‘ਮਨੁ ਹਾਲੀ ਕਿਰਸਾਣੀ ਕਰਣੀ’: ਪੰਜਾਬ ਕੀ ਕਹਿ ਰਿਹਾ ਹੈ ? - ਸੁਮੇਲ ਸਿੰਘ ਸਿੱਧੂ

ਰਾਜਧਾਨੀ ਦੀ ਸਿੰਘੂ ਹੱਦ ’ਤੇ ਤਰਪਾਲ ਨਾਲ ਢਕੀਆਂ, ਤੰਬੂ ਵਾਂਗ ਤਾਣੀਆਂ ਟਰਾਲੀਆਂ ਨੂੰ ਚਮਕੌਰ ਦੀ ਕੱਚੀ ਗੜ੍ਹੀ ਮੰਨ ਕੇ, ਲਾਲ ਕਿਲ੍ਹੇ ਤੋਂ ਆਪਣਾ ਹੱਕ ਹਾਸਲ ਕਰਨ ਪੁੱਜੇ ਕਿਸਾਨਾਂ ਨੇ ਆਪਣੀ ਦਲੀਲ ਨਾਲ, ਜ਼ਾਬਤੇ ਨਾਲ ਤੇ ਸਭ ਤੋਂ ਵੱਧ ਆਪਣੀ ਚੜ੍ਹਦੀ ਕਲਾ ਦੇ ਵਖਾਲੇ ਨਾਲ ਪਹਿਲਾਂ ਹਰਿਆਣਾ, ਫਿਰ ਹਿੰਦੋਸਤਾਨ ਅਤੇ ਹੁਣ ਦੁਨੀਆਂ ਦਾ ਦਿਲ ਜਿੱਤਿਆ ਹੈ। ਇਨ੍ਹਾਂ ਕਿਸਾਨ-ਧਰਮੀ ਪੰਜਾਬੀਆਂ ਦੇ ਸਿਰੜੀ ਜੁੱਸੇ, ਸਿਦਕੀ ਲਿਸ਼ਕ ਅਤੇ ਸਹਿਜ-ਉਤਸਾਹੀ ਬੋਲਾਂ ਦਾ ਕੀਲਿਆ ਮੇਰਾ ਫੋਟੋਕਾਰ ਮਿੱਤਰ ਜਦੋਂ ਕਿਸਾਨਾਂ ਦੀਆਂ ਤਸਵੀਰਾਂ ਲੈ ਰਿਹਾ ਸੀ ਤਾਂ ਕਿਸੇ ਕਿਸਾਨ ਨੂੰ ਗੁਸੈਲਾ ਮੂੰਹ ਬਣਾਉਣ ਲਈ ਕਿਹਾ। ਉਲਟਾ ਉਹ ਖਿੜਖਿੜਾ ਕੇ ਹੱਸ ਪਿਆ ਤੇ ਕਿਹਾ, ‘‘ਬਾਈ ਜੀ! ਅਸੀਂ ਕਿਸਾਨ ਹੁੰਨੇ ਆਂ। ਅਸੀਂ ਗੁੱਸਾ ਨਹੀਂ ਕਰਦੇ।’’
       ਏਸ ਰੌਂਅ ਨੂੰ ਮਾਣਦਿਆਂ ਖ਼ਿਆਲ ਆਇਆ ਪੰਜਾਬੀ ਲੋਕਾਈ ਦਾ ਮਰਮੱਗ ਸਾਹਿਤਕਾਰ ਬਾਈ ਜਸਵੰਤ ਸਿੰਘ ਕੰਵਲ 22 ਸਾਲ ਦੀ ਉਮਰ ਵਿਚ ਆਪਣੀ ਪਹਿਲੀ ਕਿਤਾਬ ‘ਜੀਵਨ ਕਣੀਆਂ’ ਵਿਚ ਗਿਆਨ ਪਰੰਪਰਾ ਨੂੰ ਆਪਣੇ ਕਿਸਾਨੀ ਅਨੁਭਵ ਨਾਲ ਸੀਖਦਾ ਹੈ ਤਾਂ ਇਕ ਕਮਾਲ ਦਾ ਸੰਵਾਦ ਆਉਂਦਾ ਹੈ, ਕਿਸਾਨ ਅਤੇ ਸ਼ੌਕੀ ਵਿਚ :
‘ਆ ਮੇਲੇ ਚੱਲੀਏ।’ ਸ਼ੌਕੀ ਨੇ ਕਿਸਾਨ ਨੂੰ ਕਿਹਾ।
‘ਉਹ ਕਿਹੋ ਜਿਹਾ ਹੁੰਦਾ ਹੈ ?’
      ਕੰਵਲ ਏਥੇ ਸ਼ੌਕੀ ਅਤੇ ਕਿਸਾਨ ਹੋਣ ਵਿਚ ਮੁਢਲਾ ਫ਼ਰਕ ਦੱਸਦਾ ਹੈ ਕਿ ਸ਼ੌਕੀ ਹੋਣਾ ਕਿਸਾਨ ਹੋਣਾ ਨਹੀਂ ਹੁੰਦਾ। ਭਾਵੇਂ ਕਿਸਾਨ ਵੀ ਮੇਲੇ ਜਾਂਦੇ ਹਨ ਅਤੇ ਸ਼ੌਕੀ ਵੀ ਖੇਤੀ ਕਰਦਾ ਹੋ ਸਕਦਾ ਹੈ। ਜਿਵੇਂ ਕਿ ਗੁੱਸਾ ਆਉਣਾ ਮਨੁੱਖੀ ਵਰਤਾਰਾ ਹੈ ਪਰ ਗੁੱਸਾ ਕਰਨਾ ਕਿਸਾਨ ਨੂੰ ਸੋਭਾ ਨਹੀਂ ਦਿੰਦਾ। ਇੱਥੇ ਜ਼ਿੰਦਗੀ ਦੀਆਂ ਬੁਨਿਆਦੀ ਕਦਰਾਂ ਬਾਰੇ ਦੋ ਵੱਖਰੇ ਸੰਕਲਪ ਖੜ੍ਹੇ ਹਨ।
       ਸ਼ੌਕੀ ਦੀ ਮਾਵਾ ਲੱਗੀ ਪੱਗ ਦਾ ਟੌਰਾ, ਦਾਹੜੀ ਦੇ ਤਰਾਸ਼ੇ ਹੋਏ ਖ਼ਤ, ਅੱਖਾਂ ’ਚ ਸੁਰਮਾ, ਡਾਂਗ ’ਤੇ ਲਿਸ਼ਕਦੇ ਕੋਕੇ, ਮੁੱਛ ’ਤੇ ਸਹਿਜੇ ਫਿਰਦਾ ਹੱਥ, ਖੜ-ਖੜ ਕਰਦਾ ਧੂੰਹਵਾਂ ਚਾਦਰਾ, ਅੱਖਾਂ ਵਿਚ ਰੌਣਕ-ਮੇਲੇ ਦਾ ਉਤਸਾਹ ਤੇ ਮਸ਼ਕਰੀ - ਇਹ ਸਾਡੀ ਜਾਣੀ ਪਛਾਣੀ ਤਸਵੀਰ ਹੈ। ‘ਆ ਮੇਲੇ ਚੱਲੀਏ’ ਵਿਚਲੇ ਸੱਦੇ ਦੇ ਅੰਦਰਵਾਰ ਆਪਣੇ ਸ਼ੌਕੀ ਹੋਣ ਦਾ, ਬਾਹਰ-ਅੰਦਰ ਦਾ ਭੇਤੀ ਹੋਣ ਦਾ, ਨਵੇਂ ਅਨੁਭਵ ਦਾ ਹਾਣੀ ਹੋਣ ਦਾ ਅਤੇ ਇਸ ਲਿਹਾਜ਼ ਨਾਲ ਢੱਗੇ ਵਾਂਗ ਵਗਦੇ ਕਿਸਾਨ ਦੀ ਜੂਨ ਤੋਂ ਵੱਖਰੇ ਹੋਣ ਦਾ ‘ਕੁਦਰਤੀ’ ਅਹਿਸਾਸ ਵੀ ਸਾਡੇ ਤੱਕ ਪੁੱਜਦਾ ਹੁੰਦਾ ਹੈ।
        ਜਦੋਂਕਿ ਲਾਲਾ ਧਨੀ ਰਾਮ ਚਾਤ੍ਰਿਕ ਦਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਅਤੇ ਨੰਦ ਲਾਲ ਨੂਰਪੁਰੀ ਦਾ ‘ਪੈਰ ਧੋ ਕੇ ਝਾਂਜਰਾਂ ਪਾਉਂਦੀ, ਮੇਲ੍ਹਦੀ ਆਉਂਦੀ, ਕਿ ਸ਼ੌਂਕਣ ਮੇਲੇ ਦੀ’ ਵਿਚ ਸਾਦ-ਮੁਰਾਦਾ ਚਾਅ ਹੈ। ਇਸ ਦਾਇਰੇ ਵਿਚ ‘ਮੇਲਾ’ ਕਿਰਤ ਦੀ ਹੋਣੀ ਦਾ ਕੋਈ ਤੋੜ ਹੈ, ਉਲਟਾਅ ਹੈ। ਇਤਿਹਾਸਕ ਤੌਰ ’ਤੇ ਮੇਲਾ ਕਿਰਤ ਪ੍ਰਬੰਧ ਨਾਲ ਜੁੜਿਆ ਹੋਇਆ ਵੀ ਹੈ, ਉਸ ਦਾ ਜਸ਼ਨ ਵੀ ਹੈ ਅਤੇ ਸ਼ੌਕੀ ਹੋਣਾ ਇਸ ਦਾ ਇਕ ਆਪਣਾ ਮੌਕੇ ਦਾ ਲਿਬਾਸ ਹੈ, ਆਰਜ਼ੀ ਕਿਰਦਾਰ ਹੈ।
       ਵੇਖਣ ਵਾਲੀ ਗੱਲ ਹੈ ਕਿ ਇਸ ਤੰਦ ਨੂੰ ਜਾਣਦਿਆਂ ਵੀ ਕੰਵਲ ਏਥੇ ਸਿਰਫ਼ ‘ਸ਼ੌਕੀ’ ਕਹਿ ਰਿਹਾ ਹੈ। ਮੇਲੇ ਜਾਣ ਦੇ ਉਚੇਚ ਨੂੰ ਹੁਣ ‘ਕਿਸਾਨ’ ਨੇ ਪਲਟਾਅ ਦਿੱਤਾ ਹੈ। ਕਿਸਾਨ ਦਾ ਜਵਾਬ ਪੰਜਾਬੀ ਲੋਕਾਈ ਦੇ ਕਿਰਤੀ ਇਤਿਹਾਸ ਨੂੰ ਲਾਮਿਸਾਲ ਇਕਾਗਰਤਾ, ਅਕੀਦਤ ਅਤੇ ਖ਼ੁਮਾਰੀ ਨਾਲ ਬਿਆਨ ਕਰਦਾ ਹੈ। ‘ਉਹ ਕਿਹੋ ਜਿਹਾ ਹੁੰਦਾ ਹੈ ?’- ਇਸ ਜਵਾਬ ਦੀ ਸੰਖੇਪਤਾ, ਸਾਦਗੀ ਅਤੇ ਸਹਿਜ-ਮੱਠਾ ਲਹਿਜਾ ਸਾਡੇ ਅੰਦਰ ਲਹਿ ਜਾਂਦਾ ਹੈ। ਕਿਸਾਨ ਦਾ, ਧਰਤੀ ਪੁੱਤਰ ਦਾ ਲਹਿਜਾ ਸ਼ਾਇਦ ਇਹੋ ਹੀ ਹੁੰਦਾ ਹੈ। ਪੰਜਾਬੀ ਚਿੰਤਨ ਵਿਚ ਕਿਸਾਨ ਹੋਣ ਦਾ ਗੌਰਵ, ਕਿਰਤ ਦੀ ਮਹਾਨਤਾ ਦਾ ਨਜ਼ਰੀਆ ਅਤੇ ਪੰਜਾਬੀ ਦਰਵੇਸ਼ਾਂ ਦਾ ਰਮਜ਼ੀਆ ਉਚਾਰ ਇਸ ਪੰਜ ਸ਼ਬਦਾਂ ਵਾਲੀ ਸਤਰ ਵਿਚ ਬਾਈ ਕੰਵਲ ਨੇ ਸਥਿਰ ਕਰ ਦਿੱਤੇ ਹਨ।
        ਜੇ ਹੋਰ ਡੂੰਘੇਰੇ ਜਾਈਏ ਤਾਂ ਇਸ ਕਿਸਾਨ ਦੇ ਜਵਾਬ ਦਾ ਪਾਣੀ ਸਾਨੂੰ ਵੱਤਰ ਕਰਦਾ ਤੁਰਿਆ ਜਾਂਦਾ ਹੈ। ਨੀਲੇ ਅਸਮਾਨ ’ਤੇ ਕਦੇ ਕਾਲੇ, ਕਦੇ ਕਪਾਹ ਰੰਗੇ, ਕਦੇ ਭੂਸਲੇ ਬੱਦਲਾਂ ਦੇ ਸਦਾ ਬਦਲਦੇ ਰੰਗ, ਪੰਛੀਆਂ ਦੀਆਂ ਡਾਰਾਂ ਜਿਵੇਂ ਚੰਡੋਲ ਝੂਟਦੀਆਂ ਅੱਲ੍ਹੜਾਂ ਹੋਣ, ਤਿੱਲੇ ਦੀਆਂ ਜੁੱਤੀਆਂ ਦੀ ਲਿਸ਼ਕ ਨੂੰ ਮਾਤ ਪਾਉਂਦਾ ਆਡਾਂ ਕਿਆਰਿਆਂ ਵਿਚ ਵਿਛਿਆ ਸੋਨ-ਚਾਂਦੀਵੰਨਾ ਪਾਣੀ, ਨਾਚ ਦੇ ਖ਼ੁਮਾਰ ਤੋਂ ਵਧ ਕੇ ਝੂਮਦੀਆਂ ਹਰੀਆਂ ਕਚੂਚ ਕਣਕਾਂ, ਗਦਰਾਈਆਂ ਬੱਲੀਆਂ ਵਿਚ ਉਤਰਦੇ ਦੁੱਧ ਦੀ ਸੁਗੰਧ ਦਾ ਵਿਸਮਾਦੀ ਖੇੜਾ, ਵਗਦੇ ਖੂਹ ਦੇ ਬੰਨੇ ਜੁੜਦੀ ਦੁਨੀਆਂ ਦੇ ਰਾਗ-ਰੰਗ, ਧੁੰਦ ਦੀ ਬੁੱਕਲ ਮਾਰੀ ਬੈਠੀਆਂ ਕਣਕਾਂ, ਚੰਨ ਨਾਲ ਇਸ਼ਕ ਕਮਾਉਂਦੀਆਂ ਟਾਹਲੀਆਂ, ਸੂਰਜ ਦੇ ਤਾਪ ਨੂੰ ਆਪਣੇ ਰੰਗ ਵਿਚ ਵਟਾਉਂਦੀਆਂ ਮੱਕੀਆਂ, ਸੂਰਜ, ਚੰਨ, ਤਾਰਿਆਂ ਦਾ ਵਹੀਰ - ਕਿਸਾਨ ਨੇ ਤਾਂ ਸਾਰਾ ਮੇਲਾ ਆਪਣੇ ਖੇਤ ਵਿਚ ਲਾਇਆ ਹੋਇਆ ਹੈ! ਉਸ ਦੀ ਕਿਰਤ ਨੇ ਇਹ ਸਾਰਾ ਖੇੜਾ ਸਾਡੇ ਲਈ ਅਮਾਨਤ ਵਜੋਂ ਸਾਂਭ ਰੱਖਿਆ ਹੈ। ਕਿਸਾਨ ‘ਮੇਲੇ’ ਦੀ ਆਪਣੀ ਵਿਆਖਿਆ ਦੇ ਰਿਹਾ ਹੈ ਤੇ ਅਸੀਂ ਹਾਂ ਕਿ ਕੁਦਰਤੀ-ਸਹਿਜ ਖੇੜੇ ਨੂੰ ਅਣਡਿੱਠ ਕਰ ਕੇ, ਮੇਲੇ ਦੀ ਕਿਰਤੀ ਆਤਮਾ ਤੋਂ ਬੇਮੁਖ ਹੋ ਕੇ, ਓਸੇ ਕਿਸਾਨ ਨੂੰ ਕਿਸੇ ਬ੍ਰਾਂਡਡ/ਤਸਦੀਕਸ਼ੁਦਾ/ਫੇਟ ਜਾਣ ਦੀ ‘ਸੁਹਿਰਦ’ ਸਲਾਹ ਮਾਰਦੇ ਹਾਂ। ਪੰਜਾਬ ਦੇ ਆਰਥਿਕ ਮਾਹਰ, ਤਸਦੀਕਸ਼ੁਦਾ ਬੁੱਧੀਜੀਵੀ, ਫੇਸਬੁੱਕੀ ਪੋਸਤੀਏ, ਸੰਸਥਾਈ ਸੁਰੱਖਿਆ ਦੇ ਗਮਲਿਆਂ ਦੇ ਸੂਰਜਮੁਖੀਏ ਟਿੱਪਣੀਕਾਰ ਆਪੋ-ਆਪਣੇ ‘ਮੇਲੇ’ ਵਿਚੋਂ ਕਿਸਾਨ ਨੂੰ ਪਛੜਿਆ, ਹਿੰਸਕ, ਹਉਮੈ ਦਾ ਕੋਟ ਗਰਦਾਨਦੇ ਹਨ। ਇਹ ਟੋਲਾ ਇੰਞ ਪੰਜਾਬ ਦੀ ਹੋਣੀ ਦਾ ਅਸਲ ਜ਼ਿੰਮੇਵਾਰ ਲੱਭ ਕੇ ਫਿਰ ਆਪੋ ਆਪਣੀ ਚੰਡੋਲ ਝੂਟਣ ਜਾ ਲੱਗਦਾ ਹੈ, ਗੋਰੇ ਮੁਲਕਾਂ ਦੀ ਸੈਰ ਵਿਉਂਤਦਾ ਹੈ, ਫਰੰਗੀ ਲਾਣੇ ਤੋਂ ਸਨਦਾਂ ਲਈ ਤਾਂਘਦਾ ਹੈ। ਕਰਾਰੇ ਫ਼ਿਕਰੇ-ਮਰਿਆਦਾਹੀਣ ਮਸ਼ਕਰੀਆਂ-ਫੇਸਬੁਕੀ ਫ਼ਸਾਦਾਂ ਦੇ ‘ਸ਼ੌਕੀ’ ਹੁਣ ਨਵੀਂ ਟੌਅਰ ਨਾਲ ਪਛਾਣਾਂ ਦੀ ਸਿਆਸਤ ਦੇ ਬੰਦੀਖਾਨਿਆਂ ’ਚੋਂ ਸਾਡੇ ਖਿੱਤੇ ਦੀ ਪਾਪੂਲਰ ਵਿਆਖਿਆ ਦੇ ਰਹੇ ਹਨ!
         ਅੱਡਰੀ/ਅਸਲ/ਖ਼ਾਲਸ ਪਛਾਣ ਦਾ ਤਰਕ ਆਪਣੇ ਤੇ ਬੇਗਾਨੇ ਦੀ, ਅਸੀਂ ਤੇ ਤੁਸੀਂ ਦੀ ਲਗਾਤਾਰ ਕੰਧ ਕੱਢਦਾ ਰਹਿੰਦਾ ਹੈ। ਜਦੋਂਕਿ ਕਿਸਾਨ-ਧਰਮੀ ਹੋਣਾ ਇਨ੍ਹਾਂ ਵਿਜੋਗੇ ਹੋਏ ਜੁੱਟਾਂ ਦੇ ਸੰਜੋਗੇ ਜਾਣ ਦੀ ਸਿਆਸਤ ਹੈ ਜਿਸ ਦੀ ਨੀਂਹ ਕਿਰਤੀ ਹੋਣ ਦੇ ਮਾਣ ਨਾਲ ਧਰੀ ਗਈ ਹੈ। ਇੰਞ ਦੇਖਿਆਂ ਸ਼ੌਕੀ ਅਤੇ ਕਿਸਾਨ ਦੋ ਕਿਰਦਾਰ ਨਹੀਂ, ਦੋ ਮਨੁੱਖ ਨਹੀਂ ਸਗੋਂ ਦੋ ਦ੍ਰਿਸ਼ਟੀਕੋਣ ਜਾਂ ਦੋ ਨਜ਼ਰੀਏ ਵੀ ਹਨ ਅਤੇ ਉਚੇਚ ਅਤੇ ਸਹਿਜ ਦੇ ਦੋ ਸੰਕਲਪਾਂ ’ਤੇ ਉੱਸਰੇ ਦੋ ਸੱਭਿਆਚਾਰ ਵੀ ਹਨ। ਕੰਵਲ ਇਸ ਤਰ੍ਹਾਂ ਕਿਰਸਾਣੀ ਨੂੰ ਨਿਰੋਲ ਆਰਥਿਕ ਅੰਕੜਾ ਨਹੀਂ ਰਹਿਣ ਦਿੰਦਾ, ਵਡੇਰੇ ਸਮਾਜਚਾਰੇ ਦਾ ਸਿਰਫ਼ ਇਕ ਪੁਰਜ਼ਾ ਜਾਂ ਸੰਦ ਨਹੀਂ ਸਮਝਦਾ ਸਗੋਂ ਕਿਰਸਾਣ ਹੋਣ ਦਾ ਹੁਸਨ-ਇਖ਼ਲਾਕ ਸਾਡੇ ਸਾਹਮਣੇ ਲਿਆ ਧਰਦਾ ਹੈ। ਇਸ ਇਖ਼ਲਾਕੀ ਉਸਾਰ ਵਿਚ ‘ਮਾਤਾ ਧਰਤਿ ਮਹਤੁ’ ਹੈ, ‘ਪਾਣੀ ਪਿਤਾ’ ਹੈ, ‘ਮਨੁ ਹਾਲੀ’ ਹੈ, ‘ਕਿਰਸਾਣੀ ਕਰਣੀ’ ਹੈ, ‘ਤਨੁ ਖੇਤੁ’ ਹੈ, ‘ਹਲੁ ਹਲੇਮੀ’ ਹੈ। ਇਨ੍ਹਾਂ ਤੱਤਾਂ ਨਾਲ ਇਕਸੁਰ ਹੁੰਦਿਆਂ, ‘ਸਤੁ ਸੰਤੋਖ’ ਦੇ ਬਲਦਾਂ ਨਾਲ ਵਾਹੁੰਦਿਆਂ ਉਹ ਘੜੀ ਆਉਂਦੀ ਹੈ ਜਦੋਂ ਫ਼ਸਲ ਪੱਕਦੀ ਹੈ, ‘ਚਉਥੇ ਪਹਰੈ ਰੈਣਿ ਕੇ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤ’। ਇਸ ਅਮਲ ਵਿਚੀਂ ਗੁਜ਼ਰਦਿਆਂ ਕਿਸਾਨ ਦੇ ਹੁਸਨ-ਇਖ਼ਲਾਕ ਦੀ ਮਹਿਮਾ ਕਰਦਿਆਂ ਕੰਵਲ ਕਿਸਾਨ ਹੋਣ-ਕਹਾਉਣ ਦੇ ਧਰਮ ਦਾ ਨਕਸ਼ਾ ਖਿੱਚ ਦਿੰਦਾ ਹੈ:
‘ਇਹ ਕਣਕ, ਖੇੜਾ, ਮਹਿਕ ਤੇ ਸ਼ਹਿਦ
ਸਾਰੀ ਦੁਨੀਆ ਲਈ ਹੈ।
ਮੇਰਾ ਪਿਆਰ ਸਾਰੀ ਮਨੁੱਖਤਾ ਲਈ-
ਮੈਂ ਨਹੀਂ ਵੇਖ ਸਕਦਾ ਟੁੱਟਿਆ ਸਿੱਟਾ,
ਮੁਰਝਾਇਆ ਫੁੱਲ ਤੇ ਤਰਸਿਆ ਚਿਹਰਾ।
ਮਨੁੱਖਤਾ ਦੀ ਵਫ਼ਾਦਾਰੀ ਤੇ ਪਿਆਰ ਦੀ ਸਰਦਾਰੀ
ਮੇਰਾ ਅਟੱਲ ਈਮਾਨ।
ਮੈਂ ਖੇੜੇ ਦਾ ਅਵਤਾਰ ਹਾਂ,
ਆਪਣੇ ਬੈਲਾਂ ’ਚ ਖਲੋਤਾ ਕਿਸਾਨ।’
       ਗ਼ੌਰ ਕਰੀਏ ਕਿ ਆਰਥਿਕ-ਸਮਾਜਿਕ-ਸੱਭਿਆਚਾਰਕ ਕਾਰਜ ਵਜੋਂ ਪੰਜਾਬ ਵਿਚ ਖੇਤੀ ਦਾ ਅਨੁਭਵ 15-16ਵੀਂ ਸਦੀ ਤੋਂ ਲੈ ਕੇ 1960ਵਿਆਂ ਤੱਕ ਬੁਨਿਆਦੀ ਤੌਰ ’ਤੇ ਸਾਵੀਂ ਤੋਰ ਤੁਰਦਾ ਆਇਆ ਸੀ। ਕੁਝ ਕੁ ਤਬਦੀਲੀਆਂ ਦੇ ਬਾਵਜੂਦ ਖੇਤੀਬਾੜੀ ਦੇ ਰਵਾਇਤੀ ਢੰਗ-ਤਰੀਕੇ ਜਾਰੀ ਰਹੇ, ਪੈਦਾਵਾਰ ਵਿਚ ਕੋਈ ਗੁਣਾਤਮਕ ਵਾਧਾ ਨਾ ਹੋਇਆ ਸਗੋਂ ਨਵੀਆਂ ਜ਼ਮੀਨਾਂ, ਮਾਰੂ ਬਾਰਾਂ ਨੂੰ ਵਾਹੀਯੋਗ ਬਣਾਉਣ ਸਦਕਾ ਮੁਗ਼ਲਾਂ ਅਤੇ ਫਿਰ ਅੰਗਰੇਜ਼ੀ ਰਾਜ ਵਿਚ ਖੇਤੀਬਾੜੀ ਦੀ ਪੈਦਾਵਾਰ ਵਧੀ। ਵਪਾਰਕ ਮੰਡੀਕਰਣ ਸਦਕਾ ਪੰਜਾਬ ਸੰਸਾਰ ਆਰਥਿਕਤਾ ਦੇ ਤਾਣੇ ਵਿਚ ਬੱਝਦਾ ਗਿਆ। ਪੇਂਡੂ ਰਹਿਤਲ ਦੀ ਲਗਾਤਾਰਤਾ ਬਣੀ ਰਹੀ। ਕਿਸਾਨ ਫ਼ੌਜਾਂ ਵਿਚ ਵੀ ਜਾਂਦੇ ਰਹੇ, ਨਵੀਆਂ ਧਰਤੀਆਂ ਦੇ ਅਨੁਭਵ ਵੀ ਹਾਸਲ ਕਰਦੇ ਰਹੇ, ਸਿੱਖਿਆ-ਰੁਜ਼ਗਾਰ-ਸ਼ਹਿਰ ਵਾਲੀ ‘ਤਰੱਕੀ’ ਦਾ ਪਾਠ ਵੀ ਚੱਲਦਾ ਰਿਹਾ, ਪਰ ਕਿਰਸਾਣੀ- ਲੋਕ ਬੋਧ- ਪਿੰਡ ਇਨ੍ਹਾਂ ਵਰਤਾਰਿਆਂ ਨੂੰ ਆਪਣੇ ਵਿਚ ਜਜ਼ਬ ਕਰਦਾ ਰਿਹਾ।
       ਪ੍ਰੋ. ਪੂਰਨ ਸਿੰਘ ਇਸ ਹੁਸਨ-ਇਖ਼ਲਾਕ ਨੂੰ ਬਹੁਤ ਉੱਚਾ ਦਰਜਾ ਦੇਂਦੇ ਹਨ ਅਤੇ ਆਪਣੀ ਕਾਮਲ ਲਿਆਕਤ, ਮੁਹਾਰਤ ਅਤੇ ਗਿਆਨ ਨੂੰ ਇਨ੍ਹਾਂ ‘ਹਲ ਵਾਹੁਣ ਵਾਲੇ’ ਪੇਂਡੂਆਂ ਦੀ ਕਿਰਤੀ ਸਾਦਗੀ ਤੋਂ ਵਾਰ ਦਿੰਦੇ ਹਨ। ਖ਼ੁਦ ਨੂੰ ‘ਜੱਟ ਬੂਟ’ ਅਖਵਾਉਂਦੇ ਹਨ, ਜਿਵੇਂ ਬੁੱਲ੍ਹਾ ਖ਼ੁਦ ਨੂੰ ‘ਅਰਾਈਂ’ ਕਹਾਉਂਦਾ ਹੈ :
‘ਓਏ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,
ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,
ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,
ਜੱਟ ਬੂਟ ਮੇਰੇ ਯਾਰ ਵੋ!’
