ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦਿਆਂ  - ਸਵਰਾਜਬੀਰ

ਭਾਰਤ ਵਿਚ ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦਿਆਂ ਬੰਦਾ ਅਜੀਬ ਵਿਰੋਧੀ ਸੋਚਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਦੇਸ਼ ਭਗਤ ਕੌਣ ਹਨ : ਲੋਕਾਂ ਦੇ ਹੱਕਾਂ ਲਈ ਲੜਦੇ ਸਮਾਜਿਕ ਕਾਰਕੁਨ ਅਤੇ ਚਿੰਤਕ ਜਾਂ ਅਰਨਬ ਗੋਸਵਾਮੀ ਦੇ ਟੈਲੀਵਿਜ਼ਨ ਚੈਨਲ 'ਤੇ ਬੈਠੇ ਮਾਹਿਰ ਜੋ ਅਜਿਹੇ ਸਮਾਜਿਕ ਕਾਰਕੁਨਾਂ ਤੇ ਚਿੰਤਕਾਂ ਵਿਰੁੱਧ ਉੱਚੀ ਉੱਚੀ ਬੋਲਦੇ, ਉਨ੍ਹਾਂ ਨੂੰ ਦੇਸ਼-ਧ੍ਰੋਹੀ ਕਹਿੰਦੇ ਅਤੇ ਰਾਸ਼ਟਰ ਦੇ ਨਾਂ 'ਤੇ ਉਨ੍ਹਾਂ ਤੋਂ ਜਵਾਬ ਮੰਗਦੇ ਹਨ। ਅਰਨਬ ਗੋਸਵਾਮੀ ਦੇ ਸਮਿਆਂ ਵਿਚ ਪੱਤਰਕਾਰ ਭੰਬਲਭੂਸਿਆਂ ਵਿਚ ਪੈ ਜਾਂਦੇ ਹਨ ਕਿ ਅਸਲੀ ਪੱਤਰਕਾਰ ਅਰਨਬ ਗੋਸਵਾਮੀ ਹੈ ਜਾਂ ਸਿੱਦੀਕੀ ਕਾਪਨ (ਉਹ ਪੱਤਰਕਾਰ ਜਿਸ ਨੂੰ ਹਾਥਰਸ ਵਿਚ ਕਤਲ ਕੀਤੀ ਗਈ ਇਕ ਦਲਿਤ ਕੁੜੀ ਬਾਰੇ ਜਾਣਕਾਰੀ ਹਾਸਲ ਕਰਨ ਜਾਂਦਿਆਂ ਉੱਤਰ ਪ੍ਰਦੇਸ਼ ਦੀ ਪੁਲੀਸ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਅਧੀਨ 5 ਅਕਤੂਬਰ 2020 ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਜੇ ਵੀ ਜੇਲ੍ਹ ਵਿਚ ਹੈ)।
       ਜਦ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਸਮਿਆਂ ਵਿਚ ਜਿਊਂਦਾ ਆਮ ਆਦਮੀ ਉਸ ਦੀ ਮੁਖ਼ਾਲਫ਼ਤ/ਵਿਰੋਧ ਕਰਦਾ ਹੈ, ਉਹ (ਆਮ ਆਦਮੀ) ਜਾਣਦਾ ਹੈ ਕਿ ਰਿਆਸਤ/ਸਟੇਟ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਉਹ ਇਹ ਵੀ ਕਹਿੰਦਾ ਹੈ ਕਿ ਉਹ ਅਰਨਬ ਦੀ ਪੱਤਰਕਾਰੀ ਨਾਲ ਸਹਿਮਤ ਨਹੀਂ ਪਰ ਉਹ ਅਰਨਬ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਾ ਹੈ। ਉਹ ਇਹ ਵੇਖ ਕੇ ਵੀ ਹੈਰਾਨ ਹੁੰਦਾ ਹੈ ਕਿ ਅਰਨਬ ਨੂੰ ਰਿਹਾਅ ਕਰਨ/ਕਰਾਉਣ ਲਈ ਬਹੁਤ ਤਾਕਤਵਰ ਲੋਕ ਮੈਦਾਨ ਵਿਚ ਨਿੱਤਰੇ ਹਨ, ਉਨ੍ਹਾਂ ਸਭ ਨੂੰ ਚਿੰਤਾ ਹੈ ਕਿ ਅਰਨਬ ਦੀ ਗ੍ਰਿਫ਼ਤਾਰੀ ਨਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਅਜਿਹੀ ਆਵਾਜ਼ ਬੁਲੰਦ ਕਰਨ ਵਿਚ ਸੇਵਾ-ਮੁਕਤ ਜਰਨੈਲ, ਕੇਂਦਰ ਵਿਚ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਅਕਤੀ ਅਤੇ ਕਈ ਹੋਰ ਪ੍ਰਭਾਵਸ਼ਾਲੀ ਸ਼ਖ਼ਸ ਸ਼ਾਮਲ ਹਨ। ਆਮ ਆਦਮੀ ਵੇਖਦਾ ਹੈ ਕਿ ਅਰਨਬ ਦਾ ਕੇਸ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ ਅਤੇ ਹਰੀਸ਼ ਸਾਲਵੇ ਉਸ ਦਾ ਵਕੀਲ ਹੈ। ਸੁਪਰੀਮ ਕੋਰਟ ਹੁਕਮ ਦਿੰਦਾ ਹੈ ਕਿ ਅਰਨਬ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਵੇ ਅਤੇ ਇਸ ਤਰ੍ਹਾਂ ਇਸ ਗੱਲ ਦੀ ਤਸਦੀਕ ਹੋ ਜਾਂਦੀ ਹੈ ਕਿ ਅਸੀਂ ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜੀਅ ਰਹੇ ਹਾਂ। ਇਹ ਉਹੀ ਅਦਾਲਤ ਹੈ ਜਿਸ ਨੇ ਚੰਦ ਦਿਨ ਪਹਿਲਾਂ ਆਦੇਸ਼ ਦਿੱਤੇ ਸਨ ਕਿ ਸਿੱਦੀਕੀ ਕਾਪਨ ਦੇ ਮਾਮਲੇ ਵਿਚ ਸਿੱਦੀਕੀ ਨੂੰ ਹੇਠਲੀਆਂ ਅਦਾਲਤਾਂ ਤੋਂ ਜਾ ਕੇ ਜ਼ਮਾਨਤ ਦੀ ਮੰਗ ਕਰਨੀ ਚਾਹੀਦੀ ਹੈ। ਆਮ ਆਦਮੀ ਹੈਰਾਨ ਹੁੰਦਾ ਹੈ ਕਿ ਕਾਨੂੰਨ ਅਰਨਬ ਤੇ ਸਿੱਦੀਕੀ ਕਾਪਨ ਦੇ ਮਾਮਲਿਆਂ ਵਿਚ ਵੱਖਰਾ ਵੱਖਰਾ ਕਿਉਂ ਹੈ। ਜਦ ਇਸ ਬਾਰੇ ਵਾਦ-ਵਿਵਾਦ ਬਹੁਤ ਵਧ ਜਾਂਦਾ ਹੈ ਤਾਂ ਸੁਪਰੀਮ ਕੋਰਟ 16 ਨਵੰਬਰ ਨੂੰ (ਗ੍ਰਿਫ਼ਤਾਰੀ ਤੋਂ 42 ਦਿਨ ਬਾਅਦ) ਸਿੱਦੀਕੀ ਕਾਪਨ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਦੀ ਹੈ (ਅਰਨਬ ਗੋਸਵਾਮੀ ਵਾਂਗ ਜ਼ਮਾਨਤ ਨਹੀਂ ਦਿੰਦੀ)।
      ਆਮ ਆਦਮੀ ਕੁਝ ਦੇਰ ਲਈ ਸਰਬਉੱਚ ਅਦਾਲਤ ਦਾ ਸ਼ੁਕਰਗੁਜ਼ਾਰ ਹੁੰਦਾ ਹੈ ਪਰ ਫਿਰ ਉਸ ਦੇ ਮਨ ਵਿਚ ਇਹ ਸੋਚ ਆਉਂਦੀ ਹੈ ਕਿ ਅਰਨਬ ਗੋਸਵਾਮੀ ਅਤੇ ਸਿੱਦੀਕੀ ਕਾਪਨ ਦੇ ਮਾਮਲੇ ਤਾਂ ਸੁਪਰੀਮ ਕੋਰਟ ਤਕ ਪਹੁੰਚ ਗਏ ਪਰ ਉਸ ਦੇ ਜ਼ਿਲ੍ਹੇ ਦੇ ਉਸ ਸਾਧਾਰਨ ਪੱਤਰਕਾਰ ਦਾ ਕੀ ਹੋਵੇਗਾ ਜੋ ਕਈ ਮਹੀਨਿਆਂ ਤੋਂ ਜੇਲ੍ਹ ਵਿਚ ਹੈ ਅਤੇ ਜਿਸ ਕੋਲ ਹਾਈ ਕੋਰਟ ਅਤੇ ਸੁਪਰੀਮ ਕੋਰਟ ਤਕ ਪਹੁੰਚ ਕਰਨ ਦੇ ਵਸੀਲੇ ਹੀ ਨਹੀਂ ਹਨ। ਉਹ ਸੋਚਦਾ ਹੈ ਕਿ ਕਾਨੂੰਨ ਦੇ ਸਾਹਮਣੇ ਉਹ ਬਰਾਬਰੀ, ਜਿਸ ਦੀ ਸੰਵਿਧਾਨ ਦੀ ਧਾਰਾ 14 ਗੱਲ ਕਰਦੀ ਹੈ, ਕਿੱਥੇ ਹੈ, ਧਾਰਾ 14 ਅਨੁਸਾਰ ''ਰਿਆਸਤ/ਸਟੇਟ ਭਾਰਤ ਦੀਆਂ ਹੱਦਾਂ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਬਰਾਬਰੀ ਅਤੇ (ਵਿਅਕਤੀ ਦੀ) ਕਾਨੂੰਨਾਂ ਦੀ ਸਮਾਨਤਾ ਨਾਲ ਸੁਰੱਖਿਆ ਤੋਂ ਵਿਛੁੰਨਿਆ (ਵਾਂਝਾ) ਨਹੀਂ ਕਰੇਗੀ।'' ਇਹ ਪੜ੍ਹ ਕੇ ਆਮ ਆਦਮੀ ਸੋਚਦਾ ਹੈ ਕਿ ਜੇ ਵਿਅਕਤੀ ਕੋਲ ਉਚੇਰੀਆਂ ਅਦਾਲਤਾਂ ਤਕ ਪਹੁੰਚਣ ਦੇ ਵਸੀਲੇ ਨਾ ਹੋਣ ਤਾਂ ਕੀ ਉਹ ਵਿਅਕਤੀ ਨਹੀਂ ਹੁੰਦਾ। ਕੋਈ ਸਮਝਦਾਰ ਬੰਦਾ ਆਮ ਆਦਮੀ ਨੂੰ ਸਮਝਾਉਂਦਾ ਹੈ ਇਹ ਵੱਡੀ ਬਹਿਸ, ਜਿਸ ਵਿਚ ਜਮਾਤਾਂ, ਜਾਤਾਂ, ਆਰਥਿਕ ਵਸੀਲਿਆਂ, ਅਦਾਲਤੀ ਨੈਤਿਕਤਾ ਅਤੇ ਸਮਾਜਿਕ ਹੈਸੀਅਤ ਦੇ ਪ੍ਰਸ਼ਨ ਸ਼ਾਮਲ ਹਨ, ਦੇ ਮਸਲੇ ਹਨ ਅਤੇ ਉਸ ਨੂੰ ਇਸ ਬਹਿਸ ਵਿਚ ਨਹੀਂ ਪੈਣਾ ਚਾਹੀਦਾ।
