ਓਏ ਸੁਣ ਹਾਕਮਾਂ .... - ਡਾ. ਪ੍ਰਿਤ ਪਾਲ ਕੌਰ ਚਾਹਲ

ਭਾਵੇਂ ਦੇਹ ਸਾਨੂੰ ਮਾਰ
ਨਾਲ ਖੁੰਢੀ ਤਲਵਾਰ
ਠੰਡੇ ਪਾਣੀ ਵਾਲੀ ਧਾਰ
ਨਹੀਂ ਹੱਟਣਾ ਪਿਛਾਂਹ
ਹੁਣ ਜਾਣਾ ਹੈ ਅਗਾਂਹ
ਓਏ ਸੁਣ ਹਾਕਮਾਂ
ਅਸੀਂ ਮੰਨਣੀ ਨਹੀਂ ਈਨ
ਹੁਣ ਤੇਰੀ ਜ਼ਾਲਮਾਂ ....

ਜਿੰਨ੍ਹਾਂ ਪਾਣੀ ਕਕਰੀਲਾ
ਓਨਾ ਬੰਦਾ ਅਣਖੀਲਾ
ਜ਼ਿੱਦੀ ਹਾਕਮ ਹਠੀਲਾ
ਜ਼ਮੀਨ ਸਾਡੀ ਜੇ ਤੂੰ ਵੇਚੇ
ਪੱਕੇ ਪੈ ਜਾਣ ਪੇਚੇ
ਓਏ ਸੁਣ ਹਾਕਮਾਂ
ਭਾਵੇਂ ਕੱਢ ਲੈ ਤੂੰ ਜਾਨ
ਹੁਣ ਸਾਡੀ ਕਾਲਮਾਂ ....

ਸਾਨੂੰ ਕੱਲਾ ਨਾ ਤੂੰ ਜਾਣੀਂ
ਸਾਡੀ ਜ਼ਾਤ ਤੂੰ ਪਛਾਣੀਂ
ਪਾ ਨਾ ਪਾਣੀ 'ਚ ਮਧਾਣੀ
ਅਸੀਂ ਮੰਨਦੇ ਨਾ ਹਾਰ
ਗੱਲ ਹੋਊ ਆਰ ਪਾਰ
ਓਏ  ਸੁਣ  ਹਾਕਮਾਂ
ਸਾਡੇ ਹੱਕ ਇੱਥੇ ਰੱਖ
ਮੰਗ ਖ਼ੈਰ ਹਾਕਮਾ ....

ਸਾਡੇ ਦੁੱਖ ਨਾ ਤੂੰ ਜਾਣੇ
ਸਾਡੀ ਜ਼ਾਤ ਨਾ ਪਛਾਣੇ
ਤੇਰੇ ਮੁੱਕ ਜਾਣ ਦਾਣੇ
ਤੈਨੂੰ ਕਿਹਾ ਸੌ ਵਾਰ
ਸਾਨੂੰ ਦੇਵੇਂ ਦੁਤਕਾਰ
ਓਏ  ਸੁਣ  ਹਾਕਮਾਂ
ਹੁਣ ਇੱਦਾਂ ਨਹੀਓਂ ਹੋਣਾ
ਕਰ ਲੈ ਪੱਕ ਹਾਕਮਾਂ ....

ਕਰ  ਕੰਮ  ਤੂੰ  ਮਹਾਨ
ਚੰਗਾ ਆਖੇ ਇਹ ਜਹਾਨ
ਹੈ ਵੰਗਾਰਦਾ ਕਿਸਾਨ
ਲੋਕ ਕਹਿਣ ਇਹ ਸੱਚ
ਬਚ ਸਕਦੈਂ ਤਾਂ ਬੱਚ
ਓਏ ਸੁਣ ਹਾਕਮਾਂ
ਇੱਥੇ ਗਲਣੀਂ ਨਹੀਂ ਦਾਲ
ਹੁਣ ਤੇਰੀ ਜ਼ਾਲਮਾਂ ....

ਵਿੰਨੀਪੈਗ, ਕੈਨੇਡਾ
ਸੰਪਰਕ - 001 204 999 9240