ਦੁਨੀਆ ਦਾ ਹਰ ਹੱਕ ਹਰ ਕਿਸੇ ਲਈ ਬਰਾਬਰ ਹੋਣਾ ਚਾਹੀਦੈ - ਜਤਿੰਦਰ ਪਨੂੰ

ਜਿਹੜੇ ਯੁੱਗ ਵਿੱਚ ਅਸੀਂ ਲੋਕ ਰਹਿ ਰਹੇ ਹਾਂ, ਇਹ ਉਨ੍ਹਾਂ ਰਾਜਿਆਂ ਦੇ ਰਾਜ ਤੋਂ ਵੱਖਰੀ ਕਿਸਮ ਦਾ ਹੈ, ਜਿਨ੍ਹਾਂ ਦੇ ਮੂੰਹ ਤੋਂ ਨਿਕਲਿਆ ਹਰ ਲਫਜ਼ ਹੀ ਕਾਨੂੰਨ ਹੁੰਦਾ ਸੀ। ਅੱਜ ਵੀ ਇਹੋ ਜਿਹੇ ਰਾਜੇ ਕਈ ਦੇਸ਼ਾਂ ਵਿੱਚ ਹਨ, ਪਰ ਉਨ੍ਹਾਂ ਦੇਸ਼ਾਂ ਵਿਚ ਵੀ ਕੁਝ ਨਾ ਕੁਝ ਹੱਦਾਂ ਰੱਖਣੀਆਂ ਪੈਂਦੀਆਂ ਹਨ। ਫਿਰ ਵੀ ਜਿਹੜੀਆਂ ਖੁੱਲ੍ਹਾਂ ਤੇ ਜਿੰਨੇ ਅਧਿਕਾਰ ਲੋਕਤੰਤਰੀ ਦੇਸ਼ਾਂ ਵਿੱਚ ਲੋਕਾਂ ਨੂੰ ਦੇਣੇ ਜ਼ਰੂਰੀ ਸਮਝੇ ਜਾਂਦੇ ਹਨ, ਉਹ ਕਿਸੇ ਵੀ ਹੋਰ ਰਾਜ ਤੋਂ ਵਧੇਰੇ ਤੇ ਵਡੇਰੇ ਹਨ। ਲੋਕਤੰਤਰੀ ਦੇਸ਼ਾਂ ਦੀ ਹਰ ਸਰਕਾਰ ਨੂੰ, ਉਹ ਬਿਨਾਂ ਸ਼ੱਕ ਕਿਸੇ ਖਾਸ ਧਰਮ ਜਾਂ ਸੋਚ ਦੀ ਧਾਰਨਾ ਨਾਲ ਅੱਗੇ ਆਈ ਹੋਵੇ, ਜੇ ਉਸ ਸਰਕਾਰ ਨੇ ਲੋਕਤੰਤਰ ਦਾ ਭਰਮ ਰੱਖਣਾ ਹੈ, ਤਾਂ ਉਸ ਨੂੰ ਕੁਝ ਏਦਾਂ ਦੇ ਹੱਕ ਆਪਣੇ ਲੋਕਾਂ ਲਈ ਐਲਾਨ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ, ਜਿਹੜੇ ਰਾਜਿਆਂ ਜਾਂ ਫੌਜੀ ਤਾਨਾਸ਼ਾਹਾਂ ਜਾਂ ਇੱਕ ਪਾਰਟੀ ਵਾਲੇ ਰਾਜ ਵਿੱਚ ਨਹੀਂ ਹੋ ਸਕਦੇ। ਭਾਰਤੀ ਸੰਵਿਧਾਨ ਵਿੱਚ ਵੀ ਮੁੱਢਲੇ ਅਧਿਕਾਰਾਂ ਵਿੱਚ ਇਹ ਦਰਜ ਹੈ ਕਿ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦਾ ਧਰਮ ਮੰਨਣ, ਆਪਣੀ ਪਸੰਦ ਦਾ ਸੱਭਿਆਚਾਰ ਮਾਨਣ ਅਤੇ ਕਿਰਤ ਦੀ ਆਜ਼ਾਦੀ ਤੋਂ ਲੈ ਕੇ ਅਦਾਲਤਾਂ ਤੋਂ ਨਿਆਂ ਮੰਗਣ ਅਤੇ ਲੈਣ ਦਾ ਹੱਕ ਹੋਵੇਗਾ। ਇਸ ਤਰ੍ਹਾਂ ਦੇ ਹੱਕ ਬਹੁਤ ਸਾਰੇ ਦੇਸ਼ਾਂ ਵਿੱਚ ਮਿਲ ਜਾਂਦੇ ਹਨ ਅਤੇ ਇਨ੍ਹਾਂ ਹੱਕਾਂ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ।
