ਜੋ ਵੀ ਕਿਧਰੇ ਗੁਲਮੋਹਰ ਸੀ, ਖਿੜ ਕੇ ਸੂਹਾ ਹੋ ਗਿਆ - ਸੁਰਜੀਤ ਪਾਤਰ

ਕਿਸਾਨਾਂ ਦੇ ਇਸ ਸੰਘਰਸ਼ ਦਾ ਅਸਰ ਇਕ ਬਦਲਦੀ ਰੁੱਤ ਵਾਂਗ ਹੋ ਗਿਆ। ਕਿਸਾਨ, ਮਜ਼ਦੂਰ, ਕਿਰਤੀ, ਅਧਿਆਪਕ, ਵਿਦਿਆਰਥੀ, ਡਾਕਟਰ, ਅਫ਼ਸਰ, ਕਵੀ, ਗਾਇਕ, ਵਕੀਲ, ਔਰਤਾਂ, ਪੁਰਖ, ਨੌਜਵਾਨ, ਪੁੱਤਰ, ਧੀਆਂ, ਬਜ਼ੁਰਗ ਸਭ ਇਸ ਵਿਚ ਸ਼ਾਮਲ ਹੋ ਗਏ ਜਿਵੇਂ ਰੁੱਤ ਆਈ ’ਤੇ ਗੁਲਮੋਹਰ ਦੇ ਸਾਰੇ ਦਰੱਖਤਾਂ ਨੂੰ ਸੂਹੇ ਸੰਤਰੀ ਫੁੱਲ ਪੈ ਜਾਂਦੇ ਹਨ ਜਿਸ ਕਾਰਨ ਇਸ ਨੂੰ ਅੰਗਰੇਜ਼ੀ ਵਾਲੇ ਲਾਟਾਂ ਵਾਲਾ ਰੁੱਖ ਵੀ ਕਹਿੰਦੇ ਹਨ :

ਰੁੱਤ ਜਦੋਂ ਬਦਲੀ ਤਾਂ ਬਿਨ ਉਪਦੇਸ਼, ਬਿਨ ਪੈਗਾਮ ਹੀ
ਜੋ ਵੀ ਕਿਧਰੇ ਗੁਲਮੋਹਰ ਸੀ, ਖਿੜ ਕੇ ਸੂਹਾ ਹੋ ਗਿਆ।

ਫ਼ਰਕ ਇਹ ਹੈ ਕਿ ਬੰਦਿਆਂ ਦੇ ਮਨ ਦੀ ਰੁੱਤ ਬਦਲਣ ਵਿਚ ਪੈਗਾਮਾਂ ਅਤੇ ਉਪਦੇਸ਼ਾਂ ਦਾ ਵੀ ਬਹੁਤ ਹਿੱਸਾ ਹੁੰਦਾ ਹੈ। ਉਹ ਪੈਗਾਮ ਅਤੇ ਉਪਦੇਸ਼ ਮਸਲੇ ਬਾਰੇ ਬਾਰੀਕ ਜਾਣਕਾਰੀ ਨਾਲ ਵੀ ਸੰਬੰਧ ਰੱਖਦੇ ਹਨ ਤੇ ਸਾਡੀਆਂ ਕਦਰਾਂ ਕੀਮਤਾਂ ਨਾਲ ਵੀ।
      ਇਸ ਅੰਦੋਲਨ ਵਿਚ ਸਭ ਦੀ ਸਾਂਝੀ ਕਦਰ ਕੀਮਤ ਨਿਆਂ ਹੈ। ਹਾਕਮ ਅਤੇ ਮਾਇਆਧਾਰੀ ਰਲ਼ ਕੇ ਜੋ ਰਿਆਇਆ ਨਾਲ ਅਨਿਆਂ ਕਰਦੇ ਹਨ, ਉਸ ਦੇ ਵਿਰੁੱਧ ਆਪਣੀ ਸੁਰਤ ਵਿਚ ਬਹੁਤਿਆਂ ਨੇ ਪਹਿਲੀ ਵਾਰ ਏਨਾ ਵੱਡਾ, ਏਨਾ ਸ਼ਾਨਾਂਮੱਤਾ, ਏਨੀ ਖੁਸ਼ਮਿਜ਼ਾਜੀ, ਏਨੇ ਸਬਰ ਸਿਦਕ ਵਾਲਾ ਅੰਦੋਲਨ ਦੇਖਿਆ। ਸਾਡੇ ਅੰਦਰ ਨਿਆਂ ਅਨਿਆਂ ਦੇ ਬਿਰਤਾਂਤ ਜਾਗ ਪਏ। ਸਾਡੀ ਮਾਨਵਤਾ, ਸਾਂਝੀਵਾਲਤਾ ਅਤੇ ਸਾਂਝੇ ਦੁੱਖ ਦੇ ਭੁੱਲੇ ਵਿਸਰੇ ਬਿਰਤਾਂਤ ਜਾਗ ਪਏ। ਸਾਡੇ ਬਹੁਤਿਆਂ ਦੇ ਮਨਾਂ ਵਿਚ ਇਹ ਉਦਾਸ ਹਰਫ਼ ਲਿਖੇ ਹੋਏ ਸਨ : ਏਥੇ ਕੁਝ ਨਹੀਂ ਹੋ ਸਕਦਾ। ਉਹ ਲਫ਼ਜ਼ ਖੁਰ ਗਏ ਤਾਂ ਜਿਵੇਂ ਕੜ ਪਾਟ ਗਿਆ ਤੇ ਦਰਿਆ ਫੁੱਟ ਨਿਕਲਿਆ :

