ਟੁੱਟੀ ਛੰਨ ਨੂੰ ਸ਼ੀਸ਼ ਮਹਿਲ ਕਹਿਣ ਵਾਲੇ ਧਰਤੀ ਦੇ ਜਾਏ - ਸੁਰਜੀਤ ਪਾਤਰ

ਰਘੂਰਾਏ ਜਿਸ ਨੇ ਪਿਛਲੇ 55 ਸਾਲਾਂ ਤੋਂ ਭਾਰਤ ਦੀ ਵਿਜ਼ੂਅਲ ਹਿਸਟਰੀ (ਸਮੂਰਤ ਇਤਿਹਾਸ) ਨੂੰ ਆਪਣੇ ਕੈਮਰੇ ਵਿਚ ਸਮੋਇਆ, ਅੱਸੀ ਸਾਲ ਦੀ ਉਮਰ ਵਿਚ ਸਿੰਘੂ ਬਾਰਡਰ ’ਤੇ ਪਹੁੰਚਿਆ। ਅਜੀਤ ਅੰਜੁਮ ਨਾਲ ਗੱਲਬਾਤ  ਕਰਦਿਆਂ ਰਘੂਰਾਏ ਕਹਿਣ ਲੱਗੇ : ਮੈਂ ਜੈ ਪ੍ਰਕਾਸ਼ ਨਾਰਾਇਣ ਦਾ ਅੰਦੋਲਨ ਵੀ ਦੇਖਿਆ। ਜਦੋਂ ਜੈ ਪ੍ਰਕਾਸ਼ ਨਾਰਾਇਣ ਨੂੰ ਲਾਠੀ ਲੱਗੀ ਉਹਦੀ ਫੋਟੋ ਮੈਂ ਹੀ ਖਿੱਚੀ ਸੀ। ਮੈਂ ਟਿਕਾਇਤ ਦਾ ਅੰਦੋਲਨ ਵੀ ਦੇਖਿਆ, ਮੈਂ ਅੰਨਾ ਹਜ਼ਾਰੇ ਵਾਲਾ ਅੰਦੋਲਨ ਵੀ ਦੇਖਿਆ। ਇਸ ਅੰਦੋਲਨ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ।
       ਇਹ ਜੋ ਵੀ ਹੈ, ਇਹ ਸਿਰਫ਼ ਪ੍ਰੋਟੈਸਟ ਨਹੀਂ ਇਹ ਤਾਂ ਪੂਰੇ ਦੇਸ਼ ਨੂੰ ਇਕ ਅਲੱਗ ਲੈਵਲ ’ਤੇ ਲੇ ਕੇ ਜਾਣ ਦਾ ਜਸ਼ਨ ਹੈ। ਸਾਨੂੰ ਸਾਰਿਆਂ ਨੂੰ ਇਸ ਤੋਂ ਭਵਿੱਖ ਲਈ ਸਬਕ ਲੈਣਾ ਚਾਹੀਦਾ ਹੈ।
        ਕਿੰਨੇ ਇਨਟੈਂਸ ਨੇ ਇਹ ਚਿਹਰੇ, ਕਿੰਨੇ ਸੀਰੀਅਸ। ਤੁਸੀਂ ਗੱਲ ਕਰੋ ਤਾਂ ਕਿੰਨੀ ਪਿਆਰੀ ਮੁਸਕਰਾਹਟ ਦਿੰਦੇ ਨੇ ਤੇ ਜੀ ਆਇਆਂ ਨੂੰ ਕਹਿੰਦੇ ਨੇ।
        ਇਸ ਅੰਦੋਲਨ ਦੀ ਸਭ ਤੋਂ ਵੱਡੀ ਗੱਲ, ਤੇ ਉਹ ਗੱਲ ਜਿਸ ’ਤੇ ਯਕੀਨ ਨਹੀਂ ਆਉਂਦਾ ਕਿ ਤੀਹ ਸਾਲਾਂ ਦੇ ਵਿਸ਼ਵੀਕਰਣ ਨੇ ਸਾਡੇ ਹੁਲੀਏ ਵਿਗਾੜ ਦਿੱਤੇ, ਸਾਡੇ ਕੱਪੜੇ ਸਾਡਾ ਰਹਿਣ ਸਹਿਣ ਬਦਲ ਦਿੱਤਾ। ਪਰ ਜਦੋਂ ਮੈਂ ਏਥੇ ਪਹੁੰਚਾ ਤਾਂ ਦੇਖਿਆ ਉਹ ਜਿਹੜਾ ਭਾਰਤ ਸੀ ਜਿਸ ਵਿਚ ਇਕ ਦੂਜੇ ਲਈ ਪਿਆਰ ਸੀ, ਉਹ ਅਜੇ ਵੀ ਜ਼ਿੰਦਾ ਹੈ। ਮੈਨੂੰ ਕਿਸੇ ਵੀ ਹੋਰ ਅੰਦੋਲਨ ਵਿਚ ਇਹ ਦੇਖਣ ਲਈ ਨਹੀਂ ਮਿਲਿਆ। ਗਰੀਬ ਬੱਚੇ ਇਸ ਪਿੰਡ ਦੇ ਆ ਰਹੇ ਹਨ, ਉਨ੍ਹਾਂ ਨੂੰ ਕਹਿੰਦੇ, ‘ਆਓ ਬੱਚਿਓ, ਲਾਈਨ ’ਚ ਆਓ, ਲੰਗਰ ਛਕੋ।’ ਕਿੰਨੇ ਪਿਆਰ ਨਾਲ ਸਭ ਨੂੰ ਖਾਣਾ ਦਿੱਤਾ ਜਾ ਰਿਹਾ ਹੈ, ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਤੂੰ ਕੌਣ ਹੈਂ।
