ਪੰਜਾਬ ਦੇ ਹਾਕਮੋ, ਆਪਣੇ ਅੰਦਰ ਵੀ ਝਾਤ ਮਾਰੋ!

          
ਖ਼ਾਸ ਤੌਰ 'ਤੇ ਪਿਛਲੇ ਦਹਾਕੇ ਦੇ ਸਮੇਂ 'ਚ ਪੰਜਾਬ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੇ ਪੰਜਾਬੀਆਂ ਨੂੰ ਹੈਰਾਨ-ਪ੍ਰੇਸ਼ਾਨ ਕੀਤਾ ਹੈ। ਇੱਕ ਸਦੀ ਪੁਰਾਣੇ ਉਸ ਸ਼੍ਰੋਮਣੀ ਅਕਾਲੀ ਦਲ, ਜਿਸ ਨੂੰ ਖ਼ਾਸ ਕਰ ਕੇ ਪਿੰਡਾਂ ਦੇ ਲੋਕ ਹੱਥੀਂ ਛਾਂਵਾਂ ਕਰਦੇ ਸਨ, ਉਸ ਦੇ ਵਰਕਰਾਂ, ਖ਼ਾਸ ਕਰ ਕੇ ਅੰਮ੍ਰਿਤਧਾਰੀ ਵਰਕਰਾਂ ਨੂੰ ਤਿਆਗ ਤੇ ਸੇਵਾ ਦੀ ਮੂਰਤੀ ਸਮਝਦੇ ਸਨ, ਤੋਂ ਲੋਕ ਦੂਰੀ ਬਣਾਉਣ ਲਈ ਜਿਵੇਂ ਮਜਬੂਰ ਹੋ ਗਏ ਦਿੱਸਦੇ ਹਨ।
ਕੀ ਕਦੇ ਪੰਜਾਬੀ ਇਹ ਆਸ ਕਰਦੇ ਸਨ ਕਿ ਉਨ੍ਹਾਂ ਦੇ ਹਰਮਨ-ਪਿਆਰੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇ-ਹੁਰਮਤੀ ਹੋਵੇ ਤੇ ਦੋਸ਼ੀ ਫੜੇ ਹੀ ਨਾ ਜਾ ਸਕਣ? ਕੀ ਕਦੇ ਪੰਜਾਬੀਆਂ ਨੇ ਆਪਣੇ ਮਨਾਂ 'ਚ ਇਹ ਚਿਤਵਿਆ ਵੀ ਹੋਵੇਗਾ ਕਿ ਉਨ੍ਹਾਂ ਦੇ ਆਪਣੇ ਅਕਾਲੀ ਦਲ ਦੇ ਰਾਜ ਵਿੱਚ ਕੋਈ ਅਕਾਲੀ ਨੇਤਾ ਕਿਸੇ ਉਸ ਪੁਲਸ ਅਧਿਕਾਰੀ ਨੂੰ ਗੋਲੀ ਮਾਰ ਕੇ ਮਾਰ ਦੇਵੇ, ਜਿਹੜਾ ਆਪਣੀ ਧੀ ਨੂੰ ਇਸ ਅਕਾਲੀ ਨੇਤਾ ਵੱਲੋਂ ਵਾਰ-ਵਾਰ ਛੇੜੇ ਜਾਣ ਜਾਂ ਪ੍ਰੇਸ਼ਾਨ ਕਰਨ ਵਿਰੁੱਧ ਉਸ ਦੀ ਇੱਜ਼ਤ ਬਚਾਉਣ ਲਈ ਸਾਹਮਣੇ ਆਇਆ ਹੋਵੇ? (ਘਟਨਾ 6 ਦਸੰਬਰ 2012, ਅ੍ਰੰਮਿਤਸਰ ਦੀ ਹੈ)। ਕੀ ਪੰਜਾਬੀ ਇਹ ਗੱਲ ਸੋਚ ਵੀ ਸਕਦੇ ਹਨ ਕਿ ਕੋਈ ਅਕਾਲੀ ਸਰਪੰਚ ਉਨ੍ਹਾਂ ਦੇ ਆਪਣੇ ਹੀ ਰਾਜ ਵਿੱਚ ਕਿਸੇ 13 ਵਰ੍ਹਿਆਂ ਦੀ ਲੜਕੀ ਦਾ ਅਗਵਾ ਕਰ ਲਏ ਤੇ ਫਿਰ ਉਸ ਨੂੰ ਨੰਗਿਆਂ ਕਰ ਕੇ ਘੁੰਮਾਏ (ਘਟਨਾ ਤਰਨ ਤਾਰਨ ਜ਼ਿਲ੍ਹੇ ਦੇ ਤੁੜ ਪਿੰਡ ਦੀ ਹੈ) ਅਤੇ ਪੁਲਸ ਬੇਵੱਸੀ ਦੇ ਆਲਮ ਵਿੱਚ ਕੁਝ ਵੀ ਨਾ ਕਰ ਸਕੇ? ਇਸ ਤੋਂ ਵੱਡਾ ਹੋਰ ਕਿਹੜਾ ਲੋਹੜਾ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਨੌਜਵਾਨ ਨੇਤਾ (ਸਾਰੇ ਜਾਣਦੇ ਹਨ ਕਿ ਉਹ ਕਿਸ ਦਾ ਬੰਦਾ ਹੈ?) ਅਤੇ ਸ਼ਹਿਰ ਦਾ ਅਕਾਲੀ ਡਿਪਟੀ ਮੇਅਰ ਡਿਪਟੀ ਕਮਿਸ਼ਨਰ ਅ੍ਰੰਮਿਤਸਰ ਦੀ ਹਾਜ਼ਰੀ 'ਚ ਇੱਕ ਮੀਟਿੰਗ ਦੌਰਾਨ ਗਾਲੀ-ਗਲੋਚ ਕਰਨ, ਹੱਥੋ-ਪਾਈ ਹੋਣ, ਕੁੱਟ-ਕੁਟਾਪਾ ਕਰਨ ਅਤੇ ਨੌਜਵਾਨ ਨੇਤਾ ਸਕਿਉਰਿਟੀ ਵਾਲਿਆਂ ਦੀ ਏ ਕੇ-47 ਰਫਲ ਖੋਹ-ਖਿੱਚ ਕੇ ਇਸ ਝਗੜੇ ਵਿੱਚੋਂ ਫਰਾਰ ਹੋ ਜਾਏ ਅਤੇ ਡਿਪਟੀ ਕਮਿਸ਼ਨਰ ਏਨਾ ਹੌਸਲਾ ਵੀ ਆਪਣੇ 'ਚ ਇਕੱਠਾ ਨਾ ਕਰ ਸਕੇ ਕਿ ਉਹ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਸਕੇ?
 ਕਿਹੋ ਜਿਹਾ ਬਣ ਗਿਆ ਹੈ ਅਕਾਲੀ ਦਲ ਦੇ ਰਾਜ ਦਾ ਕਲਚਰ? ਕਿੱਥੇ ਚਲੀ ਗਈ ਹੈ ਸਰਕਾਰ? ਕਿੱਥੇ ਚਲੇ ਗਏ ਹਨ ਲੋਕਾਂ ਨੂੰ ਭੈ-ਰਹਿਤ ਪ੍ਰਸ਼ਾਸਨ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਅਕਾਲੀ ਨੇਤਾ?
