ਗਊ ਗਣਤੰਤਰ - ਗੁਰਮੀਤ ਸਿੰਘ ਪਲਾਹੀ

ਮੂਲ : ਕਾਂਚਾ ਇਲਿਆਹ ਸ਼ੈਫਰਡ
ਅਨੁ : ਗੁਰਮੀਤ ਪਲਾਹੀ

ਦੁਨੀਆ 'ਚ ਇੱਕੋ-ਇੱਕ ਵਚਿੱਤਰ ਦੇਸ਼ ਹੈ ਭਾਰਤ ਮਹਾਨ, ਜਿੱਥੇ ਇੱਕ ਜਾਨਵਰ (ਜੀਵ) ਦੀ ਰੱਖਿਆ ਲਈ ਤਾਂ ਕਨੂੰਨ ਬਣੇ ਹੋਏ ਹਨ, ਪਰ ਮਨੁੱਖੀ ਜੀਵ, ਖ਼ਾਸ ਕਰ ਕੇ ਦਲਿਤ ਅਤੇ ਮੁਸਲਿਮ, ਦੀ ਇਸ ਜੀਵ ਕਾਰਨ ਬਲੀ ਹੀ ਚੜ੍ਹਾ ਦਿੱਤੀ ਜਾਂਦੀ ਹੈ। ਹਰਿਆਣੇ ਸੂਬੇ ਦੇ ਝੱਜਰ ਹਲਕੇ 'ਚ ਇੱਕ ਦਲਿਤ ਨੂੰ ਅਟਲ ਬਿਹਾਰੀ ਵਾਜਪਾਈ ਦੇ ਰਾਜ ਵੇਲੇ ਇਸ ਕਰ ਕੇ ਮਾਰ ਦਿੱਤਾ ਗਿਆ ਸੀ ਕਿ ਉਹ ਇੱਕ ਮਰੀ ਹੋਈ ਗਾਂ ਦੀ ਖੱਲ ਉਤਾਰ ਰਿਹਾ ਸੀ। ਹੁਣ ਨਰਿੰਦਰ ਮੋਦੀ ਦੇ ਰਾਜ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਦੀ ਇਸ ਕਰ ਕੇ ਬੁਰੀ ਤਰ੍ਹਾਂ ਮਾਰ-ਕੁੱਟ ਕਰ ਦਿੱਤੀ ਗਈ ਕਿ ਉਹ ਗੁਜਰਾਤ ਵਿੱਚ ਸ਼ੇਰ ਦੁਆਰਾ ਮਾਰੀ ਗਾਂ ਦੀ ਖੱਲ ਉਤਾਰ ਰਹੇ ਸਨ ਅਤੇ ਮੱਧ ਪ੍ਰਦੇਸ਼ 'ਚ ਦੋ ਔਰਤਾਂ ਦੀ ਇਸ ਕਰ ਕੇ ਬੁਰੀ ਗੱਤ ਕੀਤੀ ਗਈ ਕਿ ਉਹ ਮੱਝ ਦਾ ਮਾਸ ਚੁੱਕੀ ਤੁਰੀਆਂ ਆਪਣੇ ਘਰ ਨੂੰ ਜਾ ਰਹੀਆਂ ਸਨ। ਬੀਬੀ ਮਾਇਆਵਤੀ ਨੂੰ ਭੱਦੇ ਸ਼ਬਦਾਂ ਦਾ ਸਾਹਮਣਾ ਇਸ ਕਰ ਕੇ ਕਰਨਾ ਪਿਆ, ਕਿਉਂਕਿ ਉਹ ਦਲਿਤ ਭਾਈਚਾਰੇ ਨਾਲ ਸੰਬੰਧਤ ਹੈ।
ਜੇਕਰ ਸੰਘ ਪਰਵਾਰ ਦਿਲੋਂ-ਮਨੋਂ ਆਖਦਾ ਹੈ ਕਿ ਦਲਿਤ ਭਾਈਚਾਰਾ ਭਾਰਤੀ ਰਾਸ਼ਟਰ ਦਾ ਅਟੁੱਟ ਹਿੱਸਾ ਹੈ ਤਾਂ ਉਨ੍ਹਾਂ ਦੇ ਰਾਜ ਦੇ ਥੋੜ੍ਹੇ ਜਿਹੇ ਸਮੇਂ 'ਚ ਇਹੋ ਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ? ਕੀ ਦਲਿਤਾਂ ਦੀ ਚਮੜੀ ਗਾਂਵਾਂ ਦੀ ਖੱਲ ਦੇ ਤੁਲ ਹੈ? ਇਸ ਵਿਚਾਰਧਾਰਾ ਦੀਆਂ ਜੜ੍ਹਾਂ ਆਖ਼ਿਰ ਹੈਨ ਕਿੱਥੇ?
