ਕਿਸਾਨ ਅੰਦੋਲਨ ਦਾ ਜਲੌਅ - ਬਲਦੇਵ ਸਿੰਘ (ਸੜਕਨਾਮਾ)

ਕਿਸਾਨ ਅੰਦੋਲਨ ਨੂੰ ਅੱਖੀਂ ਵੇਖਣ ਦੀ ਲਾਲਸਾ ਆਖ਼ਰ 26 ਦਸੰਬਰ ਨੂੰ ਪੂਰੀ ਹੋ ਗਈ। ਜਦੋਂ ਅਸੀਂ ਸੰਘਣੀ ਧੁੰਦ ਦੀ ਪ੍ਰਵਾਹ ਨਾ ਕਰਦੇ ਪੰਜ ਜਣੇ ਮੋਗੇ ਤੋਂ ਤੁਰ ਪਏ। ਡਾ. ਸੁਰਜੀਤ ਬਰਾੜ, ਪ੍ਰਿੰ. ਗੁਰਮੇਲ ਸਿੰਘ, ਅਸ਼ੋਕ ਚੱਟਾਨੀ, ਅਰੁਨ ਸ਼ਰਮਾ ਤੇ ਮੈਂ। ਪੰਜਾਂ ਵਿਚ ਪਰਮੇਸ਼ਰ ਹੁੰਦਾ ਹੈ।
       ਕਿਸਾਨ ਅੰਦੋਲਨ ਦਾ ਜਲੌਅ ਤਾਂ ਬਰਨਾਲਾ ਲੰਘਦਿਆਂ ਹੀ ਸ਼ੁਰੂ ਹੋ ਗਿਆ। ਜਗ੍ਹਾ-ਜਗ੍ਹਾ ਚਾਹ ਦੇ, ਪਕੌੜਿਆਂ ਦੇ ਲੰਗਰ ਲੱਗੇ ਹੋਏ ਸਨ। ਰਸਤੇ ਵਿਚ ਟਰੈਕਟਰ-ਟਰਾਲੀਆਂ ਉਪਰ ਕਿਸਾਨ ਜਥੇਬੰਦੀਆਂ ਦੇ ਲਹਿਰਾਉਂਦੇ ਝੰਡੇ। ਜੋਸ਼ੀਲੇ ਨਾਅਰੇ ਮਾਰਦੇ ਕਿਸਾਨ ਜਿਨ੍ਹਾਂ ਵਿਚ ਬੱਚੇ, ਨੌਜਵਾਨ, ਬਜ਼ੁਰਗ, ਬੀਬੀਆਂ ਸ਼ਾਮਲ ਹਨ। ਇੰਨਾ ਜਜ਼ਬਾ, ਇੰਨਾ ਜੋਸ਼, ਇੰਨਾ ਜਨੂੰਨ ਵੇਖ ਕੇ ਅਸੀਂ ਵੀ ਨਾਅਰੇ ਮਾਰਨ ਲੱਗ ਪਏ।
          ਪਹਿਲਾ ਪੜਾਅ ਖਨੌਰੀ ਦੇ ਟੌਲ ਪਲਾਜ਼ੇ ’ਤੇ ਕੀਤਾ। ਇੱਥੇ ਪ੍ਰਸ਼ਾਦੇ ਛਕੇ, ਚਾਹ ਪੀਤੀ। ਟੌਲ ਪਲਾਜ਼ਿਆਂ ਨੂੰ ਬੰਦ ਪਏ ਵੇਖ ਕੇ ਲੋਕ-ਸ਼ਕਤੀ ਦੀ ਤਾਕਤ ਦਾ ਅਹਿਸਾਸ ਹੋਇਆ। ਬਹਾਦਰਗੜ੍ਹ ਤੱਕ ਪੁੱਜਦਿਆਂ ਪੰਜ ਵੱਜ ਗਏ। ਰਸਤੇ ਵਿਚ ਕਿਸੇ ਨਾਕੇ ਨੇ, ਕਿਸੇ ਟੌਲ ਪਲਾਜ਼ੇ ਨੇ ਸਾਨੂੰ ਨਹੀਂ ਰੋਕਿਆ। ਆਪਣੇ ਆਪ ਨੂੰ ਰੱਬ ਸਮਝਦੇ ਕਾਰਪੋਰੇਟ ਅਦਾਰਿਆਂ ਦੇ ਬੰਦ ਪਏ ਟੌਲ ਪਲਾਜ਼ੇ, ਪੈਟਰੋਲ ਪੰਪਾਂ, ਮੌਲਾਂ ਨੂੰ ਤਾਲੇ ਲੱਗੇ ਵੇਖ ਲੱਗਿਆ, ਕਿਸਾਨ ਏਕਤਾ ਜਾਂ ਸਮੁੱਚੀ ਲੋਕ-ਏਕਤਾ ਸਾਹਮਣੇ ਇਹ ਚੰਦ ਘਰਾਣੇ ਕੀ ਹੈਸੀਅਤ ਰੱਖਦੇ ਹਨ। ਇਹ ਅਚੰਭਾ ਵੀ ਹੈ, ਦੇਖ ਕੇ ਮਾਣ ਵੀ ਹੁੰਦਾ ਹੈ ਤੇ ਸਾਰਾ ਕੁਝ ਇਕ ਕਰਾਮਾਤ ਵਾਂਗ ਜਾਪਦਾ ਹੈ। ਬਹਾਦਰਗੜ੍ਹ ਤੋਂ ਹੀ ਟਰੈਕਟਰਾਂ-ਟਰਾਲੀਆਂ ਦਾ ਲੰਗਰ ਸ਼ੁਰੂ ਹੋ ਜਾਂਦਾ ਹੈ। ਹਰਿਆਣਾ ਦੇ ਜਾਟ, ਹੁੱਕਾ ਵਿਚਕਾਰ ਰੱਖੀ ਮਜਲਿਸ ਲਾਈ ਬੈਠੇ ਦਿਸੇ। ਇਕ ਜਗ੍ਹਾ ਰੁਕ ਕੇ ਪੁੱਛਿਆ ਤਾਊ ਕੀ ਬਣੂੰ?
 ਇਕ ਬੋਲਿਆ- ‘ਸਾਲ ਭਰ ਦਾ ਰਾਸ਼ਨ ਲੈ ਕੇ ਆਏ ਆਂ, ਮੋਦੀ ਨੂੰ ਭਗਾ ਕੇ ਮੁੜਾਂਗੇ।’
ਦੌਧਰ ਤੋਂ ਮਾਸਟਰ ਸੁਰਜੀਤ ਸਿੰਘ ਨਾਲ ਫ਼ੋਨ ਉਪਰ ਸਾਡਾ ਲਗਾਤਾਰ ਸੰਪਰਕ ਬਣਿਆ ਹੋਇਆ ਸੀ। ‘ਕਿੱਥੇ ਆਗੇ?’ ਕੁਝ ਦੇਰ ਬਾਅਦ ‘ਹੁਣ ਕਿੱਥੇ  ਆਗੇ?’ ਦੀਆਂ ਪੁੱਛਾਂ ਦੇ ਨਾਲ ਨਾਲ ਉਹ ਹਦਾਇਤਾਂ ਵੀ ਦਿੰਦਾ ਰਿਹਾ।      ਬਹਾਦਰਗੜ੍ਹ ਜਿੱਥੋਂ ਤੱਕ ਮੈਟਰੋ ਰੇਲ ਆਉਂਦੀ ਹੈ, ਉੱਥੇ ਪਹੁੰਚ ਕੇ ਤਾਂ ਅਸੀਂ ਮੇਲੇ ਵਿਚ ਗੁਆਚੇ ਬਾਲਾਂ ਵਾਂਗ ਮਹਿਸੂਸ ਕਰਨ ਲੱਗੇ। ਹਰ ਪਾਸੇ ਟਰੈਕਟਰ-ਟਰਾਲੀਆਂ, ਜੀਪਾਂ, ਨਿੱਕੀਆਂ ਵੱਡੀਆਂ ਗੱਡੀਆਂ, ਕਿਸਾਨ ਜਥੇਬੰਦੀਆਂ ਦੇ ਝੂਲਦੇ ਝੰਡੇ, ਲਾਊਡ ਸਪੀਕਰਾਂ ’ਤੇ ਟਰੈਕਟਰਾਂ ਦੇ ਡੈਕਾਂ ’ਤੇ ਵਜਦੇ ਜੋਸ਼ੀਲੇ ਗੀਤ। ਇਹ ਸਭ ਦੇਖ ਕੇ ਬੰਦੇ ਦੇ ਅੰਦਰ ਜੰਮਿਆ ਲਹੂ ਪੰਘਰਨ ਲੱਗਦਾ ਹੈ। ਸਰੀਰ ਉੱਤੇ ਅਜੀਬ ਜਿਹੇ ਜੋਸ਼ ਦੀ ਜਲੂਣ ਮਹਿਸੂਸ ਹੁੰਦੀ ਹੈ। ਕੰਵਰ ਗਰੇਵਾਲ ਦੇ ਬੋਲ ਗੂੰਜ ਰਹੇ ਹਨ :
