ਸਦਾਬਹਾਰ ਗਾਇਕਾ-ਸੁਰਿੰਦਰ ਕੌਰ - ਸੁਖਪਾਲ ਸਿੰਘ ਗਿੱਲ

ਅਤੀਤ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਤੱਕ ਜੋ ਆਪਣੀ ਗਾਇਕੀ ਦੌਰਾਨ ਲੋਕ ਦਿਲਾਂ ਵਿੱਚ ਗੂੰਜਦਾ ਰਹਿੰਦਾ ਹੈ,ਉਸ ਨੂੰ ਸਦਾਬਹਾਰ ਗਾਇਕ ਕਿਹਾ ਜਾਂਦਾ ਹੈ। ਜਿਵੇਂ ਕਿ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੈ ਠੀਕ ਇਸੇ ਤਰ੍ਹਾਂ ਬੰਦੇ ਦੀ ਕੀਮਤ ਵੀ ਉਸਦੀ ਸਖਸ਼ੀਅਤ ਲਈ ਹੈ। ਅੱਜ ਦੀ ਲੱਚਰ ਅਤੇ ਦਿਖਾਵੇ ਦੀ ਗਾਇਕੀ ਇਕ ਤਰ੍ਹਾਂ ਨਾਲ ਫੁੱਸ-ਪਟਾਕਾ ਹੋ ਕੇ ਰਹਿ ਜਾਂਦੀ ਹੈ। ਕੁੱਝ ਸਮੇਂ ਤੋਂ ਬਾਅਦ ਅਜਿਹੀ ਗਾਇਕੀ ਚੱਲਿਆ ਹੋਇਆ ਕਾਰਤੂਸ ਸਾਬਿਤ ਹੁੰਦੀ ਹੈ। ਅੱਜ ਦੀ ਗਾਇਕੀ ਤੋਂ ਬਿਲਕੁਲ ਉੱਲਟ ਸੁਰਿੰਦਰ ਕੌਰ ਇਕ ਅਜਿਹੀ ਗਾਇਕਾ ਹੈ, ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਅਤੇ ਆਪਣੀ ਸਖਸ਼ੀਅਤ ਨੂੰ ਅੱਜ ਵੀ ਤਰੋ-ਤਾਜਾ ਰੱਖਿਆ ਹੋਇਆ ਹੈ।
           ਪਹਿਲੀ ਕਿਲਕਾਰੀ ਨਾਲ 25 ਨਵੰਬਰ 1929 ਨੂੰ ਜਨਮ ਤੋਂ 15 ਜੂਨ 2006 ਤੱਕ 77 ਵਰ੍ਹੇ ਇਹ ਸੁਰੀਲੀ “ਕੋਇਲ” ਸੱਭਿਆਚਾਰ ਦੇ ਬਾਗਾਂ ਵਿੱਚ ਅਮਿੱਟ ਛਾਪ ਛ਼ੱਡਦੀ ਰਹੀ।ਇਸ ਗਾਇਕਾ ਨੇ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅਲੋਪ ਹੋਣ ਤੋਂ ਅੱਜ ਤੱਕ ਵੀ ਬਚਾਇਆ ਹੋਇਆ ਹੈ। ਉਸ ਦੀ ਗਾਇਕੀ ਵਿੱਚ ਢੋਲਾ,ਮਾਹੀਆ,ਭਾਬੋ, ਡੋਲੀ,ਅਤੇ ਸ਼ਿੰਗਾਰ ਪ੍ਰਤੀ ਦਿਲ ਟੁੰਬਵੇਂ ਸੁਨੇਹੇ ਮਿਲਦੇ ਹਨ। ਧੀ ਨੂੰ ਦਰਵਾਜੇ ਤੋਂ ਤੋਰਨ ਸਮੇਂ ਪੱਥਰ ਦਿਲਾਂ ਨੂੰ ਰੁਆਉਣ ਵਾਲਾ ਨਕਸ਼ਾ ਨਜ਼ਰੀਆ ਅੱਜ ਦੇ ਜ਼ਮਾਨੇ ਵੀ ਪਿਛਲੇ ਜ਼ਮਾਨੇ ਵਰਗਾ ਲੱਗਦਾ ਹੈ। ਇਹ ਸੁਨੇਹਾ ਹੰਝੂ ਪੂੰਝਣ ਲਈ ਮਜਬੂਰ ਕਰ ਦਿੰਦਾ ਹੈ:-
“ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਏ,
ਮੈਨੂੰ ਵਿਦਾ ਕਰਨ ਸਕੇ ਵੀਰ ਨੀ ਮਾਏ “