ਡਾ. ਬੀ ਆਰ ਅੰਬੇਡਕਰ ਅਤੇ ਦਲਿਤਾਂ ਦੇ ਸੰਘਰਸ਼ ਕਾਰਨ ਇਨ੍ਹਾਂ (20 ਕਰੋੜ) ਲੋਕਾਂ ਨੂੰ ਦੁਨੀਆ ਭਰ 'ਚ ਪਹਿਚਾਣ ਮਿਲੀ ਅਤੇ ਸਮਾਜਿਕ ਰੁਤਬਾ ਹਾਸਲ ਹੋਇਆ ਸੀ। ਜਦੋਂ 2001 'ਚ ਛੂਆ-ਛਾਤ, ਜਾਤ-ਬਰਾਦਰੀ ਦੇ ਵਿਤਕਰੇ, ਰੰਗ-ਨਸਲ ਦੇ ਵਖਰੇਵੇਂ ਸੰਬੰਧੀ ਯੂ ਐੱਨ ਓ ਵੱਲੋਂ ਕਾਨਫ਼ਰੰਸ ਕਰ ਕੇ ਇਸ ਦਾ ਹੱਲ ਲੱਭਣ ਦਾ ਉਪਰਾਲਾ ਹੋਇਆ ਤਾਂ ਉੱਚੀ ਜਾਤੀ ਦੇ ਲੋਕਾਂ ਨੇ ਵਾਹਵਾ ਹੋ-ਹੱਲਾ ਕੀਤਾ। ਉਸ ਵੇਲੇ ਦੀ ਐੱਨ ਡੀ ਏ ਸਰਕਾਰ ਨੇ ਇਸ ਮਸਲੇ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਇਸ ਨੂੰ ਭਾਰਤੀ ਸੰਵਿਧਾਨ ਅਨੁਸਾਰ ਸੁਲਝਾਇਆ ਜਾਵੇਗਾ।
ਉਸ ਵੇਲੇ ਗ਼ੈਰ-ਹਿੰਦੂ ਜਾਤਾਂ ਦੇ ਬੁੱਧੀਜੀਵੀਆਂ, ਜਿਹੜੇ ਵਿਚਾਰਾਂ ਪੱਖੋਂ ਉਦਾਰ ਸੋਚ ਵਾਲੇ ਸਨ, ਨੇ ਇਹ ਗੱਲ ਜ਼ੋਰਦਾਰ ਸ਼ਬਦਾਂ 'ਚ ਕਹੀ ਸੀ ਕਿ ਜਾਤ ਅਤੇ ਛੂਆ-ਛਾਤ ਦੇ ਮਸਲੇ ਨੂੰ ਲੈ ਕੇ ਯੂ ਐੱਨ ਓ ਵਿੱਚ ਜਾਣਾ ਰਾਜਸੀ ਤੌਰ 'ਤੇ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਹੈ। ਕਾਂਗਰਸ ਪਾਰਟੀ, ਜੋ ਉਸ ਵੇਲੇ ਦੇਸ਼ ਦੀ ਵਿਰੋਧੀ ਧਿਰ ਸੀ, ਨੇ ਵੀ ਇਨ੍ਹਾਂ ਹੀ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ।
