ਧਰਮ, ਸਿਆਸਤ ਅਤੇ ਸਰਮਾਏਦਾਰੀ - ਗੁਰਸ਼ਰਨ ਸਿੰਘ ਕੁਮਾਰ

ਦੁਨੀਆਂ ਭਰ ਵਿਚ ਧਰਮ, ਸਿਆਸਤ ਅਤੇ ਸਰਮਾਏਦਾਰੀ ਗ਼ਰੀਬਾਂ ਦੀ ਮਿਹਨਤ ਤੇ ਫਲਦੇ ਫੁੱਲਦੇ ਹਨ। ਗ਼ਰੀਬਾਂ ਦੀ ਮੰਦਹਾਲੀ ਇਨ੍ਹਾਂ ਦੀ ਸੋਚੀ ਸਮਝੀ ਇਕ ਗ਼ਹਿਰੀ ਚਾਲ ਹੈ।ਮਿਹਨਤਕਸ਼ ਸੋਚਦਾ ਕਿ ਜੇ 'ਏਕ ਨੂਰ ਤੇ ਸਭ ਜੱਗ ਉਪਜਿਆ' ਹੈ ਤਾਂ ਕੁਦਰਤ ਦੀਆਂ ਬੇਅੰਤ ਦੌਲਤਾਂ ਤੇ ਉਸ ਨੂੰ ਉਸ ਦਾ ਹੱਕ ਕਿਉਂ ਨਹੀਂ ਮਿਲਦਾ? ਉਸ ਦੀ ਖ਼ੂਨ ਪਸੀਨੇ ਦੀ ਮਿਹਨਤ ਦੇ ਬਾਵਜ਼ੂਦ ਉਸ ਦੀ ਕੁਲੀ, ਗੁੱਲੀ ਅਤੇ ਜੁੱਲੀ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ? ਉਸ ਦੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ?
ਗ਼ੈਰ ਸਰਕਾਰੀ ਆਂਕੜੇ ਦੱਸਦੇ ਹਨ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਦੁਨੀਆਂ ਵਿਚੋਂ 5000 ਹਜ਼ਾਰ ਦੇ ਕਰੀਬ ਕਰੌੜਪਤੀ ਖਤਮ ਹੋ ਗਏ ਹਨ ਪਰ ਜੇ ਦੁਨੀਆਂ ਦੇ ਸਾਰੇ ਕਰੌੜਪਤੀ ਵੀ ਖਤਮ ਹੋ ਜਾਣ ਤਾਂ ਵੀ ਕੀ ਫਰਕ ਪੈਂਦਾ ਹੈ? ਦੁਨੀਆਂ ਇਸੇ ਤਰ੍ਹਾਂ ਹੀ ਚਲਦੀ ਰਹੇਗੀ। ਹਾਂ ਦੁਨੀਆਂ ਤੋਂ ਰੋਡਪਤੀ ਖਤਮ ਹੋ ਗਏ ਤਾਂ ਜ਼ਰੂਰ ਫਰਕ ਪਵੇਗਾ। ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਰੋਡਪਤੀ ਕੌਣ ਹਨ? ਇਹ ਰੋਡਪਤੀ ਉਹ ਮਿਹਨਤਕਸ਼ ਹਨ ਜੋ ਜੀਅ ਤੋੜ ਕੇ ਮਿਹਨਤ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਰੋਟੀ ਪੂਰੀ ਨਹੀਂ ਹੁੰਦੀ। ਇਹ ਰੋਡਪਤੀ ਹਨ ਮਜ਼ਦੂਰ ਜੋ ਸੜਕਾਂ ਬਣਾਉਂਦੇ ਹਨ ਅਤੇ ਸੜਕਾਂ ਤੇ ਹੀ ਮਰ ਜਾਂਦੇ ਹਨ। ਇਹ ਰੋਡਪਤੀ ਹਨ ਜੋ ਗਗਨ ਚੁੰਬੀ ਇਮਾਰਤਾਂ ਤਾਂ ਬਣਾਉਂਦੇ ਹਨ ਪਰ ਉਨ੍ਹਾਂ ਨੂੰ ਰਹਿਣ ਲਈ ਛੱਤ ਨਸੀਬ ਨਹੀਂ ਹੁੰਦੀ। ਉਹ ਕਿਸਾਨ ਜੋ ਅੰਨ ਉਗਾਉਂਦੇ ਹਨ ਪਰ ਉਨ੍ਹਾਂ ਨੂੰ ਆਪ ਨੂੰ ਫਾਕੇ ਕੱਟਣੇ ਪੈਂਦੇ ਹਨ। ਸਭ ਤਰ੍ਹਾਂ ਦੇ ਮਿਹਨਤਕਸ਼ ਜਿਵੇਂ ਰ੍ਹੇੜੀ ਫੜੀ ਵਾਲ,ੇ ਧੋਬੀ, ਦਰਜੀ, ਨਾਈ, ਤਰਖਾਣ, ਲੁਹਾਰ ਆਦਿ ਸਾਰੇ ਮਿਹਨਤਕਸ਼ ਕੁਝ ਹੱਦ ਤੱਕ ਇਸੇ ਸ਼੍ਰੇਣੀ ਵਿਚ ਹੀ ਆਉਂਦੇ ਹਨ। ਜੇ ਇਹ ਸਭ ਕੰਮ ਕਰਨਾ ਬੰਦ ਕਰ ਦੇਣ ਤਾਂ ਯਕੀਨਨ ਦੁਨੀਆਂ ਨੂੰ ਫਰਕ ਪਵੇਗਾ। ਦੁਨੀਆਂ ਦੀ ਚਾਲ ਰੁਕ ਜਾਵੇਗੀ। ਵਿਕਾਸ ਦਾ ਪਹੀਆ ਜਾਮ ਹੋ ਜਾਵਾਗਾ। ਕੋਈ ਪੈਦਾਵਾਰ ਨਹੀਂ ਹੋਵੇਗੀ। ਸਭ ਦੀਆਂ ਸੁੱਖ ਸਹੂਲਤਾਂ ਬੰਦ ਹੋ ਜਾਣਗੀਆਂ ੳਤੇ ਲੋਕ ਭੁੱਖੇ ਮਰਨ ਲੱਗ ਪੈਣਗੇ। ਇਹ ਮਿਹਨਤਕਸ਼ ਸਭ ਜ਼ਿਆਦਤੀਆਂ ਸਹਾਰ ਕੇ ਤੰਗੀਆਂ ਤੁਰਸ਼ੀਆਂ ਵਿਚ ਹੀ ਆਪਣੀ ਜ਼ਿੰਦਗੀ ਕੱਟ ਰਹੇ ਹਨ। ਇਨ੍ਹਾਂ ਦੀ ਕਮਾਈ ਲਗਾਤਾਰ ਲੁੱਟੀ ਜਾ ਰਹੀ ਹੈ। ਕੌਣ ਹਨ ਉਹ ਲੋਕ ਜੋ ਇਨ੍ਹਾਂ ਦੀ ਕਮਾਈ ਲੁੱਟ ਕੇ ਖਾ ਰਹੇ ਹਨ?
ਇਤਿਹਾਸ ਗੁਵਾਹ ਹੈ ਕਿ ਯੁੱਧਾਂ ਨੇ ਏਨਾ ਨਰਸੰਘਾਰ ਨਹੀਂ ਕੀਤਾ ਜਿੰਨਾ ਧਰਮਾਂ ਨੇ ਕੀਤਾ ਹੈ। ਨਰ ਬਲੀ, ਸਤੀ ਪ੍ਰਥਾ, ਦੇਵ ਦਾਸੀਆਂ ਦੀ ਪ੍ਰਥਾ, ਜਾਤੀ ਪ੍ਰਥਾ ਅਤੇ ਊਚ ਨੀਚ ਸਭ ਇਨ੍ਹਾਂ ਧਰਮਾਂ ਦੀ ਹੀ ਦੇਣ ਹੈ। ਕਦੀ ਫਤਵਾ ਲਾ ਕੇ ਨਿਰਦੋਸ਼ ਬੱਚਿਆਂ ਨੂੰ ਕਤਲ ਕਰਾ ਦਿੱਤਾ ਜਾਂਦਾ ਅਤੇ ਕਦੀ ਸਿਗਰਟ, ਗਊ ਮਾਸ ਜਾਂ ਸੂਰ ਦੇ ਮਾਸ ਕਾਰਨ ਦੰਗੇ ਕਰਾ ਦਿੱਤੇ ਜਾਂਦੇ ਹਨ।