ਰੀਓ ਉਲੰਪਿਕ-2016 : ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ - ਗੁਰਮੀਤ ਸਿੰਘ ਪਲਾਹੀ

ਕੋਈ ਦੇਸ਼ ਖੇਡਾਂ ਵਿੱਚ ਕਿਵੇਂ ਚੰਗਾ ਪ੍ਰਦਰਸ਼ਨ ਕਰੇ, ਇਹ ਸਮਾਜ ਸ਼ਾਸਤਰ, ਮਨੋਵਿਗਿਆਨ, ਜੀਵਨ ਵਿਗਿਆਨ, ਸੰਸਕ੍ਰਿਤੀ, ਰਾਜਨੀਤੀ ਅਤੇ ਅਰਥ ਸ਼ਾਸਤਰ ਦਾ ਇੱਕ ਗੁੰਝਲਦਾਰ ਸਵਾਲ ਹੈ। ਤੀਹ ਲੱਖ ਦੀ ਆਬਾਦੀ ਵਾਲਾ ਛੋਟਾ ਜਿਹਾ ਮੁਲਕ ਜਮਾਇਕਾ, ਜਿਸ ਦੀ ਜੀ ਡੀ ਪੀ 16 ਅਰਬ ਡਾਲਰ ਹੈ, ਦੁਨੀਆ 'ਚ 100 ਮੀਟਰ ਵਾਲੀ ਦੌੜ ਵਿੱਚ ਸਭ ਤੋਂ ਤੇਜ਼ ਦੌੜਨ ਵਾਲੇ 29 ਦੌੜਾਕ ਉਸੇ ਦੇਸ਼ ਦੇ ਹਨ। ਉਨ੍ਹਾਂ ਦੇ ਅੰਗ-ਸੰਗ ਉਨ੍ਹਾਂ ਦਾ ਜੀਵਨ ਵਿਗਿਆਨ ਹੈ। ਉਥੋਂ ਦੇ ਲੋਕਾਂ ਦੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ, ਜੋ ਆਕਸੀਜਨ ਦੇ ਪ੍ਰਵਾਹ ਵਿੱਚ ਉਨ੍ਹਾਂ ਦੀ ਦੌੜਨ ਵੇਲੇ ਮਦਦ ਕਰਦਾ ਹੈ ਅਤੇ ਉਨ੍ਹਾਂ ਦੀਆਂ ਮਾਸ-ਪੇਸ਼ੀਆਂ ਦਾ ਖਿਚਾਓ ਉਨ੍ਹਾਂ ਦੀ ਦੌੜ ਦੌਰਾਨ ਦੀ ਗਤੀ ਵਧਾਉਂਦਾ ਹੈ। ਉਨ੍ਹਾਂ ਦੇ ਸਮਾਜਕ ਜੀਵਨ ਵਿੱਚ ਖੇਡ ਸੰਸਕ੍ਰਿਤੀ ਦਿੱਸਦੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਅਥਲੈਟਿਕਸ ਦੇ ਪ੍ਰੋਗਰਾਮਾਂ ਵਿੱਚ ਸਟੇਡੀਅਮ ਭਰੇ ਦਿੱਸਦੇ ਹਨ। ਤੇਜ਼ ਦੌੜਾਕ ਓਸੇਨ ਬੋਲਟ ਉਨ੍ਹਾਂ ਦਾ ਹੀਰੋ ਹੈ। ਪਿਛਲੀਆਂ ਤਿੰਨ ਉਲੰਪਿਕ ਖੇਡਾਂ 'ਚ ਓਸੇਨ ਬੋਲਟ ਇਕੱਲੇ ਨੇ ਨੌਂ ਸੋਨੇ ਦੇ ਤਮਗੇ ਜਿੱਤੇ ਸਨ।
ਭਾਰਤ ਦੀ ਆਬਾਦੀ 131 ਕਰੋੜ ਤੇ ਇਸ ਦੀ ਅਰਥ-ਵਿਵਸਥਾ ਵੀਹ ਖਰਬ ਡਾਲਰ ਹੈ, ਪਰ ਪਿਛਲੀਆਂ ਤਿੰਨ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਸਥਾਨ ਬੀਜਿੰਗ (ਚੀਨ) 'ਚ 50ਵਾਂ, ਲੰਦਨ (ਯੂ ਕੇ) 'ਚ 55ਵਾਂ ਅਤੇ ਰੀਓ ਵਿੱਚ 67ਵਾਂ ਰਿਹਾ, ਜਦੋਂ ਕਿ ਪੂਰੇ ਉਲੰਪਿਕ ਇਤਿਹਾਸ ਵਿੱਚ ਭਾਰਤੀ ਹਾਕੀ ਟੀਮ ਨੇ 8 ਅਤੇ ਅਭਿਨਵ ਬਿੰਦਰਾ ਨੇ ਇੱਕ ਸੋਨ ਤਮਗਾ (ਕੁੱਲ 9 ਤਮਗੇ) ਜਿੱਤੇ ਹਨ। ਉਲੰਪਿਕ ਖੇਡਾਂ 'ਚ ਹੁਣ ਤੱਕ ਭਾਰਤ ਨੇ 28 ਮੈਡਲ ਜਿੱਤੇ ਹਨ। ਏਨੇ ਮੈਡਲ ਅਮਰੀਕਾ ਦੇ ਇਕੱਲੇ ਤੈਰਾਕੀ ਦੇ ਖਿਡਾਰੀ ਮਾਈਕਲ ਫੈਲਪਸ ਨੇ ਜਿੱਤੇ ਹੋਏ ਹਨ।
ਸਾਲ 1996 ਵਿੱਚ ਬਰਤਾਨੀਆ ਸਿਰਫ਼ ਇੱਕ ਸੋਨੇ ਦਾ ਅਤੇ ਕੁੱਲ 15 ਤਮਗੇ ਲੈ ਕੇ 36ਵੇਂ ਸਥਾਨ 'ਤੇ ਪਹੁੰਚ ਗਿਆ ਸੀ। ਸਿਡਨੀ ਉਲੰਪਿਕ ਵਿੱਚ ਉਸ ਦਾ 10ਵਾਂ ਸਥਾਨ ਸੀ, ਜਦੋਂ ਕਿ ਰੀਓ ਉਲੰਪਿਕ ਵਿੱਚ 27 ਸੋਨੇ ਦੇ ਤਮਗਿਆਂ ਸਮੇਤ ਕੁੱਲ 67 ਤਮਗੇ ਲੈ ਕੇ ਉਹ ਦੂਜੇ ਸਥਾਨ 'ਤੇ ਪੁੱਜ ਗਿਆ। ਕਿੱਡਾ ਕੁ ਦੇਸ਼ ਹੈ ਬਰਤਾਨੀਆ? ਉਨ੍ਹਾਂ ਦੀ ਸਫ਼ਲਤਾ ਪਿੱਛੇ ਪਸੀਨਾ ਅਤੇ ਪ੍ਰੇਰਨਾ ਦੋਵੇਂ ਹਨ, ਜਦੋਂ ਕਿ ਭਾਰਤ ਕੋਲ ਪ੍ਰੇਰਨਾ, ਸੋਮਿਆਂ ਅਤੇ ਮਿਹਨਤ ਦੀ ਲਗਾਤਾਰ ਕਮੀ ਵੇਖਣ ਨੂੰ ਮਿਲ ਰਹੀ ਹੈ। ਸਾਡੇ ਦੇਸ਼ ਵਿੱਚ ਖੇਡ ਢਾਂਚੇ ਦਾ ਕੋਈ ਬੱਝਵਾਂ ਸਰੂਪ ਹੀ ਨਹੀਂ। ਕਿਧਰੇ ਖੇਡ ਮੰਤਰਾਲਾ, ਕਿਧਰੇ ਖੇਡ ਸੰਸਥਾਵਾਂ, ਕਿਧਰੇ ਅਥਲੈਟਿਕ ਸੰਘ, ਕਿਧਰੇ ਬੈਡਮਿੰਟਨ, ਹਾਕੀ ਸੰਘ, ਜਿਨ੍ਹਾਂ ਦੀ ਲਗਾਮ ਵੱਡੇ-ਵੱਡੇ ਲੋਕਾਂ ਦੇ ਹੱਥ ਹੈ। ਉਨ੍ਹਾਂ ਦੀ ਆਪਸੀ ਖਿਚੋਤਾਣ ਵਾਲੀ ਰਾਜਨੀਤੀ ਦੇਸ਼ ਦੇ ਖੇਡ ਸੱਭਿਆਚਾਰ ਨੂੰ ਲਗਾਤਾਰ ਢਾਹ ਲਾਉਣ ਦਾ ਕਾਰਨ ਬਣੀ ਹੋਈ ਹੈ।
ਬੀਜਿੰਗ ਤੋਂ ਰੀਓ ਤੱਕ ਹਰ ਉਲੰਪਿਕ ਵਿੱਚ ਅਮਰੀਕਾ ਨੇ ਸੌ ਤੋਂ ਜ਼ਿਆਦਾ ਤਮਗੇ ਜਿੱਤੇ ਹਨ ਅਤੇ ਹੁਣ ਤੱਕ ਅਮਰੀਕੀ ਖਿਡਾਰੀ 2500 ਤਮਗੇ ਜਿੱਤ ਚੁੱਕੇ ਹਨ। ਉਥੇ ਕੋਈ ਖੇਡ ਮੰਤਰਾਲਾ ਹੀ ਨਹੀਂ ਹੈ। ਉਥੇ ਖੇਡਾਂ ਦਾ ਮਹੱਤਵ ਪੂਰਨ ਢਾਂਚਾ ਸਕੂਲਾਂ ਤੋਂ ਆਰੰਭ ਹੋ ਜਾਂਦਾ ਹੈ, ਜਿੱਥੇ ਪ੍ਰਤਿਭਾ ਦੀ ਖੋਜ ਹੁੰਦੀ ਹੈ। ਸਕੂਲਾਂ-ਕਾਲਜਾਂ 'ਚ ਇਨ੍ਹਾਂ ਖਿਡਾਰੀਆਂ ਨੂੰ ਵੱਡੇ ਵਜ਼ੀਫੇ ਦਿੱਤੇ ਜਾਂਦੇ ਹਨ ਅਤੇ ਇਥੋਂ ਤੱਕ ਕਿ ਚੰਗੇ ਖਿਡਾਰੀਆਂ, ਅਥਲੀਟਾਂ ਲਈ ਚੰਦੇ ਇਕੱਠੇ ਕਰਨ ਤੋਂ ਵੀ ਸੰਕੋਚ ਨਹੀਂ ਹੁੰਦਾ।
ਏਧਰ ਭਾਰਤ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ, ਖੇਡ ਮੈਦਾਨਾਂ, ਖਿਡਾਰੀਆਂ ਲਈ ਸੁਵਿਧਾਵਾਂ, ਰਿਫਰੈਸ਼ਮੈਂਟ, ਉਨ੍ਹਾਂ ਦੀ ਪ੍ਰੈਕਟਿਸ ਲਈ ਸੁਖਾਵਾਂ ਮਾਹੌਲ ਦੇਣ ਦੀ ਕਮੀ ਸਾਡੇ ਖਿਡਾਰੀਆਂ, ਅਥਲੀਟਾਂ ਦੇ ਬਿਹਤਰ ਪ੍ਰਦਰਸ਼ਨ ਦੇ ਆੜੇ ਆਉਂਦੀ ਹੈ। ਕਿੰਨੇ ਕੁ ਉੱਚ-ਪਾਏ ਦੇ ਖੇਡ ਸਟੇਡੀਅਮ ਹਨ ਸਾਡੇ ਪਿੰਡਾਂ ਵਿੱਚ, ਸਕੂਲਾਂ ਵਿੱਚ, ਸ਼ਹਿਰਾਂ ਵਿੱਚ, ਯੂਨੀਵਰਸਿਟੀਆਂ ਵਿੱਚ? ਕਿੰਨੀ ਕੁ ਹੌਸਲਾ ਅਫਜ਼ਾਈ ਕਰਦੇ ਹਨ ਸਾਡੇ ਰਾਜਨੀਤੀਵਾਨ ਖੇਡਾਂ ਲਈ? ਉਲਟਾ ਖੇਡ ਮੁਕਾਬਲੇ ਕਰਵਾ ਕੇ, ਖੇਡ ਸਟੇਡੀਅਮਾਂ 'ਚ ਕਲਾਕਾਰਾਂ ਦੇ ਗੀਤ-ਸੰਗੀਤ ਦਾ ਪ੍ਰਦਰਸ਼ਨ ਕਰ ਕੇ ਰਾਜਨੀਤਕ ਭੱਲ ਖੱਟਣ ਦਾ ਯਤਨ ਕੀਤਾ ਜਾਂਦਾ ਹੈ।
