ਮੇਰਾ ਦਿਲ ਹੈ ਟੁਕੜੇ ਟੁਕੜੇ … - ਸੁਰਜੀਤ ਪਾਤਰ

ਅਜੋਕਾ ਕਿਸਾਨ ਅੰਦੋਲਨ ਦੁਨੀਆ ਲਈ ਇਕ ਮਿਸਾਲ ਬਣ ਗਿਆ ਹੈ। ਏਨੇ ਦਿਨਾਂ ਰਾਤਾਂ ਲਈ, ਏਨਾ ਕੁਝ ਸਹਾਰਦੇ ਲੋਕਾਂ ਦੀ ਏਨੀ ਵਿਸ਼ਾਲ ਸ਼ਮੂਲੀਅਤ, ਚੜ੍ਹਦੀ ਕਲਾ, ਸ਼ਾਂਤਮਈ ਸੂਰਬੀਰਤਾ, ਇਕ ਜੋੜ ਮੇਲੇ ਜਿਹੀ ਸਿਪਿਰਟ, ਨਵੀਂ ਲੋਕਧਾਰਾ ਦੇ ਬੋਲ ਸਿਰਜ ਰਹੀਆਂ ਧੀਆਂ, ਸਿਰਾਂ ’ਤੇ ਚੁੰਨੀਆਂ ਦੇ ਮੜਾਸੇ ਬੰਨ੍ਹ ਕੇ ਆਈਆਂ ਧੀਆਂ, ਮੰਚ ’ਤੇ ਆ ਕੇ ਆਪਣੇ ਵਿਵੇਕ ਅਤੇ ਸਹਿਜ ਆਤਮ-ਵਿਸ਼ਵਾਸ ਨਾਲ ਮਾਹੌਲ ਨੂੰ ਧਰਤੀ ਮਾਂ ਜਿਹੀ ਮਮਤਾ ਦਾ ਅਨੁਭਵ ਦੇਣ ਵਾਲੀਆਂ ਧੀਆਂ, ਸੇਵਾ ਦਾ ਸਾਕਾਰ ਰੂਪ ਹੋਏ ਪੁੱਤਰ ਜਿਨ੍ਹਾਂ ਦੇ ਸਿਰ ’ਤੇ ਪਤਾ ਨਹੀਂ ਕਿਹੋ ਜਿਹੇ ਇਲਜ਼ਾਮ ਸਨ, ਜਿਨ੍ਹਾਂ ਦੇ ਦਿਲਾਂ ਵਿਚ ਪਤਾ ਨਹੀਂ ਸਾਡੀ ਰਾਜਨੀਤੀ ਤੇ ਰਹਿਤਲ ਨੇ ਕਿੰਨਾ ਸੁੰਨਾਪਣ ਤੇ ਕਿੰਨੀ ਵਿਸੰਗਤੀ ਭਰ ਦਿੱਤੀ ਸੀ, ਆਪੋਧਾਪੀ ’ਚੋਂ ਨਿਕਲ ਕੇ ਇਕ ਸਾਂਝੇ ਸੁਪਨੇ ਨੂੰ ਜੀ ਰਹੇ ਲੋਕ, ਜਿਵੇਂ ਬਿਰਥਾ ਜਾ ਰਹੀ ਜ਼ਿੰਦਗੀ ਨੂੰ ਕੋਈ ਅਰਥ ਮਿਲ ਗਿਆ ਹੋਵੇ, ਜਿਵੇਂ ਸੀਨਿਆਂ ਵਿਚ ਆਪਣੇ ਸਿਦਕੀ ਪੁਰਖਿਆਂ ਦਾ ਅਵਚੇਤਨ ਜਾਗ ਪਿਆ ਹੋਵੇ, ਜਿਵੇਂ ਕੋਈ ਚਿਰਾਂ ਦਾ ਵਿੱਛੜਿਆ ਮਿਲਿਆ ਹੋਵੇ।   
        ਹੱਡੀਆਂ ਨੂੰ ਕੜਕਾਉਣ ਵਾਲੀਆਂ ਪੋਹ ਦੀਆਂ ਸਰਦ ਰਾਤਾਂ ਵਿਚ ਟਰਾਲੀਆਂ ਦੇ ਅੰਦਰ ਤੇ ਟਰਾਲੀਆਂ ਦੇ ਹੇਠਾਂ ਸੌਂਦੇ ਲੋਕਾਂ ਬਾਰੇ ਸੋਚ ਕੇ ਘਰਾਂ ਵਿਚ ਆਪਣੇ ਨਿੱਘੇ ਬਿਸਤਰੇ ਨਮੋਸ਼ੀ ਦਿੰਦੇ ਹਨ।
