ਸ਼ਰੀਕੇਬਾਜ਼ੀ ਵਿੱਚ ਉਲਝੀ ਬਦਲਾ ਲਊ ਸਮਾਜਿਕ ਕਹਾਣੀ ( ਖੂਨੀ ਤਾਇਆ ) - ਭੱਟੀ ਦੀ ਕਲਮ ਤੋਂ |

ਅੱਜ ਸਵੇਰੇ ਸਵੇਰੇ ਹੀ ਨਡਾਲੇ ਪਿੰਡ ਵਿੱਚ ਵੱਸਦੇ ਬ੍ਰਾਹਮਣਾਂ ਦੇ ਘਰੇ , ਪੁਲਿਸ ਨੇ ਆਣ ਘੇਰਾ ਪਾਇਆ , ਆਂਡੀ ਗੁਆਂਢੀ ਆਪਸ ਵਿੱਚ ਇਸ਼ਾਰਿਆਂ ਨਾਲ ਹੀ ਖੁਸਰ ਮੁਸਰ ਕਰਨ ਲੱਗੇ ਕਿ ਅਸਲ ਮਾਮਲਾ ਹੈ ਕੀ ?? ਕਿਉਂਕਿ ਬ੍ਰਾਹਮਣਾਂ ਦਾ ਇਹ ਟੱਬਰ ਪਿੰਡ ਵਿੱਚ ਸਾਊਆਂ ਦਾ ਟੱਬਰ ਗਿਣਿਆ ਜਾਂਦਾ ਸੀ , ਜਦਕਿ ਗੁਆਂਢ ਵਿਚ ਰਹਿੰਦੇ ਇਨ੍ਹਾਂ ਦੇ ਸ਼ਰੀਕਾਂ ਨੂੰ ਕੋਈ ਮੂੰਹ  ਨਹੀਂ ਸੀ ਲਾਉਂਦਾ |  
                            ਇਨ੍ਹਾਂ ਬ੍ਰਾਹਮਣਾ ਦਾ ਇੱਕੋ ਇੱਕ ਮੁੰਡਾ ਜਿਸਦਾ ਅਸਲੀ ਨਾਮ ਸਤੀਸ਼ ਸੀ ਪਰ ਪਿੰਡ ਵਾਲੇ ਉਸਦੀ ਵਧੀ ਹੋਈ ਠੋਡੀ ਕਾਰਨ ਉਸਨੂੰ ਟੋਡੀ ਕਹਿ ਕੇ ਹੀ ਪੁਕਾਰਦੇ ਸਨ , ਉਹ ਫੌਜ ਵਿੱਚ ਨੌਕਰੀ ਕਰਦਾ ਸੀ , ਜਿਹੜਾ ਕਿ ਸ਼ਰੀਕਾਂ ਦੇ ਡਰ ਕਾਰਨ ਪਿਛਲੇ ਚਾਰ ਸਾਲਾਂ ਤੋਂ ਕਦੇ ਵੀ ਪਿੰਡ ਨਹੀਂ ਸੀ ਆਇਆ , ਕਿਉਂਕਿ ਉਨ੍ਹਾਂ ਦੇ ਤਾਏ ਦੇ ਦੋਹਾਂ ਲੜਕਿਆਂ ਨੇ ਆਪਣੇ ਪਿਉ ਦੀ ਹਾਜਰੀ ਵਿੱਚ ਟੋਡੀ ਦੇ ਛੋਟੇ ਭਰਾ ਅਤੇ ਭਰਜਾਈ ਨੂੰ ਦਿਨ ਦਿਹਾੜੇ ਤੇਜਧਾਰ ਹਥਿਆਰਾਂ ਨਾਲ ਮਾਰ ਦਿੱਤਾ ਸੀ ਤੇ ਉਸਦੇ ਪਿਉ ਦੀ ਵੀ ਰੱਜ ਕੇ ਕੁੱਟਮਾਰ ਕੀਤੀ ਸੀ , ਜਦਕਿ ਟੋਡੀ ਦੀ ਮਾਤਾ ਸ਼ਾਂਤੀ ਦੇਵੀ ਪਹਿਲਾਂ ਹੀ ਮਰ ਚੁੱਕੀ ਸੀ ਅਤੇ ਇੱਕੋ ਇੱਕ ਭੈਣ ਅੰਜੂ ਦੇਵੀ ਵਿਆਹੀ ਹੋਈ ਹੋਣ ਕਰਕੇ ਉਹ ਆਪਣੇ ਸਹੁਰੇ ਪਿੰਡ ਬੱਲੋਚੱਕ ਰਹਿੰਦੀ ਸੀ | ਉਪਰੋਂ ਟੋਡੀ ਦੇ ਘਰ ਦਾ ਵਿਹੜਾ ਵੀ ਤਾਏ ਦੇ ਟੱਬਰ ਨੇ ਨਜਾਇਜ ਕਬਜੇ ਵਿੱਚ ਲਿਆ ਹੋਇਆ ਸੀ | ਟੋਡੀ ਦਾ ਪਿਉ ਸਿਆਣਾ ਸੀ , ਉਹ ਨਹੀਂ ਸੀ ਚਾਹੁੰਦਾ ਕਿ ਉਸਦਾ ਇੱਕੋ ਇੱਕ ਬਚਿਆ ਨੌਜਵਾਨ ਲੜਕਾ ਵੀ ਮੌਤ ਦੀ ਬਲੀ ਚੜ ਜਾਵੇ , ਸੋ ਉਸਦੇ ਸਮਝਾਉਂਣ ਕਰਕੇ ਹੀ ਟੋਡੀ ਛੁੱਟੀ ਕੱਟਣ ਨਹੀਂ ਸੀ ਆ ਰਿਹਾ , ਇਸ ਗੱਲ ਦਾ ਸਾਰੇ ਪਿੰਡ ਨੂੰ ਪਤਾ ਸੀ ਕਿ ਤੇਜ ਪ੍ਰਕਾਸ਼  ( ਟੋਡੀ ਦਾ ਪਿਤਾ ) ਡਰਕੇ ਦਿਨ ਕੱਟੀ ਕਰ ਰਿਹਾ ਸੀ |
                              ਉਪਰੋਕਤ ਕਾਰਨਾਂ ਕਰਕੇ ਹੀ ਆਂਡੀਆਂ ਗੁਆਡੀਆਂ ਨੂੰ ਹੈਰਾਨਗੀ ਇਸ ਗੱਲ ਦੀ ਸੀ ਕਿ ਬ੍ਰਾਹਮਣਾਂ ਦੇ ਘਰੇ ਕੋਈ ਅਜਿਹਾ ਨੌਜਵਾਨ ਲੜਕਾ ਵੀ ਨਹੀਂ ਸੀ ਜਿਸ ਦੇ ਕਾਰਨ ਕੋਈ ਉਲਾਮੇ ਵਾਲੀ ਗੱਲ ਜਾਂ ਲੜਾਈ ਹੋ ਸਕਦੀ ਹੋਵੇ , ਪਰ ਘਰ ਵਿੱਚ ਪੁਲਿਸ ਦੀ ਮੌਜੂਦਗੀ ਕੁਝ ਨਾ ਕੁਝ ਬਿਆਨ ਜਰੂਰ ਕਰ ਰਹੀ ਸੀ , ਵਰਨਾ ਕਿਸੇ ਠੋਸ ਕਾਰਨ ਤੋਂ ਬਿਨਾਂ ਪੁਲਿਸ ਕਿਸੇ ਦੇ ਘਰੇ ਥੋੜੀ ਕੀਤਿਆਂ ਨਹੀਂ ਆਉਂਦੀ , ਉਹ ਵੀ ਬਿਨਾਂ ਸੂਚਿਤ ਕੀਤਿਆਂ |
                               ਇਨਾ ਗੱਲਾਂ ਦਾ ਜਵਾਬ ਲਭਣ ਵਾਸਤੇ ਬ੍ਰਾਹਮਣਾਂ ਦਾ ਗੁਆਂਢੀ ਦਰਸ਼ੂ , ਆਪਣੇ ਘਰੋਂ ਨਿਕਲ ਕੇ ਚੌਧਰੀ ਕਰਤਾਰੇ ਦੇ ਡੇਰੇ ਜਾ ਪਹੁੰਚਿਆ , ਕਿਉਂਕਿ ਉਸਨੂੰ ਟਿਕਾਈ ਨਹੀਂ ਸੀ ਆ ਰਹੀ ਅਤੇ ਉਹ ਇਹ ਗੱਲ ਆਪਣੇ ਲੰਗੋਟੀ ਯਾਰ ਸ਼ੇਰੂ ਅਮਲੀ ( ਚੌਧਰੀ ਕਰਤਾਰੇ ਦਾ ਛੋਟਾ ਨਾਮ ਸ਼ੇਰੂ ਅਮਲੀ ਪਿੰਡ ਵਾਲਿਆਂ ਨੇ ਪਾਇਆ ਹੋਇਆ ਸੀ ) ਨਾਲ ਸਾਂਝੀ ਕਰਕੇ ਸਚਾਈ ਜਾਨਣਾ ਚਾਹੁੰਦਾ ਸੀ ਕਿ ਦਰਅਸਲ ਹੋਇਆ ਕੀ ਹੈ |
                            ਦਰਸ਼ੂ ਨੂੰ ਆਉਂਦਾ ਦੇਖ , ਅਮਲੀ ਨੇ ਹੱਥ ਵਿੱਚ ਫੜੀ ਜਰਦੇ ਦੀ ਪੁੜੀ ਨੂੰ ਬਿਨਾਂ ਖੋਲ੍ਹੇ ਆਪਣੇ ਹੇਠਾਂ ਵਿਛਾਈ ਹੋਈ ਬੋਰੀ ਦੇ ਥੱਲੇ ਰੱਖਦੇ ਹੋਏ ਕਿਹਾ , ਆ ਜਾ , ਵਈ ਆ ਜਾ , ਯਾਰ ਦਰਸ਼ੂਆ , ਸੁਣਾ ਕੋਈ ਗੱਲਬਾਤ , ਨਾਲੇ ਆਹ ਤੇਰੇ ਗੁਆਂਢ ਕੀ ਭਾਣਾ ਵਰਤ ਗਿਆ ਰਾਤ ਵੇਲੇ ? ਬੜੀ ਤੜ ਤੜ ਦੀ ਅਵਾਜ ਆ ਰਹੀ ਸੀ ! ਕਰੀਬਨ ਅੱਧੀ ਰਾਤ ਦੇ ਆਸ ਪਾਸ , ਉਸ ਵੇਲੇ ਤੋਂ ਲੈ ਕੇ ਹੁਣ ਤੱਕ , ਮੈਨੂੰ ਤਾਂ ਟਿਕਾਈ ਜਿਹੀ ਨਹੀਂ ਆ ਰਹੀ , ਮਖਾਂ, ਜਰਾ ਖੋਲ ਕੇ ਦੱਸ , ਵੈਸੇ ਵੀ ਤਾਂ , ਤੂੰ , ਉਨ੍ਹਾਂ ਦਾ ਜੁੜਵਾਂ ਗੁਆਂਢੀ ਏਂ |
                           ਅਮਲੀ ਦੀ ਗੱਲ ਸੁਣ ਕੇ ਦਰਸ਼ੂ ਹੱਕਾਂ ਬੱਕਾ ਰਹਿ ਗਿਆ ਉਹ ਹੈਰਾਨੀ ਭਰੇ ਲਹਿਜੇ ਵਿੱਚ ਬੋਲਿਆ , ਦੇਖ ਅਮਲੀਆ , ਲਗਦੇ ਤੇਰੇ ਕੰਨ ਖੜਕਦੇ ਹੋਣੇ ਆ , ਮੈਂ ਤਾਂ ਕੋਈ ਖੜਾਕ ਨਹੀਂ ਸੁਣਿਆ , ਕਿਉਂਕਿ ਮੈਂ ਰਹਿੰਦਾ ਵੀ ਉਨ੍ਹਾਂ ਦੇ ਗੁਆਂਢ 'ਚ ਆਂ !
                          ਅਮਲੀ ਥੋੜਾ ਖਿਝ ਕੇ ਬੋਲ਼ਿਆ , ਮਖਾਂ ਦੇਖ ਦਰਸ਼ੂਆ , ਮੇਰਾ ਯਕੀਨ ਕਰ ! ਕੜਾਕ ਕੜਾਕ ਦੀਆਂ ਅਵਾਜਾਂ ਮੈਂ ਆਪਣੇ ਕੰਨੀਂ ਸੁਣੀਆ ਆ , ਨਾਲੇ ਇਹ ਕਿਵੇਂ ਹੋ ਸਕਦੇ ਕਿ ਤੂੰ ਕੋਈ ਖੜਾਕਾ ਨਾ ਸੁਣਿਆ ਹੋਵੇ !
