨਹੀਂ। ਇਸੇ ਤਰ੍ਹਾਂ ਸੌਦਾਗਰ ਨੇਕ ਨੀਅਤ ਨਾਲ ਲੋੜਵੰਦਾਂ ਤੱਕ ਪੈਦਾਵਾਰ ਨੂੰ ਲੈ ਜਾਂਦਾ ਹੈ, ਜਿਤਨਾ ਧਰਵਾਸ ਕਿਰਸਾਨ ਨੂੰ ਈਮਾਨ ਨਾਲ ਜਿਸ ਵਿਚ ਸੰਤੋਖ ਦਾ ਅਭਾਵ ਨਹੀਂ, ਪੂਰਨ ਲਗਾਵ ਹੈ, ਉਸੇ ਤਰ੍ਹਾਂ ਸੌਦਾਗਰ ਨੇਕ ਨੀਅਤ ਦਾ ਪੁੰਜ ਹੈ ਜਿਸ ਦੇ ਲਾਭ ਖੱਟਣ ਦੀ ਭਾਵਨਾ ਨੇੜੇ ਤੇੜੇ ਵੀ ਨਹੀਂ ਵਿਚਰਦੀ। ਨੇਕੀ ਨਾਲ ਓਤ ਪੋਤ ਇਹ ਦੌਲਤ, ਪਹਿਲੇ ਦੇ ਹਿੱਸੇ ਇਕੋ ਥਾਂ ਕਿਰਸਾਨੀ ਦਾ ਕਰਤੱਵ ਨਿਭਾਅ ਕੇ ਅਤੇ ਦੂਜੇ ਦੇ ਦੇਸ਼-ਵਿਦੇਸ਼ ਵਿਕਰੀ ਕਰਕੇ ਆਉਂਦੀ ਹੈ। ਇਸ ਪ੍ਰਸੰਗ ਵਿਚ ਧਿਆਨ ਬੇਮਿਸਾਲ ਸਾਹਿਤ ਸਮੀਖਿਅਕ ਵਾਲਟਰ ਬੈਂਜਾਮਿਨ ਦੇ 'ਕਥਾਕਾਰ' ਨਾਮੀ ਮੁੱਲਵਾਨ ਲੇਖ ਵੱਲ ਮੁੜ ਜਾਂਦਾ ਹੈ। ਫ਼ਾਸ਼ੀਵਾਦ ਦੇ ਖ਼ੌਫਨਾਕ ਦੌਰ ਵਿਚ ਉਸ ਨੂੰ ਲੱਗਿਆ ਸੀ ਕਿ ਲੋਕ-ਕਥਾ ਦੇ ਦੁਵੱਲੇ ਸ੍ਰੋਤ ਨੂੰ ਸੁਰਜੀਤ ਕਰਨ ਨਾਲ ਭਾਵੁਕ ਤੌਰ 'ਤੇ ਲੋਕ ਸੁਖਾਲਾ ਮਹਿਸੂਸ ਕਰ ਸਕਦੇ ਸਨ। ਪਿਛਲੀ ਸਦੀ ਦੇ ਤੀਹਵਿਆਂ ਵਿਚ ਲਿਖਿਆ ਗਿਆ ਸੀ ਇਹ ਲੇਖ। ਇਸ ਤੋਂ ਚਾਰ ਸਦੀਆਂ ਤੋਂ ਵੱਧ ਸਮਾਂ ਪਹਿਲਾਂ ਰਚਿਆ ਗਿਆ ਗੁਰੂ ਨਾਨਕ ਦਾ ਉਪਰੋਕਤ ਸ਼ਬਦ ਵਧੇਰੇ ਸਾਹਸ ਦਾ ਸੰਦੇਸ਼ ਦਿੰਦਾ ਹੈ।
      ਗੁਰੂ ਸਾਹਿਬ ਦੀ ਅਗੰਮੀ ਸੂਝ ਨੂੰ ਇਸ ਗੱਲ ਦਾ ਵੀ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਵਾਤਾਵਰਨ ਨੂੰ ਪਾਵਨ ਰੱਖਣ 'ਤੇ ਜ਼ੋਰ