       ਆਪਣੇ ਇਨ੍ਹਾਂ ਲੋਕਾਂ ਨੂੰ ਪ੍ਰਣਾਮ, ਧੀਆਂ ਪੁੱਤਰਾਂ, ਭੈਣਾਂ ਵੀਰਾਂ, ਮਾਂਵਾਂ ਬਜ਼ੁਰਗਾਂ ਨੂੰ ਪ੍ਰਣਾਮ। ਦਿਨ ਰਾਤ ਸੇਵਾ ਵਿਚ ਜੁਟੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਪ੍ਰਣਾਮ। ਜਿਨ੍ਹਾਂ ਦੀ ਜਾਨ ਇਸ ਅੰਦੋਲਨ ਤੋਂ ਕੁਰਬਾਨ ਹੋ ਗਈ ਉਨ੍ਹਾਂ ਨੂੰ ਪ੍ਰਣਾਮ, ਸੰਤ ਬਾਬਾ ਰਾਮ ਸਿੰਘ ਜੀ ਦੇ ਆਤਮ-ਬਲੀਦਾਨ ਨੂੰ ਪ੍ਰਣਾਮ, ਸੁੱਘੜ ਸਿਆਣੇ ਕਿਸਾਨ ਆਗੂਆਂ ਨੂੰ ਪ੍ਰਣਾਮ।
        ਇਨ੍ਹਾਂ ਸਭਨਾਂ ਦੇ ਸਿਦਕ ਸਦਕਾ, ਇਸ ਅੰਦੋਲਨ ਦੇ ਪ੍ਰਤੱਖ ਸਰੋਕਾਰਾਂ ਸਦਕਾ ਤੇ ਇਨ੍ਹਾਂ ਸਰੋਕਾਰਾਂ ਦੇ ਵਿਚ ਅਚੇਤ ਹੀ ਸਮੋਏ ਤੇ ਛੁਪੇ ਹੋਏ ਉਨ੍ਹਾਂ ਗਹਿਰੇ ਅਰਥਾਂ ਸਦਕਾ ਜੋ ਮਾਨਵਤਾ ਦੇ ਭਵਿੱਖ ਨਾਲ ਜੁੜੇ ਹੋਏ ਹਨ, ਇਹ ਅੰਦੋਲਨ ਦੁਨੀਆਂ ਦੇ ਆਮ ਲੋਕਾਂ ਲਈ, ਸੰਵੇਦਨਾ ਵਾਲੇ ਬੁੱਧੀਜੀਵੀਆਂ ਲਈ, ਕਵੀਆਂ ਅਦੀਬਾਂ ਲਈ, ਚਿੱਤਰਕਾਰਾਂ, ਸੰਗੀਤਕਾਰਾਂ ਤੇ ਦਾਰਸ਼ਨਿਕਾਂ ਲਈ, ਕਰੁਣਾਧਾਰੀ ਦਇਆਵਾਨ ਲੋਕਾਂ ਲਈ ਭਵਿੱਖ ਦੀ ਆਸ ਅਤੇ ਧਰਵਾਸ ਬਣ ਗਿਆ ਹੈ।
        ਇਸ ਦੇ ਵਿਪਰੀਤ ਹਾਕਮਾਂ ਦੀ ਹੈਰਾਨ ਕਰਨ ਵਾਲੀ ਦਿਲ ਨੂੰ ਟੁਕੜੇ ਟੁਕੜੇ ਕਰਨ ਵਾਲੀ ਬੇਕਿਰਕ ਸੰਵੇਦਨਹੀਣਤਾ ਵੀ ਇਕ ਮਿਸਾਲ ਬਣ ਗਈ ਹੈ। ਉਨ੍ਹਾਂ ਨੇ ਸਾਜ਼ਿਸ਼ ਵਾਂਗ ਹਫ਼ੜਾ ਦਫ਼ੜੀ ਵਿਚ, ਕਰੋਨਾ ਦੇ ਕਹਿਰ ਦੌਰਾਨ ਇਹ ਕਾਨੂੰਨ ਬਣਾਏ ਜਿਵੇਂ ਇਨ੍ਹਾਂ ਕਾਨੂੰਨਾਂ ਨੇ ਖ਼ਲਕਤ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣਾ ਹੋਵੇ। ਉਹ ਕਿਸਾਨਾਂ ਨੂੰ ਆਖਦੇ ਹਨ : ਇਹ ਅਸੀਂ ਤੁਹਾਡੇ ਭਲੇ ਲਈ ਬਣਾਏ ਹਨ, ਪਰ ਤੁਸੀਂ ਬੇਸਮਝ ਹੋ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਹਾਡਾ ਭਲਾ ਕਿਸ ਗੱਲ ਵਿਚ ਹੈ। ਤੁਸੀਂ ਵਿਰੋਧੀ ਪਾਰਟੀਆਂ, ਚੀਨ ਤੇ ਪਾਕਿਸਤਾਨ ਦੇ ਉਕਸਾਏ ਗੁਮਰਾਹ ਹੋਏ ਲੋਕ ਹੋ।