ਮਹਾ ਦਰਿਆ ਹੈ ਇਹ, ਐਵੇ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ

ਇਹ ਅੰਦੋਲਨ ਧਰਤੀ ਉੱਤੇ ਕਈ ਮੀਲਾਂ ਤੱਕ ਫੈਲ ਗਿਆ ਪਰ ਸਾਡੀਆਂ ਸੋਚਾਂ ਵਿਚ ਇਹ ਕਈ ਸਦੀਆਂ ਤੱਕ ਫੈਲ ਗਿਆ, ਅਸੀਂ ਆਪਣੇ ਆਪ ਨੂੰ ਅਨਿਆਂ ਸੰਗ ਜੂਝਦੇ ਆਪਣੇ ਪੁਰਖਿਆਂ ਦੀ ਸੰਗਤ ਵਿਚ ਮਹਿਸੂਸ ਕਰਦੇ ਹਾਂ। ਅਸੀਂ ’ਕੱਲੇ ’ਕੱਲੇ ਸੀ ਤਾਂ ਬਹੁਤ ਡਰਦੇ ਸੀ। ਹੁਣ ਅਸੀਂ ’ਕੱਲੇ ’ਕੱਲੇ ਨਹੀਂ ਮਹਿਸੂਸ ਕਰਦੇ। ਜੋ ਸਾਥੋਂ ਵਿਛੜੇ ਸਨ, ਉਹ ਸਾਨੂੰ ਆਣ ਮਿਲੇ।

ਜੋ ਵਿੱਛੜੇ ਸਨ ਬਹੁਤ ਚਿਰ ਦੇ
ਤੇ ਸਾਰੇ ਸੋਚਦੇ ਸਨ
ਉਹ ਸਾਡਾ ਹੌਸਲਾ, ਅਪਣੱਤ,
ਉਹ ਜ਼ਿੰਦਾਦਿਲੀ, ਪੌਰਖ, ਗੁਰਾਂ ਦੀ ਓਟ ਦਾ ਵਿਸ਼ਵਾਸ
ਉਹ ਕਿੱਥੇ ਗਏ ਸਾਰੇ

ਭਲਾ ਮੋਏ ਤੇ ਵਿੱਛੜੇ ਕੌਣ ਮੇਲੇ
ਕਰੇ ਰਾਜ਼ੀ ਅਸਾਡਾ ਜੀਅ ਤੇ ਜਾਮਾ

ਗੁਰਾਂ ਦੀ ਮਿਹਰ ਹੋਈ
ਮੋਜਜ਼ਾ ਹੋਇਆ
ਉਹ ਸਾਰੇ ਮਿਲ ਪਏ ਆ ਕੇ
ਸੀ ਬਿਰਥਾ ਜਾ ਰਿਹਾ ਜੀਵਨ
ਕਿ ਅੱਜ ਲਗਦਾ, ਜਨਮ ਹੋਇਆ ਸੁਹੇਲਾ ਹੈ।