ਅਜੋਕੇ ਸਮਿਆਂ ਵਿੱਚ ਇਨ੍ਹਾਂ ਅਧਿਕਾਰਾਂ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਵੀ ਗਿਣਿਆ ਜਾਂਦਾ ਹੈ, ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਵੱਖੋ-ਵੱਖ ਵਿਚਾਰ ਹਨ। ਇਨਸਾਨ ਦੇ ਇਸ ਅਧਿਕਾਰ ਨੂੰ ਕੁਝ ਲੋਕ ਇੱਕ ਹਿੰਦੀ ਫਿਲਮ ਦੇ ਗਾਣੇ ਵਿੱਚ 'ਮੈਂ ਚਾਹੇ ਯੇ ਕਰੂੰ, ਮੈਂ ਚਾਹੇ ਵੋ ਕਰੂੰ, ਮੇਰੀ ਮਰਜ਼ੀ' ਦੀ ਹੱਦ ਤੱਕ ਲਿਜਾਣਾ ਚਾਹੁੰਦੇ ਹਨ, ਪਰ ਕੁਝ ਹੋਰ ਲੋਕ ਇਹ ਸਮਝਦੇ ਹਨ ਕਿ ਅਧਿਕਾਰ ਵੀ ਹਰ ਕਿਸੇ ਨੂੰ ਉੱਕੇ-ਪੁੱਕੇ ਨਹੀਂ ਦਿੱਤੇ ਜਾ ਸਕਦੇ। ਕੱਲ੍ਹ ਨੂੰ ਕੋਈ ਆਣ ਕੇ ਕਹੇ ਕਿ ਉਸ ਦਾ ਸੜਕ ਉੱਤੇ ਆਪਣੀ ਮਰਜ਼ੀ ਨਾਲ ਗੱਡੀ ਸੱਜੇ-ਖੱਬੇ ਜਿੱਧਰ ਜੀਅ ਕਰੇ, ਚਲਾਉਣ ਦਾ ਅਧਿਕਾਰ ਹੈ ਤਾਂ ਉਸ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਅਤੇ ਜੇ ਦੇ ਦਿੱਤਾ ਤਾਂ ਉਹ ਆਪ ਵੀ ਮਰ ਸਕਦਾ ਹੈ ਤੇ ਕਈ ਹੋਰ ਲੋਕਾਂ ਲਈ ਮੌਤ ਦਾ ਕਾਰਨ ਵੀ ਹੋ ਸਕਦਾ ਹੈ। ਆਮ ਧਾਰਨਾ ਇਹ ਹੈ ਕਿ ਕਿਸੇ ਵੀ ਵਿਅਕਤੀ ਦੀ ਆਜ਼ਾਦੀ ਕਿਸੇ ਦੂਸਰੇ ਵਿਅਕਤੀ ਦੀ ਆਜ਼ਾਦੀ ਤੇ ਉਸ ਦੇ ਅਧਿਕਾਰਾਂ ਦਾ ਘਾਣ ਕਰਨ ਤੱਕ ਜਾਣ ਵਾਲੀ ਨਹੀਂ ਹੋ ਸਕਦੀ। ਵਿਚਾਰ ਪ੍ਰਗਟਾਵੇ ਦਾ ਅਧਿਕਾਰ ਵੀ ਬਹੁਤ ਚੰਗਾ ਹੈ ਅਤੇ ਅਸੀਂ ਸਮਝਦੇ ਹਾਂ ਕਿ ਇਸ ਦਾ ਸਤਿਕਾਰ ਹੋਣਾ ਚਾਹੀਦਾ ਹੈ, ਪਰ ਇਹ ਵੀ ਦੂਸਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਲਾਉਣ ਤੱਕ ਨਾ ਜਾਵੇ, ਇਸ ਦਾ ਖਿਆਲ ਇਹ ਅਧਿਕਾਰ ਵਰਤਣ ਵਾਲੇ ਲੋਕਾਂ ਨੂੰ ਵੀ ਰੱਖਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ। ਏਸੇ ਤਰ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਵੀ ਇੱਕ-ਦੂਸਰੇ ਧਰਮ ਦੇ ਬਾਰੇ ਟਿਪਣੀ ਕਰਨ ਤੋਂ ਸੰਕੋਚ ਕਰਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ, ਪਰ ਵੇਖਿਆ ਇਹ ਜਾਂਦਾ ਹੈ ਕਿ ਧਰਮਾਂ ਦੇ ਪੈਰੋਕਾਰ ਹੀ ਆਪਣੇ ਧਰਮ ਨੂੰ ਵੱਡਾ ਅਤੇ ਚੰਗੇਰਾ ਤੇ ਦੂਸਰਿਆਂ ਦੇ ਧਰਮ ਨੂੰ ਹੀਣਾ ਮੰਨ ਕੇ ਟਿਪਣੀਆਂ ਕਰਨ ਲੱਗਦੇ ਹਨ।
ਇਸ ਵਕਤ ਇਹ ਮੁੱਦਾ ਬਹਿਸ ਦਾ ਵਿਸ਼ਾ ਇਸ ਲਈ ਬਣ ਰਿਹਾ ਹੈ ਕਿ ਫਰਾਂਸ ਦੇ ਇੱਕ ਅਖਬਾਰ ਨੇ ਇਸਲਾਮ ਦੇ ਮੋਢੀ ਪੈਗੰਬਰ ਮੁਹੰਮਦ ਸਾਹਿਬ ਦਾ ਕਾਰਟੂਨ ਛਾਪਿਆ ਅਤੇ ਇੱਕ ਬਿਖੇੜਾ ਪੈ ਗਿਆ ਹੈ। ਇਸ ਬਿਖੇੜੇ ਦੀ ਸ਼ੁਰੂਆਤ ਫਰਾਂਸ ਤੋਂ ਨਹੀਂ ਹੋਈ, ਪਹਿਲੀ ਵਾਰ ਏਦਾਂ ਦਾ ਸਕੈੱਚ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਚਲੇ ਇੱਕ ਅਖਬਾਰ ਨੇ ਛਾਪਿਆ ਸੀ, ਜਿਸ ਨਾਲ ਉਹ ਕੱਟੜਪੰਥੀ ਸੰਗਠਨਾਂ ਦੇ ਨਿਸ਼ਾਨੇ ਉੱਤੇ ਆ ਗਿਆ ਸੀ। ਜਿਹੜਾ ਡੇਵਿਡ ਕੋਲਮੈਨ ਹੇਡਲੀ ਭਾਰਤ ਦੇ ਮੁੰਬਈ ਵਿੱਚ ਹੋਏ ਦਹਿਸ਼ਤਗਰਦ ਹਮਲੇ ਲਈ ਦੋਸ਼ੀ ਮੰਨਿਆ ਜਾਂਦਾ ਹੈ, ਉਹ ਕੋਪਨਹੇਗਨ ਦੇ ਉਸੇ ਅਖਬਾਰ ਦੀ ਟੋਹ ਲੈਣ ਦੀ ਕੋਸ਼ਿਸ਼ ਵਿੱਚ ਫੜਿਆ ਗਿਆ ਸੀ। ਉਸ ਦੇ ਬਾਅਦ ਉਹ ਹੀ ਸਕੈੱਚ ਫਰਾਂਸ ਦੇ ਸ਼ਾਰਲੀ ਹੈਬਦੋ ਨੇ ਛਾਪ ਦਿੱਤਾ ਅਤੇ ਇੱਕ ਦਿਨ ਉਸ ਅਖਬਾਰ ਦੇ ਦਫਤਰ ਉੱਤੇ ਹਮਲਾ ਕਰ ਕੇ ਬਾਰਾਂ ਬੰਦੇ ਮਾਰ ਦਿੱਤੇ ਤੇ ਗਿਆਰਾਂ ਜ਼ਖਮੀ ਕਰ ਦਿੱਤੇ ਗਏ ਸਨ। ਸ਼ਾਰਲੀ ਹੈਬਦੋ ਅਖਬਾਰ ਨੇ ਇਸ ਹਮਲੇ ਦੇ ਬਾਅਦ ਵੀ ਇਹੋ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਉਨ੍ਹਾਂ ਨੂੰ ਫਰਾਂਸ਼ ਦੇ ਸੰਵਿਧਾਨ ਨੇ ਦਿੱਤਾ ਹੈ ਅਤੇ ਉਹ ਇਸ ਹੱਕ ਦੀ ਵਰਤੋਂ ਕਰਦੇ ਰਹਿਣਗੇ। ਪਿਛਲੇ ਮਹੀਨ ਫਿਰ ਤੋਂ ਫਰਾਂਸ ਵਿੱਚ ਇਹ ਮੁੱਦਾ ਓਦੋਂ ਭਖ ਪਿਆ, ਜਦੋਂ ਇੱਕ ਟੀਚਰ ਨੇ ਵਿਦਿਆਰਥੀਆਂ ਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਪੜ੍ਹਾਉਂਦੇ ਸਮੇਂ ਮੁਹੰਮਦ ਸਾਹਿਬ ਦਾ ਉਹੋ ਕਾਰਟੂਨ ਵਿਖਾ ਦਿੱਤਾ ਅਤੇ ਇੱਕ ਵਿਦਿਆਰਥੀ ਵੱਲੋਂ ਘਰ ਜਾ ਕੇ ਦੱਸਣ ਦੇ ਬਾਅਦ ਅਗਲੇ ਦਿਨ ਉਸ ਪਰਵਾਰ ਦੇ ਇੱਕ ਆਦਮੀ ਨੇ ਉਸ ਟੀਚਰ ਦਾ ਗਲ਼ਾ ਜਾ ਵੱਢਿਆ। ਫਿਰ ਫਰਾਂਸ ਵਿੱਚ ਇੱਕ ਪਿੱਛੋਂ ਦੂਜੇ ਥਾਂ ਲਗਾਤਾਰ ਤਿੰਨ ਘਟਨਾਵਾਂ ਹੋ ਗਈਆਂ ਅਤੇ ਭੜਕੇ ਹੋਏ ਕੱਟੜਪੰਥੀਆਂ ਵਿੱਚੋਂ ਕੁਝਨਾਂ ਨੇ ਆਸਟਰੀਆ ਤੇ ਕੈਨੇਡਾ ਵਿੱਚ ਵੀ ਏਦਾਂ ਦਾ ਹਮਲਾ ਜਾ ਕੀਤਾ। ਇਸ ਕਾਰਨ ਇਸ ਮੁੱਦੇ ਦੀ ਬਹਿਸ ਫਿਰ ਤੇਜ਼ ਹੋ ਗਈ ਹੈ।
ਜਿਹੜਾ ਫਰਾਂਸ ਇਸ ਬਹਿਸ ਦਾ ਕੇਂਦਰ ਜਾਪਦਾ ਹੈ, ਉਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਸਾਫ ਕਿਹਾ ਹੈ ਕਿ ਉਹ ਇਸ ਪੱਖ ਵਿੱਚ ਨਹੀਂ ਕਿ ਇਹੋ ਜਿਹੇ ਕਾਰਟੂਬ ਛਾਪੇ ਜਾਣ, ਜਿਨ੍ਹਾਂ ਨਾਲ ਦੂਸਰੇ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਸੱਟ ਵੱਜੇ, ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਵਿਚਾਰ ਪ੍ਰਗਟਾਵੇ ਉੱਤੇ ਰੋਕ ਉਹ ਨਹੀਂ ਲਾਉਣਗੇ। ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਉਨ੍ਹਾਂ ਦੀ ਇਸ ਗੱਲ ਪਿੱਛੋਂ ਉਨ੍ਹਾਂ ਖਿਲਾਫ ਰੋਸ ਪ੍ਰਗਟਾਵੇ ਕੀਤੇ ਅਤੇ ਕਈ ਥਾਂਈਂ ਉਸ ਦਾ ਪੁਤਲਾ ਬਣਾ ਕੇ ਉਸ ਪੁਤਲੇ ਦਾ ਸਿਰ ਵੀ ਕਲਮ ਕੀਤਾ ਹੈ। ਇਹ ਸਭ ਕੁਝ ਓਦੋਂ ਹੋ ਰਿਹਾ ਹੈ, ਜਦੋਂ ਸੰਸਾਰ ਵਿੱਚ ਪਹਿਲਾਂ ਹੀ ਦਹਿਸ਼ਤਗਰਦੀ ਦਾ ਝੱਖੜ ਝੁੱਲਦਾ ਪਿਆ ਹੈ ਅਤੇ ਇਸ ਨੂੰ ਕੋਈ ਇੱਕ-ਦੋ ਦੇਸ਼ ਨਹੀਂ, ਦੁਨੀਆ ਭਰ ਦੇ ਸਾਰੇ ਹੀ ਪ੍ਰਮੁੱਖ ਦੇਸ਼ ਭੁਗਤ ਰਹੇ ਹਨ। ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ ਵੀ ਦਹਿਸ਼ਤਗਰਦੀ ਦੇ ਨਿਸ਼ਾਨੇ ਉੱਤੇ ਹਨ ਤੇ ਰੂਸ ਵਰਗੇ ਦੇਸ਼ ਵਿੱਚ ਵੀ ਇਸ ਨਾਲ ਸੰਬੰਧਤ ਵਰਤਾਰਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਏਸ਼ੀਆ ਵਿੱਚ ਦੂਰ ਦੇ ਦੇਸ਼ਾਂ ਨੂੰ ਕੀ ਕਹਿਣਾ, ਭਾਰਤ ਤੇ ਇਸ ਦੇ ਗਵਾਂਢ ਵਾਲੇ ਸ੍ਰੀਲੰਕਾ ਤੇ ਬੰਗਲਾ ਦੇਸ਼ ਵੀ ਇਸ ਦਾ ਸੰਤਾਪ ਹੰਢਾਉਂਦੇ ਪਏ ਹਨ। ਪਾਕਿਸਤਾਨ ਦਾ ਜ਼ਿਕਰ ਅਸੀਂ ਇਸ ਲਈ ਨਹੀਂ ਕੀਤਾ ਕਿ ਉਹ ਖੁਦ ਇਸ ਤਰ੍ਹਾਂ ਦੇ ਅੱਤਵਾਦ ਦੀ ਨਰਸਰੀ ਹੈ ਅਤੇ ਜਿਸ ਕਿਸੇ ਦੇਸ਼ ਵਿੱਚ ਏਦਾਂ ਦੀ ਘਟਨਾ ਹੁੰਦੀ ਹੈ, ਹਰ ਥਾਂ ਸਭ ਤੋਂ ਪਹਿਲਾ ਜ਼ਿਕਰ ਪਾਕਿਸਤਾਨ ਦਾ ਹੀ ਹੁੰਦਾ ਹੈ। ਫਰਾਂਸ ਦੀਆਂ ਤਾਜ਼ਾਂ ਘਟਨਾਵਾਂ ਦਾ ਕੋਈ ਦੋਸ਼ੀ ਪਾਕਿਸਤਾਨ ਨਾਲ ਜੁੜਿਆ ਸੀ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਇਸ ਦੌਰਾਨ ਫਰਾਂਸ ਦੀ ਵਿਰੋਧੀ ਧਿਰ ਨੇ ਜ਼ੋਰ ਨਾਲ ਇਹੋ ਮੰਗ ਚੁੱਕੀ ਸੀ ਕਿ ਪਾਕਿਸਤਾਨੀ ਮੂਲ ਦੇ ਲੋਕਾਂ ਦਾ ਏਥੇ ਆਉਣਾ ਬੰਦ ਕਰ ਦਿੱਤਾ ਜਾਵੇ। ਇਸ ਮੰਗ ਦਾ ਅਸਰ ਸੀ ਜਾਂ ਕੋਈ ਹੋਰ ਕਾਰਨ, ਅਗਲੇ ਦਿਨਾਂ ਵਿੱਚ ਫਰਾਂਸ ਦੀ ਸਰਕਾਰ ਨੇ ਇੱਕ ਸੌ ਤਿਰਾਸੀ ਪਾਕਿਸਤਾਨੀ ਲੋਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਅਤੇ ਇੱਕ ਸੌ ਅਠਾਰਾਂ ਜਣਿਆਂ ਨੂੰ ਪਾਕਿਸਤਾਨ ਵੱਲ ਡਿਪੋਰਟ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿਰੁੱਧ ਇਹੋ ਜਿਹੀ ਕਾਰਵਾਈ ਕੀਤੀ ਹੈ, ਪਰ ਮੂ਼ਲ ਮੁੱਦਾ ਓਥੇ ਹੀ ਖੜਾ ਹੈ।