       ਪ੍ਰੋ. ਪੂਰਨ ਸਿੰਘ ਇਨ੍ਹਾਂ ਹਲ ਵਾਹੁਣ ਵਾਲਿਆਂ ਨੂੰ ਪੰਜਾਬ ਦੇ ਦਰਿਆਵਾਂ ਦੀ ਪਿਆਰ-ਅੱਗ ਦੀ ਆਬ ਦਾ ਰਾਖਾ ਮੰਨਦੇ ਹਨ। ‘ਰਾਂਝੇਟੜੇ ਦੇ ਨਿੱਕੇ-ਵੱਡੇ ਭਰਾ’ ਹੋਣ ਦਾ ਮਾਣ ਜਜ਼ਬ ਹੈ ਇਨ੍ਹਾਂ ‘ਜਵਾਨ ਪੰਜਾਬ ਦੇ’ ਜੁੱਸਿਆਂ ਵਿਚ। ‘ਓੜਕਾਂ ਦਾ ਰੂਹ-ਜ਼ੋਰ ਆਇਆ ਪੰਜਾਬ ਵਿਚ’ ਦੇ ਪੁੰਜ ਇਹ ਕਿਸਾਨ ਜੁੱਸਿਆਂ ਦੇ ਹੁਸਨ-ਇਖ਼ਲਾਕ ਦਾ ਦੀਦਾਰ ਕਰੀਏ:
‘ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ’ਤੇ ਉਲਾਰਦੇ।’
ਕੰਵਲ ਦੇ ਸ਼ਬਦਾਂ ਦੀ ਲੋਅ ਵਿਚ ਆਖੀਏ ਤਾਂ ਇਹ ਜੁੱਸੇ ਆਪਣੇ-ਆਪ ਵਿਚ ਮੇਲਾ ਹਨ।
       1960ਵਿਆਂ ਵਿਚ ਅੰਨ ਦੀ ਭਾਰੀ ਤੋਟ ਆਈ, ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦਿਨ ਵਿਚ ਤਿੰਨ ਡੰਗ ਦੀ ਥਾਂ ਖ਼ੁਦ ਦੋ ਡੰਗ ਰੋਟੀ ਖਾਣ ਦੀ ਪਹਿਲ ਕੀਤੀ ਅਤੇ ਦੇਸਵਾਸੀਆਂ ਨੂੰ ਵੀ ਅਪੀਲ ਕੀਤੀ। ਪੰਜਾਬ ਹਰਿਆਣਾ ਇਕ ਤੋਂ ਦੋ ਹੋ ਰਹੇ ਸਨ; ਸੁਧਰੇ ਬੀਜ, ਕੀਟਮਾਰੂ, ਨਦੀਨਮਾਰੂ ਸਪਰੇਆਂ, ਕਿਸਾਨ ਮੇਲੇ, ਮੰਡੀਕਰਣ, ਵੱਧ ਤੋਂ ਵੱਧ ਝਾੜ ਲੈਣ ਲਈ ਮੁਕਾਬਲੇ, ‘ਉੱਨਤ ਕਿਸਾਨ’ ਸਨਮਾਨ ਸਦਕਾ ਭੋਜਨ ਸੁਰੱਖਿਆ ਲਈ ਸਰਕਾਰ ਨੇ ਕਿਸਾਨੀ ਨੂੰ ਵੰਗਾਰ ਲਿਆ। ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲਾਇਆ ਤੇ ਫ਼ਸਲੀ ਝਾੜ ਰਾਹੀਂ ਜਨਤਕ ਵੰਡ ਢਾਂਚੇ ਰਾਹੀਂ ਰਿਆਇਤੀ ਮੁੱਲ ’ਤੇ ਅੰਨ ਭਾਰਤ ਦੇ ਆਮ ਲੋਕਾਂ ਤੱਕ ਪੁੱਜਦਾ ਕੀਤਾ। ਕਿਸਾਨ ਅਤੇ ਖਪਤਕਾਰਾਂ ਵਿਚ ਸਰਕਾਰ ਦੀ ਵਿਚੋਲਗੀ ਭਾਰਤੀ ਲੋਕਾਂ ਦੀ ਅੰਨ ਸੁਰੱਖਿਆ ਦੀ ਜ਼ਾਮਨ ਸੀ। ਇਸ ਸਾਂਝੇ ਜੁੱਟ ਨੇ ਤੰਗੀਆਂ ਦੇ ਬਾਵਜੂਦ ਹਿੰਦੋਸਤਾਨ ਨੂੰ ਆਤਮ ਨਿਰਭਰ ਬਣਾਈ ਰੱਖਣ ਵਿਚ ਹਿੱਸਾ ਪਾਇਆ।
          ਇੰਦਰਜੀਤ ਹਸਨਪੁਰੀ ਦਾ ਲਿਖਿਆ ਤੇ ਸੁਰਿੰਦਰ ਕੌਰ-ਹਰਚਰਨ ਗਰੇਵਾਲ ਦਾ ਗਾਇਆ ਗੀਤ ‘ਹੋਇਆ ਕੀ ਜੇ ਕੁੜੀ ਏਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ’ ਇਸ ਸਾਂਝੇ ਜੁੱਟ ਵਿਚ ਪੇਂਡੂ ਕਿਸਾਨੀ ਦੇ ਬਰਾਬਰ ਦਾ ਭਾਈਵਾਲ ਹੋਣ ਦੀ ਗਵਾਹੀ ਦਿੰਦਾ ਹੈ। ਕਿਸਾਨੀ ਕਿੱਤੇ ਦੀ ਕਦਰ ਬਣੀ ਹੋਈ ਸੀ, ਇਸ ਨਾਲ ਜੁੜਿਆ ਇਤਿਹਾਸਕ ਅਨੁਭਵ ਪੰਜਾਬ ਦੀ ਹੋਣੀ ਨੂੰ ਘੜਦਾ ਲਗਦਾ ਸੀ ਤੇ ਭਵਿੱਖ ਕੋਈ ਓਪਰੀ, ਡਰਾਉਣੀ ਚੀਜ਼ ਨਾ ਹੋ ਕੇ ਇਨ੍ਹਾਂ ਦੇ ਜੁੱਸਿਆਂ ’ਚੋਂ ਨਵੇਂ ਰੰਗ ਵਿਚ ਫੁੱਟਦਾ ਸੂਰਜ ਲਗਦਾ ਸੀ। ‘ਪਗੜੀ ਸੰਭਾਲ ਜੱਟਾ’ ਅੰਦੋਲਨ, ਗ਼ਦਰੀਆਂ, ਅਕਾਲੀਆਂ, ਕਿਰਤੀ-ਕਿਸਾਨ ਲਹਿਰਾਂ ’ਚੋਂ ਹੁੰਦਾ ਹੋਇਆ ਸੇਵਾ ਸਿੰਘ ਠੀਕਰੀਵਾਲਾ, ਤੇਜਾ ਸਿੰਘ ਸੁਤੰਤਰ, ਬਾਬਾ ਬੂਝਾ ਸਿੰਘ ਅਤੇ ਹੋਰਾਂ ਆਗੂਆਂ ਸੰਗ ਲੜਿਆ ਪੈਪਸੂ ਮੁਜ਼ਾਰਾ ਘੋਲ ਦੇ ਚਾਨਣੇ ਵਿਚ ਪੰਜਾਬੀ ਕਿਸਾਨ ਪੰਜਾਬ ਦੇ ਲੋਕਾਂ ਨੂੰ ਅਤੇ ਬਾਕੀ ਸੂਬਿਆਂ ਨੂੰ ਅਗਵਾਈ ਦੇ ਰਿਹਾ ਸੀ। ਸੰਘਰਸ਼ ਦੇ ਖੇਤ ਵਿਚ ਵੀ ਕਿਸਾਨ ਨਵੀਂ ਸੇਧ ਦੇ ਰਹੇ ਸਨ।
