(ਕਿਸਾਨੀ ਅੰਦੋਲਨ ਅਤੇ ਰਾਜਨੀਤਕ ਪਾਰਟੀਆਂ) 4 - ਜਸਵੀਰ ਸ਼ਰਮਾਂ ਦੱਦਾਹੂਰ

  ਜਿਸ ਤਰ੍ਹਾਂ ਕਿ ਕਿਸਾਨੀ ਅੰਦੋਲਨ ਨੂੰ ਸੌ ਦਿਨ ਦੇ ਕਰੀਬ ਹੋ ਚੁੱਕੇ ਹਨ ਅਤੇ ਦਿੱਲੀ ਵਿਖੇ ਲਗਾਏ ਗਏ ਮੋਰਚੇ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਹ ਕਿਸਾਨੀ ਅੰਦੋਲਨ ਇਸ ਵਕਤ ਪੰਜਾਬ ਦੇ ਵਜੂਦ ਦੀ ਲੜਾਈ ਲੜ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨ ਅਤੇ ਬਜ਼ੁਰਗਾਂ ਵੱਲੋਂ ਇਸ ਮੋਰਚੇ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਰੋਜਾਨਾ ਕੋਈ ਨਾ ਕੋਈ ਕਿਸਾਨ ਸ਼ਹਾਦਤ ਦੇ ਰਿਹਾ ਹੈ। ਹੁਣ ਤੱਕ 50 ਤੋਂ ਵੱਧ ਕਿਸਾਨ ਇਸ ਅੰਦੋਲਨ ਦੀ ਬਲੀ ਚੜ੍ਹ ਚੁੱਕੇ ਹਨ। ਜਿਥੇ ਆਮ ਪੰਜਾਬੀ ਇਸ ਅੰਦੋਲਨ ਚ ਪੂਰੇ ਜੋਸ਼ ਨਾਲ ਭਾਗ ਲੈ ਰਹੇ ਹਨ ਉੱਥੇ ਹੀ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਅੰਦੋਲਨ ਦੇ ਵਿਚ ਖੁੱਲ ਕੇ ਕੁੱਦਣ ਦੀ ਬਜਾਏ ਸਿਰਫ ਆਪਣੀਆਂ ਗੋਟੀਆਂ ਹੀ ਫਿੱਟ ਕੀਤੀਆਂ ਜਾ ਰਹੀਆਂ ਹਨ।  ਅਕਾਲੀ ਦਲ ਬਾਦਲ ਇਸ ਅੰਦੋਲਨ ਦੇ ਵਿੱਚ ਸਿਰਫ਼ ਅਖਬਾਰੀ ਬਿਆਨਬਾਜ਼ੀ ਹੀ ਕਰ ਰਿਹਾ ਹੈ ਪ੍ਰੰਤੂ ਅਜੇ ਤੱਕ ਇਸ ਅੰਦੋਲਨ ਵਿੱਚ ਇਸ ਰਾਜਨੀਤਕ ਦਲ ਵਲੋਂ ਕੋਈ ਵੀ ਵੱਡਾ ਯੋਗਦਾਨ ਨਹੀਂ ਪਾਇਆ ਗਿਆ। ਖੇਤੀ ਬਿੱਲਾਂ ਦੇ ਆਉਣ ਵੇਲੇ ਸ਼ੁਰੂ ਵਿਚ ਤਾਂ ਅਕਾਲੀ ਦਲ ਬਾਦਲ ਵੱਲੋਂ ਟਰੈਕਟਰ ਰੈਲੀ ਕੀਤੀ ਗਈ। ਮੋਦੀ ਸਰਕਾਰ ਚ ਮੰਤਰੀ ਰਹੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਵਜੀਰੀ ਤੋਂ ਅਸਤੀਫਾ ਵੀ ਦਿੱਤਾ ਗਿਆ ਓਰ ਅਜੇ ਵੀ ਉਹ ਮੋਦੀ ਸਰਕਾਰ ਦੇ ਕਈ ਆਯੋਗ ਅਤੇ ਕਮੇਟੀਆਂ ਵਿਚ ਭਾਗੀਦਾਰ ਬਣੇ ਹੋਏ ਹਨ।  