ਸਵਾਲ ਇਸ ਵਕਤ ਸਿਰਫ ਇਸਲਾਮ ਦਾ ਨਹੀਂ, ਦੂਸਰੇ ਧਰਮਾਂ ਵਾਲੇ ਵੀ ਆਪਣੇ ਕਿਸੇ ਭਗਵਾਨ, ਕਿਸੇ ਗੁਰੂ ਜਾਂ ਕਿਸੇ ਨਾਇਕ ਦੇ ਖਿਲਾਫ ਲਿਖੀ ਗਈ ਹਰ ਗੱਲ ਨੂੰ ਆਪਣੇ ਧਰਮ ਉੱਤੇ ਹਮਲਾ ਮੰਨ ਕੇ ਭੜਕ ਪੈਂਦੇ ਹਨ। ਜਿਹੜੇ ਲੋਕਾਂ ਨੂੰ ਆਪਣੇ ਕਿਸੇ ਭਗਤ, ਭਗਵਾਨ, ਗੁਰੂ ਜਾਂ ਨਾਇਕ ਦੇ ਖਿਲਾਫ ਕਹੀ ਗਈ ਕੋਈ ਗੱਲ ਵੀ ਬਰਦਾਸ਼ਤ ਨਹੀਂ ਹੁੰਦੀ, ਉਹ ਖੁਦ ਦੂਸਰਿਆਂ ਦੇ ਖਿਲਾਫ ਹਰ ਗੱਲ ਬਿਨਾਂ ਬ੍ਰੇਕ ਲਾਏ ਤੋਂ ਕਹਿਣਾ ਆਪਣਾ ਹੱਕ ਸਮਝਦੇ ਹਨ। ਲੋਕਤੰਤਰ ਦਾ ਚੰਗਾ ਪੱਖ ਹੀ ਇਹ ਹੈ ਕਿ ਇਸ ਵਿੱਚ ਕਿਸੇ ਇੱਕ ਜਾਂ ਦੂਸਰੇ ਨਾਲ ਵਿਤਕਰਾ ਨਾ ਕਰਨ ਦੀ ਸੋਚ ਹੁੰਦੀ ਹੈ, ਭਾਵੇਂ ਅਮਲ ਵਿੱਚ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਵੀ ਹੁੰਦੀ, ਪਰ ਧਾਰਨਾ ਤਾਂ ਇਹ ਹੁੰਦੀ ਹੈ। ਅਸੀਂ ਜਿਹੜੇ ਲੋਕਤੰਤਰੀ ਯੁੱਗ ਵਿੱਚ ਰਹਿਣ ਦਾ ਮੌਕਾ ਮਾਣਦੇ ਪਏ ਹਾਂ, ਉਸ ਵਿੱਚ ਸਿਰਫ ਆਪਣੇ ਲਈ ਹਰ ਕੋਈ ਹੱਕ ਨਹੀਂ ਮੰਗਿਆ ਜਾ ਸਕਦਾ, ਦੂਸਰੇ ਲੋਕਾਂ ਦੇ ਬਾਰੇ ਵੀ ਇਹ ਸੋਚਣਾ ਪਵੇਗਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਨਾ ਲੱਗੇ। ਵਿਚਾਰਾਂ ਦੇ ਪ੍ਰਗਟਾਵੇ ਸਮੇਤ ਦੁਨੀਆ ਦਾ ਹਰ ਹੱਕ ਸਿਰਫ ਮੇਰੇ ਲਈ ਨਹੀਂ ਹੋਣਾ ਚਾਹੀਦਾ, ਸਭਨਾਂ ਨੂੰ ਉਸ ਦੀ ਗਾਰੰਟੀ ਹੋਣੀ ਚਾਹੀਦੀ ਹੈ ਅਤੇ ਇਹ ਗਾਰੰਟੀ ਸਿਰਫ ਦੇਸ਼ਾਂ ਦੇ ਕਾਨੂੰਨ ਨਹੀਂ ਦੇ ਸਕਦੇ, ਲੋਕਾਂ ਨੂੰ ਵੀ ਆਪੋ-ਆਪਣੀ ਮਾਨਸਿਕਤਾ ਦਾ ਹਿੱਸਾ ਬਣਾਉਣੀ ਚਾਹੀਦੀ ਹੈ।