       ਭਾਰਤ ਸਰਕਾਰ ਨੂੰ ਸਮਝ ਲੈਣਾ  ਚਾਹੀਦਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਇਸ ਦੀ ਗਹਿਰਾਈ ਨੂੰ ਸਮਝੇ। ਇਲਜ਼ਾਮ ਲਾਉਣੇ ਗੰਦੀ ਸਿਆਸਤ ਹੈ। ਇਨ੍ਹਾਂ ਦੀਆਂ ਤਕਲੀਫ਼ਾਂ ਬਿਲਕੁਲ ਜਾਇਜ਼ ਹਨ।
ਮੈਨੂੰ ਮਾਣ ਹੈ ਕਿ ਇਨ੍ਹਾਂ ਨੇ ਮੇਰਾ ਭਾਰਤ ਜ਼ਿੰਦਾ ਰੱਖਿਆ ਹੈ। ਏਨਾ ਪਿਆਰ, ਏਨੀ ਸ਼ਰਧਾ, ਏਨਾ ਵੱਡਾ ਹਜੂਮ, ਦੂਰ ਦੂਰ ਤੱਕ।
ਤੁਹਾਨੂੰ ਫ਼ੰਡ ਕਿੱਥੋਂ ਆਉਂਦਾ
      ਹਾਕਮਾਂ ਦੇ ਭੱਥਿਆਂ ਵਿਚ ਦੋ ਤਿੰਨ ਤਰ੍ਹਾਂ ਦੇ ਜ਼ਹਿਰ ਬੁਝੇ ਸ਼ਬਦ-ਬਾਣ ਹਨ : ਤੁਸੀਂ ਰਾਜਸੀ ਪਾਰਟੀਆਂ ਦੇ ਗੁਮਰਾਹ ਕੀਤੇ ਲੋਕ, ਤੁਸੀਂ ਚੀਨ ਤੇ ਪਾਕਿਸਤਾਨ ਨਾਲ ਤਾਰ ਮਿਲਾਈ ਬੈਠੇ ਲੋਕ, ਤੁਸੀਂ ਖ਼ਾਲਿਸਤਾਨੀ, ਤੁਸੀਂ ਖੱਬੇਪੱਖੀ। ਤੁਸੀਂ ਟੁਕੜੇ ਟੁਕੜੇ ਗੈਂਗ। ਕੱਲ੍ਹ, 26 ਦਸੰਬਰ 2020 ਦੀ ਸਵੇਰ ਵੇਲੇ ਜਲੰਧਰ ਦੂਰਦਰਸ਼ਨ ਦੇਖਦਿਆਂ ਅਹਿਸਾਸ ਹੋਇਆ ਕਿ  ਪਿਛਲੇ ਇਕ ਮਹੀਨੇ ਤੋਂ ਘਰੋਂ ਬਾਹਰ ਯਖ਼ ਸਿਆਲ ਦੀਆਂ ਰਾਤਾਂ ਦੀ ਠੰਢ ਸਹਿੰਦੇ ਕਿਸਾਨਾਂ, ਬਜ਼ੁਰਗਾਂ, ਮਾਂਵਾਂ, ਭੈਣਾਂ, ਧੀਆਂ ਪੁੱਤਰਾਂ ਲਈ ਪ੍ਰਧਾਨ ਮੰਤਰੀ ਦੇ ਮਨ ਵਿਚ ਕੋਈ ਹਮਦਰਦੀ ਦਾ ਬੋਲ ਨਹੀਂ, ਬੱਸ ਓਹੀ ਜ਼ਹਿਰ ਬੁਝੇ ਤੀਰ ਹਨ : ਇਹ ਵਿਰੋਧੀ ਪਾਰਟੀਆਂ ਦੇ ਗੁਮਰਾਹ ਕੀਤੇ ਹੋਏ ਲੋਕ ਹਨ। ਮਤਲਬ ਇਹ ਹੈ ਕਿ ਜੋ ਸਾਡੇ ਸਹਿਮਤ ਨਹੀਂ ਉਹ ਗੁਮਰਾਹ ਹੋਇਆ ਹੈ ... ਜੋ ਸਾਡਾ ਭਗਤ ਨਹੀਂ, ਉਹ ਦੇਸ਼ ਭਗਤ ਨਹੀਂ ... ਜੋ ਸਾਡੇ ਨਾਲ ਨਹੀਂ ਉਹ ਪਾਕਿਸਤਾਨ ਨਾਲ ਹੈ।
       ਪਿਛਲੇ ਦਿਨੀਂ ਇਕ ਹੋਰ ਸ਼ਬਦ-ਬਾਣ ਚੱਲਿਆ : ਤੁਹਾਨੂੰ ਫ਼ੰਡ ਕਿੱਥੋਂ ਆਉਂਦਾ? ਇਕ ਨੌਜਵਾਨ ਨੇ ਹੱਸਦਿਆਂ ਕਿਹਾ : ਉਹ ਮਾਇਆਧਾਰੀ ਜਿਹੜੇ ਤੁਹਾਡੇ ਨਾਲ ਬੈਂਕ ਘੁਟਾਲ਼ੇ ਕਰ ਕੇ ਚਲੇ ਗਏ ਸੀ, ਅਸੀਂ ਉਹ ਘੇਰ ਲਏ।