ਇਸ ਪਾਰਟੀ ਵਲੋਂ ਸਿਰਫ ਵੱਖ ਵੱਖ ਰਾਜਨੀਤਕ ਸਟੇਜਾਂ ਦੇ ਉੱਪਰ ਰਾਜਨੀਤਿਕ ਬਿਆਨਬਾਜ਼ੀ ਕਰਕੇ ਕਿਸਾਨੀ ਅੰਦੋਲਨ ਵਾਰੇ ਆਪਣਾ ਪੱਖ ਰੱਖਿਆ ਜਾ ਰਿਹਾ ਹੈ। ਜ਼ਮੀਨੀ ਤੌਰ ਤੇ ਇਸ ਅੰਦੋਲਨ ਦੇ ਵਿਚ ਅਜੇ ਤੱਕ ਅਕਾਲੀ ਦਲ ਵੱਲੋਂ ਖੁੱਲ੍ਹ ਕੇ ਆਪਣਾ ਯੋਗਦਾਨ ਨਹੀਂ ਪਾਇਆ ਗਿਆ ਅਤੇ ਨਾ ਹੀ ਆਪਣੇ ਵਰਕਰਾਂ ਨੂੰ ਇਸ ਅੰਦੋਲਨ ਵਿਚ ਸਾਥ ਦੇਣ ਦੇ ਲਈ ਸੱਦਾ ਦਿੱਤਾ ਗਿਆ ਹੈ। ਅਕਾਲੀ ਦਲ ਹੁਣ ਤਕ ਭਾਜਪਾ ਦੀ ਸੱਤਾ ਵਿੱਚ ਭਾਈਵਾਲ ਪਾਰਟੀ ਰਹੀ ਹੈ ਅਤੇ ਦਿਖਾਵੇ ਦੇ ਤੌਰ ਤੇ ਇਨ੍ਹਾਂ ਵੱਲੋਂ  ਕੇਂਦਰ ਸਰਕਾਰ ਦੇ ਨਾਲੋਂ ਆਪਣੀ ਭਾਈਵਾਲੀ ਤੋੜ ਦਿੱਤੀ ਗਈ ਹੈ ਪ੍ਰੰਤੂ ਅੰਦਰਖਾਤੇ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੇਂਦਰ ਸਰਕਾਰ ਦੇ ਨਾਲ  ਭਰਾ-ਭਰਾ ਵਾਲਾ ਰਿਸ਼ਤਾ ਨਿਭਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਸੁਖਬੀਰ ਬਾਦਲ ਮੈਂਬਰ ਪਾਰਲੀਮੈਂਟ ਵੱਲੋਂ ਨਾ ਤਾਂ ਪਾਰਲੀਮਾਨੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ ਅਤੇ ਨਾ ਹੀ ਖੁੱਲ੍ਹ ਕੇ ਇਹਨਾਂ ਮੇਂਬਰ ਪਾਰਲੀਮੈਂਟ ਵਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ ਕੋਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਬੀਤੇ ਦਿਨੀਂ ਸ਼ਹੀਦੀ ਜੋੜ ਮੇਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਇਨ੍ਹਾਂ ਵੱਲੋਂ ਲਗਾਈ ਸਟੇਜ ਉੱਪਰ ਸਿਰਫ਼ ਮੋਦੀ ਸਰਕਾਰ ਦੀ ਆਲੋਚਨਾ ਹੀ ਕੀਤੀ ਗਈ ਹੈ। ਇਨ੍ਹਾਂ ਵੱਲੋਂ ਆਪਣੇ ਲੱਖਾਂ ਹੀ ਵਰਕਰਾਂ ਨੂੰ ਅਜੇ ਤੱਕ ਦਿੱਲੀ ਕੂਚ ਕਰਨ ਲਈ ਹੁਕਮ ਨਹੀਂ ਦਿੱਤਾ ਗਿਆ। ਜਿਸ ਦੇ ਚਲਦੇ ਪੰਜਾਬ ਦੇ ਪਿੰਡਾਂ ਦੇ ਵਿਚ ਲੱਖਾਂ ਸ਼੍ਰੋਮਣੀ ਅਕਾਲੀ ਦਲ ਵਰਕਰ ਦਿੱਲੀ ਅੰਦੋਲਨ ਵਿੱਚ ਭਾਗ ਨਹੀਂ ਲੈ ਰਹੇ ਕਿਉਂਕਿ ਅਜੇ ਤੱਕ ਉਨ੍ਹਾਂ ਨੂੰ ਉਨ੍ਹਾਂ ਦੀ ਰਾਜਨੀਤਕ ਪਾਰਟੀ ਵੱਲੋਂ ਦਿੱਲੀ ਅੰਦੋਲਨ ਵਿੱਚ ਕੂਚ ਕਰਨ ਦਾ ਹੁਕਮ ਨਹੀਂ ਹੋਇਆ ਹੈ।
  ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਪਣਾ ਵਜੂਦ ਤਲਾਸ਼ ਰਹੀ ਆਮ ਆਦਮੀ ਪਾਰਟੀ ਵੱਲੋਂ ਵੀ ਸਿਰਫ਼ ਅਖਬਾਰੀ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ। ਹਕੀਕੀ  ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੇ ਵਿਚ ਆਪਣੀ ਸ਼ਮੂਲੀਅਤ ਦੀ ਘਾਟ ਰੜਕ ਰਹੀ ਹੈ। ਆਮ ਆਦਮੀ ਪਾਰਟੀ ਲੀਡਰ ਪ੍ਰੈਸ ਕਾਨਫਰੰਸਾ ਕਰਕੇ ਕਦੇ ਮੋਦੀ ਸਰਕਾਰ ਅਤੇ ਕਦੇ ਪੰਜਾਬ ਸਰਕਾਰ ਨੂੰ ਭੰਡ ਰਹੀ ਹੈ ਪਰ ਖੁਦ ਇਸ ਅੰਦੋਲਨ ਤੋਂ ਦੂਰ ਹੈ।
   ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਹੁਣ ਤਕ ਸਿਰਫ਼ ਆਮ ਲੋਕ ਅਤੇ ਆਪ ਮੁਹਾਰੇ ਹੀ ਸ਼ਾਮਲ ਹੋ ਰਹੇ ਹਨ। ਦਿੱਲੀ ਅੰਦੋਲਨ ਦੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਰਹੇ ਲੋਕ ਕਿਸੇ ਵੀ ਰਾਜਨੀਤਕ ਪਾਰਟੀ ਤੋਂ ਅਲੱਗ ਹੋ ਕੇ ਸਿਰਫ਼ ਪੰਜਾਬ ਦੇ ਵਜੂਦ ਅਤੇ ਕਿਸਾਨੀ ਭਾਈਚਾਰੇ ਦੇ ਹੱਕਾਂ ਦੇ ਲਈ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਹਨ।  ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕਰਨ ਵਾਲੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਵਲੋਂ ਕਿਸਾਨੀ ਅੰਦੋਲਨ ਦੇ ਹੱਕ ਵਿਚ ਬਿਆਨਬਾਜ਼ੀ ਤਾਂ ਕੀਤੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ ਤੇ  ‍ਇਨ੍ਹਾਂ ਰਾਜਨੀਤਕ ਪਾਰਟੀਆਂ ਵੱਲੋਂ ਅਜੇ ਵੀ ਇਸ ਕਿਸਾਨੀ ਅੰਦੋਲਨ ਤੋਂ ਦੂਰੀ ਬਣਾਈ ਗਈ ਹੈ।
       ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਚਾਹੀਦਾ ਹੈ ਕਿ ਇਸ ਸੰਘਰਸ਼ੀ ਯੋਧਿਆਂ ਨੂੰ ਆਪਣੀ ਪੂਰਨ ਸਹਿਮਤੀ ਪ੍ਰਗਟ ਕਰਕੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ।ਇਹ ਅੰਦੋਲਨ ਜਿਥੇ ਇਕ ਇਤਿਹਾਸਕ ਹੋਵੇਗਾ ਓਥੇ ਜਿੱਤ ਦੇ ਝੰਡੇ ਗੱਡ ਕੇ ਨਵਾਂ ਕੀਰਤੀਮਾਨ ਵੀ ਸਥਾਪਿਤ ਕਰਨ ਜਾ ਰਿਹਾ ਹੈ।