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ।
       ਵੱਡੀ ਗਿਣਤੀ ਵਿਚ ਨਾਅਰੇ ਮਾਰਦੀਆਂ ਕਿਸਾਨ ਔਰਤਾਂ ਝੰਡੇ ਚੁੱਕੀ ਜਾ ਰਹੀਆਂ ਦਿਸੀਆਂ। ਹਰ ਇਕ ਚਿਹਰਾ ਮਾਈ ਭਾਗੋ ਦਾ ਵਾਰਸ। ਇਸ ਸੰਘਰਸ਼ ਵਿਚ ਆਪਣਾ ਹਿੱਸਾ ਪਾਉਣ ਦਾ ਗੌਰਵ। ਇਹ ਹੈ ਸਾਡਾ ਵਿਰਸਾ, ਇਹ ਹੈ ਸਾਡਾ ਇਤਿਹਾਸ।
         ਏਧਰ-ਓਧਰ ਥੋੜ੍ਹਾ ਜਿਹਾ ਭਟਕਣ ਤੋਂ ਬਾਅਦ ਅਸੀਂ ਸਾਡੇ ਮੇਜ਼ਬਾਨ ਨੂੰ ਲੱਭ ਲਿਆ ਤੇ ਟਰਾਲੀ ਅੰਦਰ ਬਣਾਏ ਨਿੱਘੇ ਬੈੱਡਰੂਮ ਵਿਚ ਆ ਗਏ। ਚੁਫੇ਼ਰੇ ਟਰੈਕਟਰ-ਟਰਾਲੀਆਂ ਦਾ ਬਣਿਆ ਮਹਾਂਨਗਰ ਵੇਖ ਕੇ ਤਾਂ ਲੱਗਦਾ ਸੀ ਕਿ ਸਰਕਾਰ ਇਨ੍ਹਾਂ ਬਾਰੇ ਸੋਚਦੀ ਹੋਊ ... ਆਪੇ ਕੁਝ ਦਿਨ ਧਰਨਾ ਦੇ ਕੇ ਚਲੇ ਜਾਣਗੇ।
       ਥਾਂ ਥਾਂ ਲੱਕੜਾਂ ਦੇ ਪਹਾੜ ਉਸਰੇ ਹੋਏ ਨੇ। ਕੋਈ ਪਰਾਲੀ ਦੀ ਟਰਾਲੀ ਲਾਹ ਰਿਹਾ ਹੈ। ਕਿਸੇ ਪਾਸਿਓਂ ਦੁੱਧ ਆ ਰਿਹਾ ਹੈ। ਜੀ ਕਰਦਾ ਸੀ- ਦਿੱਲੀ ਤੱਕ ਆਵਾਜ਼ ਜਾਵੇ, ਕਾਰਪੋਰੇਟ ਘਰਾਣਿਆਂ ਦੀ ਗੋਦੀ ’ਚ ਬੈਠੇ ਹਾਕਮੋ... ਇਨ੍ਹਾਂ ਕਿਸਾਨਾਂ ਨੂੰ ਹਰਾਉਣ ਦੇ ਸੁਪਨੇ ਵੇਖ ਰਹੇ ਹੋ?
         ਜਿਹੜੇ ਵੀ ਮਿਲੇ ਕਿਸੇ ਦੇ ਚਿਹਰੇ ਉਪਰ ਨਿਰਾਸ਼ਾ ਨਹੀਂ। ਉਹ ਸਾਰੇ ਉਮੀਦਾਂ ਨਾਲ ਭਰੇ ਹੋਏ। ਇਕ ਬੀਬੀ ਨੂੰ ਪੁੱਛਿਆ- ‘ਏਥੇ ਆ ਕੇ ਕਿਵੇਂ ਲਗਦਾ ਐ?’