ਦੁੱਖ ਭਰੀ ਗੱਲ ਇਹ ਸੀ ਕਿ ਕਾਂਗਰਸ ਨੇ ਹੀ ਗਊ ਰੱਖਿਆ ਦੇ ਹੱਕ 'ਚ ਵੱਖੋ-ਵੱਖਰੇ ਰਾਜਾਂ 'ਚ ਕਨੂੰਨ ਬਣਾਉਣੇ ਆਰੰਭੇ, ਜਿਨ੍ਹਾਂ ਨਾਲ ਦਲਿਤ ਅਤੇ ਮੁਸਲਿਮ ਭਾਈਚਾਰੇ ਦੀ ਰੋਜ਼ੀ-ਰੋਟੀ ਖੋਹੀ ਗਈ। ਕਾਂਗਰਸ ਨੇ ਕੇਂਦਰ 'ਚ ਹਾਕਮ ਹੁੰਦਿਆਂ ਇਸ ਕਨੂੰਨ ਨੂੰ ਲਾਗੂ ਨਾ ਕੀਤਾ। ਪੁਲਸ ਨੂੰ ਵੀ ਇਹ ਕਨੂੰਨ ਲਾਗੂ ਕਰਨ ਲਈ ਸੰਜਮ ਵਰਤਣ ਲਈ ਕਿਹਾ ਗਿਆ। ਇਹ ਨਹੀਂ ਕਿ ਉਸ ਵੇਲੇ ਗਊ ਰੱਖਿਅਕ ਹਮਾਇਤੀ ਅਫ਼ਸਰਾਂ ਦੀ ਕਮੀ ਸੀ, ਜਿਨ੍ਹਾਂ ਨੇ ਇਹ ਕੇਸ ਗਊ-ਰੱਖਿਅਕ ਸਕੁਐਡਾਂ ਦੀ ਸਹਾਇਤਾ ਨਾਲ ਦਰਜ ਕਰਨੇ ਸਨ। ਕੁਝ ਅਫ਼ਸਰ ਇਹੋ ਜਿਹੇ ਸਨ, ਪਰ ਉਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਸੀ।
ਐੱਨ ਡੀ ਏ ਦੀ ਦੂਜੀ ਪਾਰੀ 'ਚ ਗਊ-ਰੱਖਿਅਕਾਂ ਦੀ ਚੜ੍ਹ ਮੱਚ ਗਈ, ਕਿਉਂਕਿ ਬੀ ਜੇ ਪੀ ਦੇਸ਼ 'ਚ ਹਾਕਮ ਧਿਰ ਹੈ ਅਤੇ ਇਸ ਨੂੰ ਸਿਰੇ ਦੀ ਰਾਜਸੀ ਤਾਕਤ ਦਾ ਗਰੂਰ ਹੈ। ਇਸ ਵੇਰ ਗਊ ਰੱਖਿਆ ਦਾ ਅਰਥ ਦਲਿਤ ਭੱਖਸ਼ਕ ਬਣਾ ਦਿੱਤਾ ਗਿਆ ਹੈ। ਸੂਬਾ-ਦਰ-ਸੂਬਾ ਗਊ ਰੱਖਿਆ ਲਈ ਸਖ਼ਤ ਕਨੂੰਨ ਬਣਾ ਦਿੱਤੇ ਗਏ ਹਨ। ਇਸ ਅਮਲ ਨੇ ਦਲਿਤਾਂ ਅਤੇ ਮੁਸਲਮਾਨਾਂ ਦੇ ਰੁਜ਼ਗਾਰ ਅਤੇ ਆਰਥਿਕਤਾ ਨੂੰ ਤਕੜੀ ਸੱਟ ਮਾਰੀ ਹੈ।
ਸੰਘ ਪਰਵਾਰ ਦੇ ਪੈਰੋਕਾਰਾਂ ਦੇ ਟੋਲਿਆਂ ਦੇ ਟੋਲੇ ਪ੍ਰਾਈਵੇਟ ਫ਼ੌਜਾਂ, ਗਊ ਰੱਖਿਆ ਸੰਮਤੀਆਂ ਬਣਾ ਕੇ ਹੱਥ ਵਿੱਚ ਹਥਿਆਰ ਫੜ ਕੇ ਸ਼ਰੇਆਮ ਗਊ ਰੱਖਿਆ ਪ੍ਰੋਗਰਾਮ ਨੂੰ ਲਾਗੂ ਕਰਦੇ ਹਨ। ਉਨ੍ਹਾਂ ਹੱਥ ਦਲਿਤਾਂ ਨੂੰ ਕੁੱਟਣ ਲਈ ਡਾਂਗਾਂ ਹਨ। ਦਿਮਾਗ਼ੀ ਤੌਰ 'ਤੇ ਗਊ-ਰੱਖਿਅਕ ਬਣਨ ਦੀ ਟਰੇਨਿੰਗ ਨਾਲ ਲੈਸ ਉਹ ਬਿਨਾਂ ਕਿਸੇ ਡਰ-ਡੁੱਕਰ ਦੇ ਇਹ ਕੰਮ ਕਰਦੇ ਦੇਖੇ ਜਾਂਦੇ ਹਨ। ਅਸਲੋਂ, ਜੇ ਕੋਈ ਦਲਿਤ ਮਰੀ ਹੋਈ ਗਾਂ ਦੀ ਆਪਣੇ ਕਿੱਤੇ ਵਜੋਂ ਖੱਲ ਲਾਹੁੰਦਾ ਹੈ, ਤਾਂ ਗਊ-ਰੱਖਿਅਕਾਂ ਦੀਆਂ 'ਸਟਾਰਟ ਅੱਪ' ਟੀਮਾਂ ਉਨ੍ਹਾਂ ਦੀ ਉਦੋਂ ਤੱਕ ਬੇਰਹਿਮੀ ਨਾਲ ਕੁੱਟ-ਮਾਰ ਕਰਦੀਆਂ ਹਨ, ਜਦੋਂ ਤੱਕ ਉਨ੍ਹਾਂ ਨੌਜਵਾਨਾਂ ਦੀ ਚਮੜੀ ਨਾ ਉੱਧੜ ਜਾਏ। ਪਿਛਲੇ ਦੋ ਵਰ੍ਹਿਆਂ 'ਚ ਇੱਕ ਨਹੀਂ, ਦੋ ਨਹੀਂ, ਦਰਜਨਾਂ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ। ਦੇਸ਼ 'ਚ ਜਿਵੇਂ ਫ਼ਿਰਕੂ ਦੰਗਿਆਂ ਵੇਲੇ ਨਾਹਰਾ ਹੁੰਦਾ ਹੈ; ਮੌਤ ਲਈ ਮੌਤ, ਇਵੇਂ ਹੀ ਦੇਸ਼ 'ਚ ਗਊ-ਰੱਖਿਅਕਾਂ ਦਾ ਨਾਹਰਾ ਗੂੰਜਦਾ ਹੈ; ਗਊ ਚੰਮ ਉਧੇੜਨ ਵਾਲੇ ਦੀ ਆਪਣੀ ਚਮੜੀ ਉਧੇੜ ਦਿਉ।
ਜੇਕਰ ਇਨ੍ਹਾਂ ਪ੍ਰਾਈਵੇਟ ਸਕੁਐਡਾਂ ਦੀ ਇਸ ਅਨੋਖੀ, ਗ਼ੈਰ-ਮਨੁੱਖੀ ਬਿਰਤੀ ਦੀ ਕੋਈ ਵਿਰੋਧਤਾ ਕਰਦਾ ਹੈ ਤਾਂ ਉਸ ਨੂੰ ਗਊ ਮਾਤਾ-ਵਿਰੋਧੀ ਅਤੇ ਭਾਰਤ ਮਾਤਾ-ਵਿਰੋਧੀ ਗਰਦਾਨਿਆ ਜਾਂਦਾ ਹੈ। ਅਜੋਕੀ ਸਮਾਜਿਕ ਵਿਵਸਥਾ ਵਿੱਚ ਇਹ ਵਰਤਾਰੇ ਇੱਕ ਗੰਦੀ ਗਾਲ਼-ਮਾਤਰ ਉੱਭਰ ਕੇ ਸਾਹਮਣੇ ਆਏ ਹਨ।