 ਇਹ ਰਾਜ ਸਦੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੋ ਸਕਦਾ। ਇਹੋ ਜਿਹਾ ਰਾਜ ਤਾਂ ਕਿਸੇ ਇੱਕ ਟੱਬਰ ਦਾ ਹੀ ਹੋ ਸਕਦਾ ਹੈ, ਜਿਹੜਾ ਆਪਣਾ ਰਾਜ-ਭਾਗ ਬਣਾਈ ਰੱਖਣ   ਲਈ ਲੋਕਤੰਤਰੀ ਤਾਣੇ-ਬਾਣੇ ਨੂੰ ਛਿੱਜ ਕੇ ਸਾਮ (ਸਮਝੌਤਾ), ਦਾਮ (ਪੈਸਾ), ਦੰਡ (ਸਜ਼ਾ) ਜਿਹੇ ਤਰੀਕਿਆਂ ਨਾਲ ਹਰ ਹਰਬਾ ਵਰਤ ਕੇ ਆਪਣੀ ਕੁਰਸੀ ਬਚਾਉਣ ਜਾਂ ਅੱਗੋਂ ਕੁਰਸੀ 'ਤੇ ਕਬਜ਼ਾ ਕਰਨ ਦੀ ਲਾਲਸਾ ਰੱਖਦਾ ਹੋਵੇ। ਨਹੀਂ ਤਾਂ ਭਲਾ ਸਿੱਖਾਂ ਦੀ ਸਰਬ ਉੱਚ ਸੰਸਥਾ ਦਾ ਮੁਖੀ ਅਕਾਲੀ ਦਲ ਦੇ ਮੁਖੀ ਦੇ ਇਸ਼ਾਰਿਆਂ ਉੱਤੇ ਕਿਉਂ ਚੱਲੇ? ਕਿਉਂ ਸਾਰੇ ਨਿਯਮ ਛਿੱਕੇ ਟੰਗ ਕੇ ਕਿਸੇ ਕਾਰਪੋਰੇਟੀਏ ਨੂੰ ਤਿੰਨ-ਚਾਰ ਲੱਖ ਰੁਪਏ ਮਹੀਨੇ ਦੀ ਤਨਖ਼ਾਹ ਉਸ ਫ਼ੰਡ ਵਿੱਚੋਂ ਅਦਾ ਕੀਤੀ ਜਾਵੇ, ਜਿਹੜਾ ਫ਼ੰਡ ਸ਼ਰਧਾਵਾਨ ਸੰਗਤਾਂ ਨੇ ਬਾਬੇ ਨਾਨਕ ਦੇ ਦੁਆਰੇ ਭੇਟ ਕੀਤਾ ਹੁੰਦਾ ਹੈ?  ਕੀ ਕਾਰਨ ਇਹੋ ਨਹੀਂ ਕਿ ਇੱਕੋ ਪਰਵਾਰ ਦੀਆਂ ਆਪ-ਹੁਦਰੀਆਂ ਨੇ ਪੰਜਾਬ ਦਾ ਪ੍ਰਸ਼ਾਸਨਕ ਪ੍ਰਬੰਧ ਖੋਖਲਾ ਕਰ ਦਿੱਤਾ ਹੈ, ਆਮ ਲੋਕਾਂ ਦਾ, ਖ਼ਾਸ ਕਰ ਕੇ 'ਸੰਗਤਾਂ' ਦਾ ਵਿਸ਼ਵਾਸ ਅਕਾਲੀ ਦਲ ਤੋਂ ਉੱਠ ਰਿਹਾ ਹੈ ਅਤੇ ਉਹ ਆਪਣਾ ਰੋਸ ਪ੍ਰਗਟ ਕਰਨ ਲਈ ਇਸ ਕਦਰ ਸੜਕਾਂ ਉੱਤੇ ਆਣ ਢੁੱਕੇ ਅਤੇ ਉਨ੍ਹਾਂ ਵਿਖਾ ਦਿੱਤਾ ਕਿ ਇਸ 'ਸੁਖ ਰਹਿਣੇ' ਸੂਬੇ 'ਚ ਸਰਕਾਰ ਨਾਮ ਦੀ ਚੀਜ਼ ਹੀ ਕੋਈ ਨਹੀਂ ਹੈ?