ਇਕ ਧੀ ਨੇ ਕਿਹਾ : ਸਾਨੂੰ ਪਾਕਿਸਤਾਨ ਦੀ ਧਰਤੀ ਦਾ ਜਾਇਆ ਇਕ ਪਰਮ ਪੁਰਖ ਭੇਜਦਾ ਹੈ ਸਾਰਾ ਕੁਝ। ਪੱਤਰਕਾਰ ਨੇ ਪੁੱਛਿਆ : ਉਸ ਦਾ ਨਾਮ? ਬੇਟੀ ਨੇ ਆਤਮ-ਵਿਸ਼ਵਾਸ ਅਤੇ ਰੱਬੀ ਨਿਹੁੰ ਨਾਲ ਭਰੀ ਆਵਾਜ਼ ਵਿਚ ਕਿਹਾ : ਬਾਬਾ ਨਾਨਕ।
ਸਾਡਾ ਰੇਲਾਂ ਨਾਲ ਕੀ ਰਿਸ਼ਤਾ
      26 ਅਕਤੂਬਰ 2020  ਨੂੰ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਦੁਬਾਰਾ ਪੰਜਾਬ ਵੱਲ ਰੇਲਾਂ ਤਦੇ ਚਲਾਵਾਂਗੇ ਜੇ ਪੰਜਾਬ ਸਰਕਾਰ ਸਾਨੂੰ ਇਹ ਵਿਸ਼ਵਾਸ ਦੁਆਵੇ ਕਿ ਪੰਜਾਬ ਦੇ ਕਿਸਾਨ ਰੇਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ, ਰੇਲ ਦੇ ਕਰਮਚਾਰੀਆਂ ਨੂੰ ਕੋਈ ਕਸ਼ਟ ਨਹੀਂ ਦੇਣਗੇ। ਇਹ ਪੜ੍ਹ ਕੇ ਬਹੁਤ ਸ਼ਰਮ ਆਈ ਕਿ ਇਹ ਲੋਕ ਸਾਨੂੰ ਏਨੇ ਗਿਰੇ ਹੋਏ ਸਮਝਦੇ ਨੇ ਕਿ ਅਸੀਂ ਰੇਲਾਂ ਨੂੰ ਪੱਥਰ ਮਾਰਾਂਗੇ। ਇਹ ਵੀ ਹਾਕਮ ਧਿਰ ਦਾ ਇਕ ਜ਼ਹਿਰ ਬੁਝਿਆ ਸ਼ਬਦ-ਬਾਣ ਹੀ ਸੀ। ਮਨ ਵਿਚ ਦੁੱਖ ਤੇ ਰੋਹ ਦੀ ਇਕ ਲਹਿਰ ਉੱਠੀ ਕਿ ਇਸ ਸੰਵੇਦਨਹੀਣ ਹਾਕਮ ਨੂੰ ਪਤਾ ਹੀ ਨਹੀਂ ਕਿ ਸਾਡਾ ਰੇਲਾਂ ਦੇ ਨਾਲ ਕੀ ਰਿਸ਼ਤਾ ਹੈ :
ਸਾਡਾ ਰੇਲਾਂ ਦੇ ਨਾਲ਼ ਕੀ ਰਿਸ਼ਤਾ
ਤੈਨੂੰ ਐ ਸ਼ੁਹਦਿਆ ਪਤਾ ਹੀ ਨਹੀਂ
ਸਾਡੇ ਪੁੱਤਰ ਇਨ੍ਹਾਂ ’ਚ ਜੰਗ ਨੂੰ ਗਏ
ਕਿੰਨੇ ਤੋਰੇ ਘਰੋਂ ਤੇ ਕਿੰਨੇ ਮੁੜੇ
ਆਉਂਦਿਆਂ ਜਾਂਦਿਆਂ ਦੀ ਸੁੱਖ ਮੰਗੀ
ਹੱਥ ਅਰਦਾਸ ਵਿਚ ਰਹੇ ਨੇ ਜੁੜੇ
ਫੇਰ ਪਰਦੇਸ ਨੂੰ ਗਏ ਸੀ ਜਣੇ
ਰਾਜ ਤੇਰੇ ’ਚ ਰਿਜ਼ਕ ਨਾ ਜੁੜਿਆ
ਅਸੀਂ ਰੀਝਾਂ ਸਿਉਂ  ਤੱਕਿਆ ਰੇਲਾਂ ਨੂੰ
ਇਨ੍ਹਾਂ ਵਿਚ ਬੈਠ ਕੇ ਜਦੋਂ ਮੁੜਿਆ
ਵੀਰ ਪੁੱਤਰ ਪਿਤਾ ਪਤੀ ਧੀਆਂ
ਅਸੀਂ ਰੇਲਾਂ ਨੂੰ ਦੇਈਏ ਦਿਲ ’ਚੋਂ ਦੁਆ
ਤੈਨੂੰ ਬੇ-ਪੀਰਿਆ ਪਤਾ ਹੀ ਨਹੀਂ
ਜੇ ਕਦੀ ਆਖਿਆ ਏ ਟੁੱਟ-ਪੈਣੀ
ਫੇਰ ਆਪੇ ਨੂੰ ਕੋਸਿਆ ਵੀ ਹੈ
ਲਾਮ ਟੁੱਟੀ ਤਾਂ ਦੂਰੋਂ ਆਉਂਦੀ ਨੂੰ
