ਭੈ ਕਾਹੂ ਕਉ ਦੇਤਿ ਨਹਿ - ਸਵਰਾਜਬੀਰ

ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਸਿਦਕ, ਸਿਰੜ, ਹਿੰਮਤ ਅਤੇ ਜੀਰਾਂਦ ਕਿਸਾਨ ਅੰਦੋਲਨ ਨੂੰ ਇਸ ਦੀ ਸਿਖ਼ਰ 'ਤੇ ਲੈ ਗਏ ਹਨ। ਦੂਸਰੇ ਸੂਬਿਆਂ ਦੇ ਕਿਸਾਨਾਂ ਨੇ ਵੀ ਪੰਜਾਬ ਤੋਂ ਉੱਠੀ ਆਵਾਜ਼ ਵਿਚ ਆਪਣੀ ਆਵਾਜ਼ ਮਿਲਾਈ ਹੈ ਅਤੇ ਕਿਸਾਨਾਂ ਦੀ ਸਰਬ-ਸਾਂਝੀ ਆਵਾਜ਼ ਉਹ ਨਾਦ ਬਣ ਗਈ ਹੈ ਜਿਹੜਾ ਦੇਸ਼ ਦੀ ਰਾਜਧਾਨੀ ਵਿਚ ਗੂੰਜ ਰਿਹਾ ਹੈ, ਸਾਰੇ ਦੇਸ਼ ਵਿਚ ਸੁਣਾਈ ਦੇ ਰਿਹਾ ਹੈ। ਇਸ ਦੀਆਂ ਧੁਨਾਂ ਹੱਕ-ਸੱਚ ਦੀਆਂ ਧੁਨਾਂ ਹਨ। ਇਨ੍ਹਾਂ ਵਿਚ ਕਿਸਾਨਾਂ ਦੀ ਮਿਹਨਤ ਦੀ ਹੁੰਕਾਰ ਅਤੇ ਸਦੀਆਂ ਤੋਂ ਮਿੱਟੀ ਨਾਲ ਮਿੱਟੀ ਹੁੰਦੇ ਪਿੰਡਿਆਂ ਦੀ ਮਹਿਕ ਹੈ। ਇਸ ਨਾਦ ਵਿਚ ਪੰਜਾਬ ਦੇ ਗੁਰੂਆਂ, ਪੀਰਾਂ, ਫ਼ਕੀਰਾਂ, ਨਾਥ-ਜੋਗੀਆਂ, ਯੋਧਿਆਂ, ਬਾਗ਼ੀਆਂ, ਦੇਸ਼ ਭਗਤਾਂ ਅਤੇ ਸਮੂਹ ਲੋਕਾਂ ਦੀਆਂ ਆਵਾਜ਼ਾਂ ਸ਼ਾਮਲ ਹਨ। ਇਸ ਨਾਦ ਨੇ ਰਾਜਧਾਨੀ ਅਤੇ ਸੱਤਾ ਦੇ ਦਰਾਂ 'ਤੇ ਇਸ ਤਰ੍ਹਾਂ ਦਸਤਕ ਦਿੱਤੀ ਹੈ ਜਿਸ ਤਰ੍ਹਾਂ ਦਸਤਕ ਦੇਣੀ ਦੇਸ਼ ਦੇ ਲੋਕ ਕੁਝ ਵਰ੍ਹਿਆਂ ਤੋਂ ਭੁੱਲ ਗਏ ਸਨ। ਇਹ ਦਸਤਕ ਕੋਈ ਖ਼ੈਰ ਮੰਗਣ ਵਾਲੀ ਦਸਤਕ ਨਹੀਂ, ਆਪਣੇ ਹੱਕਾਂ ਦਾ ਹੋਕਾ ਦੇਣ ਵਾਲੀ ਦਸਤਕ ਹੈ, ਬੁੱਲ੍ਹੇ ਸ਼ਾਹ ਦੇ ਸ਼ਬਦਾਂ ਵਿਚ ਇਹ 'ਉਲਟੀ ਦਸਤਕ' ਹੈ, ਬੁੱਲ੍ਹੇ ਦੇ ਸ਼ਬਦ ਵਰਤਦਿਆਂ ਹੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੇ ''ਦਰਬਾਰ ਵਿਚ ਛਿੰਝ ਪਾਈ ਹੈ'' (''ਵਾਹ ਵਾਹ ਛਿੰਝ ਪਈ ਦਰਬਾਰ''), ਇਹ ਛਿੰਝ ਪੰਜਾਬੀ ਕਿਸਾਨਾਂ ਦੇ ਬੁਲੰਦ ਹੌਸਲੇ ਦੇ ਗਗਨ-ਦਮਾਮਿਆਂ ਦੀ ਤਾਲ 'ਤੇ ਪੈ ਰਹੀ ਹੈ। ਇਸ ਤਾਲ ਵਿਚ ਪੰਜਾਬੀਆਂ ਦੀ ਸਦੀਆਂ ਲੰਮੀ ਵਿਰਾਸਤ ਵਿਚਲੀਆਂ ਕੁਰਬਾਨੀਆਂ, ਉਨ੍ਹਾਂ ਦੇ ਅੱਜ ਦੇ ਦੁੱਖਾਂ-ਦਰਦਾਂ ਦੀ ਕਹਾਣੀ, ਉਨ੍ਹਾਂ ਦੀ ਹਾਕਮ-ਸ਼ਕਤੀਆਂ ਨੂੰ ਵੰਗਾਰ ਸਕਣ ਦੀ ਸਮਰੱਥਾ, ਵੇਲੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਚੁਣੌਤੀ ਦੇਣ ਦੀ ਹਿੰਮਤ ਅਤੇ ਪੰਜਾਬੀ ਬੰਦੇ ਦੇ ਭਵਿੱਖ ਦੀ ਕਹਾਣੀ, ਸਭ ਹਾਜ਼ਰ ਹਨ।
       ਸ਼ੁੱਕਰਵਾਰ ਦਿੱਲੀ ਪੁਲੀਸ ਭਾਵ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਵਿਚ ਬੁਰਾਰੀ ਜਾ ਕੇ ਅੰਦੋਲਨ ਕਰਨ ਦੀ ਸਲਾਹ ਦਿੱਤੀ ਸੀ। ਬੁਰਾਰੀ ਦਿੱਲੀ ਦੇ ਇਕ ਕੋਨੇ ਵਿਚ ਹੈ। ਕਿਸਾਨ ਆਗੂਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਰਾਮ ਲੀਲ੍ਹਾ ਮੈਦਾਨ ਵਿਚ ਜਾਣ ਦਿੱਤਾ ਜਾਵੇ, ਇਸ ਵੇਲੇ ਕਿਸਾਨ ਮੁੱਖ ਤੌਰ 'ਤੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ ਅਤੇ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਮੰਤਰੀ ਉਨ੍ਹਾਂ ਨਾਲ ਆ ਕੇ ਗੱਲਬਾਤ ਕਰਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਸਾਨਾਂ ਨੂੰ ਬੁਰਾਰੀ ਜਾ ਕੇ ਧਰਨਾ ਦੇਣ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਨੇ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਿਆ ਸੀ। ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਜੇ ਕਿਸਾਨ ਬੁਰਾਰੀ ਚਲੇ ਜਾਂਦੇ ਹਨ ਤਾਂ ਗੱਲਬਾਤ 3 ਦਸੰਬਰ ਤੋਂ ਪਹਿਲਾਂ ਵੀ ਹੋ ਸਕਦੀ ਹੈ।
      ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਹਿ ਰਿਹਾ ਹੈ ਕਿ ਇਹ ਅੰਦੋਲਨ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ, ਹਰਿਆਣੇ ਦੇ ਕਿਸਾਨ ਇਸ ਵਿਚ ਸ਼ਾਮਲ ਨਹੀਂ ਹਨ। ਅਜਿਹੇ ਬਿਆਨ ਹਰਿਆਣੇ ਦੇ ਕਿਸਾਨਾਂ ਦੀ ਹੇਠੀ ਹਨ। ਪੰਜਾਬ ਅਤੇ ਹਰਿਆਣਾ ਦੇ ਭੂਗੋਲਿਕ ਖ਼ਿੱਤਿਆਂ ਵਿਚ ਸਦੀਆਂ ਲੰਮੀ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਸਾਂਝ ਹੈ। ਜਦ ਸਤਾਰ੍ਹਵੀਂ ਸਦੀ ਵਿਚ ਪੰਜਾਬ ਵਿਚ ਗੁਰੂ ਤੇਗ ਬਹਾਦਰ ਜੀ ਪੰਜਾਬ ਦੀ ਅਗਵਾਈ ਕਰ ਰਹੇ ਸਨ ਤਾਂ ਹਰਿਆਣੇ ਦੇ ਨਾਰਨੌਲ-ਮੇਵਾਤ ਇਲਾਕੇ ਵਿਚ ਗੁਰੂ ਉਦੋ ਦਾਸ ਨੇ ਸਤਿਨਾਮੀ ਪੰਥ ਚਲਾਇਆ ਅਤੇ ਕਬੀਰ ਜੀ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਜ਼ੁਲਮ ਵਿਰੁੱਧ ਲੜਨ ਲਈ ਵੰਗਾਰਿਆ ਅਤੇ 1669 ਵਿਚ ਦਿੱਲੀ ਵਿਚ ਗੁਰੂ ਉਦੋ ਦਾਸ ਦੀ ਉੱਥੇ ਹੀ ਸ਼ਹੀਦੀ ਹੋਈ ਜਿੱਥੇ 6 ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ। ਸਤਿਨਾਮੀਆਂ ਨੂੰ ਮੁੰਡੀਏ ਸਾਧ ਅਤੇ ਵੈਰਾਗੀ ਵੀ ਕਿਹਾ ਜਾਂਦਾ ਸੀ। ਗੁਰੂ ਉਦੋ ਦਾਸ ਦੀ ਸ਼ਹੀਦੀ ਤੋਂ ਤਿੰਨ ਵਰ੍ਹੇ ਬਾਅਦ ਸਤਿਨਾਮੀਆਂ ਨੇ ਬਗ਼ਾਵਤ ਕਰਕੇ ਨਾਰਨੌਲ 'ਤੇ ਕਬਜ਼ਾ ਕਰਕੇ ਦਿੱਲੀ ਵੱਲ ਕੂਚ ਕੀਤਾ। ਉਨ੍ਹਾਂ ਨੂੰ ਰਾਹ ਵਿਚ ਰੋਕਣ ਲਈ ਸ਼ਾਹੀ ਫ਼ੌਜਾਂ ਭੇਜੀਆਂ ਗਈਆਂ ਅਤੇ ਉਸ ਬਗ਼ਾਵਤ ਨੂੰ ਬੇਰਹਿਮੀ ਨਾਲ ਦਬਾ ਦਿੱਤਾ ਗਿਆ। 18ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਤਾਂ ਉਸ ਨੇ ਪੰਜਾਬ-ਹਰਿਆਣੇ ਵਿਚ ਜਿਹੜੀ ਪਹਿਲੀ ਪ੍ਰਮੁੱਖ ਥਾਂ 'ਤੇ ਟਿਕਾਣਾ ਕੀਤਾ, ਉਹ ਨਾਰਨੌਲ ਸੀ। ਦੱਸਿਆ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਵੈਰਾਗੀਆਂ/ਸਤਿਨਾਮੀਆਂ ਨਾਲ ਹੋਏ ਜ਼ੁਲਮ ਬਾਰੇ ਦੱਸਿਆ ਗਿਆ ਤਾਂ ਉਸ ਨਾਰਨੌਲ ਤੋਂ ਹੀ ਸੰਘਰਸ਼ ਆਰੰਭਿਆ, ਉੱਥੇ ਦਾ ਅਸਲਾਖ਼ਾਨਾ ਲੁੱਟਿਆ ਅਤੇ ਬਾਅਦ ਵਿਚ ਸੋਨੀਪਤ/ਪਾਣੀਪਤ ਅਤੇ ਪੰਜਾਬ ਵੱਲ ਕੂਚ ਕੀਤਾ। ਸਿੰਘੂ ਬਾਰਡਰ ਦੇ ਕੋਲ ਪਿੰਡ ਬੜ੍ਹ ਖ਼ਾਲਸਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਨੇ ਡੇਰੇ ਲਾਏ ਸਨ। ਬਾਅਦ ਵਿਚ ਹਰਿਆਣਾ ਦੇ ਕਈ ਇਲਾਕੇ ਸਿੱਖ ਮਿਸਲਾਂ ਦੀ ਕਰਮ-ਭੂਮੀ ਬਣੇ। ਇਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਵਿਚ ਸਾਂਝ ਦੀ ਲੰਮੀ ਰਵਾਇਤ ਹੈ ਅਤੇ ਸਿਆਸੀ ਆਗੂ ਇਸ ਸਾਂਝ ਨੂੰ ਅਗਵਾ ਨਹੀਂ ਕਰ ਸਕਦੇ। ਸਿਆਸੀ ਹੱਦਾਂ ਦੇ ਆਧਾਰ 'ਤੇ ਲੋਕਾਂ ਨੂੰ ਵੰਡਣਾ ਰਾਜਸੀ ਆਗੂਆਂ ਦੀ ਅਜ਼ਮਾਈ ਹੋਈ ਚਾਲ ਹੈ। ਇਸ ਵੇਲੇ ਹਰਿਆਣੇ ਦੇ ਮੁੱਖ ਮੰਤਰੀ ਦਾ ਪਾਣੀਆਂ ਦੀ ਵੰਡ ਦੇ ਮਸਲੇ ਨੂੰ ਛੇੜਨਾ ਵੀ ਅਜਿਹੀ ਸਿਆਸਤ ਦਾ ਹਿੱਸਾ ਹੈ। ਇਹੀ ਨਹੀਂ, ਹਰਿਆਣਾ ਸਰਕਾਰ ਨੇ ਹਰਿਆਣਾ ਦੇ ਕਿਸਾਨ ਆਗੂਆਂ ਵਿਰੁੱਧ ਤਾਜ਼ੀਰਾਤੇ-ਹਿੰਦ ਦੀਆਂ ਕਈ ਕਠੋਰ ਧਾਰਾਵਾਂ ਅਧੀਨ ਕੇਸ ਵੀ ਦਰਜ ਕੀਤੇ ਹਨ।
      ਕੁਝ ਦਹਾਕੇ ਪਹਿਲਾਂ ਪੰਜਾਬੀ ਕਵੀ ਪਾਸ਼ ਨੇ ਕਿਹਾ ਸੀ, ''ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ/ ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ/ ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ... ਸਭ ਤੋਂ ਖ਼ਤਰਨਾਕ ਹੁੰਦਾ ਹੈ/ ਮੁਰਦਾ ਸ਼ਾਂਤੀ ਨਾਲ ਭਰ ਜਾਣਾ/ ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ/ ... ਸਭ ਤੋਂ ਖ਼ਤਰਨਾਕ ਹੁੰਦਾ ਹੈ/ ਸਾਡੇ ਸੁਫ਼ਨਿਆਂ ਦਾ ਮਰ ਜਾਣਾ।'' ਇਹ ਸ਼ਬਦ ਪੰਜਾਬੀਆਂ ਦੇ ਦਿਲਾਂ ਅਤੇ ਰਗਾਂ ਵਿਚ ਧੜਕਦੇ ਰਹੇ ਹਨ, ਉਨ੍ਹਾਂ ਨੇ ਆਪਣੇ ਸੁਫ਼ਨਿਆਂ ਨੂੰ ਮਰਨ ਨਹੀਂ ਦਿੱਤਾ। ਇਸੇ ਕਵਿਤਾ ਵਿਚ ਪਾਸ਼ ਨੇ ਕਿਹਾ ਸੀ, ''ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ/ ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ।'' ਪੰਜਾਬੀ ਕਿਸਾਨਾਂ ਅਤੇ ਮਜ਼ਦੂਰਾਂ ਨੇ ਆਪਣੀ ਨਜ਼ਰ ਨੂੰ ਠੰਢੀ ਯੱਖ ਨਹੀਂ ਹੋਣ ਦਿੱਤਾ। ਉਨ੍ਹਾਂ ਦੇ ਅੱਜ ਦੇ ਸੰਘਰਸ਼ ਵਿਚ ਉਨ੍ਹਾਂ ਦੇ ਦੁੱਖ-ਦਰਦ ਦੇ ਨਾਲ-ਨਾਲ ਉਨ੍ਹਾਂ ਦੀ ਹਿੰਮਤ, ਹੌਸਲੇ, ਸਿਦਕ, ਸਿਰੜ ਅਤੇ ਜੇਰੇ ਦਾ ਸੇਕ ਹੈ, ਇਹ ਸੰਘਰਸ਼ ਮਨੁੱਖਤਾ ਦਾ ਜਲੌਅ ਹੈ।
    ਅੱਜ ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਦੇ ਖੇਤਾਂ ਦੇ ਪੁੱਤ ਦਿੱਲੀ ਦੀਆਂ ਸ਼ਾਹ-ਰਾਹਾਂ 'ਤੇ ਆਪਣੇ ਭਵਿੱਖ ਦੀਆਂ ਲਿਟਾਂ ਸਵਾਰ ਰਹੇ ਹਨ। ਪਾਸ਼ ਨੇ ਖੇਤਾਂ, ਖੇਤਾਂ ਦਿਆਂ ਪੁੱਤਰਾਂ, ਸੰਘਰਸ਼ ਅਤੇ ਭਵਿੱਖ ਦੇ ਰਿਸ਼ਤਿਆਂ ਨੂੰ ਇਉਂ ਚਿਤਰਿਆ ਸੀ, ''ਖੇਤਾਂ ਨੂੰ ਸਭ ਪਤਾ ਹੈ/ ਮਨੁੱਖ ਦਾ ਲਹੂ ਕਿੱਥੇ ਡੁੱਲ੍ਹਦਾ ਹੈ/ ਤੇ ਲਹੂ ਦਾ ਕੀ ਮੁੱਲ ਹੁੰਦਾ ਹੈ/ ਇਹ ਖੇਤ ਸਭ ਜਾਣਦੇ ਹਨ/ ਇਸ ਲਈ ਐ ਰਾਤ/ ਤੂੰ ਮੇਰੀਆਂ ਅੱਖਾਂ 'ਚ ਤੱਕ/ ਮੈਂ ਭਵਿੱਖ ਦੀਆਂ ਅੱਖਾਂ 'ਚ ਤੱਕਦਾ ਹਾਂ।'' ਖੇਤਾਂ ਦੇ ਪੁੱਤ ਭਵਿੱਖ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਪਣੇ ਭਵਿੱਖ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ, ਖੇਤਾਂ ਨੂੰ ਸਭ ਪਤਾ ਹੈ...।
      ਪੰਜਾਬੀਆਂ ਨੇ ਬਹੁਤ ਵਾਰ ਦਿੱਲੀ ਵੱਲ ਕੂਚ ਕੀਤਾ ਹੈ। ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ 1675 ਵਿਚ ਦਿੱਲੀ ਜਾ ਕੇ ਸ਼ਹੀਦੀ ਦਿੱਤੀ, ਸਾਨੂੰ ਦੱਸਿਆ ਸੀ, ''ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥'' ਇਹ ਸ਼ਲੋਕ ਪੰਜਾਬੀਆਂ ਦੀ ਜੀਵਨ-ਜਾਚ ਵਿਚ ਪ੍ਰਵਾਨਿਤ ਆਦਰਸ਼ ਬਣ ਗਿਆ ਕਿ ਅਸਲੀ ਇਨਸਾਨ ਉਹੀ ਹੈ ਜੋ ਨਾ 'ਤੇ ਕਿਸੇ ਨੂੰ ਡਰਾਉਂਦਾ (ਭੈਅ ਦਿੰਦਾ) ਹੈ ਅਤੇ ਨਾ ਹੀ ਕਿਸੇ ਦਾ ਭੈਅ ਮੰਨਦਾ ਹੈ। ਦਿੱਲੀ ਨੂੰ ਕੂਚ ਕਰ ਕਿਸਾਨ ਵੀ ਕਿਸੇ ਨੂੰ ਡਰਾਉਣ ਲਈ ਨਹੀਂ ਸਗੋਂ ਆਪਣੇ ਹੱਕ-ਸੱਚ ਦਾ ਹੋਕਾ ਦੇਣ ਜਾ ਰਹੇ ਹਨ। ਉਨ੍ਹਾਂ ਦੇ ਕੀਤੇ ਵਿਵਹਾਰ ਨੇ ਵੀ ਦਰਸਾਇਆ ਹੈ ਕਿ ਉਹ ਹਰਿਆਣਾ ਅਤੇ ਦਿੱਲੀ ਪੁਲੀਸ ਦਾ ਭੈਅ ਮੰਨਣ ਤੋਂ ਇਨਕਾਰੀ ਹੋਏ। ਅਸੀਂ ਪਿਛਲੇ ਵਰ੍ਹੇ ਬਾਬਾ ਨਾਨਕ ਜੀ ਦੀ 550ਵੀਂ ਜਨਮ ਸ਼ਤਾਬਦੀ ਮਨਾਈ ਹੈ ਜਿਨ੍ਹਾਂ ਸਾਨੂੰ ਦੱਸਿਆ ''ਬਿਨੁ ਸਬਦੈ ਭੈ ਰਤਿਆ॥'' ਸ਼ਬਦ ਅਤੇ ਗਿਆਨ ਤੋਂ ਬਿਨਾਂ ਮਨੁੱਖ ਭੈਅ ਵਿਚ ਰੰਗੀਜਿਆ ਰਹਿੰਦਾ ਹੈ। ਪੰਜਾਬ ਦੇ ਕਿਸਾਨ ਨੂੰ ਗਿਆਨ ਹੈ ਕਿ ਉਹ ਕਿਉਂ ਲੜ ਰਿਹਾ ਹੈ, ਉਹ ਉਨ੍ਹਾਂ ਕਾਨੂੰਨਾਂ ਵਿਰੁੱਧ ਲੜ ਰਿਹਾ ਹੈ ਜਿਹੜੇ ਉਸ ਦੀ ਹੋਂਦ ਅਤੇ ਭਵਿੱਖ ਲਈ ਖ਼ਤਰਾ ਹਨ। ਕੋਵਿਡ-19 ਦੀ ਪੈਦਾ ਕੀਤੀ ਦਹਿਸ਼ਤ ਅਤੇ ਉਸ ਦੀ ਆੜ ਵਿਚ ਬਣਾਏ ਗਏ ਕਿਸਾਨ-ਵਿਰੋਧੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਨੂੰ ਕੂਚ ਪੰਜਾਬ ਦੇ ਭੈਅ-ਮੁਕਤ ਹੋਏ ਬੰਦੇ ਦੀ ਕਹਾਣੀ ਹੈ। ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਕਿਸਾਨ ਵੀ ਇਸ ਮਹਾਂ-ਯਾਤਰਾ ਵਿਚ ਸ਼ਾਮਲ ਹਨ।
      ਪੰਜਾਬੀਆਂ ਦੇ ਨਾਬਰੀ ਦੇ ਇਤਿਹਾਸ ਵਿਚ ਕਈ ਪਰੰਪਰਾਵਾਂ ਹਨ। ਰਣ ਵਿਚ ਜੂਝ ਮਰਨ ਤੋਂ ਲੈ ਕੇ ਸ਼ਾਂਤਮਈ ਵਿਦਰੋਹ ਤਕ। ਕਿਸਾਨਾਂ ਦਾ ਇਹ ਸ਼ਾਂਤਮਈ ਅੰਦੋਲਨ ਗੁਰੂ ਅਰਜਨ ਦੇਵ ਜੀ-ਗੁਰੂ ਤੇਗ ਬਹਾਦਰ ਜੀ ਦੇ ਸ਼ਾਂਤਮਈ ਰਹਿ ਕੇ ਵਿਦਰੋਹ ਕਰਨ ਦੀ ਪਰੰਪਰਾ ਦੀ ਉਹ ਕੜੀ ਹੈ ਜਿਸ ਵਿਚ ਪੰਜਾਬ ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਕਈ ਹੋਰ ਕਿਸਾਨ ਤੇ ਮਜ਼ਦੂਰ ਮੋਰਚਿਆਂ ਦੇ ਸ਼ਾਂਤਮਈ ਸੰਘਰਸ਼ ਦੇਖੇ ਹਨ। ਰਣ ਵਿਚ ਜੂਝਣ ਵਾਲੇ ਸੰਘਰਸ਼ਾਂ ਵਾਂਗ ਸ਼ਾਂਤਮਈ ਲਹਿਰਾਂ ਵਿਚ ਮਨੁੱਖ ਦੇ ਜੇਰੇ, ਸਿਦਕ, ਸਿਰੜ ਅਤੇ ਭੈਅ-ਮੁਕਤ ਹੋਣ ਦਾ ਇਮਤਿਹਾਨ ਹੁੰਦਾ ਹੈ ਜਿਵੇਂ ਸ਼ਾਇਰ ਨੇ ਕਿਹਾ ਹੈ, ''ਭੈਅ ਤੋਂ ਮੁਕਤ ਹੋ ਜਾਏ ਜੋ, ਉਹ ਬੰਦਾ ਕੁਝ ਵੀ ਕਰ ਸਕਦਾ ਏ/ ਲਾ ਸਕਦਾ ਏ ਅੰਬਰ ਨੂੰ ਸੰਨ੍ਹ/ ਨਾਲ ਜਬਰ ਦੇ ਲੜ ਸਕਦਾ ਏ/ ਏਹੀ ਹੈ ਬੰਦਾ ਹੋਣ ਦਾ ਮੰਤਰ/ ਹਰ ਬੰਦਾ ਇਹ ਪੜ੍ਹ ਸਕਦਾ ਏ/ ਜਾ ਸਕਦਾ ਏ ਪ੍ਰੇਮ ਗਲੀ ਵਿਚ, ਸੀਸ ਤਲੀ 'ਤੇ ਧਰ ਸਕਦਾ ਏ।'' ਪੰਜਾਬ ਵਿਚ ਸੀਸ ਤਲੀઠ 'ਤੇ ਧਰ ਕੇ, ਪ੍ਰੇਮ ਦੀ ਗਲੀ ਵਿਚ ਜਾਣ ਦੀ ਪਰੰਪਰਾ ਰਹੀ ਹੈ। ਪੰਜਾਬ ਦੇ ਕਿਸਾਨ ਇਸ ਪਰੰਪਰਾ ਨੂੰ ਕਾਇਮ ਰੱਖ ਰਹੇ ਹਨ।