 ਲੋਕਾਂ ਦੇ ਮਨਾਂ 'ਚ ਰੋਸਾ ਤੇ ਵਿਰੋਧ ਐਨਾ ਕਿ 3 ਜੂਨ 2016 ਨੂੰ ਸੂਬੇ ਦੇ ਮੁੱਖ ਮੰਤਰੀ ਦੇ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਸਮੇਂ ਉਥੇ ਡਿਊਟੀ 'ਤੇ ਹਾਜ਼ਰ ਸਿੰਘ ਨੇ ਉਨ੍ਹਾ ਨੂੰ ਸਿਰੋਪਾ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਕੀ ਦੇਸ਼ ਦੇ ਪਦਮ ਵਿਭੂਸ਼ਨ, ਪੰਜ ਵੇਰ ਸੂਬੇ ਦਾ ਮੁੱਖ ਮੰਤਰੀ ਬਣੇ ਅਤੇ ਅਨੇਕ ਮਾਣ-ਸਨਮਾਨ, ਖਿਤਾਬ ਪ੍ਰਾਪਤ ਮੁੱਖ ਮੰਤਰੀ ਦੇ ਲਈ ਇਹ ਸਪੱਸ਼ਟ ਸੰਕੇਤ ਨਹੀਂ ਸੀ ਕਿ ਪੰਜਾਬੀ, ਖ਼ਾਸ ਕਰ ਕੇ ਇਸ ਸੂਬੇ ਦੇ ਸਿੱਖ, ਭੈੜੇ ਕੁਸ਼ਾਸਨ, ਪਿਤਰੀ ਮੋਹ 'ਚ ਡੁੱਬੇ ਇੱਕ ਪਿਤਾ ਨੂੰ ਦਿਲੋਂ ਨਫ਼ਰਤ ਕਰਨ ਲੱਗੇ ਹਨ, ਜਿਹੜਾ ਸੂਬੇ ਦੇ ਲੋਕਾਂ ਉੱਤੇ ਵੱਧ ਤੋਂ ਵੱਧ ਟੈਕਸ ਲਾ ਕੇ, ਲੋਕਾਂ ਨੂੰ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਕਰਵਾਉਣ ਦੇ ਨਾਮ ਉੱਤੇ, ਮੁਫਤ ਆਟਾ-ਦਾਲ ਵੰਡਣ ਦੇ ਨਾਮ ਉੱਤੇ, ਲੋਕਾਂ ਨੂੰ ਗੁੰਮਰਾਹ ਕਰਨ ਦੇ ਚੱਕਰ ਵਿੱਚ ਪੰਜਾਬ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਰਿਹਾ ਹੈ? ਅਤੇ ਜਿਸ ਨੇ ਸੂਬੇ ਵਿਚਲੀ ਸਾਰੀ ਸ਼ਕਤੀ ਸਮੇਤ ਪੁਲਸ, ਸ਼ਾਸਨ ਪ੍ਰਬੰਧ, ਪੰਜਾਬ ਦੇ ਹਰ ਵਿਧਾਨ ਸਭਾ ਹਲਕੇ 'ਚ ਬਣਾਏ 'ਹਲਕਾ ਇੰਚਾਰਜਾਂ' ਦੇ ਹੱਥ ਫੜਾਈ ਹੋਈ ਹੈ ਅਤੇ ਪੁਰਾਣੇ ਜਗੀਰਦਾਰਾਂ ਵਾਂਗ 'ਚਾਹੇ ਕਰੇ ਉੱਨੀ, ਚਾਹੇ ਕਰੇ ਇੱਕੀ', ਉਹਨੂੰ 'ਕੌਣ ਆਖੇ ਰਾਣੀਏ ਅੱਗਾ ਢੱਕ' ਦੀ ਕਹਾਵਤ ਵਾਂਗ ਕੋਈ ਕੁਝ ਨਹੀਂ ਆਖ ਸਕਦਾ?