ਸੁੱਖਾਂ ਸੁੱਖਦੀ ਨੇ ਦੇਖਿਆ ਵੀ ਹੈ
ਅਪਣੇ ਮਾਹੀ ਦਾ ਵੇਖ ਲਾਂ ਮੁੱਖੜਾ
ਹਟ ਪਰ੍ਹਾਂ ਬਾਬੂਆ, ਕਿਹਾ ਸੀ ਮੈਂ
ਤੈਨੂੰ ਐ ਬੇ-ਦਿਲਾ ਪਤਾ ਹੀ ਨਹੀਂ
ਅਪਣੀ ਹੀ ਰੱਤ ’ਚ ਰੰਗੇ ਨੇ ਪਹੀਏ
ਜਦ ਵੀ ਇਹਨਾਂ ਨੂੰ ਰੋਕਣਾ ਹੋਇਆ
ਤੈਨੂੰ ਬੇ-ਦੀਦਿਆ ਪਤਾ ਹੀ ਨਹੀਂ
ਹਾਂ ਸਮਾਂ ਉਹ ਵੀ ਯਾਦ ਹੈ ਮੈਨੂੰ
ਇਹਨਾਂ ਰੇਲਾਂ ’ਚ ਜਦ ਭਰਾਵਾਂ ਨੇ
ਤੁਹਫ਼ਿਆਂ ਵਾਂਗ ਭੇਜੀਆਂ ਲਾਸ਼ਾਂ
ਜਦ ਮੈਂ ਬੇਹੋਸ਼ ਸਾਂ ਮੈਂ ਜ਼ਖ਼ਮੀ ਸਾਂ
ਮੈਨੂੰ ਕੁਝ ਨਈ ਮੈਂ ਕੀ ਕੀਤਾ
ਮੈਨੂੰ ਕੁਝ ਨਈਂ ਪਤਾ ਮੈਂ ਕਿਉਂ ਕੀਤਾ
ਤੇ ਉਹ ਸਦਮਾ ਦਿਲੋਂ ਗਿਆ ਹੀ ਨਹੀਂ
ਤੇ ਮੈਂ ਆਪੇ ਨੂੰ ਬਖ਼ਸ਼ਿਆ ਵੀ ਨਹੀਂ
ਉਹਦੇ ਵਿਚ ਰੇਲ ਇਕ ਗਵਾਹ ਤਾਂ ਸੀ
ਉਹਦੇ ਵਿਚ ਰੇਲ ਕੋਈ ਮੁਜਰਿਮ ਨਈਂ
ਇਹਦੇ ਗਲ਼ ਲੱਗ ਕੇ ਰੋ ਤਾਂ ਸਕਦਾ ਮੈਂ
ਇਸ ’ਤੇ ਪੱਥਰ ਨਹੀਂ ਉਠਾ ਸਕਦਾ
ਅਸੀਂ ਪੱਥਰ ਇਨ੍ਹਾਂ ਨੂੰ ਮਾਰਾਂਗੇ
ਸਾਡੀ ਇਉਂ ਆਖ ਕੇ ਤੌਹੀਨ ਨ ਕਰ
ਸਾਡੇ ਮੁਰਸ਼ਦ ਦੀ ਸ਼ਾਨ ਹੀਣ ਨ ਕਰ
ਅਸੀਂ ਰਾਖੇ ਹਾਂ, ਹੈਂਸਿਆਰੇ ਨਹੀਂ
ਤੈਨੂੰ ਐ ਪੱਥਰਾ ਪਤਾ ਹੀ ਨਹੀਂ
ਜਾ ਤੂੰ ਜਾ, ਹੋਰ ਤੈਨੂੰ ਕੀ ਆਖਾਂ
ਤੇਰਾ ਇਸ ਨਾਲ ਵਾਸਤਾ ਹੀ ਨਹੀਂ
ਐਵੇਂ ਜ਼ਖ਼ਮਾਂ ’ਤੇ ਲੂਣ ਪਾਉਨਾਂ ਏਂ
ਐਵੇਂ ਤਪਿਆਂ ਨੂੰ ਤੂੰ ਤਪਾਉਨਾਂ ਏਂ
ਸਿਰ ਨਿਵਾਈਏ ਅਸੀਂ ਤੂੰ ਚਾਹੁੰਨਾਂ ਏ
ਕੱਟ ਸਕਦੈਂ, ਨਿਵਾ ਨਹੀਂ ਸਕਦਾ
ਇਹ ਤਾਂ ਨਿਵਦੇ ਨੇ ਬੱਸ ਗੁਰਾਂ ਅੱਗੇ
ਤੈਨੂੰ ਬੇਪੀਰਿਆ ਪਤਾ ਹੀ ਨਹੀਂ
ਹਾਸੇ ਦਾ ਪ੍ਰਤਾਪ
     ਸੁਰਜੀਤ ਹਾਂਸ ਦਾ ਗਹਿਰੇ ਵਿਅੰਗ ਵਾਲਾ ਮਿੱਠਾ ਜਿਹਾ ਹਾਸਾ ਯਾਦ ਆਉਂਦਾ ਹੈ। ਇਸ ਬਾਰੇ ਉਸਦੀ ਇਕ ਕਵਿਤਾ ਵੀ ਹੈ:
ਸੱਜਣ ਮੈਨੂੰ ਆਖਦਾ ਬਹੁਤਾ ਨਾ ਤੂੰ ਹੱਸ
ਇਹ ਤਾਂ ਮੇਰੀ ਜਾਨ ਹੈ ਇਹ ਤਾਂ ਮੇਰਾ ਜੱਸ
ਹਾਸਾ ਬਚਨ ਵੰਗਾਰ ਦਾ, ਕਰੇ ਯਥਾਰਥ ਭਿੰਨ
ਹਾਸੇ ਦਾ ਪ੍ਰਤਾਪ ਹੈ, ਇਹ ਬਾਗੀ ਦਾ ਚਿੰਨ
