ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ - ਉਜਾਗਰ ਸਿੰਘ

ਸਰਬ ਭਾਰਤੀ ਕਾਂਗਰਸ ਪਾਰਟੀ ਦਿਨ ਬਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਉਂਕਿ ਉਸਨੂੰ ਨੇਤਾਵਾਂ ਨੇ ਹੀ ਖ਼ੋਰਾ ਲਾਇਆ ਹੋਇਆ ਹੈ। ਰਹਿੰਦੀ ਕਸਰ ਪਰਮਾਤਮਾ ਨੇ ਪੂਰੀ ਕਰ ਰਿਹਾ ਹੈ। ਕਿਉਂਕਿ ਪਾਰਟੀ ਸੰਕਟ ਮੋਚਨ ਅਤੇ ਰਣਨੀਤੀਕਾਰਾਂ ਨੂੰ ਵਾਰੀ ਵਾਰੀ ਇਸ ਆਪਣੇ ਕੋਲ ਬੁਲਾ ਰਿਹਾ ਹੈ। ਥੋੜ੍ਹਾ ਸਮਾਂ ਪਹਿਲਾਂ ਪ੍ਰਣਾਬ ਮੁਕਰਜੀ ਅਤੇ ਹੁਣ ਦੂਜੇ ਅਹਿਮਦ ਭਾਈ ਮੁਹੰਮਦ ਭਾਈ ਪਟੇਲ, ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਚਾਣਕੀਆ ਕਿਹਾ ਜਾਂਦਾ ਸੀ, ਉਹ ਕਰੋਨਾ ਦੀ ਭੇਂਟ ਚੜ੍ਹ ਗਏ ਹਨ। ਤੀਜਾ ਸੰਕਟ ਮੋਚਨ ਗੁਲਾਮ ਨਬੀ ਆਜ਼ਾਦ ਕਾਂਗਰਸ ਪਾਰਟੀ ਦਾ ਸੰਕਟ ਦੂਰ ਕਰਦਾ ਪਾਰਟੀ ਨੂੰ ਸਹੀ ਸੁਝਾਆ  ਦੇਣ ਤੋਂ ਬਾਅਦ ਆਪ ਸੰਕਟ ਵਿਚ ਫਸਿਆ ਹੋਇਆ ਹੈ। ਕਾਂਗਰਸ ਪਾਰਟੀ ਵਿਚੋਂ ਅੰਦਰੂਨੀ ਪਰਜਾਤੰਤਰ ਖੰਭ ਲਾ ਕੇ ਉਡ ਗਿਆ ਹੈ। ਚਮਚਾਗਿਰੀ ਦਾ ਦੌਰ ਭਾਰੂ ਹੈ। ਇਤਨੀ ਬੁਰੀ ਤਰ੍ਹਾਂ ਹਾਰਨ ਦੀ ਨਮੋਸ਼ੀ ਤੋਂ ਬਾਅਦ ਵੀ ਕਾਂਗਰਸੀ ਸਬਕ ਸਿੱਖਣ ਨੂੰ ਤਿਆਰ ਨਹੀਂ। ਅਹਿਮਦ ਪਟੇਲ ਨੂੰ ਮਾਣ ਜਾਂਦਾ ਹੈ ਕਿ ਉਹ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆਂ ਗਾਂਧੀ ਦਾ ਭਰੋਸੇਯੋਗ ਵਿਅਕਤੀ ਰਿਹਾ ਹੈ। ਰਾਹੁਲ ਗਾਂਧੀ ਉਸਦੀ ਕਾਬਲੀਅਤ ਦੀ ਪਛਾਣ ਨਹੀਂ ਕਰ ਸਕਿਆ। ਅਹਿਮਦ ਪਟੇਲ ਕਾਂਗਰਸ ਪਾਰਟੀ ਦੀ ਸਿਆਸਤ ਵਿਚ 44 ਸਰਗਰਮ ਰਿਹਾ। 36 ਸਾਲ ਤਾਂ ਕਾਂਗਰਸ ਪਾਰਟੀ ਦੀ ਸਿਆਸਤ ਉਸਦੇ ਆਲੇ ਦੁਆਲੇ ਘੁੰਮਦੀ ਰਹੀ। ਅਹਿਮਦ ਪਟੇਲ ਪਿਛਲੇ 20 ਸਾਲਾਂ ਤੋਂ ਸੋਨੀਆਂ ਗਾਂਧੀ ਦੇ ਰਾਜਨੀਤਕ ਸਕੱਤਰ ਅਤੇ ਸਭ ਤੋਂ ਵੱਧ ਭਰੋਸੇਯੋਗ ਵਿਅਕਤੀ ਸਨ। ਇਕ ਕਿਸਮ ਨਾਲ ਸਾਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਹਿਮਦ ਪਟੇਲ ਦੇ ਦੁਆਲੇ ਘੁੰਮਦੀ ਸੀ। ਅਹਿਮਦ ਪਟੇਲ ਛੇਤੀ ਕੀਤਿਆਂ ਕਿਸੇ ਸੀਨੀਅਰ ਨੇਤਾ ਨੂੰ ਆਪਣੀ ਨਮਰਤਾ ਅਤੇ ਸਲੀਕੇ ਦੀ ਕਾਬਲੀਅਤ ਨਾਲ ਨਰਾਜ਼ ਨਹੀਂ ਹੋਣ ਦਿੰਦਾ ਸੀ। ਉਸਨੂੰ ਮਿਲਣ ਵਾਲੇ ਕਾਂਗਰਸੀ ਨੇਤਾਵਾਂ ਦੀ ਭੀੜ ਭਾਵੇਂ ਉਸਨੂੰ ਅਨੇਕਾਂ ਸ਼ਿਕਾਇਤਾਂ ਅਤੇ ਉਲਾਂਭੇ ਦਿੰਦੀ ਰਹਿੰਦੀ ਸੀ ਪ੍ਰੰਤੂ ਉਹ ਕਦੀਂ ਵੀ ਦੁੱਖੀ ਨਹੀਂ ਹੁੰਦੇ ਸਨ। ਇਕ ਨੇਤਾ ਨੂੰ ਮਿਲਕੇ ਦੂਜੇ ਕੋਲ ਭੱਜਿਆ ਜਾਂਦਾ ਸੀ। ਸ਼ਿਕਾਇਤਾਂ ਸੁਣਦਾ ਹੀ ਨਹੀਂ ਸਗੋਂ ਜਾਇਜ ਸ਼ਿਕਾਇਤਾਂ ਨੂੰ ਦੂਰ ਵੀ ਕਰਦਾ ਸੀ। ਧੀਮੀ ਆਵਾਜ਼ ਵਿਚ ਗੱਲ ਕਰਨ,  ਸਹਿਜਤਾ ਵਿਚ ਰਹਿਣ ਅਤੇ ਹਰ ਸਮੱਸਿਆ ਦਾ ਹਲ ਲੱਭਣ ਵਾਲਾ ਅਹਿਮਦ ਪਟੇਲ ਕਾਂਗਰਸੀਆਂ ਦੇ ਦਿਲਾਂ ਤੇ ਰਾਜ ਕਰਦਾ ਸੀ। ਕਿਸੇ ਕਾਂਗਰਸੀ ਦੇ ਵਾਰ ਵਾਰ ਮਿਲਣ ਆਉਣ ਨੂੰ ਵੀ ਬੁਰਾ ਨਹੀਂ ਮੰਨਦਾ ਸੀ। ਕਾਂਗਰਸੀ ਦਿਲ ਅਤੇ ਦਿਮਾਗ ਵਾਲਾ ਇਨਸਾਨ ਸੀ। ਕਾਂਗਰਸ ਉਸਦੇ ਖੂਨ ਵਿਚ ਰਚੀ ਹੋਈ ਸੀ। ਉਸਦੀ ਕਾਬਲੀਅਤ ਦੀ ਕਮਾਲ ਇਹ ਸੀ ਕਿ ਕਾਂਗਰਸ ਪਾਰਟੀ ਵਿਚ ਧੜੇਬੰਦੀ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਕਾਂਗਰਸ ਪਾਰਟੀ ਦੇ ਸਾਰੇ ਧੜੇ ਉਸਦਾ ਸਤਿਕਾਰ ਅਤੇ ਵਿਸ਼ਵਾਸ ਕਰਦੇ ਸਨ। ਉਹ ਕਦੀਂ ਵੀ ਕਿਸੇ ਨਾਲ ਗੁਸੇ ਨਹੀਂ ਹੁੰਦਾ ਸੀ। ਉਹ ਹਰ ਨਾਰਾਜ਼ ਨੇਤਾ ਨੂੰ ਮਨਾਉਣ ਵਿਚ ਸਫਲ ਹੁੰਦਾ ਸੀ। ਸੋਨੀਆਂ ਗਾਂਧੀ ਲਈ ਉਹ ਅੱਖਾਂ ਅਤੇ ਕੰਨਾਂ ਦਾ ਕੰਮ ਕਰਦਾ ਸੀ। ਸੋਨੀਆਂ ਗਾਂਧੀ ਦੀ ਥਾਂ ਸੀਨੀਅਰ ਨੇਤਾ ਅਹਿਮਦ ਪਟੇਲ ਨਾਲ ਹਰ ਗੱਲ ਸਾਂਝੀ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਗੱਲ ਸਹੀ ਟਿਕਾਣੇ ਤੇ ਪਹੁੰਚ ਜਾਵੇਗੀ। ਅਹਿਮਦ ਪਟੇਲ ਨੇਤਾਵਾਂ ਨੂੰ ਬੜੀ ਸੰਜੀਦਗੀ ਅਤੇ ਨੀਝ ਨਾਲ ਸੁਣਕੇ ਉਸਦਾ ਹਲ ਕੱਢਣ ਲਈ ਸੋਨੀਆਂ ਗਾਂਧੀ ਨੂੰ ਸਹੀ ਸਲਾਹ ਦਿੰਦੇ ਸਨ। ਉਸਨੇ ਰਾਜਾਂ ਅਤੇ ਕੇਂਦਰ ਦੇ ਮੰਤਰੀ ਮੰਡਲ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਪ੍ਰੰਤੂ ਆਪ ਕਦੀਂ ਵੀ ਮੰਤਰੀ ਬਣਨ ਦੀ ਇੱਛਾ ਪ੍ਰਗਟ ਨਹੀਂ ਕੀਤੀ। ਹੈਰਾਨੀ ਦੀ ਗੱਲ ਹੈ ਕਿ ਉਸਨੂੰ ਮਿਲਣ ਵਾਲਾ ਹਰ ਕਾਂਗਰਸੀ ਉਸਨੂੰ ਆਪਣਾ ਸਮਰਥਕ ਸਮਝਦਾ ਸੀ। ਕਾਂਗਰਸੀ ਉਸਦੇ ਹਰ ਸ਼ਬਦ ਨੂੰ ਹੁਕਮ ਦੀ ਤਰ੍ਹਾਂ ਮੰਨਦੇ ਸਨ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਵੀ ਉਹ ਪੂਰਾ ਤਾਲਮੇਲ ਰੱਖਦਾ ਸੀ। ਜੇਕਰ ਕੋਈ ਸੀਨੀਅਰ ਨੇਤਾ ਉਸ ਨਾਲ ਨਾਰਾਜ਼ ਹੋ ਜਾਂਦਾ ਸੀ ਤਾਂ ਅਹਿਮਦ ਪਟੇਲ ਉਸਨੂੰ ਜਲਦੀ ਹੀ ਮਨਾ ਲੈਂਦਾ ਸੀ। ਜਿਹੜੇ ਵਿਅਕਤੀ ਕਾਂਗਰਸ ਪਾਰਟੀ ਨੂੰ ਅਲਵਿਦਾ ਵੀ ਕਹਿ ਗਏ, ਉਨ੍ਹਾਂ ਨਾਲ ਪੂਰਾ ਸੰਪਰਕ ਰੱਖਦਾ ਸੀ ਤਾਂ ਜੋ ਮੁੜਕੇ ਕਾਂਗਰਸ ਵਿਚ ਆ ਜਾਣ। ਉਹ ਆਸ਼ਾਵਾਦੀ ਨੇਤਾ ਸੀ। ਕਈ ਕਾਂਗਰਸੀਆਂ ਨੂੰ ਉਹ ਵਾਪਸ ਵੀ ਲੈ ਆਇਆ ਸੀ। ਪਿਛੇ ਜਹੇ ਕਾਂਗਰਸ ਦੇ 40 ਸੀਨੀਅਰ ਨੇਤਾਵਾਂ ਨੇ ਇਕ ਪੱਤਰ ਭੇਜਿਆ ਸੀ ਜਿਸਨੂੰ ਲੈਟਰ ਬੰਬ ਕਿਹਾ ਜਾਂਦਾ ਹੈ। ਅਹਿਮਦ ਪਟੇਲ ਦੀ ਡਿਪਲੋਮੇਸੀ ਨੇ ਉਸਨੂੰ ਠੁੱਸ ਕਰਵਾ ਦਿੱਤਾ ਸੀ। ਉਸਨੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਮਨਾ ਕੇ ਸੋਨੀਆਂ ਗਾਂਧੀ ਨਾਲ ਮੁਲਾਕਤ ਕਰਵਾ ਦਿੱਤੀ ਸੀ। ਇਸ ਕਰਕੇ ਜਿਹੜੀਆਂ ਤਿੰਨ ਕਮੇਟੀਆਂ ਸੋਨੀਆਂ ਗਾਂਧੀ ਨੇ ਡਾ ਮਨਮੋਹਨ ਸਿੰਘ ਦੀ ਅਗਵਾਈ ਵਿਚ ਬਣਾਈਆਂ ਹਨ, ਉਨ੍ਹਾਂ ਵਿਚ ਨਾਰਾਜ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਹਿਮਦ ਪਟੇਲ 8 ਵਾਰ ਗੁਜਰਾਤ ਤੋਂ ਸੰਸਦ ਦਾ ਮੈਂਬਰ ਬਣਿਆਂ। ਇਸ ਸਮੇਂ ਉਹ ਸਰਬ ਭਾਰਤੀ ਕਾਂਗਰਸ ਪਾਰਟੀ ਦਾ ਖ਼ਜਾਨਚੀ ਵੀ ਸੀ। ਅਹਿਮਦ ਪਟੇਲ ਯੂਥ ਕਾਂਗਰਸ ਰਾਹੀਂ ਕਾਂਗਰਸ ਪਾਰਟੀ ਵਿਚ ਆਇਆ ਅਤੇ 1976  ਵਿਚ ਸਥਾਨਕ ਨਗਰ ਪਾਲਿਕਾ ਦੀ ਚੋਣ ਲੜਦਾ ਹੋਇਆ ਇੰਦਰਾ ਗਾਂਧੀ ਦੀ ਨਜ਼ਰੇ ਚੜ੍ਹ ਗਿਆ। ਇੰਦਰਾ ਗਾਂਧੀ ਨੇ 1977 ਵਿਚ  ਮਹਿਜ 28 ਸਾਲ ਦੇ ਨੌਜਵਾਨ ਅਹਿਮਦ ਪਟੇਲ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਟਿਕਟ ਦੇ ਦਿੱਤਾ। ਅਹਿਮਦ ਪਟੇਲ ਚੋਣ ਜਿੱਤ ਗਿਆ। ਉਸਤੋਂ ਬਾਅਦ 1980 ਅਤੇ 84 ਵਿਚ ਵੀ ਉਹ ਲੋਕ ਸਭਾ ਦੀ ਚੋਣ ਜਿੱਤ ਗਿਆ। ਉਦੋਂ ਅਹਿਮਦ ਪਟੇਲ ਮੁਸਲਮਾਨ ਭਾਈਚਾਰੇ ਦੂਜਾ ਵਿਅਕਤੀ ਸੀ, ਜਿਹੜਾ ਗੁਜਰਾਤ ਵਿਚੋਂ ਸੰਸਦ ਦੀਆਂ ਪੌੜੀਆਂ ਚੜਿ੍ਹਆ ਸੀ। ਉਹ 1993 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਦਾ ਮੈਂਬਰ ਬਣਦਾ ਆ ਰਿਹਾ ਸੀ। ਚਾਰ ਵਾਰ ਰਾਜ ਸਭਾ ਦੀ ਚੋਣ ਜਿੱਤਣ ਵਿਚ ਉਨ੍ਹਾਂ ਨੂੰ ਕਦੀਂ ਵੀ ਮੁਸ਼ਕਲ ਨਹੀਂ ਆਈ। 2017 ਚੋਣ ਜਿੱਤਣ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵੇਲਣ ਵੇਲਣੇ ਪਏ।  1985 ਵਿਚ ਅਹਿਮਦ ਪਟੇਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪਾਰਲੀਮੈਂਟਰੀ ਸਕੱਤਰ ਬਣਕੇ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਘਰ ਬੈਠਣ ਲੱਗ ਪਿਆ। ਉਸ ਤੋਂ ਬਾਅਦ ਉਸਦੀ ਕਾਂਗਰਸ ਪਾਰਟੀ ਵਿਚ ਤੂਤੀ ਬੋਲਣ ਲੱਗ ਪਈ ਕਿਉਂਕਿ ਸਾਰੇ ਮਹੱਤਵਪੂਰਨ ਫੈਸਲੇ ਕਰਨ ਵਿਚ ਉਸਦਾ ਯੋਗਦਾਨ ਹੁੰਦਾ ਸੀ। ਇਸੇ  ਦੌਰਾਨ ਹੀ ਉਹ ਸੋਨੀਆਂ ਗਾਂਧੀ ਦੇ ਨਜ਼ਦੀਕ ਹੋ ਗਿਆ। ਉਨ੍ਹਾਂ ਨੂੰ ਰਾਜੀਵ ਗਾਂਧੀ ਨੇ ਜਵਾਹਰ ਭਵਨ ਦੀ ਟਰੱਸਟ ਦਾ ਸਕੱਤਰ ਬਣਾਕੇ ਜਵਾਹਰ ਲਾਲ ਨਹਿਰੂ ਦੇ ਜਨਮ ਦੀ ਸ਼ਤਾਬਦੀ ਵਰ੍ਹੇ 1988 ਤੱਕ ਭਵਨ ਦੀ ਉਸਾਰੀ ਮੁਕੰਮਲ ਕਰਨ ਦਾ ਟੀਚਾ ਦਿੱਤਾ ਸੀ। ਜਿਸਨੂੰ ਉਨ੍ਹਾਂ ਤਨਦੇਹੀ ਨਾਲ ਨਿਗਰਾਨੀ ਕਰਕੇ ਸਮੇਂ ਸਿਰ ਮੁਕੰਮਲ ਕਰਵਾਇਆ। ਕਹਿਣ ਤੋਂ ਭਾਵ ਜਿਹੜੀ ਵੀ ਉਨ੍ਹਾਂ ਨੂੰ ਗਾਂਧੀ ਪਰਿਵਾਰ ਨੇ ਜ਼ਿੰਮੇਵਾਰੀ ਦਿੱਤੀ,  ਉਨ੍ਹਾਂ ਨੇ ਉਸਨੂੰ ਸਹੀ ਢੰਗ ਨਾਲ ਨਿਭਾਇਆ। ਫਿਰ ਤਾਂ ਉਹ ਗਾਂਧੀ ਪਰਿਵਾਰ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਸੰਸਦ ਮੈਂਬਰ ਰਹਿੰਦਿਆਂ ਉਨ੍ਹਾਂ ਸਰਦਾਰ ਸਰੋਵਰ ਪ੍ਰਾਜੈਕਟ ਦੀ ਨਿਗਰਾਨੀ ਲਈ ਨਰਮਦਾ ਮੈਨੇਜਮੈਂਟ ਅਥਾਰਿਟੀ ਬਣਵਾਈ।  