                        ਯਾਰਾ ਯਕੀਨ ਕਰ ਅਮਲੀਆ , ਮੈਂ ਵਾਕਿਆ ਹੀ ਕੁਝ ਨਹੀਂ ਸੁਣਿਆ | ਹਾਂ ਇੱਕ ਗੱਲ ਜਰੂਰ ਅਣਹੋਣੀ ਲੱਗ ਰਹੀ ਹੈ ਕਿ ਸਵੇਰ ਦਾ ਤੇਜ ਪ੍ਰਕਾਸ਼ ਦੇ ਸ਼ਰੀਕਾਂ ਵਿੱਚੋਂ ਕੋਈ ਵੀ ਸਿਆਣਾ ਜਾਂ ਨਿਆਣਾ ਬਾਹਰ ਨਹੀਂ ਨਿਕਲਿਆ,  ਬਾਹਰ ਦਾ ਦਰਵਾਜਾ ਵੀ ਖੁੱਲਾ ਪਿਆ ਆ |
                             ਚਲੋ ਮੰਨ ਲੈਂਦਾ ਆਂ , ਤੂੰ ਕੁਝ ਨਹੀਂ ਸੁਣਿਆ , ਐਪਰ ਮੈਂ ਤਾਂ ਸੁਣਿਆ ਆਪਣੇ ਕੰਨਾਂ ਨਾਲ !
                            ਅਮਲੀ ਅਤੇ ਦਰਸ਼ੂ ਅਜੇ ਬਹਿਸ ਕਰ ਹੀ ਰਹੇ ਸਨ ਕਿ ਦਰੜ ਦਰੜ ਕਰਦੀਆਂ ਪੁਲਿਸ ਦੀਆਂ ਦੋ ਹੋਰ ਜੀਪਾਂ ਇਨ੍ਹਾਂ ਦੇ ਲਾਗਿਉਂ ਬ੍ਰਾਹਮਣਾਂ ਦੇ ਘਰ ਵੱਲ ਨੂੰ ਹੋ ਮੁੜੀਆਂ |
                              ਅਮਲੀ ਅਤੇ ਦਰਸ਼ੂ ਦੇ ਕੋਲ ਪਿੰਡ ਦੇ ਹੋਰ ਖੜ੍ਹੇ ਲੋਕ ਵੀ ਜਿਹੜੇ ਕਿ ਇਨ੍ਹਾਂ ਦੋਹਾਂ ਦੀ ਗੁਫ਼ਤਗੂ ਦਾ ਮਜਾ ਲੈ ਰਹੇ ਸਨ , ਉਹ ਵੀ ਹੱਕੇ ਬੱਕੇ ਰਹਿ ਗਏ ਕਿ ਆਖਿਰ ਕਰ ਹੋਇਆ ਕੀ ਹੈ !
                            ਪੁਲਿਸ ਦੇ ਡਰੋਂ ਕੋਈ ਵੀ ਬ੍ਰਾਹਮਣਾਂ ਦੇ ਘਰ ਵੱਲ ਜਾਣ ਦਾ ਹੀਆ ਨਹੀਂ ਸੀ ਕਰ ਰਿਹਾ , ਹਰ ਕੋਈ ਅੱਖਾਂ ਹੀ ਅੱਖਾਂ ਜਾਂ ਇਸ਼ਾਰਿਆਂ ਅਤੇ ਸਵਾਲੀਆ ਨਜਰਾਂ ਨਾਲ ਇੱਕ ਦੂਜੇ ਨੂੰ ਦੇਖ ਰਿਹਾ ਸੀ |
                             ਇਤਨੇ ਨੂੰ ਦੋ ਪੁਲਿਸ ਵਾਲੇ ਤੇਜ ਪ੍ਰਕਾਸ਼ ਦੇ ਘਰੋਂ ਨਿਕਲ ਕੇ ਅਮਲੀ ਦੇ ਡੇਰੇ ਵੱਲ ਨੂੰ ਹੋ ਤੁਰੇ , ਤੇ ਆਉਂਦਿਆਂ ਹੀ ਬੋਲੇ , ਜਰਾ ਧਿਆਨ ਨਾਲ ਸਾਡੀ ਗੱਲ ਸੁਣੋ , ਤੇ ਫਿਰ ਜਵਾਬ ਦਿਓ |
                            ਕੀ ? ਤੁਹਾਡੇ ਵਿੱਚੋਂ ਕਿਸੇ ਨੇ ਗੋਲੀਆਂ ਚੱਲਣ ਦੀ ਅਵਾਜ ਜਾਂ ਇਸ ਪਾਸਿਉਂ ਕਿਸੇ ਨੂੰ ਆਉਂਦਾ ਜਾਂਦਾ ਦੇਖਿਆ ਹੈ , ਖਾਸ ਕਰਕੇ ਤੂੰ ਦੱਸ ਅਮਲੀਆ ਤੇਰਾ ਡੇਰਾ ਆ ਇਸ ਮੋੜ ਤੇ ਆ , ਤੇ ਇਥੋਂ ਹਰੇਕ ਉਸ ਆਦਮੀ ਜਾਂ ਕਰ ਚਾਲਕ ਨੂੰ ਪਿੰਡ ਆਉਣ ਵਾਸਤੇ ਤੇਰੇ ਡੇਰੇ ਦੇ ਨੇੜਿਉਂ ਹੀ ਗੁਜਰਨਾ ਪੈਂਦਾ ਹੈ , ਹੋਰ ਕੋਈ ਰਸਤਾ ਨਹੀਂ ਜਿਸ ਪਾਸਿਓਂ ਕੋਈ ਪਿੰਡ ਆਵੇ ਜਾਂ ਜਾਵੇ |
                            ਅਮਲੀ ਕਹਿਣ ਲੱਗਾ ਦੇਖੋ ਜਨਾਬ , ਮੈਂ ਆਉਂਦਾ ਜਾਣਾ ਤਾਂ ਨਹੀਂ ਦੇਖਿਆ ਕਿਸੇ ਨੂੰ , ਐਪਰ ਹਲਕੀਆਂ  ਹਲਕੀਆਂ ਕੜਾਕ ਕੜਾਕ ਦੀਆਂ ਅਵਾਜਾਂ ਜਰੂਰ ਸੁਣਾਈ ਦਿਤੀਆਂ ਸਨ ਮੈਨੂੰ , ਪਰ ਆਹ , ਦਰਸ਼ੂ ,  ਮੇਰਾ ਯਾਰ , ਕਹਿੰਦਾ ਕਿ ਇਸਨੂੰ ਕੁਝ ਨਹੀਂ ਸੁਣਿਆ ! ਭਲਾ ਇਹ ਕਿਵੇਂ ਹੋ ਸਕਦੇ ਕਿ ਇਸਨੇ ਕੋਈ ਅਵਾਜ ਨਾ ਸੁਣੀ ਹੋਵੇ |
                            ਦਰਸ਼ੂ ਥੋੜਾ ਘਬਰਾ ਜਿਹਾ ਗਿਆ , ਆਇਆ ਤਾਂ ਸੀ ਉਹ ਆਪਣਾ ਭੁਲੇਖਾ ਕੱਢਣ ਅਮਲੀ ਕੋਲੋਂ , ਕਿਉਂਕਿ ਫੌਜੀ ਰੰਗੀ ਵਰਦੀ ਵਿੱਚ ਕਿਸੇ ਸਾਏ ਦਾ ਝੌਲਾ ਜਿਹਾ ਉਸਨੂੰ ਉਸੇ ਵਕਤ ਹੀ ਪੈ ਗਿਆ ਸੀ , ਜੱਦ ਉਸਦੇ ਕੰਨਾਂ ਵਿੱਚ ਗੋਲੀ ਚੱਲਣ ਦੀ ਅਵਾਜ ਆਈ ਸੀ ਤਾਂ ਉਭੜਵਾਹੇ ਉਠ ਕੇ ਅੱਖਾਂ ਮਲਦਾ ਮਲਦਾ ਜਦੋਂ ਬਾਹਰ ਨਿਕਲਿਆ ਤਾਂ ਉਸਨੂੰ ਕਾਹਲੀ ਕਾਹਲੀ ਵਿੱਚ ਭੱਜੇ ਜਾਂਦੇ ਕਿਸੇ ਆਦਮੀ ਦਾ ਝੌਲਾ ਜਿਹਾ ਉਸੇ ਵਕਤ ਹੀ ਦਰਸ਼ੂ ਨੂੰ ਪੈ ਗਿਆ ਸੀ ,  ਕੱਦ ਕਾਠ ਤੋਂ ਉਸਨੂੰ ਲੱਗਿਆ ਵੀ ਸੀ ਕਿ ਇਹ ਬ੍ਰਾਹਮਣਾ ਦਾ ਮੁੰਡਾ ਟੋਡੀ ਹੋ ਸਕਦੇ , ਪਰ ਉਹ ਤਾਂ ਕਦੇ ਪਿੰਡ ਆਉਂਦਾ ਜਾਂਦਾ ਹੀ ਨਹੀਂ ਸੀ           
                           ਪੁਲਿਸ ਕੋਲ ਗਵਾਹੀ ਦੇਣ ਦੇ ਡਰੋਂ ਉਹ ਸਾਰਾ ਕੁਝ ਦਿਲ ਵਿੱਚ ਸਮੋਈ , ਅਮਲੀ ਕੋਲ ਭੁਲੇਖਾ ਕੱਢਣ ਵਾਸਤੇ ਹੀ ਤਾਂ ਗਿਆ ਸੀ |  

                           ਪੁਲਿਸ ਦੇ ਆ ਜਾਣ ਕਰਕੇ ਦਰਸ਼ੂ ਥਰਥਰਾਉਣ ਲੱਗ ਪਿਆ , ਕਿਉਂਕਿ ਉਹ ਜਾਣਦਾ ਸੀ ਕਿ ਮੁਸ਼ਕਿਲ ਵਿੱਚ ਉਹ ਇਨਸਾਨ ਹੀ ਪੈਂਦਾ ਹੈ , ਜੋ ਸਰਕਾਰੀ ਗਵਾਹ ਖਾਸ ਕਰਕੇ ਪੁਲਿਸ ਸਾਹਮਣੇ ਚਸ਼ਮਦੀਨ ਗਵਾਹ ਬਣਨ ਦੀ ਕੋਸ਼ਿਸ਼ ਕਰੇ | ਜਿਵੇਂ ਕਿ ਪੁਲਿਸ ਕੋਲ ਜਵਾਬ ਦੇਹ ਹੋਣਾ , ਇਹ ਕਿਵੇਂ ਹੋਇਆ , ਉਸ ਵਕਤ ਤੂੰ ਕਿਥੇ ਸੀ , ਤੂੰ ਕਿਸੇ ਨੂੰ ਭੱਜੇ ਜਾਂਦੇ ਦੇਖਿਆ ਆਦਿ ਆਦਿ ਕਈ ਸਵਾਲ ਹੁੰਦੇ ਹਨ ਜੋ ਬੰਦੇ ਨੂੰ ਹਰਾਸ਼ਮੈਂਟ ਕਰਨ ਵਾਸਤੇ ਕਾਫੀ ਹੁੰਦੇ ਹਨ |
                           ਪੁਲਿਸ ਵਾਲਾ ਥੋੜਾ ਤੈਸ਼ ਵਿੱਚ ਆ ਕੇ ਕਹਿਣ ਲੱਗਾ , ਦੇਖੋ  ਮੈਂ ਤੁਹਾਨੂੰ ਪਿਆਰ ਨਾਲ ਫਿਰ ਇੱਕ ਵਾਰੀ ਪੁੱਛਦਾ ਹਾਂ , ਜੇਕਰ ਦੱਸ ਦਿਉਗੇ ਤਾਂ ਵਧੀਆ ਰਹੇਗਾ , ਵਰਨਾ ਪੁਲਿਸ ਮਹਿਕਮੇ ਨੂੰ ਤੁਸੀਂ ਸਾਰੇ ਜਣੇ ਬਾਖੂਬੀ ਸਮਝਦੇ ਹੋ ? ਕਿ ਬਾਅਦ ਵਿੱਚ ਕੀ ਭਾਅ ਵਿਕਦੀ ਹੈ |
