ਟੁਕੜੇ-ਟੁਕੜੇ ਗੈਂਗ ਕੌਣ ਹੈ ?  - ਸਵਰਾਜਬੀਰ

ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਸਬੰਧੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ ਆਪਣੀ ਸਿਖ਼ਰ ’ਤੇ ਹੈ। ਇਸ ਬਾਰੇ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਤਿੰਨ ਬਿਰਤਾਂਤ/ਬਿਆਨੀਏ ਸਾਹਮਣੇ ਆਏ ਹਨ। ਪਹਿਲਾ ਬਿਆਨੀਆ ਤਾਂ ਬਹੁਤ ਸਪੱਸ਼ਟ ਹੈ। ਪ੍ਰਧਾਨ ਮੰਤਰੀ, ਕੇਂਦਰੀ ਖੇਤੀ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ, ਹੋਰ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਇਹ ਵਾਰ-ਵਾਰ ਦੁਹਰਾ ਰਹੇ ਹਨ ਕਿ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਹਨ, ਇਨ੍ਹਾਂ ਕਾਨੂੰਨਾਂ ਨੇ ਕਿਸਾਨਾਂ ਨੂੰ ਆਜ਼ਾਦ ਕਰ ਦਿੱਤਾ ਹੈ, ਹੁਣ ਕਿਸਾਨ ਆਪਣੀ ਜਿਣਸ ਕਿਸੇ ਨੂੰ ਵੀ ਅਤੇ ਕਿਤੇ ਵੀ ਵੇਚ ਸਕਦੇ ਹਨ, ਉਨ੍ਹਾਂ ਨੂੰ ਵੱਧ ਭਾਅ ਮਿਲਣਗੇ, ਕਿਸਾਨਾਂ ਨੂੰ ਇਨ੍ਹਾਂ ਗੱਲਾਂ ਅਤੇ ਕਾਨੂੰਨਾਂ ਦੇ ਅਸਲੇ ਦੀ ਸਮਝ ਨਹੀਂ ਆ ਰਹੀ, ਉਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
       ਦੂਸਰਾ ਬਿਆਨੀਆ/ਬਿਰਤਾਂਤ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ 26-27 ਨਵੰਬਰ ਨੂੰ ਕਿਸਾਨ ਅੰਦੋਲਨ ਦਾ ਮੌਜੂਦਾ ਦੌਰ ਆਰੰਭਿਆ। ਇਸ ਦੌਰ ਦੌਰਾਨ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੀ ਵੇਗਮਈ ਸ਼ਕਤੀ ਸਾਹਮਣੇ ਆਈ ਅਤੇ ਉਨ੍ਹਾਂ ਨੇ ਸਿੰਘੂ ਅਤੇ ਟਿੱਕਰੀ ਵਿਚ ਹਰਿਆਣੇ ਤੇ ਦਿੱਲੀ ਦੀਆਂ ਹੱਦਾਂ ’ਤੇ ਡੇਰੇ ਲਾ ਦਿੱਤੇ। ਉਸ ਵੇਲੇ ਕੇਂਦਰੀ ਖੇਤੀ ਮੰਤਰੀ ਵੱਲੋਂ ਦੂਸਰਾ ਬਿਆਨੀਆ ਸ਼ੁਰੂ ਕੀਤਾ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਇਸ ਗੱਲਬਾਤ ਦੌਰਾਨ ਉਹ ਸਰਕਾਰ, ਜਿਹੜੀ ਪਹਿਲਾਂ ਇਹ ਰਾਗ ਅਲਾਪਦੀ ਰਹੀ ਸੀ ਕਿ ਇਹ ਕਾਨੂੰਨ ਤਾਂ ਬਹੁਤ ਸੋਚ-ਸਮਝ ਕੇ ਬਣਾਏ ਗਏ ਹਨ ਅਤੇ ਇਨ੍ਹਾਂ ਵਿਚ ਕਿਸਾਨਾਂ ਦਾ ਲਾਭ ਹੀ ਲਾਭ ਹੈ, ਇਹ ਮੰਨਣ ਲਈ ਤਿਆਰ ਹੋ ਗਈ ਕਿ ਕਾਨੂੰਨਾਂ ਵਿਚ ਕੁਝ ਖ਼ਾਮੀਆਂ ਹਨ ਅਤੇ ਉਹ (ਸਰਕਾਰ) ਇਨ੍ਹਾਂ ਕਾਨੂੰਨਾਂ ਵਿਚ ਕੁਝ ਤਰਮੀਮਾਂ ਕਰਨ ਲਈ ਤਿਆਰ ਹੈ। ਖੇਤੀ ਖੇਤਰ ਦੇ ਉੱਘੇ ਮਾਹਿਰ ਪੀ. ਸਾਈਨਾਥ ਦਾ ਕਹਿਣਾ ਹੈ ਕਿ ਸਰਕਾਰ ਦਾ ‘‘ਕਿਸਾਨਾਂ ਵੱਲੋਂ ਜਤਾਏ ਗਏ ਖ਼ਦਸ਼ਿਆਂ ਮਗਰੋਂ ਕੁੱਲ 15 ਨੁਕਤਿਆਂ ’ਚੋਂ 12 ਤੋਂ 14 ਨੂੰ ਸੋਧਣ ਲਈ ਤਿਆਰ ਹੋਣਾ’’ ਇਸ ਤੱਥ ਨੂੰ ਸਪੱਸ਼ਟ ਕਰਦਾ ਹੈ ਕਿ ‘‘ਸਰਕਾਰ ਇਨ੍ਹਾਂ ਕਾਨੂੰਨਾਂ ਵਿਚ ਗੰਭੀਰ ਖ਼ਾਮੀਆਂ ਦੀ ਗੱਲ ਨੂੰ ਮੰਨਦੀ ਹੈ।’’ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀਆਂ ਪੇਸ਼ ਕੀਤੀਆਂ ਤਰਮੀਮਾਂ ਨੂੰ ਰੱਦ ਕਰਦਿਆਂ ਇਹ ਦ੍ਰਿੜ੍ਹ ਕੀਤਾ ਹੈ ਕਿ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੈ ਕਿ ਕੇਂਦਰੀ ਸਰਕਾਰ ਦਾ ਇਹ ਦੂਜਾ ਬਿਆਨੀਆ/ਬਿਰਤਾਂਤ ਸਵੀਕਾਰ ਕਰਦਾ ਹੈ ਕਿ ਇਹ ਕਾਨੂੰਨ ਦੁੱਧ-ਧੋਤੇ ਨਹੀਂ ਅਤੇ ਸਰਕਾਰ ਵੀ ਇਨ੍ਹਾਂ ਵਿਚ ਬਦਲਾਉ ਲਿਆਉਣ ਲਈ ਤਿਆਰ ਹੈ।
         ਜਦ ਕੇਂਦਰੀ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਗੱਲਬਾਤ ਕਾਮਯਾਬ ਨਹੀਂ ਹੋ ਸਕੀ ਤਾਂ ਹੁਣ ਕੇਂਦਰੀ ਸਰਕਾਰ ਦੇ ਵੱਖ-ਵੱਖ ਮੰਤਰੀ ਅਤੇ ਭਾਜਪਾ ਦੇ ਆਗੂ ਤੀਸਰਾ ਬਿਆਨੀਆ/ਬਿਰਤਾਂਤ ਲੋਕਾਂ ਸਾਹਮਣੇ ਲਿਆ ਰਹੇ ਹਨ। ਇਸ ਬਿਰਤਾਂਤ ਨੂੰ ਜ਼ਬਾਨ ਦਿੰਦਿਆਂ ਬਿਹਾਰ ਦੇ ਬਖ਼ਤਿਆਰਪੁਰ ਇਲਾਕੇ ਵਿਚ ਭਾਜਪਾ ਦੇ ਇਕ ਸਮਾਗਮ ‘ਕਿਸਾਨ ਚੌਪਾਲ’ ਵਿਚ ਬੋਲਦਿਆਂ ਕਿਹਾ ਗਿਆ ਹੈ, ‘‘ਟੁਕੜੇ-ਟੁਕੜੇ ਗੈਂਗ ਦੇਸ਼ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਕਿਸਾਨਾਂ ਦੇ ਮੋਢਿਆਂ ’ਤੇ ਰੱਖ ਕੇ ਬੰਦੂਕ ਚਲਾ ਰਿਹਾ ਹੈ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।’’ ਇਸੇ ਤਰ੍ਹਾਂ 18 ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਲਿਖੇ ਇਕ ਖੁੱਲ੍ਹੇ ਖ਼ਤ ਵਿਚ ਕਿਹਾ ਹੈ ਕਿ ਉਹ ਲੋਕ, ਜਿਹੜੇ ਫ਼ੌਜੀਆਂ ਲਈ ਸਪਲਾਈ ਲੈ ਕੇ ਜਾ ਰਹੀਆਂ ਰੇਲ ਗੱਡੀਆਂ ਰੋਕ ਰਹੇ ਹਨ, ਕਿਸਾਨ ਨਹੀਂ ਹੋ ਸਕਦੇ। ਇਸ ਖ਼ਤ ਵਿਚ ਤੋਮਰ ਨੇ ਲੱਦਾਖ਼ ਵਿਚ ਸਰਹੱਦਾਂ ’ਤੇ ਚੱਲ ਰਹੇ ਤਣਾਉ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਹੈ। ਤੋਮਰ ਦੇ ਇਸ ‘ਖ਼ਤ’ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਦੁਬਾਰਾ ਟਵੀਟ (retweet) ਕੀਤਾ ਹੈ। ਕਹਿਣ ਦਾ ਮਤਲਬ ਹੈ ਕਿ ਹੁਣ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦੇਸ਼-ਵਿਰੋਧੀ ਦੱਸਿਆ ਜਾ ਰਿਹਾ ਹੈ। ਇਹ ਬਿਆਨੀਆ/ਬਿਰਤਾਂਤ ਕੁਝ ਦਿਨ ਪਹਿਲਾਂ ਕੁਝ ਸਰਕਾਰ-ਪੱਖੀ ਚੈਨਲਾਂ ਨੇ ਸ਼ੁਰੂ ਕੀਤਾ ਸੀ।
         ਭਾਸ਼ਾ ਵਿਚਲੀ ਹਿੰਸਾ ਵੇਖਣ ਵਾਲੀ ਹੈ ‘ਟੁਕੜੇ-ਟੁਕੜੇ ਗੈਂਗ’, ‘ਫ਼ੌਜੀਆਂ ਲਈ ਸਪਲਾਈ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਰੋਕਣ ਵਾਲੇ’’ ਆਦਿ। ਇਹੋ ਜਿਹੀ ਸੋਚ ਦਾ ਵਿਰੋਧ ਕਰਨ ਵਾਲਿਆਂ ਨੇ ਏਦਾਂ ਦੀ ਭਾਸ਼ਾ ਕਦੇ ਨਹੀਂ ਵਰਤੀ ਅਤੇ ਨਾ ਹੀ ਵਰਤਣਾ ਚਾਹੁੰਦੇ ਹਨ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਪੱਥਰਾਂ ਦਾ ਜਵਾਬ ਫੁੱਲਾਂ ਨਾਲ ਦਿੱਤਾ ਜਾਣਾ ਚਾਹੀਦਾ ਹੈ ਪਰ ਸ਼ਾਇਦ ਇਹ ਸਵਾਲ ਪੁੱਛਣ ਦਾ ਸਭ ਤੋਂ ਅਹਿਮ ਮੌਕਾ ਹੈ ਕਿ ਅਸਲੀ ‘ਟੁਕੜੇ-ਟੁਕੜੇ ਗੈਂਗ’ ਹੈ ਕੌਣ। ਕੀ ਉਹ ਕਿਸਾਨ, ਜੋ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਟੁਕੜੇ-ਟੁਕੜੇ ਗੈਂਗ ਹਨ ਜਾਂ ਉਹ ਵਿਅਕਤੀ, ਜੋ ਆਪਣੇ ਹੀ ਦੇਸ਼ ਵਾਸੀਆਂ ਵਿਰੁੱਧ ‘‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ’’ ਜਿਹੇ ਨਾਅਰੇ ਲਗਾਉਂਦੇ ਹਨ ਜਾਂ ਉਹ ਆਗੂ, ਜਿਹੜੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਨਾਗਰਿਕਾਂ ਬਾਰੇ ਕਹਿੰਦੇ ਹਨ ਕਿ ਉਹ (ਵਿਰੋਧ ਕਰਨ ਵਾਲੇ) ਤੁਹਾਡੇ ਘਰਾਂ ਵਿਚ ਵੜ ਕੇ ਤੁਹਾਡੀਆਂ ਧੀਆਂ-ਭੈਣਾਂ ਨਾਲ ਜਬਰ-ਜਨਾਹ ਕਰਨਗੇ। ਪਹਿਲਾ ਬਿਆਨ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦੇ ਹੋਏ ਦਿੱਤਾ ਅਤੇ ਦੂਸਰਾ ਭਾਜਪਾ ਦੇ ਲੋਕ ਸਭਾ ਵਿਚ ਮੈਂਬਰ ਪਰਵੇਸ਼ ਸਾਹਿਬ ਸਿੰਘ ਵਰਮਾ ਨੇ (ਉਨ੍ਹਾਂ ਚੋਣਾਂ ਦੌਰਾਨ ਹੀ)। ਕੇਂਦਰੀ ਚੋਣ ਕਮਿਸ਼ਨ ਨੇ ਇਨ੍ਹਾਂ ਬਿਆਨਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਆਗੂਆਂ ਦੇ ਦਿੱਲੀ ਵਿਧਾਨ ਸਭਾ ਵਿਚ ਪ੍ਰਚਾਰ ਕਰਨ ’ਤੇ ਵੀ ਪਾਬੰਦੀ ਲਗਾਈ ਸੀ।
          ਹੁਣ ਦੇਸ਼ ਦਾ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਕਿਸਾਨ ਅੰਦੋਲਨਕਾਰੀਆਂ ਬਾਰੇ ਇਹੀ ਭਾਸ਼ਾ ਬੋਲ ਰਿਹਾ ਹੈ। ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਆਗੂਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹੋ ਜਿਹੇ ਬਿਆਨ ਦੇਣ ਵਾਲੇ ਅਸਲੀ ‘‘ਟੁਕੜੇ-ਟੁਕੜੇ ਗੈਂਗ’’ ਹਨ ਨਾ ਕਿ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਹੋਰ ਵਰਗਾਂ ਦੇ ਹੱਕ ਵਿਚ ਲੜਨ ਵਾਲੇ। ‘ਟੁਕੜੇ-ਟੁਕੜੇ ਗੈਂਗ’ ਉਹ ਹਨ ਜਿਹੜੇ ਕਿਸਾਨਾਂ ਨੂੰ ਫ਼ੌਜੀਆਂ ਵਿਰੁੱਧ ਦੱਸ ਰਹੇ ਹਨ। ਉਹ ਭੁੱਲ ਗਏ ਕਿ ਸਰਹੱਦਾਂ ’ਤੇ ਖੜ੍ਹੇ ਫ਼ੌਜੀ ਕਿਸਾਨਾਂ ਦੇ ਹੀ ਪੁੱਤ ਨੇ। ਪਿਉ ਕਦੇ ਪੁੱਤਰਾਂ ਦੇ ਵਿਰੁੱਧ ਖੜ੍ਹੇ ਨਹੀਂ ਹੁੰਦੇ। ਅਜਿਹੀ ਸੋਚ ਦੇ ਵਿਉਂਤਕਾਰ ਹੀ ‘ਟੁਕੜੇ-ਟੁਕੜੇ ਗੈਂਗ’ ਹਨ।