ਉਨ੍ਹਾਂ ਭਰੂਚ ਜਿਲ੍ਹੇ ਦਾ ਬਿਜਲੀਕਰਨ ਕਰਵਾਉਣ ਲਈ 2005 ਵਿਚ ਭਰੂਚ ਜਿਲ੍ਹੇ ਨੂੰ ਦੇਸ ਦੇ ਪੰਜ ਜਿਲਿ੍ਹਆਂ ਵਿਚ ਸ਼ਾਮਲ ਕਰਵਾਇਆ, ਜਿਨ੍ਹਾਂ ਦਾ  ਰਾਜੀਵ ਗਾਂਧੀ ਗਰਾਮੀਣ ਵਿਦੂਆਤੀਕਰਨ  ਯੋਜਨਾ ਅਧੀਨ ਬਿਜਲੀ ਕਰਨ ਹੋਣਾ ਸੀ। ਅਸਲ ਵਿਚ ਇੰਦਰਾ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੰਕਟ ਦੇ ਬੱਦਲ ਛਾਅ ਗਏ ਸਨ। ਰਾਜੀਵ ਗਾਂਧੀ ਤਾਂ ਇੰਦਰਾ ਨਹਿਰੂ ਦੀ ਵਿਰਾਸਤ ਦਾ ਲਾਭ ਉਠਾ ਕੇ ਦਸ ਸਾਲ ਰਾਜ ਕਰ ਗਿਆ। ਉਨ੍ਹਾਂ ਤੋਂ ਬਾਅਦ ਗਾਂਧੀ ਪਰਿਵਾਰ ਦਾ ਅਕਸ ਗਿਰਨਾ ਸ਼ੁਰੂ ਹੋ ਗਿਆ ਸੀ। ਪੀ ਵੀ ਨਰਸਿਮਹਾ ਰਾਓ ਆਪਣੀਆਂ ਹਿੰਦੂਵਾਦੀ ਨੀਤੀਆਂ ਕਰਕੇ ਪੰਜ ਸਾਲ ਸਰਕਾਰ ਚਲਾ ਗਿਆ। ਉਨ੍ਹਾਂ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਆਰਥਿਕ ਮਾਹਿਰ ਡਾ ਮਨਮੋਹਨ ਸਿੰਘ ਨੇ ਠੁਮਣਾ ਦੇ ਕੇ ਦਸ ਸਾਲ ਬਚਾਈ ਰੱਖਿਆ ਪ੍ਰੰਤੂ ਜਦੋਂ ਕਾਂਗਰਸ ਪਾਰਟੀ ਨੇ ਡਾ ਮਨਮੋਹਨ ਸਿੰਘ ਤੋਂ ਮੁੱਖ ਮੋੜਨਾ ਸ਼ੁਰੂ ਕੀਤਾ ਤਾਂ ਉਹ ਨਿਘਾਰ ਵਲ ਵੱਧਣ ਲੱਗੀ। ਰਾਹੁਲ ਗਾਂਧੀ ਦੇ ਬਚਕਾਨੇ ਬਿਆਨਾ ਨੇ ਮਨਮੋਹਨ ਸਿੰਘ ਦੇ ਅਕਸ ਨੂੰ ਢਾਅ ਲਾਉਣ ਦੀ ਕੋਸਿਸ਼ ਕੀਤੀ ਪ੍ਰੰਤੂ ਹੁਣ ਦੁਬਾਰਾ ਕਾਂਗਰਸ ਪਾਰਟੀ ਨੂੰ ਮਨਮੋਹਨ ਸਿੰਘ ਦਾ ਆਸਰਾ ਲੈਣਾ ਪੈ ਰਿਹਾ ਹੈ। ਸੋਨੀਆਂ ਗਾਂਧੀ ਲਗਪਗ 20 ਸਾਲ ਕਾਂਗਰਸ ਪਾਰਟੀ ਦੀ ਪ੍ਰਧਾਨ ਰਹੀ ਹੈ। ਇਸ ਸਮੇਂ ਵੀ ਕਾਰਜਵਾਹਕ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੀ ਹੈ। ਇਸ ਸਮੇਂ ਦੌਰਾਨ ਅਹਿਮਦ ਪਟੇਲ ਹੀ ਕਾਂਗਰਸ ਪਾਰਟੀ ਵਿਚ ਪਾਵਰ ਸੈਂਟਰ ਬਣਿਆਂ ਰਿਹਾ ਹੈ। ਅਹਿਮਦ ਪਟੇਲ ਸੋਨੀਆਂ ਗਾਂਧੀ ਦਾ ਰਾਜਨੀਤਕ ਸਕੱਤਰ ਸੀ। ਉਹ ਕਾਂਗਰਸ ਪਾਰਟੀ ਅਤੇ ਡਾ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁÇੰਦਆਂ ਸਰਕਾਰ ਦਰਮਿਆਨ ਕੜੀ ਦਾ ਕੰਮ ਕਰਦਾ ਰਿਹਾ ਹੈ। ਅਹਿਮਦ ਪਟੇਲ ਪਬਲਿਸਿਟੀ ਦਾ ਭੁੱਖਾ ਨਹੀਂ ਸੀ। ਉਹ ਪਰਦੇ ਦੇ ਪਿੱਛੇ ਰਹਿਕੇ ਆਪਣਾ ਕੰਮ ਕਰਦਾ ਰਿਹਾ। ਇਹ ਉਸਦਾ ਸਭ ਤੋਂ ਵੱਡਾ ਗੁਣ ਸੀ।

        ਅਹਿਮਦ ਪਟੇਲ ਦਾ ਜਨਮ 21ਅਗਸਤ 1949 ਨੂੰ ਮਾਤਾ ਹਬਾਬੇਨ ਮੁਹੰਮਦ ਭਾਈ ਪਟੇਲ ਅਤੇ ਪਿਤਾ ਇਸ਼ਾਕਜੀ ਪਟੇਲ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਖੇਤੀਬਾੜੀ ਦੇ ਕੰਮ ਦੇ ਨਾਲ ਸਮਾਜ ਸੇਵਾ ਦਾ ਕੰਮ ਵੀ ਕਰਦੇ ਸਨ। ਅਹਿਮਦ ਪਟੇਲ ਨੂੰ ਆਪਣੇ ਪਿਤਾ ਦੇ ਸਮਾਜ ਸੇਵਾ ਦੇ ਕੰਮ ਤੋਂ ਸਿਆਸਤ ਵਿਚ ਆਉਣ ਦੀ ਪ੍ਰੇਰਨਾ ਮਿਲੀ। ਉਨ੍ਹਾਂ ਦਾ ਵਿਆਹ 1976 ਵਿਚ ਬੇਗਮ ਮੈਮੂਨਾ ਨਾਲ ਹੋਇਆ। ਆਪਦੇ ਇਕ ਲੜਕਾ ਫੈਜ਼ਲ ਅਹਿਮਦ ਅਤੇ ਇਕ ਲੜਕੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                     

ਮੋਬਾਈਲ-94178 13072

ujagarsingh48@yahoo.com