ਮਿੰਨੀ ਕਹਾਣੀ : 'ਗਰੀਨ ਦੀਵਾਲੀ' - ਕੰਵਲਜੀਤ ਕੌਰ ਢਿੱਲੋਂ

ਰਾਜੂ ਕਾਪੀ ਪੈੱਨ ਲੈ ਕੇ ਦਾਦੀ ਦੇ ਕਮਰੇ ਵਿਚ ਆ ਗਿਆ ਅਤੇ ਦਾਦੀ ਨੂੰ ਗਲਵੱਕੜੀ ਪਾ ਕੇ ਕਹਿਣ ਲੱਗਾ 'ਦਾਦੀ ਜੀ ਅੱਜ ਸਾਡੀ ਟੀਚਰ ਨੇ ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਵਿਸ਼ੇ 'ਤੇ ਲੇਖ ਲਿਖਣ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਵੀ ਕਿਹਾ ਹੈ। ਦਾਦੀ ਜੀ ਇਸ ਵਾਰੀ ਆਪਾਂ ਸਾਰੇ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾਵਾਂਗੇ'। ਦਾਦੀ ਨੇ ਹੈਰਾਨੀ ਨਾਲ ਪੁੱਛਿਆ 'ਪੁੱਤਰ ਜੀ ਇਹ ਗਰੀਨ ਦੀਵਾਲੀ ਕੀ ਹੁੰਦੀ ਹੈ ਤਾਂ ਰਾਜੂ ਨੇ ਦਾਦੀ ਮਾਂ ਨੂੰ ਕਿਹਾ ਕਿ ਟੀਚਰ ਨੇ ਸਾਨੂੰ ਕਿਹਾ ਹੈ ਕਿ ਅਸੀਂ ਸਾਰੇ ਦੀਵਾਲੀ 'ਤੇ ਪਟਾਕੇ ਚਲਾਉਣ ਦੀ ਬਜਾਇ ਰੁੱਖ ਲਗਾਵਾਂਗੇ। ਦਾਦੀ ਤੁਹਾਨੂੰ ਪਤਾ ਪਟਾਕਿਆਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਜਿਸ ਨਾਲ ਸਾਹ ਦੇ ਮਰੀਜ਼ਾਂ, ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਉਥੇ ਹੀ ਰੁੱਖ ਸਾਨੂੰ ਧੁੱਪ ਵਿਚ ਛਾਂ ਦਿੰਦੇ ਹਨ। ਖਾਣ ਲਈ ਫ਼ਲ ਦਿੰਦੇ ਹਨ ਤੇ ਸਭ ਤੋਂ ਵੱਡੀ ਗੱਲ ਸਾਹ ਲੈਣ ਲਈ ਆਕਸੀਜਨ ਪ੍ਰਦਾਨ ਕਰਦੇ ਹਨ। ਦਾਦੀ ਜੀ ਟੀਚਰ ਇਹ ਵੀ ਕਹਿੰਦੇ ਹਨ ਕਿ ਦੀਵਾਲੀ 'ਤੇ ਬੇਧਿਆਨੀ ਨਾਲ ਚਲਾਏ ਪਟਾਕਿਆਂ ਨਾਲ ਕਈ ਵਾਰ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਦਾਦੀ ਜੀ ਮੈਂ ਆਪਣੇ ਟੀਚਰ ਅਤੇ ਸਾਰੀ ਕਲਾਸ ਦੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਦੀਵਾਲੀ ਵਾਲੇ ਦਿਨ ਮੇਰੀ ਭੂਆ ਜੀ ਅਨਾਰ ਚਲਾਉਂਦਿਆਂ ਅਨਾਰ ਵਿਚਲੇ ਬੰਬ ਦੇ ਵਿਸਫੋਟ ਨਾਲ ਸੁਣਨ ਸ਼ਕਤੀ ਅਤੇ ਅੱਖਾਂ ਦੀ ਰੌਸ਼ਨੀ ਗੁਆ ਬੈਠੇ। ਦਾਦੀ ਨਾਲ ਦੇ ਮੰਜੇ 'ਤੇ ਸੁੱਤੀ ਪਈ ਆਪਣੀ ਧੀ ਰੌਸ਼ਨੀ ਦੇ ਸਿਰ 'ਤੇ ਹੱਥ ਫੇਰਦਿਆਂ ਸੋਚ ਰਹੀ ਸੀ ਕਿ ਕਾਸ਼ ਇਹ 'ਗਰੀਨ ਦੀਵਾਲੀ' ਮਨਾਉਣ ਦਾ ਫ਼ੈਸਲਾ ਕੁਝ ਸਾਲ ਪਹਿਲਾਂ ਲਿਆ ਹੁੰਦਾ ਤਾਂ ਅੱਜ ਉਸ ਦੀ ਧੀ ਰੌਸ਼ਨੀ ਦੀ ਜਿੰਦਗੀ ਵਿਚ ਇੰਝ ਹਨੇਰਾ ਨਾ ਪਸਰਦਾ। ਰਾਜੂ ਹੁਣ ਦਾਦੀ ਦੇ ਕੋਲ ਬੈਠਾ ਲੇਖ ਲਿਖ ਰਿਹਾ ਸੀ ਕਿ 'ਰੌਸ਼ਨੀਆਂ ਦਾ ਤਿਓਹਾਰ ਦੀਵਾਲੀ'

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
9478793231
Email:kanwaldhillon16@gmail.com