ਅੰਗਰੇਜ਼ੀ ਟੀ ਵੀ ਚੈਨਲਾਂ ਉੱਤੇ ਮੈਂ ਉਨ੍ਹਾਂ ਲੋਕਾਂ ਦਾ ਵਿਰੋਧ ਕਰਦਾ ਹਾਂ, ਜਿਹੜੇ ਗਊ-ਰੱਖਿਅਕ ਫ਼ੋਰਸ ਅਤੇ ਜਮਹੂਰੀਅਤ ਦੀ ਰਾਖੀ ਕਰਨ ਦੀ ਦਾਅਵੇਦਾਰ ਪਾਰਟੀ ਦੇ ਆਪਸੀ ਸੰਬੰਧਾਂ ਤੋਂ ਇਨਕਾਰੀ ਹੁੰਦੇ ਹਨ। ਉਨ੍ਹਾਂ ਦੇ ਅੰਗਰੇਜ਼ੀ ਬੋਲਣ ਵਾਲੇ ਲੋਕ ਸੋਹਣੇ, ਸੁਲਝੇ, ਨਰਮ ਸ਼ਬਦਾਂ ਨਾਲ ਆਪਣੀ ਗੱਲ ਕਹਿੰਦੇ ਹਨ, ਜਦੋਂ ਕਿ ਦੂਜੀਆਂ ਬਹੁਤੀਆਂ ਭਾਸ਼ਾਵਾਂ ਦੇ ਬੁਲਾਰੇ ਉੱਚੀ ਸੁਰ 'ਚ ਬੋਲ ਕੇ ਬਹਿਸਾਂ ਕਰਦੇ ਹਨ। ਟੀ ਵੀ ਚੈਨਲਾਂ ਦੇ ਮਾਲਕ ਇਸ 'ਤੇ ਖੁਸ਼ੀ ਪ੍ਰਗਟਾਉਂਦੇ ਹਨ, ਕਿਉਂਕਿ ਜਿੰਨਾ ਵੱਧ ਰੌਲਾ-ਰੱਪਾ ਪੈਂਦਾ ਹੈ, ਓਨੇ ਵੱਧ ਲੋਕ ਉਹਨਾਂ ਦਾ ਚੈਨਲ ਦੇਖਦੇ ਹਨ ਤੇ ਇੰਜ ਉਹ ਹਰਮਨ-ਪਿਆਰੇ ਹੋਣ ਦਾ ਹਾਸਲ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਦਲਿਤਾਂ ਦਾ ਭਕਸ਼ਣ ਪੱਕਾ ਹੋ ਨਿੱਬੜਦਾ ਹੈ। ਇਹੋ ਜਿਹੀ ਬਹਿਸ ਵਾਲੇ ਮੂੜ ਵਿੱਚ ਜੇਕਰ ਕੋਈ ਟੀ ਵੀ 'ਤੇ ਬਹਿਸ ਕਰਨ ਲਈ ਉਨ੍ਹਾਂ ਨਾਲ ਉੱਤਰਦਾ ਹੈ, ਭਾਵੇਂ ਉਹ ਨਰਿੰਦਰ ਮੋਦੀ ਹੀ ਕਿਉਂ ਨਾ ਹੋਵੇ, ਜੇਕਰ ਉਹ ਗਊ ਮਾਤਾ ਦਾ ਵਿਰੋਧ ਕਰਦਾ ਹੈ ਤਾਂ ਸਮਝੋ ਉਸ ਦੀ ਸ਼ਾਮਤ ਆਈ ਕਿ ਆਈ!
