ਸਿੱਖੀ ਨੂੰ ਲਗ ਰਹੀ ਢਾਹ ਪੁਰ ਚਿੰਤਾ, ਪਰ... - ਜਸਵੰਤ ਸਿੰਘ 'ਅਜੀਤ'

ਸਮੇਂ-ਸਮੇਂ ਸਿੱਖ ਆਗੂਆਂ ਵਲੋਂ ਸਿੱਖੀ ਨੂੰ ਲਗ ਰਹੀ ਢਾਹ ਪੁਰ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਇਸਦੇ ਨਾਲ ਹੀ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਪਾਣ ਅਤੇ ਲਗ ਚੁਕੀ ਢਾਹ ਵਿਚੋਂ ਉਭਰਨ ਲਈ ਗੰਭੀਰ ਵਿਚਾਰ-ਵਟਾਂਦਰੇ ਵੀ ਕੀਤੇ ਜਾਂਦੇ ਰਹਿੰਦੇ ਹਨ। ਇਨ੍ਹਾਂ ਵਿਚਾਰ-ਵਟਾਂਦਰਿਆਂ ਦੌਰਾਨ ਰਾਹ ਵੀ ਤਲਾਸ਼ੇ ਜਾਂਦੇ ਹਨ ਤੇ ਸਾਧਨ ਵੀ। ਪ੍ਰੰਤੂ ਗਲ ਇਸ ਤੋਂ ਅਗੇ ਨਹੀਂ ਵੱਧ ਪਾਂਦੀ। ਇਸਦਾ ਕਾਰਣ ਇਹ ਹੈ ਕਿ ਜੋ ਰਾਹ ਤਲਾਸ਼ੇ ਗਏ ਹੁੰਦੇ ਹਨ ਤੇ ਸਾਧਨ ਵਰਤੇ ਜਾਣੇ ਹੁੰਦੇ ਹਨ, ਉਹ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਨੂੰ ਸਹਿਜ ਨਹੀਂ ਜਾਪਦੇ। ਇਨ੍ਹਾਂ ਦੇ ਮੁਕਾਬਲੇ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਉਣੇ ਉਨ੍ਹਾਂ ਲਈ ਬਹੁਤ ਹੀ ਸਹਿਜ ਹੁੰਦੇ ਹਨ।
ਇਸ ਗਲ ਬਾਰੇ ਕਦੀ ਵੀ ਸੋਚ-ਵਿਚਾਰ ਨਹੀਂ ਕੀਤੀ ਜਾਂਦੀ ਕਿ ਕੀਰਤਨ ਦਰਬਾਰਾਂ ਅਤੇ ਗੁਰਮਤਿ ਸਮਾਗਮਾਂ ਵਿਚ ਉਹ ਨੌਜਵਾਨ ਆਉਂਦੇ ਹੀ ਨਹੀਂ ਜੋ ਸਿੱਖੀ ਵਿਰਸੇ ਨਾਲੋਂ ਟੁੱਟ ਚੁਕੇ ਹੁੰਦੇ ਹਨ ਅਤੇ ਰੋਜ਼ ਦਿਨ ਪੈਦਾ ਕੀਤੇ ਜਾ ਰਹੇ ਨਵੇਂ ਤੋਂ ਨਵੇਂ ਵਿਵਾਦਾਂ ਤੋਂ ਉਪਰਾਮ ਹੋ ਵਿਰਸੇ ਨਾਲੋਂ ਟੁੱਟਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਜੋ ਇਨ੍ਹਾਂ ਸਮਾਗਮਾਂ ਵਿਚ ਆਉਂਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਵਿਦਵਾਨਾਂ ਤੇ ਬੁਧੀਜੀਵੀਆਂ ਦੇ 'ਉੱਚ-ਪਧਰੀ' ਭਾਸ਼ਣ ਸਮਝ ਹੀ ਨਹੀਂ ਆਉਂਦੇ ਅਤੇ ਰਾਜਸੀ ਭਾਸ਼ਣਾਂ ਉਨ੍ਹਾਂ ਲਈ ਪਹਿਲਾਂ ਤੋਂ ਹੀ ਦੁਬਿੱਧਾ ਦਾ ਕਾਰਣ ਬਣੇ ਚਲੇ ਆ ਰਹੇ ਹੁੰਦੇ ਹਨ।
ਆਮ ਤੋਰ ਤੇ ਅਜਿਹੇ ਸਮਾਗਮਾਂ ਵਿਚ ਜੇ ਕੋਈ ਧਰਮ ਦੀ ਗਲ ਕੀਤੀ ਵੀ ਜਾਂਦੀ ਹੈ, ਤਾਂ ਉਸ ਵਿਚ ਵੀ ਸਿੱਖ ਆਗੂਆਂ, ਧਾਰਮਕ ਮੁੱਖੀਆਂ ਅਤੇ ਪ੍ਰਚਾਰਕਾਂ ਵਲੋਂ ਇਸ ਗਲ ਤੇ ਹੀ ਜ਼ੋਰ ਦਿਤਾ ਜਾਂਦਾ ਹੈ ਕਿ ਹਰ ਸਿੱਖ ਲਈ ਦਸਮੇਸ਼ ਪਿਤਾ ਦੀ ਦਾਤ, ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਜੋ ਅੰਮ੍ਰਿਤ ਨਹੀਂ ਛਕਦਾ ਉਹ ਸਿੱਖ ਨਹੀਂ ਹੋ ਸਕਦਾ। ਇਸਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ, ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਣ ਦਾ ਆਦੇਸ਼ ਦਿਤਾ ਹੈ, ਇਸ ਕਰ ਕੇ ਇਸ ਪੁਰ ਕਿੰਤੂ ਨਹੀਂ ਕੀਤਾ ਜਾ ਸਕਦਾ।