ਸਭ ਤੋਂ ਜ਼ਿਆਦਾ ਮਿਹਨਤੀ ਬੰਦਿਆਂ ਨੂੰ ਸ਼ੂਦਰ ਗਰਦਾਨਿਆਂ ਗਿਆ। ਗ਼ਰੀਬਾਂ ਦੇ ਮਨ ਵਿਚ ਇਹ ਗੱਲ ਪੱਕੀ ਕਰ ਦਿੱਤੀ ਗਈ ਕਿ ਉਨ੍ਹਾਂ ਦੀ ਗ਼ਰੀਬੀ ਉਨ੍ਹਾਂ ਦੇ ਪੁਰਬਲੇ ਜਨਮਾ ਦੇ ਕਰਮਾ ਕਾਰਨ ਹੀ ਹੈ। ਉਨ੍ਹਾਂ ਨੂੰ ਗ਼ਰੀਬੀ ਵਿਚ ਹੀ ਸਬਰ ਕਰਨ ਦਾ ਉਪਦੇਸ਼ ਦਿੱਤਾ ਗਿਆ। ਉਨ੍ਹਾਂ ਦੇ ਦੁੱਖਾਂ ਨੂੰ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਵਹਿਮਾ ਭਰਮਾ ਵਿਚ ਪਾ ਕੇ ਲੁੱਟਿਆ ਗਿਆ। ਉਨ੍ਹਾਂ ਨੂੰ ਨਰਕਾਂ ਦੇ ਡਰਾਵੇ ਦਿੱਤੇ ਗਏ ਅਤੇ ਉਨ੍ਹਾਂ ਕੋਲੌਂ ਦਾਨ ਲੈਣ ਲਈ ਸਵਰਗਾਂ ਦੇ ਲਾਲਚ ਵੀ ਦਿੱਤੇ ਗਏ। ਇਸ ਤਰ੍ਹਾਂ ਇਹ ਧਰਮ ਦੇ ਠੇਕੇਦਾਰ ਗ਼ਰੀਬਾਂ ਦਾ ਰੱਜ ਕੇ ਸੋਸ਼ਨ ਕਰ ਰਹੇ ਹਨ।
ਇਸ ਤੋਂ ਬਾਅਦ ਸਿਆਸਤਦਾਨ ਗ਼ਰੀਬਾਂ ਦੀਆਂ ਵੋਟਾਂ ਲੈ ਕੇ ਦੇਸ਼ ਦੇ ਹਾਕਮ ਬਣ ਬੈਠਦੇ ਹਨ। ਉਹ ਵੀ ਗ਼ਰੀਬਾਂ ਨੂੰ ਚੰਗੇ ਦਿਨਾ ਦੇ ਆਉਣ ਦੇ ਲਾਰੇ ਲਾ ਕੇ ਰੱਖਦੇ ਹਨ। ਫੌਕਿਆਂ ਲਾਰਿਆ ਨਾਲ ਗ਼ਰੀਬਾਂ ਦੀ ਕਿਸਮਤ ਨਹੀਂ ਬਦਲਦੀ। ਇਹ ਗ਼ਰੀਬ ਮੁਲਕ ਦੇ ਅਮੀਰ ਹਾਕਮ ਅਪਣੀ ਐਸ਼ ਪਰਸਤੀ ਲਈ ਭਾਰੀ ਟੈਕਸ ਲਾਉਂਦੇ ਹਨ ਅਤੇ ਗ਼ਰੀਬਾਂ ਨੂੰ ਹੋਰ ਨਿਚੋੜਦੇ ਹਨ। ਜੇ ਕੋਈ ਬੋਲੇ ਤਾਂ ਉਸ ਨੂੰ ਕਾਨੂੰਨ ਦੇ ਡੰਡੇੇ ਨਾਲ ਕੁਚਲ ਦਿੱਤਾ ਜਾਂਦਾ ਹੈ। ਸਿਆਸਤਦਾਨ ਬਹੁਤ ਸ਼ਾਤਰ ਦਿਮਾਗ਼ ਦੇ ਹੁੰਦੇ ਹਨ। ਉਹ ਗ਼ਰੀਬਾਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੇ ਪਰਿਵਾਰ ਦੇ ਕਿੰਨੇ ਬੰਦੇ ਹਨ ਸਗੋਂ ਉਹ ਪੁੱਛਦੇ ਹਨ ਕਿ ਤੁਹਾਡੇ ਕਿੰਨੇ ਵੋਟ ਹਨ। ਉਹ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਦੱਸਦੇ ਹਨ ਪਰ ਆਪਣੇ ਵੋਟਾਂ ਲਈ ਲੋਕਾਂ ਨੂੰ ਆਪਸ ਵਿਚ ਲੜਾਉਂਦੇ ਰਹਿੰਦੇ ਹਨ ਅਤੇ ਦੰਗੇ ਫਸਾਦ ਕਰਾਉਂਦੇ ਰਹਿੰਦੇ ਹਨ। ਉਨ੍ਹਾਂ ਲਈ ਭਾਵੇਂ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਬਸ ਉਨ੍ਹਾਂ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ।
ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸਰਮਾਏਦਾਰਾਂ ਦਾ। ਲੱਖਾਂ ਲੋਕਾਂ ਨੂੰ ਕੰਗਾਲ ਕਰ ਕੇ ਹੀ ਇਕ ਸਰਮਾਏਦਾਰ (ਕਰੌੜਪਤੀ) ਬਣਦਾ ਹੈ। ਪੂੰਜੀਪਤੀ ਹੋਣ ਕਾਰਨ ਇਹ ਪੈਸੇ ਦੇ ਜੋਰ ਨਾਲ ਪੈਦਾਵਰ ਅਤੇ ਉਤਪਾਦਨ ਦੇ ਸਾਰੇ ਸਾਧਨਾ ਤੇ ਆਪਣਾ ਕਬਜ਼ਾ ਕਰੀ ਬੈਠੇ ਹਨ। ਇਹ ਲੋਕ ਮਿਹਨਤਕਸ਼ਾਂ ਕੋਲੋਂ ਆਪਣੇ ਕਾਰਖਾਨਿਆਂ ਅਤੇ ਭੱਠਿਆਂ ਤੇ ਕੰਮ ਲੈਂਦੇ ਹਨ।ਇਹ ਦਾਅਵਾ ਕਰਦੇ ਹਨ ਕਿ ਦੇਸ਼ ਉਨ੍ਹਾਂ ਦੇ ਸਿਰ ਤੇ ਚੱਲ ਰਿਹਾ ਹੈ ਕਿਉਂਕਿ ਸਾਰਾ ਵਿਕਾਸ ਉਹ ਕਰਦੇ ਹਨ।ਪਰ ਅਸਲ ਵਿਚ ਸਾਰਾ ਉਤਪਾਦਨ ਤਾਂ ਮਿਹਨਤਕਸ਼ ਕਰ ਰਹੇ ਹੁੰਦੇ ਹਨ। ਜੇ ਉਹ ਇਕ ਦਿਨ ਵੀ ਕੰਮ ਕਰਨਾ ਬੰਦ ਕਰ ਦੇਣ ਤਾਂ ਉਤਪਾਦਨ ਵੀ ਬੰਦ ਹੋ ਜਾਵੇਗਾ। ਫਿਰ ਵਿਕਾਸ ਕਿੱਥੋਂ ਹੋਵੇਗਾ? ਕੰਮ ਮਿਹਨਤੀ ਲੋਕ ਕਰਦੇ ਹਨ ਪਰ ਰੱਜਵੀਂ ਕਮਾਈ ਸਰਮਾਏਦਾਰਾਂ ਦੀ ਹੁੰਦੀ ਹੈ। ਗ਼ਰੀਬ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਸਰਮਾਏਦਾਰ ਪੈਸੇ ਦੇ ਬਲ ਨਾਲ ਸਰਕਾਰ ਅਤੇ ਧਰਮ ਗੁਰੂਆਂ ਨੂੰ ਵੀ ਆਪਣੀ ਮੁੱਠੀ ਵਿਚ ਰੱਖਦੇ ਹਨ।
ਇਸ ਪ੍ਰਕਾਰ ਧਰਮ ਦੇ ਠੇਕੇਦਾਰ, ਰਾਜਨੇਤਾ ਅਤੇ ਸਰਮਾਏਦਾਰ ਮਿਹਨਤਕਸ਼ਾਂ ਦਾ ਸੋਸ਼ਨ ਕਰਦੇ ਹਨ। ਉਹ ਆਪਸ ਵਿਚ ਰਲੇ ਹੋਏ ਹਨ ਅਤੇ ਮਿਲ ਕੇ ਗ਼ਰੀਬਾਂ ਦੀ ਕਮਾਈ ਦੀ ਲੁੱਟ ਕਰਦੇ ਹਨ। ਤਿੰਨੇ ਗ਼ਰੀਬਾਂ ਨਾਲ ਅਣਮਨੁੱਖੀ ਵਰਤਾਰਾ ਕਰਦੇ ਹਨ। ਇਨ੍ਹਾਂ ਤਿੰਨਾ ਨੇ ਮਿਹਨਤਕਸ਼ਾਂ ਨੂੰ ਤਰਸ ਦੇ ਪਾਤਰ ਬਣਾ ਰੱਖ ਦਿੱਤਾ ਹੈ ਜੋ ਇਨ੍ਹਾਂ ਦੀ ਦਇਆ, ਖੈਰਾਤ ਅਤੇ ਸਰਪਰਸਤੀ ਵਿਚ ਹੀ ਆਪਣਾ ਜੀਵਨ ਬਸਰ ਕਰਦੇ ਹਨ। ਗ਼ਰੀਬ ਆਦਮੀ ਸੋਚਦਾ ਹੈ ਕਿ ਮੇਰੀ ਕਮਾਈ ਵਿਚ ਬਰਕਤ ਕਿਉਂ ਨਹੀਂ ਪੈਂਦੀ? ਮੈਂ ਗ਼ਰੀਬ ਕਿਉਂ ਹਾਂ? ਧਰਮ ਦਾ ਡਰਾਵਾ, ਕਾਨੂੰਨ ਦੇ ਸ਼ਿਕੰਜੇ ਅਤੇ ਸਰਮਾਏਦਾਰਾਂ ਦੇ ਪੈਸੇ ਦੀ ਤਾਕਤ ਉਸ ਨੂੰ ਇਸ ਗ਼ਰੀਬੀ 'ਚੋਂ ਬਾਹਰ ਨਹੀਂ ਆਉਣ ਦਿੰਦੀ। ਉਹ ਮਿਹਨਤ ਕਰਕੇ ਦਿਨੇ ਰਾਤੀ ਆਪਣਾ ਖ਼ੂਨ ਜਲਾਉਂਦਾ ਹੈ। ਫਿਰ ਵੀ ਉਸ ਦੀ ਜ਼ਿੰਦਗੀ ਵਿਚ ਰੋਸ਼ਨੀ ਨਹੀਂ ਹੁੰਦੀ। ਉਹ ਕੋਹਲੂ ਦੇ ਬੈਲ ਦੀ ਤਰ੍ਹਾਂ ਲਗਾਤਾਰ ਤੁਰੀ ਜਾ ਰਿਹਾ ਹੈ ਪਰ ਪਹੁੰਚਦਾ ਕਿਤੇ ਵੀ ਨਹੀਂ। ਅਸਲ ਵਿਚ ਗ਼ਰੀਬੀ ਲਈ ਮਿਹਨਤਕਸ਼ ਦਾ ਕਸੂਰ ਨਹੀਂ। ਸਾਰਾ ਕਸੂਰ ਨਿਜ਼ਾਮ ਦਾ ਹੈ। ਇਸ ਨਿਜ਼ਾਮ ਨੂੰ ਬਦਲਣ ਦੀ ਲੋੜ ਹੈ। ਗ਼ਰੀਬੀ ਸਰਕਾਰ ਲਈ  ਇਕ ਲਾਹਨਤ ਹੈ। ਧਰਮਗੁਰੂਆਂ, ਸਿਆਸਤਦਾਨਾ ਅਤੇ ਸਰਮਾਏਦਾਰਾਂ ਦੇ ਲਾਰਿਆਂ ਨਾਲ ਗ਼ਰੀਬ ਦੀ ਕਿਸ਼ਤੀ ਭੰਵਰ ਵਿਚ ਫਸੀ ਪਈ ਹੈ। ਉਸ ਦੀ ਕਿਸਮਤ ਉਸ ਦੀਆਂ ਦਹਿਲੀਜ਼ਾਂ 'ਤੋਂ ਆ ਕੇ ਮੁੜ ਜਾਂਦੀ ਹੈ। ਇਨ੍ਹਾਂ ਲੋਟੂਆਂ ਨੂੰ ਇਹ ਵੀ ਪਤਾ ਹੈ ਕਿ ਜੇ ਮਿਹਨਤਕਸ਼ ਰੱਜ ਕੇ ਰੋਟੀ ਖਾਣ ਲੱਗ ਪਿਆ ਤਾਂ ਉਸ ਨੇ ਇਨ੍ਹਾਂ ਦੇ ਮੱਕੜਜਾਲ ਵਿਚੋਂ ਨਿਕਲ ਜਾਣਾ ਹੈ ਅਤੇ ਉਸ ਨੇ ਇਨ੍ਹਾਂ ਤਿੰਨਾ ਨੂੰ ਨਕਾਰ ਦੇਣਾ ਹੈ। ਮਿਹਨਤਕਸ਼ ਨੂੰ ਇਕ ਦਿਨ ਸਮਝਣਾ ਪਵੇਗਾ ਕਿ ਗ਼ਰੀਬੀ ਉਸ ਦੀ ਕਿਸਮਤ ਨਹੀਂ, ਉਸ ਦਾ ਸੋਸ਼ਨ ਹੈ। ਕਿਸਮਤ ਦੇ ਭਰੋਸੇ ਬੈਠੇ ਰਹਿਣ ਨਾਲ ਕਦੀ ਨਸੀਬ ਨਹੀਂ ਬਦਲਦੇ।