‘ਜਿੱਤ ਕੇ ਮੁੜਾਂਗੇ।’ ਉਹਨੇ ਬਾਂਹ ਖੜ੍ਹੀ ਕਰਕੇ ਕਿਹਾ।
ਇਨ੍ਹਾਂ ਕਿਸਾਨਾਂ ਦੇ ਜਜ਼ਬਿਆਂ ਅਤੇ ਉਮੀਦਾਂ ਨੂੰ ਸਲਾਮ।
       ਅਗਲੇ ਦਿਨ ਸੁਰਜੀਤ ਦੌਧਰ ਨੇ ਕੁਝ ਚੈਨਲ ਵਾਲਿਆਂ ਤੇ ਕਿਸਾਨ ਆਗੂਆਂ ਨਾਲ ਮਿਲਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਉਨ੍ਹਾਂ ਵੱਲੋਂ ਵਿਹਲੇ ਹੋ ਕੇ ਅਸੀਂ ਸਾਢੇ ਕੁ ਗਿਆਰਾਂ ਵਜੇ ਸਿੰਘੂ ਬਾਰਡਰ ਵੱਲ ਚੱਲ ਪਏ। ਏਧਰ ਧਰਨਿਆਂ ਵਾਲੀ ਜਗ੍ਹਾ ਟਿੱਕਰੀ ਬਾਰਡਰ ਨਾਲੋਂ ਵਧੇਰੇ ਖੁੱਲ੍ਹੀ ਹੈ। ਜਿੱਥੋਂ ਤੱਕ ਗੱਡੀ ਜਾ ਸਕਦੀ ਸੀ ਅਸੀਂ ਗਏ। ਇੰਨਾ ਇਕੱਠ, ਇੰਨੇ ਟਰੈਕਟਰ-ਟਰਾਲੀਆਂ ਜਿੱਥੇ ਸਾਨੂੰ ਰੁਕਣਾ ਪਿਆ ਉੱਥੋਂ ਮੁੱਖ ਸਟੇਜ ਅਜੇ 9-10 ਕਿਲੋਮੀਟਰ ਦੂਰ ਸੀ। ਜਿੱਥੋਂ ਤੱਕ ਪੈਦਲ ਜਾਇਆ ਜਾ ਸਕਦਾ ਸੀ, ਤੁਰਦੇ ਗਏ। ਜਗ੍ਹਾ ਜਗ੍ਹਾ ਰੁਕਣਾ ਪੈਂਦਾ ਸੀ। ਬਦਾਮਾਂ ਦੇ ਲੰਗਰ, ਛੁਹਾਰਿਆਂ ਦੇ ਲੰਗਰ, ਖੀਰਾਂ ਦੇ ਲੰਗਰ, ਮੁਸਲਮਾਨ ਭਰਾਵਾਂ ਵੱਲੋਂ ਬਿਰਿਆਨੀ ਦੇ ਲੰਗਰ, ਫਲ, ਪੂਰੀਆਂ, ਗੰਨਿਆਂ ਦਾ ਜੂਸ, ਹਰਿਆਣਾ ਦੇ ਕਿਸਾਨਾਂ ਵੱਲੋਂ ਥਾਂ ਥਾਂ ਲੱਸੀ, ਦੁੱਧ, ਪਿੰਨੀਆਂ, ਮੁਫ਼ਤ ਕੰਬਲ, ਤੌਲੀਏ, ਜੁਰਾਬਾਂ, ਜੁੱਤੀਆਂ। ਫਿਰ ਦਿੱਲੀ ਦੇ ਹਾਕਮ ਯਾਦ ਆਏ, ਜੇ ਹਿੰਮਤ ਹੈ ਤਾਂ ਇੱਥੇ ਆ ਕੇ ਵੇਖੋ, ਭਾਰਤ ਓਹੀ ਨਹੀਂ ਜੋ ਤੁਹਾਡਾ ਹੈ, ਇਕ ਆਹ ਵੀ ਭਾਰਤ ਹੈ ਜੋ ਲੋਕਾਂ ਦਾ ਹੈ।