     ਸਾਡੀਆਂ ਜ਼ਿੰਦਗੀ ਨੂੰ ਬੜੇ ਚਿਰਾਂ ਬਾਅਦ ਇਕ ਸਾਂਝਾ ਅਰਥ ਮਿਲਿਆ। ਸਾਡੇ ਨੌਜਵਾਨਾਂ ਦੇ ਮਨਾਂ ਵਿਚਲਾ ਸੁੰਨਾਪਣ ਦੂਰ ਹੋਇਆ। ਉਨ੍ਹਾਂ ਦੀਆਂ ਸੋਚਾਂ ਬਦਲ ਗਈਆਂ। ਉਨ੍ਹਾਂ ਦੇ ਗੀਤ ਬਦਲ ਗਏ। ਹੁਣ ਇਸ ਮਿਲਾਪ ਨੂੰ ਸਾਂਭ ਕੇ ਰੱਖਣਾ ਹੈ, ਅਸੀਂ ਵਿਛੜਨਾ ਨਹੀਂ। ਵਿਛੋੜੇ ਅਸੀਂ ਬਹੁਤ ਸਹਿ ਲਏ। ਇਸ ਮਿਲਾਪ ਨੂੰ ਕਾਇਮ ਰੱਖਣ ਲਈ ਸਾਨੂੰ ਬਹੁਤ ਸਚੇਤ, ਹਲੀਮ, ਸਿਰਜਣਸ਼ੀਲ ਹੋਣਾ ਹੋਵੇਗਾ। ਦੂਜੇ ਦੇ ਦੁੱਖ ਨੂੰ ਆਪਣੇ ਦੁੱਖ ਦੇ ਕਰੀਬ ਰੱਖਣਾ ਹੋਵੇਗਾ।

ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦਾ ਪੁਰਬ

ਦੁਖ ਸੁਖ ਦੀ ਇਸ ਮਹਾ ਕਿਸਾਨ ਲਹਿਰ ਨੂੰ ‘ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦਾ ਪੁਰਬ’ ਕਿਹਾ ਗਿਆ ਹੈ। ਇਸ ਲਹਿਰ ਵਿਚ ਉਹ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਬੇਜ਼ਮੀਨੇ ਮਜ਼ਦੂਰ ਕਿਹਾ ਜਾਂਦਾ ਹੈ ਕਿਉਂਕਿ ਅਸਿੱਧੇ ਤੌਰ ’ਤੇ ਉਨ੍ਹਾਂ ਦੀ ਰੋਜ਼ੀ ਰੋਟੀ ਵੀ ਜ਼ਮੀਨ ਨਾਲ ਜੁੜੀ ਹੋਈ ਹੈ। ਪਰ ਇਕ ਹਉਕਾ ਵੀ ਨਾਲ ਤੁਰਦਾ ਹੈ : ਕੀ ਦੁਖ ਸੁਖ ਦੀ ਇਸ ਲਹਿਰ ਵਿਚ ਉਨ੍ਹਾਂ ਦਾ ਗਹਿਰਾ ਦਰਦ ਵੀ ਸ਼ਾਮਿਲ ਹੈ ? ਲਹਿੰਦੇ ਪੰਜਾਬ ਦੇ ਅਦੀਬ ਫ਼ਰਜ਼ੰਦ ਅਲੀ ਦੇ ਨਾਵਲ ‘ਭੁੱਬਲ’ ਦੇ ਮੁਜਾਰੇ ਮੇਰੀ ਸੋਚ ਵਿਚ ਤੁਰਦੇ ਹਨ:

ਅਸੀਂ ਬੰਦੇ ਰੱਬ ਦੇ, ਜ਼ਮੀਨ ਵੀ ਏ ਰੱਬ ਦੀ
ਤਾਂ ਵੀ ਪੈਰ ਧਰਨ ਜੋਗੀ ਥਾਂ ਕਿਉਂ ਨਈਂ ਲੱਭਦੀ
ਇੱਕੋ ਸੱਚਾ ਰੱਬ ਹੈ ਜੇ ਵਾਲੀ ਸਾਰੇ ਜੱਗ ਦਾ
ਰੱਬ ਦੀ ਜ਼ਮੀਂ ਦਾ ਵੱਡਾ ਰਾਠ ਕੀ ਏ ਲੱਗਦਾ
ਬੜੀ ਤੂਤੀ ਬੋਲਦੀ ਏ ਜੱਗ ਤੇ ਮਜ਼੍ਹਬ ਦੀ
ਤਾਂ ਵੀ ਪੈਰ ਧਰਨ ਜੋਗੀ ਥਾਂ ਕਿਉਂ ਨਈਂ ਲੱਭਦੀ
ਬਾਪੂ ਕੋਲੋਂ ਪੁੱਛਿਆ ਮੈਂ ਅੰਮਾਂ ਕੋਲੋਂ ਪੁੱਛਿਆ
ਕਿਸੇ ਨੂੰ ਜਵਾਬ ਕੋਈ ਚੱਜ ਦਾ ਨਾ ਸੁੱਝਿਆ
ਡਰਦੀ ਰਿਆਇਆ ਬੋਲ ਆਪਣੇ ਹੀ ਚੱਬਦੀ
ਤਾਂ ਵੀ ਪੈਰ ਧਰਨ ਜੋਗੀ ਥਾਂ ਕਿਉਂ ਨਈ ਲੱਭਦੀ