         ਜੇ ਇਤਿਹਾਸਕ ਸੰਦਰਭ ਵਿਚ ਦੇਖਿਆ ਜਾਏ ਤਾਂ ਅਸਲੀ ‘ਟੁਕੜੇ-ਟੁਕੜੇ ਗੈਂਗ’ ਕੌਣ ਹੈ, ਦਾ ਫ਼ੈਸਲਾ ਬਹੁਤ ਪਹਿਲਾਂ ਹੋ ਗਿਆ ਸੀ। ਫਿਰ ਵੀ ਇਕ ਸਾਲ ਪਹਿਲਾਂ ਦਾ ਸਮਾਂ ਯਾਦ ਕਰਨ ਵਾਲਾ ਹੈ। 27 ਨਵੰਬਰ 2019 ਨੂੰ ਲੋਕ ਸਭਾ ਵਿਚ ਇਕ ਬਹਿਸ ਵਿਚ ਬੋਲਦਿਆਂ ਭਾਜਪਾ ਦੀ ਲੋਕ ਸਭਾ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਨੱਥੂ ਰਾਮ ਗੋਡਸੇ ਨੂੰ ਦੇਸ਼-ਭਗਤ ਦੱਸਿਆ ਸੀ। ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਸਾਧਵੀ ਪ੍ਰੱਗਿਆ ਨੇ ਨੱਥੂ ਰਾਮ ਗੋਡਸੇ ਨੂੰ ਦੇਸ਼-ਭਗਤ ਦੱਸਿਆ ਸੀ। ਇਹ ਕਿਹਾ ਗਿਆ ਸੀ ਕਿ ਭਾਜਪਾ ਉਸ ਦੇ ਵਿਰੁੱਧ ਕਾਰਵਾਈ ਕਰੇਗੀ ਪਰ ਅਜਿਹੀ ਕੋਈ ਕਾਰਵਾਈ ਦੇਖਣ ਵਿਚ ਨਹੀਂ ਮਿਲੀ। ਬਹੁਤ ਸਾਰੇ ਕੱਟੜਪੰਥੀ ਸਾਧਵੀ ਪ੍ਰੱਗਿਆ ਵਾਂਗ ਗੋਡਸੇ ਨੂੰ ਦੇਸ਼-ਭਗਤ ਮੰਨਦੇ ਹਨ।
          ਇਹ ਫ਼ੈਸਲਾ ਸ਼ਾਇਦ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੇ ਕੀਤਾ ਸੀ ਕਿ ਭਾਰਤ ਵਿਚ ‘ਟੁਕੜੇ-ਟੁਕੜੇ ਗੈਂਗ’ ਕੌਣ ਹੈ। ਪਟੇਲ ਨੇ ਮਹਾਤਮਾ ਗਾਂਧੀ ਦੀ ਹੱਤਿਆ (30 ਜਨਵਰੀ 1948) ਤੋਂ ਚਾਰ ਦਿਨ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ ’ਤੇ ਪਾਬੰਦੀ ਲਗਾਉਂਦਿਆਂ ਇਹ ਆਦੇਸ਼ ਜਾਰੀ ਕੀਤੇ ਸਨ, ‘‘ਇਹ ਦੇਖਿਆ ਗਿਆ ਹੈ ਕਿ ਦੇਸ਼ ਦੇ ਤਮਾਮ ਹਿੱਸਿਆਂ ਵਿਚ ਇਸ ਦੇ (ਆਰਐੱਸਐੱਸ) ਮੈਂਬਰ ਹਿੰਸਕ ਕਾਰਵਾਈਆਂ, ਜਿਨ੍ਹਾਂ ’ਚ ਅੱਗਜ਼ਨੀ, ਡਕੈਤੀ ਅਤੇ ਹੱਤਿਆਵਾਂ ਸ਼ਾਮਲ ਹਨ, ਵਿਚ ਹਿੱਸਾ ਲੈਂਦੇ ਰਹੇ ਹਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਅਤੇ ਵਿਸਫੋਟਕ ਪਦਾਰਥ ਜਮ੍ਹਾਂ ਕਰਦੇ ਰਹੇ ਹਨ। ਇਹ ਲੋਕ ਪਰਚੇ ਵੰਡਦੇ ਅਤੇ ਲੋਕਾਂ ਨੂੰ ਇਹ ਅਪੀਲ ਕਰਦੇ ਦੇਖੇ ਗਏ ਹਨ ਕਿ ਉਹ ਆਤੰਕਵਾਦੀ ਨੀਤੀਆਂ ਦਾ ਸਹਾਰਾ ਲੈਣ, ਹਥਿਆਰ ਇਕੱਠੇ ਕਰਨ ਅਤੇ ਸਰਕਾਰ ਦੇ ਵਿਰੁੱਧ ਅਸੰਤੋਸ਼ ਪੈਦਾ ਕਰਨ... ਸੰਘ ਦੇ ਮੈਂਬਰਾਂ ਨੇ ਅਣਚਾਹੀਆਂ ਅਤੇ ਖ਼ਤਰਨਾਕ ਕਾਰਵਾਈਆਂ ਕੀਤੀਆਂ ਹਨ।’’