         ਵੀਹਵੀਂ ਸਦੀ ਦੇ ਅੱਧ ਦਾ ਪੰਜਾਬ ਬਿਲਕੁਲ ਇੰਞ ਸੀ ਜਿਵੇਂ ਕਿਸਾਨ-ਕਲਾਕਾਰ ਬਾਬਾ ਨਾਨਕ 15-16ਵੀਂ ਸਦੀ ਦੇ ਆਪਣੇ ਦੌਰ ਵਿਚ ਹਿੰਦੋਸਤਾਨ ਦੀ ਸਿਖਰ ਬਣਿਆ, ਜਿਵੇਂ 17ਵੀਂ ਸਦੀ ਵਿਚ ਸਾਂਝੀਵਾਲਤਾ ਵਾਲੇ ਹਿੰਦੋਸਤਾਨ ਦਾ ਸੰਕਲਪ ਆਦਿ ਗ੍ਰੰਥ ਦੀ ਜਿਲਦ ਵਿਚ ਬੀੜਿਆ ਜਾਂਦਾ ਹੈ; ਜਿਵੇਂ ਗੁਰੂ ਗੋਬਿੰਦ ਸਿੰਘ ‘ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ’ ਦੇ ਮੁਹਾਜ਼ ਲਈ ਕਮਰਕਸਾ ਕਸਦਿਆਂ ਵਿਚਾਰਕ ਤੌਰ ’ਤੇ ਨਵੇਂ ਹਿੰਦੋਸਤਾਨ ਦੀ ਸਿਰਜਣਾ ਲਈ ਧਰਮਯੁੱਧ ਦੇ ਨਗਾਰੇ ’ਤੇ ਚੋਟ ਕਰਦੇ ਹਨ! ਬਾਬਾ ਬੰਦਾ ਸਿੰਘ ਬਹਾਦਰ ਦੀ ਖ਼ਾਲਸਾ ਫ਼ੌਜ ਵਿਚ ਇਕ ਪਾਸੇ ਬੈਰਾਗੀ-ਸੰਨਿਆਸੀ ਹਨ, ਦੂਜੇ ਪਾਸੇ ਮੁਸਲਮਾਨ ਫ਼ਕੀਰ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਦੇ ਮੁਰੀਦ ਹਨ ਅਤੇ ਗੁਰੂ ਦਾ ਖ਼ਾਲਸਾ ਤੀਜੀ ਧਿਰ ਹੈ। ਦਿਸਦਾ ਹੈ ਕਿ ਸਾਰੇ ਹਿੰਦੋਸਤਾਨ ਦੀਆਂ ਬਲਵਾਨ ਇਖ਼ਲਾਕੀ ਧਿਰਾਂ ਦਾ ਸਾਂਝਾ ਮੋਰਚਾ ਪੰਜਾਬ ਵਿਚ ਧਰਮਯੁੱਧ ਲੜ ਰਿਹਾ ਹੈ। ਪੰਜਾਬ ਅਤੇ ਹਿੰਦੋਸਤਾਨ ਦੀ ਸਾਂਝ ਹੁਣ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ-ਸੁਰਤ-ਸ਼ਸਤਰ ਨਾਲ ਰਾਜਸੀ ਦਮਨ, ਸੰਪਰਦਾਈ ਵੰਡਵਾਦ ਅਤੇ ਜਾਤ ਪਾਤ ਵਿਰੁੱਧ ਲੜ ਰਹੀ ਸੀ।
        ਆਪਸੀ ਪ੍ਰੇਮ-ਇਸ਼ਕ-ਪਿਰਹੜੀ ਹੁਣ ਸਾਂਝੀਵਾਲਤਾ ਦੇ ਸਚਿਆਰੇ ਪਾਣੀਆਂ ਨਾਲ ਪੰਜਾਬ ਦੇ ਹੁਸਨ-ਇਖ਼ਲਾਕ ਦੀ ਫ਼ਸਲ ਵਿਚ ਵਟ ਗਈ। ਪ੍ਰੋ. ਮੋਹਨ ਸਿੰਘ ਇਸ ਉਸਾਰ ਦੀ ਨੀਂਹ ਖੂਹ ਤੋਂ ਆਉਂਦੇ ਪਾਣੀ ਦੀ ਬਰਕਤ ਨੂੰ ਮੰਨਦੇ ਹਨ:
‘ਏਥੇ ਘੰਮ ਘੰਮ ਵਗਣ ਹਵਾਵਾਂ
ਅਤੇ ਘੁੰਮੜੀਆਂ ਘੁੰਮੜੀਆਂ ਛਾਵਾਂ
ਨੀ ਮੈਂ ਅੱਗ ਸੁਰਗਾਂ ਨੂੰ ਲਾਵਾਂ
ਜਦ ਪਏ ਇਥਾਈਂ ਲੱਭ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ...’
       ਇਹ ਸਾਰਾ ਕਿਸਾਨ-ਧਰਮੀ ਉਸਾਰ ਪੰਜਾਬੀਆਂ ਦੇ ਅਨੁਭਵ ਵਿਚ ਜਜ਼ਬ ਹੈ, ਪਰ ਇਸ ਅਨੁਭਵ ਦੀ ਲਿਸ਼ਕ ਉੱਤੇ ਸਰਕਾਰਾਂ ਦੀ ਬਦਨੀਅਤੀ, ਸਰਕਾਰੀ ਨੀਤੀਆਂ ਦੀ ਕਾਲਖ ਅਤੇ ਇਸ ਖ਼ਾਮੋਸ਼ ਹਿੰਸਾ ਦੇ ਭਾਈਵਾਲ ਬੁੱਧੀਜੀਵੀਆਂ ਦੀ ‘ਹੁਸਨ-ਚਤੁਰਾਈ’ ਦੀ ਮੈਲ ਚੜ੍ਹਦੀ ਰਹੀ। ਕਿਸਾਨ-ਪਿੰਡ-ਲੋਕ ਬੋਧ ਦੀ ਦੋਖੀ ਸ਼ਹਿਰੀ-ਸੱਭਿਅਕ ਮਾਨਸਿਕਤਾ ਨੇ ਕਿਸਾਨੀ ਕਿੱਤੇ ਨੂੰ ਬੇਕਦਰਾ, ਕਿਸਾਨ ਨੂੰ ਸਮਾਜਿਕ ਪਛੜੇਵੇਂ ਦਾ ਸਿਰਨਾਵਾਂ ਅਤੇ ਪਿੰਡਾਂ ਨੂੰ ਸ਼ਹਿਰਾਂ ਦੀਆਂ ਬਸਤੀਆਂ ਬਣਾ ਦੇਣ ਦਾ ‘ਧਰਮਯੁੱਧ’ ਛੇੜਿਆ ਹੋਇਆ ਹੈ। ਇਤਿਹਾਸਕ ਤੌਰ ’ਤੇ ‘ਅਟੱਲ’ ਸਮਝੇ ਜਾ ਰਹੇ ਇਸ ਵਰਤਾਰੇ ਨੂੰ ‘ਆਧੁਨਿਕ’ ਹੋਣ, ‘ਤਰੱਕੀ’ ਕਰਨ ਅਤੇ ‘ਸੰਸਾਰ ਨਾਲ ਜੁੜੇ’ ਹੋਣ ਦੀ ਸ਼ਰਤ ਬਣਾ ਦਿੱਤਾ ਗਿਆ ਹੈ। ਇਕ ਪਾਸਿਓਂ ਸਰਕਾਰ ਖੇਤੀਬਾੜੀ ਨੂੰ ਮਿਥ ਕੇ ਘਾਟੇਵੰਦਾ ਕਿੱਤਾ ਬਣਾ ਕੇ ਕਿਸਾਨੀ ਅਤੇ ਪੰਜਾਬ ਨੂੰ ਰਗੜਾ ਲਾ ਰਹੀ ਹੈ ਤੇ ਦੂਜੇ ਪਾਸਿਓਂ ਸਾਡੇ ਯੂਨੀਵਰਸਿਟੀਆਂ, ਸੰਸਥਾਵਾਂ, ਸੈਮੀਨਾਰਾਂ, ਸਾਹਿਤਕ ਰਸਾਲਿਆਂ ਵਾਲਾ ‘ਸ਼ੌਕੀ’ ਲਾਣਾ ‘ਕਿਸਾਨ’ ਨੂੰ ਵਿਚਾਰਕ ਤੌਰ ’ਤੇ ਹੀਣਾ-ਬੌਣਾ ਸਾਬਿਤ ਕਰਨ ਦੀ ਮਸ਼ਕ ਕਰ ਰਿਹਾ ਹੈ। ਲਗਭਗ ਉਵੇਂ ਹੀ ਜਿਵੇਂ ਜੱਟ ਮਾਰਕਾ ਗਾਇਕ ਸ਼ਰੀਕਾਂ ਨੂੰ ਹੀਣਾ-ਬੌਣਾ ਆਖ ਕੇ ਆਪਣੀ ਚੜ੍ਹਤ ਦੀ ਮੁਨਾਦੀ ਕਰਦੇ ਹਨ। ਪਰ ਸ਼ੌਕੀ ਲਾਣੇ ਦੀ ਸੰਸਥਾਈ ਚੜ੍ਹਤ ਤੇ ਜੱਟ ਮਾਰਕਾ ਗੀਤਾਂ ਦੇ ਉਲਟ ਕਿਸਾਨੀ ਕਿੱਤਾ ਆਰਥਿਕ ਤੌਰ ’ਤੇ ਨਿੱਘਰ ਰਿਹਾ ਸੀ, ਸੰਤ ਰਾਮ ਉਦਾਸੀ ਬੋਲਿਆ :
‘ਜੀਹਦੇ ਸੋਹਣਿਆਂ ਸ਼ਹਿਰਾਂ ਦੀ ਸ਼ਾਨ ਮੂਹਰੇ
ਝੁਕੇ ਪਏ ਨੇ ਪਿੰਡ ਕਮਾਨ ਵਾਂਗੂੰ’
       ਪੰਜਾਬੀ ਸ਼ਾਇਰ ਪਾਸ਼ ਆਪਣੀ ਕਵਿਤਾ ‘ਯਾਰਾਂ ਨਾਲ ਸੰਵਾਦ’ ਵਿਚ ਇਸ ਤੀਹਰੀ ਲੜਾਈ ਦਾ ਮੋਰਚਾ ਬੰਨ੍ਹਦਾ ਹੈ : ਪਹਿਲਾ ਸਰਕਾਰਾਂ ਦੇ ਖ਼ਿਲਾਫ਼, ਦੂਜਾ ਉਨ੍ਹਾਂ ਸ਼ੌਕੀ ਬੁੱਧੀਜੀਵੀਆਂ ਦੇ ਖ਼ਿਲਾਫ਼ ਜੋ ਪੰਜਾਬ ਦੇ ਨਾਬਰੀ ਦੇ ਵਲਵਲੇ ਨੂੰ ਹੀ ਸਭ ਤੋਂ ਵੱਡਾ ਰੋਗ ਦੱਸਦੇ ਹਨ ਅਤੇ ਤੀਜਾ ਆਪਣੇ ਲੋਕਾਂ ਵਿਚ ਪਸਰ ਰਹੀ ਉਦਾਸੀਨਤਾ ਦੀ ਕੱਲਰ ਦੇ ਖ਼ਿਲਾਫ਼ ਜਿਸ ਕਰਕੇ ਪ੍ਰੋ. ਪੂਰਨ ਸਿੰਘ ਦਾ ਕਿਸਾਨ-ਧਰਮੀ ਪੰਜਾਬ, ਹੁਣ ਪਿੰਡ-ਕਿਸਾਨ-ਲੋਕ ਬੋਧ ਤੋਂ ਬੇਗਾਨਾ ਹੁੰਦਾ ਜਾ ਰਿਹਾ ਹੈ :
‘ਹੁਣ ਤਾਂ ਸ਼ਮਸ਼ੇਰ, ਤੇਰਾ ਪੂਰਨ ਸਿੰਘੀ ਪੰਜਾਬ
ਇਸ ਪਰਦੇਸ ਅੰਦਰ ਸਿਰਫ਼ ਇਕ ਅਰਦਾਸ ਹੈ
ਲੰਮੀ ਝੜੀ ’ਚ ਰਿਸਦੀ ਕੱਚੀ ਕੰਧ ਦੇ
ਕੁਝ ਦਿਨ ਤਗੀ ਰਹਿ ਸਕਣ ਲਈ’
         ਇਹ ਬੇਗਾਨਗੀ ਐਸੀ ਵਬਾਅ ਹੈ ਜੋ ਹੁਣ ਸਾਨੂੰ ਵੀ ਪੰਜਾਬ ਦੇ ਗੁਨਾਹਗਾਰਾਂ ਦੀ ਕਤਾਰ ਵਿਚ ਲਿਆ ਖਲ੍ਹਾਰਦੀ ਹੈ। ਨੌਜਵਾਨ ਖੇਤੀ ਤੋਂ ਬੇਗਾਨਾ ਹੈ, ਕਿਸਾਨ ਧਰਤੀ ਦੇ ਧਰਮ ਤੋਂ ਬੇਗਾਨਾ ਹੈ, ਪਿੰਡ ਆਪਣੇ ਕਿਰਤੀ ਹੋਣ ਦੇ ਮਾਣ ਤੋਂ ਬੇਗਾਨਾ ਹੈ ਤੇ ਅਸੀਂ ਪੰਜਾਬ ਵਿਚ ਰਹਿੰਦੇ ਹੋਏ, ਹੰਢਾਉਂਦੇ ਹੋਏ ਪੰਜਾਬ ਦੀ ਦਾਸਤਾਨ ਤੋਂ ਬੇਗਾਨੇ ਹਾਂ। ਜਿਵੇਂ ਪਹਿਲਾਂ ਆਪਾਂ ਕਿਸਾਨੀ ਦੇ ਹੁਸਨ-ਇਖ਼ਲਾਕ ਦੀ ਗੱਲ ਕੀਤੀ ਸੀ, ਉਵੇਂ ਹੀ ਇਸ ਬੇਗਾਨਗੀ ਦੇ ਸਫ਼ਰ ਦੀ ਦਾਸਤਾਨ ਵੀ ਕਹਿਣੀ ਬਣਦੀ ਹੈ।
         ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਪੰਜਾਬੀ ਦਾਅਵੇਦਾਰ ਪੰਜਾਬੀ ਬੋਲੀ ਨੂੰ ਪਛੜੀ ਹੋਈ ਜਾਂ ਗਵਾਰਾਂ ਦੀ ਜ਼ਬਾਨ ਆਖ ਕੇ ਵੱਡੇ ਰੁਤਬੇ ਅਤੇ ਪਹੁੰਚ ਵਾਲੇ ਲੋਕਾਂ ਦੀ ਬੋਲੀ ਵਿਚ ਲਿਖਣ ਲੱਗੇ। ਸਾਂਝੀ ਪੰਜਾਬੀ ਨੁਹਾਰ ਨੂੰ ਹਿੰਦੂ, ਸਿੱਖ ਤੇ ਮੁਸਲਮਾਨ ਵਾੜਾਬੰਦੀ ’ਚ ਤਾੜ ਕੇ ਪੰਜਾਬ ਨੇ ਆਧੁਨਿਕ ਸੰਸਾਰ ਵਿਚ ਦਾਖਲੇ ਦਾ ਵੀਜ਼ਾ ਹਾਸਲ ਕੀਤਾ। ਹੁਣ ਵੀ ਹਿੰਦੀ ਤੇ ਅੰਗਰੇਜ਼ੀ ਦੀਆਂ ਲਿਖਤਾਂ ਦਾ ਚਰਬਾ ਪੰਜਾਬੀ ਵਿਚ ਧੱਕਣ ਵਾਲਾ ਲਾਣਾ ਏਸੇ ਸਾਹਿਤਕ-ਵਿਚਾਰਕ ਮੁਹਾਜ਼ ਦਾ ਸੇਵਾਦਾਰ ਬਣਿਆ ਹੋਇਆ ਹੈ।
         ਗ਼ੌਰ ਕਰੀਏ ਕਿ ਅੱਜ ਤੋਂ ਸਵਾ ਸਦੀ ਪਹਿਲਾਂ ਪੰਜਾਬੀ ਬੋਲੀ ਨਾਲ ਜੋ ਸਲੂਕ ਕੀਤਾ ਜਾ ਰਿਹਾ ਸੀ, ਉਸ ਨੂੰ ਪਹਿਲਾਂ 1947, ਫ਼ਿਰ 1966 ਵਿਚ ਸਫ਼ਲਤਾ ਸਹਿਤ ਨੇਪਰੇ ਚਾੜ੍ਹ ਕੇ, ਹੁਣ ਉਹੀ ਸਲੂਕ ਪਿਛਲੀ ਅੱਧੀ ਸਦੀ ਤੋਂ ਖੇਤੀ-ਕਿਸਾਨੀ ਦੇ ਕਿੱਤੇ ਨਾਲ ਹੋ ਰਿਹਾ ਹੈ। ਇਸ ਤੋਂ ਵੀ ਅਗਾਂਹ ਆਉਂਦਿਆਂ ਇਨ੍ਹਾਂ ਰੁਤਬੇਦਾਰਾਂ ਦਾ ਮੋਰਚਾ ਹੁਣ ਪਿੰਡ ਨੂੰ ਹੀ ਕੋਈ ਅੰਨ੍ਹਾ ਖੂਹ ਸਿੱਧ ਕਰ ਰਿਹਾ ਹੈ ਜਿੱਥੇ ਜੱਟ/ਕਿਸਾਨ/ਪੰਜਾਬੀ ਹੁਣ ਜਾਤੀਵਾਦ ਦੇ ਡੇਰੇਦਾਰ ਹਨ, ਸ਼ੋਸ਼ਣ ਦਾ ਸਿਰਨਾਵਾਂ ਹਨ ਅਤੇ ਔਰਤ-ਵਿਰੋਧੀ ਕਿਸਮ ਦੇ ਅਤਿਵਾਦੀ ਹਨ।