      ਲੋਕਾਂ ਦੀ ਗੁਮਰਾਹੀ ਦੀ ਇਸ ਦਲੀਲ ਨੂੰ ਉਹ ਹੋਰ ਦੂਰ ਤੱਕ ਫੈਲਾਉਣ ਦੇ ਵੀ ਸਮਰੱਥ ਹਨ। ਉਹ ਕਹਿ ਸਕਦੇ ਹਨ ਕਿ ਜਿਨ੍ਹਾਂ 55 ਫ਼ੀਸਦੀ ਲੋਕਾਂ ਨੇ 2019 ਵਿਚ ਐਨ.ਡੀ.ਏ. ਨੂੰ ਵੋਟਾਂ ਨਹੀਂ ਪਾਈਆਂ ਉਹ ਵੀ ਸਾਰੇ ਗੁਮਰਾਹ ਹੋਏ ਲੋਕ ਹਨ। ਇਸ ਹਿਸਾਬ ਨਾਲ ਤਾਂ ਅੱਧੇ ਤੋਂ ਵੱਧ ਭਾਰਤੀ ਗੁਮਰਾਹ ਹੋਏ ਲੋਕ ਹਨ।   
        ਦੂਜੀ ਵੱਡੀ ਵਿਡੰਬਨਾ ਇਹ ਹੈ ਕਿ ਇਨ੍ਹਾਂ ਗੁਮਰਾਹ ਹੋਏ ਲੋਕਾਂ ਨੇ ਦਲੀਲਾਂ ਤੇ ਤਰਕ ਨਾਲ ਇਨ੍ਹਾਂ ਵੱਡੇ ਸਿਆਣਿਆਂ ਨੂੰ ਨਿਰਉੱਤਰ ਕਰ ਦਿੱਤਾ। ਦਰਅਸਲ ਗੁਮਰਾਹ ਹੋਏ ਲੋਕਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਵੀ ਤੇ ਭਾਰਤ ਦੇ ਸੰਵਿਧਾਨ ਨੂੰ ਹਾਕਮਾਂ ਤੋਂ ਜ਼ਿਆਦਾ ਗਹਿਰਾਈ ਨਾਲ ਪੜ੍ਹ ਲਿਆ ਹੈ। ਪੜ੍ਹਨਾ ਹੀ ਪੈਣਾ ਸੀ। ਨਹੀਂ ਤਾਂ ਉਹ ਇਨ੍ਹਾਂ ਦੇ ਸ਼ਬਦ-ਜਾਲ ਤੋਂ ਕਿਵੇਂ ਬਚਦੇ। ਉਨ੍ਹਾਂ ਨੇ ਹਾਕਮਾਂ ਨੂੰ ਸਮਝਾ ਦਿੱਤਾ ਕਿ ਫ਼ੂਡ ਸਟੱਫ਼ ਤੇ ਫ਼ੂਡ ਗ੍ਰੇਨ ਵਿਚ ਕੀ ਫ਼ਰਕ ਹੈ। ਕਣਕ ਫ਼ੂਡ ਗ੍ਰੇਨ ਹੈ ਤੇ ਆਟਾ ਫ਼ੂਡ ਸਟੱਫ਼। ਕੇਂਦਰ ਸਰਕਾਰ ਆਟੇ ਬਾਰੇ ਕਾਨੂੰਨ ਬਣਾ ਸਕਦੀ ਹੈ ਕਣਕ ਬਾਰੇ ਨਹੀਂ। ਇਸ ਲਈ ਤਿੰਨ ਕਾਨੂੰਨ ਸਿਰਫ਼ ਕਿਸਾਨ-ਵਿਰੋਧੀ ਹੀ ਨਹੀਂ, ਭਾਰਤ ਦੇ ਫ਼ੈਡਰਲ ਢਾਂਚੇ ਨੂੰ ਖੋਰਨ ਦੀ ਸਾਜ਼ਿਸ਼ ਵੀ ਇਨ੍ਹਾਂ ਵਿਚ ਨਿਹਿਤ ਹੈ। ਇਹ ਸਾਡੇ ਸੰਵਿਧਾਨ ਨੂੰ ਜ਼ਖ਼ਮੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਵਿਚ ਤੁਹਾਡਾ ਭਲਾ ਹੈ।