                           ਦਰਸ਼ੂ ਥੋੜਾ ਠੰਢਾ ਪੈਂਦਾ ਹੋਇਆ ਬੋਲਿਆ , ਦੇਖੋ ਜਨਾਬ ! ਮੈਂ ਤਾਂ ਘੂਕ ਸੁੱਤਾ ਪਿਆ ਸਾਂ , ਪਰ ਜੱਦ ਮੈਂ ਗੋਲੀਆਂ ਚੱਲਣ ਦੀ ਅਵਾਜ ਸੁਣੀ , ਤਾਂ ਮੈਂ ਇੱਕਦੱਮ ਘਬਰਾ ਕੇ ਅੱਖਾਂ ਮਲਦਾ ਮਲਦਾ ਬਾਹਰ ਨਿਕਲਿਆ | ਤੜਕੇ ਵਾਲੇ ਵੇਲੇ ਦੇ  ਘੁਸਮੁਸੇ ਜਿਹੇ ਵਿੱਚ ਮੈਨੂੰ ਕਿਸੇ ਆਦਮ ਕੱਦ ਜਿਹੇ ਬੰਦੇ ਦਾ ਝੌਲਾ ਜਿਹਾ ਪਿਆ ਪਰ ਮੈਂ ਚੰਗੀ ਤਰਾਂ ਪਹਿਚਾਣ ਨਹੀਂ ਸਾਂ ਸਕਿਆ , ਪਰ ਚਾਲ ਢਾਲ ਅਤੇ ਕੱਦ ਕਾਠ ਦੇ ਹਿਸਾਬ ਨਾਲ ਮੈਨੂੰ ਸਾਡਾ ਗੁਆਂਢੀ ਟੋਡੀ ਲੱਗਦਾ ਸੀ | ਪਰ ਸਵਾਲ ਇਹ ਵੀ ਹੈ ਜਨਾਬ ਕਿ ਉਹ ਤਾਂ ਪਿਛਲੇ ਚਾਰ ਪੰਜ ਸਾਲਾਂ ਤੋਂ ਆਪਣੇ ਤਾਏ ਦੇ ਲੜਕਿਆਂ ਤੋਂ ਡਰਦਾ ਮਾਰਾ ਕਦੇ ਪਿੰਡ ਵੜਿਆ ਹੀ ਨਹੀਂ , ਫਿਰ ਉਹ ਕਿਵੇਂ ਹੋ ਸਕਦੇ ??  ਦਰਸ਼ੂ ਨੇ ਆਪਣੇ ਆਪ ਨੂੰ ਆਪ ਹੀ ਸਵਾਲ ਕੀਤਾ
                         ਪੁਲਿਸ ਵਾਲੇ ਬੜੇ ਧਿਆਨ ਨਾਲ ਦਰਸ਼ੂ ਦੀਆਂ ਦਲੀਲਾਂ ਅਤੇ ਜਵਾਬ ਸੁਣਦੇ ਰਹੇ , ਆਖਿਰਕਾਰ ਉਹ ਬੋਲੇ ਦੇਖ ਮਖਾਂ ਦਰਸ਼ੂ ਤੇਰੀਆਂ ਗੱਲਾਂ ਗ਼ੌਰ ਕਰਨ ਵਾਲੀਆਂ ਨੇ ,  ਸੱਤ ਕਤਲ ਹੋ ਗਏ ਨੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ !! ਨਾਲੇ ਦੋਹਾਂ ਸ਼ਰੀਕਾਂ ਦੀ ਪੁਰਾਣੀ ਦੁਸ਼ਮਣੀ ਚੱਲਦੀ ਆ ਰਹੀ ਹੈ , ਹੋਰ ਕੋਈ ਦੁਸ਼ਮਣ ਨਜਰ ਨਹੀਂ ਆਉਂਦਾ | ਸਬੂਤ ਕੋਈ ਮਿਲ ਨਹੀਂ ਰਿਹਾ , ਪੁਲਿਸ ਵਾਲੇ ਆਪਸ ਵਿੱਚ ਬੜਬੜਾਉਂਦੇ ਹੋਏ ਦਰਸ਼ੂ ਅਤੇ ਅਮਲੀ ਨੂੰ ਬਿਨਾਂ ਕੁਝ ਹੋਰ ਕਹੇ ਤੇਜ ਪ੍ਰਕਾਸ਼
 ਦੇ ਘਰ ਵੱਲ ਨੂੰ ਹੋ ਤੁਰੇ |
                           ਦਿਨ ਚੜਦੇ ਤੱਕ ਸਾਰੇ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਤੇਜ ਪ੍ਰਕਾਸ਼ ਦੇ ਵੱਡੇ ਭਰਾ ਓਮ ਪ੍ਰਕਾਸ਼ ਦੇ ਸਾਰੇ ਜੀਆਂ ਦਾ ਕਤਲ ਹੋ ਗਿਆ ਹੈ ਸਿਵਾਏ ਨੰਨ੍ਹੇ ਮੁਨੇ ਛੇ ਮਹੀਨਿਆਂ ਦੇ ਜਵਾਕ ਤੋਂ , ਉਹ ਵੀ ਸ਼ਾਇਦ ਰਜਾਈ ਦੇ ਵਿੱਚ ਸੁਤਾ ਹੋਣ ਕਰਕੇ ਕਤਲ ਕਰਨ ਵਾਲੇ ਨੂੰ ਪਤਾ ਨਹੀਂ ਲੱਗਾ ਹੋਂਣਾ , ਵਰਨਾ ਕਾਤਿਲ ਆਪਣੇ ਵਲੋਂ ਪ੍ਰੀਵਾਰ ਦਾ ਬੀਜਨਾਸ਼ ਕਰ ਕੇ ਰੂਪੋਸ਼ ਹੋ ਗਿਆ ਸੀ | ਗੱਲ ਕੀ ਜਿੰਨੇ ਮੂੰਹ ਉਤਨੀਆਂ ਹੀ ਦੰਦ ਕਥਾਵਾਂ , ਹਰ ਕੋਈ ਕਹੀ ਜਾਵੇ ਚੰਗਾ ਹੋਇਆ , ਇਹ ਪ੍ਰੀਵਾਰ ਛੋਟੇ ਭਰਾ ਦੇ ਚਾਰ ਜੀਆਂ ਦਾ ਕਤਲ ਕਰਕੇ ਵੀ ਉਨ੍ਹਾਂ ਨੂੰ ਸਾਹ ਤੱਕ ਨਹੀਂ ਸੀ ਲੈਣ ਦਿੰਦਾ , ਹੁਣ ਪਤਾ ਲੱਗਾ , ਅਗਲਾ ਰਾਤੋ ਰਾਤ ਆਇਆ ,ਬਦਲਾ ਲੈ ਕੇ ਔਹ ਗਿਆ |
                             ਇੱਕ ਪਾਸੇ ਪਿੰਡ ਵਾਲੇ ਅੰਦਾਜੇ ਲਈ ਜਾਣ ਕਿ ਆਖਿਰਕਾਰ ਕਾਤਿਲ ਕੌਣ ਹੋ ਸਕਦਾ ਹੈ , ਤੇ ਦੂਜੇ ਪਾਸੇ ਪੁਲਿਸ ਦੇ ਅਫਸਰ ਮੱਥਾ ਮਾਰ ਰਹੇ ਸਨ ਕਿ ਕਾਤਿਲ ਦਾ ਕੋਈ ਵੀ ਸਬੂਤ ਕਿਉਂ ਨਹੀਂ ਮਿਲ ਰਿਹਾ | ਕਿਸੇ ਸਿੱਟੇ ਤੇ ਪਹੁੰਚਣ ਵਾਸਤੇ ਪੁਲਿਸ ਨੇ ਆਪਣੇ ਕੁਝ ਜਵਾਨਾਂ ਨੂੰ ਫੌਜ ਦੀ ਉਸ ਛਾਉਣੀ ਵੀ ਇਤਲਾਹ ਦੇਣ ਅਤੇ ਭੇਤ ਲੈਣ ਲਈ ਭੇਜਿਆ , ਜਿਸ ਜਗਾਹ ਟੋਡੀ ਦੀ ਡਿਊਟੀ ਸੀ | ਕਿਉਂਕਿ ਦਰਸ਼ੂ ਦੀਆਂ ਕਹੀਆਂ ਹੋਈਆਂ ਗੱਲਾਂ ਵਿੱਚੋਂ ਪੁਲਿਸ ਨੂੰ ਇਸ ਗੱਲ ਦੀ ਬੂ ਆ ਰਹੀ ਸੀ ਕਿ ਹੋ ਸਕਦੇ ਪੁਰਾਣੀ ਦੁਸ਼ਮਣੀ ਦੀ ਕਿੜ ਕੱਢਣ ਵਾਸਤੇ ਹੀ ਇਹ ਕਤਲ ਟੋਡੀ! ਨੇ ਸਰਕਾਰੀ ਰਾਈਫਲ ਨਾਲ ਕੀਤੇ ਹੋਣ |
                           ਮੌਕੇ ਤੋਂ ਮਿਲੇ ਗੋਲੀਆਂ ਦੇ ਖਾਲੀ ਰੌਂਦ ਇਸ ਗੱਲ ਦੀ ਸਾਫ ਗਵਾਹੀ ਭਰ ਰਹੇ ਸਨ ਕਿ ਰੌਂਦ ਆਟੋਮੈਟਿਕ ਲੋਡ ਰਾਈਫਲ ਦੇ ਹੀ ਹੋ ਸਕਦੇ ਹਨ , ਕਿਉਂਕਿ ਇਹ ਰਾਈਫਲ ਆਮ ਆਦਮੀ ਕੋਲ ਨਹੀਂ ਹੋ ਸਕਦੀ , ਸੋ ਇਸ ਕਰਕੇ ਸ਼ੱਕ ਦੀ ਸੂਈ ਸਿੱਧੀ ਟੋਡੀ ਵੱਲ ਜਾ ਰਹੀ ਸੀ , ਪਰ ਪੁਲਿਸ ਵਾਸਤੇ ਮੁਸ਼ਕਿਲ ਇਸ ਗੱਲ ਦੀ ਸੀ ਕਿ ਟੋਡੀ ਰਾਤੋ ਰਾਤ ਬਿਨਾਂ ਉੱਚ ਅਫਸਰਾਂ ਨੂੰ ਦੱਸੇ ਸ਼ਾਉਣੀ ਵਿੱਚੋਂ ਨਿਕਲ ਕਿਵੇਂ ਸਕਦਾ ਸੀ |
                         ਪੁਲਿਸ ਦੇ ਜਿਹੜੇ ਜਵਾਨ ਟੋਡੀ ਦਾ ਪਤਾ ਕਰਨ ਉਸ ਦੀ ਡਿਊਟੀ ਵਾਲੀ ਜਗਾਹ ਗਏ ਸਨ ਉਹ ਬੇਰੰਗ ਮੁੜ ਆਏ , ਉਸਦੇ ਡਿਊਟੀ ਅਫਸਰਾਂ ਨੇ ਦੱਸਿਆ ਕਿ ਉਹ ਸਾਡੇ ਰਿਕਾਰਡ ਦੇ ਮੁਤਾਬਿਕ ਇਥੋਂ ਬਾਹਰ ਨਹੀਂ ਗਿਆ , ਬੀਤੇ ਕੱਲ ਦੀ ਸ਼ਾਮ ਅਤੇ ਅੱਜ ਦੀ ਸਵੇਰ ਵੇਲੇ ਦੀ ਯੂਨਿਟ ਦੀ ਹਾਜਰੀ ਲੱਗਣ ਮੌਕੇ ਉਹ ਸਾਡੇ ਕੋਲ ਹਾਜਿਰ ਸੀ  | ਸੋ ਪੁਲਿਸ ਵਾਸਤੇ ਵੱਡਾ ਸਵਾਲ ਇਹ ਸੀ ਕਿ ਜੇਕਰ ਟੋਡੀ ਫੌਜ ਦੇ ਰਿਕਾਰਡ ਮੁਤਾਬਿਕ ਬਾਹਰ ਨਹੀਂ ਗਿਆ ਤਾਂ ਆਖਿਰਕਾਰ ਮਰਨ ਵਾਲਿਆਂ ਦਾ ਟੋਡੀ ਦੇ ਪ੍ਰੀਵਾਰ ਤੋਂ ਬਿਨਾਂ ਹੋਰ ਕਿਹੜਾ ਦੁਸ਼ਮਣ ਹੋ ਸਕਦਾ ਸੀ ???