      ਆਮ ਆਦਮੀ ਆਪਣੇ ਮਨ ਵਿਚੋਂ ਆਪਣੇ ਜ਼ਿਲ੍ਹੇ ਦੇ ਸਾਧਾਰਨ ਵਿਅਕਤੀ ਦੀ ਗੱਲ ਨੂੰ ਮਨ ਵਿਚੋਂ ਬਾਹਰ ਕੱਢ ਦਿੰਦਾ ਹੈ ਤੇ ਫਿਰ ਸਵਾਲ ਪੁੱਛਦਾ ਹੈ ਕਿ ਅਰਨਬ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲਿਆਂ ਨੂੰ ਅਰਨਬ ਦੀ ਆਜ਼ਾਦੀ ਦਾ ਖ਼ਿਆਲ ਤਾਂ ਆ ਗਿਆ ਪਰ ਉਨ੍ਹਾਂ ਨੇ ਕਦੇ ਵਰਵਰਾ ਰਾਓ ਅਤੇ ਸਟੇਨ ਸਵਾਮੀ ਜਿਹੇ ਬਜ਼ੁਰਗ ਸ਼ਾਇਰ ਤੇ ਸਮਾਜਿਕ ਕਾਰਕੁਨ ਦੇ ਹੱਕ ਵਿਚ ਆਵਾਜ਼ ਕਿਉਂ ਨਹੀਂ ਉਠਾਈ, ਸੁਧਾ ਭਾਰਦਵਾਜ ਅਤੇ ਜਿਓਤੀ ਜਗਤਾਪ ਦੇ ਹੱਕ ਵਿਚ ਆਵਾਜ਼ ਕਿਉਂ ਨਹੀਂ ਉਠਾਈ। ਆਮ ਆਦਮੀ ਕੋਲ ਭੀਮਾ-ਕੋਰੇਗਾਉਂ ਕੇਸ ਦੇ ਮੁਲਜ਼ਮਾਂ ਦੀ ਲੰਮੀ ਫਹਿਰਿਸਤ ਹੈ : ਆਨੰਦ ਤੈਲਤੁੰਬੜੇ, ਗੌਤਮ ਨਵਲੱਖਾ, ਹਨੀ ਬਾਸੂ, ਜਿਓਤੀ ਜਗਤਾਪ, ਮਿਲੰਦ ਤੈਲਤੁੰਬੜੇ, ਸਾਗਰ ਗੋਰਖੇ, ਰਮੇਸ਼ ਗਾਇਚੋਰ, ਸੋਮਾ ਸੇਨ, ਸੁਧੀਰ ਧਾਵਲੇ, ਅਰੁਨ ਫਰੇਰਾ, ਵਰਨੋਨ ਗੋਂਸਾਲਵੇਜ਼, ਸੁਧਾ ਭਾਰਦਵਾਜ, ਮਹੇਸ਼ ਰਾਉਤ, ਸੁਰਿੰਦਰ ਗੈਡਲਿੰਗ, ਰੋਨਾ ਵਿਲਸਨ ਆਦਿ। ਆਮ ਆਦਮੀ ਕੋਲ ਹੋਰ ਵੀ ਫਹਿਰਿਸਤਾਂ ਤੇ ਸ਼ਿਕਾਇਤਾਂ ਹਨ, ਦਿੱਲੀ ਵਿਚ ਹੋਈ ਹਿੰਸਾ ਦੀਆਂ ਗ੍ਰਿਫ਼ਤਾਰੀਆਂ (ਮੀਰਾਂ ਹੈਦਰ, ਆਸਿਫ਼ ਇਕਬਾਲ ਤਨਹਾ, ਸ਼ੀਫ਼ਾ ਉਰ ਰਹਿਮਾਨ, ਨਤਾਸ਼ਾ ਨਰਵਲ, ਦੇਵਗਨਾ ਕਾਲਿਤਾ, ਉਮਰ ਖਾਲਿਦ ਅਤੇ ਹੋਰ) ਬਾਰੇ, ਕਫ਼ੀਲ ਖ਼ਾਨ ਅਤੇ ਹੋਰਨਾਂ ਨਾਲ ਕੀਤੇ ਵਿਹਾਰ ਬਾਰੇ, ਪ੍ਰਸ਼ਾਂਤ ਕਨੌਜੀਆ ਅਤੇ ਹੋਰ ਪੱਤਰਕਾਰਾਂ ਦੀ ਗ੍ਰਿਫ਼ਤਾਰੀਆਂ ਬਾਰੇ ਤੇ...