        ਲਹਿੰਦੇ ਪੰਜਾਬ ਵਿਚ ਇਹ ਦਰਦ ਬਹੁਤ ਗਹਿਰਾ ਹੈ, ਪਰ ਚੜ੍ਹਦੇ ਪੰਜਾਬ ਵਿਚ ਵੀ ਇਸ ਦੀ ਕਸਕ ਥੋੜ੍ਹੀ ਨਹੀਂ। ਜ਼ਮੀਨਾਂ ਵਾਲੇ ਬਹੁਤੇ ਲੋਕ ਕਿਰਤੀਆਂ ਕਾਮਿਆਂ ਨਾਲ ਕਿਵੇਂ ਸਲੂਕ ਕਰਦੇ ਹਨ ਗੁਰਦਿਆਲ ਸਿੰਘ ਦਾ ‘ਮੜ੍ਹੀ ਦਾ ਦੀਵਾ’ ਵੀ ਉਹ ਦਾਸਤਾਨ ਦੱਸਦਾ ਹੈ। ਪ੍ਰੋ. ਅਵਤਾਰ ਸਿੰਘ ਹੋਰਾਂ ਨੇ ਇਕ ਪਿੰਡ ਦੇ ਗੁਰਦੁਆਰੇ ਵਿਚ ਹੁੰਦੀ ਅਨਾਊਂਸਮੈਂਟ ਸੁਣਾਈ ਤਾਂ ਅਹਿਸਾਸ ਹੋਇਆ ਕਿ ਅਸੀਂ ਕਿੰਨੇ ਅਹਿਸਾਸ-ਹੀਣੇ ਹਾਂ। ਜਿਸ ਸਪੀਕਰ ’ਤੇ ਅਕਸਰ ਇਹ ਬੋਲ ਗੂੰਜਦੇ ਹਨ : ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ... , ਉਸ ਸਪੀਕਰ ਵਿਚ ਗੁਰੂ ਨਾਨਕ ਦਾ ਇਕ ਸਿੱਖ ਨਿਤਾਣਿਆਂ ਨਿਮਾਣਿਆਂ ਨੂੰ ਡਰਾਵੇ ਦੇ ਰਿਹਾ ਹੈ। ਇਹ ਗੁਰੂ-ਘਰ ਵਿਚ ਬੈਠਾ ਵੀ ਗੁਰੂ ਤੋਂ ਕਿੰਨਾ ਦੂਰ ਹੈ।
        ਇਸ ਦੁਖ ਸੁਖ ਦੀ ਮਹਾ ਲਹਿਰ ਨੂੰ ਪਛਤਾਵਿਆਂ ਦੇ ਹੰਝੂਆਂ ਨਾਲ ਜ਼ਮੀਨਾਂ ਵਾਲਿਆਂ ਦੇ ਇਹੋ ਜਿਹੇ ਵਿਵਹਾਰ ਦੇ ਦਾਗ ਵੀ ਧੋਣੇ ਪੈਣਗੇ। ਬੇਜ਼ਮੀਨੇ ਮਜ਼ਦੂਰਾਂ, ਕਿਰਤੀਆਂ ਕੰਮੀਆਂ ਪਰਵਾਸੀ ਮਜ਼ਦੂਰਾਂ ਨਾਲ ਬੈਠ ਕੇ ਹੀ ਅਸੀਂ ਬਾਬਾ ਨਾਨਕ ਕੋਲ ਬੈਠ ਸਕਦੇ ਹਾਂ ਕਿਉਂਕਿ ਬਾਬਾ ਨਾਨਕ ਤਾਂ ਕੰਮੀ ਕਿਰਤੀਆਂ ਦੇ ਨਾਲ ਹੀ ਬੈਠਾ ਹੈ, ਭਾਈ ਲਾਲੋ ਦੇ ਕੋਧਰੇ ਵਿਚੋਂ ਦੁੱਧ ਦੇ ਘੁੱਟ ਭਰ ਰਿਹਾ :