ਗਿਆਨ ਖੜਗੁ
ਨ੍ਹੇਰ ਨੂੰ ਲੋਹਾ ਨਹੀਂ, ਲੋਅ ਚੀਰਦੀ ਹੈ
ਗਿਆਨ ਵੀ ਹੈ ਖੜਗ, ਸਤਿਗੁਰ ਦਾ ਕਥਨ ਹੈ
     ਸ਼ਮਸ਼ੀਰ ਤੋਂ ਵੀ ਪਹਿਲਾਂ ਸਤਿਗੁਰਾਂ ਨੇ ਸਾਨੂੰ ਗਿਆਨ ਖੜਗ ਬਖ਼ਸ਼ਿਆ। ਕੁਝ ਲੜਾਈਆਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਗਿਆਨ ਖੜਗ ਹੀ ਜਿੱਤ ਸਕਦਾ ਹੈ। ਸਾਡੇ ਲਈ ਗਿਆਨ ਖੜਗ ਦਾ ਸੰਬੋਧ ਪ੍ਰਥਮ ਪਾਤਸ਼ਾਹ ਦੀ ਬਾਣੀ ਵਿਚ ਹੀ ਉਦੈ ਹੋ ਗਿਆ ਸੀ :
ਗਿਆਨੁ ਖੜਗੁ ਲੈ ਮਨ ਸਿਉ ਲੂਝੇ
ਮਨਸਾ ਮਨਹਿ ਸਮਾਈ ਹੇ
     ਗਿਆਨ ਦਾ ਅਰਥ ਆਮ ਜਾਣਕਾਰੀ ਤੋਂ ਲੈ ਕੇ ਬ੍ਰਹਮ ਗਿਆਨ ਤੱਕ ਫੈਲਿਆ ਹੈ। ਗੁਰੂ ਨਾਨਕ ਹਮੇਸ਼ਾ ਖੋਜੀ ਰਹਿਣ ਦੀ ਸਿੱਖਿਆ ਦੇਂਦੇ ਹਨ। ਉਨ੍ਹਾਂ ਦਾ ਕਥਨ ਹੈ:
ਖੋਜੀ ਉਪਜੈ ਬਾਦੀ ਬਿਨਸੈ...
(ਜੋ ਖੋਜੀ ਹੈ ਉਹ ਵਿਕਾਸ ਕਰਦਾ ਹੈ ਤੇ ਜੋ ਹਉਮੈ ਜਾਂ ਅਗਿਆਨ ਕਾਰਨ ਕਿਸੇ ਇਕ ਝਿਰੀ ਵਿਚ ਫਸ ਜਾਂਦਾ ਹੈ, ਉਹ ਬਾਦੀ ਹੈ। ਉਸ ਦਾ ਵਿਨਾਸ਼ ਹੋ ਜਾਂਦਾ ਹੈ)
       ਖੋਜ ਦਾ ਅਰਥ ਵੀ ਇਸ ਦੁਨੀਆ ਦੇ ਚਲ ਰਹੇ ਵਰਤਾਰਿਆਂ ਤੋਂ ਲੈ ਕੇ, ਆਪਣਾ ਦਿਲ ਖੋਜਣ, ਕੁਦਰਤ ਤੇ ਕਾਦਰ ਨੂੰ ਜਾਨਣ ਤੱਕ ਫੈਲਿਆ ਹੋਇਆ ਹੈ। ਹਕੂਮਤਾਂ ਅਤੇ ਹੋਰ ਸਥਾਪਤੀਆਂ ਦੇ ਫੈਲਾਏ ਅੰਧਕਾਰ ਨੂੰ ਚੀਰਨ ਲਈ ਗਿਆਨ ਖੜਗ ਦੀ ਲੋੜ ਪੈਂਦੀ ਹੈ।
         ਅਜੋਕੇ ਕਿਸਾਨੀ ਅੰਦੋਲਨ ਦੇ ਆਗੂਆਂ ਨੇ ਵੀ ਆਪਣੇ ਗਿਆਨ ਖੜਗ ਨਾਲ ਹਕੂਮਤ ਦੇ ਫੈਲਾਏ ਅੰਧਕਾਰ ਨੂੰ ਚੀਰਿਆ ਹੈ। ਠੱਗੀ ਤੇ ਮੱਕਾਰੀ ਭਰੇ ਤਿੰਨ ਕਾਨੂੰਨਾਂ ਦੀ ਅਸਲੀਅਤ ਜ਼ਾਹਰ ਕਰ ਦਿੱਤੀ ਹੈ। ਉੱਚਤਮ ਕੋਰਟ ਤੱਕ ਦੇ ਸੇਵਾਮੁਕਤ ਜੱਜਾਂ ਨੂੰ ਕਾਇਲ ਕਰ ਲਿਆ ਹੈ। ਕਾਇਮ ਮੁਕਾਮ ਜੱਜਾਂ ਨੇ ਵੀ ਅੰਦੋਲਨ ਕਰਨ ਦੇ ਹੱਕ ਨੂੰ ਜਾਇਜ਼ ਠਹਿਰਾਇਆ ਹੈ ਤੇ ਤਿੰਨਾਂ ਕਾਨੂੰਨਾਂ ਨੂੰ ਵੀ ਬਾਤਚੀਤ ਦੇ ਚੱਲਦੀ ਰਹਿਣ ਤੱਕ ਹੋਲਡ ’ਤੇ ਰੱਖਣ ਦਾ ਫ਼ੈਸਲਾ ਸੁਣਾਇਆ ਹੈ।