                         ਦਿਨ ਦੇ ਬਾਰਾਂ ਵਜੇ ਦੇ ਕਰੀਬ ਪਿੰਡ ਦਾ ਸਰਪੰਚ  ਥੋੜਾ ਹੌਸਲਾ ਜਿਹਾ ਕਰਕੇ ਆਪਣੇ ਸਾਥੀ ਪੰਚਾਂ ਦੇ ਨਾਲ ਤੇਜ ਪ੍ਰਕਾਸ਼ ਦੇ ਬਾਹਰਲੇ ਦਰਵਾਜੇ ਕੋਲ ਜਾ ਪਹੁੰਚਿਆ, ਜਿੱਥੇ ਪਿੰਡ ਦੇ ਨਾਲ ਲੱਗਦੀ ਪੁਲਿਸ ਚੌਕੀ ਦਾ ਇੰਚਾਰਜ ਸੁਖਦੇਵ ਸਿੰਘ ਆਪਣੇ ਸਿਪਾਹੀਆਂ ਦੇ ਨਾਲ ਖੜਾ ਆਪਣੇ ਤੋਂ ਸੀਨੀਅਰ ਅਫਸਰਾਂ ਦੇ ਆਉਣ ਦੀ ਉਡੀਕ ਕਰ ਰਿਹਾ ਸੀ |
                        ਚੌਕੀ ਇੰਚਾਰਜ ਸੁਖਦੇਵ ਸਿੰਘ ਵਾਸਤੇ ਕਤਲ ਦਾ ਕੇਸ ਵਾਕਿਆ ਹੀ ਪੇਚੀਦਾ ਹੁੰਦਾ ਜਾ ਰਿਹਾ ਸੀ , ਦੁਪਹਿਰ ਤੱਕ ਸਿਰ ਖਪਾਈ ਕਰਨ ਦੇ ਬਾਵਜੂਦ ਵੀ ਉਸਦੇ ਹੱਥ ਕੋਈ ਵੀ ਸਬੂਤ ਨਹੀਂ ਸੀ ਲੱਗ ਰਿਹਾ |
                        ਸਾਸਰੀ ਅਕਾਲ ! ਥਾਣੇਦਾਰ ਸਾਹਿਬ ਜੀ ! ਬੰਤੇ ਸਰਪੰਚ ਦੀ ਅਵਾਜ ਸੁਣ ਕੇ ਥਾਣੇਦਾਰ ਨੇ ਆਪਣਾ ਚਿਹਰਾ ਘੁਮਾਇਆ ਅਤੇ ਕਿਹਾ , ਆਉ , ਸਰਪੰਚ ਸਾਹਿਬ ਕੀ ਗੱਲ ? ਬੜੇ ਲੇਟ ਆਏ ਜੇ !
                        ਆਹ ਦੇਖ ਲਓ ਤੁਸੀਂ , ਕੀ ਭਾਣਾ ਵਰਤ ਗਿਆ ਆ ਤੁਹਾਡੇ ਪਿੰਡ ਵਿੱਚ , ਰਾਤੋ ਰਾਤ ਸੱਤ ਕਤਲ ਹੋ ਗਏ ਆ , ਪਰ ਕਾਤਲ ਨੇ ਆਪਣਾ ਸਬੂਤ ਕੋਈ ਨਹੀਂ ਛਡਿਆ ਜਿਸ ਨਾਲ ਪਤਾ ਲੱਗ ਸਕੇ ਕਿ ਕਤਲ ਕਿਸਨੇ ਅਤੇ ਕਿਵੇਂ ਕੀਤੇ ਨੇ , ਸਿਰਫ ਗੋਲੀਆਂ ਦੇ ਨਿਸ਼ਾਨ ਨਜਰ ਆ ਰਹੇ ਹਨ |
                        ਕੋਈ ਗੁਆਂਢੀ ਨਹੀਂ ਜਾਗਿਆ ਨਾ ਹੀ ਕੋਈ ਗਵਾਹ ਬਣ ਰਿਹਾ ਹੈ ,ਥਾਣੇਦਾਰ ਇੱਕੋ ਸਾਹੇ ਕਈ ਸਵਾਲ ਪਿੰਡ ਦੇ ਸਰਪੰਚ ਬੰਤੇ ਨੂੰ ਕਰ ਗਿਆ ! ਸਿਵਾਏ ਕਲਪਣ ਦੇ , ਥਾਣੇਦਾਰ ਕਰ ਵੀ ਕੀ ਸਕਦਾ ਸੀ , ਇਹ ਗੱਲ ਸਰਪੰਚ ਵੀ ਸਮਝ ਰਿਹਾ ਸੀ | ਪਰ ਹੱਥ ਵੱਸ ਤਾਂ ਸਰਪੰਚ ਦੇ ਵੀ ਕੁਝ ਨਹੀਂ ਸੀ |
                         ਸਰਪੰਚ ਬੰਤਾ ਸਿੰਹੁ ਅਤੇ ਥਾਣੇਦਾਰ ਸੁਖਦੇਵ ਸਿੰਘ ਅਜੇ ਆਪਸ ਵਿੱਚ ਗੱਲਾਂ ਕਰ ਹੀ ਰਹੇ ਸਨ ਕਿ ਪੁਲਿਸ ਦੇ ਉੱਚ ਅਫਸਰਾਂ ਦੀ ਟੀਮ ਆ ਪਹੁੰਚੀ , ਉੱਚ ਅਫਸਰਾ ਨੂੰ ਦੇਖ ਥਾਣੇਦਾਰ ਨੇ ਸਾਵਧਾਨ ਹੁੰਦੇ ਹੋਏ ਉਨ੍ਹਾਂ ਨੂੰ ਸਲੂਟ ਮਾਰਿਆ ਅਤੇ ਚਾਹ ਪਾਣੀ ਆਦਿ ਦਾ ਪੁੱਛਿਆ |
                        ਫਿਗਰ ਪ੍ਰਿੰਟ ਲੈਣ ਵਾਲੀ ਪੁਲਸ ਟੁਕੜੀ ਵੀ ਬਹੁਤ ਕੁਝ ਹਾਸਿਲ ਨਾ ਕਰ ਸਕੀ | ਪੁਲਿਸ ਦੇ ਹਿਸਾਬ ਨਾਲ ਕਾਤਿਲ ਇਤਨਾ ਚੁਸਤ ਅਤੇ ਚਲਾਕ ਸੀ ਕਿ ਉਸਨੇ ਕਿਧਰੇ ਵੀ ਕੋਈ ਅਜਿਹਾ ਸਬੂਤ ਨਹੀਂ ਸੀ ਛਡਿਆ ਜਿਸ ਨਾਲ ਪੁਲਿਸ ਉਸਦਾ ਸੁਰਾਗ ਲਾ ਸਕੇ |
                          ਬਾਹਰੋਂ ਆਏ ਪੁਲਿਸ ਅਫਸਰਾਂ ਵਿੱਚੋਂ ਕਿਸੇ ਵੱਡੇ ਅਫਸਰ ਨੇ ਥਾਣੇਦਾਰ ਸੁਖਦੇਵ ਨੂੰ ਥੋੜ੍ਹੇ ਨਿਮਰਤਾ ਸਾਹਿਤ ਕਿਹਾ ਦੇਖ ਥਾਣੇਦਾਰਾ ! ਅਜੇ ਤੱਕ , ਸਾਡੇ , ਕੁਝ ਵੀ , ਪਿੜ ਪੱਲੇ ਨਹੀਂ ਪਿਆ , ਸੱਤ ਕਤਲ ਹੋਏ ਹੋਣ , ਸਬੂਤ ਸਾਨੂੰ ਲੱਭੇ ਨਾ , ਬਹੁਤ ਮਾੜੀ ਗੱਲ ਹੈ !
                           ਹਾਂਜੀ ਗੱਲ ਤੁਹਾਡੀ ਬਿੱਲਕੁੱਲ ਠੀਕ ਹੈ ਜਨਾਬ , ਪਰ ਕਰੀਏ ਕੀ ? ਕੋਈ ਵੀ ਗੁਆਂਢੀ ਗਵਾਹੀ ਦੇਣ ਨੂੰ ਤਿਆਰ ਨਹੀਂ ਹੋ ਰਿਹਾ , ਪਿੰਡ ਦੀ ਫਿਰਨੀ ਵਾਲਾ ਉਹ ਬਾਹਰਲਾ ਅਮਲੀ ਚੀਕ ਚੀਕ ਕਹੀ ਜਾਂਦਾ ਆ ਕਿ ਉਸਨੇ ਤੜਾਕ ਤੜਾਕ ਦੀਆਂ ਕਈ ਅਵਾਜਾਂ ਸੁਣੀਆਂ ਨੇ , ਪਰ ਆਹ ਦਰਸ਼ੂ ਜਮਾਂ ਹੀ  ਬ੍ਰਾਹਮਣਾਂ ਦਾ ਗੁਆਂਢੀ ਆ , ਸਾਲਾ ਮੰਨਦਾ ਹੀ ਨਹੀਂ , ਉੱਪਰੋਂ ਕਹੀ ਜਾਂਦੇ , ਅਖੇ ਮੈਂ ਬਾਹਰ ਤਾਂ ਨਿਕਲਿਆ ਸੀ , ਸਿਰਫ ਝੌਲਾ ਜਿਹਾ ਪਿਆ ਕਿ ਹੋ ਸਕਦੇ ਟੋਡੀ ਹੋਵੇ , ਪਰ ਯਕੀਨ ਨਾਲ ਨਹੀਂ ਕਹਿ ਸਕਦਾ |
                         ਨਾਲੇ ਜਨਾਬ ਟੋਡੀ ਦੇ ਅਫਸਰਾਂ ਮੁਤਾਬਿਕ ਉਹ ਰਾਤ ਦੀ ਡਿਊਟੀ ਤੇ ਤਾਇਨਾਤ ਸੀ ਅਤੇ ਸਾਡੇ ਵਲੋਂ ਭੇਜੀ ਗਈ ਪੁਲਿਸ ਦੀ ਟੁਕੜੀ ਨੂੰ ਉਨ੍ਹਾਂ ਨੇ ਦਸਿਆ ਹੈ ਕਿ ਪੜਤਾਲ ਦੌਰਾਨ ਉਹ ਗੈਰ ਹਾਜਿਰ ਵੀ ਨਹੀਂ ਪਾਇਆ ਗਿਆ ! ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਟੋਡੀ ਪਿੰਡ ਨਹੀਂ ਆਇਆ ਤਾਂ ਹੋਰ ਕਿਹੜਾ ਦੁਸ਼ਮਣ ਇਸ ਪ੍ਰੀਵਾਰ ਦਾ ਹੋ ਸਕਦਾ ਹੈ ? ਜਿਸਨੇ ਇਨ੍ਹਾਂ ਕਤਲਾਂ ਨੂੰ ਅੰਜਾਮ ਦਿੱਤਾ ਹੋਵੇ ?
                       ਗੱਲ ਤੇਰੀ ਠੀਕ ਹੈ ਥਾਣੇਦਾਰਾ , ਪਰ ਚੁੱਪ ਕਰਕੇ ਬਹਿਣਾ ਵੀ ਤਾਂ ਨਹੀਂ ਬਣਦਾ !
                      ਠੀਕ ਹੈ ਜਨਾਬ , ਏਦਾਂ  ਕਰਦੇ ਹਾਂ ਕਿ ਟੋਡੀ ਦੀ ਭੈਣ ਦੇ ਪਿੰਡ ਜਾ ਕੇ ਵੀ ਉਸਦੇ ਸਹੁਰਿਆਂ ਕੋਲੋਂ ਵੀ ਪੁੱਛ ਆਈਏ ! ਜੇਕਰ ਤੁਹਾਡੀ ਆਗਿਆ ਹੋਵੇ ਤਾਂ ?