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

       ਅਸੀਂ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ ਹੈ ਇਨ੍ਹਾਂ ਨੂੰ ਗਲ਼ੇ ਲਾਉਣ ਵਿਚ। ਏਸੇ ਲਈ ਇਹ ਸਾਡੇ ਤੋਂ ਦੂਰ ਜਾ ਰਹੇ ਹਨ। ਦੇਰ ਕਰਨ ਬਾਰੇ ਮੁਨੀਰ ਨਿਆਜ਼ੀ ਦੀ ਬਹੁਤ ਪਿਆਰੀ ਨਜ਼ਮ ਯਾਦ ਆ ਰਹੀ ਹੈ :

ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਜ਼ਰੂਰੀ ਬਾਤ ਕਹਨੀ ਹੋ
ਕੋਈ ਵਾਅਦਾ ਨਿਭਾਨਾ ਹੋ
ਉਸੇ ਆਵਾਜ਼ ਦੇਨੀ ਹੋ
ਉਸੇ ਵਾਪਸ ਬੁਲਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਮਦਦ ਕਰਨੀ ਹੋ ਉਸ ਕੀ
ਯਾਰ ਕੀ ਢਾੜਸ ਬੜ੍ਹਾਨੀ ਹੋ
ਬਹੁਤ ਦੇਰੀਨ ਰਸਤੋਂ ਪਰ
ਕਿਸੀ ਕੋ ਮਿਲਨੇ ਜਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਕਿਸੀ ਕੋ ਮੌਤ ਸੇ ਪਹਲੇ
ਕਿਸੀ ਗ਼ਮ ਸੇ ਛੁੜਾਨਾ ਹੋ
ਹਕੀਕਤ ਔਰ ਥੀ ਕੁਛ
ਉਸ ਕੋ ਜਾ ਕੇ, ਯੇ ਬਤਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ...

       ਅਸਾਨੂੰ ਹੋਰ ਦੇਰ ਪੁੱਗਦੀ ਨਹੀਂ। ਅਸੀਂ ਗੁਰੂ ਦੇ ਬੇਟਿਆਂ ਬੇਟੀਆਂ ਦੇ ਸੰਗ ਹੀ, ਇਨ ਹੀ ਕ੍ਰਿਪਾ ਸੇ ... ਦੇ ਗੁਰੂ-ਬੋਲ ਯਾਦ ਕਰ ਕੇ ਹੀ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਾਂਗੇ। ਸਾਡੇ ਲਈ ਇਕ ਵੱਡਾ ਸਵਾਲ ਇਹ ਵੀ ਹੈ ਨਾਨਕ ਦੇ ਦਰ ’ਤੇ ਆ ਕੇ ਵੀ ਇਹ ਤੁਕਾਂ ਬੇ-ਅਰਥ ਕਿਉਂ ਨਹੀਂ ਹੋਈਆਂ :

ਕਿੰਨੇ ਦਿਨ ਡੁੱਬ ਡੁੱਬ ਕੇ ਚੜ੍ਹ ਪਏ
ਰਾਤ ਨਾ ਬਦਲੀ ਮੇਰੀ
ਕਿੰਨੇ ਧਰਮ ਬਦਲ ਕੇ ਦੇਖੇ
ਜਾਤ ਨ ਬਦਲੀ ਮੇਰੀ।

      ਅੰਦੋਲਨ ਦੀ ਪਾਵਨਤਾ ਤੇ ਮਹਾਨਤਾ ਬਾਰਡਰਾਂ ਤੋਂ ਸ਼ਾਮਲਾਟਾਂ ਤੱਕ ਵੀ ਆਉਣੀ ਚਾਹੀਦੀ ਹੈ। ਤਦੇ ਇਹ ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦਾ ਪੁਰਬ ਸੰਪੂਰਨ ਹੋਵੇਗਾ।