 ਇਹ ਕਿਸ ਕਿਸਮ ਦਾ ਲੋਕਤੰਤਰ ਹੈ ਪੰਜਾਬ ਵਿੱਚ ਕਿ ਵਿਰੋਧੀ ਧਿਰ ਦਾ ਜਿੱਤਿਆ ਐੱਮ ਐੱਲ ਏ ਹੱਥ 'ਤੇ ਹੱਥ ਧਰ ਕੇ ਬੈਠਾ ਸਰਕਾਰ ਵੱਲ ਝਾਕਦਾ ਹੈ ਤੇ 'ਹਲਕਾ ਇੰਚਾਰਜ' ਲੋਕਾਂ ਨੂੰ ਸਰਕਾਰੀ ਗ੍ਰਾਂਟਾਂ ਵੰਡਣ ਤੋਂ ਵੀ ਵਿਹਲਾ ਨਹੀਂ ਹੁੰਦਾ, ਤਾਂ ਕਿ ਅਗਲੀ ਵੇਰ ਲਈ ਉਹ ਆਪਣੀਆਂ ਵੋਟਾਂ ਪੱਕੀਆਂ ਕਰ ਸਕੇ?
ਕਿਸੇ ਸਿਆਸੀ ਧਿਰ ਅਤੇ ਕਿਸੇ ਵੀ ਸਰਕਾਰ ਨੇ ਦੇਸ਼ ਦੇ ਕਨੂੰਨ ਅਤੇ ਲੋਕਤੰਤਰਿਕ ਸਿਧਾਂਤਾਂ ਅਨੁਸਾਰ ਚੱਲਣਾ ਹੁੰਦਾ ਹੈ। ਲੋਕਤੰਤਰ ਵਿੱਚ ਸਿਆਸੀ ਪਾਰਟੀਆਂ ਆਪਣੇ ਵਿਧਾਨ ਅਨੁਸਾਰ ਪਾਰਟੀ ਨੂੰ ਚਲਾਉਣ ਲਈ ਨਿਯਮ ਬਣਾਉਂਦੀਆਂ ਹਨ, ਉਸ ਦੇ ਅਨੁਸਾਰ ਮੈਂਬਰਾਂ ਦੀ ਭਰਤੀ ਹੁੰਦੀ ਹੈ, ਚੋਣਾਂ ਹੁੰਦੀਆਂ ਹਨ, ਅਹੁਦੇਦਾਰ ਚੁਣੇ ਜਾਂਦੇ ਹਨ, ਪਰ ਕੀ ਪੰਜਾਬ ਦੇ ਹਾਕਮ ਗੱਠਜੋੜ ਦੀ ਵੱਡੀ ਧਿਰ ਨਿਯਮਾਂ ਦੀ ਪਾਲਣਾ ਕਰਦੀ ਹੈ? ਕਦੇ ਪੰਜਾਬੀ ਅਕਾਲੀ ਦਲ ਦਾ ਮੈਂਬਰ ਹੋਣ 'ਚ ਫਖਰ ਮਹਿਸੂਸ ਕਰਦੇ ਸਨ ਅਤੇ ਇਹ ਲੋਕ ਸੇਵਾ, ਕੁਰਬਾਨੀ, ਤਿਆਗ ਦੇ ਪੁੰਜ ਸਮਝੇ ਜਾਂਦੇ ਸਨ, ਪਰ ਅੱਜ 'ਪਰਾਊਡ ਟੂ ਬੀ ਏ ਅਕਾਲੀ', ਭਾਵ ਅਕਾਲੀ ਹੋਣ 'ਤੇ ਮਾਣ ਹੈ, ਦਾ ਛਾਤੀ ਉੱਤੇ ਸਟਿੱਕਰ ਲਗਾ ਕੇ ਵੀ ਲੋਕਾਂ 'ਚ ਉਨ੍ਹਾਂ ਨੂੰ ਉਹ ਮਾਣ-ਤਾਣ ਨਹੀਂ ਮਿਲਦਾ, ਜਿਹੜਾ ਕਦੇ ਸੰਤ ਕਰਤਾਰ ਸਿੰਘ ਦੇ ਧਾਰਮਿਕ ਤੇ ਸਿਆਸੀ ਪ੍ਰਭਾਵ ਹੇਠ ਖੇਮਕਰਨ, ਪੱਟੀ,ਖਡੂਰ ਸਾਹਿਬ, ਤਰਨ ਤਾਰਨ ਖਿੱਤੇ 'ਚ ਆਮ ਲੋਕਾਂ ਵੱਲੋਂ ਮਿਲਦਾ ਸੀ ਅਤੇ ਸਮਝਿਆ ਜਾਂਦਾ ਸੀ ਕਿ ਜਿਹੜਾ ਵੀ ਅਕਾਲੀ ਉਮੀਦਵਾਰ ਚੋਣਾਂ 'ਚ ਇਥੋਂ ਖੜੇਗਾ, ਉਹ ਜਿੱਤਿਆ ਹੀ ਸਮਝੋ, ਕਿਉਂਕਿ ਉਸ ਵੇਲੇ ਦੇ ਅਕਾਲੀ ਜਥੇਦਾਰ ਚਲਾਕੀਆਂ ਨਹੀਂ ਸਨ ਕਰਦੇ (ਜਿਵੇਂ ਕਿ ਹੁਣ ਕਰਦੇ ਹਨ) ਅਤੇ ਉਨ੍ਹਾਂ ਦਾ ਚਰਿੱਤਰ ਅਤੇ ਚਿਹਰਾ-ਮੁਹਰਾ ਉਸ ਧਰਤੀ ਦੇ ਲੋਕਾਂ ਨਾਲ ਜੁੜਿਆ ਹੁੰਦਾ ਸੀ।
ਅਸਲ ਵਿੱਚ ਮੌਜੂਦਾ ਦੌਰ 'ਚ ਅਕਾਲੀ ਦਲ ਵਿੱਚ ਭੂ-ਮਾਫੀਏ, ਕਨੂੰਨ ਤੋੜਨ ਵਾਲੇ, ਲੱਠਬਾਜ਼ ਅਤੇ ਕ੍ਰਿਮੀਨਲ ਕਿਸਮ ਦੇ ਲੋਕਾਂ ਦੇ ਹੋ-ਹੱਲੇ ਨੇ ਇਸ ਦਲ ਦੀ ਕੁਰਬਾਨੀ, ਤਿਆਗ, ਸੇਵਾ ਵਾਲੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਹੈ। ਅਕਾਲੀ ਦਲ ਦੀ ਲੀਡਰਸ਼ਿਪ, ਜੋ ਇੱਕ ਪਰਵਾਰ ਤੱਕ ਸੀਮਤ ਹੋ ਕੇ ਰਹਿ ਗਈ ਹੈ, ਦਾ ਹਰ ਹੀਲੇ ਚੋਣਾਂ ਜਿੱਤਣ ਲਈ ਮਾਈਕਰੋ ਮੈਨੇਜਮੈਂਟ ਅਤੇ ਧੱਕੜਸ਼ਾਹੀ ਵਤੀਰਾ ਹੇਠਲੇ ਵਰਕਰਾਂ/ਨੇਤਾਵਾਂ ਨੂੰ ਵੀ ਉਹ ਕੁਝ ਕਰਨ ਲਈ ਉਤਸ਼ਾਹਤ ਕਰਦਾ ਹੈ, ਜੋ ਇਸ ਪਾਰਟੀ ਦੇ ਉੱਪਰਲੇ ਨੇਤਾ ਕਰਦੇ ਹਨ।
ਬਾਦਲ ਪਰਵਾਰ ਦੁਆਲੇ ਇਕੱਤਰ ਹੋਏ ਨੇਤਾ, ਜਿਹੜੇ ਅਕਾਲੀ ਪਾਰਟੀ ਅਤੇ ਸਰਕਾਰ ਵਿੱਚ ਉੱਚ ਅਹੁਦਿਆਂ ਉੱਤੇ ਬੈਠੇ ਹਨ, ਤਾਕਤ ਦੇ ਨਸ਼ੇ ਵਿੱਚ ਹਾਕਮਾਂ ਵਾਲੀਆਂ ਸਾਰੀਆਂ ਸੁੱਖ-ਸੁਵਿਧਾਵਾਂ ਦਾ ਆਨੰਦ ਮਾਣ ਰਹੇ ਹਨ। ਜੇ ਨਵਜੋਤ ਸਿੱਧੂ, ਪਰਗਟ ਸਿੰਘ ਵਰਗੇ ਲੋਕ ਭਾਵੇਂ ਦੇਰ-ਅਵੇਰ ਨਾਲ ਪੰਜਾਬ ਦੀ ਕਰੁਣਾਮਈ ਹਾਲਤ ਦਾ ਸ਼ੀਸ਼ਾ ਉਨ੍ਹਾਂ ਨੂੰ ਦਿਖਾਉਂਦੇ ਹਨ, ਤਾਂ ਵੀ ਸ਼ਾਸਕ ਧਿਰ ਉਨ੍ਹਾਂ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ ਹੁੰਦੀ, ਕਿਉਂਕਿ ਉਨ੍ਹਾਂ ਦੇ ਕੰਨਾਂ ਨੂੰ ਆਪਣੇ ਪ੍ਰਤੀ ਸਿਫਤੀ ਮਿੱਠੇ ਬੋਲ ਸੁਣਨ ਦੀ ਆਦਤ ਜੁ ਪਈ ਹੋਈ ਹੈ।
ਪੰਜਾਬ ਦੇ ਲੋਕ ਇਸ ਵੇਲੇ ਅਤਿਅੰਤ ਔਖੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਉਹ ਸਿਹਤ ਪੱਖੋਂ ਨਿੱਘਰਦੇ ਜਾ ਰਹੇ ਹਨ, ਚੰਗੀ ਸਿੱਖਿਆ ਉਨ੍ਹਾਂ ਦੇ ਪੱਲੇ ਨਹੀਂ ਪੈ ਰਹੀ। ਪੰਜਾਬ 'ਚ ਬੁਨਿਆਦੀ ਢਾਂਚਾ ਬਿਖਰਿਆ-ਬਿਖਰਿਆ ਨਜ਼ਰ ਆ ਰਿਹਾ ਹੈ, ਸਮੇਤ ਟੁੱਟੀਆਂ-ਭੱਜੀਆਂ ਸੜਕਾਂ ਦੇ। ਪੰਜਾਬ ਦੇ ਪੇਂਡੂ-ਸ਼ਹਿਰੀ ਵਿਕਾਸ ਲਈ ਜਿੰਨਾ ਪੈਸਾ ਖ਼ਰਚਿਆ ਜਾ ਰਿਹਾ ਹੈ, ਉਸ ਨਾਲ ਨਾ ਕੂੜੇ-ਗੰਦਗੀ ਦੇ ਢੇਰ ਹਟੇ ਹਨ ਅਤੇ ਨਾ ਹੀ ਬਦਬੂ ਮਾਰਦੀਆਂ ਨਾਲੀਆਂ ਦੀ ਸਫ਼ਾਈ ਹੋ ਸਕੀ ਹੈ। ਕੁਸ਼ਾਸਨ ਨੇ ਪੰਜਾਬ ਦਾ ਲੱਕ ਤੋੜ ਦਿੱਤਾ ਹੈ। ਜੇਕਰ ਚੁਣੀਆਂ ਹੋਈਆਂ ਸਥਾਨਕ ਸਰਕਾਰਾਂ ਨੂੰ ਪੂਰੇ ਅਧਿਕਾਰ ਦਿੱਤੇ ਹੁੰਦੇ (ਜੋ ਸ਼ਾਸਕਾਂ ਨੇ ਆਪਣੀ ਝੋਲੀ 'ਚ ਪਾਏ ਹੋਏ ਹਨ) ਅਤੇ ਉਨ੍ਹਾਂ ਨੂੰ ਪੈਸੇ ਲਈ ਹਲਕਾ ਇੰਚਾਰਜਾਂ ਅੱਗੇ ਤੇ ਸੰਗਤ ਦਰਸ਼ਨ 'ਚ ਜਾ ਕੇ ਹੱਥ ਨਾ ਅੱਡਣੇ ਪੈਂਦੇ ਤਾਂ ਪੰਜਾਬ ਦੇ ਪਿੰਡਾਂ, ਸ਼ਹਿਰਾਂ ਦੇ ਵਿਕਾਸ ਦੀ ਕਹਾਣੀ ਹੀ ਕੁਝ ਹੋਰ ਹੁੰਦੀ।
