ਮਿੱਟੀ ਦਾ ਮੋਹ  - ਕੇਹਰ ਸ਼ਰੀਫ਼

ਮਿੱਟੀ ਨਾਲ ਮਿੱਟੀ ਹੋ ਕੇ
ਮਿੱਟੀ 'ਚੋਂ ਅੰਨ ਪੈਦਾ ਕਰਦੇ
ਸਭ ਦਾ ਡਿੱਡ ਭਰਦੇ
ਅੰਨ ਦਾਤੇ ਨੂੰ ਮੁਨਾਫੇ ਦੇ ਲੋਭ 'ਚ
ਮਿੱਟੀ ਕਰਨ 'ਤੇ ਤੁੱਲਿਆ ਹੋਇਆ
ਲੋਟੂ ਸ਼ਾਹੂਕਾਰਾਂ ਦੀਆਂ ਗਿਰਝਾਂ ਦਾ ਟੋਲਾ।

ਹਰ ਮੌਸਮ ਨਾਲ ਝਗੜਨ ਵਾਲਾ
ਹਰ ਮੌਸਮ ਨੂੰ ਬਦਲਣ ਵਾਲਾ
ਬਾਬਾ ਅਸਮਾਨ ਵੱਲ ਤੱਕਦਾ ਹੈ
ਤੇ ਉੱਠ ਤੁਰਦਾ ਹੈ ਆਪਣੇ ਰਾਹ
ਜੋ ਵਡੇਰਿਆਂ ਨੇ ਸਿਰਜਿਆ ਸੀ
ਆਪਣੇ ਵਿਰਸੇ ਦਾ ਲੜ ਫੜਕੇ
ਆਪਣੇ ਹੱਕਾਂ ਦੀ ਪੈੜ ਨੱਪਦਿਆਂ
ਲਲਕਾਰਦਾ ਹੋਇਆ ਆਖਦਾ ਹੈ

ਸਾਡੇ ਸੁਪਨਿਆਂ ਨੂੰ ਕਤਲ ਕਰਨ ਦਾ
ਸੁਪਨਾ ਲੈਣ ਵਾਲਿਉ
ਸਾਡਾ ਤਾਂ ਇਕ ਪੋਰਸ ਹੀ ਮਾਣ ਨਹੀਂ ਸੀ
ਅਸੀਂ ਬਹੁਤ ਸਾਰੇ ਉਸਦੇ ਵਾਰਿਸ ਇਕੱਠੇ ਹਾਂ
ਤੁਹਾਨੂੰ ਪਤਾ ਹੀ ਹੈ ਕਿ
ਸਿਕੰਦਰ-ਏ - ਆਜ਼ਮ ਕਹਾਉਣ ਵਾਲੇ ਦਾ
ਮੂੰਹ ਮੋੜਨਾ ਵੀ ਅਸੀਂ ਜਾਣਦੇ ਹਾਂ
ਇਹ ਇਸੇ ਧਰਤੀ 'ਤੇ ਵਾਪਰਿਆ ਸੀ।

ਇਹ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ  
ਆਪਣਾ ਆਪ ਤੁਹਾਡੇ ਹਵਾਲੇ ਕਰ ਦੇਈਏ
ਇਹ ਸਾਨੂੰ ਨਹੀਂ ਪੁੱਗਦਾ
 ਅਸੀਂ ਆਪਣੀ ਬਰਬਾਦੀ ਵਾਲੀ ਵਹੀ 'ਤੇ
ਅੰਗੂਠਾ ਕਿਵੇਂ ਲਾ ਸਕਦੇ ਹਾਂ ?

ਸਾਡੇ ਸੇਵਾਦਾਰ ਹੋ ਕੇ, ਸਾਨੂੰ ਅੱਖਾਂ ਨਾ ਵਿਖਾਉ
ਅਸੀਂ ਹਰ ਹਾਲ ਲੜਾਂਗੇ, ਅਸੀਂ ਹਰ ਹਾਲ ਜਿਤਾਂਗੇ
ਅਸੀਂ ਆਪਣੇ ਵਡੇਰਿਆਂ ਤੋਂ, ਇਹ ਹੀ ਸਿੱਖਿਆ ਹੈ
ਕਿ ਕਿਸੇ ਖੱਬੀ-ਖਾਨ ਦੀ ਵੀ ਟੈਂਅ ਨਹੀਂ ਮੰਨਣੀ
ਆਪਣੇ ਹੱਕਾਂ ਖਾਤਿਰ
ਆਪਣੀ ਹੋਂਦ ਖਾਤਿਰ
ਆਪਣੀ ਅਣਖ ਖਾਤਿਰ
ਲੜਦਿਆਂ ਮਰ ਜਾਣਾ
ਤੇ ਮਰ ਕੇ ਵੀ ਜੀਊਂਦੇ ਰਹਿਣਾ
ਆਪਣੀਆਂ ਆਉਣ ਵਾਲੀਆਂ, ਨਸਲਾਂ ਵਾਸਤੇ
ਪ੍ਰੇਰਨਾ ਬਣੇ ਰਹਿਣਾ
ਇਹੋ ਸਾਡਾ ਵਿਰਸਾ ਹੈ / ਇਹੋ ਸਾਡੀ ਵਿਰਾਸਤ
ਸਾਡੀ ਮਿੱਟੀ ਦੀ ਇਹੋ ਤਾਸੀਰ ਰਹੀ ਹੈ
ਇਸ ਤਾਸੀਰ ਨੂੰ ਜੀਊਂਦਾ ਰੱਖਣਾ
ਸਾਡੀ ਜੁੰਮੇਵਾਰੀ ਵੀ ਤਾਂ ਹੈ ।