ਸਾਡੀ ਆਬਾਦੀ ਤੋਂ ਥੋੜ੍ਹੀ ਵੱਧ ਆਬਾਦੀ ਵਾਲੇ ਦੇਸ਼ ਚੀਨ ਨੇ 2008 ਤੋਂ 2016 ਦੇ ਵਿਚਕਾਰ 258 ਤਮਗੇ ਜਿੱਤੇ। ਉਥੇ ਖੇਡਾਂ ਨੂੰ ਪੂਰਨ ਰੂਪ ਵਿੱਚ ਸਰਕਾਰ ਸੰਚਾਲਤ ਕਰਦੀ ਹੈ। ਬਰਤਾਨੀਆ ਨੇ ਪਿਛਲੇ ਤਿੰਨ ਉਲੰਪਿਕਾਂ ਵਿੱਚ ਲਗਾਤਾਰ ਔਸਤਨ 50 ਤਮਗੇ ਲਏ। ਉਥੇ ਖੇਡਾਂ ਨੂੰ ਸਰਵਜਨਕ ਅਤੇ ਨਿੱਜੀ ਯਤਨਾਂ ਨਾਲ ਸੰਚਾਲਤ ਕੀਤਾ ਜਾਂਦਾ ਹੈ। ਆਮ ਤੌਰ 'ਤੇ ਸੋਸ਼ਲ ਮੀਡੀਆ ਉੱਤੇ ਆਬਾਦੀ ਅਤੇ ਅਰਥ-ਵਿਵਸਥਾ ਦੇ ਆਕਾਰ ਨੂੰ ਜੋੜ ਕੇ ਤਮਗਿਆਂ ਦੀ ਗਿਣਤੀ 'ਤੇ ਟਿੱਪਣੀਆਂ ਹੁੰਦੀਆਂ ਹਨ।
ਯੂਰਪ ਦੇ ਇੰਸਟੀਚਿਊਟ ਫ਼ਾਰ ਇਕਨਾਮਿਕਸ ਰਿਸਰਚ ਨੇ ਦੇਸ਼ ਦੀ ਆਬਾਦੀ ਅਤੇ ਸੰਪਤੀ ਦੇ ਆਧਾਰ 'ਤੇ ਤਮਗੇ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਉਸ ਅਨੁਸਾਰ ਭਾਰਤ ਨੂੰ 22 ਤਮਗੇ ਮਿਲਣੇ ਚਾਹੀਦੇ ਸਨ, ਪਰ ਤਮਗਿਆਂ ਦਾ ਸੰਬੰਧ ਸਿਰਫ਼ ਆਬਾਦੀ ਅਤੇ ਸੰਪਤੀ ਨਾਲ ਨਹੀਂ, ਬਲਕਿ ਸਮਾਜਿਕ ਲੋਕਾਚਾਰ, ਖੇਡ ਸੁਵਿਧਾਵਾਂ ਵਿੱਚ ਨਿਵੇਸ਼ ਆਦਿ ਨਾਲ ਵੀ ਹੁੰਦਾ ਹੈ। ਇਸ ਅਨੁਸਾਰ ਭਾਰਤ ਨੂੰ ਵੱਧ ਤੋਂ ਵੱਧ 6 ਤਮਗੇ ਮਿਲ ਸਕਦੇ ਸਨ, ਪਰ ਉਸ ਦੇ ਹਿੱਸੇ ਸਿਰਫ਼ ਦੋ ਤਮਗੇ ਆਏ, ਤੇ ਉਹ ਵੀ ਦੋ ਲੜਕੀਆਂ ਜਿੱਤ ਸਕੀਆਂ। ਉਨ੍ਹਾਂ ਵਿੱਚੋਂ ਇੱਕ ਸਾਕਸ਼ੀ ਮਲਿਕ ਹੈ, ਜੋ ਰੋਹਤਕ ਦੇ ਇੱਕ ਗ਼ਰੀਬ ਪਰਵਾਰ ਵਿੱਚ ਜਨਮੀ ਹੈ। ਉਸ ਦਾ ਪਿਤਾ ਡੀ ਟੀ ਸੀ (ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ) ਦਾ ਕੰਡਕਟਰ ਅਤੇ ਮਾਤਾ ਆਂਗਣਵਾੜੀ ਮੁਲਾਜ਼ਮ ਹੈ।  ਉਸ ਨੇ ਰੋਹਤਕ ਤੋਂ ਰੀਓ ਤੱਕ ਦਾ ਸਫ਼ਰ ਤੰਗੀ-ਤੁਰਸ਼ੀ ਵਿੱਚ ਕੱਟਿਆ (ਭਾਵੇਂ ਹੁਣ ਉਸ ਉੱਤੇ ਕਰੋੜਾਂ ਦੀ ਬਰਸਾਤ ਹੋ ਰਹੀ ਹੈ)। ਅਤੇ ਪੀ ਵੀ ਸਿੰਧੂ ਰੇਲਵੇ ਮੁਲਾਜ਼ਮ ਦੀ ਧੀ ਹੈ, ਜਿਸ ਨੂੰ ਜਿਤਾਉਣ ਲਈ ਕਿਸੇ ਸੰਸਥਾ ਵਿਸ਼ੇਸ਼ ਨਾਲੋਂ ਉਸ ਦੇ ਕੋਚ ਅਤੇ ਮਾਪਿਆਂ ਦਾ ਸੰਘਰਸ਼ ਵਧੇਰੇ ਹੈ।
ਭਾਰਤ ਸਰਕਾਰ ਵੱਲੋਂ ਹਰ ਵੇਰ ਦੀ ਤਰ੍ਹਾਂ ਅੱਧੀਆਂ-ਅਧੂਰੀਆਂ ਤਿਆਰੀਆਂ ਵਾਲੇ ਖਿਡਾਰੀ ਭੇਜੇ ਗਏ ਤੇ ਨਾਲ ਉਲੰਪਿਕ ਦਾ ਨਜ਼ਾਰਾ ਵੇਖਣ ਵਾਲੇ ਸੰਤਰੀ, ਮੰਤਰੀ, ਕੋਚ ਤੇ ਅਧਿਕਾਰੀ ਵੀ, ਜਿਨ੍ਹਾਂ ਦੀ ਚਰਚਾ ਖੇਡ ਪ੍ਰਾਪਤੀਆਂ ਨਾਲੋਂ ਵੱਧ ਉਨ੍ਹਾਂ ਦੇ ਵਿਹਾਰ ਬਾਰੇ ਜ਼ਿਆਦਾ ਰਹੀ। ਹੱਦ ਤਾਂ ਉਦੋਂ ਹੋਈ ਸੁਣੀ ਗਈ, ਜਦੋਂ ਮੈਰਾਥਨ ਦੌੜ (42 ਕਿਲੋਮੀਟਰ) ਦੀ ਸਮਾਪਤੀ 'ਤੇ ਭਾਰਤ ਦੀ ਕੌਮੀ ਰਿਕਾਰਡ ਧਾਰੀ ਓ ਪੀ ਜਾਇਸਾ ਪਾਣੀ ਨਾ ਮਿਲਣ ਕਾਰਨ ਹਿੰਮਤ ਹਾਰ ਗਈ ਅਤੇ ਬੇਹੋਸ਼ ਹੋ ਕੇ ਡਿੱਗ ਪਈ। ਜਾਇਸਾ ਨੇ ਦੱਸਿਆ ਕਿ ਉਥੇ ਬਾਕੀ ਸਾਰੇ ਦੇਸ਼ਾਂ ਦੇ ਅਧਿਕਾਰੀ ਆਪਣੇ ਦੌੜਾਕਾਂ ਨੂੰ ਹਰੇਕ ਢਾਈ ਕਿਲੋਮੀਟਰ ਦੀ ਦੂਰੀ 'ਤੇ ਰਿਫਰੈਸ਼ਮੈਂਟ ਮੁਹੱਈਆ ਕਰਵਾ ਰਹੇ ਸਨ, ਪਰ ਭਾਰਤ ਵੱਲੋਂ ਉਥੇ ਕੋਈ ਅਧਿਕਾਰੀ ਨਹੀਂ ਸੀ। ਭਾਰਤ ਦੀ ਡੈਸਕ ਖ਼ਾਲੀ ਪਈ ਸੀ ਅਤੇ ਉਥੇ ਸਿਰਫ਼ ਭਾਰਤ ਦਾ ਝੰਡਾ ਲੱਗਾ ਹੋਇਆ ਸੀ। ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਭਲਾ ਹੋਰ ਕਿਹੜੀ ਹੋ ਸਕਦੀ ਹੈ? ਕੀ ਇਸ ਨੂੰ ਖੇਡ ਵਿਭਾਗ, ਖੇਡ ਅਧਿਕਾਰੀਆਂ ਦੀ ਨਾ-ਅਹਿਲੀਅਤ ਅਤੇ ਨਾਲਾਇਕੀ ਨਹੀਂ ਕਿਹਾ ਜਾਵੇਗਾ?