                       ਉੱਚ ਅਫਸਰ ਨੂੰ ਥਾਣੇਦਾਰ ਸੁਖਦੇਵ ਸਿੰਘ ਦਾ ਸੁਝਾਉ ਠੀਕ ਲੱਗਾ , ਉਹ ਕਹਿਣ ਲੱਗਾ , ਇਸ ਤਰਾਂ ਕਰੋ ਕਿ ਚਾਰ ਸਿਪਾਹੀ ਇੱਕ ਏ ਐਸ ਆਈ ਦੇ ਨਾਲ ਭੇਜ ਦਿਓ , ਫਿਰ ਦੇਖਦੇ ਹਾਂ ਕਿ ਕੀ ਹੁੰਦਾ ਹੈ |
                        ਹੁਕਮ ਮਿਲਦੇ ਹੀ ਸੁਖਦੇਵ ਸਿਹੁੰ ਨੇ ਪਿੰਡ ਬੱਲੋਚੱਕ ਨੂੰ ਪੁਲਿਸ ਟੁਕੜੀ ਭੇਜ ਦਿਤੀ ਤੇ ਆਪ ਪੁਲਿਸ ਅਫਸਰਾਂ ਦੇ ਖਾਣ ਪੀਣ ਦਾ ਇੰਤਜਾਮ ਕਰਨ ਵਾਸਤੇ ਸਰਪੰਚ ਦੇ ਨਾਲ ਉਸਦੇ ਘਰ ਨੂੰ ਤੁਰ ਪਿਆ |
                         ਦੋ ਦਿਨ ਹੋਰ ਬੀਤ ਗਏ , ਬਾਹਰੋਂ ਆਏ ਪੁਲਿਸ ਅਫਸਰਾਂ ਅਤੇ ਥਾਣੇ ਦੀ ਪੁਲਿਸ ਨੇ ਬਥੇਰੇ ਅਕਲ ਦੇ ਘੋੜੇ ਦੌੜਾਏ , ਪਰ ਕਾਤਿਲ ਦੇ ਸ਼ੱਕੀ ਨਾਮ ਦਾ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਕੋਈ ਵੀ ਪੱਕਾ ਸੁਰਾਗ ਅਜੇ ਤੱਕ ਹੱਥ ਨਹੀਂ ਸੀ  ਲੱਗਾ |
                         ਉਧਰ ਦੂਜੇ ਪਾਸੇ , ਪਿੰਡ ਦੇ ਸਰਪੰਚ ਦੀ , ਪੁਲਿਸ ਨੂੰ ਰੋਟੀਆਂ ਖੁਆ ਖੁਆ ਕੇ ਮੱਤ ਮਾਰੀ ਗਈ , ਪਰ ਉਹ ਕੁਝ ਬੋਲ ਵੀ , ਤਾਂ , ਨਹੀਂ ਸੀ ਸਕਦਾ , ਉਸਦੀ ਘਰ ਵਾਲੀ ਕਹਿਣ ਲੱਗੀ , ਦੇਖ ਮੇਰੇ ਸਾਈਆਂ ! ਜੇਕਰ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਮੈਂ ਪੇਕੇ ਚਲੇ ਜਾਣਾ ਹੈ , ਮੇਰੇ ਕੋਲੋਂ ਇਨ੍ਹਾਂ ਵਿਹਲੜਾਂ ਦੇ ਢਿੱਡ ਨਹੀਂ ਭਰ ਹੁੰਦੇ |
                       ਚੱਲ ਕੋਈ ਨਾ , ਦੋ ਚਾਰ ਦਿਨ ਦੀ ਗੱਲ ਆ , ਇਨ੍ਹਾਂ ਕਿਹੜਾ ਇਥੇ ਬੈਠੇ ਰਹਿਣੇ , ਸਰਪੰਚ ਆਪਣੀ ,ਘਰ ਵਾਲੀ ਨੂੰ ਸਮਝਾਉਣ ਦੇ ਇਰਾਦੇ ਨਾਲ ਬੋਲਿਆ |
                       ਠੀਕ ਆ ਠੀਕ ਆ , ਜੇਕਰ ਤੈਨੂੰ ਇਨ੍ਹਾਂ ਪੁਲਸੀਆਂ ਦਾ ਇਤਨਾ ਹੀ ਹੇਜ ਆ , ਤਾਂ , ਤੂੰ,  ਖੁਦ ਆਪ , ਚਾਹ ਪਾਣੀ ਪਿਆ ਦਿਆ ਕਰ , ਜੇਕਰ ਤੂੰ ਮੇਰੇ ਗੱਲ ਨਹੀਂ ਮੰਨਣੀ ਤਾਂ ਮੈਂ ਚੱਲਦੀ ਆਂ ਪੇਕੇ , ਫਿਰ ਤੂੰ ਆਪੇ ਕਰ ਲਵੀਂ ਰੋਟੀ ਟੁੱਕੜ  |
                       ਇਧਰ ਸਰਪੰਚ ਦੀ ਲਾਹ ਪਾਹ ਸਰਪੰਚਣੀ ਕਰੀ ਜਾਵੇ ਤੇ ਉਧਰ ਪੁਲਿਸ ਵਾਲੇ ਲੱਗ ਪਏ ਅਵਾਜਾਂ ਮਾਰਨ , ਉ ? ਸਰਪੰਚਾਂ ਕਿੱਧਰ ਮਰ ਗਿਆ ਏਂ , ਲਿਆ ਚਾਅ ਦੇ ਦੋ ਕੱਪ ਬਣਾ ਕੇ ! ਵੱਡੇ ਸਾਅਬ ਆਏ ਨੇ , ਤਫ਼ਸ਼ੀਸ਼ ਵਾਸਤੇ |
                      ਆਇਆ ,ਆਇਆ ਜਨਾਬ ਬੱਸ , ਦੋ ਮਿੰਟ ਵੇਟ ਕਰੋ , ਚਾਹ ਲੈ ਕੇ ਆ ਰਿਹਾਂ , ਆ ਜਰਾ ! ਅੱਗ ਨਹੀਂ ਸੀ ਬਲ ਰਹੀ , ਸਾਲਾ ਬਾਲਣ ਵੀ ਗਿੱਲਾ ਹੋਇਆ ਪਿਆ ਆ |
                       ਸਰਪੰਚ ਕੋਲੋਂ ਚਾਹ ਦਾ ਕੱਪ ਫੜਦਾ ਹੋਇਆ ਥਾਣੇਦਾਰ ਬੋਲਿਆ , ਯਾਰ ਸਰਪੰਚਾਂ ਜਰਾ ਸੋਚ ਕੇ ਦੱਸ , ਕਿ ,  ਬ੍ਰਾਹਮਣਾਂ ਦੇ ਦੋਹਾਂ ਪ੍ਰੀਵਾਰਾਂ ਦੀ ਆਪਸ ਚ ਦੁਸ਼ਮਣੀ ਕਿਉਂ ਹੈ  , ਆਪਸੀ ਕਤਲ ਕਿਉਂ ਹੋ ਰਹੇ ਹਨ , ਪਹਿਲਾਂ ਟੋਡੀ ਦੇ ਪ੍ਰੀਵਾਰ ਦੇ ਜੀਆਂ ਦਾ ਕਤਲ ਤੇ ਆ ਹੁਣ ਉਸਦੇ ਤਾਏ ਦੇ ਜੀਆਂ ਦਾ ਸਰਵਨਾਸ਼ , ਗੱਲ ਆਖਿਰਕਾਰ ਹੈ ਕੀ ?
                        ਦੇਖੋ ਥਾਣੇਦਾਰ ਸਾਹਿਬ ਜੀ ! ਗੱਲ ਇਸ ਤਰਾਂ ਹੈ ਕਿ ਜਦ ਟੋਡੀ ਦੀ ਮਾ ਸ਼ਾਂਤੀ ਦੇਵੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ , ਆਂਡੀਆਂ ਗੁਆਂਢੀਆਂ ਦੇ ਦੱਸਣ ਮੁਤਾਬਿਕ , ਸ਼ਾਂਤੀ ਦੇਵੀ ਤੇ ਟੋਡੀ ਦੇ ਤਾਏ ਦੀ ਨਜਰ ਠਹਿਰ ਗਈ ਸੀ ,  ਜੋ ਅਸੀਂ ਸੁਣਿਆ ਹੋਇਆ ਹੈ !
                        ਸਰਪੰਚ ਦੇ ਮੂੰਹੋਂ ਇਹ ਸੁਣ ਕੇ ਥਾਣੇਦਾਰ ਸੁਖਦੇਵ ਸਿਉਂ ਦੀਆਂ ਵਾਸ਼ਾਂ ਖਿੜ ਉਠੀਆਂ , ਉਸਨੂੰ ਕਤਲ ਦਾ ਜਿਵੇਂ ਕਾਲਪਨਿੱਕ ਤੌਰ ਤੇ ਸੁਰਾਗ ਜਿਹਾ ਮਿਲ ਗਿਆ ਸੀ |
                        ਅਚਾਨਕ ਮੂੰਹੋਂ ਨਿਕਲੀ ਗੱਲ ਨੂੰ ਸਰਪੰਚ ਵੀ ਸਮਝ ਚੁੱਕਾ ਸੀ ਕਿ ਵਈ ਹੁਣ ਗੁਆਹ ਜਰੂਰ ਬਣਨਾ ਪਊ , ਤੇ ਗੁਆਹ ਵੀ ਪੁਲਿਸ ਦਾ ਕਿਸੇ ਮਾੜੇ ਮੋਟੇ ਬੰਦੇ ਦਾ ਨਹੀਂ
| ਉਹ ਸੋਚੀਂ ਪੈ ਗਿਆ ਕਿ ਹੁਣ ਕਰੇ ਤੇ ਕੀ ਨਾ ਕਰੇ !
                        ਥਾਣੇਦਾਰ ਨੇ ਸਰਪੰਚ ਦੀ ਦੱਸੀ ਹੋਈ ਗੱਲ ਨੂੰ ਥੋੜਾ ਬਹੁਤ ਹੋਰ ਵਧਾ ਘਟਾ ਕੇ ਆਪਣੇ ਸੀਨੀਅਰ ਅਫਸਰਾਂ ਨੂੰ ਜਾ ਦੱਸਿਆ | ਸੀਨੀਅਰ ਅਫਸਰਾਂ ਨੂੰ ਥਾਣੇਦਾਰ ਦੀ ਗੱਲ 'ਚ ਵਜਨ ਜਾਪਿਆ , ਉਨ੍ਹਾਂ ਨੇ ਕਿਹਾ ਜਾ ਸੁਖਦੇਵ ਸਿਆਂ ਸਰਪੰਚ ਨੂੰ ਜਲਦੀ ਤੋਂ ਜਲਦੀ ਸਾਡੇ ਸਾਹਮਣੇ ਲੈ ਕੇ ਆ !
                       ਥਾਣੇਦਾਰ ਦੇ ਕਹਿਣ ਉਪਰੰਤ ਸਰਪੰਚ ਸਿਰ ਨੀਵਾਂ ਪਾਈ ਉਸਦੇ ਨਾਲ ਉਸ ਪਾਸੇ ਨੂੰ ਹੋ ਤੁਰਿਆ , ਜਿਸ ਪਾਸੇ ਸੀਨੀਅਰ ਪੁਲਿਸ ਵਾਲੇ ਬੈਠੇ , ਸਰਪੰਚ ਦੇ ਆਉਣ ਦੀ ਉਡੀਕ ਕਰ ਰਹੇ ਸਨ |
                      ਸੀਨੀਅਰ ਅਫਸਰਾਂ ਵਿੱਚੋਂ ਇੱਕ ਜਣਾ ਬੋਲਿਆ , ਆ ਵਈ ਸਰਪੰਚਾਂ , ਤੂੰ ਤਾਂ ਬੜੇ ਕੰਮ ਦੀ ਚੀਜ ਆ , ਸਾਡੀਆਂ ਅੱਧੀਆਂ ਚਿੰਤਾਵਾਂ ਤਾਂ ਸਰਪੰਚਾਂ ਤੂੰ ਦੂਰ ਕਰ ਦਿਤੀਆਂ ਨੇ , ਸਾਨੂੰ ਤਾਂ ਇਸ ਚੌਹਰੇ ਕਤਲ ਕਾਂਡ ਦਾ ਕੋਈ ਸੁਰਾਗ ਨਜਰ ਨਹੀਂ ਸੀ ਆ ਰਿਹਾ , ਭਲਾ ਹੋਵੇ ਤੇਰਾ , ਜਿਹੜਾ ਤੂੰ ਸਾਡੇ ਥਾਣੇਦਾਰ ਨੂੰ , ਜੇਠ ਅਤੇ ਛੋਟੀ ਭਰਜਾਈ ਦੇ ਆਪਸੀ ਰਿਸ਼ਤੇ ਦਾ ਸ਼ੱਕ ਜਾਹਿਰ ਕੀਤਾ ਹੈ |
                       ਹਾਂ , ਨਾਲੇ ਹੁਣ ਇਹ ਦੱਸ ?? ਕਿ ਇਸ ਗੱਲ ਦਾ ਪਿੰਡ ਵਿੱਚ ਕਿਸ ਕਿਸ ਨੂੰ ਡੂੰਘਾਈ ਨਾਲ ਪਤਾ ਹੈ ਜਾਂ ਟੋਡੀ ਦੇ ਪ੍ਰੀਵਾਰਿਕ ਮੈਂਬਰਾਂ ਵਿੱਚੋਂ , ਇਸ ਬੇਗੈਰਤੀ ਵਾਲੇ ਰਿਸ਼ਤੇ ਤੋਂ , ਕੌਣ ਜਿਆਦਾ ਖਫਾ ਰਹਿੰਦਾ ਸੀ |
                       ਸਰਪੰਚ ਕਹਿਣ ਲੱਗਾ ਦੇਖੋ ਜਨਾਬ , ਇਹ ਗੱਲਾਂ ਬਹੁਤ ਪੁਰਾਣੀਆਂ ਨੇ ,  ਸ਼ਾਂਤੀ ਦੇਵੀ ਦਾ ਵਿਆਹ ਹੋਏ ਨੂੰ ਅਜੇ ਦੋ ਕੁ ਮਹੀਨੇ ਹੋਏ ਸਨ , ਜੱਦ ਬ੍ਰਾਹਮਣਾ ਦੇ ਆਂਡੀਆਂ ਗੁਆਂਢੀਆਂ ਵਿੱਚ ਇਹ ਖੁਸਰ ਮੁਸਰ ਸ਼ੁਰੂ ਹੋ ਗਈ ਸੀ ਕਿ ਸ਼ਾਂਤੀ ਦੇਵੀ ਉੱਪਰ,  ਉਸਦੇ ਜੇਠ ਨੇ ਡੋਰੇ ਪਾ ਲੈ ਹਨ , ਉਹ ਹਰ ਵਕਤ ਸ਼ਾਂਤੀ ਦੇਵੀ ਦੇ ਇਰਦ ਗਿਰਦ ਮੰਡਰਾਉਂਦਾ ਰਹਿੰਦਾ ਹੈ |