     ਮੈਨੂੰ ਖ਼ਾਲਸਈ ਬੋਲੇ ਯਾਦ ਆਉਂਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਬੋਲੇ ਖ਼ਾਲਸੇ ਨੇ ਉਦੋਂ ਸਿਰਜੇ ਜਦੋਂ ਉਹ ਜੰਗਲਾਂ ਵਿਚ ਘੋੜਿਆਂ ਦੀ ਪਿੱਠ ’ਤੇ ਰਾਤਾਂ ਕੱਟਦਾ ਸੀ। ਉਹ ਬੋਲੇ ਉਨ੍ਹਾਂ ਲੋਕਾਂ ਦੀ ਸਿਰਜਣ ਸ਼ਕਤੀ, ਚੜ੍ਹਦੀ ਕਲਾ ਤੇ ਹਸਮੁਖਤਾ ਦੇ ਮੁਜੱਸਮੇ ਹਨ। ਉਨ੍ਹਾਂ ਨੇ ਚਿਣੀ ਹੋਈ ਚਿਖ਼ਾ ਨੂੰ ਕਾਠਗੜ੍ਹ ਕਿਹਾ, ਰੋਣ ਧੋਣ ਨੂੰ ਮਾਰੂ ਰਾਗ, ਟੁੱਟੀ ਛੰਨ ਨੂੰ ਸ਼ੀਸ਼ ਮਹਿਲ, ਨੀਂਦ ਨੂੰ ਧਰਮ ਰਾਜ ਦੀ ਧੀ ਤੇ ਤਾਪ ਨੂੰ ਧਰਮ ਰਾਜ ਦਾ ਪੁੱਤ ਕਿਹਾ। ਕੜਕਦੀਆਂ ਧੁੱਪਾਂ ਵਿਚ ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ। ਉਹ ਸ਼ਬਦਾਂ ਦੀ ਛਾਂਵੇਂ ਦੁੱਖ ਦੇ ਥਲਾਂ ਨੂੰ ਹੱਸ ਕੇ ਪਾਰ ਕਰ ਗਏ। ਉਹ ਹਸਮੁਖ, ਹਾਜ਼ਰਜਵਾਬ, ਹੌਸਲੇ ਵਾਲੇ ਕਲਾਧਾਰੀ ਬੜੇ ਕਰਾਮਾਤੀ ਲੋਕ ਸਨ।
        ਹਾਸਾ ਤਨ ਦਰੁਸਤੀ ਲਈ ਹੀ ਨਹੀਂ ਮਨ ਦਰੁਸਤੀ ਲਈ ਵੀ ਬਹੁਤ ਜ਼ਰੂਰੀ ਹੈ।
       ਕੇਸ਼ਵ ਸ਼ੰਕਰ ਪਿੱਲੇ ਨੂੰ ਭਾਰਤ ਵਿਚ ਰਾਜਸੀ ਕਾਰਟੂਨ-ਕਲਾ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹ 1932 ਤੋਂ 1946 ਤੱਕ ਹਿੰਦੁਸਤਾਨ ਟਾਈਮਜ਼ ਦਾ ਸਟਾਫ਼ ਕਾਰਟੂਨਿਸਟ ਰਿਹਾ। ਸ਼ੰਕਰ ਦੇ ਕਾਰਟੂਨਾਂ ਨੇ ਵੇਲੇ ਦੇ ਵਾਇਸਰਾਵਾਂ ਦਾ ਵੀ ਧਿਆਨ ਖਿੱਚਿਆ। ਇਕ ਵਾਰ ਉਸ ਨੇ ਮੁਹੰਮਦ ਜਿਨਾਹ ਦਾ ਕਾਰਟੂਨ ਬਣਾਇਆ। ਮਹਾਤਮਾ ਗਾਂਧੀ ਨੇ ਉਸ ਨੂੰ ਇਕ ਪੋਸਟ ਕਾਰਡ ਲਿਖ ਕੇ ਸਮਝਾਇਆ ਕਿ ਕਾਰਟੂਨ ਬਣਾਉਂਦਿਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :
       ਤੇਰੇ ਕਾਰਟੂਨ ਕਲਾ-ਕਿਰਤਾਂ ਦੇ ਤੌਰ ’ਤੇ ਚੰਗੇ ਹਨ, ਪਰ ਜੇ ਉਹ ਸਹੀ ਗੱਲ ਨਹੀਂ ਕਰਦੇ ਜਾਂ ਬਿਨਾ ਨਾਰਾਜ਼ ਕੀਤਿਆਂ ਮਜ਼ਾਕ ਨਹੀਂ ਕਰ ਸਕਦੇ ਤਾਂ ਤੂੰ ਆਪਣੇ ਪੇਸ਼ੇ ਵਿਚ ਬਹੁਤਾ ਉੱਚਾ ਨਹੀਂ ਜਾ ਸਕਦਾ। ਤੁਹਾਨੂੰ ਘਟਨਾਵਾਂ ਦੀ ਗਹਿਰੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਹਾਨੂੰ ਲੱਚਰ ਨਹੀਂ ਹੋਣਾ ਚਾਹੀਦਾ। ਤੁਹਾਡਾ ਮਜ਼ਾਕ ਦੂਜੇ ਨੂੰ ਦੁੱਖ ਪਹੁੰਚਾਉਣ ਵਾਲਾ ਨਹੀਂ ਚਾਹੀਦਾ।