ਉਲੰਪਿਕ ਲਈ ਭਾਰਤੀ ਪਹਿਲਵਾਨ ਚੁਣਨ ਵੇਲੇ ਸੁਸ਼ੀਲ ਕੁਮਾਰ ਤੇ ਨਰ ਸਿੰਘ ਯਾਦਵ ਦੇ ਵਿਵਾਦ ਨੇ ਇੱਕ ਵੱਖਰੀ ਬਹਿਸ ਛੇੜੀ ਰੱਖੀ। ਸੁਸ਼ੀਲ ਕੁਮਾਰ, ਜਿਹੜਾ ਤਮਗਾ ਜਿੱਤ ਸਕਦਾ ਸੀ, ਨੂੰ ਉਲਿੰਪਕ 'ਚ ਭੇਜਿਆ ਨਹੀਂ ਗਿਆ ਤੇ ਜਿਹੜਾ ਨਰ ਸਿੰਘ ਭੇਜਿਆ ਸੀ, ਉਹ ਡੋਪ ਟੈੱਸਟਾਂ ਦੇ ਡੰਗ ਦਾ ਸ਼ਿਕਾਰ ਹੋ ਗਿਆ।
ਭਾਰਤ ਨੂੰ 10 ਤੋਂ 18 ਤਮਗੇ ਜਿੱਤਣ ਦੀ ਉਮੀਦ ਸੀ, ਪਰ ਰੀਓ 'ਚ ਤਮਗੇ ਦੇ ਕਈ ਦਾਅਵੇਦਾਰ ਖ਼ਰਾਬ ਫਿਟਨੈੱਸ ਕਾਰਨ ਮੂੰਹ ਪਰਨੇ ਜਾ ਡਿੱਗੇ। ਉਲੰਪਿਕ 'ਚ 8 ਤਮਗੇ ਜਿੱਤ ਚੁੱਕੀ ਭਾਰਤੀ ਪੁਰਸ਼ ਹਾਕੀ ਟੀਮ 8 ਵੇਂ ਨੰਬਰ 'ਤੇ ਆ ਸਕੀ। ਸਿਰਫ਼ ਸਿੰਧੂ (ਚਾਂਦੀ), ਸਾਕਸ਼ੀ (ਕਾਂਸੀ), ਦੀਪਾ (ਜਿਮਨਾਸਟ ਚੌਥਾ ਸਥਾਨ) ਹੀ ਦੇਸ਼ ਲਈ ਕੁਝ ਪ੍ਰਾਪਤੀਆਂ ਕਰ ਸਕੀਆਂ, ਜਦੋਂ ਕਿ 120 ਵਿੱਚੋਂ 117 ਖਿਡਾਰੀ ਨਿਰਾਸ਼ ਪਰਤੇ।
ਭਾਰਤ ਮੱਲਾਂ, ਯੋਧਿਆਂ, ਬਲਵਾਨਾਂ ਦਾ ਦੇਸ਼ ਹੈ। ਦੇਸ਼ ਦੇ ਹਰ ਖਿੱਤੇ 'ਚ ਕੋਈ ਨਾ ਕੋਈ ਖੇਡ ਗਰਮਜੋਸ਼ੀ ਨਾਲ ਖੇਡੀ ਜਾਂਦੀ ਹੈ। ਪੰਜਾਬ ਤੇ ਹਰਿਆਣੇ ਦੇ ਪਹਿਲਵਾਨ, ਪੰਜਾਬ ਦੇ ਹਾਕੀ ਖਿਡਾਰੀ ਤੇ ਦੱਖਣੀ ਭਾਰਤ ਦੇ ਤੈਰਾਕ ਰਾਸ਼ਟਰੀ, ਅੰਤਰ-ਰਾਸ਼ਟਰੀ ਪੱਧਰ ਉੱਤੇ ਸਮੇਂ-ਸਮੇਂ ਨਾਮਣਾ ਖੱਟ ਚੁੱਕੇ ਹਨ, ਪਰ ਖੇਡਾਂ ਵਿੱਚ ਰਾਜਨੀਤੀ ਅਤੇ ਆਪਣਿਆਂ ਨੂੰ ਅੱਗੇ ਲਿਆਉਣ ਦੀ ਅਭਿਲਾਸ਼ਾ ਨੇ ਭਾਰਤ 'ਚ ਖੇਡਾਂ ਦਾ ਸੱਤਿਆਨਾਸ ਕਰ ਦਿੱਤਾ ਹੈ। ਖੇਡ ਵਿਭਾਗ 'ਚ ਫੈਲੇ ਭ੍ਰਿਸ਼ਟਾਚਾਰ, ਖੇਡ ਮੈਦਾਨਾਂ ਦੀ ਕਮੀ ਅਤੇ ਚੰਗੇ ਖਿਡਾਰੀਆਂ ਲਈ ਯੋਗ ਸੁਵਿਧਾਵਾਂ ਦੀ ਘਾਟ ਨੇ ਖੇਡ ਤੰਤਰ ਦਾ ਨਾਸ ਮਾਰ ਦਿੱਤਾ ਹੈ। ਨਹੀਂ ਤਾਂ ਕੋਈ ਕਾਰਨ ਹੀ ਨਹੀਂ ਸੀ ਕਿ ਸਾਡੇ ਦੁਨੀਆ 'ਚ ਹਾਕੀ ਖੇਡ 'ਚ ਗੱਡੇ ਝੰਡੇ ਨੂੰ ਕੋਈ ਪੁੱਟ ਸਕਦਾ। ਖੇਡਾਂ ਪ੍ਰਤੀ ਸਾਡਾ ਪ੍ਰੇਮ, ਮੋਹ ਭੰਗ ਹੁੰਦਾ ਜਾ ਰਿਹਾ ਹੈ। ਸਾਡੀਆਂ ਸਰਕਾਰਾਂ ਨੇ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਦੇ ਵਿਕਾਸ ਤੋਂ ਵੀ ਹੱਥ ਪਿੱਛੇ ਕੀਤਾ ਹੋਇਆ ਹੈ। ਦੇਸ਼ 'ਚ ਹਾਲਾਤ ਇਹ ਬਣ ਗਏ ਹਨ ਕਿ ਖੇਡਾਂ ਪ੍ਰਤੀ ਲੋਕਾਂ 'ਚ ਉਤਸ਼ਾਹ ਘਟ ਰਿਹਾ ਹੈ। ਸਮਾਜਿਕ ਤੌਰ 'ਤੇ ਖਿਡਾਰੀਆਂ ਨੂੰ ਅਸੀਂ ਅੱਖਾਂ 'ਤੇ ਬਿਠਾਉਣੋਂ ਪਿੱਛੇ ਹਟ ਰਹੇ ਹਾਂ। ਸਿੱਟਾ?  ਅੰਤਰ-ਰਾਸ਼ਟਰੀ ਪੱਧਰ 'ਤੇ ਅਸੀਂ ਆਪਣੀ ਬਲਵਾਨ ਕੌਮ ਦੀ ਦਿੱਖ ਨੂੰ ਧੁੰਦਲਾ ਕਰਨ ਵੱਲ ਅੱਗੇ ਵਧ ਰਹੇ ਹਾਂ।
ਜਦੋਂ ਤੱਕ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੇਗੀ ਅਤੇ ਸਮਾਜਿਕ ਲੋਕਾਚਾਰ ਦਾ ਵਿਕਾਸ ਨਹੀਂ ਹੋਵੇਗਾ, ਤਦ ਤੱਕ ਖੇਡਾਂ ਦੇ ਪੁਨਰ ਉਥਾਨ ਦੀ ਕੋਈ ਯੋਜਨਾ ਸਫ਼ਲ ਨਹੀਂ ਹੋ ਸਕਦੀ। ਜਿੱਥੇ ਇਸ ਕੰਮ ਲਈ ਸਮਾਜ ਨੂੰ ਸਮਾਂ ਕੱਢਣਾ ਹੋਵੇਗਾ, ਉਥੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਹੋਵੇਗਾ। ਮੁੱਢਲੇ ਸਕੂਲਾਂ 'ਚ ਖੇਡ ਮੈਦਾਨ ਹੋਣ, ਪਿੰਡਾਂ-ਸ਼ਹਿਰਾਂ 'ਚ ਯੋਗ ਖਿਡਾਰੀਆਂ, ਅਥਲੀਟਾਂ ਨੂੰ ਸਹੂਲਤਾਂ ਮਿਲਣ, ਉਨ੍ਹਾਂ ਲਈ ਸਰਕਾਰੀ, ਗ਼ੈਰ-ਸਰਕਾਰੀ ਯਤਨ ਹੋਣ। ਪੇਸ਼ੇਵਰ ਕੋਚਾਂ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਇਸ ਕੰਮ ਲਈ ਸਮਾਜ ਸੇਵੀ ਸੰਸਥਾਵਾਂ ਚੰਦੇ ਇਕੱਠੇ ਕਰਨ।