ਇਹ ਗਿਆਨ ਖੜਗ ਦੀ ਫ਼ਤਿਹ ਹੈ।

ਅੱਲਾਮਾ ਇਕਬਾਲ ਦੀਆਂ ਤਿੰਨ ਸ਼ਮਸ਼ੀਰਾਂ
       ਗਿਆਨ ਖੜਗ ਦਾ ਸੰਕਲਪ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਅਜ਼ੀਮ ਸ਼ਾਇਰ ਅੱਲਾਮਾ ਇਕਬਾਲ ਦੀਆਂ ਨਜ਼ਰਾਂ ਵਿਚ ਉਹ ਪੂਰਨ ਪੁਰਖ (ਮਰਦ-ਏ-ਕਾਮਿਲ) ਹਨ ਜਿਨ੍ਹਾਂ ਨੇ ਹਿੰਦੋਸਤਾਨ ਨੂੰ ਗੂੜ੍ਹੀ ਨੀਂਦ ’ਚੋਂ ਜਗਾਇਆ। ਗਿਆਨ ਖੜਗ ਦੀ ਰੌਸ਼ਨੀ ਵਿਚ ਹੀ ਅੱਲਾਮਾ ਇਕਬਾਲ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਤਿੰਨ ਸ਼ਮਸ਼ੀਰਾਂ ਦਾ ਜ਼ਿਕਰ ਕਰਦਾ ਹੈ :
ਯਕੀਂ ਮੁਹਕਮ, ਅਮਲ ਪੈਹਮ, ਮੁਹੱਬਤ ਫ਼ਤਹਿ ਏ ਆਲਮ
ਜਿਹਾਦੇ ਜ਼ਿੰਦਗਾਨੀ ਮੇਂ ਹੈਂ ਯੇ ਮਰਦੋਂ ਕੀ ਸ਼ਮਸ਼ੀਰੇਂ
(ਪੱਕਾ ਨਿਸ਼ਚਾ, ਨਿਰੰਤਰ ਕਰਮ ਤੇ ਦੁਨੀਆ ਫ਼ਤਹਿ ਕਰਨ ਦੀ ਚਾਹਤ
ਜ਼ਿੰਦਗਾਨੀ ਦੇ ਧਰਮ-ਯੁੱਧ ਵਿਚ ਇਹ (ਤਿੰਨ) ਹੀ ਹਨ ਮਰਦਾਂ ਦੀਆਂ ਸ਼ਮਸ਼ੀਰਾਂ)

ਅੰਧਕਾਰ ਦਾ ਕਾਰਖ਼ਾਨਾ
     ਕੇਂਦਰ ਦੇ ਵਜ਼ੀਰ ਅਤੇ ਖਰੀਦਿਆ ਹੋਇਆ ਮੀਡੀਆ ਅਜੇ ਤੱਕ ਓਹੀ ਵਰਿੰਦਗਾਨ ਗਾ ਰਿਹਾ ਹੈ : ਇਹ ਗੁਮਰਾਹ ਹੋਏ ਲੋਕ ਹਨ। ਇਹ ਸੰਵੇਦਨਹੀਣ ਵਰਿੰਦਗਾਨ ਬਹੁਤ ਆਹਤ ਕਰਦਾ ਹੈ, ਖਿਝਾਉਂਦਾ ਹੈ, ਆਪਣੇ ਸ਼ੋਰ ਨਾਲ ਪਾਗਲ ਕਰਦਾ ਹੈ। ਸ਼ਾਇਦ ਇਸ ਦਾ ਮਨਸ਼ਾ ਵੀ ਏਹੀ ਹੈ ਕਿ ਅਸੀਂ ਖਿਝ ਜਾਈਏ, ਬੇਸੁਰੇ ਹੋ ਜਾਈਏ, ਪੰਗਤ ਤੇ ਸੰਗਤ ਨਾ ਰਹੀਏ ਹਜੂਮ ਹੋ ਜਾਈਏ ਪਰ ਨਹੀਂ, ਪਰ ਅਸੀਂ ਪੰਗਤ ਤੇ ਸੰਗਤ ਹੀ ਰਹਿਣਾ ਹੈ।