        1948 ਵਿਚ ਸ਼ੰਕਰ ਨੇ ਸ਼ੰਕਰਜ਼ ਵੀਕਲੀ ਦੇ ਨਾਮ ’ਤੇ ਆਪਣਾ ਹਫ਼ਤਾਵਾਰੀ ਸ਼ੁਰੂ ਕੀਤਾ। ਇਸ ਦਾ ਪਹਿਲਾ ਅੰਕ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਰਿਲੀਜ਼ ਕੀਤਾ ਸੀ।
        1948 ਵਿਚ ਨਹਿਰੂ ਦੁਆਰਾ ਰਿਲੀਜ਼ ਕੀਤਾ ਗਿਆ ਸ਼ੰਕਰਜ਼ ਵੀਕਲੀ ਨਹਿਰੂ ਦੀ ਬੇਟੀ ਵੱਲੋਂ ਲਾਈ ਗਈ ਐਮਰਜੈਂਸੀ ਵੇਲੇ ਬੰਦ ਕਰਨਾ ਪਿਆ। ਉਸ ਤੋਂ ਬਾਅਦ ਉੱਚੇ ਅਹੁਦਿਆਂ ਵਾਲਿਆਂ ’ਤੇ ਹੱਸਣਾ ਦਿਨ ਬਦਿਨ ਮੁਸ਼ਕਲ ਹੀ ਹੁੰਦਾ ਗਿਆ ਤੇ ਹੁਣ ਤਾਂ ਆਹ ਦਿਨ ਆ ਗਏ ਕਿ ਹਉਕਾ ਭਰਨ ਵਾਲਿਆਂ ਲਈ ਵੀ ਬੁਰੇ ਦਿਨ ਆ ਗਏ:
ਦੇਸ਼ ਦੀ ਚੰਗੀ ਭਲੀ ਫ਼ਿਜ਼ਾ ਵਿਚ
ਇਸ ਦੀ ਸਾਫ਼ ਸਵੱਛ ਹਵਾ ਵਿਚ
ਤੂੰ ਕਿਉਂ ਡੂੰਘਾ ਹਉਕਾ ਭਰਿਆ
ਲਗਦਾ ਹੈਂ ਤੂੰ ਓਹੀ ਹੈਂ
ਯਾਨੀ ਦੇਸ਼-ਧਰੋਹੀ ਹੈਂ
        ਕੱਲ੍ਹ ਬਠਿੰਡੇ ਵਿਚ ਲੱਗੇ ਪੀਪਲਜ਼ ਲਿਟਰੇਰੀ ਫ਼ੈਸਟੀਵਲ ਵਿਚ ਗੁਰਪ੍ਰੀਤ ਦੇ ਬਣਾਏ ਰਾਜਸੀ ਵਿਅੰਗ ਵਾਲੇ ਕਾਰਟੂਨ ਦੇਖ ਕੇ ਹੀ ਸ਼ੰਕਰਜ਼ ਵੀਕਲੀ  ਦਾ ਚੇਤਾ ਸੱਜਰਾ ਹੋ ਗਿਆ।
ਉੱਤਰ ਅੰਦੋਲਨ ਸਮਾਂ
ਕਾਨੂੰਨਾਂ ਦੇ ਵਾਪਸ ਲਏ ਜਾਣ ਨਾਲ ਪੰਜਾਬ ਦੀ ਕਿਸਾਨੀ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਇਹ ਵਹਿਮ ਤਾਂ ਸ਼ਾਇਦ ਕਿਸੇ ਨੂੰ ਵੀ ਨਹੀਂ। ਸਾਡੇ ਜ਼ਖ਼ਮ ਤਾਂ ਓਥੇ ਦੇ ਓਥੇ ਰਹਿਣਗੇ, ਇਹ ਸਾਨੂੰ ਪਤਾ ਹੈ। ਇਹ ਜੋ ਲੜਾਈ ਅਸੀਂ ਲੜ ਰਹੇ ਉਹ ਤਾਂ ਇਸ ਲਈ ਲੜ ਰਹੇ ਹਾਂ ਕਿ  ਕੇਂਦਰ ਸਰਕਾਰ ਸਾਡੇ ਜ਼ਖ਼ਮਾਂ ਤੋਂ ਆਪਣਾ ਲੂਣ ਵਾਪਸ ਲੈ ਲਵੇ। ਆਪਣੇ ਜ਼ਖ਼ਮਾਂ ਦਾ ਇਲਾਜ ਤਾਂ ਸਾਨੂੰ ਆਪ ਹੀ ਕਰਨਾ ਪਵੇਗਾ।