        ਹੁਸਨ-ਚਤੁਰਾਈ ਦੇ ਇਸ ਕੋਟ ਦੀ ਉਸਾਰੀ ਵਿਚ ਕੁਝ ਮੁੱਢਲੇ ਫਰੇਬ ਦੇਖਣ ਵਾਲੇ ਹਨ ਜਿਵੇਂ ਕਿ ‘ਕਿਸਾਨੀ ਕਿੱਤੇ’ ਨੂੰ ਪਹਿਲੋਂ ਸਿਰਫ਼ ‘ਜੱਟ’ ਨਾਲ ਨੱਥੀ ਕਰ ਦੇਣਾ। ਬੜੀ ਸੂਖ਼ਮਤਾ ਨਾਲ ਇਕ ਪੂਰੇ ਸੂਰੇ ਕਿੱਤੇ ਨੂੰ ਜਾਤੀ ਪਛਾਣ ਦਾ ਪਰਛਾਵਾਂ ਬਣਾ ਧਰਨਾ। ਫਿਰ ਕਿਸਾਨੀ ਜਾਂ ਜੱਟ ਦੇ ਜ਼ਿਕਰ ਨੂੰ ਸਿਰਫ਼ ‘ਜੱਟਵਾਦ’ ਕਹਿੰਦੇ ਤੁਰੇ ਜਾਣਾ। ਸੋ ਕਿਸਾਨੀ ਨੂੰ ਜੱਟਵਾਦ ਦਾ ‘ਸ਼ੁਗਲ’ ਬਣਾ ਦੇਣਾ, ਜੱਟਾਂ/ਕਿਸਾਨਾਂ ਨੂੰ ‘ਸ਼ੌਕੀ’ ਗਰਦਾਨ ਦੇਣਾ - ਇਨ੍ਹਾਂ ਰੁਤਬੇਧਾਰੀ ਚਤੁਰਾਂ ਦੇ ਸੱਭਿਆਚਾਰਕ ਮੁਹਾਜ਼ ਦੀ ਸਾਂਝੀ ਚੂਲ ਹੈ। ਇਸ ਦਾ ਮਤਲਬ ਹਰਗਿਜ਼ ਨਹੀਂ ਕਿ ਇਹ ਸਮੱਸਿਆਵਾਂ, ਮਸਲੇ ਤੇ ਸਵਾਲ ਗ਼ੈਰਜ਼ਰੂਰੀ ਹਨ ਜਾਂ ਗ਼ਾਇਬ ਹਨ। ਸਵਾਲਾਂ ਦਾ ਸਵਾਲ ਇਹ ਹੈ ਕਿ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਕੀ ਪਛਾਣ ਦੀ ਸਿਆਸਤ ਕਾਰਗਰ ਹੈ ਜਾਂ ਫਿਰ ਇਸ ਲਈ ਸਾਂਝੇ ਸੰਘਰਸ਼ ਵਿੱਢਣ ਦੀ ਅਣਸਰਦੀ ਲੋੜ ਹੈ ? ਕੀ ‘ਕਿਸਾਨੀ=ਜੱਟਵਾਦ’ ਅਤੇ ‘ਹਿੰਦੋਸਤਾਨ=ਹਿੰਦੂ ਰਾਸ਼ਟਰਵਾਦ’ ਇੱਕੋ ਹੀ ਸਿੱਕੇ ਦੇ ਦੋ ਪਾਸੇ ਨਹੀਂ ਹਨ ? ਕੱਟੜਪੰਥੀਆਂ ਦੀਆਂ ਘੜੀਆਂ ਪਛਾਣਾਂ ‘ਜੱਟਵਾਦ’ ਅਤੇ ‘ਹਿੰਦੂ ਰਾਸ਼ਟਰਵਾਦ’ ਪਛਾਣਾਂ ਦੀ ਸਿਆਸਤ ਦਾ ਸਾਂਝਾ ਅਖਾੜਾ ਹਨ। ਦੇਖਣ ਨੂੰ ਵਿਰੋਧੀ ਪਰ ਢਿੱਡੋਂ ਖੰਡ ਖੀਰ ਇਨ੍ਹਾਂ ਧੁਰਿਆਂ ਦੇ ਲੋਕ-ਘਾਤੀ ਪੈਂਤੜੇ ਦੀ ਆਪਸੀ ਯਾਰੀ ਨੇ ਇਕ ਦੂਜੇ ਨੂੰ ਉਗਾਸ ਕੇ ਰੱਖਿਆ ਹੈ। ਇਸ ਵਿਚਾਰਧਾਰਕ ਮੋਰਚੇ ਤੋਂ ਪੰਜਾਬ ਦੀ ਸਾਂਝੀ ਦਾਸਤਾਨ, ਪੰਜਾਬ-ਹਰਿਆਣਾ ਸਾਂਝੀਵਾਲਤਾ ਅਤੇ ਸਾਰੇ ਹਿੰਦੋਸਤਾਨ ਨਾਲ ਸਾਰਥਕ ਸੰਵਾਦ ਦੀ ਸੰਭਾਵਨਾ ਖ਼ਿਲਾਫ਼ ਲਗਾਤਾਰ ਪਾਣੀ ਦੀ ਤੋਪ ਚਲਾਈ ਜਾਂਦੀ ਰਹੀ ਹੈ, ਬੈਰੀਕੇਡ ਲਾਏ ਜਾਂਦੇ ਰਹੇ ਹਨ। ਇਹ ਕਿਰਤ ਖ਼ਿਲਾਫ਼ ਸੰਪਰਦਾਈ ਪਛਾਣਾਂ ਦਾ ਸਾਂਝਾ ਮੋਰਚਾ ਹੈ ਜੋ ਸਿੰਘੂ-ਟਿਕਰੀ ਹੱਦਾਂ ’ਤੇ ਸਰਗਰਮ ਹੋਣ ਦੀ ਵਾਹ ਲਾ ਰਿਹਾ ਹੈ। ਇਸ ਵਿਚਾਰਕ ਪੈਂਤੜੇ ਦਾ ਧਾਰਨੀ ਹੋਣ ਲਈ ਹਿੰਦੂ ਹੋਣਾ ਲਾਜ਼ਮੀ ਨਹੀਂ। ਸਗੋਂ ਪੰਜਾਬ ਦੇ ਲੋਕਾਂ ਦੀ ਚੇਤਨਾ ਦੇ ਸੋਮਿਆਂ ਨੂੰ ਹੀਣਾ-ਬੌਣਾ ਦਰਸਾਉਣਾ, ਲੋਕਾਂ ਦੀ ਕਰਨੀ ਤੋਂ ਭਿੱਟ ਮੰਨਣੀ ਅਤੇ ਕਿਰਤੀਆਂ ਦੀ ਸਾਂਝ ਖ਼ਿਲਾਫ਼ ਪਤਵੰਤਿਆਂ ਦੀ ਪਛਾਣ ਨੂੰ ਸਿਆਸੀ ਧੁਰਾ ਬਣਾਉਣ ਵਾਲੇ ਸਿੱਖ, ਹਿੰਦੂ ਜਾਂ ਮੁਸਲਮਾਨ ਇਸ ਅਖਾੜੇ ਦੇ ਮਾਸ਼ਕੀ ਹਨ।
          ਸੋ ਇਹ ਕਿਸਾਨ ਮੋਰਚਾ ਇਸ ਬੱਝਵੇਂ, ਸੰਗਠਿਤ ਅਤੇ ਇਕ-ਦੂਜੇ ਨੂੰ ਚਰਚਾ ਵਿਚ ਬਣਾਈ ਰੱਖ ਕੇ ਸਾਂਝੀ ਬਾਤ ਨੂੰ ਦੁਰਕਾਰਨ ਵਾਲੀ ਸਿਆਸਤ ਦੇ ਜੜ੍ਹੀਂ ਬੈਠਦਾ ਦਿਸਦਾ ਹੈ। ਇਹ ਦੋਵੇਂ ਧਿਰਾਂ ਹਜੇ ਬਦਹਵਾਸ ਹਨ, ਚੁੱਪ ਹੋ ਗਈਆਂ ਹਨ, ਸੋਸ਼ਲ ਮੀਡੀਆ ’ਤੇ ਮੱਠੀ-ਮੱਠੀ ਧੂਣੀ ਪਾਈ ਬੈਠੀਆਂ ਹਨ। ਪਰ ਸਾਵਧਾਨ ਰਹੋ ਕਿ ਆਪਣੀ ਜ਼ਮੀਨ ਖਿਸਕਦੀ ਵੇਖ ਕੇ ਮੌਕਾ ਆਉਣ ’ਤੇ ਵਧੇਰੇ ਹਮਲਾਵਰ ਰੁਖ਼ ਅਖ਼ਤਿਆਰ ਕਰਨਗੀਆਂ। ਕਾਰਪੋਰੇਟੀ-ਸਰਕਾਰੀ-ਪੁਲਸੀ ਚਕਰਵਿਯੂਹ ਖ਼ਿਲਾਫ਼ ਬੜੇ ਲੰਮੇ ਸਮੇਂ ਤੋਂ ਕਾਰਵਾਈ ਜਾਰੀ ਸੀ ਤੇ ਹੁਣ ਇਹ ਸਿੱਧੀ ਟੱਕਰ ਦਾ ਮੋਰਚਾ ਬਣ ਗਿਆ ਹੈ। ਇਹ ਬਹੁਤ ਵੱਡੀ ਸਫ਼ਲਤਾ ਹੈ, ਬਹੁਤ ਕੁਰਬਾਨੀ ਅਤੇ ਸੰਘਰਸ਼ ਤੋਂ ਬਾਅਦ ਇਹ ਪੜਾਅ ਆਇਆ ਹੈ। ਪੰਜਾਬੀਆਂ ਦਾ ਏਕਾ, ਸਾਂਝੀਵਾਲਤਾ ਦੀ ਰਵਾਇਤ ਅਤੇ ਸਰਬੱਤ ਦੀ ਆਜ਼ਾਦੀ ਦਾ ਨਾਦ ਸਾਰੇ ਦੇਸ ਵਿਚੋਂ ਹੁੰਗਾਰਾ ਲੈ ਰਿਹਾ ਹੈ। ਇਸ ਮੋਰਚੇ ਸਦਕਾ ਪੰਜਾਬੀਆਂ ਦਾ ਮਨੋਬਲ ਉੱਚਾ ਹੋਇਆ ਹੈ, ਸਿਦਕ ਧਾਰਿਆ ਗਿਆ ਹੈ ਅਤੇ ‘ਸੂਰਾ ਸੋ ਪਹਿਚਾਨੀਐ’ ਦੀ ਮਜੀਠੀ ਲੀਹ ਕੱਢੀ ਗਈ ਹੈ।