ਇਸ ਸਮੇਂ ਸਿੱਖ ਪੰਥ ਦੇ ਸਾਹਮਣੇ ਸਭ ਤੋਂ ਵੱਡਾ ਸੁਆਲ ਇਹ ਹੈ ਕਿ ਸਿੱਖੀ ਨੂੰ ਕਿਵੇਂ ਬਚਾਇਆ ਜਾਏ ਤੇ ਲਗ ਰਹੀ ਢਾਹ ਤੋਂ ਇਸਨੂੰ ਕਿਵੇਂ ਉਭਾਰਿਆ ਜਾਏ? ਜੋ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ, ਉਨ੍ਹਾਂ ਨੂੰ ਕਿਵੇਂ ਰੋਕਿਆ ਜਾਏ ਤੇ ਜੋ ਟੁੱਟ ਗਏ ਹੋਏ ਹਨ ਉਨ੍ਹਾਂ ਨੂੰ ਕਿਵੇਂ ਵਾਪਸ ਲਿਆਂਦਾ ਜਾਏ?
ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਕੀਤੀ, ਸਗੋਂ ਉਨ੍ਹਾਂ ਨੇ ਤਾਂ ਉਸ ਪੰਥ ਦੀ ਸਿਰਜਣਾ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਸੀ, ਜਿਸਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਖੀ ਸੀ ਤੇ ਜਿਸਦੀ ਉਸਾਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਅੱਠ ਜੋਤਾਂ ਨੇ ਯੋਗਦਾਨ ਪਾਇਆ ਸੀ। ਇਸਤਰ੍ਹਾਂ ਤਕਰੀਬਨ ਦੋ ਸੌ ਤੀਹ ਵਰ੍ਹਿਆਂ ਦੀ ਅਦੁਤੀ ਘਾਲਣਾ ਤੋਂ ਬਾਅਦ ਹੀ ਖਾਲਸਾ ਪੰਥ (ਸੰਤ-ਸਿਪਾਹੀ) ਦੀ ਸਿਰਜਣਾ ਸੰਪੂਰਣ ਹੋਈ ਸੀ। ਉਹ ਵੀ ਐਂਵੇ ਹੀ ਨਹੀਂ ਹੋ ਗਈ। ਇਸਨੂੰ ਸੰਪੂਰਨ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਾਂ ਦੀ ਭੇਂਟ ਲਈ ਸੀ। ਇਹ ਗਲ ਵੀ ਯਾਦ ਰਖਣ ਵਾਲੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ਰਖਦਿਆਂ ਹੀ ਸਪਸ਼ਟ ਕਰ ਦਿਤਾ ਸੀ ਕਿ ਇਹ ਮਾਰਗ ਬਹੁਤ ਕਠਨ ਹੈ: 'ਇਤੁ ਮਾਰਗ ਪੈਰ ਧਰੀਜੇ ਸਿਰ ਦੀਜੈ ਕਾਣ ਨਾ ਕਜਿੈ'। ਇਸ ਤਰ੍ਹਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਸਪਸ਼ਟ ਕਰ ਦਿਤਾ ਸੀ ਕਿ ਸਿੱਖੀ ਵਿਚ 'ਸਿਰ ਦੀ ਭੇਂਟ' ਪਹਿਲੀ ਸ਼ਰਤ ਹੈ। ਇਸੇ ਸ਼ਰਤ ਦੇ ਆਧਾਰ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੀਖਿਆ ਲੈ, ਸਿੱਖੀ ਦੇ ਮਹਿਲ ਦੀ ਸਿਰਜਣਾ ਨੂੰ ਸੰਪੂਰਨਤਾ ਦਿਤੀ।