       ਆਮ ਆਦਮੀ ਸਵਾਲ ਪੁੱਛਦਾ ਹੈ ਕਿ ਦੇਸ਼ ਦੇ ਜੱਜ ਚੈਨ ਦੀ ਨੀਂਦ ਕਿਵੇਂ ਸੌਂ ਸਕਦੇ ਹਨ ਜਦ ਤੇਲਗੂ ਭਾਸ਼ਾ ਵਿਚ ਮਾਰਮਿਕ ਸ਼ਾਇਰੀ ਕਰਨ ਵਾਲਾ 80 ਸਾਲਾਂ ਦਾ ਬਜ਼ੁਰਗ ਸ਼ਾਇਰ ਵਰਵਰਾ ਰਾਓ ਜੇਲ੍ਹ ਵਿਚ ਹੈ, ਸਾਰੀ ਉਮਰ ਕਬਾਇਲੀ ਲੋਕਾਂ ਦੀ ਸੇਵਾ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲਾ 82 ਵਰ੍ਹਿਆਂ ਦਾ ਸਟੇਨ ਸਵਾਮੀ ਜੇਲ੍ਹ ਵਿਚ ਹੈ, ਦੇਸ਼ ਦੀ ਮਹਾਨ ਅਰਥ ਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲੀ ਸੁਧਾ ਭਾਰਦਵਾਜ ਜੇਲ੍ਹ ਵਿਚ ਹੈ, ਡਾ. ਬੀ. ਆਰ. ਅੰਬੇਡਕਰ ਦੇ ਪਰਿਵਾਰ ਨਾਲ ਸਬੰਧਿਤ ਅਤੇ ਸਰਕਾਰੀ ਨੌਕਰੀ ਕਰਨ ਵਾਲਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਵਿਦਵਾਨ ਆਨੰਦ ਤੈਲਤੁੰਬੜੇ ਜੇਲ੍ਹ ਵਿਚ ਹੈ, ਸਮਾਜਿਕ ਬਰਾਬਰੀ ਤੇ ਗੀਤ ਗਾਉਣ ਵਾਲੀ ਜਿਓਤੀ ਜਗਤਾਪ ਜੇਲ੍ਹ ਵਿਚ ਹੈ। ਆਮ ਆਦਮੀ ਬੋਲਣਾ ਚਾਹੁੰਦਾ ਹੈ ਅਤੇ ਉਸ ਨੂੰ ਦੱਸਿਆ ਜਾਂਦਾ ਹੈ ਕਿ ਜੱਜ ਸਾਹਿਬਾਨ ਦੀ ਜ਼ਮੀਰ ਅਰਨਬ ਗੋਸਵਾਮੀ ਜਿਹੇ ਮਹਾਂਨਾਇਕ-ਪੱਤਰਕਾਰਾਂ ਦੇ ਮਾਮਲੇ ਵਿਚ ਹੀ ਝੰਜੋੜੀ ਜਾਂਦੀ ਹੈ, ਬਾਕੀ ਦੇ ਲੋਕ ਲਘੂ-ਮਨੁੱਖ ਹਨ, ਉਨ੍ਹਾਂ ਦੇ ਵਿਚਾਰ ਦੇਸ਼-ਵਿਰੋਧੀ ਹਨ, ਉਹ ਸ਼ਹਿਰੀ ਨਕਸਲੀ ਹਨ। ਉਸ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਇਸ ਤਰੀਕੇ ਨਾਲ ਸੋਚਣਾ ਅਤੇ ਪ੍ਰਸ਼ਨ ਪੁੱਛਣਾ ਬੰਦ ਕਰੇ ਅਤੇ ਅਰਨਬ ਗੋਸਵਾਮੀ ਦੇ ਟੈਲੀਵਿਜ਼ਨ ਸ਼ੋਅ ਦੇਖੇ। ਅਦਾਲਤੀ ਨੈਤਿਕਤਾ ਬਾਰੇ ਸਵਾਲ ਪੁੱਛੇ ਜਾਣ 'ਤੇ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਬਣ ਸਕਦਾ ਹੈ। ਆਮ ਆਦਮੀ ਜਦੋ੬ਂ ਆਪਣੇ ਮਾਨ-ਸਨਮਾਨ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਦੇਸ਼, ਧਰਮ, ਕੌਮ, ਵਿਚਾਰਧਾਰਾ, ਸਮਾਜ, ਪਰੰਪਰਾ, ਮਰਿਆਦਾ, ਆਦਿ ਜਿਹੇ ਸੰਕਲਪਾਂ ਦੇ ਹੁੰਦਿਆਂ ਆਮ ਆਦਮੀ ਦਾ ਮਾਨ-ਸਨਮਾਨ ਤਾਂ ਨਿਗੂਣਾ ਜਿਹੀ ਚੀਜ਼ ਹੈ।
