ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ - ਉਜਾਗਰ ਸਿੰਘ

ਫ਼ਾਈਵਰ ਆਪਟਿਕ ਵਾਇਰ ਦੇ ਪਿਤਾਮਾ ਡਾ ਨਰਿੰਦਰ ਸਿੰਘ ਕੰਪਾਨੀ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੇ ਬੇਅ ਏਰੀਆ ਵਿਚ ਸਵਰਗਵਾਸ ਹੋ ਗਏ। ਡਾ ਨਰਿੰਦਰ ਸਿੰਘ ਕੰਪਾਨੀ ਦੇ ਚਲੇ ਜਾਣ ਨਾਲ ਵਿਗਆਨ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ 94 ਸਾਲ ਪੂਰੀ ਬਚਨਬੱਧਤਾ ਨਾਲ ਇਨਸਾਨ ਦੀ ਬਿਹਤਰੀ ਲਈ ਕੰਮ ਕੀਤਾ। ਅੱਜ ਜੋ ਅਸੀਂ ਸੋਸ਼ਲ ਮੀਡੀਆ ਦੇ ਯੁਗ ਦਾ ਆਨੰਦ ਮਾਣ ਰਹੇ ਹਾਂ ਇਹ ਡਾ ਨਰਿੰਦਰ ਸਿੰਘ ਕੰਪਾਨੀ ਦੀ ਦੇਣ ਹੈ। ਉਨ੍ਹਾਂ ਨੇ ਆਪਣੀ Çਆਕਤ ਨਾਲ ਸੰਸਾਰ ਨੂੰ ਇਕ ਪਿੰਡ ਦੀ ਤਰ੍ਹਾਂ ਬਣਾ ਦਿੱਤਾ ਸੀ। ਉਹ ਇਕ  ਸੰਸਥਾ ਸਨ ਕਿਉਂਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਦੇ ਚੇਅਰਮੈਨ ਅਤੇ ਮੈਂਬਰ ਦੇ ਤੌਰ ਤੇ ਕੰਮ ਕਰਦੇ ਸਨ। ਪੰਜਾਬ ਹਰ ਤਰ੍ਹਾਂ ਅਤੇ ਹਰ ਖ਼ੇਤਰ ਵਿਚ ਭਾਰਤ ਦੇ ਜ਼ਰਖੇਜ ਸੂਬਿਆਂ ਵਿਚੋਂ ਮੋਹਰੀ ਗਿਣਿਆਂ ਜਾਂਦਾ ਹੈ। ਭਾਵੇਂ ਭਾਰਤ ਦੀ ਆਜ਼ਾਦੀ ਦੀ ਲੜਾਈ, ਅਨਾਜ ਵਿਚ ਆਤਮ ਨਿਰਭਰ ਬਣਾਉਣ ਦਾ ਮਸਲਾ ਹੋਵੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ ਅਤੇ ਵਿਗਿਆਨਕ ਖੇਤਰ ਵਿਚ ਖੋਜ ਕਰਨੀ ਹੋਵੇ, ਹਮੇਸ਼ਾ ਪੰਜਾਬ ਨੇ ਹੀ ਭਾਰਤ ਦੀ ਖੜਗ ਭੁਜਾ ਬਣਕੇ ਅਹਿਮ ਭੂਮਿਕਾ ਨਿਭਾਈ ਹੈ। ਵਿਗਿਆਨਕ ਖ਼ੇਤਰ ਵਿਚ ਬਹੁਤ ਸਾਰੇ ਵਿਗਿਆਨਕਾਂ ਨੇ ਸੰਸਾਰ ਵਿਚ ਖੋਜਾਂ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਵਿਚੋਂ ਬਹੁਤੇ ਪੰਜਾਬ ਨਾਲ ਸੰਬੰਧਤ ਹਨ। ਅਜਿਹੇ ਹੀ ਵਿਗਿਆਨੀਆਂ ਵਿਚ ਡਾ.ਨਰਿੰਦਰ ਸਿੰਘ ਕੰਪਾਨੀ ਦਾ ਨਾਮ ਆਧੁਨਿਕ ਤਕਨਾਲੋਜੀ ਦੇ ਖ਼ੇਤਰ ਵਿਚ ਇੰਟਰਨੈਟ ਅਤੇ ਟੈਲੀਫੋਨ ਦੀ ਵਰਤੋਂ ਲਈ ਵਰਤੀ ਜਾਂਦੀ ਫਾਈਵਰ ਵਾਇਰ ਦੀ ਖ਼ੋਜ ਕਰਨ ਕਰਕੇ ਦੁਨੀਆਂ ਵਿਚ ਜਾਣਿਆਂ ਜਾਂਦਾ ਹੈ। ਡਾ.ਕੰਪਾਨੀ ਨੂੰ ਫ਼ਾਈਬਰ ਆਪਟਿਕ ਵਾਇਰ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਅਜਿਹੇ ਵਿਗਿਆਨੀ ਸੀਨ, ਜਿਨ੍ਹਾਂ ਨੇ ਭਾਰਤ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸੰਸਾਰ ਵਿਚ ਮਾਣ ਅਤੇ ਪਛਾਣ ਦਿਵਾਈ ਸੀ। ਉਨ੍ਹਾਂ ਵਿਚ ਇੱਕ ਹੋਰ ਵਿਲੱਖਣ ਗੁਣ ਸੀ ਕਿ ਉੁਹ ਇੱਕ ਬਿਹਤਰੀਨ ਬੁਤਘਾੜੇ ਕਲਾਕਾਰ ਸਨ, ਜਾਣੀ ਕਿ ਕਲਾ ਅਤੇ ਵਿਗਿਆਨ ਦਾ ਸੁਮੇਲ ਸਨ। ਅਜਿਹੇ ਵਿਰਲੇ ਹੀ ਮਹਾਨ ਵਿਅਕਤੀ ਹੁੰਦੇ ਹਨ ਜਿਨ੍ਹਾਂ ਵਿਚ ਵਿਗਿਆਨ ਅਤੇ ਕਲਾਤਮਿਕ ਗੁਣ ਹੋਣ। ਕਿਉਂਕਿ ਦੋਹਾਂ ਦਾ ਕੋਈ ਸਮੇਲ ਨਹੀਂ ਹੁੰਦਾ। ਵਿਗਿਆਨ ਦਾ ਆਧਾਰ ਤੱਥ ਅਤੇ ਸਿਧਾਂਤ ਹੁੰਦੇ ਹਨ ਜਦੋਂ ਕਿ ਕਲਾ ਮਾਨਸਿਕ ਭਾਵਨਾਵਾਂ ਨਾਲ ਜੁੜੀ ਹੁੰਦੀ ਹੈ।  ਭਾਵ ਦੋਵੇਂ ਵਿਸ਼ੇ ਇੱਕ ਦੂਜੇ ਤੋਂ ਵੱਖਰੇ ਹਨ। ਕਲਾ ਅਹਿਸਾਸਾਂ ਦਾ ਪ੍ਰਗਟਾਵਾ ਅਤੇ ਵਿਗਿਆਨ ਸਾਰਥਿਕਤਾ ਵਿਚ ਵਿਸ਼ਵਾਸ਼ ਰੱਖਦੀ ਹੈ। ਡਾ. ਨਰਿੰਦਰ ਸਿੰਘ ਕੰਪਾਨੀ ਦਾ ਜਨਮ 31 ਅਕਤੂਬਰ 1926 ਨੂੰ ਮੋਗਾ ਵਿਖੇ ਹੋਇਆ।  ਉਨ੍ਹਾਂ ਆਪਣਾ ਬਚਪਨ ਸਕੂਲ ਦੀ ਪੜ੍ਹਾਈ ਕਰਦਿਆਂ ਮੋਗਾ ਦੀਆਂ ਗਲੀਆਂ ਵਿਚ ਬਿਤਾਇਆ। ਭਾਵੇਂ ਅੱਜ ਕਲ੍ਹ ਉਹ ਅਮਰੀਕਾ ਵਿਚ ਰਹਿੰਦੇ ਸਨ ਪ੍ਰੰਤੂ ਪੰਜਾਬ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਪਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ 1955 ਵਿਚ ਇਮਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨਾਲੋਜੀ ਲੰਡਨ ਤੋਂ ਫਿਜਿਕਸ ਵਿਚ ਫ਼ਾਈਬਰ ਆਪਟਿਕਸ ਤੇ ਆਪਣੀ ਪੀ.ਐਚ.ਡੀ. ਦੀ ਡਿਗਰੀ ਦਾ ਥੀਸਜ਼ ਲਿਖਕੇ ਡਿਗਰੀ ਪ੍ਰਾਪਤ ਕੀਤੀ। ਟੈਲੀਫੋਨ ਅਤੇ ਇੰਟਰਨੈਟ ਲਈ ਵਰਤੀ ਜਾਣ ਵਾਲੀ ਫ਼ਾਈਬਰ ਆਪਟਿਕ ਵਾਇਰ ਦਾ ਖੋਜੀ ਵਿਦਵਾਨ ਡਾ.ਨਰਿੰਦਰ ਸਿੰਘ ਕੰਪਾਨੀ ਭਾਰਤੀ ਮੂਲ ਦਾ ਖੋਜੀ ਵਿਦਵਾਨ ਅਜਿਹਾ ਵਿਗਿਆਨੀ ਅਤੇ ਉਦਮੀ ਸਨ, ਜਿਨ੍ਹਾਂ ਨੇ ਅਮਰੀਕਾ ਵਿਚ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਅਨੇਕਾਂ ਵਿਓਪਾਰਕ ਅਦਾਰੇ ਸਥਾਪਤ ਕਰਕੇ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਸੀ। ਫਾਈਬਰ ਵਾਇਰ ਦੀ, ਟੈਲੀਫ਼ੋਨ, ਇੰਟਰਨੈਟ ਅਤੇ ਕੇਬਲ ਨੈਟ ਵਰਕ ਲਈ ਬਹੁਤੀਆਂ ਕੰਪਨੀਆਂ ਵਰਤੋਂ ਕਰਦੀਆਂ ਹਨ। ਇਸ ਤਾਰ ਦੇ ਨਤੀਜੇ ਬਹੁਤ ਹੀ ਵਧੀਆ ਹਨ। ਆਧੁਨਿਕ ਤਕਨਾਲੋਜੀ ਦੇ ਯੁਗ ਵਿਚ ਇਸਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ। ਉਨ੍ਹਾਂ ਨੇ ਕਮਿਊਨੀਕੇਸ਼ਨ, ਲੇਜ਼ਰ, ਬਾਇਓ ਮੈਡੀਕਲ ਇਸਟਰੂਮੈਨਸ਼ਨ, ਸੋਲਰ ਅਨਰਜ਼ੀ ਅਤੇ ਪਾਲੂਸ਼ਨ ਮਾਨੀਟਰਿੰਗ ਦੇ ਵਿਸ਼ਿਆਂ ਵਿਚ ਖੋਜ ਕਰਕੇ ਮੁਹਾਰਤ ਹਾਸਲ ਕੀਤੀ। ਉਨ੍ਹਾਂ ਕੋਲ 100 ਪੇਟੈਂਟਸ ਸਨ। ਉਨ੍ਹਾਂ ਦੀਆਂ ਚਾਰ ਪੁਸਤਕਾਂ ਅਤੇ 100 ਪੇਪਰ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਤੋਂ ਬਾਅਦ ਇਸ ਫਾਈਬਰ ਵਾਇਰ ਵਿਚ ਹੋਰ ਅਡਵਾਂਸ ਖੋਜਾਂ ਵੀ ਹੋ ਚੁੱਕੀਆਂ ਹਨ ਪ੍ਰੰਤੂ ਉਨ੍ਹਾਂ ਸਾਰੀਆਂ ਖੋਜਾਂ ਦਾ ਆਧਾਰ ਨਰਿੰਦਰ ਸਿੰਘ ਕੰਪਾਨੀ ਦੀ ਖੋਜ ਹੀ ਹੈ। ਅਮਰੀਕਾ ਜਾਣ ਤੋਂ ਪਹਿਲਾਂ ਉਹ ਆਈ.