ਇਸ ਵਿੱਚ ਹੁਣ ਤੱਕ ਜਿੰਨੇ ਵੀ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਓਹਨਾਂ ਵਿਚੋਂ ਚਾਰ ਕਿਸਾਨਾਂ ਨੇ ਤਾਂ ਸਿੱਧਾ ਹੀ ਸਮੇਂ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਖੁਦਕੁਸ਼ੀ ਨੋਟ ਵੀ ਲਿਖਿਆ ਹੈ।ਇਸ ਸਮੇਂ ਸਾਰੀ ਦੁਨੀਆਂ ਵਿੱਚ ਮੋਦੀ ਸਰਕਾਰ ਦੀ ਨਿਖੇਦੀ ਕੀਤੀ ਜਾ ਰਹੀ ਹੈ।
     ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਖੁਲ ਕੇ ਓਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਸਦਨ ਵਿੱਚ ਪੇਸ਼ ਕਰਨੀ ਚਾਹੀਦੀ ਹੈ। ਹੁਣ ਤਾਂ ਵਿਦੇਸ਼ ਵਿਚੋਂ ਵੀ ਇਸ ਸੰਘਰਸ਼ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ ਤੇ ਬਾਹਰਲੇ ਦੇਸ਼ਾਂ ਵਿੱਚ ਇਨ੍ਹਾਂ ਦੇ ਹੱਕ ਵਿੱਚ ਧਰਨੇ ਮੁਜ਼ਾਹਰੇ ਵੀ ਹੋ ਰਹੇ ਹਨ।ਇਸ ਸਮੇਂ ਸਾਰੀ ਦੁਨੀਆਂ ਵਿੱਚ ਭਾਰਤ ਦੇਸ਼ ਦੀ ਮੌਜੂਦਾ ਸਰਕਾਰ ਦੀ ਨਿਖੇਧੀ ਵੀ ਹੋ ਰਹੀ ਹੈ।ਸੋ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਸਮੇਂ ਦੀ ਨਬਜ਼ ਪਛਾਣਨ ਦੀ ਅਤਿਅੰਤ ਲੋੜ ਹੈ।ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਓਥੋਂ ਦੀ ਖੇਤੀਬਾੜੀ ਅਤੇ ਕਿਸਾਨੀ ਤੇ ਹੀ ਨਿਰਭਰ ਕਰਦੀ ਹੈ। ਚਾਰ ਜਨਵਰੀ ਦੀ ਹੋਣ ਵਾਲੀ ਮੀਟਿੰਗ ਤੇ ਸਾਰੇ ਦੇਸ਼ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਹਨ।ਸੋ ਓਸ ਵਾਹਿਗੁਰੂ ਅੱਗੇ ਇਹੀ ਅਰਦਾਸ ਬੇਨਤੀ ਹੈ ਸਮੇਂ ਦੀ ਸਰਕਾਰ ਹਲੀਮੀ ਨਾਲ ਇਨ੍ਹਾਂ ਮੁੱਦਿਆਂ ਦਾ ਹੱਲ ਕਰਕੇ ਖੁਸ਼ੀ ਖੁਸ਼ੀ ਕਿਸਾਨ ਜਥੇਬੰਦੀਆਂ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਜੋ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਓਥੇ ਡਟੀਆਂ ਹੋਈਆਂ ਹਨ ਓਨਾ ਨੂੰ ਘਰੀਂ ਵਾਪਸ ਭੇਜਣ ਇਸ ਨਾਲ ਕਿਸੇ ਵੀ ਧਿਰ ਦੀ ਬੇਇਜਤੀ ਨਹੀਂ ਸਗੋਂ ਇਜ਼ਤ ਵਧੇਗੀ।


ਜਸਵੀਰ ਸ਼ਰਮਾਂ ਦੱਦਾਹੂਰ
ਗੁਰਵਿੰਦਰ ਸ਼ਰਮਾਂ ਬਠਿੰਡਾ