ਖੱਲ ਬਦਲੇ ਖੱਲ ਵਾਲਾ ਵਤੀਰਾ ਖ਼ਤਰਨਾਕ ਤੇ ਸ਼ਰਮਨਾਕ ਹੈ, ਪਰ ਗਊ ਰਾਖੇ ਇਹ ਮੰਨਦੇ ਹਨ ਕਿ ਗਊ ਮਾਤਾ ਗਣਤੰਤਰ ਵਰਗਾ ਹੋਰ ਕੁਝ ਵੀ ਨਹੀਂ। ਇਹੋ ਉਨ੍ਹਾਂ ਦਾ ਸੱਭਿਆਚਾਰ ਹੈ ਅਤੇ ਇਹੋ ਉਨ੍ਹਾਂ ਦੀ ਵਿਰਾਸਤ। ਉਹ ਕਹਿੰਦੇ ਹਨ ਕਿ ਭਾਰਤੀ ਗਣਤੰਤਰ ਹੀ ਗਊ-ਮਾਤਾ ਦਾ ਧਾਰਨੀ ਹੈ। ਜੇਕਰ ਡਾ. ਅੰਬੇਡਕਰ ਵੀ ਹੁਣ ਜਿਉਂਦੇ ਹੁੰਦੇ ਅਤੇ ਇਸ ਗਊ-ਰੱਖਿਅਕ ਕਨੂੰਨ ਦੀ ਵਿਰੋਧਤਾ ਕਰਦੇ ਤਾਂ ਉਹਨਾ ਨੂੰ ਵੀ ਗਊ ਮਾਤਾ-ਵਿਰੋਧੀ ਅਤੇ ਭਾਰਤ ਮਾਤਾ-ਵਿਰੋਧੀ ਐਲਾਨਿਆ ਜਾਂਦਾ।
ਨਰਿੰਦਰ ਮੋਦੀ ਚੋਣਾਂ ਜਿੱਤਣ ਤੋਂ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਸਾਂਭਣ ਪਿੱਛੋਂ ਬਦਲਿਆ-ਬਦਲਿਆ ਹੋਇਆ ਦਿੱਸਦਾ ਹੈ। ਉਸ ਨੇ ਆਪਣੀ ਮੁਹਿੰਮ ਦੇਸ਼ ਦੇ ਵਿਕਾਸ ਨਾਲ ਜੋੜ ਕੇ 'ਸਬ ਕਾ ਸਾਥ, ਸਬ ਕਾ ਵਿਕਾਸ' ਉੱਤੇ ਕੇਂਦਰਤ ਕਰ ਦਿੱਤੀ ਹੈ। ਇਹ ਹੀ ਕਾਰਨ ਸੀ ਕਿ ਬਹੁਤੇ ਦਲਿਤਾਂ ਅਤੇ ਮੁਸਲਮਾਨਾਂ ਨੇ ਉਸ ਨੂੰ ਵੋਟਾਂ ਦਿੱਤੀਆਂ, ਪਰ ਇਹ ਪ੍ਰਾਈਵੇਟ ਗਊ ਰੱਖਿਅਕ ਸਕੁਐਡ ਉਸ ਦੇ ਰਾਜ ਵਿੱਚ ਬੇਰੋਕ-ਟੋਕ ਕਿਉਂ ਤੁਰੇ ਫਿਰਦੇ ਹਨ?
ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸ਼ਰੇਆਮ ਇਹ ਕਹਿੰਦੇ ਹਨ ਕਿ ਪਿਛਲੇ 10 ਵਰ੍ਹਿਆਂ ਦੇ ਯੂ ਪੀ ਏ ਦੇ ਸ਼ਾਸਨ ਕਾਲ ਵਿੱਚ ਭਾਰਤ 'ਪ੍ਰਧਾਨ ਮੰਤਰੀ' ਤੋਂ ਵਿਰਵਾ ਸੀ ਅਤੇ ਸਾਡੇ ਤਕੜੇ ਚੌੜੀ ਛਾਤੀ ਵਾਲੇ ਪ੍ਰਧਾਨ ਮੰਤਰੀ ਦੀ ਛਤਰੀ ਹੇਠ ਭਾਰਤ ਦਾ ਹਰ ਨਾਗਰਿਕ ਹੁਣ ਸੁਰੱਖਿਅਤ ਹੈ (ਉਹ ਦਲਿਤਾਂ ਤੇ ਮੁਸਲਮਾਨਾਂ ਦਾ ਵੀ ਪ੍ਰਧਾਨ ਮੰਤਰੀ ਹੈ), ਪਰ ਕਿੱਥੇ ਹੁੰਦਾ ਹੈ ਇਹ ਤਾਕਤਵਰ ਪ੍ਰਧਾਨ ਮੰਤਰੀ, ਜਦੋਂ ਦਿਨ-ਪ੍ਰਤੀ-ਦਿਨ 'ਖੱਲ ਲਾਹੁਣ ਬਦਲੇ ਖੱਲ ਲਾਹ ਦਿਉ' ਦੇ ਅਪ੍ਰੇਸ਼ਨ ਹੁੰਦੇ ਹਨ? ਕੀ ਇਹ ਏਜੰਡਾ ਸਮੁੱਚੇ ਸੰਘ ਪਰਵਾਰ ਦਾ ਹੈ?