ਸਿੱਖੀ ਦਾ ਨਿਸ਼ਾਨਾ ਰਾਜਸੱਤਾ ਨਹੀਂ: ਇਤਿਹਾਸ ਗੁਆਹ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਨਾ ਤਾਂ ਗੁਰੂ ਸਾਹਿਬ ਕੋਲ ਅਤੇ ਨਾ ਹੀ ਉਨ੍ਹਾਂ ਦੇ ਸਿੱਖਾਂ ਪਾਸ ਕੋਈ ਰਾਜਸੱਤਾ ਸੀ। ਜਿਸ ਸਮੇਂ ਸਿੱਖ ਸੰਘਰਸ਼ ਦੇ ਦੌਰ ਵਿਚੋਂ ਗੁਜ਼ਰ ਰਹੇ ਸਨ, ਉਸ ਸਮੇਂ ਸਿੱਖੀ ਮਜ਼ਬੂਤ ਸੀ, ਜਿਸਦੇ ਸਹਾਰੇ ਸਿੱਖ ਜਬਰ-ਜ਼ੁਲਮ ਦਾ ਨਾਸ਼ ਕਰਨ ਪ੍ਰਤੀ ਦ੍ਰਿੜ੍ਹ ਸੰਕਲਪ ਹੋ ਜੁਟੇ ਹੋਏ ਸਨ। ਇਹ ਮੰਨਿਆ ਜਾਂਦਾ ਹੈ ਕਿ ਰਾਜਸੱਤਾ ਅਤੇ ਸਿੱਖਾਂ ਵਿਚਕਾਰ ਕਦੀ ਵੀ ਤਾਲਮੇਲ ਨਹੀਂ ਬੈਠ ਸਕਿਆ। ਇਸਦਾ ਕਾਰਣ ਇਹ ਹੈ ਕਿ ਜਿਥੇ ਰਾਜਸੱਤਾ ਜਬਰ ਤੇ ਜ਼ੁਲਮ ਦਾ ਸਹਾਰਾ ਲਏ ਬਿਨਾਂ ਨਾ ਤਾਂ ਕਾਇਮ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸਤੋਂ ਬਿਨਾਂ ਉਸਨੂੰ ਕਾਇਮ ਹੀ ਰਖਿਆ ਜਾ ਸਕਦਾ ਹੈ, ਇਸਦੇ ਵਿਰੁਧ ਸਿੱਖ ਸੁਭਾਉੇ ਤੋਂ ਹੀ ਵਿਦਰੋਹੀ ਹੈ, ਉਹ ਸੌੜੀ-ਸੰਕੋਚਵੀਂ ਧਾਰਮਕ ਸੋਚ, ਕਰਮ-ਕਾਂਡਾਂ, ਪਖੰਡਾਂ ਅਤੇ ਜਬਰ-ਜ਼ੁਲਮ ਅਧਾਰਤ ਰਾਜ ਸੱਤਾ ਵਿਰੁਧ ਲਗਾਤਾਰ ਜੂਝਦਾ ਚਲਿਆ ਆ ਰਿਹਾ ਹੈ। ਸਿੱਖ ਮਾਨਤਾਵਾਂ ਅਨੁਸਾਰ ਰਾਜਸੱਤਾ ਨੇ ਸਦਾ ਹੀ ਸਿੱਖੀ ਨੂੰ ਨੁਕਸਾਨ ਹੀ ਪਹੁੰਚਾਇਆ ਹੈ।
ਕਈ ਸਿੱਖ ਵਿਦਵਾਨ ਇਹ ਦਾਅਵਾ ਕਰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਵਧ ਗਈ ਸੀ। ਪਰ ਉਹ ਇਸ ਗਲ ਨੂੰ ਨਜ਼ਰ-ਅੰਦਾਜ਼ ਕਰ ਜਾਂਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿਤਾਰਾ ਡੁਬਦਿਆਂ ਹੀ ਉਹ ਸਾਰੇ, ਜੋ ਰਾਜਸੱਤਾ ਦਾ ਸੁੱਖ ਮਾਨਣ ਲਈ ਸਿੱਖੀ ਸਰੂਪ ਦੇ ਧਾਰਣੀ ਬਣੇ ਸਨ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਗਏ ਅਤੇ ਸਿੱਖਾਂ ਦੀ ਗਿਣਤੀ ਤਕਰੀਬਨ ਪੰਜ ਹਜ਼ਾਰ ਹੀ ਰਹਿ ਗਈ ਸੀ।
ਆਜ਼ਾਦੀ ਤੋਂ ਬਾਅਦ ਕਈ ਵਾਰ ਅਕਾਲੀ ਸੱਤਾ ਵਿਚ ਆਏ। ਉਨ੍ਹਾਂ ਨੇ ਸਿੱਖਾਂ ਪਾਸੋਂ ਰਾਜ-ਭਾਗ ਦੀ ਮੰਗ ਕਰਦਿਆਂ ਉਨ੍ਹਾਂ ਵਿਚ ਇਹ ਭਰਮ ਪੈਦਾ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ ਕਿ 'ਰਾਜ ਬਿਨਾਂ ਨਹਿ ਧਰਮ ਚਲੈ ਹੈਂ', ਪਰ ਇਤਿਹਾਸ ਗੁਆਹ ਹੈ ਕਿ ਕਿਸੇ ਵੀ ਸਮੇਂ ਰਾਜ-ਸੱਤਾ ਧਰਮ ਦੀ ਰਖਿਆ ਨਹੀਂ ਕਰ ਸਕੀ। ਜੇ ਰਾਜ-ਸੱਤਾ ਧਰਮ ਦੀ ਰਖਿਆ ਕਰ ਸਕਦੀ ਤਾਂ ਅਜ ਪੰਜਾਬ ਦਾ ਅੱਸੀ ਪ੍ਰਤੀਸ਼ਤ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁ    ੱਟ ਨਾ ਗਿਆ ਹੁੰਦਾ। ਇਨ੍ਹਾਂ ਹਾਲਾਤ ਵਿਚ ਇਹ ਗਲ ਸਵੀਕਾਰ ਕਰਨੀ ਹੀ ਹੋਵੇਗੀ ਕਿ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਤਾਂ ਹੀ ਸੰਭਵ ਹੈ, ਜੇ ਉਹ ਰਾਜ-ਸੱਤਾ ਦੇ ਪ੍ਰਭਾਵ ਤੋਂ ਮੁਕਤ ਹੋਣ।
ਇਸਦਾ ਕਾਰਣ ਇਹ ਹੈ ਕਿ ਰਾਜਨੀਤੀ ਵਿਚ ਤਾਂ ਗ਼ੈਰ-ਸਿਧਾਂਤਕ ਸਮਝੌਤੇ ਕੀਤੇ ਜਾ ਸਕਦੇ ਹਨ ਪਰ ਧਰਮ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਨਾ ਤਾਂ ਗ਼ੈਰ-ਸਿਧਾਂਤਕ ਸਮਝੌਤੇ ਹੋ ਸਕਦੇ ਹਨ ਤੇ ਨਾ ਹੀ ਕਿਸੇ ਤਰ੍ਹਾਂ ਦਾ ਗਠਜੋੜ।  

ਪੰਥ ਵਿਚ ਢਹਿੰਦੀ-ਕਲਾ: ਇਕ ਦ੍ਰਿਸ਼ਟੀਕੋਣ ਇਹ ਵੀ : ਇਕ ਦਿਨ ਅਚਾਨਕ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ 'ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ' ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂਅ ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਨੂੰ ਮਿਲਿਆ ਸੀ।
ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਜੋ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫਤਿਆਂ, ਮਹੀਨਿਆਂ ਜਾਂ ਵਰ੍ਹਿਆਂ ਵਿਚ ਹੀ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸਨੂੰ ਰਾਜਨੀਤੀ ਮੰਨਿਆ ਜਾਣ    ਲਗਾ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।

...ਅਤੇ ਅੰਤ ਵਿੱਚ : ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ ਵਿਚਾਰਿਆ ਜਾਏ ਤਾਂ ਇਹ ਸੁਆਲ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਆਖਿਰ ਅੱਜ ਹੋ ਕੀ ਰਿਹਾ ਹੈ? ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਬਿਲਕੁਲ ਹੀ ਭੁਲਾ ਦਿਤਾ ਜਾਂਦਾ ਹੈ। ਜੇ ਗੰਭੀਰਤਾ ਨਾਲ ਸੋਚਿਆ-ਵਿਚਾਰਿਆ ਜਾਏ ਤਾਂ ਇਉਂ ਜਾਪੇਗਾ ਜਿਵੇਂ ਇਹੀ ਕਾਰਣ ਹੈ ਜਿਸਦੇ ਫਲਸਰੂਪ ਪੰਥ ਵਿੱਚ ਲਗਾਤਾਰ ਢਹਿੰਦੀ ਕਲਾ ਆਉਂਦੀ ਜਾ ਰਹੀ ਹੈ।000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085