ਓ.ਐਫ.ਐਸ. ਵਿਚ ਆਫੀਸਰ ਸਨ। ਉਹ ਅਮਰੀਕਾ ਦੀ ਇਨਵੈਂਟਰ ਕੌਂਸਲ, ਯੰਗ ਪ੍ਰੈਜੀਡੈਂਟ ਆਰਗੇਨਾਈਜੇਸ਼ਨ ਅਤੇ ਵਰਲਡ ਪ੍ਰੈਜੀਡੈਂਟਸ ਆਰਗੇਨਾਈਜੇਸ਼ਨ ਦੇ ਮੈਂਬਰ ਸਨ। ਉਨ੍ਹਾਂ ਨੂੰ ਯੂ.ਐਸ.ਏ. ਪਾਨ-ਏਸ਼ੀਅਨ ਅਮੈਰਿਕਨ ਚੈਂਬਰ ਆਫ ਕਾਮਰਸ ਨੇ 1998 ਵਿਚ ‘‘ਦਾ ਐਕਸਲੈਂਸ 2000 ਅਵਾਰਡ’’ ਦੇ ਕੇ ਸਨਮਾਨਤ ਕੀਤਾ ਸੀ। ਫਾਰਚੂਨ ਮੈਗਜ਼ੀਨ ਨੇ 22-11-1999 ਦੇ ਅੰਕ ਵਿਚ ਉਨ੍ਹਾਂ ਨੂੰ 7 ਅਨਸੰਗ ਹੀਰੋਜ਼ ਵਿਚ ‘‘ਬਿਜਨਸ ਆਫ ਸੈਂਚਰੀ ’’ ਐਲਾਨ ਕੀਤਾ। ਉਹ ਬ੍ਰਿਟਿਸ਼ ਰਾਇਲ ਅਕਾਡਮੀ, ਆਪਟੀਕਲ ਸੋਸਾਇਟੀ ਆਫ ਅਮੈਰਿਕਾ, ਅਮੈਰਿਕਨ ਐਸੋਸੀਏਸ਼ਨ ਫਾਰ ਅਡਵਾਂਸਮੈਂਟ ਆਫ ਸਾਇੰਸ ਅਤੇ ਹੋਰ ਬਹੁਤ ਸਾਰੀਆਂ ਵਿਗਿਆਨਕ ਸੰਸਥਾਵਾਂ ਦਾ ਫੈਲੋ ਸਨ। ਡਾ ਨਰਿੰਦਰ ਸਿੰਘ ਕੰਪਾਨੀ ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ, ਬਰਕਲੇ, ਯੂਨੀਵਰਸਿਟੀ ਆਫ ਕੈਲੇਫੋਰਨੀਆਂ ਸਾਂਤਾ ਬਾਰਬਰਾ ਅਤੇ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ ਰਹੇ ਅਤੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਨੂੰ ਪੜ੍ਹਾਉਂਦੇ ਅਤੇ ਉਨ੍ਹਾਂ ਦੇ ਖੋਜ ਦੇ ਕੰਮਾਂ ਦੀ ਅਗਵਾਈ ਅਤੇ ਨਿਗਰਾਨੀ ਕਰਦੇ ਰਹੇ ਸਨ। ਉਨ੍ਹਾਂ ਨੂੰ ਪਰਵਾਸੀ ਭਾਰਤੀ ਸਨਮਾਨ ਵੀ ਮਿਲਿਆ ਸੀ। ਉਹ ਅਮਰੀਕਾ ਵਿਚ ਸਿੱਖ ਫ਼ਾਊਂਡੇਸ਼ਨ ਦੇ ਫਾਊਂਡਰ ਚੇਅਰਮੈਨ ਸਨ। ਉਨ੍ਹਾਂ ਨੇ ਅਮਰੀਕਾ ਦੇ ਕੈਲੇਫੋਰਨੀਆਂ ਸੂਬੇ ਵਿਚ ‘‘ਯੂਨੀਵਰਸਿਟੀ ਆਫ ਕੈਲੇਫੋਰਨੀਆਂ, ਸਾਂਤਾ ਬਾਰਬਰਾ ’’ ਵਿਚ ਚੇਅਰ ਆਫ ਸਿੱਖ ਸਟੱਡੀਜ਼ ਆਪਣੀ ਮਾਤਾ ਦੀ ਯਾਦ ਵਿਚ 3 ਲੱਖ਼ 50 ਹਜ਼ਾਰ ਡਾਲਰ ਦਾ ਦਾਨ ਦੇ ਕੇ ਸਥਾਪਤ ਕਰਵਾਈ ਸੀ। ਡਾ.ਨਰਿੰਦਰ ਸਿੰਘ ਕੰਪਾਨੀ ਆਪਣੇ ਵਿਰਸੇ ਨਾਲ ਬਾਖ਼ੂਬੀ ਜੁੜੇ ਹੋਏ ਸਨ। ਆਮ ਤੌਰ ਤੇ ਪਰਵਾਸ ਵਿਚ ਆ ਕੇ ਬਹੁਤੇ ਨੌਜਵਾਨ ਆਪਣੀ ਪਛਾਣ ਆਪ ਗੁਆ ਕੇ ਕਲੀਨ ਸਸ਼ੇਨ ਹੋ ਜਾਂਦੇ ਹਨ ਪ੍ਰੰਤੂ ਡਾ ਨਰਿੰਦਰ ਸਿੰਘ ਕੰਪਾਨੀ ਅਖੀਰੀ ਦਮ ਤੱਕ ਪੂਰਨ ਗੁਰਸਿੱਖ ਰਹੇ। ਉਨ੍ਹਾਂ ਨੇ ਸਿੱਖ ਅਜਾਇਬ ਘਰ ਸਥਾਪਤ ਕਰਨ ਵਿਚ ਸਾਰਾ ਖ਼ਰਚਾ ਆਪ ਕੀਤਾ ਸੀ। ਉਹ ਸਿੱਖ ਸਭਿਆਚਾਰ ਨਾਲ ਸੰਬੰਧਤ ਵਸਤਾਂ ਜਿਹੜੀਆਂ ਪੰਜਾਬੀਆਂ ਦੀ ਬਹਾਦਰੀ ਅਤੇ ਵਿਰਾਸਤੀ ਮਹੱਤਵ ਵਾਲੀਆਂ ਕਲਾ ਕ੍ਰਿਤਾਂ ਹਨ, ਉਨ੍ਹਾਂ ਦੀਆਂ ਨੁਮਾਇਸ਼ਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਲਗਵਾਉਂਦੇ ਰਹਿੰਦੇ ਸਨ। ਉਹ ਖ਼ੁਦ ਵੀ ਇੱਕ ਚੰਗੇ ਪੇਂਟਰ ਅਤੇ ਬੁਤਘਾੜੇ ਸਨ। ਉਨ੍ਹਾਂ ਨੇ 40 ਬੁਤ ਵੀ ਬਣਾਏ ਸਨ। ਉਨ੍ਹਾਂ ਨੇ 5 ਲੱਖ ਡਾਲਰ ਦੀ ਮਦਦ ਨਾਲ ਏਸ਼ੀਅਨ ਅਜਾਇਬ ਘਰ ਸਨਫਰਾਂਸਿਸਕੋ ਵਿਖੇ ਸਥਾਪਤ ਕੀਤਾ ਸੀ, ਜਿਸ ਵਿਚ ਸਿੱਖ ਸਭਿਆਰ ਨਾਲ ਸੰਬੰਧਕ ਕਲਾਕ੍ਰਿਤਾਂ ਰੱਖੀਆਂ ਹੋਈਆਂ ਹਨ। ਉਹ ਖ਼ੁਦ ਕਲਾ ਕ੍ਰਿਤਾਂ ਸਾਂਭ ਕੇ ਰੱਖਣ ਲਈ ਇਕੱਠੀਆਂ ਕਰਨ ਦਾ ਵੀ ਸ਼ੌਕੀਨ ਸਨ। ਮਾਰਚ 1999 ਵਿਚ ਉਨ੍ਹਾਂ ਨੇ ਇਨ੍ਹਾਂ ਕਲਾ ਕ੍ਰਿਤਾਂ ਦੀ ਨੁਮਾਇਸ਼ ਆਪਣੇ ਖ਼ਰਚੇ ਤੇ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ, ਏਸ਼ੀਅਨ ਆਰਟ ਮਿਊਜ਼ੀਅਮ ਸਨਫਰਾਂਸਿਸਕੋ ਅਤੇ ਮਈ 2000 ਰਾਇਲ ਓਨਟਾਰੀਓ ਮਿਊਜ਼ੀਅਮ ਕੈਨੇਡਾ ਵਿਚ ਵੀ ਲਗਵਾਈ ਸੀ। ਅਸਲ ਵਿਚ ਉਨ੍ਹਾਂ ਨੂੰ ਪੰਜਾਬੀ ਖਾਸ ਤੌਰ ਤੇ ਸਿੱਖ ਵਿਰਾਸਤ ਨਾਲ ਲਗਾਓ ਸੀ।
   ਉਸਨੇ 1960 ਵਿਚ ਆਪਣਾ ਵਿਓਪਾਰ ‘ਆਪਟਿਕ ਟੈਕਨਾਲੋਜੀ ਬਿਜਨਸ’ ਦੀ ਸਥਾਪਨਾ ਕੀਤੀ। ਜਿਸਦੇ ਆਪ ਚੇਅਰਮੈਨ ਬਣੇ। ਆਪ ਇਸ ਦੇ 12 ਸਾਲ ਡਾਇਰੈਕਟਰ ਰਿਸਰਚ ਵੀ ਰਹੇ। 1967 ਵਿਚ ਇਸ ਕੰਪਨੀ ਦਾ ਕਾਰਜ ਖੇਤਰ ਵਧਾ ਕੇ ਹੋਰ ਦੇਸ਼ਾਂ ਵਿਚ ਵੀ ਲੈ ਗਏ। ਇਸੇ ਤਰ੍ਹਾਂ 1973 ਵਿਚ ਇੱਕ ਹੋਰ ਕੰਪਨੀ ਕੈਪਟਰੌਨ ਬਣਾ ਲਈ ਜਿਸਦੇ ਆਪ 1990 ਤੱਕ ਸੀ.ਈ.ਓ. ਅਤੇ ਪ੍ਰੈਜੀਡੈਂਟ ਰਹੇ। ਆਪਨੇ ਇਹ ਕੰਪਨੀ 1990 ਵਿਚ ਏ.ਐਮ.ਪੀ. ਇਨਕਾਰਪੋਰੇਟਡ ਨੂੰ ਵੇਚ ਦਿੱਤੀ। 9 ਸਾਲ ਆਪ ਇਸ ਕੰਪਨੀ ਦੇ ਵੀ ਫੈਲੋ ਰਹੇ।  ਉਹ ਇਸ ਕੰਪਨੀ ਇੰਟਰਪ੍ਰਨਿਊਰ ਐਂਡ ਟੈਕਨੀਕਲ ਐਕਸਪਰਟ ਪ੍ਰੋਗਰਾਮ ਐਂਡ ਟੈਕਨਾਲੋਜਿਸਟ ਫਾਰ ਗਲੋਬਲ ਕਮਿਊਨੀਕੇਸ਼ਨਜ਼ ਬਿਜਨਸ ਦੇ ਮੁੱਖੀ ਵੀ ਰਹੇ। ਫਿਰ ਆਪ ਨੇ ਇੱਕ ਹੋਰ ਕੰਪਨੀ ਕੇ-2 ਆਪਟਰੌਨਿਕ ਦੀ ਸਥਾਪਨਾ ਕੀਤੀ।
       ਉਹ ਕੈਲੇਫੋਰਨੀਆਂ ਦੇ ਬੇ ਏਰੀਆ ਵਿਚ ਆਪਣੇ ਪਰਿਵਾਰ ਪਤਨੀ ਸਤਿੰਦਰ ਕੌਰ ਕੰਪਾਨੀ, ਲੜਕਾ ਰਾਜਿੰਦਰ ਸਿੰਘ ਕੰਪਾਨੀ ਟੈਕਨਾਲੋਜੀ ਦਾ ਮਹਿਰ ਉਦਮੀ ਅਤੇ ਫਿਲਮ ਮੇਕਰ ਅਤੇ ਲੜਕੀ ਕਿਰਨ ਨਾਲ ਰਹਿ ਰਹੇ ਸਨ। ਉਨ੍ਹਾਂ ਦੇ ਬੱਚੇ ਵੀ ਵਿਗਿਆਨ ਦੇ ਵਿਸ਼ੇ ਦੇ ਖੋਜੀ ਹਨ। ਡਾ ਨਰਿੰਦਰ ਸਿੰਘ ਕੰਪਾਨੀ ਦਾ ਨਾਂ ਰਹਿੰਦੀ ਦੁਨੀਆਂ ਤੱਕ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072