ਸੰਘ ਪਰਵਾਰ ਦੇ ਕਾਰਕੁਨਾਂ ਨੂੰ ਕਦੇ ਵੀ ਆਰਥਿਕ ਵਿਕਾਸ ਅਤੇ ਹੋਰ ਮੁੱਦਿਆਂ ਪ੍ਰਤੀ ਟਰੇਨਿੰਗ ਨਹੀਂ ਮਿਲਦੀ, ਬਜਾਏ ਕੁਝ ਅੰਗਰੇਜ਼ੀ ਪੜ੍ਹੇ ਬੁਲਾਰਿਆਂ ਦੇ। ਉਨ੍ਹਾਂ ਨੂੰ ਤਾਂ ਕੇਵਲ ਗਊ ਰੱਖਿਆ ਲਈ ਟਰੇਂਡ ਕੀਤਾ ਜਾਂਦਾ ਹੈ। ਹੁਣ ਕੁਝ ਪਰਵਾਸੀ ਭਾਰਤੀ ਵਿਚਾਰਵਾਨਾਂ ਨੇ ਵਿਦੇਸ਼ਾਂ ਤੋਂ ਵਿਕਾਸ ਤੇ  ਰੱਖਿਆ ਦੇ ਮੁੱਦਿਆਂ ਬਾਰੇ ਟਰੇਨਿੰਗ ਲਈ ਹੈ, ਖ਼ਾਸ ਕਰ ਕੇ ਅਮਰੀਕਾ ਤੋਂ, ਪਰ ਸੰਘ ਪਰਵਾਰ ਦੇ ਪੈਰੋਕਾਰਾਂ ਨੂੰ ਕਦੇ ਵੀ ਇਹ ਸਿਖਲਾਈ ਨਹੀਂ ਦਿੱਤੀ ਗਈ ਕਿ ਵਿਕਾਸ ਦਾ ਧੁਰਾ ਮਨੁੱਖ ਹੈ ਤੇ ਉਸ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।
ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਖੱਲ ਲਾਹੁਣ ਬਦਲੇ ਖੱਲ ਲਾਹੁਣ, ਦਲਿਤਾਂ ਨੂੰ ਗਾਲੀ-ਗਲੋਚ ਅਤੇ ਕੁਟਾਪੇ ਦੇ ਹੱਕਦਾਰ ਹੋਣ ਦਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਘੱਟੋ-ਘੱਟ ਹੁਣ ਜਦੋਂ ਕਿ ਇਨ੍ਹਾਂ ਗਾਲ੍ਹਾਂ-ਕੁੱਟਾਂ ਖਾਣ ਵਾਲੇ ਲੋਕਾਂ ਨੇ ਭਾਜਪਾ ਨੂੰ ਹਾਕਮ ਬਣਾਉਣ ਲਈ ਆਪਣੀ ਵੋਟ ਦਿੱਤੀ ਹੈ, ਤਦ ਕੀ ਇਹ ਸੰਭਵ ਨਹੀਂ ਕਿ ਸੰਘ ਪਰਵਾਰ ਆਪਣੇ ਕਾਡਰ ਨੂੰ ਇਹ ਟਰੇਨਿੰਗ ਦੇਵੇ ਕਿ ਪਸ਼ੂਆਂ ਨਾਲੋਂ ਮਨੁੱਖਾਂ ਨੂੰ ਵੱਧ ਆਦਰ-ਸਤਿਕਾਰ ਦਿੱਤਾ ਜਾਣਾ ਬਣਦਾ ਹੈ?

05 Aug. 2016