       ਆਮ ਆਦਮੀ ਨੂੰ ਅਰਨਬ ਦਾ ਟੈਲੀਵਿਜ਼ਨ ਦਿਖਾਉਂਦਿਆਂ ਇਹ ਦੁਹਰਾਇਆ ਜਾਂਦਾ ਹੈ ਕਿ ਸਾਨੂੰ ਦੇਸ਼, ਲੋਕਾਂ ਜਾਂ ਆਪਣੇ ਬਾਰੇ ਫ਼ਿਕਰ ਕਰਨ ਜਾਂ ਸੋਚਣ ਦੀ ਕੋਈ ਜ਼ਰੂਰਤ ਨਹੀਂ। ਅਰਨਬ ਜੀ ਸਾਡੇ ਲਈ ਅਤੇ ਸਾਡੇ ਵੱਲੋਂ ਸਭ ਕੁਝ ਕਰ ਰਹੇ ਹਨ। ਅਜੀਬ ਅਜੀਬ ਤਰੀਕਿਆਂ ਨਾਲ ਸੋਚਣ ਵਾਲੇ ਲੋਕਾਂ ਕੋਲੋਂ ਦੇਸ਼ ਵੱਲੋਂ ਸਵਾਲ ਪੁੱਛਦੇ ਹਨ ਅਤੇ ਰੋਜ਼ ਸ਼ਾਮ ਉਨ੍ਹਾਂ ਦੀ ਆਵਾਜ਼ ਸਾਡੇ ਟੈਲੀਵਿਜ਼ਨਾਂ 'ਤੇ ਗੂੰਜਦੀ ਹੈ, ਨੇਸ਼ਨ ਵਾਂਟਸ ਟੂ ਨੋ (Nation wants to know), ਰਾਸ਼ਟਰ ਜਾਣਨਾ ਚਾਹੁੰਦਾ ਹੈ।
       ਆਮ ਆਦਮੀ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਅਰਨਬ ਗੋਸਵਾਮੀ ਟੈਲੀਵਿਜ਼ਨ ਸੰਸਾਰ ਦੇ ਸਭ ਤੋਂ ਵੱਡੇ ਰਾਸ਼ਟਰਵਾਦੀ ਹਨ। ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦਾ ਏਨਾ ਫ਼ਿਕਰ ਹੈ ਕਿ ਬਹਿਸਾਂ ਕਰਦਿਆਂ ਕਰਦਿਆਂ ਉਨ੍ਹਾਂ ਨੂੰ ਦੇਸ਼-ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਇੰਨੀ ਉੱਚੀ ਆਵਾਜ਼ ਵਿਚ ਬੋਲਣਾ ਪੈਂਦਾ ਹੈ ਕਿ ਜੇ ਆਮ ਆਦਮੀ ਇੰਨੀ ਉੱਚੀ ਆਵਾਜ਼ ਵਿਚ ਬੋਲੇ ਤਾਂ ਉਹਦਾ ਗਲਾ ਬੈਠ ਜਾਏ। ਟੈਲੀਵਿਜ਼ਨ ਤੋਂ ਬਾਹਰ ਇਹ ਕੰਮ ਪ੍ਰਧਾਨ ਮੰਤਰੀ, ਹੋਰ ਮੰਤਰੀ ਅਤੇ ਦੇਸ਼ ਦੇ ਹੋਰ ਮਹਾਨ ਆਗੂ ਕਰਦੇ ਹਨ।
ਇਹ ਸਭ ਕੁਝ ਵੇਖ ਸੁਣ ਕੇ ਆਮ ਆਦਮੀ ਕੁਝ ਕੁਝ ਸਮਝ ਜਾਂਦਾ ਹੈ, ਕਲਮ ਚੁੱਕਦਾ ਹੈ ਤੇ ਹਿਚਕਚਾਉਂਦੇ ਹੋਏ ਲਿਖਦਾ ਹੈ:
ਅਰਨਬ ਗੋਸਵਾਮੀ ਦੇ ਸਮਿਆਂ 'ਚ ਜਿਊਂਦਿਆਂ
ਅਸੀਂ ਕਿੰਨੇ ਖੁਸ਼ ਹਾਂ
ਕਿੰਨੇ ਖੁਸ਼ਕਿਸਮਤ !