ਪੰਜਾਬ ਸਿਆਸੀ ਅੱਤਿਆਚਾਰ ਨਾਲ ਚਿੱਥਿਆ ਜਾ ਰਿਹਾ ਹੈ। ਪੰਜਾਬ ਦੇ ਸਮੇਂ-ਸਮੇਂ ਦੇ ਹਾਕਮ ਪੰਜਾਬੀਆਂ ਦੀਆਂ ਸਮੱਸਿਆਵਾਂ-ਔਕੜਾਂ ਨੂੰ ਸਮਝਣ ਦੀ ਥਾਂ ਆਪਣੀ ਕੁਰਸੀ ਪੱਕੀ ਕਰਨ ਦਾ ਜੁਗਾੜ ਲਾਉਣ ਦੇ ਰਾਹ ਤੁਰਨ ਲੱਗੇ ਰਹੇ ਹਨ। ਹਾਲਤ ਚੋਣਾਂ ਤੋਂ ਪਹਿਲਾਂ ਹੁਣ ਵੀ ਅਜਿਹੀ ਹੈ। ਪੰਜਾਬ ਦੇ ਲੋਕ ਜੇਕਰ ਚੀਨ ਦੇ ਫਿਲਾਸਫਰ ਕਨਫਿਊਸ਼ੀਅਸ ਦੇ ਇਨ੍ਹਾਂ ਮਹਾਨ ਬੋਲਾਂ ਵੱਲ ਧਿਆਨ ਕਰ ਲੈਣ, ਕਿ 'ਅੱਤਿਆਚਾਰੀ ਸ਼ਾਸਕ ਇੱਕ ਚੀਤੇ ਤੋਂ ਵੀ ਵੱਧ ਭਿਅੰਕਰ ਹੁੰਦਾ ਹੈ', ਤਾਂ        ਉਹ ਅੱਤਿਆਚਾਰੀ ਸ਼ਾਸਨ ਦਾ ਵਿਰੋਧ ਕਰਨ ਅਤੇ ਸੱਤਾਧਾਰੀਆਂ ਨੂੰ ਰਾਜ 'ਚ ਸੁਧਾਰ ਕਰਨ ਲਈ ਮਜਬੂਰ ਕਰਨ। ਅੱਤਿਆਚਾਰੀ ਸ਼ਾਸਨ ਨੂੰ ਡਰ ਦੇ ਕਾਰਨ ਸਹਿਣ ਕਰਨ ਵਾਲਾ ਸਮਾਜ ਕਿਸੇ ਤਰ੍ਹਾਂ ਵੀ ਉੱਨਤੀ ਨਹੀਂ ਕਰ ਸਕਦਾ। ਜਨਤਾ ਆਪ ਜਾਗਰੂਕ ਰਹੇ, ਤਾਂ ਸ਼ਾਇਦ ਪੰਜਾਬੀਆਂ ਦਾ ਕੁਝ ਭਲਾ ਹੋ ਸਕੇ ਤੇ ਹਾਕਮ ਵੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਲਈ ਮਜਬੂਰ ਹੋ ਸਕਣ।
('ਦ ਟ੍ਰਿਬਿਊਨ' ਵਿੱਚੋਂ ਪੰਜਾਬੀ ਸੰਖੇਪ ਤੱਤ-ਸਾਰ ਗੁਰਮੀਤ ਪਲਾਹੀ)

15 Aug. 2016