ਅਦਿ ਕਾਲ ਤੋਂ ਵਰਤਮਾਨ ਤੱਕ ਸੱਸ ਦੇ ਰਿਸ਼ਤੇ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਪਰ ਸੁਰਿੰਦਰ ਕੌਰ ਨੇ ਇਸ ਰਿਸ਼ਤੇ ਵਿੱਚ ਨਵੀਂ ਰੂਹ ਫੂਕੀ ਹੈ।ਇਸ ਰਿਸ਼ਤੇ ਨੂੰ ਮਾਂ ਧੀ ਦੇ ਬਰਾਬਰ ਖੜ੍ਹਾ ਕੀਤਾ ਹੈ:-
“ਮਾਵਾਂ ਲਾਡ ਲਡਾਵਣ ਧੀਆਂ ਤਾੜਨ ਲਈ,
“ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ “

ਕਿੱਸਾ ਕਾਵਿ ਨੂੰ ਦੀ ਸੁਰਿੰਦਰ ਕੌਰ ਨੇ ਵਰਤਮਾਨ ਤੱਕ ਜੋੜ ਕੇ ਰੱਖਿਆ। ਨਵੀਂ ਪੀੜ੍ਹੀ ਨੂੰ ਭੁੱਲੇ ਹੋਏ ਸੱਭਿਆਚਾਰ ਦੀ ਯਾਦ ਇਉਂ ਤਾਜਾ ਕਰਵਾਉਂਦੀ ਹੈ:-
“ਡਾਚੀ ਵਾਲਿਆ ਮੋੜ ਮੁਹਾਰ ਵੇ,
“ਸੋਹਣੀ ਵਾਲਿਆ ਲੈ ਚੱਲ ਨਾਲ ਵੇ”

ਅੱਜ ਦੇ ਗਾਇਕਾਂ ਲਈ ਵੀ ਰਾਹ ਦਸੇਰਾ ਬਣਦੀ ਸੁਰਿੰਦਰ ਕੌਰ ਪਾਣੀ ਦੇ ਬੁੱਲਬੁਲਿਆਂ ਤੋਂ ਕੋਹਾਂ ਦੂਰ ਹੈ। ਪੰਜਾਬੀ ਦੀ ਕੋਇਲ ਦੇ ਨਾਲ ਪੰਜਾਬੀ ਸੱਭਿਆਚਾਰ ਦੀ ਰਾਣੀ ਦਾ ਖਿਤਾਬ ਵੀ ਸੁਰਿੰਦਰ ਕੌਰ ਨੂੰ ਹੀ ਜਾਂਦਾ ਹੈ। ਸੱਭਿਆਚਾਰ ਦੀ ਮਲਿਕਾ ਆਪਣੇ ਸੱਭਿਅਤ ਅਤੇ ਪਰਿਵਾਰਿਕ ਗੀਤਾਂ ਦੇ ਜ਼ਰੀਏ ਅੱਜ ਵੀ ਜੀਉਂਦੀ  ਹੈ। ਗੀਤਾਂ ਰਾਹੀਂ ਸੱਭਿਆਚਾਰ ਦੀ ਛਹਿਬਰ ਲਾਉਂਦੀ ਇਹ ਗਾਇਕਾ ਹਮੇਸ਼ਾਂ ਲੋਕ ਦਿਲਾਂ ਵਿੱਚ ਵੱਸਦੀ ਰਹੇਗੀ।   


ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445