         ਤਿੰਨ ਕਾਨੂੰਨ ਰੱਦ ਕਰਵਾ ਕੇ ਓਸੇ ਧਰਤੀ ਵੱਲ ਮੁੜਨਾ ਹੈ ਜਿੱਥੇ ਖ਼ੁਦਕੁਸ਼ੀਆਂ ਉੱਗਦੀਆਂ ਹਨ। ਉਹ ਧਰਤੀ ਬਦਲੀ ਹੋਈ ਨਹੀਂ ਹੋਵੇਗੀ। ਪਰ ਮੈਨੂੰ ਕਾਮਲ ਯਕੀਨ ਹੈ ਕਿ ਤਦ ਤੱਕ ਅਸੀਂ ਬਹੁਤ ਬਦਲੇ ਹੋਏ ਹੋਵਾਂਗੇ। ਸਾਡੇ ਜ਼ਖ਼ਮਾਂ ਵਿਚੋ ਵੀ ਲਹੂ ਨਹੀਂ, ਚਾਨਣਾ ਸਿੰਮਦਾ ਹੋਏਗਾ। ਅਸੀਂ ਇਸ ਵਿਸ਼ਵਾਸ ਨਾਲ ਮੁੜਾਂਗੇ ਕਿ ਅਸੀਂ ਇਕੱਠੇ ਹੋ ਕੇ ਇਤਿਹਾਸ ਸਿਰਜ ਸਕਦੇ ਹਾਂ। ਅਸੀਂ ਬੇਬਸ ਭਾਂਜਵਾਦੀ ਲੋਕ ਨਹੀਂ ਹੋਵਾਂਗੇ।
        ਪੰਜਾਬ ਆ ਕੇ ਅਸੀਂ ਦਿੱਲੀ ਤੋਂ ਵੀ ਵੱਡੀ ਫ਼ਤਿਹ ਲਈ ਕਾਰਜ ਕਰਾਂਗੇ। ਸਾਦਾ ਜ਼ਿੰਦਗੀ ਜੀਉਣੀ ਸ਼ੁਰੂ ਕਰਾਂਗੇ। ਫੋਕੇ ਦਿਖਾਵਿਆਂ ਤੋਂ ਗੁਰੇਜ਼ ਕਰਾਂਗੇ। ਪੈਸੇ ਅਤੇ ਸ਼ਕਤੀ ਦੀ ਦੌੜ ਵਿਚੋਂ ਨਿਕਲ ਕੇ ਸਾਡਾ ਮਨ ਉੱਚੀ ਮੱਤ ਦੀ ਪਰਿਕਰਮਾ ਕਰੇਗਾ। ਅਸੀਂ ਨਵਾਂ ਪੰਜਾਬ ਸਿਰਜਣ ਦਾ ਉਪਰਾਲਾ ਕਰਾਂਗੇ। ਉਸ ਲਈ ਪਹਿਲਾ ਪੜਾਅ ਮਨ ਨੀਵਾਂ ਤੇ ਉੱਚੀ ਮੱਤ ਹੀ ਹੈ।
         ਤਦ ਤੱਕ ਸਾਨੂੰ ਪਤਾ ਲੱਗ ਚੁੱਕਾ ਹੋਵੇਗਾ ਕਿ ਸਾਡੇ ਨੌਜਵਾਨ ਜੇ ਪਿਛਲੇ ਸਾਲਾਂ ਤੋਂ ਔਝੜੇ ਜਾ ਰਹੇ ਸਨ ਤਾਂ ਉਸ ਦਾ ਕਾਰਨ ਵੀ ਅਸੀਂ ਹੀ ਸਾਂ। ਧਰਮ ਤੋਂ ਉਨ੍ਹਾਂ ਦਾ ਮੋਹ-ਭੰਗ ਹੋ ਗਿਆ ਸੀ ਤਾਂ ਇਸ ਲਈ ਕਿ ਉਹ ਸੋਚਣ ਲੱਗ ਪਏ ਕਿ ਜੇ ਧਰਮ ਦੇ ਨਾਂ ’ਤੇ ਰਾਜ ਕਰਨ ਵਾਲੇ ਤੇ ਧਾਰਮਿਕ ਸੰਸਥਾਵਾਂ ਦੇ ਆਲੰਬਰਦਾਰ ਇਹੋ ਜਿਹੇ ਹੁੰਦੇ ਹਨ ਤਾਂ ਫਿਰ ਅਸੀਂ ਧਾਰਮਿਕ ਹੋ ਕੇ ਕੀ ਕਰਨਾ?
        ਇਸ ਵਿਚ ਕੋਈ ਸੰਦੇਹ ਨਹੀਂ ਕਿ ਇਸ ਅਨੂਠੇ ਅੰਦੋਲਨ ਤੋਂ ਬਾਅਦ ਦਾ ਪੰਜਾਬ ਇਕ ਵੱਖਰਾ ਪੰਜਾਬ ਹੋਵੇਗਾ। ਸ਼ਾਇਦ ਇਹ ਗੁਰੂ ਨਾਨਕ ਬਾਣੀ ਦੇ ਵਧੇਰੇ ਕਰੀਬ ਹੋ ਜਾਵੇ। ਅਸੀਂ ਸਾਦਾ ਪਿਆਰ ਭਰੀ, ਦਇਆ ਭਰੀ, ਨਿਆਂਸ਼ੀਲ ਜਿੰਦਗੀ ਜੀਉ ਕੇ, ਖੇਤੀ ਦਾ ਕੋਈ ਨਵਾਂ ਮਾਡਲ ਲੱਭ ਕੇ ਪੰਜਾਬ ਦੀ ਪੁਨਰ-ਸਿਰਜਣਾ ਕਰ ਸਕੀਏ। ਸ਼ਾਇਦ ਅਸੀਂ ਖੋਟੀਆਂ ਸਿਆਸਤਾਂ ਤੋਂ ਵੀ ਪੱਲਾ ਛੁਡਾ ਸਕੀਏ।
ਅਸੀਂ ਤੇਰੇ ਲਈ ਕੀ ਲੈ ਕੇ ਆਈਏ ਮਾਂ?