ਤੁਸੀਂ ਗੁਮਰਾਹ ਹੋਏ ਲੋਕ ਹੋ

        ਸਾਨੂੰ ਵਾਰ ਵਾਰ ਇਹ ਵਾਕ ਸੁਣਨ ਨੂੰ ਮਿਲਦਾ ਹੈ। ਤੇ ਸਾਨੂੰ ਰਾਹੇ ਪਾਉਣ ਲਈ ਬਹੁਤ ਚਾਲਾਂ ਚੱਲੀਆਂ ਜਾਂਦੀਆਂ ਹਨ। ਇਹ ਉੱਚੀ ਉੱਚੀ ਕੂਕ ਕੇ ਮਾਈਕ੍ਰੋਫ਼ੋਨਾਂ ’ਤੇ ਵੀ ਬੋਲਿਆ ਜਾਂਦਾ ਹੈ ਤੇ ਕਈ ਗਹਿਰੇ ਰਾਜ਼ਦਾਨਾਂ ਤੇ ਹਮਦਰਦਾਂ ਵਾਂਗ ਕੰਨਾਂ ਵਿਚ ਘੁਸਰ ਮੁਸਰ ਕਰ ਕੇ ਵੀ ਕਿਹਾ ਜਾਂਦਾ ਹੈ। ਪਰ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਆਪਣੀ ਸਾਂਝ ਦੇ ਨਿੱਘ ਸਦਕਾ ਇਨ੍ਹਾਂ ਵਾਕਾਂ ਦੇ ਇਹੋ ਜਿਹੇ ਜਵਾਬ ਸੁੱਝਦੇ ਹਨ ਜੋ ਇਨ੍ਹਾਂ ਅਗਨ-ਬਾਣਾਂ ਨੂੰ ਭਸਮ ਕਰ ਦਿੰਦੇ ਹਨ। ਕਿਸੇ ਦੇ ਕੰਨ ਵਿਚ ਇਨ੍ਹਾਂ ਨੇ ਕਿਹਾ : ਉਹ ਤੁਹਾਡੇ ਪਾਣੀਆਂ ਦੇ ਝਗੜੇ ਦਾ ਕੀ ਬਣਿਆਂ? ਉਸ ਨੂੰ ਜਵਾਬ ਮਿਲਿਆ : ਪਾਣੀ ਕੀ ਕਰਾਂਗੇ ਜੇ ਜ਼ਮੀਨਾਂ ਹੀ ਨਾ ਰਹੀਆਂ? ਤੇ ਝਗੜੇ ਵੀ ਅਸੀਂ ਆਪੇ ਹੀ ਹੱਲ ਕਰ ਲਵਾਂਗੇ। ਤੁਸੀਂ ਫ਼ਿਕਰ ਨਾ ਕਰੋ। ਅਸੀਂ ਕਿਹੜਾ ਪਾਣੀ ਰਿੜਕ ਕੇ ਵੋਟਾਂ ਦਾ ਮੱਖਣ ਕੱਢਣਾ?
       ਕਿਸੇ ਦੇ ਕੰਨ ਵਿਚ ਇਨ੍ਹਾਂ ਕਿਹਾ : ਤੁਹਾਨੂੰ ਆਪਣੇ ਭਲੇ ਬੁਰੇ ਦਾ ਪਤਾ ਨਹੀਂ। ਤੁਸੀਂ ਭੋਲ਼ੇ ਭਾਲ਼ੇ ਲੋਕ ਹੋ। ਤੁਸੀਂ ਰਾਜਸੀ ਪਾਰਟੀਆਂ ਤੇ ਦੁਸ਼ਮਣ ਦੇਸਾਂ ਦੇ ਭਟਕਾਏ ਹੋਏ ਗੁਮਰਾਹ ਹੋਏ ਲੋਕ ਹੋ। ਉਸ ਨੇ ਹੱਸ ਕੇ ਜਵਾਬ ਦਿੱਤਾ : ਹਾਂ ਹਜ਼ੂਰ, ਸਚਮੁਚ ਅਸੀਂ ਗੁਮਰਾਹ ਹੋਏ ਲੋਕ ਹਾਂ। ਪਰ ਸਾਨੂੰ ਕਿਸੇ ਰਾਜਸੀ ਪਾਰਟੀ ਜਾਂ ਦੁਸ਼ਮਣ ਦੇਸ਼ ਨੇ ਗੁਮਰਾਹ ਨਹੀਂ ਕੀਤਾ। ਦਰਅਸਲ ਅਸੀਂ ਉਸ ਗੁਰੂ ਦੇ ਚੇਲੇ ਹਾਂ ਜਿਸ ਨੂੰ ਤੁਹਾਡੇ ਜਿਹੇ ਪਖੰਡੀ ਲੋਕ ਕੁਰਾਹੀਆ ਆਖਦੇ ਸਨ। ਕੋਈ ਸੱਚ ਤੇ ਇਨਸਾਫ਼ ਦੇ ਮਾਰਗ ’ਤੇ ਚੱਲਦਾ ਹੈ ਤਾਂ ਕੂੜ ਕੁਸੱਤ ਦੇ ਰਾਹ ’ਤੇ ਚੱਲਣ ਵਾਲੇ ਉਸ ਨੂੰ ਕੁਰਾਹੀਆ ਜਾਂ ਗੁਮਰਾਹ ਆਖਦੇ ਹੀ ਹਨ। ਸਾਡੇ ਲਈ ਇਹ ਕੋਈ ਨਵੀਂ ਗੱਲ ਨਹੀਂ।
      ਕਿਸੇ ਨੂੰ ਇਹ ਵੀ ਆਖਦੇ ਹਨ : ਤੂੰ ਨਾ ਤਾਂ ਕਿਸਾਨ ਹੈਂ, ਨਾ ਖੇਤ ਮਜ਼ਦੂਰ, ਨਾ ਆੜਤੀਆ, ਨਾ ਛੋਟਾ ਦੁਕਾਨਦਾਰ, ਨਾ ਪੱਲੇਦਾਰ ... ਤੂੰ ਏਥੇ ਕੀ ਕਰਦੈਂ?
      ਅਸੀਂ ਇਸ ਅੰਦੋਲਨ ਨੂੰ ਜ਼ਮੀਨ ਬੇਜ਼ਮੀਨੇ ਦੇ ਸੀਮਿਤ ਅਰਥਾਂ ਵਿਚ ਨਹੀਂ ਦੇਖਦੇ। ਸਾਡੇ ਲਈ ਇਸ ਦੇ ਅਰਥ ਇਸ ਤੋਂ ਬਹੁਤ ਵੱਡੇ ਹਨ। ਇਸ ਨੂੰ ਅਸੀਂ ਸੱਚ ਤੇ ਝੂਠ, ਕਿਰਤ ਅਤੇ ਲੁੱਟ, ਇਨਸਾਫ਼ ਅਤੇ ਬੇਇਨਸਾਫ਼ੀ ਦੇ ਬਹੁਤ ਵੱਡੇ ਪ੍ਰਸੰਗ ਵਿਚ ਵੇਖਦੇ ਹਾਂ :

