ਨਵਾਂ ਸਾਲ - ਨਿਰਮਲ ਸਿੰਘ ਕੰਧਾਲਵੀ

ਸਮਾਂ ਚਲੇਂਦਾ  ਆਪਣੀ ਚਾਲ,    ਚੜ੍ਹਿਆ ਹੋਰ ਨਵਾਂ ਇਕ ਸਾਲ।

ਸੱਜਣ ਮਿੱਤਰ ਪੁੱਛਦੇ ਮੈਨੂੰ,      ਕਿਵੇਂ ਰਿਹੈ ਬਈ ਪਿਛਲਾ ਸਾਲ।

ਤੁਹਾਥੋਂ ਕਿਹੜਾ ਗੁੱਝਾ ਯਾਰੋ,     ਸਾਲ ਇਹ ਲੰਘਿਆ ਮੰਦੜੇ ਹਾਲ।

ਬਲਾ ਕਰੋਨਾ ਆਈ ਕਿਧਰੋਂ,     ਇਹਨੇ ਵਿਗਾੜੀ ਸਭ ਦੀ ਚਾਲ।

ਪਤਾ ਨਹੀਂ ਇਹ ਕਿਥੋਂ ਆਈ,   ਹੱਲ ਨਾ ਹੋਇਆ ਅਜੇ ਸਵਾਲ,

ਮੂੰਹ 'ਤੇ ਛਿਕਲੀ, ਛੇ ਫੁੱਟ ਦੂਰੀ,  ਹੱਥ ਧੁਆਵੇ ਇਹ ਵਾਰ ਵਾਰ।

ਲਾਕਡਾਊਨ ਦਾ ਹੋਇਆ ਐਲਾਨ,  ਮਚ ਗਿਆ ਹਰ ਪਾਸੇ ਬਵਾਲ।

ਦੇਸੀ ਹੱਟੀਆਂ ਲੁੱਟ ਮਚਾ 'ਤੀ,    ਮਹਿੰਗੇ ਕਰ 'ਤੇ ਆਟਾ ਦਾਲ਼।

ਕਈਆਂ ਸ਼ਾਪਿੰਗ ਏਨੀ ਕੀਤੀ,     ਕਈ ਚੀਜ਼ਾਂ ਦਾ ਪਾ 'ਤਾ ਕਾਲ਼।

ਕਈ ਕੰਮਾਂ ਤੋਂ ਵਿਹਲੇ ਹੋ ਗਏ,     ਕੰਮਾਂ ਕਾਰਾਂ ਦੀ ਵਿਗੜੀ ਚਾਲ।

ਕਿੰਜ ਤੋਰੂ ਘਰ ਆਪਣਾ ਬੰਦਾ,     ਬਈ ਜੇ ਨਾ ਹੋਵੇ ਜੇਬ 'ਚ ਮਾਲ।   

ਅੰਦਰ ਬਹਿ ਬਹਿ ਕੁੱਪੇ ਹੋ ਗਏ,    ਪਤਲੇ ਪਤੰਗ ਸੀ ਜੋ ਨਰ ਨਾਰ।

ਮੰਦਰ ਮਸਜਿਦ ਬੰਦ ਕਰਾ 'ਤੇ,     ਬੰਦ ਕਰਾ 'ਤੇ  ਚਰਚ  ਦੁਆਰ।

ਵਧੀ  ਘਰੇਲੂ  ਹਿੰਸਾ  ਬਹੁਤੀ,      ਖਬਰਾਂ ਦੱਸਦੀਆਂ ਸਾਰਾ ਹਾਲ।

ਘੇਰੇ ਕਈ ਸਟਰੈੱਸ ਲੈਵਲ ਨੇ,      ਹੋ ਗਏ ਕਈ ਹਾਲੋਂ-ਬੇਹਾਲ।

ਕਰੋਨੇ ਨੇ ਤਾਂ ਕੀ ਜਾਣਾ ਸੀ,       ਹੋਰ ਲਿਆਇਆ ਭਾਈ ਨਾਲ।

ਲੰਡਨ ਆਇਆ ਭਾਈ ਇਸਦਾ,    ਮਾਰੀ ਉਸਨੇ ਬਾਹਰ ਨੂੰ ਛਾਲ।

ਟੀਅਰ ਫੋਰ ਲਗਵਾ 'ਤਾ ਇਹਨੇ,   ਸਭ ਦਾ ਜਿਊਣਾ ਕਰੂ ਮੁਹਾਲ।

ਫਿੱਕੀ ਫਿੱਕੀ ਕ੍ਰਿਸਮਸ ਗੁਜ਼ਰੀ,    ਕੋਈ ਰੌਣਕ ਨਾ ਕੋਈ ਧਮਾਲ।

ਹਰ ਵਰ੍ਹੇ ਜਿਹਨੂੰ ਲੋਕ ਉਡੀਕਣ,   ਇਸ ਵਾਰੀ ਵੀ ਚੜ੍ਹਿਆ ਸਾਲ।

ਨਾ ਕੋਈ ਰੌਣਕ ਨਾ ਕੋਈ ਮੇਲਾ,   ਕ੍ਹਾਦਾ ਚੜ੍ਹਿਆ ਨਵਾਂ ਇਹ ਸਾਲ

ਅੰਦਰ ਬਹਿ ਕੇ ਸਮਾਂ ਲੰਘਾ ਲੈ,     ਬਾਹਰ ਜਾਣ ਦੀ ਮੌਜ ਨਾ ਭਾਲ਼।

ਮੂੰਹ 'ਤੇ ਮਾਸਕ ਪਾ ਕੇ ਰੱਖੀਂ,     ਰੱਖੀਂ ਛੇ ਫੁੱਟਾਂ ਦਾ ਖਿਆਲ।

ਭੁੱਲ ਜਾ ਪੱਬ ਕਲੱਬਾਂ ਮਿੱਤਰਾ,    ਪਹਿਲਾਂ ਆਪਣਾ ਆਪ ਸੰਭਾਲ।

ਸਾਇੰਸਦਾਨਾਂ ਨੇ ਕਰ ਕੇ ਹਿੰਮਤ,    ਵੈਕਸੀਨ ਇਹਦੀ ਕਰੀ ਤਿਆਰ।

ਸ਼ੁਰੂ  ਹੋ ਗਏ  ਨੇ ਲੋਦੇ ਲੱਗਣੇ,      ਹੁੰਦਾ ਪਿਆ ਹਰ ਪਾਸੇ ਪਰਚਾਰ।

ਆ ਜਾਣੀ ਏ  ਸਭ ਦੀ  ਵਾਰੀ,     ਕਹਿੰਦੀ ਪਈ ਏ ਨਿੱਤ ਸਰਕਾਰ।

ਕੰਮ ਨਹੀਂ ਮੁੱਕਣਾ ਟੀਕੇ ਨਾਲ ਵੀ,  ਰੱਖਣਾ ਪੈਣਾ ਆਪਣਾ ਖਿਆਲ।

ਛੇ ਫੁੱਟ ਦੂਰੀ, ਮੂੰਹ 'ਤੇ ਛਿਕਲੀ,    ਤੁਸੀਂ ਧੋਣੇ ਨੇ ਹੱਥ ਵਾਰ ਵਾਰ।

ਸੈਨੇਟਾਈਜ਼ਰ ਦੀ ਇਕ ਸ਼ੀਸ਼ੀ,       ਇਹ ਵੀ ਰੱਖੋ ਆਪਣੇ ਨਾਲ਼।  

ਬਚਾਈਂ ਲਾਕਡਾਊਨ ਤੋਂ ਰੱਬਾ,      ਹੋਊ  ਨਹੀਂ ਤਾਂ ਮੰਦੜਾ ਹਾਲ।

ਰਲ਼ ਕੇ ਆਉ ਦੁਆਵਾਂ ਕਰੀਏ,     ਸਭ ਲਈ ਸੁਖ ਦਾ ਹੋਵੇ ਸਾਲ।

ਮੁੜ ਆਵਣ ਉਹ ਖੁਸ਼ੀਆਂ ਖੇੜੇ,     ਖੁਦਾਵੰਦਾ ਇਹ ਕੱਟ  ਜੰਜਾਲ।

ਨਿਰਮਲ ਸਿੰਘ ਕੰਧਾਲਵੀ