ਇਹ ਕੋਈ ਸਾਧਾਰਨ ਜੰਗ ਨਹੀਂ
ਇਤਿਹਾਸ ਦਾ ਲੜ ਫੜਕੇ ਬੈਠੇ ਹਨ ਸਾਰੇ
ਮਾਈ ਭਾਗੋ ਤੇ ਮਾਤਾ ਗੁਲਾਬ ਕੌਰ ਦੀਆਂ ਵਾਰਸ ਬੀਬੀਆਂ
ਅੱਜ ਫੇਰ ਜੰਗ ਦੇ ਮੈਦਾਨੇ ਉਤਰੀਆਂ ਨੇ
ਕਰਤਾਰ ਸਰਾਭੇ, ਊਧਮ ਸਿੰਘ, ਭਗਤ ਸਿੰਘ ਦੇ ਵਾਰਿਸ
ਆਪਣੇ ਫ਼ਰਜ਼ਾਂ ਨੂੰ ਪਹਿਚਾਣ ਕੇ
ਧਨਵਾਨਾਂ ਦੇ ਆਖੇ ਲੱਗੀ
ਕਾਰਪੋਰੇਟੀ ਸੱਤਾ ਦੀ ਸਿਆਸਤ ਦੇ ਖਿਲਾਫ
ਨਾਬਰੀ ਦਾ ਹੋਕਾ ਉੱਚਾ ਹੋਇਆ ਹੈ
ਪਿੰਡਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ, ਏਥੇ ਪਹੁੰਚ ਗਏ ਹਨ
ਦਗਦੇ, ਮਘਦੇ ਚਿਹਰਿਆਂ ਤੇ ਹੱਕ-ਸੱਚ ਦੇ ਨਾਅਰਿਆਂ ਨਾਲ
ਉਹ ਦੁੱਲਾ ਭੱਟੀ ਨੂੰ ਚੇਤੇ ਕਰਦੇ ਹਨ
ਪੂਰਨ ਪੁੱਤ ਹੁਣ ਸਾਧ ਨਹੀਂ ਹੁੰਦੇ, ਸੰਘਰਸ਼ੀ ਹੋ ਗਏ ਹਨ।

ਪਿੰਡ ਠੰਢੀਆਂ/ਠਰੀਆਂ ਸੜਕਾਂ 'ਤੇ ਬੈਠਾ ਹੈ
ਸ਼ਹਿਰ ਵੀ ਨਾਲ ਸਾਥ ਦੇ ਰਿਹਾ ਹੈ
ਸਾਰਿਆਂ ਦਾ ਇਹ ਹੀ ਕਹਿਣਾ ਹੈ
ਅਸੀਂ ਆਪਣੀ ਮਿੱਟੀ ਦੇ ਮੋਹ ਲਈ, ਲੜਦੇ ਰਹਾਂਗੇ
ਆਪਣੇ ਆਖਰੀ ਸਾਹਾਂ ਤੱਕ।
ਅਸੀਂ ਟੁੱਟ ਸਕਦੇ ਹਾਂ, ਪਰ
ਸਾਥੋਂ ਝੁਕ ਜਾਣ ਦੀ ਆਸ ਨਾ ਰੱਖਿਉ
ਸਾਡੀ ਮਿੱਟੀ ਦੇ ਮੋਹ ਦਾ ਇਹੋ ਦਸਤੂਰ ਰਿਹਾ ਹੈ
ਅਸੀਂ ਆਪਣੇ ਦਸਤੂਰ ਦਾ ਨਿਰਾਦਰ ਨਹੀਂ ਕਰਾਂਗੇ।
ਇਹੋ ਸਾਡਾ ਪਰਚਮ ਰਿਹਾ ਹੈ ਤੇ ਇਹੋ ਸਾਡਾ ਨਾਅਰਾ
ਆਪਣੇ ਹੱਕਾਂ ਖਾਤਰ ਡਟੇ ਰਵ੍ਹਾਂਗੇ
ਆਪਣੇ ਆਖਰੀ ਸਾਹਾਂ ਤੱਕ।
ਅਸੀਂ ਲੜਾਂਗੇ, ਅਸੀਂ ਜਿੱਤਾਂਗੇ।