        ਸਾਂਝੀਵਾਲ ਖ਼ਾਲਸਾ ਰਵਾਇਤ ਤੋਂ ਬੇਗਾਨਗੀ, ਪੰਜਾਬ ਦੇ ਸੰਕਲਪ ਤੋਂ ਭੈਅ, ਮਨਮੁਖਾਂ ਵਾਲਾ ਕਿਰਦਾਰ ਅਤੇ ਸੂਝ-ਗਿਆਨ ਦੀ ਤਰਾਸ਼ ਤੋਂ ਵਿਰਵੇ ਹੋਣ ਸਦਕਾ ਰੁਤਬੇਦਾਰਾਂ ਵੱਲੋਂ ਪੰਜਾਬ ਦੇ ਵੇਗ-ਵਿਵੇਕ ਨੂੰ ਜ਼ਲੀਲ ਕਰਨ ਦੇ ਅਗਲੇਰੇ ਖ਼ਤਰੇ ਤਿਆਰ ਬਰ ਤਿਆਰ ਖੜ੍ਹੇ ਹਨ। ਇਸ ਖ਼ਿਲਾਫ਼ ਸੱਭਿਆਚਾਰਕ-ਵਿਚਾਰਧਾਰਕ ਮੋਰਚੇ ’ਤੇ ਲਮਕਵੀਂ ਜੰਗ ਛੇੜਣ ਦੀ ਲੋੜ ਹੈ। ਬਾਈ ਕੰਵਲ ਆਗਾਹ ਕਰਦਾ ਹੈ: ‘ਜਿੰਨਾ ਚਿਰ ਪੰਜਾਬ ਇੱਕ ਥਾਂ ਹੋ ਕੇ ਲੋਹੇ ਦੀ ਲੱਠ ਨਹੀਂ ਬਣਦਾ, ਰਾਜਕੀ ਠੱਗੀਆਂ ਵਿਚ ਧੱਕੇ ਖਾਂਦਾ ਆਪਣੇ ਖਾਤਮੇ ਨੂੰ ਪਹੁੰਚ ਜਾਵੇਗਾ’।
         ਆਰਥਿਕ ਮੰਗਾਂ ਤੋਂ ਤੁਰਿਆ ਇਹ ਅੰਦੋਲਨ ਹੁਣ ਲੋਕਤੰਤਰ ਦੇ ਨਵੇਂ ਅਰਥ ਘੜ੍ਹਣ ਅਤੇ ਸਾਂਝੀਵਾਲਤਾ ਵਾਲੇ ਹਿੰਦੋਸਤਾਨ ਦਾ ਸੁਪਨਾ ਸੱਚ ਕਰਨ ਦਾ ਬਣਦਾ ਜਾ ਰਿਹਾ ਹੈ। ਸੱਭਿਆਚਾਰਕ-ਵਿਚਾਰਧਾਰਕ ਅੰਦੋਲਨ ਜ਼ਰੀਏ ਪੰਜਾਬ ਦੇ ਨਵੇਂ ਅਰਥ ਘੜ੍ਹਨ ਲਈ ਇਸੇ ਚੜ੍ਹਦੀ ਕਲਾ ਦੇ ਖੇਤ ਨੂੰ ਸਵਾਰਣ ਦੀ ਲੋੜ ਹੈ ਜਿੱਥੇ ਸਾਂਝੀਵਾਲਤਾ ਦੀ ਸਿਆਸਤ ਦਾ ਹਲ ਵਾਹਿਆ ਜਾ ਸਕੇ। ਇਸ ਲੰਬੀ ਜਦੋਜਹਿਦ ਦੀ ਤਿਆਰੀ ਹਿਤ ਅੰਦੋਲਨਕਾਰੀ ਨੌਜਵਾਨਾਂ ਦੀ ਊਰਜਾ, ਲਿਆਕਤ ਤੇ ਸੰਜਮ ਦੀ ਪੱਕ ਰਹੀ ਫ਼ਸਲ ਨੂੰ ਬੇਮੌਸਮੀ ਮੂਲਵਾਦੀ ਬਾਰਿਸ਼ ਜਾਂ ਹੋਛੀ ਜਥੇਬੰਦਕ ਸੰਕੀਰਣਤਾ ਦੀ ਗੜੇਮਾਰ ਤੋਂ ਬਚਾਅ ਕੇ ਰੱਖਣ ਦੀ ਨਵੀਂ ਵੰਗਾਰ ਸਾਨੂੰ ਉਡੀਕ ਰਹੀ ਹੈ।
        ਅਖੀਰ ਤੇ ਕਿਸਾਨਾਂ ਲਈ ਸਵਾਲ : ਕੀ ਹੁਣ ਕਿਸਾਨ ਧਰਤੀ ਦਾ ਧਰਮ ਨਿਭਾਉਣਗੇ ਤੇ ਕੁਦਰਤੀ ਖੇਤੀ, ਸਹਿਕਾਰੀ-ਸਾਂਝੀ ਖੇਤੀ ਅਤੇ ਬਰਾਬਰੀ ਦਾ ਸੱਭਿਆਚਾਰ ਸਿਰਜਣਗੇ? ਇਸ ਅਮਲ ’ਚੋਂ ਗੁਜ਼ਰਦਿਆਂ ਮੰਡੀਚਾਰੇ ਦੀ ਗ਼ੁਲਾਮੀ ਕਰਨਗੇ ਜਾਂ ਇਸ ਦਾ ਤੋੜ ਬਣਨਗੇ? ਸਰਕਾਰਾਂ ਅਤੇ ਕਾਰਪੋਰੇਟੀ ਬੁੱਚੜਾਂ ਤੋਂ ਬਚਾਅ ਕੇ ਤੇ ਨਿਰੀ ਆਪਣੀ ਲੱਤ ਹੇਠ ਰੱਖਣ ਲਈ ਧਰਤੀ ਨਾਲ ਅਸੀਂ ਉਹੋ ਸਲੂਕ ਤਾਂ ਨਹੀਂ ਕਰਾਂਗੇ ਜੋ ਆਰਕੈਸਟਰਾ ਦੀਆਂ ਔਰਤਾਂ ਨਾਲ ਕਰਨ ਦੇ ਆਦੀ ਹੋ ਚੁੱਕੇ ਹਾਂ?
       ਸਾਨੂੰ ਆਪਣੀ ਧਰਤੀ ਦੇ ਸੱਚ ਦੇ ਦੀਦਾਰ ਹੋਣ, ਖੇੜਾ ਸਾਡੇ ਸਮਾਜਚਾਰੇ ਦੇ ਅੰਦਰਵਾਰ ਵਾਸਾ ਕਰੇ ਤੇ ‘ਮੇਲਾ’ ਸਾਡੇ ਕਿਰਤੀਆਂ-ਕਿਸਾਨਾਂ ਦੇ ਕਮਾਏ ਹੋਏ ਧਰਮ ਦੀ ਲਿਸ਼ਕ ਵਿਚ ਦਿਸੇ। ਭਾਈ ਗੁਰਦਾਸ ਦੇ ਕਥਨ ‘ਗੁਰਮੁਖਿ ਮੇਲਾ ਸਚ ਦਾ’ ਦੀ ਸੇਧ ਵਿਚ ਤੁਰਦਿਆਂ ਕੰਵਲ ਆਖਦਾ ਹੈ :
‘ਮੈਂ ਜੀਵਨ ਦਾ ਰਾਹੀ।
ਪ੍ਰੀਤ ਖੇਤ ਦਾ ਕਾਮਾ ਹਾਂ ਮੈਂ, ਸਾਂਝੀ ਮੇਰੀ ਵਾਹੀ।’
       ਚੇਤੇ ਰਹੇ ਕਿ ਮਾਂ ਧਰਤੀ ਦਾ ਅਦਬ ਹੀ ਕਿਸਾਨ ਹੋਣ ਦੇ ਗੌਰਵ ਦੀ ਨੀਂਹ ਹੈ, ਕਿਰਤ ਦਾ ਈਮਾਨ ਹੈ, ਪੰਜਾਬ ਦੀ ਰਹਿਤ ਮਰਿਆਦਾ ਹੈ।
* ਇਤਿਹਾਸਕਾਰ ਅਤੇ ਡਾਇਰੈਕਟਰ, ਅਦਾਰਾ 23 ਮਾਰਚ, ਸੰਪਾਦਕ ‘ਸੇਧ’