         ਕੇਂਦਰ ਸਰਕਾਰ ਦਾ ਲਾਇਆ ਹੋਇਆ ਅੰਧਕਾਰ ਫੈਲਾਉਣ ਵਾਲਾ ਕਾਰਖ਼ਾਨਾ ਦਿਨ ਰਾਤ ਚੱਲਦਾ ਹੈ। ਸੋਸ਼ਲ ਮੀਡੀਆ ’ਤੇ ਇਨ੍ਹਾਂ ਦਾ ਥਾਪਿਆ ਵਿਰਾਟ ਆਈ.ਟੀ. ਸੈੱਲ ਇਕ ਫ਼ੌਜ ਵਾਂਗ ਅੱਠੇ ਪਹਿਰ ਜੰਗੀ ਪੱਧਰ ’ਤੇ ਹਨੇਰ ਬੁਣਦਾ ਹੈ। ਇਸ ਅੰਦੋਲਨ ’ਤੇ ਕਦੀ ਖੱਬੇਪੱਖੀ ਹੋਣ ਦਾ ਕਦੀ ਖ਼ਾਲਿਸਤਾਨ ਦਾ, ਕਦੀ ਚੀਨ ਪਾਕਿਸਤਾਨ ਦੀ ਚਾਲ ਵਿਚ ਆਏ ਲੋਕਾਂ ਦਾ ਠੱਪਾ ਲਾ ਦਿੰਦਾ ਹੈ। ਕਦੀ ਆਗੂਆਂ ਵਿਚ ਫੁੱਟ ਪਾਉਣ ਲਈ ਕੋਈ ਸ਼ੋਸ਼ਾ ਛੱਡਦਾ ਹੈ। ਖ਼ੁਸ਼ੀ ਦੀ ਗੱਲ ਹੈ ਕਿ ਨੌਜਵਾਨਾਂ ਟਰਾਲੀ ਟਾਈਮਜ਼ ਵਰਗੇ ਸੁਹਣੇ ਢੁਕਵੇਂ ਨਾਮ ਦੀ ਪੱਤ੍ਰਿਕਾ ਸ਼ੁਰੂ ਕਰ ਕੇ ਤੇ ਸੋਸ਼ਲ ਮੀਡੀਆ ’ਤੇ ਸਾਈਟ ਬਣਾ ਕੇ ਇਸ ਧੁੰਦ ਨੂੰ ਦੂਰ ਕਰਨ ਦਾ ਰਚਨਾਤਮਕ ਕਾਰਜ ਸ਼ੁਰੂ ਕਰ ਦਿੱਤਾ ਹੈ।
       ਜਿਹੜਾ ਅਨੂਠਾ ਸ਼ਾਨਾਂ-ਮੱਤਾ ਰੁਤਬਾ ਇਹ ਅੰਦੋਲਨ ਪ੍ਰਾਪਤ ਕਰ ਚੁੱਕਾ ਹੈ, ਉਸ ਨੂੰ ਕਾਇਮ ਰੱਖਣ ਲਈ ਸਾਨੂੰ ਸਾਰਿਆਂ ਨੂੰ ਬਹੁਤ ਸਚੇਤ ਰਹਿਣਾ ਪਵੇਗਾ। ਬਹੁਤ ਹੁਸ਼ਿਆਰ ਰਹਿਣਾ ਪਵੇਗਾ। ਸੱਚ ਦੀ ਲੜਾਈ ਹਾਰਿਆ ਹੋਇਆ ਹਾਕਮ ਕੋਈ ਵੀ ਚਾਲ ਚੱਲ ਸਕਦਾ ਹੈ। ਪਰ ਅਸੀਂ ਆਪਣੀ ਸੂਝ, ਆਪਸੀ ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਆਪਣੇ ਅੰਦੋਲਨ ਦੀ ਅਦੁੱਤੀ ਸ਼ਾਨ ਨੂੰ ਕਾਇਮ ਰੱਖਣਾ ਹੈ।
ਮੀਆਂ ਮੁਹੰਮਦ ਬਖ਼ਸ਼ ਹੋਰਾਂ ਦਾ ਲਿਖਿਆ ਸੰਭਲ ਕੇ ਤੁਰਨ ਕਰਨ ਵਾਲਾ ਦੋਹੜਾ ਯਾਦ ਆਉਂਦਾ ਹੈ :
ਸਭ ਸਈਆਂ ਰਲ ਪਾਣੀ ਨੂੰ ਗਈਆਂ ਥੋੜ੍ਹੀਆਂ ਮੁੜੀਆਂ ਭਰ ਕੇ