                        ਇਹ ਇੱਕਲਾ ਸ਼ੱਕ ਸੀ ਜਾਂ ਕੁਝ ਅਸਲੀਅਤ ਵੀ ਸੀ , ਸੀਨੀਅਰ ਪੁਲਿਸ ਅਫਸਰ ਨੇ ਸਰਪੰਚ ਤੇ ਅਗਲਾ ਸਵਾਲ ਦਾਗ਼ਿਆ |
                         ਨਹੀਂ ਜਨਾਬ , ਇਹ ਨਿਰਾ ਪੂਰਾ ਸ਼ੱਕ ਹੀ ਨਹੀਂ ਸੀ , ਬਲਕਿ ਹਕੀਕਤ ਵੀ ਸੀ , ਪਿੰਡ ਦੇ ਲੋਕਾਂ ਦੇ ਦੱਸਣ ਅਤੇ ਨੈਣਾਂ ਨਕਸ਼ਾਂ ਦੇ ਅਧਾਰ ਉੱਪਰ ਟੋਢੀ ਦੀ ਵੱਡੀ ਭੈਣ ( ਅੰਜੂ ਦੇਵੀ )  ਸ਼ਾਂਤੀ ਦੇਵੀ ਦੇ , ਜੇਠ ਦੀ ਪੈਦਾਇਸ਼ ਸੀ , ਇਸ ਬਾਰੇ ਸ਼ਾਂਤੀ ਦੇਵੀ ਦੇ ਘਰ ਵਾਲੇ ਨੂੰ ਵੀ ਸ਼ੱਕ ਸੀ ਅਤੇ ਇਸੇ ਗੱਲ ਨੂੰ ਲੈ ਕੇ ਦੋਹਾਂ ਭਰਾਵਾਂ ਅਤੇ ਸ਼ਾਂਤੀ ਦੇਵੀ ਦੇ ਦਰਮਿਆਨ ਕਈ ਵਾਰੀ ਤੂੰ , ਤੂੰ ,  ਮੈਂ , ਮੈਂ ਵੀ ਹੋ ਹਟੀ ਸੀ |
                        ਅੱਛਾ , ਇਹ ਗੱਲ ਆ , ਤਾਂ ਫਿਰ ਜਿਹੜੀ ਟੀਮ ਟੋਢੀ ਦੀ ਵੱਡੀ ਭੈਣ ਅੰਜੂ ਦੇਵੀ ਦੇ ਪਿੰਡ ਬੱਲੋਚੱਕ ਗਈ ਹੋਈ ਆ , ਉਸਨੂੰ ਵਾਪਿਸ ਆ ਲੈਣ ਦਿਉ ਫਿਰ ਦੇਖਦੇ ਹਾਂ ਕਿ ਅੱਗੋਂ ਕੀ ਕਰਨਾ ਹੈ | ਇਤਨੀਆਂ ਗੱਲਾਂ ਕਰਦਾ ਹੋਇਆ ਸੀਨੀਅਰ ਅਫਸਰ ਬੋਲਿਆ , ਚੰਗਾ ਥਾਣੇਦਾਰਾ , ਅਸੀਂ ਚੱਲਦੇ ਹਾਂ ਹੁਣ , ਸਾਡੀ ਕੋਈ ਲੋੜ ਨਹੀਂ ਰਹੀ ਇੱਥੇ ਪਿੰਡ ' ਚ ਰਹਿਣ ਦੀ , ਤੂੰ ਸਰਪੰਚ , ਅਮਲੀ ਅਤੇ ਦਰਸ਼ੂ ਤਿੰਨਾਂ ਤੇ ਪੂਰੀ ਨਜਰ ਰੱਖੀਂ ! ਕਿਉਂਕਿ ਹੁਣ ਇਨ੍ਹਾਂ ਦੀਆਂ ਗੁਆਹੀਆਂ ਨਾਲ ਹੀ ਅਸੀਂ ਅੱਗੇ ਵਧਣਾ ਹੈ | ਨਾਲੇ ਜੇਕਰ ਲੋੜ ਪਈ ਤਾਂ , ਅੰਜੂ ਦੇਵੀ ਦੇ ਬਿਆਨ ਰਿਕਾਰਡ ਕਰ ਲਿਆਇਉ , ਕਿ ਉਹ ਆਪਣੇ ਤਾਏ ਦੇ ਟੱਬਰ ਦੇ ਜੀਆਂ ਦੇ ਕਤਲਾਂ ਬਾਰੇ ਕਿਹੋ ਜਿਹੇ ਖਿਆਲ ਰੱਖਦੀ ਹੈ |
                         ਠੀਕ ਆ ਜਨਾਬ ਜੀ ,ਜਿਵੇਂ ਤੁਸੀਂ ਕਹੋ ਉਵੇਂ ਹੀ ਹੋਵੇਗਾ , ਠਾਣੇਦਾਰ ਸੁੱਖਦੇਵ ਸਿੰਘ ਵੀ ਆਪਣੇ ਸੀਨੀਅਰਾਂ ਨੂੰ ਕਿਵੇਂ ਨਾ ਕਿਵੇਂ ਪਿੰਡੋਂ ਖਿਸਕਾਉਂਣਾ ਚਾਹੁੰਦਾ ਸੀ , ਇਸ ਲਈ  ਉਹ ਗੱਲ ਮੁਕਾਉਣ ਦੀ ਖਾਤਿਰ ਬੋਲਿਆ , ਜੇਕਰ ਕਹੋ ਤਾਂ ਮੈਂ ਜਾ ਆਵਾਂ , ਅੰਜੂ ਨੂੰ ਇੱਥੇ ਹੀ ਫੜ ਲਿਆਉਂਦੇ ਹਾਂ !
                         ਨਹੀਂ ,ਨਹੀਂ , ਇਹ ਕੰਮ ਨਹੀਂ ਕਰਨਾ , ਐਵੇਂ ਬਿਨਾਂ ਵਜਾਹ ਰੌਲਾ ਪਵੇਗਾ , ਤੈਨੂੰ ਪਤੈ , ਸੋਸ਼ਲ ਸੰਸਥਾਵਾਂ ਤਾਂ ਇਹੋ ਜਿਹੇ ਮੌਕੇ ਲੱਭਦੀਆਂ ਨੇ , ਉਨ੍ਹਾਂ ਨੇ ਜਨਾਨੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸਾਡੇ ਤੇ ਇਲਜਾਮ ਲਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਜਾਣੀਆਂ ਨੇ ਤੇ ਬਦਨਾਮੀ ਪੁਲਿਸ ਦੀ |
                       ਥਾਣੇਦਾਰ ਆਪਣੇ ਸੀਨੀਅਰ ਅਫਸਰ ਦੀ ਨਸੀਹਤ ਸੁਣ ਕੇ ਚੁੱਪ ਹੋ ਗਿਆ , ਆਪਣੇ ਸੀਨੀਅਰਾਂ ਨੂੰ ਪਿੰਡੋਂ ਵਾਪਿਸ ਭੇਜਣ ਵਾਸਤੇ ਉਸਨੂੰ ਕੋਈ ਵੀ ਸਕੀਮ ਨਹੀਂ ਸੀ ਬਹੁੜ ਰਹੀ | ਦੂਸਰਾ ਸਿਵਾਏ ਸਿਰ ਹਿਲਾਉਣ ਦੇ ਉਹ ਕੁਝ ਕਹਿ ਵੀ ਨਹੀਂ ਸੀ ਸਕਦਾ | ਗੱਲ ਨੂੰ ਤੋਰੀ ਰੱਖਣ ਵਾਸਤੇ ਉਹ ਸਰਪੰਚ ਨੂੰ ਕਹਿਣ ਲੱਗਾ , ਸਰਪੰਚਾ ਜਾ ਫਿਰ ਦੋ ਮੰਜੇ ਹੀ ਫੜ ਲਿਆ , ਕਿਉਂਕਿ ਮੈਨੂੰ ਲਗਦੈ ਜਨਾਬਾਂ ਨੂੰ ਥੋੜ੍ਹੇ ਆਰਾਮ ਦੀ ਜਰੂਰਤ ਆ  |
                         ਵੱਡੇ ਅਫਸਰਾਂ ਤੋਂ ਜਾਣ ਛੁਡਾਉਂਣ ਵਾਸਤੇ ਸਰਪੰਚ ਤਾਂ ਥਾਣੇਦਾਰ ਤੋਂ ਵੀ ਕਾਹਲਾ ਸੀ , ਮੰਜਿਆਂ ਦੀ ਗੱਲ ਸੁਣਦਿਆਂ ਹੀ ਉਹ ਉਥੋਂ ਹਰਨ ਹੋ ਗਿਆ , ਹੁਣ ਥਾਣੇਦਾਰ ਵੀ ਕੋਈ ਰਾਹ ਲੱਭ ਰਿਹਾ ਸੀ ਉੱਥੋਂ ਖਿਸਕਣ ਦਾ , ਕਿਉਂਕਿ ਜਿਤਨੀ ਦੇਰ ਤੱਕ ਵੱਡੇ ਅਫਸਰ ਕਿਸੇ ਪਾਸੇ ਨਹੀਂ ਸੀ ਲੱਗਦੇ , ਉਹ ਇੱਕ ਤਰਾਂ ਨਾਲ ਉਨ੍ਹਾਂ ਦਾ ਗੁਲਾਮ ਬਣਿਆ ਹੋਇਆ ਸੀ , ਹਰ ਗੱਲ ਤੇ ਹਾਂ ਜਾਂ ਫਿਰ ਸਿਰ ਹਿਲਾ ਦੇਣਾ , ਉਸਦੀ ਮਜਬੂਰੀ ਬਣੀ  ਹੋਈ ਸੀ |
                      ਆਖਿਰਕਾਰ ਸੀਨੀਅਰ ਅਫਸਰ ਜਿਹੜੇ ਕਿ  ਇਨ੍ਹਾਂ ਕਤਲਾਂ ਦੀ ਗੁੱਥੀ ਨੂੰ ਸੁਲਝਾਉਣ ਆਏ ਹੋਏ ਸਨ , ਉਹ ਆਪ ਮੁਹਾਰੇ ਆਪਸ ਵਿੱਚ ਹੀ ਗੱਲਾਂ ਕਰਨ ਲੱਗ ਪਏ ਕਿ ਹੁਣ ਸਾਨੂੰ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਕੇਸ ਉਲਝਦਾ ਜਾ ਰਿਹਾ ਸੀ , ਸ਼ੱਕ ਬੇਸ਼ੱਕ ਟੋਡੀ ਉੱਪਰ ਹੀ ਸੀ , ਐਪਰ ਸਬੂਤ ਕੋਈ ਵੀ ਨਹੀਂ ਸੀ |
                       ਪੁਲਿਸ ਦੀ ਸੋਚ ਸੀ ਕਿ ਹੋ ਸਕਦੈ ਟੋਡੀ ਆਪਣੇ ਉੱਚ ਅਫਸਰਾਂ ਦੇ ਸਲਾਹ ਮਸ਼ਵਰੇ ਨਾਲ ਰਾਤ ਰਾਤ ਨਿਕਲਿਆ ਹੋਵੇ ਤੇ ਕਤਲਾਂ ਨੂੰ ਅੰਜਾਮ ਦੇਣ ਉਪਰੰਤ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਵਾਪਿਸ ਆਪਣੀ ਡਿਊਟੀ ਤੇ ਚਲਾ ਗਿਆ ਹੋਵੇ , ਪਰ ਇਹ ਸਾਰਾ ਕੁਝ ਮਨਘੜਤ ਅਤੇ ਕਹਾਣੀ ਵਾਂਗ ਸੀ , ਕਾਗਜੀ ਕਾਰਵਾਈ ਮੁਤਾਬਿਕ ਇਸਨੂੰ ਮੰਨਿਆ ਨਹੀਂ ਸੀ ਜਾ ਸਕਦਾ |
                       ਸੀਨੀਅਰ ਅਫਸਰਾਂ ਦੀ ਟੀਮ ਵਿੱਚੋਂ ਇੱਕ ਜਣਾ  ਆਪਣੇ ਸਾਥੀ ਨੂੰ ਕਹਿਣ ਲੱਗਾ ਦੇਖ ਵਈ ਮੇਰਾ ਅਨੁਮਾਨ ਹੈ ਕਿ ਦੋਸ਼ੀ ਟੋਡੀ ਹੀ ਹੈ , ਕਿਉਂਕਿ ਕੋਈ ਆਪਣੀ ਮਾਂ ਬਾਰੇ ਬੁਰਾ ਭਲਾ ਨਹੀਂ ਸੁਣਨ ਸਕਦਾ , ਨਾਲੇ ਇਹ ਅੱਗ ਤਾਂ ਬੜੀ ਦੇਰ ਦੀ ਸੁਲਘ ਰਹੀ ਸੀ , ਹੁਣ ਤਾਂ ਭਾਂਬੜ ਬਲਿਆ ਹੈ |
                        ਦੂਸਰੇ ਅਫਸਰ ਨੇ ਵੀ ਪਹਿਲੇ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਿਹਾ , ਗੱਲ ਤਾਂ ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਸਹੀ ਹੈ , ਨਾਲੇ ਆਹ ਜਿਹੜਾ , ਟੋਡੀ ਦਾ ਤਾਇਆ , ਹੁਣ ਮਰਿਆ ਹੈ , ਪੁਆੜੇ ਦੀ ਜੜ ਵੀ ਇਹੋ ਹੀ ਲੱਗਦਾ ਹੈ ਕਤਲਾਂ ਦਾ ਸਿਲਸਿਲਾ ਵੀ ਇਸ ਦੇ ਆਲੇ ਦੁਆਲੇ ਹੀ ਘੁੰਮਦਾ ਹੈ | ਬਾਕੀ ਤੁਸੀਂ ਮੇਰੇ ਤੋਂ ਸੀਨੀਅਰ ਹੋ , ਇਸ ਲਈ ਤੁਹਾਡਾ ਅੰਦਾਜਾ ਸ਼ਾਇਦ ਇਹ ਨਾ ਹੋਵੇ ??