ਦਿੱਤਾ, ਉਹ ਵੀ ਐਸੀ ਸ਼ੈਲੀ ਵਿਚ, ਜੋ ਇਕ ਵਾਰ ਤਾਂ ਮੰਤਰ ਮੁਗਧ ਕਰ ਦਿੰਦੀ ਹੈ। 'ਜਪੁਜੀ' ਦੇ ਅੰਤ 'ਤੇ ਇਹ ਸਲੋਕ ਹੈ :

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਇਆ ਖੇਲੈ ਸਗਤ ਜਗਤੁ॥

ਜਿਵੇਂ ਪਵਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤ ਨੂੰ ਮਾਤਾ ਕਹਿ ਕੇ ਤਿੰਨਾਂ ਦੀ ਹੋਂਦ ਨੂੰ ਸਵੀਕਾਰਿਆ ਹੀ ਨਹੀਂ ਪਰਿਭਾਸ਼ਤ
ਕੀਤਾ, ਬਲਕਿ ਮੁਲਾਂਕਣ ਕੀਤਾ ਹੈ, ਸ਼ਾਇਦ ਹੀ ਕਿਸੇ ਹੋਰ ਧਰਮ ਗ੍ਰੰਥ ਵਿਚ ਸੁਲੱਭ ઠਹੋਵੇ। ਹਰ ਰੋਜ਼ ਸੁਬਹ ਸਵੇਰੇ 'ਜਪੁਜੀ' ਦੇ ਪਾਠ ਦੀ ਪ੍ਰਥਾ ਨੇ ਦੁਰਲੱਭ ਪ੍ਰੇਰਨਾ ਨੂੰ ਜਿੰਨਾ ਸੁਲੱਭ ਬਣਾ ਦਿੱਤਾ ਹੈ, ਉਨੇ ਹੀ ਅਸੀਂ ਇਸ ਦੇ ਮੁੱਲ-ਮੁਲਾਂਕਣ ਪ੍ਰਤੀ ਬੇਨਿਆਜ਼ ਹੋ ਗਏ ਜਪਦੇ ਹਾਂ। ਜਿਸ ਦਿੱਬ-ਦ੍ਰਿਸ਼ਟੀ ਨਾਲ ਗੁਰੂ ਸਾਹਿਬ ਨੇ ਧਰਤ ਦੇ ਮਾਂ, ਪਾਣੀ ਦੇ ਬਾਪ ਅਤੇ ਪਵਨ ਦੇ ਗੁਰੂ ਹੋਣ ਦਾ ਨਿਰਣਾ ਦਿੱਤਾ ਹੈ, ਉਹ ਦੇਸ਼ ਕਾਲ ਦੇ ਸੰਦਰਭ ਵਿਚ ਸਰਬ-ਵਿਆਪਕ ਹੈ। ਦੇਖਣ ਵਾਲੀ ਗੱਲ ਇਹ ਬਣਦੀ ਹੈ ਕਿ ਪ੍ਰਾਣੀਆਂ ਨੇ ਇਨ੍ਹਾਂ ਸਬੰਧਾਂ ਦੀ ਪ੍ਰਮਾਣਕਤਾ ਨੂੰ ਕਿਸ ਸੀਮਾ ਤੱਕ ਪਾਵਨ ਅਤੇ ਪ੍ਰਮਾਣਿਕ ਰੱਖਣ ਦਾ ਪ੍ਰਯੋਜਨ ਕੀਤਾ ਹੈ। ਸਭ ਤੋਂ ਪਹਿਲ, ਭਾਂਪਣ ਵਾਲੀ ਗੱਲ ਇਹ ਜਾਣਨ ਦੀ ਹੈ ਕਿ ਪੰਜਾਬ ਦੀ ਧਰਤ ਨਾਲ ਇਸ ਦੇ ਵਸਨੀਕਾਂ ਵਿਸ਼ੇਸ਼ ਕਰਕੇ ਕਿਰਸਾਨੀ ਸਮੇਤ ਕਿੱਤਾਕਾਰੀ ਨੇ ਭਾਈਚਾਰਕ ਸਾਂਝ ਕਾਇਮ ਰੱਖਦਿਆਂ, ਕਿਸ ਹੱਦ ਤੱਕ ਵਫ਼ਾ ਨਿਭਾਈ ਹੈ। ਜਿਵੇਂ ਗੁਰੂ ਸਾਹਿਬ ਦੀਆਂ ਰਚਨਾਵਾਂ ਖਾਸ ਤੌਰ 'ਤੇ 'ਸਿੱਧ ਗੋਸ਼ਟਿ' ਤੋਂ ਪ੍ਰਤੱਖ ਹੋ ਜਾਂਦਾ ਹੈ, ਪੰਜਾਬ ਦੀ ਧਰਤ ਨੇ ਆਪਣਾ ਫਰਜ਼ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੇ ਵਾਸੀ ਹੀ ਇਸ ਮਿਆਰ 'ਤੇ ਪੂਰੇ ਨਹੀਂ ਉਤਰ ਸਕੇ। ਮਜ਼ਹਬ ਦੇ ਆਤਮਿਕ ਪੱਖਾਂ ਨੂੰ ਅੱਖੋਂ-ਪਰੋਖੇ ਕਰਕੇ, ਇਸ ਦੇ ਤੁਅੱਸਬੀ ਅਤੇ ਕੱਟੜ ਪੱਖਾਂ ਨੂੰ ਇਸ ਹੱਦ ਤੱਕ ਉਭਾਰਿਆ ਕਿ ਅਟਕ ਤੋਂ ਜਮਨਾ ਦਰਿਆਵਾਂ ਤੱਕ ਅਤੇ ਬੀਕਾਨੇਰ ਦੇ ਮਾਰੂਥਲ ਤੋਂ ਜੰਮੂ ਦੀਆਂ ਪਹਾੜੀਆਂ ਤੱਕ ਦੀ ਧਰਤ ਨੂੰ ਪਹਿਲਾਂ ਦੋ ਭਾਗਾਂ ਵਿਚ ਵੰਡਣ ਦਾ ਹੁੰਗਾਰਾ ઠ ઠ ઠ ਭਰਿਆ ਅਤੇ ਬਾਅਦ ਵਿਚ ਵੰਡ-ਦਰ-ਵੰਡ ਦਾ ਵੀ ਵਿਰੋਧ ਨਾ ਕੀਤਾ। ਇਹ ਕਹਿਣ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਕਿਰਸਾਨੀ ਅਤੇ ਕਿੱਤਾਕਾਰੀ ਦੇ ਸਮੂਹ ਦੀ ਇਹ ਮਰਜ਼ੀ ਨਹੀਂ ਸੀ। ਆਪਣੀ ਮਰਜ਼ੀ ਨਾ ਪੁਗਾ ઠ ਸਕਣ ਦੇ ਦੋਸ਼ ਤੋਂ ਵੀ ਇਹ ਸਮੂਹ ਆਪਣੇ ਆਪ ਨੂੰ ਲਾਂਭੇ ਨਹੀਂ ਰੱਖ ਸਕਦਾ। ਪ੍ਰਤੱਖ ਹੀ ਜਿਸ ਧਰਤ ਨੇ ਜਨਮਦਾਤੀ ਹੋਣ ਦਾ ਕਰਤੱਵ ਨਿਭਾਇਆ ਉਸ ਦੀ ਅਣਖ ਨੂੰ ਸੁਰੱਖਿਅਤ ਰੱਖਣ ਵਿਚ ਕਿਰਸਾਨੀ ਤੇ ਕਿੱਤਾਕਾਰੀ ਦਾ ਸਮੂਹ ਅਣਗਹਿਲੀ ਦਾ ਭਾਗੀ ਜ਼ਰੂਰ ਰਿਹਾ ਹੈ। ਗੁਰੂ ਨਾਨਕ ਦੀ ਪ੍ਰਤਿਭਾ ਨੇ ਜੋ ਮਾਪਦੰਡ ਨਿਰਧਾਰਿਤ ઠ ਕੀਤਾ, ਉਸ ਤੋਂ ਤਾਂ ਇਹੋ ਪ੍ਰਤੀਤ ਹੁੰਦਾ ਹੈ।