          ਸਰਦਾਰ ਪਟੇਲ ਨੇ 27 ਫਰਵਰੀ 1948 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਲਿਖੀ ਇਕ ਚਿੱਠੀ ਵਿਚ ਕਿਹਾ, ‘‘ਸਾਵਰਕਰ (ਵਿਨਾਇਕ ਦਮੋਦਰ ਸਾਵਰਕਰ) ਦੀ ਅਗਵਾਈ ਵਾਲੀ ਹਿੰਦੂ ਮਹਾਂ-ਸਭਾ ਦੇ ਅਤਿਵਾਦੀ ਹਿੱਸੇ ਨੇ ਹੀ ਹੱਤਿਆ (ਮਹਾਤਮਾ ਗਾਂਧੀ) ਦੀ ਇਹ ਸਾਜ਼ਿਸ਼ ਘੜੀ... ਜ਼ਾਹਿਰ ਹੈ ਉਨ੍ਹਾਂ ਦੀ ਹੱਤਿਆ ਦਾ ਸਵਾਗਤ ਹਿੰਦੂਵਾਦੀ ਸੰਗਠਨਾਂ ਦੇ ਲੋਕਾਂ ਨੇ ਕੀਤਾ ਜਿਹੜੇ ਉਨ੍ਹਾਂ ਦੇ ਚਿੰਤਨ ਅਤੇ ਨੀਤੀਆਂ ਦਾ ਵਿਰੋਧ ਕਰਦੇ ਹਨ।’’ 18 ਜੁਲਾਈ 1948 ਨੂੰ ਸਰਦਾਰ ਪਟੇਲ ਨੇ ਹਿੰਦੂ ਮਹਾਂ-ਸਭਾ ਦੇ ਨੇਤਾ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਲਿਖਿਆ, ‘‘ਸਾਡੀ ਰਿਪੋਰਟ ਇਹ ਪੁਸ਼ਟੀ ਕਰਦੀ ਹੈ ਕਿ ਅਜਿਹੀਆਂ ਜਥੇਬੰਦੀਆਂ ਦੀਆਂ ਕਾਰਵਾਈਆਂ ਕਾਰਨ... ਮੁਲਕ ਵਿਚ ਅਜਿਹਾ ਮਾਹੌਲ ਬਣਿਆ ਜਿਸ ਵਿਚ ਇਹ ਤ੍ਰਾਸਦੀ (ਗਾਂਧੀ ਜੀ ਦੀ ਹੱਤਿਆ) ਮੁਮਕਿਨ ਹੋਈ। ਮੇਰੇ ਮਨ ਵਿਚ ਰੱਤੀ ਭਰ ਵੀ ਸੰਦੇਹ ਨਹੀਂ ਹੈ ਕਿ ਸਾਜ਼ਿਸ਼ ਵਿਚ ਹਿੰਦੂ ਮਹਾਂ-ਸਭਾ ਦਾ ਅਤਿਵਾਦੀ ਹਿੱਸਾ ਸ਼ਾਮਲ ਸੀ।’’
ਇਸ ਤਰ੍ਹਾਂ ਲੋਕ ਸਰਦਾਰ ਪਟੇਲ ਦੀਆਂ ਲਿਖ਼ਤਾਂ ਤੋਂ ਖ਼ੁਦ ਇਹ ਨਤੀਜਾ ਕੱਢ ਸਕਦੇ ਹਨ ਕਿ ਅਸਲੀ ‘ਟੁਕੜੇ-ਟੁਕੜੇ ਗੈਂਗ’ ਦੇ ਲੋਕ ਕਿਹੜੀਆਂ ਜਥੇਬੰਦੀਆਂ ਨਾਲ ਸਬੰਧਿਤ ਹਨ। ਇਹ ਲੋਕ ਅਜੋਕੇ ਸਮਿਆਂ ਵਿਚ ਵੀ ਉਹੀ ਕੰਮ ਕਰ ਰਹੇ ਹਨ, ਨਫ਼ਰਤ ਫੈਲਾਉਣੀ, ਹਜੂਮੀ ਹਿੰਸਾ ਕਰਨੀ, ਹਜੂਮੀ ਹਿੰਸਾ ਕਰਨ ਵਾਲਿਆਂ ਦਾ ਜਨਤਕ ਤੌਰ ’ਤੇ ਮਾਣ-ਸਨਮਾਨ ਕਰਨਾ, ਤਰਕਸ਼ੀਲ ਅਤੇ ਲੋਕ-ਪੱਖੀ ਚਿੰਤਕਾਂ, ਵਿਦਵਾਨਾਂ ਤੇ ਸਮਾਜਿਕ ਕਾਰਕੁਨਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਣਾ।