                        ਨਹੀਂ , ਨਹੀਂ , ਇਹ ਗੱਲ ਨਹੀਂ , ਮੇਰੀ ਸੋਚ ਵੀ ਇਹੋ ਹੀ ਹੈ , ਪਰ ਕਰੀਏ ਕੀ , ਅਗਲੇ ਨੇ ਆਪਣੇ ਭਰਾ ਅਤੇ ਭਰਜਾਈ ਦੇ ਕਤਲ ਦਾ ਬਦਲਾ ਵੀ ਲੈ ਗਿਆ ਅਤੇ ਸਬੂਤ ਵੀ ਕੋਈ ਨਹੀਂ ਛਡਿਆ , ਹੁਣ ਤਾਂ ਫਿਗਰ ਪ੍ਰਿੰਟ ਆਉਣ ਤੇ ਹੀ ਪਤਾ ਚਲੇਗਾ ਕਿ ਮਾਜਰਾ ਕੀ ਹੈ |
                       ਹਾਂਜੀ , ਜਨਾਬ ਗੱਲ ਤਾਂ ਤੁਹਾਡੀ ਠੀਕ ਹੈ , ਪਰ ਕਾਗਜੀ ਕਾਰਵਾਈ ਪੂਰੀ ਕਰਨ ਵਾਸਤੇ ਕੁਝ ਨਾ ਕੁਝ ਕਰਨਾ ਹੀ ਪੈਣਾ ਹੈ , ਇਤਨਾ ਆਖ ਕੇ ਉਹ ਚੁੱਪ ਹੋ ਗਿਆ |
                       ਚਲੋ ਕੋਈ ਨਾ ! ਜੋ ਹੋਊ ਦੇਖੀ ਜਾਏਗੀ ! ਅੱਪਾਂ ਏਦਾਂ ਕਰਦੇ ਆਂ , ਇੱਥੋਂ ਚਲਦੇ ਆਂ , ਆ ਵੀਕ ਐਂਡ ਤੋਂ ਬਾਅਦ ਮਿਲਦੇ ਹਾਂ , ਜਾਂ ਇਸ ਤਰਾਂ ਕਰੀ ਤੂੰ ਸੋਮਵਾਰ ਮੇਰੇ ਦਫਤਰ ਆ ਜਾਵੀਂ , ਉੱਥੇ ਬੈਠ ਕੇ ਕੋਈ ਨਿਰਣਾ ਲਵਾਂਗੇ , ਹੁਣ ਇੱਥੋਂ ਸਾਨੂੰ ਕੋਈ ਹੋਰ ਸਬੂਤ ਟੋਡੀ ਦੇ ਖਿਲਾਫ ਨਹੀਂ ਲੱਭਣਾ , ਪਿੰਡ ਵਾਲਿਆਂ ਨੇ ਤਾਂ ਮੂਹ ਸੀਤੇ ਹੋਏ ਨੇ , ਉਹ ਤਾਂ ਭਲਾ ਹੋਵੇ ਸਰਪੰਚ ਦਾ ਜਿਹਨੇ ਥੋੜਾ ਬਹੁਤ ਦੱਸ ਦਿੱਤਾ ਹੈ , ਵਰਨਾ ' ਇਤਨੀ ਕੁ ' ਸਚਾਈ ਵੀ ਸਾਡੇ ਹੱਥ ਨਹੀਂ ਸੀ ਲੱਗਣੀ |
                         ਸੀਨੀਅਰ ਅਫਸਰਾਂ ਦੇ ਪਿੰਡ ਛੱਡਣ ਉਪਰੰਤ ਥਾਣੇਦਾਰ ਸੁਖਦੇਵ ਸਿੰਘ ਨੇ ਸੁੱਖ ਦਾ ਸਾਹ ਲਿਆ ,  ਹੁਣ ਉਹ ਆਜ਼ਾਦਾਨਾ ਤੌਰ ਤੇ ਆਪਣਾ ਫੈਸਲਾ ਲੈ ਸਕਦਾ ਸੀ ,ਉਸਨੇ ਝੱਟ ਦੇਣੀ ਸਰਪੰਚ ਨੂੰ ਬੁਲਾਇਆ ਅਤੇ ਕਿਹਾ , ਦੇਖ ਸਰਪੰਚਾਂ ਹੁਣ ਆਪਾਂ ਅਜਾਦ ਹਾਂ , ਵੱਡੇ ਅਫਸਰ ਚਲੇ ਗਏ ਨੇ ਤੇ ਹੁਣ ਜਿਤਨੇ ਦਿਨ ਉਹ ਦੁਬਾਰਾ ਵਾਪਿਸ ਨਹੀਂ ਆਉਂਦੇ ਉਤਨੇ ਦਿਨ ਜੋ ਕਰਨਾ ਹੈ ਅਸੀਂ ਹੀ ਕਰਨਾ ਹੈ |
                        ਠੀਕ ਆ ਜਨਾਬ ਜਿਵੇਂ ਤੁਸੀਂ ਕਹੋ , ਮੈਂ ਤੁਹਾਡੇ ਨਾਲ ਹਾਂ , ਇਤਨਾ ਕੁ ਕਹਿ ਕੇ ਸਰਪੰਚ ਥਾਣੇਦਾਰ ਵੱਲ ਦੇਖਣ ਲੱਗ ਪਿਆ |
                        ਦੇਖ ਸਰਪੰਚਾਂ !! ਜੇ ਕਰ ਤੂੰ ਮੇਰਾ ਸਾਥ ਦੇ ਕੇ ਟੋਡੀ ਦੀ ਭੈਣ ਅਤੇ ਪਿੰਡ ਵਾਲਿਆਂ ਵਿੱਚੋਂ ਕਿਸੇ ਨਾ ਕਿਸੇ ਨੂੰ ਗਵਾਹ ਬਣਾ ਕੇ ਮੇਰੇ ਸਾਹਮਣੇ ਲੈ ਆਵੇ , ਤਾ , ਮੇਰੇ ਇੱਕ ਹੋਰ ਫੀਤੀ ਲੱਗ ਜਾਵੇਗੀ , ਨਾਲੇ ਫਿਰ ਦੇਖੀਂ ਤੈਨੂੰ ਵੀ ਮੈਂ ਕਿਵੇਂ ਖੁਸ਼ ਕਰਦਾ !! ਇਨਾਂ ਕੁ ਕਹਿ ਥਾਣੇਦਾਰ , ਸਰਪੰਚ ਦੇ ਮੂੰਹ ਵੱਲ ਦੇਖਣ ਲੱਗ ਪਿਆ |
                        ਅੱਗੋਂ ਸਰਪੰਚ ਬੋਲਿਆ , ਜਨਾਬ ਕਹਿੰਦੇ ਤਾਂ ਤੁਸੀਂ ਠੀਕ ਹੀ ਹੋ ,  ਹੋ ਸਕਦੈ , ਟੋਡੀ ਦੀ ਭੈਣ ਭਾਵੇਂ ਮੰਨ ਜਾਵੇ , ਐਪਰ ਪਿੰਡ ਵਾਲਿਆਂ ਦੇ ਬਾਰੇ ਵਿੱਚ ਮੈਂ ਕੁਝ ਨਹੀਂ ਸਕਦਾ ਕਿਉਂਕਿ ਪੁਲਿਸ ਦੇ ਡੰਡੇ ਤੋਂ ਸਾਰੇ ਹੀ ਡਰਦੇ ਹਨ |
                         ਠੀਕ ਹੈ , ਫਿਰ ਟੋਡੀ ਦੀ ਭੈਣ ਅੰਜੂ ਨੂੰ ਥੋੜਾ ਬਹੁਤ ਲਾਲਚ ਦੇ ਕੇ ਦੇਖ ਲਵੋ , ਹੋ ਸਕਦੈ ਮੰਨ ਜਾਵੇ , ਨਾਲੇ ਇਹ ਵੀ ਕਹਿ ਦੇਣਾ ਕਿ ਜੇਕਰ ਉਹ , ਸੱਚ ਸੱਚ ਦੱਸ ਦੇਵੇ ਕਿ ਕਤਲ ਵਾਲੀ ਰਾਤ , ਟੋਡੀ ਪਿੰਡ ਆਇਆ ਸੀ , ਤਾਂ ਉਸਨੂੰ ਮਤਲਬ ਅੰਜੂ ਦੇਵੀ ਨੂੰ ਪੁਲਿਸ ਕੁਝ ਨਹੀਂ ਕਹੇਗੀ |   
                         ਚਲੋ ਜਨਾਬ ਠੀਕ ਹੈ , ਇਹ ਤਰੀਕਾ ਵਰਤ ਕੇ ਵੀ ਦੇਖ ਲੈਂਦੇ ਹਾਂ ! ਪਰ ਜਦੋਂ ਦੀ ਉਹ ਪੁਲਿਸ ਦੀ ਟੁਕੜੀ ਦੇ ਨਾਲ ਪਿੰਡ ਆਈ ਹੋਈ ਹੈ , ਉਸਨੂੰ ਪਿੰਡ ਦੇ ਮੋਹਤਬਰਾਂ ਸਮੇਤ ਸਰਪੰਚ ਨੇ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹ ਆਪਣੇ ਭਰਾ ਬਾਰੇ ਦੱਸ ਦੇਵੇ ਕਿ ਉਹ ਪਿੰਡ ਕਿਵੇਂ ਆਇਆ ਅਤੇ ਆਪਣੇ ਤਾਏ ਦੇ ਸਾਰੇ ਜੀਆਂ ਦਾ ਕਤਲ ਕਰਨ ਮਗਰੋਂ ਗਾਇਬ ਕਿਵੇਂ ਹੋ ਗਿਆ | ਉਸਦਾ ਇਹੋ ਹੀ ਕਹਿਣਾ ਹੈ ਕਿ ਉਹ ਕੁਝ ਨਹੀਂ ਜਾਣਦੀ |
                        ਥਾਣੇਦਾਰ ਸੁਖਦੇਵ ਸਿਹੁੰ ਚੰਗੀ ਤਰਾਂ ਜਾਣਦਾ ਸੀ ਕਿ ਇਹ ਕਤਲ ਟੋਡੀ ਨੇ ਆਪਣੇ ਤਾਏ ਕੋਲੋਂ ਬਦਲਾ ਲੈਣ ਵਾਸਤੇ ਕੀਤੇ ਹਨ ,ਐਪਰ ਕੋਈ ਵੀ ਅਜਿਹਾ ਸਬੂਤ ਨਹੀਂ ਸੀ ਮਿਲ ਰਿਹਾ , ਜਿਸ ਨਾਲ ਪੁਲੀਸ ਇਹ ਕਹਿ ਸਕੇ ਕਿ ਟੋਡੀ ਹੀ ਅਸਲੀ ਕਾਤਿਲ ਹੈ | ਪਰ ਸ਼ੱਕ ਦੇ ਅਧਾਰ ਤੇ ਕਿਸੇ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ਇਹ ਗੱਲ ਥਾਣੇਦਾਰ ਵੀ ਮੰਨਦਾ ਸੀ |
                        ਸਰਕਾਰੀ ਹੁਕਮਾਂ ਨਾਲ ਕਤਲ ਹੋਏ ਪ੍ਰੀਵਾਰ ਦੇ ਸਾਰੇ ਜੀਆਂ ਦਾ ਪਿੰਡ ਦੀ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ ਅਤੇ ਹੋਰ ਧਾਰਮਿਕ ਰਸਮਾਂ ਵੀ ਪਿੰਡ ਵਾਲਿਆਂ ਵਲੋਂ ਨਿਭਾਅ ਦਿੱਤੀਆਂ ਗਈਆਂ ਸਨ |