       ਪਾਣੀ ਜਿਸ ਨੂੰ ਗੁਰੂ ਨਾਨਕ ਨੇ ਪਿਤਾ ਹੋਣ ਦਾ ਮਾਣ ਬਖ਼ਸ਼ਿਆ, ਉਸ ਨਾਲ ਵੀ ਘੱਟ ਬੁਰਾ ਨਹੀਂ ਹੋਇਆ। ਧਰਤ ਨੂੰ ਝੋਨਾ ਅਤੇ ਕਣਕ ਉਗਾਉਣ ਤੱਕ ਮਜਬੂਰ ਕਰਕੇ ਪਾਣੀ ਦੀ ਇਉਂ ਬੇਹਿਸਾਬ ਦੁਰਵਰਤੋਂ ਕੀਤੀ ਹੈ ਜਿਵੇਂ ਖਾਸ ਕਰਕੇ ਮਿੱਥਕ ਕਥਾਵਾਂ ਵਿਚ ਪ੍ਰਚੱਲਿਤ ਪਿਤਾ ਪੁਰਖ ਤੋਂ ਪੂਰਵ ਜਨਮ ਜਨਮਾਂਤਰ ਦਾ ਬਦਲਾ ਲੈਣਾ ਹੋਵੇ। ਨਤੀਜਾ ਇਹ ਹੋਇਆ ਹੈ ਕਿ ਇਸ ਨੂੰ ਧਰਤ ਦੇ ਗਰਭ ਵਿਚ ਨੀਵੇਂ ਤੋਂ ਨੀਵੇਂ ਧਰਾਤਲ 'ਚ ਛੁਪਣਾ ਪੈ ਰਿਹਾ ਹੈ। ਇਉਂ ਦਾ ਵਰਤਾਰਾ ਹੈ ਇਹ ਜਿਵੇਂ ਕੋਈ ਪਿਉ ਪੁੱਤਾਂ ਦੇ ਵੈਰ-ਵਿਰੋਧ ਦਾ ਮਾਰਿਆ ਆਪਣੀ ਬੀਵੀ ਨੂੰ ਮਾਂ ਜਾਣ ਉਸ ਦੀ ਸ਼ਰਨ ਭਾਲਦਾ ਹੋਵੇ। ਸਭਿਅਤਾਵਾਂ ਦੇ ਆਰੰਭ ਵਿਚ ਹੜ੍ਹਾਂ ਦੇ ਰੂਪ ਵਿਚ ਪਿਓ ਦੇ ਕ੍ਰੋਧ ਤੋਂ ਆਤੁਰ ਪੁੱਤ ਮਾਂ ਦੀ ਗੋਦ ਵਿਚ ਸ਼ਰਨ ਭਾਲਦੇ ਸਨ। ਪਾਣੀ ਨਾਲ ਜੋ ਹੁਣ ਹੋ ਰਿਹਾ, ਉਸ ਤੋਂ ਇਉਂ ਲਗਦਾ ਜਿਵੇਂ ਪੁਰਾਤਨ ਮਿੱਥ ਉਲਟਬਾਜ਼ੀ ਲਾ ਕੇ ਆਪਣੇ ਆਪ ਨੂੰ ਦੁਹਰਾ ਰਹੀ ਹੋਵੇ। ਗੁਰੂ ਨਾਨਕ ਨੇ ਜੋ ਉਸਾਰੂ ਨਾਤਾ ਜੋੜਿਆ ਸੀ ਧਰਤ ਨੂੰ ਪਾਣੀ ਦੀ ਬਦੌਲਤ ਕਿਰਸਾਨੀ ਤੇ ਕਿੱਤਕਾਰੀ ਦੀ ਖੁਸ਼ਹਾਲੀ ਖਾਤਰ, ਉਹ ਪੰਜਾਬ ਵਿਚ ਤਾਂ ਮੂਧੇ ਮੂੰਹ ਹੋ ਗਿਆ ਪ੍ਰਤੀਤ ਹੁੰਦਾ ਹੈ। ਇਸ ਨਾਲ ਪਾਣੀ ਹੀ ਨਿੱਸਲ ਨਹੀਂ ਹੋ ਰਿਹਾ, ਧਰਤ ਵੀ ਖੁਸ਼ਕ ਤੇ ਸੱਤਾਹੀਣ ਹੋ ਰਹੀ ਹੈ। ਉਹ ਵੇਈਂ ਨਦੀ ਜਿਸ ਵਿਚ ਗੁਰੂ ਨਾਨਕ ਟੁੱਬੀ ਮਾਰ ਕੇ ਕਈ ਦਿਨ ਲੋਪ ਰਹੇ ਸਨ ਅਤੇ ਫੇਰ 'ਨਾ ਹਿੰਦੂ ਨਾ ਮੁਸਲਮਾਨ' ਦਾ ਸੰਦੇਸ਼ ਦਿੰਦੇ ਪ੍ਰਗਟ ਹੋਏ ਸਨ, ਵੀ ਗੰਧਲੇਪਣ ਦੀਆਂ ਹੱਦਾਂ ਪਾਰ ਕਰ ਗਈ ਸੀ। ਉਸ ਸਮੇਂ ਲਹਿਰ ਬਹਿਰ ਹੋਣ ਦੀ ਭਾਅ ਦਿੰਦਾ ਇਹ ਵਗਦਾ ਸੀ ਅਤੇ ਗੁਰੂ ਸਾਹਿਬ ਨੂੰ ਚੁੱਭੀ ਮਾਰਨ ਲਈ ਪ੍ਰੇਰਿਤ ਕਰਦਾ ਸੀ, ਉਸ ਦੀ ਤਾਂ ਨਾਂਮਾਤਰ ਕਨਸੋਅ ਵੀ ਨਹੀਂ ਆਉਂਦੀ।
       ਪਵਨ ਨਾਲ ਵੀ ਇਹੋ ਕੁਝ ਹੋ ਰਿਹਾ ਹੈ, ਭਾਵੇਂ ਧਰਤ ਅਤੇ ਪਾਣੀ ਵਾਲੀ ਤਰਸਯੋਗ ਹਾਲਤ ਨੂੰ ਇਹ ਅਜੇ ਨਹੀਂ ਪਹੁੰਚੀ। ਕਿਰਸਾਨੀ ਲਈ ਨਵੀਨ, ਅਸਲ ਵਿਚ ਨਵੀਆਂ ਘਾਤਕ ਨੀਤੀਆਂ ਘੜਨ ਵਾਲੇ ਪਏ ਪਰਾਲੀ ਸਾੜਨ ਨੂੰ ਮੁੱਖ ਦੋਸ਼ੀ ਸਮਝਣ ਪਰ ਅਸਲ ਵਿਚ ਕਾਰਖਾਨਿਆਂ, ਆਵਾਜਾਈ ਦੇ ਸਾਧਨਾਂ ਨੇ ਤਾਜ਼ਾ ਹਵਾਵਾਂ ਨੂੰ ਭਰਿਸ਼ਟ ਕਰ ਰਹੇ ਮਾਰੂ ਹਥਿਆਰਾਂ ਆਦਿ ਦੇ ਸਿਰ ਇਸ ਦਾ ਦੋਸ਼ ਵਧੇਰੇ ਆਉਂਦਾ ਹੈ। ਥਾਪਣ ਨੂੰ ਉਥਾਪਣ ਨਾਲੋਂ ਨਿਖੇੜ ਕੇ ਦੇਖਣ ਦੀ ਜੋ ਉਪਰੋਂ ਪੰਡਤਾਊ, ਵਿਚੋਂ ਖੋਖਲੀ ਪ੍ਰਥਾ ਜੋ ਵਿਆਪਕ ਬਣ ਚੁੱਕੀ ਹੈ, ਉਹ ਇਨ੍ਹਾਂ ਪੱਖਾਂ ਨੂੰ ਨੀਝ ਹੇਠ ਲਿਆਉਣ ਦੀ ਖੇਚਲ ਨਹੀਂ ਕਰਦੀ। ਕਿੰਨਾ ਸਰਾਪਿਆ ਹੋਵੇਗਾ ਉਹ ਸਮਾਂ ਜਦ ਧਰਤ 'ਤੇ ਹਰਿਆਵਲ ਲਈ ਨਦੀਆਂ ਨੀਰ-ਵਿਛੁੰਨੀਆਂ ਵਿਚ ਤਾਜ਼ਾ ਪਾਣੀ ਲਈ ਤਰਸਦੇ ਜੀਅ-ਜੰਤ ਤਾਜ਼ਾ ਪਵਨ ਦੇ ਵਰੋਲਿਆ ਦੀ ਵੀ ਨਿਸਫਲ ਉਡੀਕ ਕਰਿਆ ਕਰਨਗੇ।
       ਹਾਲਾਤ ਜੋ ਬਣ ਰਹੇ ਹਨ, ਉਸ ਅਨੁਸਾਰ ਤਾਂ ਮੰਡੀ ਸਵੈ-ਚਾਲਕ ਹੋ ਨਿਬੜੇਗੀ। ਇਸ ਦੀ ਚਾਲ ਵਿਚ ਜਿਨ੍ਹਾਂ ਅਰਬਪਤੀਆਂ, ਜ਼ਖ਼ੀਰੇਦਾਰਾਂ, ਰਾਜਸੀ ਨੇਤਾਵਾਂ, ਉਨ੍ਹਾਂ ਦਾ ਲਾਹਾ ਲੈਣ ਵਾਲਿਆਂ ਆਦਿ ਦੀਆਂ ਗਿਣਤੀਆਂ ਮਿਣਤੀਆਂ ਸਵੈ-ਚਾਲਕ ਮੰਡੀ ਦੀਆਂ ਚਾਲਾਂ ਅਨੁਸਾਰ ਨਿਭਣਗੀਆਂ, ਉਨ੍ਹਾਂ ਦਾ ਜਿਉਣਾ ਹੀ ਦੁੱਭਰ ਹੋਣੋਂ ਬਚ ਸਕੇਗਾ। ਇਹ ਵੱਖਰੀ ਗੱਲ ਕਿ ''ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ'' ਵਿਚ ਨਗੀਨਿਆਂ ਵਾਂਗ ਜੜੇ ਤੇ ਫੁੱਲਾ ਵਾਂਗ ਟਹਿਕਦੇ ਮਹਿਕਦੇ, ਸੰਦੇਸ਼ ਦੀ ਕੋਈ ਸਾਰ ਨਹੀਂ ਹੋਵੇਗੀ। ਸਮੂਹ ਲੋਕਾਈ ਨੂੰ ਇਸ ਅਨੁਸਾਰ ਨਾ ਨਿਭਣ ਦਾ ਝੋਰਾ ਜ਼ਰੂਰ ਲਗਦਾ ਰਹੇਗਾ। ਇਸ ਝੋਰੇ ਦੇ ਬੋਝ ਤੋਂ ਨਿਰਮਲ, ਪਰ ਨਿਰਬਲ ਕਾਮਨਾ ਪਲ ਭਰ ਲਈ ਹੀ ਨਿਜਾਤ ਦਿਵਾਉਣ ਲਈ, ਉਨ੍ਹਾਂ ਦਾ ਧਿਆਨ, ਗੁਰੂ ਨਾਨਕ ਦੀਆਂ
ਹੇਠਲੀਆਂ ਸਤਰਾਂ ਵੱਲ ਵੀ ਦਿਵਾਉਂਦੀ ਰਹੇਗੀ :

ਨਾਨਕ ਦੁਨੀਆ ਕੈਸੀ ਹੋਈ॥
ਸਾਲਕੁ ਮਿਤੁ ਨ ਰਹਿਓ ਕੋਈ॥
ਭਾਈ ਬੰਧੀ ਹੇਤੁ ਚੁਕਾਇਆ॥
ਦੁਨੀਆ ਕਾਰਣਿ ਦੀਨੁ ਗਵਾਇਆ॥

ਗੁਰੂ ਸਮੇਤ ਬਾਬਾ ਵੱਲੋਂ ਮੁਖ਼ਾਤਿਬ ਹੁੰਦੇ ਨਾਨਕ ਦਾ ਉਪਰੋਕਤ ਸ਼ਬਦ ਵਿਚ ਕਲਮਬੰਦ ਫ਼ਿਕਰ ''ਦੁਖ ਦਾਰੂ ਸੁਖ ਰੋਗ ਭਇਆ'' ਕਾਰਗਰ ਸਿੱਧ ਵੀ ਹੋ ਸਕਦਾ ਹੈ।
ਸੰਪਰਕ : 98150-86016 (ਵਟਸਐਪ)