ਸਰਕਾਰ ਵੀ ਜਿਸਦੀ ਜ਼ਰਖ਼ਰੀਦ
ਕਿੰਨੇ ਅਖ਼ਬਾਰ ਵੀ ਜ਼ਰਖ਼ਰੀਦ
ਸਭ ਚੈਨਲ ਵੈਨਲ ਹੋਰ ਵਿਸ਼ਵ
ਮੰਡਲ ਵਿਉਪਾਰ ਵੀ ਜ਼ਰਖ਼ਰੀਦ

ਇਹ ਮਸਲਾ ਮਾਇਆਧਾਰੀਆਂ ਦੇ
ਜੰਜਾਲ 'ਚ ਫਸੇ ਜਹਾਨ ਦਾ ਏ

     ਸਾਡੇ ਲਈ ਇਸ ਦੇ ਅਰਥ ਪੂਰੇ ਜਹਾਨ ਜਿੱਡੇ ਹਨ, ਪੂਰੀ ਮਾਨਵਤਾ ਜਿੱਡੇ, ਪੂਰੀ ਧਰਤੀ ਜਿੱਡੇ, ਸਗੋਂ ਪੂਰੇ ਆਸਮਾਨ ਜਿੱਡੇ ਕਿਉਂਕਿ ਸਾਡੇ ਗੁਰੂ ਲਈ ਪੂਰਾ ਆਸਮਾਨ ਆਰਤੀ ਦਾ ਥਾਲ ਸੀ ਤੇ ਉਹ ਆਰਤੀ ਸਿਰਫ਼ ਮੰਦਰਾਂ ਗੁਰਦੁਆਰਿਆਂ ਵਿਚ ਹੀ ਨਹੀਂ ਪੂਰੇ ਬ੍ਰਹਿਮੰਡ ਵਿਚ ਚੱਲਦੀ ਹੈ। ਉਹ ਸਾਡੀ ਗੁਮਰਾਹੀ ਦਾ ਕੀ ਇਲਾਜ ਕਰੇਗਾ ਜੋ ਸਾਥੋਂ ਪੁੱਛਦਾ ਹੈ :