ਕਿ ਸਾਨੂੰ
ਆਪਣਾ, ਦੇਸ਼ ਜਾਂ ਲੋਕਾਂ ਦਾ
ਫ਼ਿਕਰ ਕਰਨ ਦੀ, ਕੋਈ ਜ਼ਰੂਰਤ ਨਹੀਂ
ਅਰਨਬ ਜੀ ਸਭ ਕਰ ਰਹੇ ਨੇ
ਜਮਹੂਰੀਅਤ ਦਾ ਦਮ ਭਰ ਰਹੇ ਨੇ !
ਅਰਨਬ ਨੂੰ ਲੋਕਾਂ ਨਾਲ ਕਿੰਨਾ ਪਿਆਰ ਹੈ
ਉਸ ਦੇ ਹੱਥ ਵਿਚ ਨਿਆਂ ਦੀ ਤਲਵਾਰ ਹੈ
ਉਹ ਰਾਸ਼ਟਰਵਾਦ ਦਾ ਸ਼ਾਹ ਅਸਵਾਰ ਹੈ
ਸਾਰੀ ਕੌਮ ਉਸ ਤੋਂ ਨਿਸਾਰ ਹੈ
ਅਰਨਬ ਜੀ ਸਭ ਕੁਝ
ਸਾਡੇ ਲਈ ਕਰ ਰਹੇ ਨੇ
ਜਮਹੂਰੀਅਤ ਦਾ ਦਮ ਭਰ ਰਹੇ ਨੇ
ਉਹ...
ਆਮ ਆਦਮੀ ਪੂਰੀ ਕਵਿਤਾ ਨਹੀਂ ਲਿਖ ਸਕਦਾ, ਉਸ ਦੇ ਅੰਦਰ ਬੈਠਾ ਬੰਦਾ ਉਸ ਨੂੰ ਸਮਝਾਉਂਦਾ ਹੈ ਕਿ ਅਰਨਬ ਗੋਸਵਾਮੀ ਦੇ ਸਮਿਆਂ ਵਿਚ ਸਿਰਫ਼ ਅਰਨਬ ਗੋਸਵਾਮੀ ਦੀ ਆਜ਼ਾਦੀ ਮਹੱਤਵਪੂਰਨ ਹੈ, ਇਨ੍ਹਾਂ ਸਮਿਆਂ ਵਿਚ ਨਾ ਤਾਂ ਵਰਵਰਾ ਰਾਓ ਦੀ ਸ਼ਾਇਰੀ ਦਾ ਕੋਈ ਮਹੱਤਵ ਹੈ, ਨਾ ਹੀ ਆਨੰਦ ਤੈਲਤੁੰਬੜੇ ਦੀ ਵਿਦਵਤਾ ਦਾ, ਬਾਕੀ ਪ੍ਰਸ਼ਾਂਤ ਕਨੌਜੀਆ, ਜਿਓਤੀ ਜਗਤਾਪ ਅਤੇ ਹੋਰਨਾਂ ਨੂੰ ਤਾਂ ਤੂੰ ਭੁੱਲ ਹੀ ਜਾ 'ਬੁੱਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ, ਨਾ ਕਰ ਏਥੇ ਐਡ ਦਲੇਰੀ/ਗੱਲ ਨਾ ਬਣਦੀ ਤੇਰੀ ਮੇਰੀ।'' .