          ਇਕ ਪੰਜਾਬੀ ਮੂਲ ਦੀ 35 ਕੁ ਸਾਲਾਂ ਦੀ ਵਿਦੇਸ਼ੋਂ ਆਈ ਲੜਕੀ ਆਪਣੇ 8-9 ਕੁ ਮਹੀਨਿਆਂ ’ਚ ਬੱਚੇ ਨੂੰ ‘ਬੇਬੀ ਸਿੱਟਰ’ ਵਿਚ ਲਈ ਜਾਂਦੀ ਦਿਸੀ। ਪੁੱਛਿਆ- ‘ਤੁਸੀਂ ਇੰਨੇ ’ਕੱਠ ਵਿਚ ਆ ਗਏ, ਬੱਚਾ ਏਨਾ ਛੋਟਾ ਹੈ, ਜੇ ਕੋਈ ਇੱਥੇ ਸ਼ਰਾਰਤ ਕਰ ਦੇਵੇ ਜਾਂ ਕਿਸੇ ਸਰਕਾਰੀ ਏਜੰਡੇ ਕਾਰਨ ਭਗਦੜ ਮੱਚੀ ਤਾਂ ਕੀ ਕਰੋਗੇ?’ ਉਸ ਲੜਕੀ ਨੇ ਸਹਿਜ ਭਾਅ ਕਿਹਾ- ‘ਆਪਣਾ ਇਤਿਹਾਸ ਤਾਂ ਕੁਰਬਾਨੀਆਂ ਨਾਲ ਭਰਿਆ ਪਿਐ। ਇਕ ਸਮਾਂ ਸੀ, ਮਾਵਾਂ ਨੇ ਆਪਣੇ ਬੱਚਿਆਂ ਦੇ ਹਾਰ ਗਲਾਂ ’ਚ ਪਵਾ ਲਏ ਸਨ। ਜੇ ਕੁਝ ਹੋ ਗਿਆ ਤਾਂ ਸਮਝ ਲਵਾਂਗੇ, ਅਸੀਂ ਵੀ ਕਿਸਾਨ ਸੰਘਰਸ਼ ਦੇ ਮਹਾਂ ਕੁੰਭ ਵਿਚ ਆਪਣੇ ਹਿੱਸੇ ਦੀ ਆਹੂਤੀ ਪਾ ਦਿੱਤੀ।’ ਉਸ ਲੜਕੀ ਦੀਆਂ ਭਾਵਨਾਵਾਂ ਨੂੰ ਵੀ ਸਲਾਮ। ਸੁਣ ਕੇ ਅੱਖਾਂ ਵਿਚ ਪਾਣੀ ਆ ਗਿਆ।
          ਇਤਿਹਾਸ ਵਿਚ ਪੜ੍ਹਿਆ ਹੀ ਸੀ, ਰੋਮ ਸੜਦਾ ਰਿਹਾ ਤੇ ਨੀਰੋ ਬੰਸਰੀ ਵਜਾਉਂਦਾ ਰਿਹਾ। ਅਸੀਂ ਅੱਖੀਂ ਵੇਖ ਲਿਆ ਕਿ ਨੀਰੋ ਕਿਧਰੇ ਨਹੀਂ ਗਿਆ, ਰੂਪ ਬਦਲ ਕੇ ਭਾਰਤ ਵਿਚ ਆ ਗਿਆ ਹੈ। ਦਿੱਲੀ ਦੇ ਹਾਕਮਾਂ ਨੇ ਇਹ ਵੀ ਸੋਚਿਆ ਹੋਵੇਗਾ, ਪੰਜਾਬ ਦੇ ਅੱਧੇ ਨੌਜਵਾਨ ਤਾਂ ਆਈਲੈਟਸ ਕਰਕੇ ਬਾਹਰ ਚਲੇ ਗਏ ਨੇ, ਬਾਕੀ ਬਚੇ ਨਸ਼ੇੜੀ ਨੇ, ਬੁੱਢਿਆਂ ਨੇ ਕੀ ਵਿਰੋਧ ਕਰਨੈ, ਖੇਤੀ ਕਾਨੂੰਨ ਬਣਾਉਣ ਦਾ ਇਹੀ ਵਧੀਆ ਮੌਕਾ ਐ।