ਤੇਰੇ ਕੋਲ ਤਾਂ ਚਾਰ ਸਿਆੜ ਨਹੀਂ
ਤੂੰ ਏਧਰ ਕਿੱਧਰ ਫਿਰਦਾ ਏਂ
ਤੇਰੀ ਗੁਮਰਾਹੀ ਸਿਰੇ ਦੀ ਹੈ
ਐਵੇਂ ਕਮਲਾ ਹੋਇਆ ਫਿਰਦਾ ਏਂ

ਜੀ ਮੈਂ ਚੇਲਾ ਹਾਂ ਓਸ ਕੁਰਾਹੀਏ ਦਾ
ਜਿਹਦਾ ਥਾਲ ਵੀ ਕੁਲ ਅਸਮਾਨ ਦਾ ਏ *

ਮੇਰਾ ਹਰਫ਼ ਹਰਫ਼ ਤੇਰੀ ਜ਼ਦ ਵਿਚ ਹੈ
ਵਾਹ ਸ਼ਾਇਰ, ਤੂੰ ਵੀ ਏਥੇ ਹੈਂ?
ਤੇਰੀ ਕਿਸ ਜ਼ਮੀਨ ਨੂੰ ਖ਼ਤਰਾ ਏ?
ਮੇਰੇ ਬੋਲਾਂ ਨੂੰ, ਮੇਰੀ ਕਵਿਤਾ ਨੂੰ
ਮੇਰੀ ਸੁਰਜ਼ਮੀਨ ਨੂੰ ਖ਼ਤਰਾ ਏ

ਮੇਰਾ ਹਰਫ਼ ਹਰਫ਼ ਤੇਰੀ ਜ਼ਦ ਵਿਚ ਹੈ
ਮੇਰਾ ਮਸਲਾ ਉਹਨੂੰ ਬਚਾਣ ਦਾ ਏ

ਇਸ ਪਲ ਉਹ ਸਾਰੇ ਯਾਦ ਆ ਰਹੇ ਹਨ ਜਿਹੜੇ ਜ਼ਦ ਵਿਚ ਆਏ ਹਰਫ਼ਾਂ ਨੂੰ ਬਚਾਉਂਦੇ ਸ਼ਹੀਦ ਹੋਏ ਜਾਂ ਕੈਦਾਂ ਦੇ ਤਸੀਹੇ ਭੁਗਤ ਰਹੇ ਹਨ। ਮਾਇਆਧਾਰੀਆਂ ਅਤੇ ਉਨ੍ਹਾਂ ਦੀਆਂ ਜ਼ਰਖ਼ਰੀਦ ਸਰਕਾਰਾਂ ਦੇ ਦਿਸਦੇ ਅਣਦਿਸਦੇ ਜੰਜਾਲ ਨੂੰ ਚੀਰਨ ਲਈ ਸਾਨੂੰ ਸੱਚੇ ਵਾਕਾਂ ਦੀਆਂ ਮਸ਼ਾਲਾਂ ਵੀ ਚਾਹੀਦੀਆਂ ਹਨ ਤੇ ਸਬਰ ਸਿਦਕ ਵਾਲੇ ਲੋਕਾਂ ਦੇ ਕਾਫ਼ਲੇ ਵੀ। ਇਨ੍ਹਾਂ ਸ਼ਬਦਾਂ ਨਾਲ ਇਕ ਵਾਰ ਫੇਰ ਸਾਂਝੇ ਦੁੱਖ ਸੁਖ ਦੀ ਮਹਾਨ ਲਹਿਰ ਨੂੰ ਸਿਰ ਝੁਕਾਉਂਦਾ ਹੈ। ਸਾਂਝੀਵਾਲਤਾ ਅਤੇ ਸਭਿਆਚਾਰਕ ਪੁਨਰ-ਸਿਰਜਣ ਦੇ ਇਸ ਪੁਰਬ ਨੂੰ ਉਸ ਪੂਰਬ ਦਿਸ਼ਾ ਵਾਂਗ ਦੇਖਦਾ ਹਾਂ ਜਿਸ ਵਿਚੋਂ ਉਦੈ ਹੋਇਆ ਸੂਰਜ ਸਾਡੀਆਂ ਕਿੰਨੀਆਂ ਆਸਾਂ, ਅਰਦਾਸਾਂ ਦਾ ਮਰਕਜ਼ ਹੈ।
* ਇਹ ਗੁਰੂ ਨਾਨਕ ਦੇਵ ਜੀ ਦੇ ਕਥਨ ‘ਗਗਨ ਮੈ ਥਾਲੁ’ ਵੱਲ ਇਸ਼ਾਰਾ ਹੈ।
ਸੰਪਰਕ : 98145-04272