ਦਿੱਲੀ ਲਈ ਇੱਕ ਨਜ਼ਮ - ਬਾਬਾ ਨਜਮੀ

ਭਾਰ  ਵਧੇਰੇ ਪਾ  ਨਾ ਦਿੱਲੀਏ  ਸਾਡੇ  'ਤੇ।
ਤਾਕਤ ਨੂੰ ਅਜ਼ਮਾ ਨਾ ਦਿੱਲੀਏ ਸਾਡੇ 'ਤੇ।

ਅਸੀਂ ਪੰਜਾਬੀ ਅੜੀਏ ਅਣਖੀ ਸਦੀਆਂ 'ਤੋਂ,
ਚੌਧਰ ਨਵੇਂ  ਜਮਾ ਨਾ  ਦਿੱਲੀਏ  ਸਾਡੇ 'ਤੇ।

ਇੱਟ ਦਾ ਅਸੀਂ ਜਵਾਬ ਜੇ ਦਈਏ ਪਥਰ ਨਾਲ,
ਕੱਲ ਨੂੰ ਕਰੀਂ  ਗਿਲਾ ਨਾ  ਦਿੱਲੀਏ ਸਾਡੇ 'ਤੇ।

ਫਸਲਾਂ ਅਸੀਂ ਉਗਾਈਏ ਆਪਣੇ ਮੁੜ੍ਹਕੇ ਨਾਲ,
ਹੁਕਮੀ  ਰੰਗ  ਚੜ੍ਹਾ ਨਾ  ਦਿੱਲੀਏ  ਸਾਡੇ 'ਤੇ।

ਤੈਥੋਂ ਸ਼ਾਂਤ ਨਹੀਂ ਹੋਣਾ ਡੁੱਲ੍ਹਿਆ ਸਾਡਾ ਲਹੂ,
ਕਰਨ ਚੜ੍ਹਾਈਆਂ ਆ ਨਾ ਦਿੱਲੀਏ ਸਾਡੇ 'ਤੇ।

ਤੇਰੇ ਨਾਲੋਂ ਥੋੜੇ ਸਹੀ ਪਰ ਬੁਜਦਿਲ ਨਹੀਂ ,
ਦਬੀ  ਅੱਗ ਭਖਾ  ਨਾ ਦਿੱਲੀਏ  ਸਾਡੇ 'ਤੇ।

ਧੌਣ ਝੁਕਾ ਕੇ ਜੀਣਾ ਸਾਨੂੰ ਆਉਂਦਾ ਨਹੀਂ,
ਪੁੱਠੀ ਛੁਰੀ  ਚਲਾ ਨਾ  ਦਿੱਲੀਏ  ਸਾਡੇ 'ਤੇ।

ਤੇਰੀ ਜੂਹ ਵੀ ਕਦੇ ਪੰਜਾਬ ਦਾ ਹਿੱਸਾ ਸੀ ,
ਅਪਣਾ ਬੁੱਤ ਬਣਾ ਨਾ ਦਿੱਲੀਏ ਸਾਡੇ 'ਤੇ।

ਆਜਾ  ਦੋਵੇਂ  ਮੰਨੀਏ  ਬਾਬਾ  ਨਜਮੀ  ਦੀ,
ਨਫ਼ਰਤ ਹੋਰ ਵਧਾ ਨਾ  ਦਿੱਲੀਏ ਸਾਡੇ 'ਤੇ।

ਵੈਰੀ ਹੋ ਨਾ ਜਾਈਏ ਤੇਰੇ  ਸਦੀਆਂ  ਲਈ ,
ਐਸਾ ਵਕਤ ਲਿਆ ਨਾ ਦਿੱਲੀਏ ਸਾਡੇ 'ਤੇ।