ਜਿਨ੍ਹਾਂ ਨੇ ਭਰ ਕੇ ਸਿਰ ਤੇ ਚੁੱਕਿਆ ਉਹ ਪੈਰ ਧਰਨ ਡਰ ਡਰ ਕੇ

ਮੇਰੇ ਕੋਲ ਤਾਂ ਬੱਸ ਇਹ ਛੇ ਤਾਰਾਂ ਵਾਲ਼ਾ ਸਾਜ਼ ਹੈ, ਮੇਰੀ ਗਿਟਾਰ।
ਵੀਹਵੀਂ ਸਦੀ ਦੀ ਅਜ਼ੀਮ ਅਮਰੀਕਨ ਗਾਇਕਾ ਜੌਨ ਬਾਇਸ ਨੇ ਕਿਹਾ ਸੀ:
ਜੰਗਬਾਜ਼ਾਂ ਦੇ ਖ਼ਿਲਾਫ਼ ਮੇਰੇ ਕੋਲ ਏਹੀ ਹਥਿਆਰ ਹੈ ; ਮੇਰਾ ਛੇ ਤਾਰਾਂ ਵਾਲਾ ਸਾਜ਼, ਮੇਰੀ ਗਿਟਾਰ।
ਜੌਨ ਬਾਇਸ ਦਾ ਯਕੀਨ ਸੀ ਕਿ ਕਵਿਤਾ ਅਤੇ ਸੰਗੀਤ ਬੰਦਿਆਂ ਦਾ ਕਾਇਆ ਕਲਪ ਕਰ ਸਕਦੇ ਹਨ। ਇਸ ਲਈ ਸਥਿਤੀਆਂ ਦਾ ਕਾਇਆ ਕਲਪ ਵੀ ਕਰ ਸਕਦੇ ਹਨ। ਜੌਨ ਬਾਇਸ ਨੇ ਸ਼ਾਂਤਮਈ ਅੰਦੋਲਨਾਂ ਦੇ ਹੱਕ ਵਿਚ ਬਹੁਤ ਸਾਰੇ ਵਿਦਰੋਹੀ ਗੀਤ ਲਿਖੇ।
       ਬਾਬਾ ਨਾਨਕ ਯਾਦ ਆਉਂਦੇ ਹਨ ਜਿਨ੍ਹਾਂ ਨੇ ਕਿੰਨੀਆਂ ਸਦੀਆਂ ਪਹਿਲਾਂ ਮਰਦਾਨੇ ਦੀ ਰਬਾਬ ਤੇ ਉਜਲੁ ਕੈਹਾ ਚਿਲਕਣਾ ਕਹਿ ਕੇ ਸੱਜਣ ਠੱਗ ਦੇ ਕਾਇਆ ਕਲਪ ਲਈ ਸਬਦ ਗਾਇਆ ਤੇ ਬਾਬਰ ਦੇ ਹਮਲੇ ਦਾ ਦਰਦ ਬਾਬੇ ਵਾਂਗ ਨਾ ਕਿਸੇ ਹੋਰ ਇਤਿਹਾਸਕਾਰ ਨੇ ਲਿਖਿਆ ਨਾ ਕਿਸੇ ਹੋਰ ਕਵੀ ਨੇ ਗਾਇਆ:  ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।
ਅਖ਼ੀਰ ਵਿਚ
(ਜੌਨ ਬਾਇਸ ਦੀ ਗਿਟਾਰ ਨੂੰ ਸਮਰਪਿਤ ਇਕ ਗੀਤ)
ਮੇਰਾ ਦਿਲ ਹੈ ਟੁਕੜੇ ਟੁਕੜੇ
ਮੇਰਾ ਦਿਲ ਹੈ ਟੁਕੜੇ ਟੁਕੜੇ
ਪਰ ਮੈਂ
ਟੁਕੜੇ ਟੁਕੜੇ ਗੈਂਗ ਨਹੀਂ
ਕਿਰਤੀ ਅਤੇ ਕਿਸਾਨ ਦੇ ਦੁਖੜੇ
ਆਮ ਜਿਹੇ ਇਨਸਾਨ ਦੇ ਦੁਖੜੇ
ਇਕ ਜ਼ਖ਼ਮੀ ਸੰਵਿਧਾਨ ਦੇ ਦੁਖੜੇ
ਪਿਆਰੇ ਹਿੰਦੋਸਤਾਨ ਦੇ ਦੁਖੜੇ
ਮੇਰੇ ਦਿਲ ਵੀਰਾਨ ਦੇ ਦੁਖੜੇ
ਦਿਲ ਹੋਇਆ ਹੈ ਟੁਕੜੇ ਟੁਕੜੇ
ਮੇਰਾ ਦਿਲ ਹੈ ਟੁਕੜੇ ਟੁਕੜੇ
ਪਰ ਮੈਂ
ਟੁਕੜੇ ਟੁਕੜੇ ਗੈਂਗ ਨਹੀਂ
ਮੇਰੀ ਵਾਜ ਦੇ ਪਿੱਛੇ ਵੱਜਦਾ