        ਆ ਕੇ ਵੇਖੋ, ਦਿੱਲੀ ਦੇ ਬਾਰਡਰਾਂ ’ਤੇ ਟਰੈਕਟਰਾਂ ਉੱਪਰ ਬੈਠੇ ਪੰਜਾਬ ਦੇ ਗੱਭਰੂਆਂ ਅੰਦਰ ਠਾਠਾਂ ਮਾਰਦਾ ਜ਼ੋਸ਼। ਇਨ੍ਹਾਂ ਕਰਤਾਰ ਸਿੰਘ ਸਰਾਭੇ, ਭਗਤ ਸਿੰਘ, ਊਧਮ ਸਿੰਘ, ਰਾਮ ਪ੍ਰਸਾਦ ਬਿਸਮਿਲ ਤੇ ਚੰਦਰ ਸ਼ੇਖਰ ਆਜ਼ਾਦ ਜਿਹੇ ਨਾਇਕਾਂ ਦੀ ਯਾਦ ਨੂੰ ਫਿਰ ਤਾਜ਼ਾ ਕਰ ਦਿੱਤਾ। ਤੁਸੀਂ ਉੜਤਾ ਪੰਜਾਬ ਸੋਚਿਆ ਹੋਣੈ, ਤੁਹਾਨੂੰ ਪੜ੍ਹਤਾ ਪੰਜਾਬ ਤੇ ਲੜਤਾ ਪੰਜਾਬ ਦਿਖਾਈਏ।
        ਕੁਝ ਹਾਲਾਤ ਅਜਿਹੇ ਸਨ ਇਸ ਤਰ੍ਹਾਂ ਮਹਿਸੂਸ ਕਰਦੇ ਸਾਂ ਜਿਵੇਂ ਕਿਸੇ ਨੇ ਪੰਜਾਬ ਦੀ ਪੱਗ ਲਾਹ ਦਿੱਤੀ ਹੋਵੇ, ਪਰ ਤੇਰੀਆਂ ਨੀਤੀਆਂ ਅਤੇ ਨੀਤਾਂ ਨੇ ਪੰਜਾਬ ਦੇ ਸਿਰ ਉਪਰ ਫਿਰ ਓਹੀ ਅਣਖ, ਗੌਰਵ, ਸੰਘਰਸ਼, ਜੂਝ ਮਰਨ ਦੇ ਚਾਓ ਦੀ ਪੱਗ ਰੱਖ ਦਿੱਤੀ ਹੈ। ਬਾਬੇ ਨਾਨਕ ਨੇ ਤੇਰੇ ਵਰਗੇ ਨਾ ਸ਼ੁਕਰਿਆਂ ਨੂੰ ਹੀ ‘ਵਸਦੇ ਰਹੁ’ ਕਿਹਾ ਹੋਵੇਗਾ।
          ਇਸ ਸੰਘਰਸ਼ ਵਿਚ ਕਮਾਲ ਦੇ ਚਮਤਕਾਰ ਹੋਏ। ਮੋਗੇ ਵੱਲ ਦੇ ਇਕ ਪਿੰਡ ਵਿਚੋਂ ਧਰਨੇ ’ਤੇ ਆਏ ਦੋ ਸਕੇ ਭਰਾਵਾਂ ਵਿਚ ਪਿਛਲੇ 10 ਕੁ ਸਾਲਾਂ ਤੋਂ ਜ਼ਮੀਨ ਪਿੱਛੇ ਝਗੜਾ ਚਲਦਾ ਸੀ। ਦੋਵੇਂ ਭਰਾ ਨਾਅਰੇ ਵੀ ’ਕੱਠੇ ਮਾਰਦੇ, ਖਾਂਦੇ ਵੀ ’ਕੱਠੇ, ਭੁੱਖ ਹੜਤਾਲ ਤੇ ’ਕੱਠੇ। ਇਕ ਦਿਨ ਵੱਡੇ ਭਰਾ ਨੇ ਛੋਟੇ ਨੂੰ ਕਿਹਾ, ਜਦੋਂ ਪਿੰਡ ਗਏ, ਆਪਾਂ ਕੇਸ ਵਾਪਸ ਲੈ ਲੈਣੈ। ਜ਼ਮੀਨ ਅੰਡਾਨੀ, ਅੰਬਾਨੀ ਲੈ ਜੂ ਆਪਾਂ ਵਾਧੂ ਲੜਦੇ ਰਹਿਣੈ। ਵਰ੍ਹਿਆਂ ਦੀ ਦੁਸ਼ਮਣੀ ਇਸ ਸਾਂਝੇ ਸੰਘਰਸ਼ ਨੇ ਮਿਟਾ ਦਿੱਤੀ। ਇੱਥੇ ਆ ਕੇ ਵੇਖੋ ਕਿਵੇਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਇੱਕੋ ਥਾਂ ਬੈਠੇ ਖਾ ਰਹੇ ਹਨ। ਕਿਵੇਂ ਹਰ ਸੂਬੇ ਦੇ ਕਿਸਾਨਾਂ ਦੇ ਸਾਂਝੇ ਦੁੱਖ ਹਨ... ਕਿਵੇਂ ਹੌਂਸਲੇ ਬੁਲੰਦ ਹਨ। ਖੇਤੀ ਕਿਸਾਨਾਂ ਦੀ ਜੀਵਨ ਜਾਚ ਹੈ, ਕਿਸਾਨਾਂ ਦੀ ਹੋਂਦ ਹੈ। ਕਿਸਾਨ ਨਹੀਂ ਰਹਿਣਗੇ ਤਾਂ ਲੋਕ ਵੀ ਨਹੀਂ ਰਹਿਣਗੇ।
        ਟਿੱਕਰੀ ਅਤੇ ਸਿੰਘੂ ਬਾਰਡਰ ਦੇ ਆਸ-ਪਾਸ ਵਸਦੇ ਲੋਕ ਅਚੰਭੇ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਵੇਖਦੇ ਹਨ। ਇਕ ਨੂੰ ਪੁੱਛਿਆ- ‘ਤਹਾਨੂੰ ਕੋਈ ਔਖ ਤਾਂ ਨਹੀਂ ਹੁੰਦੀ?’
       ਉਸ ਨੇ ਕਿਹਾ- ‘ਅਸੀਂ ਲੋਕ ਪੂਜਾ ਕਰਦੇ ਹਾਂ, ਦੁਆ ਕਰਦੇ ਹਾਂ, ਕਿਸਾਨ ਭਰਾਵਾਂ ਦੀ ਜਿੱਤ ਹੋਵੇ, ਇਨ੍ਹਾਂ ਦੀ ਫ਼ਤਿਹ ਹੋਵੇ, ਪਰ ਇੱਥੋਂ ਉਠਣ ਨਾ, ਏਥੇ ਹੀ ਪੱਕੇ ਤੌਰ ’ਤੇ ਪਿੰਡ ਬਣਾ ਲੈਣ। ਇਨ੍ਹਾਂ ਨੇ ਸਾਨੂੰ ਅਣਖ ਨਾਲ ਲੜਣਾ ਵੀ ਸਿਖਾਇਐ ਤੇ ਜਿਉਣਾ ਵੀ।
      ਪਿਆਰੀ ਸਰਕਾਰ, ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹੀ ਆ ਕੇ ਪੁੱਛ ਲਓ ਇਨ੍ਹਾਂ ਕਿਸਾਨਾਂ ਵਿਚੋਂ ਕਿਹੜੇ ਅਤਿਵਾਦੀ ਨੇ, ਕਿਹੜੇ ਖ਼ਾਲਿਸਤਾਨੀ, ਕਿਹੜੇ ਪਾਕਿਸਤਾਨੀ ਜਾਂ ਚੀਨ ਪੱਖੀ ਨੇ?
        ਅਸੀਂ ਉੱਥੋਂ ਮੁੜ ਜ਼ਰੂਰ ਆਏ ਹਾਂ, ਪਰ ਹਰ ਪਲ, ਹਰ ਘੜੀ ਧਿਆਨ ਸੜਕਾਂ ਉਪਰ ਬੈਠੇ ਜੂਝਦੇ ਕਿਸਾਨਾਂ ਵੱਲ ਰਹਿੰਦਾ ਹੈ।

ਸੰਪਰਕ : 98147-83069