        ਧੀਆਂ ਪੁੱਤਾਂ ਦੇ ਇਸ ਸਵਾਲ ਦੇ ਜਵਾਬ ਵਿਚ ਧਰਤੀ ਮਾਂ ਭਲਾ ਕੀ ਕਹੇਗੀ? ਬੱਸ ਏਹੀ ਕਿ ਤੁਹਾਨੂੰ ਰੱਬ ਦੀਆਂ ਰੱਖਾਂ, ਮੇਰੇ ਜਾਇਓ। ਤੁਸੀਂ ਰਾਜ਼ੀ ਖ਼ੁਸ਼ੀ ਪਰਤੋ। ਬੱਸ ਆਪਣਾ ਇਤਫ਼ਾਕ, ਪਿਆਰ, ਹਲੀਮੀ, ਪਰਉਪਕਾਰ, ਇਨਸਾਫ਼, ਹੌਸਲਾ, ਉੱਦਮ, ਇਨ੍ਹਾਂ ਵਿਚੋਂ ਕੋਈ ਚੀਜ਼ ਗੁਆ ਕੇ ਨਾ ਆਉਣਾ। ਬਾਕੀ ਸਭ ਕੁਝ ਆਪਾਂ ਏਥੇ ਆਪ ਸਿਰਜ ਲਵਾਂਗੇ। ਜ਼ਹਿਰ-ਬੁਝੇ ਸ਼ਬਦ-ਬਾਣਾਂ ਦੇ ਜ਼ਖ਼ਮ ਵੀ, ਸਣੇ ਰੋਸ, ਲੈ ਆਉਣਾ। ਇਹ ਰੋਸ ਵੀ ਅਸੀਂ ਜ਼ਾਇਆ ਨਹੀਂ ਕਰਨਾ। ਇਸ ਦੇ ਸੇਕ ਨਾਲ ਆਪਾਂ ਨਵਾਂ ਪੰਜਾਬ ਸਿਰਜਣਾ ਹੈ।
ਪੁਰਾਣੀਆਂ ਨਜ਼ਮਾਂ ਵਿਚੋਂ ਨਵੇਂ ਪੱਤੇ
ਕਈ ਵਾਰੀ ਪੁਰਾਣੀਆਂ ਨਜ਼ਮਾਂ ਵਿਚੋਂ ਨਵੇਂ ਪੱਤੇ ਫੁੱਟ ਪੈਂਦੇ ਨੇ। ਮੈਂ ਅੱਜ ਤੋਂ ਲਗਭਗ ਚਾਰ ਦਹਾਕੇ ਪਹਿਲਾਂ ਇਕ ਸ਼ਿਅਰ ਲਿਖਿਆ ਸੀ:
ਏਨਾ ਸੱਚ ਨ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
ਪਿਛਲੇ ਸਾਲ ਇਸ ਸ਼ਿਅਰ ਵਿਚੋਂ ਨਵੇਂ ਪੱਤੇ ਫੁੱਟ ਆਏ :
ਝੂਠਿਆਂ ਦੇ ਝੁੰਡ ਦੇ ਵਿਚ ਸੱਚ ਕਹਿ ਕੇ
ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ
ਸਤਿਗੁਰਾਂ ਨੂੰ ਯਾਦ ਕੀਤਾ
ਤਾਂ ਸਵਾ ਲੱਖ ਹੋ ਗਿਆ
ਇਕ ਹੋਰ ਮੇਰੀ ਨਜ਼ਮ, ਜੋ ਮੈਂ ਪੰਜਾਬ ਦੇ ਬਹੁਤ ਉਦਾਸ ਦਿਨਾਂ ਵਿਚ ਲਿਖੀ ਸੀ, ਕਈ ਸਾਲ ਦੋ ਸਤਰਾਂ ਦੀ ਰਹੀ :
ਮਾਤਮ, ਹਿੰਸਾ, ਖ਼ੌਫ਼, ਬੇਬਸੀ ਤੇ ਅਨਿਆਂ
ਇਹ ਨੇ ਅੱਜਕਲ ਮੇਰੇ ਪੰਜਾਂ ਦਰਿਆਵਾਂ ਦੇ ਨਾਂ
ਪਰ ਇਕ ਦਿਨ ਇਹ ਨਜ਼ਮ ਵਿਚੋਂ ਵੀ ਜਿਵੇਂ ਨਵੇਂ ਪੱਤੇ ਫੁੱਟ ਆਏ :
ਮਾਤਮ, ਹਿੰਸਾ, ਖ਼ੌਫ਼, ਬੇਬਸੀ ਤੇ ਅਨਿਆਂ
ਇਹ ਨੇ ਅੱਜਕਲ ਮੇਰੇ ਪੰਜਾਂ ਦਰਿਆਵਾਂ ਦੇ ਨਾਂ
ਜੋ ਹੁੰਦੇ ਸਨ ਸਤਲੁਜ, ਬਿਆਸਾ, ਰਾਵੀ, ਜਿਹਲਮ ਅਤੇ ਝਨਾਂ
ਪਰ ਜਿਹੜੇ ਇਕ ਦਿਨ ਹੋਵਣਗੇ
ਰਾਗ, ਸ਼ਾਇਰੀ, ਹੁਸਨ, ਮੁਹੱਬਤ ਅਤੇ ਨਿਆਂ
ਮੇਰੇ ਪੰਜਾਂ ਦਰਿਆਵਾਂ ਦੇ ਨਾਂ
ਇਨ੍ਹੀਂ ਦਿਨੀਂ ਮੈਨੂੰ ਲਗਦਾ ਹੈ ਕਿ ਪੰਜਾਬ ਦੇ ਸ਼ਾਇਰਾਂ ਦੀਆਂ ਨਜ਼ਮਾਂ ਵਿਚੋਂ ਨਵੇਂ ਪੱਤੇ ਫੁੱਟ ਰਹੇ ਹਨ, ਪੰਜਾਬ ਦੀ ਸੋਚ ਸੰਵੇਦਨਾ ਵਿਚੋਂ ਵੀ ਨਵੇਂ ਪੱਤੇ ਫੁੱਟਣਗੇ।

ਸੰਪਰਕ : 98145-04272