                           ਇਸ ਤਰਾਂ ਸਮਾਂ ਬੀਤਦਾ ਗਿਆ , ਥੱਕ ਹਾਰ ਕੇ ਪੁਲਿਸ ਨੇ ਕੇਸ ਬੰਦ ਕਰ ਦਿੱਤਾ , ਵਿੱਚ ਵਿਚਾਲੇ ਕਦੇ ਕਦਾਈਂ ਖਾਨਾਪੂਰਤੀ ਕਰਨ ਵਾਸਤੇ ਕੋਈ ਨਾ ਕੋਈ ਪੁਲਿਸ ਵਾਲਾ ਪਿੰਡ  ਗੇੜਾ ਮਾਰਨ ਆ ਜਾਂਦਾ ਤੇ ਪਿੰਡ ਦੇ ਕਿਸੇ ਨਾ ਕਿਸੇ ਮੋਹਤਬਰ ਬੰਦੇ ਦੇ ਦਸਤਖਤ ਕਰਵਾ ਮੁੜ ਜਾਂਦਾ , ਇਸ ਤਰਾਂ ਹੌਲੀ ਹੋਈ ਪੰਦਰਾਂ ਸਾਲ ਬੀਤ ਗਏ
                          ਹੁਣ ਪਿੰਡ ਵਿੱਚ ਟੋਡੀ ਦਾ ਸਾਰਾ ਪ੍ਰੀਵਾਰ ਹਸਦਾ ਵੱਸਦਾ ਜਿੰਦਗੀ ਬਿਤਾ ਰਿਹਾ ਸੀ , ਟੋਡੀ ਵੀ ਨੌਕਰੀ ਪੂਰੀ ਕਰਕੇ ਹੁਣ ਪੱਕੇ ਤੌਰ ਤੇ ਪਿੰਡ ਆ ਚੁੱਕਾ ਸੀ , ਉਸਦਾ ਜਦ ਦਿੱਲ ਕਰਦਾ ਉਹ ਚੁੱਪ ਚਾਪ ਜਿਹਾ ਪਿੰਡ ਦੇ ਸਿਵਿਆਂ ਕੋਲ ਜਾ ਕੇ ਬੈਠ ਜਾਂਦਾ ਅਤੇ ਕੁਝ ਨਾ ਕੁਝ ਗੁਣ ਗੁਣਾਅ ਕੇ ਵਾਪਿਸ ਆ ਜਾਂਦਾ , ਹੁਣ ਉਸਦੇ ਚਿਹਰੇ ਤੇ ਖੁਸ਼ੀ ਅਤੇ ਉਦਾਸੀ ਵਾਲੀ ਗੱਲ ਨਹੀਂ ਸੀ ਰਹੀ , ਪਰ ਪਿੰਡ ਵਾਲਿਆਂ ਨੂੰ ਤਸੱਲੀ ਜਿਹੀ ਜਰੂਰ ਸੀ ਕਿ ਚਲੋ ਹੁਣ ਘੱਟੋ ਘੱਟ ਖੂਨ ਖਰਾਬੇ ਤਾਂ ਕੋਈ ਡਰ ਨਹੀਂ ,  ਰੋਜ ਰੋਜ ਦਾ ਕਲੇਸ਼ ਖਤਮ ਹੋ ਗਿਆ |
                          ਟੋਡੀ ਦੀ ਤਰਾਂ ਉਸਦੇ ਤਾਏ ਓਮ ਪ੍ਰਕਾਸ਼ ਦਾ ਨੰਨਾ ਪੋਤਰਾ ( ਕੁਸ਼ ) ਜਿਹੜਾ ਕਿ ਉਸ ਵੇਲੇ ਬਚ ਗਿਆ ਸੀ , ਉਹ ਵੀ ਸੋਲ੍ਹਵੇਂ 'ਚ ਪੈਰ ਪਾ ਚੁੱਕਾ ਸੀ | ਉਸਨੇ ਆਪਣੇ ਨਾਨਕੇ ਪਿੰਡੋਂ ਹੀ ਨਾਨਕਿਆਂ ਕੋਲ ਰਹਿ ਕੇ ਦਸਵੀਂ ਪਾਸ ਕਰ ਲਈ ਹੋਈ ਸੀ |
                         ਐਪਰ ਬਚਪਨ ਤੋਂ ਲੈ ਕੇ ਹੁਣ ਤੱਕ ਉਸਨੂੰ ਉਹ ਪਿਆਰ ਕਦੇ ਵੀ ਨਹੀਂ ਸੀ ਮਿਲਿਆ ਜਿਹੜਾ ਕਿ ਉਸਦੇ ਮਾਮੇ ਦੇ ਮੁੰਡੇ ਆਸ਼ੂ ਨੂੰ ਮਿਲਿਆ ਕਰਦਾ ਸੀ | ਉਸਦੀ ਨਾਨੀ ਜਦੋਂ ਵੀ ਸਾਲ ਛਮਾਹੀਂ ਆਪਣੀ ਲੜਕੀ ਦੀ ਕਬਰ ਤੇ ਜਾਂਦੀ ਤਾਂ ਉਹ ਆਪਣੇ ਦੋਹਤਰੇ ਨੂੰ ਵੀ ਨਾਲ ਲੈ ਜਾਂਦੀ ਹੁੰਦੀ ਸੀ, ਕਿਉਂਕਿ ਉਹ ਹਮੇਸ਼ਾਂ ਆਪਣੀ ਨਾਨੀ ਕੋਲੋਂ ਪੁੱਛਦਾ ਰਹਿੰਦਾ ਸੀ ਕਿ ਸਾਰਿਆਂ ਦੀਆਂ ਮਾਵਾਂ ਹਨ , ਮੇਰੀ ਕਿਉਂ ਨਹੀਂ , ਦਾ ਜਵਾਬ ਦੇਣ ਵਾਸਤੇ ਹੀ ਉਸਦੀ ਨਾਨੀ ਉਸਨੂੰ ਆਪਣੇ ਕੁੜਮਾਂ ਦੇ ਪਿੰਡ ਨਡਾਲੇ ਲਿਆਇਆ ਕਰਦੀ ਸੀ | ਉਸਨੂੰ ਉਸਦੀ ਨਾਨੀ ਹੀ ਦਸਿਆ ਕਰਦੀ ਸੀ ਕਿ ਬੇਸ਼ੱਕ ਪਲਿਆ ਉਹ ਆਪਣੇ ਨਾਨਕੇ ਪਿੰਡ ਹੀ ਹੈ ,ਪਰ ਉਸਦਾ ਅਸਲੀ ਪਿੰਡ ( ਨਡਾਲਾ ) ਤੇਰੀ ਮਾ ਵਾਲਾ ਹੀ ਹੈ , ਜਿੱਥੇ ਕਿ ਉਸਦੀ ਕਬਰ ਬਣੀ ਹੋਈ ਹੈ |  
                          ਉਹ ਜਦ ਵੀ ਉਦਾਸ ਹੁੰਦਾ , ਤਾਂ ਉਹ ਆਪਣੇ ਨਾਨਕੇ ਪਿੰਡੋਂ ਆ ਕੇ ਟੋਡੀ ਦੀ ਤਰਾਂ ਆਪਣੇ ਪਾਪਾ, ਮੱਮੀ , ਦਾਦਾ , ਦਾਦੀ ਅਤੇ ਆਪਣੇ ਭਰਾ ਦੀਆਂ ਕਬਰਾਂ ਵੱਲ ਨਿਮੋਝੂਣਾ ਜਿਹਾ ਹੋ ਕੇ ਦੇਖਦਾ ਰਹਿੰਦਾ ! ਉਸਨੂੰ ਲੱਗਦਾ ਸ਼ਾਇਦ ਉਨ੍ਹਾਂ ਵਿੱਚੋਂ ਕੋਈ ਨਾ ਕੋਈ ਉੱਠ ਕੇ ਉਸਨੂੰ ਵੀ ਸੀਨੇ ਨਾਲ ਲਾ ਕੇ ਉਸੇਤਰਾਂ ਹੀ ਪਿਆਰ ਕਰੇਗਾ , ਜਿਸਤਰਾਂ ਉਸਦੇ ਮਾਮੇ ਦੇ ਮੁੰਡੇ ਦਾ ਸੀਨਾ ਉਸਦਾ ਪਿਉ ਆਪਣੇ ਸੀਨੇ ਨਾਲ ਲਾ ਕੇ ਭਰਭੂਰ ਪਿਆਰ ਕਰਦਾ ਸੀ |

                           ਇੱਕ ਦਿਨ ਅਚਾਨਕ ਟੋਡੀ ਅਤੇ ਕੁਸ਼ ਸਿਵਿਆਂ ਤੇ ਇਕੱਠੇ ਹੋ ਗਏ !  ਦੋਵੇਂ ਜਣੇ ਇੱਕ ਦੂਜੇ ਨੂੰ ਸਵਾਲੀਆ ਨਜਰਾਂ ਨਾਲ ਦੇਖਦੇ ਹੋਏ ਖਾਮੋਸ਼ ਖੜ੍ਹੇ ਸਨ |
                          ਟੋਡੀ ਚੁੱਪ ਨੂੰ ਤੋੜਦਾ ਹੋਇਆ ਬੋਲਿਆ , ਦੇਖ ਮੇਰਿਆ ਪੁੱਤਰਾ ,  ਆਹ ਤੇਰੇ ਦਾਦੇ ਦੀ ਕਬਰ ਆ , ਪਹਿਲਾਂ ਮੈਂ ਇਸਤੋਂ ਡਰਦਾ ਪਿੰਡ ਨਹੀਂ ਸਾਂ ਆਉਂਦਾ , ਤੇ ਇਸਨੂੰ ਮਾਰਨ ਤੋਂ ਬਾਅਦ ਪੁਲਿਸ ਦੇ ਡਰੋਂ ਪਿੰਡ ਨਹੀਂ ਸਾਂ ਵੜਦਾ , ਇਸ ਕਰਕੇ ਮੇਰੀ ਉਮਰ ਬਾਹਰ ਹੀ ਬੀਤ ਗਈ | ਇਸ ਕਾਰਨ ਵਿਆਹ ਵੀ ਨਹੀਂ ਕਰਵਾ ਸਕਿਆ , ਹੁਣ ਤੇਰੇ ਵੱਲ ਦੇਖ ਕੇ ਦੁੱਖ ਹੁੰਦਾ ਹੈ ਕਿ ਤੂੰ ਮੇਰੀ ਵਜਾਹ ਕਰਕੇ ( ਮਾਂ ਮਿੱਟਰ ) ਰਹਿ ਗਿਆ ਤੇ , ਮੈਂ ਬੇਉਲਾਦਾ |
                           ਲੱਗਦਾ ਸੀ ਕਿ ਇਕਾਂਤਵਾਸ ਨੇ ਟੋਡੀ ਦਾ ਦਿਲ ਪਿਘਲਾ ਦਿੱਤਾ ਸੀ , ਉਸ ਕੋਲੋਂ ਕੁਸ਼ ਦਾ ਦਰਦ ਦੇਖ ਕੇ ਜਰ ਨਹੀਂ ਹੋਇਆ ਤੇ ਉਹ ਚਿਲਾਉਣ ਲੱਗ ਪਿਆ , ਤਾਇਆ ਤੂੰ ਮਰ ਕੇ ਵੀ ਸਾਨੂੰ ਦੋਹਾਂ ਨੂੰ ਅਧਮਰੇ ਕਰ ਗਿਆ ਹੈਂ ,, ਤੂੰ ਖੂਨੀ ਹੈ , ਅਸੀਂ ਦੋਵੇਂ ਤੈਨੂੰ ਕਦੇ ਮੁਆਫ ਨਹੀਂ ਕਰਾਂਗੇ | ਟੋਡੀ ਨੂੰ ਪਤਾ ਹੀ ਨਹੀਂ ਲੱਗਾ ਕਿ ਕੁਸ਼ ਨੂੰ ਉਸਨੇ ਕਿਸ ਵਕਤ ਆਪਣੇ ਕਲਾਵੇ ਵਿੱਚ ਲੈ ਲਿਆ ਸੀ , ਪਤਾ ਉਦੋਂ ਲੱਗਾ ਜਦੋਂ ਕੁਸ਼ ਦੀਆਂ ਅੱਖਾਂ ਦੇ ਗਰਮ ਗਰਮ ਹੁੰਝੂ ਟੋਡੀ ਦਾ ਸੀਨਾ ਠਾਰ ਗਏ |
                           ਹੁਣ ਟੋਡੀ ਨੂੰ ਪੁੱਤ ਦਾ ਅਤੇ ਕੁਸ਼ ਨੂੰ ਪਿਉ ਦਾ ਪਿਆਰ ਮਿਲ ਚੁੱਕਾ ਸੀ , ਜਿਸਤੋਂ ਦੋਵੇਂ ਜਣੇ ਜਨਮਾਂ ਜਨਮਾਂ ਦੇ ਪਿਆਸੇ ਸਨ ---- ਚੱਲਦਾ