ਜਦੋਂ ਤੱਕ ਅਸੀਂ ਹੇਠਲੇ ਪੱਧਰ 'ਤੇ ਆਪਣੀ ਪਨੀਰੀ ਵਿੱਚੋਂ ਯੋਗ ਚੈਂਪੀਅਨਾਂ ਦੀ ਤਲਾਸ਼ ਨਹੀਂ ਕਰਦੇ, ਉਨ੍ਹਾਂ ਦਾ ਪੱਥ ਪ੍ਰਦਰਸ਼ਨ ਨਹੀਂ ਕਰਦੇ, ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਨਹੀਂ ਕਰਦੇ, ਉਨ੍ਹਾਂ ਲਈ ਖੇਡਾਂ ਦੇ ਅਨੁਕੂਲ ਸਥਿਤੀਆਂ ਪੈਦਾ ਨਹੀਂ ਕਰਦੇ ਅਤੇ ਪੁਰਾਣੀ ਗੁਰੂ-ਚੇਲੇ ਵਾਲੀ ਭਾਰਤੀ ਪਰੰਪਰਾ ਨੂੰ ਮੁੜ ਸੁਰਜੀਤ ਨਹੀਂ ਕਰਦੇ, ਉਦੋਂ ਤੱਕ ਉਲੰਪਿਕ ਵਿੱਚ ਤਮਗਿਆਂ ਦੀ ਆਸ ਰੱਖਣੀ ਬੇਮਾਇਨਾ ਹੋਵੇਗੀ। ਜੇਕਰ ਯੋਗ ਅਭਿਆਨ ਦੀ ਤਰ੍ਹਾਂ ਅਸੀਂ ਖੇਡਾਂ 'ਚ ਹਿੱਸਾ ਲੈਣ ਲਈ ਲੋਕਾਂ ਨੂੰ ਪ੍ਰੇਰ ਸਕੀਏ, ਤਾਂ ਕੀ ਇਸ ਤੋਂ ਚੰਗੇ ਸਿੱਟਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ?
ਅਗਲੀਆਂ ਟੋਕੀਓ ਉਲੰਪਿਕ ਖੇਡਾਂ 2020 'ਚ ਹੋਣੀਆਂ ਹਨ, ਠੀਕ 1433 ਦਿਨ ਬਾਅਦ। ਅਸੀਂ ਭਾਰਤੀ ਐਨ ਨੱਕੇ ਉੇੱਤੇ ਆਏ ਕਿਸੇ ਮਸਲੇ ਨੂੰ ਹੱਲ ਕਰਨ ਦੇ ਆਦੀ ਬਣ ਚੁੱਕੇ ਹਾਂ। ਕੀ ਆਪਣੀ ਇਸ ਪਰੰਪਰਾ ਨੂੰ ਤੋੜ ਕੇ ਅਸੀਂ ਅੱਜ ਤੋਂ ਉਲੰਪਿਕ ਖੇਡਾਂ ਲਈ ਯੋਜਨਾ ਨਹੀਂ ਬਣਾ ਸਕਦੇ, ਸਰਕਾਰੀ ਨਹੀਂ, ਗ਼ੈਰ-ਸਰਕਾਰੀ ਤੌਰ 'ਤੇ ਹੀ ਸਹੀ?
ਕੀ ਅਸੀਂ ਗੋਪੀ ਚੰਦ ਪੁਲੇਲਾ ਵਰਗੇ ਕੋਚ ਨਹੀਂ ਲੱਭ ਸਕਦੇ, ਜਿਨ੍ਹਾਂ ਦੀ ਭਾਰਤ 'ਚ ਕੋਈ ਕਮੀ ਵੀ ਨਹੀਂ ਹੈ? ਕੀ ਇਸ 'ਚ ਕੋਈ ਹਰਜ ਹੈ?

29 Aug. 2016