ਕੋਈ ਵਿਕਿਆ ਹੋਇਆ ਬੈਂਡ ਨਹੀਂ
ਸੱਤਵਾਦੀ ਨੂੰ ਕਹਿ ਦਿੰਦਾ ਏਂ ਝਟਪਟ ਤੂੰ ਅਤਿਵਾਦੀ
ਲੋਕ ਜਾਣਦੇ ਨੇ ਇਹ ਤੇਰੀ ਬੜੀ ਪੁਰਾਣੀ ਵਾਦੀ
ਹੋਰ ਦਲੀਲ ਨਾ ਸੁੱਝੇ ਤਾਂ ਫਿਰ ਇਹ ਪੱਕੀ ਮੁਨਿਆਦੀ
ਹੁਣ ਪਰ ਨਹੀਂ ਚੱਲਣੀ ਇਹ ਤੇਰੀ ਮੁੜ ਮੁੜ ਆਤਿਸ਼ਬਾਜ਼ੀ
ਝੂਠ ਦੇ ਕੈਸੇ ਪੈਰ ਨੇ, ਸਮਝੋ ਹੁਣ ਉੱਖੜੇ ਕਿ ਉੱਖੜੇ
ਮੇਰਾ ਦਿਲ ਹੈ ਟੁਕੜੇ ਟੁਕੜੇ
ਲੈਫ਼ਟ ਕੌਣ ਨੇ ਰਾਈਟ ਕੌਣ ਨੇ, ਮੈਨੂੰ ਭੇਤ ਜ਼ਰਾ ਨਾ
ਉਂਜ ਮੇਰਾ ਦਿਲ ਖੱਬੇ ਪਾਸੇ, ਇਸ ਵਿਚ ਸ਼ੱਕ ਰਤਾ ਨਾ
ਓਹੀ ਸੱਚਾ ਵਾਦ ਹੈ ਜਿਹੜ ਦੀਨ ਦੁਖੀ ਤੱਕ ਉੱਪੜੇ
ਮੇਰਾ ਦਿਲ ਹੈ ਟੁਕੜੇ ਟੁਕੜੇ
ਕੇਸਰੀ ਝੰਡੇ ’ਚੋਂ ਜੇ ਤੈਨੂੰ ਆਨ ਬਾਨ ਹੈ ਦਿਸਦਾ
ਹਰ ਨਿਸ਼ਾਨ ਸਾਹਿਬ ’ਚੋਂ ਤੈਨੂੰ ਖ਼ਾਲਿਸਤਾਨ ਹੈ ਦਿਸਦਾ
ਫਿਰ ਤਾਂ ਤੈਨੂੰ ਦਿਸਦਾ ਹੋਣਾ ਸਾਰੇ ਗੁਰੂ ਘਰਾਂ ’ਚੋਂ
ਹਰ ਇਕ ਗਲ਼ੀ ਮਹੱਲੇ ’ਚੋਂ ਤੇ ਹਰ ਇਕ ਸ਼ਹਿਰ ਗਰਾਂ ’ਚੋਂ
ਸ਼ੋਭਾ ਯਾਤਰਾ ਵੇਲੇ ਦਿਸਦਾ ਹਰ ਇਕ ਸੜਕ ’ਤੇ ਹੋਣਾ
ਦੇਖ ਜ਼ਰਾ ਤੂੰ ਤੇਰੀ ਅਪਣੀ ਅੱਖ ਦੀ ਰੜਕ ’ਚ ਹੋਣਾ
ਕਰਾਂ ਦੁਆਵਾਂ ਦੂਰ ਕਰੇ ਰੱਬ ਤੇਰੀ ਨਜ਼ਰ ਦੇ ਕੁੱਕਰੇ
ਮੇਰਾ ਦਿਲ ਹੈ ਟੁਕੜੇ ਟੁਕੜੇ
ਲਾ ਝੂਠੇ ਇਲਜ਼ਾਮ ਨ ਐਵੇਂ ਇਹਨਾਂ ਸੱਚਿਆਂ ਉੱਤੇ
ਅਪਣੇ ਮੂੰਹ ’ਤੇ ਪੈਂਦਾ ਹੈ, ਜੇ ਥੁੱਕੀਏ ਚੰਨ ਦੇ ਉੱਤੇ
ਮੇਰੇ ਧੀਆਂ ਪੁੱਤਰਾਂ ਦੇ ਵੀ ਚੰਨ ਜਿਹੇ ਨੇ ਮੁਖੜੇ
ਮੇਰਾ ਦਿਲ ਹੈ ਟੁਕੜੇ ਟੁਕੜੇ
ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ
ਪਰ ਵਾਜ ਦੇ ਪਿੱਛੇ ਵੱਜਦਾ
ਕੋਈ ਵਿਕਿਆ ਹੋਇਆ ਬੈਂਡ ਨਹੀਂ।

ਸੰਪਰਕ : 98145-04272