         ਅਸੀਂ ਜਿਸ ਨੈਤਿਕ ਰਸਾਤਲ ਵਿਚ ਡਿੱਗ ਪਏ ਹਾਂ, ਉਸ ਦਾ ਅੰਦਾਜ਼ਾ ਉਸ ਭਾਸ਼ਾ ਤੋਂ ਹੋ ਜਾਂਦਾ ਹੈ ਜੋ ਦੇਸ਼ ਦਾ ਕਾਨੂੰਨ ਮੰਤਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਲਈ ਵਰਤ ਰਿਹਾ ਹੈ। ਕਿਸਾਨਾਂ ਦੇ ਆਗੂਆਂ ਨੂੰ ‘ਟੁਕੜੇ-ਟੁਕੜੇ ਗੈਂਗ’ ਕਹਿਣਾ ਜਾਂ ਇਹ ਤਰਕ ਦੇਣਾ ਕਿ ‘ਟੁਕੜੇ-ਟੁਕੜੇ ਗੈਂਗ’ ਕਿਸਾਨ ਜਥੇਬੰਦੀਆਂ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾ ਰਿਹਾ ਹੈ, ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਹੇਠੀ ਹੈ। ਅਜਿਹੀ ਹਿੰਸਕ ਭਾਸ਼ਾ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਦਾ ਸੰਜਮ ਅਤੇ ਜ਼ਬਤ ਦੇਖਣ ਵਾਲਾ ਹੈ, ਉਹ ਫਿਰ ਕਹਿ ਰਹੇ ਹਨ ਕਿ ਜੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਬੁਲਾਉਣ ਤਾਂ ਉਹ ਗੱਲਬਾਤ ਕਰਨ ਲਈ ਤਿਆਰ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਿੱਖ ਗੁਰੂਆਂ, ਭਗਤੀ ਲਹਿਰ ਦੇ ਸੰਤਾਂ ਅਤੇ ਸੂਫ਼ੀਆਂ ਤੋਂ ਦੀਖਿਆ ਲਈ ਹੈ। ਬੁੱਲ੍ਹੇ ਸ਼ਾਹ ਨੇ ਕਿਹਾ ਸੀ, ‘‘ਇਕ ਲਾਜ਼ਮ ਬਾਤ ਅਦਬ ਦੀ ਹੈ।’’ ਉਹ ਜਾਣਦੇ ਹਨ ਕਿ ਗੱਲ ਅਦਬ ਤੇ ਦਲੀਲ ਨਾਲ ਕਰਨੀ ਹੈ, ਮੀਰਾਂ ਸ਼ਾਹ ਜਲੰਧਰੀ ਦਾ ਕਥਨ ਹੈ, ‘‘ਵਿਚ ਇਲਮ ਗਰੂਰ ਕਬੂਲ ਨਹੀਂ।’’ ਕਿਸਾਨ ਆਗੂ ਅਜਿਹੀ ਭਾਸ਼ਾ ਨਹੀਂ ਵਰਤ ਰਹੇ ਜਿਹੜੀ ਦੇਸ਼ ਦਾ ਕਾਨੂੰਨ ਮੰਤਰੀ ਜਾਂ ਖੇਤੀ ਮੰਤਰੀ ਵਰਤ ਰਹੇ ਹਨ।
ਲੋਕ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ‘ਟੁਕੜੇ-ਟੁਕੜੇ ਗੈਂਗ’ ਕੌਣ ਹਨ।
(ਸਰਦਾਰ ਵੱਲਭਭਾਈ ਪਟੇਲ ਵਾਲੇ ਹਵਾਲੇ ਸੁਭਾਸ਼ ਗਾਤਾਡੇ ਦੇ ਲੇਖ ‘ਗਾਂਧੀ ਸਿਮਰਤੀ : ਕਿਤਨੀ ਦੂਰ ਕਿਤਨੀ ਪਾਸ?’ ਵਿਚੋਂ ਹਨ।)